ਹਿੰਦੁਸਤਾਨ ਦੀ ਜਵਾਨੀ ਸਭ ਤੋਂ ਵੱਧ ਨਿਰਾਸ਼
ਜੇ.ਐਸ. ਮਾਂਗਟ
ਹਾਲ ਹੀ ਵਿੱਚ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਦੋ ਰਿਪੋਰਟਾਂ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਹਿੰਦੁਸਤਾਨ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਚੋਟੀ ਦੇ ਨਾਖੁਸ਼ ਮੁਲਕਾਂ ਵਿੱਚੋਂ ਇੱਕ ਹੈ; ਜਦਕਿ ਫਿਨਲੈਂਡ, ਨਾਰਵੇ ਅਤੇ ਸਵੀਡਨ ਜਿਹੇ ਮੁਲਕ ਚੋਟੀ ਦੇ ਖੁਸ਼ਤਬੀਅਤ ਮੁਲਕਾਂ ਵਿੱਚ ਸ਼ਾਮਲ ਹਨ।
ਪ੍ਰਦੂਸ਼ਣ ਦੇ ਮਾਮਲੇ ਵਿੱਚ ਹਿੰਦੋਸਤਾਨ ਦੇ ਝੰਡੇ ਝੂਲਣ ਲੱਗੇ ਹਨ। ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਵਿੱਚੋਂ ਭਾਰਤ ਦਾ ਨੰਬਰ ਤੀਜਾ ਹੈ। ਇਸ ਤੋਂ ਪਹਿਲਾਂ ਦੱਖਣੀ ਏਸ਼ੀਆ ਦੇ ਦੋ ਹੋਰ ਮੁਲਕ- ਬੰਗਲਾ ਦੇਸ਼ ਅਤੇ ਪਾਕਿਸਤਾਨ ਹੀ ਹਨ। ਕਿਸੇ ਵਕਤ ਇਹ ਦੋਵੇਂ ਮੁਲਕ ਵੀ ਹਿੰਦੁਸਤਾਨ ਦਾ ਹੀ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਇੱਕ ਨੰਬਰ ‘ਤੇ ਹੈ। ਬਿਹਾਰ ਦਾ ਸ਼ਹਿਰ ਬੇਗੂਸਰਾਏ ਦੁਨੀਆਂ ਦਾ ਸਭ ਵੱਧ ਪ੍ਰਦੂਸ਼ਿਤ ਸ਼ਹਿਰ ਹੈ। ਇਸ ਤੋਂ ਇਲਾਵਾ ਇਸ ਦੇਸ਼ ਦੇ ਕੁੱਲ 42 ਸ਼ਹਿਰ ਦੁਨੀਆਂ ਦੇ ਸਭ ਤੋਂ ਵਧੇਰੇ ਪ੍ਰਦੂਸ਼ਿਤ 50 ਸ਼ਹਿਰਾਂ ਵਿੱਚ ਆਉਂਦੇ ਹਨ। ਸ਼ਹਿਰਾਂ ਦੀ ਹਵਾ ਦੇ ਪ੍ਰਦੂਸ਼ਣ ਦੀ ਘਣਤਾ ਦੇ ਮਾਮਲੇ ਵਿੱਚ ਸਵਿਟਜ਼ਰਲੈਂਡ ਦੀ ਇੱਕ ਸੰਸਥਾ ਆਈ.ਕਿਊ.ਏ.ਆਰ. ਵੱਲੋਂ ਇਸ ਸਬੰਧ ਵਿੱਚ ਸਰਵੇ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ ਭਾਰਤ ਦੇ ਹਵਾ ਪ੍ਰਦੂਸ਼ਣ ਦਾ ਪੱਧਰ 54.4 ਮਾਈਕਰੋਗਰਾਮ (2.5 ਪੀ.ਐਮ.) ਪ੍ਰਤੀ ਘਣ ਮੀਟਰ ਹੈ। ਇਹ ਹਵਾ ਪ੍ਰਦੂਸ਼ਣ ਵਿਸ਼ਵ ਸਿਹਤ ਸੰਸਥਾ ਵੱਲੋਂ ਤੈਅ 5 ਮਾਈਕਰੋਗਰਾਮ ਪ੍ਰਤੀ ਘਣ ਮੀਟਰ ਤੋਂ 10 ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਸਵੀਰ ਵੀ ਬਹੁਤੀ ਚੰਗੀ ਨਹੀਂ ਹੈ। ਇਹ ਸ਼ਹਿਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਵਿੱਚ ਤੀਜੇ ਨੰਬਰ ‘ਤੇ ਹੈ। ਰਾਜਧਾਨੀ ਦਿੱਲੀ ਨੇ ਪਿਛਲੇ ਚਾਰ ਸਾਲਾਂ ਦੌਰਾਨ ਆਪਣਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੋਣ ਦਾ ਦਰਜਾ ਬਰਕਰਾਰ ਰੱਖਿਆ ਹੈ। ਹਿੰਦੁਸਤਾਨ ਦੇ 15 ਸ਼ਹਿਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਵਿੱਚ ਚੋਟੀ ‘ਤੇ ਹਨ। ਇਸ ਦਾ ਸਿੱਟਾ ਇਹ ਹੈ ਕਿ ਭਾਰਤ ਦੀਆਂ ਕੁੱਲ ਮੌਤਾਂ ਵਿੱਚੋਂ ਹਰ ਨੌਵੇਂ ਵਿਅਕਤੀ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੁੰਦੀ ਹੈ।
ਇੱਕ ਪਾਸੇ ਤਾਂ ਇਸ ਕਿਸਮ ਦਾ ਹਵਾ ਪ੍ਰਦੂਸ਼ਣ ਨਵੀਂ ਕਿਸਮ ਦੀਆਂ ਖਤਰਨਾਕ ਬਿਮਾਰੀਆਂ ਨੂੰ ਪੈਦਾ ਕਰ ਸਕਦਾ ਹੈ, ਦੂਜੇ ਪਾਸੇ ਪਹਿਲਾਂ ਹੀ ਮੌਜੂਦ ਫੇਫੜਿਆਂ, ਸਾਹ, ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਨੂੰ ਵਧਾ ਦਿੰਦਾ ਹੈ। ਕਈ ਨਿਆਇਕ ਹਦਾਇਤਾਂ ਵਿੱਚ ਸਾਫ ਸੁਥਰੀ ਹਵਾ ਨੂੰ ਮਨੁੱਖ ਦੇ ਬੁਨਿਆਦੀ ਅਧਿਕਾਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ; ਪਰ ਜਿਵੇਂ ਕਿ ਹੋਰ ਮਾਮਲਿਆਂ ਵਿੱਚ ਵੀ ਸਾਡੇ ਇੱਥੇ ਹੁੰਦਾ ਹੈ, ਸਥਿਤੀ ਹਰ ਆਏ ਸਾਲ ਵਿਗੜ ਰਹੀ ਹੈ। ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵੀ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੋਣ ਦਾ ਨਾਮਾਣ ਖੱਟ ਚੁੱਕਾ ਹੈ।
ਵਰਲਡ ਮੈਟਿਰੋਲੋਜਿਕਲ ਸੰਸਥਾ (ਮੌਸਮੀ ਤਾਪਮਾਨ ਬਾਰੇ ਸੰਸਾਰ ਸੰਸਥਾ) ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 2023 ਵਿੱਚ ਤਾਪਮਾਨ ਪੱਧਰ 1.5 ਡਿਗਰੀ ਸੈਲਸੀਅਸ ਤੋਂ 1.45 ਡਿਗਰੀ ਸੈਲਸੀਅਸ ਵਧ ਗਿਆ ਹੈ। ਯਾਦ ਰਹੇ, ਪੈਰਿਸ ਐਗਰੀਮੈਂਟ ਵਿੱਚ ਸੰਸਾਰ ਭਰ ਦੇ ਮੁਲਕਾਂ ਵੱਲੋਂ ਧਰਤੀ ਦੇ ਤਾਮਮਾਨ ਦਾ ਵਾਧਾ ਪੂਰਬ ਸਨਅਤੀ ਯੁਗ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ ਤੱਕ ਰੋਕਣ ਦਾ ਅਹਿਦ ਕੀਤਾ ਗਿਆ ਸੀ। ਤਾਪਮਾਨ ਦੇ ਇਸ ਪੱਧਰ ਤੱਕ ਵਧਣ ਦੇ ਅੰਦਾਜ਼ੇ ਸਾਲ 2047 ਤੱਕ ਲਗਾਏ ਜਾ ਰਹੇ ਸਨ, ਪਰ 2023 ਵਿੱਚ ਹੀ ਤਾਪਮਾਨ ਇਸ ਪੱਧਰ ਨੂੰ ਛੋਹ ਗਿਆ ਹੈ। ਗਲੋਬਲ ਤਾਪਮਾਨ ਬਾਰੇ ਸੰਸਾਰ ਸੰਸਥਾ ਅਨੁਸਾਰ ਧਰਤੀ ਦੇ ਤਾਪਮਾਨ ਦੇ ਵਧਣ ਦੀ ਗਤੀ ਬਹੁਤ ਤੇਜ਼ ਹੋ ਗਈ ਹੈ। ਹਵਾ ਪ੍ਰਦੂਸ਼ਣ ਹੀ ਧਰਤੀ ਦਾ ਤਾਪਮਾਨ ਵਧਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਹਵਾ ਪ੍ਰਦੂਸ਼ਣ ਵਿੱਚ ਫੈਕਟਰੀਆਂ, ਵਾਹਨਾਂ, ਪਸ਼ੂ ਪਾਲਣ ਅਤੇ ਖੇਤੀ ਰਹਿੰਦ ਖੂੰਹਦ ਨੂੰ ਸਾੜਨ ਵਿੱਚੋਂ ਪੈਦਾ ਹੁੰਦੀਆਂ ਗੈਸਾਂ ਧਰਤੀ ਦੇ ਤਾਪਮਾਨ ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ। ਇਨ੍ਹਾਂ ਵਿੱਚ ਕਾਰਬਨਡਾਈਆਕਸਾਈਡ, ਮੀਥੇਨ ਅਤੇ ਨਾਈਟ੍ਰਸ ਆਕਸਾਈਡ ਜਿਹੀਆਂ ਗੈਸਾਂ ਸ਼ਾਮਲ ਹਨ। ਕਾਰਬਨਡਾਈਆਕਸਾਈਡ ਅਤੇ ਟਾਈਟ੍ਰਸ ਆਕਸਾਈਡ ਦਾ ਪ੍ਰਮੁੱਖ ਸਰੋਤ ਫੈਕਟਰੀਆਂ, ਥਰਮਲ ਪਲਾਂਟ ਅਤੇ ਵਾਹਨ ਹਨ, ਜਦਕਿ ਮੀਥੇਨ ਗੈਸ ਪਸ਼ੂ-ਪਾਲਣ ਦੇ ਧੰਦੇ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ।
ਉਪਰੋਕਤ ਸੰਸਥਾ ਦੀ ਰਿਪੋਰਟ ਅਨੁਸਾਰ 2022 ਵਿੱਚ ਨਾਈਟ੍ਰਸ ਆਕਸਾਈਡ ਗੈਸ ਦੇ ਖਾਰਜ ਹੋਣ ਵਿੱਚ ਰਿਕਾਰਡ ਵਾਧਾ ਹੋਇਆ ਹੈ, ਜਦਕਿ ਪੂਰਬ ਸਨਅਤੀ ਯੁੱਗ ਦੇ ਮੁਕਾਬਲੇ ਕਾਰਬਨਡਾਈਆਕਸਾਈਡ 50 ਫੀਸਦੀ ਵਧ ਗਈ ਹੈ। ਡਬਲਿਊ.ਐਮ.ਐਸ. ਅਨੁਸਾਰ ਇਸ ਦਾ ਸਿੱਟਾ ਇਹ ਨਿਕਲੇਗਾ ਕਿ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਲਗਾਤਾਰ ਵਧੇਗਾ। ਇਸ ਸਾਲ ਇਸੇ ਮਹੀਨੇ (ਮਾਰਚ) ਦੇ ਦੂਜੇ ਅੱਧ ਵਿੱਚ ਤਾਪਮਾਨ ਦੇ ਤੇਜ਼ੀ ਨਾਲ ਵਧਣ ਦੀਆਂ ਭਵਿੱਖਵਾਣੀਆਂ ਵੀ ਮੌਸਮ ਵਿਭਾਗ ਵੱਲੋਂ ਕੀਤੀਆਂ ਗਈਆਂ ਹਨ।
ਗਲੋਬਲ ਤਾਪਮਾਨ ਬਾਰੇ ਸੰਸਾਰ ਸੰਸਥਾ (ਡਬਲਿਊ.ਐਮ.ਐਸ.) ਅਨੁਸਾਰ ਤਾਪਮਾਨ ਦਾ ਵਾਧਾ ਇਕੱਲਾ ਨਹੀਂ ਆਏਗਾ, ਸਗੋਂ ਇਹ ਆਪਣੇ ਨਾਲ ਬਹੁਤ ਸਾਰੀਆਂ ਮੌਸਮੀ ਮਾਰਾਂ (ਐਕਸਟਰੀਮ ਵੈਦਰ ਕੰਡੀਸ਼ਨਜ਼) ਨੂੰ ਨਾਲ ਲੈ ਕੇ ਆਏਗਾ। ਇਸ ਕਾਰਨ ਦੁਨੀਆਂ ਦੇ ਗਲੇਸ਼ੀਅਰ ਪਿਘਲਣ ਦੀ ਸਪੀਡ ਤੇਜ਼ ਹੋ ਗਈ ਹੈ। ਸਮੁੰਦਰ ਦੀ ਸਤਾ ਤੇਜ਼ੀ ਨਾਲ ਉਪਰ ਉਠ ਰਹੀ ਹੈ। 90% ਸਮੁੰਦਰੀ ਤਲ ਦਾ ਤਾਮਮਾਨ ਵਧ ਗਿਆ ਹੈ। ਦੁਨੀਆਂ ਦੇ ਕਿਸੇ ਹਿੱਸੇ ਵਿੱਚ ਅਣਕਿਆਸੀ ਅਤੇ ਬਹੁਤ ਜ਼ਿਆਦਾ ਬਰਫ ਪਏਗੀ, ਕਿਧਰੇ ਹੱਦੋਂ ਵੱਧ ਮੀਂਹ ਪਏਗਾ। ਮਾਰੂਥਲਾਂ ‘ਚ ਹੜ੍ਹ ਆ ਸਕਦੇ ਹਨ ਅਤੇ ਜਿਥੇ ਕੁਦਰਤੀ ਹੜ੍ਹ ਆਉਂਦੇ ਹਨ, ਉਥੇ ਭਿਆਨਕ ਸੋਕੇ ਪੈ ਸਕਦੇ ਹਨ। ਸਮੁੰਦਰੀ ਤੁਫਾਨ, ਝੱਖੜ ਝੋਲੇ ਤੇ ਅਚਨਚੇਤ ਕੁਦਰਤੀ ਆਫਤਾਂ ਦੀ ਗਤੀ ਅਤੇ ਤਬਾਹੀ ਦਾ ਪੱਧਰ- ਦੋਨੋਂ ਵਧ ਜਾਣਗੇ। ਇਸ ਤੋਂ ਇਲਾਵਾ ਵਧਣ ਵਾਲੀ ਗਰਮੀ ਨਾਲ ਮਨੁੱਖੀ ਸੁਭਾਅ ਅਤੇ ਵਰਤਾਅ ਵਿੱਚ ਵੀ ਮਾੜੀਆਂ ਤਬਦੀਲੀਆਂ ਆ ਸਕਦੀਆਂ ਹਨ। ਚਿੜਚੜਾਪਣ ਅਤੇ ਹੀਟ ਸਟੋਕ ਦੇ ਮੌਕੇ ਵਧਣਗੇ। ਇਸ ਤੋਂ ਇਲਾਵਾ ਵਧੀਆਂ ਕੁਦਰਤੀ ਆਫਤਾਂ ਦੇ ਸਿੱਟੇ ਵਜੋਂ ਹੋਣ ਵਾਲੀ ਆਰਥਕ ਹਾਨੀ ਵੀ ਮਨੁੱਖੀ ਤਨ-ਮਨ ਨੂੰ ਪ੍ਰਭਾਵਿਤ ਕਰੇਗੀ।
ਬਿਲਕੁਲ ਇਸੇ ਸੰਦਰਭ ਵਿੱਚ ਸਾਨੂੰ ਮਨੁੱਖੀ ਖੁਸ਼ੀਆਂ (ਹੈਪੀਨੈਸ) ਦੇ ਗੁਆਚਣ ਵਾਲੀ ਰਿਪੋਰਟ ਨੂੰ ਵਿਚਾਰਨਾ ਪਏਗਾ। ਇਸ ਮਾਮਲੇ ਵਿੱਚ ਸਾਡੇ ਮੁਲਕ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ। ਦੁਨੀਆਂ ਦੇ ਕੁੱਲ 143 ਮੁਲਕਾਂ ‘ਤੇ ਆਧਾਰਤ ਆਲਮੀ ਹੈਪੀਨੈਸ ਇੰਡੈਕਸ ਵਿੱਚ ਹਿੰਦੁਸਤਾਨ ਦਾ ਸਥਾਨ 126ਵਾਂ ਹੈ। ਔਕਸਫੋਰਡ ਵੈੱਲਬੀਂਗ ਸੈਂਟਰ ਅਤੇ ਸੰਯੁਕਤ ਰਾਸ਼ਟਰ ਸਸਟੇਅਨੇਬਲ ਸੌਲਿਊਸ਼ਨ ਨੈਟਵਰਕ ਅਨੁਸਾਰ ਫਿਨਲੈਂਡ ਖੁਸ਼ੀਆਂ ਖੇੜਿਆਂ ਦੇ ਪੱਖ ਤੋਂ ਲਗਾਤਾਰ ਸੱਤਵੇਂ ਸਾਲ ਪਹਿਲੇ ਨੰਬਰ ‘ਤੇ ਰਿਹਾ। ਡੈਨਮਾਰਕ, ਸਵੀਡਨ, ਇਜ਼ਰਾਇਲ, ਨੀਦਰਲੈਂਡ, ਨੌਰਵੇ, ਲਗਜ਼ਮਬਰਗ, ਸਵਿਟਜ਼ਰਲੈਂਡ ਅਤੇ ਅਸਟਰੇਲੀਆ ਉਪਰਲੇ ਦਸ ਮੁਲਕਾਂ ਵਿੱਚ ਸ਼ਾਮਲ ਹਨ। ਅਫਗਾਨਿਸਤਾਨ ਦਾ ਸਥਾਨ ਸਭ ਤੋਂ ਨੀਚੇ ਹੈ।
ਰਿਪੋਰਟ ਅਨੁਸਾਰ 30 ਸਾਲ ਤੱਕ ਦੀ ਭਾਰਤ ਦੀ ਨੌਜਵਾਨ ਆਬਾਦੀ ਸਭ ਤੋਂ ਵੱਧ ਨਾਖੁਸ਼ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਵਿਆਪਕ ਪੱਧਰ ‘ਤੇ ਜਵਾਨਾਂ ਵਿੱਚ ਪਸਰੀ ਨਾਖੁਸ਼ੀ ਦੇ ਕੀ ਕਾਰਨ ਹੋ ਸਕਦੇ ਹਨ? ਇਹਦੇ ਬਾਰੇ ਬਹੁਤਾ ਦਿਮਾਗ ‘ਤੇ ਭਾਰ ਨਾ ਪਾਇਆਂ ਵੀ ਇਹ ਗੱਲ ਸਮਝ ਆ ਜਾਏਗੀ। ਜਿਸ ‘ਵਿਕਾਸ’ ਦੀਆਂ ਸਾਡੇ ਸਿਆਸਤਦਾਨ ਅਤੇ ਸਰਕਾਰਾਂ ਦੁਹਾਈਆਂ ਦੇ ਰਹੇ ਹਨ, ਉਹ ਇੱਕ ਨਿਰਾਸ਼-ਉਦਾਸ ਅਬਾਦੀ ਦਾ ਬਾਇਸ ਬਣ ਰਿਹਾ। ਨੌਜਵਾਨ ਬੇਰੁਜ਼ਗਾਰਾਂ ਦੀ ਫੌਜ ਵਧ ਰਹੀ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ।
ਵਰਲਡ ਇਨਇਕੁਐਲਿਟੀ ਲੈਬ ਦੀ ਰਿਪੋਰਟ ਵੀ ਹਾਲ ਹੀ ਵਿੱਚ ਛਪ ਕੇ ਸਾਹਮਣੇ ਆਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਹਿੰਦੁਸਤਾਨ ਵਿੱਚ ਆਰਥਕ ਨਾਬਰਾਬਰੀ 1947 ਤੋਂ ਪਹਿਲਾਂ ਅੰਗਰੇਜ਼ ਰਾਜ ਨਾਲੋਂ ਵੀ ਵਧ ਗਈ ਹੈ ਅਤੇ ਸਮਾਜਕ ਸੁਰੱਖਿਆ ਦੇ ਮੌਕੇ ਵੀ ਬੇਹੱਦ ਘੱਟ ਹਨ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਆਜ਼ਾਦੀ ਤੋਂ ਬਾਅਦ ਮੁਢਲੇ ਦੌਰ ਵਿੱਚ ਸਮਾਜਕ-ਆਰਥਕ ਨਾਬਰਾਬਰੀ ਘਟੀ ਸੀ, ਪਰ 1980ਵਿਆਂ ਵਿੱਚ ਆਣ ਕੇ ਇਹ ਫਿਰ ਵਧਣ ਲੱਗ ਪਈ। ਸਾਲ 2000 ਵਿੱਚ ਇਹ ਬਹੁਤ ਜ਼ਿਆਦਾ ਵਧ ਗਈ ਅਤੇ ਹੁਣ ਤਾਂ ਇਸ ਦੀ ਅੱਤ ਹੀ ਹੋ ਗਈ ਹੈ। ਇਸ ਸਾਰੇ ਕੁਝ ਦੇ ਨਾਲ ਵਿਆਪਕ ਪੱਧਰ ‘ਤੇ ਫੈਲਿਆ ਪ੍ਰਸ਼ਾਸਨਿਕ ਅਤੇ ਸਿਆਸੀ ਭ੍ਰਿਸ਼ਟਾਚਾਰ, ਸਾਧਾਰਨ ਲੋਕਾਂ ਨਾਲ ਅਧਿਕਾਰੀਆਂ ਦੀ ਬਦਸਲੂਕੀ, ਅਨਿਆ, ਮਨੁੱਖੀ ਅਧਿਕਾਰਾਂ ਦਾ ਹਨਨ, ਨਸ਼ਿਆਂ ਦਾ ਪਸਾਰਾ ਅਤੇ ਹਨੇਰੇ ਭਵਿੱਖ ਦਾ ਡਰਾਉਣਾ ਪ੍ਰਛਾਵਾਂ ਆਦਿ ਸਾਰਾ ਕੁਝ ਰਲ ਕੇ ਜਵਾਨੀ ਨੂੰ ਨਿਰਾਸ਼ ਕਰ ਰਿਹਾ ਹੈ। ਉਪਰੋਂ ਜਮਹੂਰੀ ਅਮਲ ਨੂੰ ਤਾਨਾਸ਼ਾਹੀ ਪ੍ਰਵਿਰਤੀਆਂ ਦਾ ਗ੍ਰਹਿਣ ਲੱਗ ਗਿਆ ਹੈ। ਇਸ ਸਾਰੀ ਹਾਲਤ ਨੂੰ ਲਾਈਨ ‘ਤੇ ਲਿਆਉਣ ਲਈ ਬੜੇ ਵੱਡੇ ਰਾਜਨੀਤਿਕ, ਸਮਾਜਕ ਅਤੇ ਆਰਥਕ ਫੇਰਬਦਲ ਦੀ ਲੋੜ ਹੈ। ਜਿਹਦੇ ਲਈ ਹਾਲੇ ਸਾਡੀ ਕੋਈ ਵੀ ਸਿਆਸੀ ਧਿਰ ਤਿਆਰ ਨਹੀਂ ਜਾਪਦੀ। ਆਮ ਆਦਮੀ ਪਾਰਟੀ ਅਜਿਹੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਹੁਣ ਉਹ ਵੀ ਲੂਣ ਦੀ ਖਾਣ ਵਿੱਚ ਲੂਣ ਹੁੰਦੀ ਵਿਖਾਈ ਦੇ ਰਹੀ ਹੈ।