ਸ਼ਾਨਾਂਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ

ਆਮ-ਖਾਸ

ਹਰਦੀਪ ਸਿੰਘ ਹੈਪੀ ਪੰਡਵਾਲਾ
ਪੁਰਾਤਨ ਸਮੇਂ ‘ਚ ਨਿਹੰਗ ਸਜਣ ਦਾ ਅਰਥ ਸੀ- ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ ‘ਚ ਛਕਣਾ ਤੇ ਹਰ ਸਮੇਂ ਲੜਨ ਲਈ ਤਿਆਰ ਰਹਿਣਾ। ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ (ਬੋਲੇ) ਤਿਆਰ ਕਰਨੀ ਨਿਹੰਗ ਫ਼ੌਜਾਂ ਦੀ ਖ਼ਾਸੀਅਤ ਸੀ, ਪਰ ਹੁਣ ਨਾ ਉਹ ਸਮਾਂ ਰਿਹਾ ਤੇ ਨਾ ਹੀ ਨਿਹੰਗ। ਸਮੇਂ ਦੇ ਬਦਲਣ ਨਾਲ ਨਿਹੰਗਾਂ ਦੇ ਹੱਥਾਂ ‘ਚ ਤਲਵਾਰਾਂ, ਬਰਛਿਆਂ ਦੀ ਗਿਣਤੀ ਘੱਟ ਗਈ ਅਤੇ ਰਫ਼ਲਾਂ, ਬੰਦੂਕਾਂ ਵੱਧ ਗਈਆਂ। ਘੋੜਿਆਂ, ਹਾਥੀਆਂ ਦੀ ਥਾਂ ਜੀਪਾਂ, ਕਾਰਾਂ ਨੇ ਲੈ ਲਈ। ਪਹਿਲਾਂ ਪਹਿਲ ਨਿਹੰਗ ਛਾਉਣੀਆਂ ‘ਚ ਰਹਿੰਦੇ ਸਨ, ਪਰ ਹੁਣ ਜਿੱਥੇ ਥਾਂ ਮਿਲੇ ਡੇਰਾ ਜਮਾਂ ਲੈਂਦੇ ਹਨ।

ਜੇ ਨਿਹੰਗਾਂ ਦੇ ਇਤਿਹਾਸ ‘ਤੇ ਝਾਤੀ ਮਾਰੀਏ ਤਾਂ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਇੱਕ ਦਿਨ ਸੋਹਣਾ ਉਚ ਦੁਮਾਲਾ ਅਤੇ ਨੀਲਾ ਬਾਣਾ ਸਜਾ ਕੇ ਦਸਮ ਪਾਤਸ਼ਾਹ ਦੇ ਸਾਹਮਣੇ ਆਏ ਤਾਂ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਿਹਾ ਇਸ ਲਿਬਾਸ ਵਾਲਾ ਇੱਕ ਨਿਹੰਗ ਪੰਥ ਹੋਵੇਗਾ। ਇਹ ਵੀ ਪ੍ਰਚੱਲਿਤ ਹੈ ਕਿ ਦਸਮ ਪਿਤਾ ਨੇ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਨਿਹੰਗ ਸਰੂਪ ਬਾਣਾ ਬਖ਼ਸਿਸ਼ ਕੀਤਾ ਸੀ, ਜਿਸ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਕਿ ਨਿਹੰਗ ਸਿੰਘਾਂ ਦਾ ਸਰੂਪ ਸਿਰਜਣ ਵਾਲੇ ਦਸਮ ਪਿਤਾ ਹੀ ਹਨ।
ਇੱਕ ਹੋਰ ਮੱਤ ਅਨੁਸਾਰ ਜਦੋਂ ਗੁਰੂ ਜੀ ਉਚ ਦਾ ਪੀਰ ਬਣ ਕੇ ਜਾ ਰਹੇ ਸਨ ਤਾਂ ਉਨ੍ਹਾਂ ਨੀਲਾ ਬਾਣਾ ਪਹਿਨਿਆ ਹੋਇਆ ਸੀ, ਪਰ ਇਨ੍ਹਾਂ ਸਾਖ਼ੀਆਂ ਦਾ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਨਿਹੰਗ ਸ਼ਬਦ ਦਾ ਅਰਥ ਖ਼ੜਗ, ਤਲਵਾਰ ਦੱਸਿਆ ਗਿਆ ਹੈ, ਜਦਕਿ ਸੰਸਕ੍ਰਿਤ ਭਾਸ਼ਾ ‘ਚ ਇਸ ਦਾ ਅਰਥ ਨਿਡਰ ਸ਼ਬਦ ਦੀ ਪੂਰਤੀ ਕਰਦਾ ਹੈ। ਪੁਰਾਤਨ ਸਮੇਂ ‘ਚ ਨਿਹੰਗ ਸਿੰਘਾਂ ਨੂੰ ਦੋ ਗਰੁੱਪਾਂ- ਬੁੱਢਾ ਦਲ ਤੇ ਤਰਨਾ ਦਲ ‘ਚ ਵੰਡਿਆ ਗਿਆ। 40 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਸਿੰਘ ਬੁੱਢਾ ਦਲ ‘ਚ ਸ਼ਾਮਿਲ ਕੀਤੇ ਗਏ। ਇਨ੍ਹਾਂ ਦਾ ਕੰਮ ਗੁਰੂ ਘਰਾਂ ਦੀ ਸੰਭਾਲ ਤੇ ਰੱਖਿਆ ਕਰਨਾ ਸੀ। 40 ਸਾਲ ਤੋਂ ਘੱਟ ਉਮਰ ਦੇ ਸਿੰਘ ਤਰਨਾ ਦਲ ‘ਚ ਸ਼ਾਮਿਲ ਕੀਤੇ ਗਏ, ਜੋ ਅੱਗੇ ਵੱਧ ਕੇ ਜੰਗੀ ਮੋਰਚੇ ਸਰ ਕਰਦੇ ਸਨ। ਇਸੇ ਤਰ੍ਹਾਂ ਤਰਨਾ ਦਲ ਨੂੰ ਅੱਗੇ 5 ਜਥਿਆਂ ‘ਚ ਵੰਡਿਆ ਗਿਆ। ਇਨ੍ਹਾਂ ਜਥਿਆਂ ਦਾ ਕੰਮ ਪੰਥ ਨੂੰ ਚੜ੍ਹਦੀ ਕਲਾ ‘ਚ ਰੱਖਣਾ ਤੇ ਵੈਰੀ ਨਾਲ ਲੋਹਾ ਲੈਣਾ ਸੀ। ਹਰ ਇੱਕ ਜਥੇ ਵਿੱਚ 13 ਸੌ ਤੋਂ ਲੈ ਕੇ 2 ਹਜ਼ਾਰ ਦੇ ਕਰੀਬ ਹਥਿਆਰਬੰਦ ਸਿੰਘ ਸ਼ਾਮਿਲ ਹੁੰਦੇ ਸਨ। ਜਦੋਂ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਪਹਿਲਾਂ ਨਵਾਬੀ ਤੇ ਜਾਗੀਰ ਦਾ ਖਿੱਲਤ ਪੇਸ਼ ਕਰਕੇ ਸਿੱਖਾਂ ਨਾਲ ਸੰਪਰਕ ਬਣਾਇਆ, ਫਿਰ ਵਿਸ਼ਵਾਸਘਾਤ ਕਰਕੇ ਉਸ ਨੇ ਸਿੱਖਾਂ ‘ਤੇ ਦੁਬਾਰਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮੇਂ ਅਨੁਸਾਰ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ, ਪਹਾੜਾਂ ਵੱਲ ਖਿੱਲਰ ਗਏ। ਇੱਧਰ-ਉਧਰ ਖਿੰਡਣ ਨਾਲ ਇਨ੍ਹਾਂ ਦੇ ਕਈ ਛੋਟੇ-ਛੋਟੇ ਜਥੇ ਬਣਦੇ ਗਏ।
ਸਮਾਂ ਬੀਤਦਾ ਗਿਆ। 1748 ਦੀ ਵਿਸਾਖੀ ਨੂੰ ਸਾਰੇ ਜਥੇ ਅੰਮ੍ਰਿਤਸਰ ਇਕੱਠੇ ਹੋਏ ਤੇ ਸਰਬੱਤ ਖਾਲਸੇ ਦੇ ਗੁਰਮਤੇ ਨਾਲ ਵੱਡੀ ਜਥੇਬੰਦੀ ਦੀ ਸਥਾਪਨਾ ਕੀਤੀ, ਜਿਸਦਾ ਨਾਂ ਦਲ ਖ਼ਾਲਸਾ ਰੱਖਿਆ ਗਿਆ ਅਤੇ ਇਸਦੀ ਸਰਦਾਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ। ਦਲ ਖ਼ਾਲਸਾ ਦੀ ਸਥਾਪਨਾ ਨਾਲ ਸਾਰੇ ਛੋਟੇ-ਛੋਟੇ ਜਥਿਆਂ ਨੂੰ 11 ਟੋiਲ਼ਆਂ ‘ਚ ਵੰਡ ਦਿੱਤਾ ਅਤੇ ਇਨ੍ਹਾਂ ਟੋiਲ਼ਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਸਰਹਿੰਦ ਸੂਬੇ ਨੂੰ ਜਿੱਤਣ ਤੋਂ ਬਾਅਦ ਹਰ ਇੱਕ ਮਿਸਲ ਨੇ ਆਪਣੀਆਂ-ਆਪਣੀਆਂ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਮਿਸਲਦਾਰਾਂ ਦੀ ਆਪਸੀ ਖ਼ਾਰਬਾਜ਼ੀ ਤੇ ਵੈਰ ਵਧਣਾ ਸ਼ੁਰੂ ਹੋ ਗਿਆ। ਅਸਲ ‘ਚ ਇਨ੍ਹਾਂ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਤੇ ਤਰਨਾ ਦਲ ਦੇ ਨਾਂਵਾਂ ਦੀ ਅਹਿਮੀਅਤ ਘਟਦੀ ਗਈ।
ਜਦੋਂ ਨਿਹੰਗ ਜਥੇਬੰਦੀਆਂ ਦਾ ਸੰਗਠਨਤਾਮਕ ਢਾਂਚਾ ਤੈਅ ਕੀਤਾ ਗਿਆ, ਉਦੋਂ ਤੱਕ ਬੁੱਢਾ ਦਲ ਤੇ 5 ਤਰਨਾ ਦਲ ਹੁੰਦੇ ਸਨ, ਪਰ 1984 ਦੇ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਤੋਂ ਬਾਅਦ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਨੇ ਸਰਕਾਰ ਨਾਲ ਮਿਲ ਕੇ ਕਾਰਸੇਵਾ ਸ਼ੁਰੂ ਕਰਵਾਈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ। ਬਾਬਾ ਸੰਤਾ ਸਿੰਘ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਅਤੇ ਅਕਾਲੀਆਂ ਨੇ ਬਾਬਾ ਸੰਤਾ ਸਿੰਘ ਦੀ ਜਥੇਬੰਦੀ ਦੇ ਬਰਾਬਰ ਇੱਕ ਹੋਰ ਬੁੱਢਾ ਦਲ ਨੂੰ ਮਾਨਤਾ ਦੇ ਦਿੱਤੀ, ਪਰ ਬੁੱਢਾ ਦਲ ਦਾ ਰਲੇਵਾਂ ਨਹੀਂ ਹੋ ਸਕਿਆ। ਇਸ ਸਮੇਂ ਸ਼੍ਰੋਮਣੀ ਕਮੇਟੀ ਦੀ ਮਾਨਤਾ ਪ੍ਰਾਪਤ ਬੁੱਢਾ ਦਲ ਦੀ ਜਥੇਦਾਰੀ ਬਾਬਾ ਬਲਬੀਰ ਸਿੰਘ ਕੋਲ ਹੈ। ਬੁੱਢਾ ਦਲ ਵਾਂਗ ਤਰਨਾ ਦਲ ਵੀ ਪਾਟੋਧਾੜ ਹੈ। ਇਨ੍ਹਾਂ ਦੇ ਗਰੁੱਪਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਇਨ੍ਹਾਂ ਜਥੇਬੰਦੀਆਂ ਵਿੱਚ ਤਰਨਾ ਦਲ ਹਰੀਆਂ ਵੇਲਾਂ ਵਰਗੇ ਵੀ ਸੰਗਠਨ ਹਨ, ਜੋ ਸਮੇਂ ਨਾਲ ਬਦਲੇ ਸਮਾਜ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ।

Leave a Reply

Your email address will not be published. Required fields are marked *