ਭਾਰਤੀ ਹਾਕੀ ਦਾ ਬਾਜ਼ ਖਿਡਾਰੀ ਬਲਜੀਤ ਸਿੰਘ ਢਿੱਲੋਂ

ਗੂੰਜਦਾ ਮੈਦਾਨ

ਖਿਡਾਰੀ ਪੰਜ ਆਬ ਦੇ (14)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਲੇਖ ਵਿੱਚ ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਅਤੇ ਭਾਰਤ ਲਈ 12 ਸਾਲ ਤੇ ਪੰਜਾਬ ਪੁਲਿਸ ਲਈ 26 ਸਾਲ ਹਾਕੀ ਖੇਡਣ ਵਾਲੇ ਬਾਜ਼ ਖਿਡਾਰੀ ਬਲਜੀਤ ਸਿੰਘ ਢਿੱਲੋਂ ਦਾ ਜ਼ਿਕਰ ਹੈ। ਕੌਮੀ ਪੱਧਰ `ਤੇ ਬਲਜੀਤ ਸਭ ਤੋਂ ਲੰਬਾ ਸਮਾਂ ਖੇਡਣ ਵਾਲਾ ਖਿਡਾਰੀ ਹੈ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਭਾਰਤੀ ਹਾਕੀ ਵਿੱਚ ਬਲਬੀਰ ਤੋਂ ਬਾਅਦ ਬਲਜੀਤ ਨਾਂ ਨੂੰ ਬਖਸ਼ਿਸ਼ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤੀ ਹਾਕੀ ਵਿੱਚ ਚਾਰ ਬਲਜੀਤ ਸਿੰਘ ਹੋਏ। ਚਾਰੇ ਚੋਟੀ ਦੇ ਖਿਡਾਰੀ। ਇੱਕ ਬਲਜੀਤ ਫਾਰਵਰਡ ਖੇਡਦਾ ਸੀ, ਇੱਕ ਗੋਲਚੀ ਤੇ ਦੋ ਮਿਡਫੀਲਡਰ ਸਨ। ਤਿੰਨ ਬਲਜੀਤ ਸਿੰਘ ਏਸ਼ੀਆ ਜੇਤੂ ਟੀਮਾਂ ਦਾ ਹਿੱਸਾ ਰਹੇ। ਅੱਜ ਦੇ ਕਾਲਮ ਦਾ ਪਾਤਰ ਫਾਰਵਰਡ ਬਲਜੀਤ ਹੈ, ਜਿਹੜਾ ਹਾਕੀ ਖੇਡ ਵਿੱਚ ਬਲਜੀਤ ਸਿੰਘ ਢਿੱਲੋਂ ਵਜੋਂ ਪ੍ਰਸਿੱਧ ਹੋਇਆ। ਬਲਜੀਤ ਨੇ ਭਾਰਤ ਲਈ 12 ਸਾਲ ਅਤੇ ਪੰਜਾਬ ਪੁਲਿਸ ਲਈ 26 ਸਾਲ ਹਾਕੀ ਖੇਡੀ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਬਲਜੀਤ ਨੇ 300 ਤੋਂ ਵੱਧ ਕੌਮਾਂਤਰੀ ਮੈਚ ਖੇਡਦਿਆਂ 100 ਤੋਂ ਵੱਧ ਗੋਲ ਕੀਤੇ ਅਤੇ ਸਾਥੀ ਫਾਰਵਰਡਾਂ ਲਈ ਸੈਂਕੜੇ ਮੌਕੇ ਗੋਲ ਦੇ ਬਣਾਏ। ਬਲਜੀਤ ਭਾਰਤੀ ਫਾਰਵਰਡ ਲਾਈਨ ਦਾ ਬਾਜ਼ ਖਿਡਾਰੀ ਸੀ, ਜਿਸ ਦੀ ਸਟਿੱਕ ਗੇਂਦ ਨੂੰ ਝਪਟ ਕੇ ਵਿਰੋਧੀ ਟੀਮ ਦੇ ਗੋਲਾਂ ਵਿੱਚ ਭੇਜਣ ਤੋਂ ਬਿਨਾ ਸਾਹ ਨਹੀਂ ਲੈਂਦੀ ਸੀ। ਆਪਣੇ ਦੌਰ ਦਾ ਉਹ ਸਭ ਤੋਂ ਵੱਡਾ ਫੀਡਰ ਸੀ, ਜਿਸ ਨੇ ਨਵੀਂ ਉਮਰ ਦੇ ਫਾਰਵਰਡਾਂ ਲਈ ਅਣਗਿਣਤ ਗੋਲਾਂ ਦੇ ਮੌਕੇ ਬਣਾਏ। ਉਹ ਸਾਥੀ ਸਟਰਾਈਕਰਾਂ ਨੂੰ ਬਾਲ ਪਰੋਸ ਕੇ ਦੇ ਦਿੰਦਾ ਸੀ, ਜਿਸ ਕਾਰਨ ਅੱਗੇ ਵਾਲੇ ਨੂੰ ਗੋਲ ਕਰਨ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ ਸੀ। ਉਹ ਹਾਕੀ ਦੀ ਵਿਸ਼ਵ ਇਲੈਵਨ ਦਾ ਵੀ ਹਿੱਸਾ ਰਿਹਾ।
ਸਿਰ ਉਪਰ ਦੁਧੀਆ ਰੰਗੇ ਰੁਮਾਲ ਨਾਲ ਫਾਰਵਰਡ ਪੰਕਤੀ ਵਿੱਚ ਖੇਡਦਾ ਬਲਜੀਤ ਆਪਣੀ ਨਿਵੇਕਲੀ ਦਿੱਖ ਨਾਲ ਵਧੀਆ ਤਕਨੀਕ ਨਾਲ ਵੀ ਪਛਾਣਿਆ ਜਾਂਦਾ ਸੀ। ਡਰਿਬਲਿੰਗ ਕਰਦਾ ਬਲਜੀਤ ਕਿਸੇ ਨੂੰ ਵੀ ਨੇੜੇ ਢੁੱਕਣ ਨਹੀਂ ਦਿੰਦਾ ਸੀ। ਗੇਂਦ ਉਪਰ ਜਬਰਦਸ਼ਤ ਕੰਟਰੋਲ ਰੱਖਣ ਵਾਲੇ ਬਲਜੀਤ ਦੀ ਅੱਖ ਹਮੇਸ਼ਾ ਗੇਂਦ ਉਪਰ ਹੀ ਕੇਂਦਰਿਤ ਹੁੰਦੀ ਸੀ। ਬਾਜ਼ ਦੀ ਅੱਖ ਵਾਂਗ ਉਸ ਦੀ ਅੱਖ ਬਹੁਤ ਤੇਜ਼ ਹੈ। ਬਲਜੀਤ ਵਿੱਚ ਸਭ ਤੋਂ ਵੱਡੀ ਖੂਬੀ ਖੇਡ ਨੂੰ ਕੰਟਰੋਲ ਕਰਨ ਦੀ ਸੀ।
ਬਲਜੀਤ ਨੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਸ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਇਆ। ਅਰਜੁਨਾ ਐਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਬਲਜੀਤ ਹਾਕੀ ਤੇ ਫੁਟਬਾਲ ਵਿੱਚ ਅਹਿਮੀਅਤ ਰੱਖਦੀ 10 ਨੰਬਰ ਦੀ ਜਰਸੀ ਪਾ ਕੇ ਖੇਡਦਾ ਸੀ। ਉਹ ਭਾਰਤੀ ਹਾਕੀ ਦਾ ਪਹਿਲਾ ਡਰੈਗ ਫਲਿੱਕਰ ਹੈ। ਉਸ ਨੂੰ ਦੇਖ ਕੇ ਜੁਗਰਾਜ ਸਿੰਘ ਤੇ ਫੇਰ ਲੇਨ ਆਈਅੱਪਾ, ਸੰਦੀਪ ਸਿੰਘ ਨੇ ਡਰੈਗ ਫਲਿੱਕ ਲਗਾਉਣੀ ਸ਼ੁਰੂ ਕੀਤੀ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੱਧਰੀ ਕਲਾਂ `ਚ 18 ਜੂਨ 1973 ਨੂੰ ਗੁਰਮੁੱਖ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋਂ ਜਨਮੇ ਬਲਜੀਤ ਸਿੰਘ ਢਿੱਲੋਂ ਨੂੰ ਉਸ ਦੇ ਪਰਿਵਾਰ ਜਲੰਧਰ ਸ਼ਿਫਟ ਹੋਣਾ ਬਹੁਤ ਰਾਸ ਆਇਆ। ਜਲੰਧਰ ਦੋਆਬਾ ਖਾਲਸਾ ਮਾਡਲ ਸਕੂਲ ਵਿਖੇ ਪੜ੍ਹਦਿਆਂ ਛੋਟਾ ਬੱਲੀ ਮੈਡਮ ਦਰਸ਼ਨ ਭੱਟੀ ਕੋਲ ਹਾਕੀ ਸਿੱਖਣ ਲੱਗਿਆ। ਬਲਜੀਤ ਨੇ ਟਾਂਡਾ (ਹੁਸ਼ਿਆਰਪੁਰ) ਦੇ ਸਕੂਲ ਵਿੱਚ 11ਵੀਂ ਕਲਾਸ ਵਿੱਚ ਦਾਖਲਾ ਲੈ ਲਿਆ। ਉਥੇ ਉਹ ਸਪੋਰਟਸ ਵਿੰਗ ਵਿੱਚ ਭਰਤੀ ਹੋਇਆ। 11ਵੀਂ ਤੇ 12ਵੀਂ ਵਿੱਚ ਪੜ੍ਹਦਿਆਂ ਉਹ ਦੋਵੇਂ ਸਾਲ ਸਕੂਲ ਨੈਸ਼ਨਲ ਖੇਡਾਂ ਵਿੱਚ ਹਿੱਸਾ ਲੈਣ ਗਿਆ। ਗਰੈਜੂਏਸ਼ਨ ਦੀ ਪੜ੍ਹਾਈ ਲਈ ਬਲਜੀਤ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲਿਆ, ਜਿੱਥੇ ਕਾਲਜ ਵੱਲੋਂ ਖੇਡਦਿਆਂ ਯੂਨੀਵਰਸਿਟੀ ਦਾ ਅੰਤਰ ਕਾਲਜ ਚੈਂਪੀਅਨ ਬਣਿਆ ਅਤੇ ਫੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਖੇਡਦਿਆਂ ਅੰਤਰ `ਵਰਸਿਟੀ ਚੈਂਪੀਅਨ ਬਣਿਆ। ਬਲਜੀਤ ਕੰਬਾਈਡ ਯੂਨੀਵਰਸਿਟੀ ਟੀਮ ਵਿੱਚ ਚੁਣੇ ਜਾਣ ਤੋਂ ਪਹਿਲਾਂ ਹੀ ਜੂਨੀਅਰ ਨੈਸ਼ਨਲ ਟੀਮ ਲਈ ਚੁਣਿਆ ਗਿਆ। 1991 ਵਿੱਚ ਬਲਜੀਤ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋ ਗਿਆ। ਇੱਕੋ ਵੇਲੇ ਉਹ ਕਾਲਜ, ਯੂਨੀਵਰਸਿਟੀ, ਪੰਜਾਬ ਪੁਲਿਸ, ਪੰਜਾਬ ਸੀਨੀਅਰ ਤੇ ਭਾਰਤ ਦੀ ਜੂਨੀਅਰ ਟੀਮ ਵੱਲੋਂ ਖੇਡਦਾ ਰਿਹਾ।
ਵੀਹ ਵਰਿ੍ਹਆਂ ਦੀ ਉਮਰੇ ਬਲਜੀਤ ਨੇ 22 ਮਈ 1993 ਨੂੰ ਦੱਖਣੀ ਅਫਰੀਕਾ ਦੌਰੇ ਉਤੇ ਟੈਸਟ ਲੜੀ ਵਿੱਚ ਆਪਣਾ ਪਹਿਲਾ ਸੀਨੀਅਰ ਇੰਟਰਨੈਸ਼ਨਲ ਮੈਚ ਖੇਡਿਆ। ਪਹਿਲੇ ਹੀ ਟੂਰ ਵਿੱਚ ਉਸ ਨੇ ਛੇ ਗੋਲ ਕਰਕੇ ਵਿਸ਼ਵ ਹਾਕੀ ਵਿੱਚ ਧਮਾਕੇਦਾਰ ਆਗਾਜ਼ ਕੀਤਾ। ਇਸੇ ਸਾਲ ਹੀਰੋਸ਼ੀਮਾ ਵਿਖੇ ਏਸ਼ੀਆ ਕੱਪ ਖੇਡਿਆ ਗਿਆ, ਜਿੱਥੇ ਬਲਜੀਤ ਨੇ ਤਿੰਨ ਗੋਲ ਕੀਤੇ ਅਤੇ ਭਾਰਤੀ ਟੀਮ ਉਪ ਜੇਤੂ ਰਹੀ। ਸਾਲ 1994 ਵਿੱਚ ਹੀਰੋਸ਼ੀਮਾ ਵਿਖੇ ਹੀ ਏਸ਼ਿਆਈ ਖੇਡਾਂ ਵਿੱਚ ਖੇਡਦਿਆਂ ਉਸ ਨੇ ਦੋ ਗੋਲ ਕੀਤੇ ਅਤੇ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਸਾਲ 1995 ਵਿੱਚ ਮਦਰਾਸ ਵਿਖੇ ਸੈਫ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਬਲਜੀਤ ਦਾ ਅਹਿਮ ਯੋਗਦਾਨ ਸੀ। ਐਟਲਾਂਟਾ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਉਪ ਜੇਤੂ ਰਿਹਾ। 1996 ਵਿੱਚ ਬਲਜੀਤ ਨੇ ਐਟਲਾਂਟਾ ਵਿਖੇ ਆਪਣੀ ਪਹਿਲੀ ਓਲੰਪਿਕਸ ਖੇਡੀ।
1998-99 ਵਿੱਚ ਬਲਜੀਤ ਦੀ ਖੇਡ ਵੀ ਪੂਰੇ ਸ਼ਬਾਬ `ਤੇ ਸੀ ਅਤੇ ਭਾਰਤੀ ਹਾਕੀ ਨੇ ਵੱਡੀਆਂ ਟੀਮਾਂ ਨੂੰ ਹਰਾਇਆ। ਬੈਂਕਾਕ ਵਿਖੇ ਹੋਈਆ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 32 ਵਰਿ੍ਹਆਂ ਦਾ ਏਸ਼ੀਆਡ ਦਾ ਸੋਨ ਤਮਗਾ ਜਿੱਤਿਆ। ਇਸ ਜਿੱਤ ਵਿੱਚ ਸਭ ਤੋਂ ਵੱਧ ਯੋਗਦਾਨ ਬਲਜੀਤ ਦਾ ਸੀ, ਜਿਸ ਨੇ ਕੁੱਲ 7 ਗੋਲ ਕੀਤੇ। 1998 ਵਿੱਚ ਕੁਆਲਾਲੰਪੁਰ ਵਿਖੇ ਹਾਕੀ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣੀ। ਬਲਜੀਤ ਛੇ ਗੋਲਾਂ ਨਾਲ ਰਾਸ਼ਟਰਮੰਡਲ ਖੇਡਾਂ ਦਾ ਟਾਪ ਸਕਰੋਰ ਰਿਹਾ। ਸਾਲ 1999 ਵਿੱਚ ਬਲਜੀਤ ਨੇ ਪਾਕਿਸਤਾਨ ਖਿਲਾਫ 9 ਮੈਚਾਂ ਦੀ ਟੈਸਟ ਲੜੀ ਵਿੱਚ ਹਿੱਸਾ ਲਿਆ, ਜਿੱਥੇ ਉਸ ਨੇ ਸੱਤ ਮੈਚ ਖੇਡਦਿਆਂ 9 ਗੋਲ ਕੀਤੇ ਅਤੇ ਮੈਨ ਆਫ ਦਿ ਸੀਰੀਜ਼ ਐਲਾਨਿਆ ਗਿਆ। ਇਸ ਲੜੀ ਦੀ ਸ਼ੁਰੂਆਤ ਮੌਕੇ ਬਲਜੀਤ ਦਾ ਵਿਆਹ ਸੀ। ਉਹ ਵਿਆਹਿਆ ਵੀ ਪੇਂਡੂ ਓਲੰਪਿਕਸ ਵਾਲੇ ਮਸ਼ਹੂਰ ਪਿੰਡ ਕਿਲਾ ਰਾਏਪੁਰ ਵਿਖੇ।
ਭਾਰਤੀ ਟੀਮ ਪਾਕਿਸਤਾਨ ਖਿਲਾਫ ਟੈਸਟ ਲੜੀ ਦੇ ਪਹਿਲੇ ਦੋ ਮੈਚ ਹਾਰ ਗਈ। ਉਸ ਸਮੇਂ ਪਾਕਿਸਤਾਨ ਟੀਮ ਪੂਰੀ ਫਾਰਮ ਵਿੱਚ ਸੀ। ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਡਰ ਸਤਾਉਣ ਲੱਗਾ। ਵਿਆਹ ਕਾਰਨ ਛੁੱਟੀ ਉਤੇ ਗਏ ਬਲਜੀਤ ਨੂੰ ਟੀਮ ਪ੍ਰਬੰਧਕਾਂ ਨੇ ਐਮਰਜੈਂਸੀ ਕਾਲ ਕਰਕੇ ਬੁਲਾਇਆ। ਉਹ ਸ਼ਿਮਲੇ ਤੋਂ ਖੁਦ ਕਾਰ ਚਲਾ ਕੇ ਆਇਆ। ਬਲਜੀਤ ਬਦਲੌਤ ਸੱਤ ਮੈਚਾਂ ਵਿੱਚੋਂ ਤਿੰਨ ਮੈਚ ਜਿੱਤ ਕੇ ਭਾਰਤੀ ਟੀਮ ਸ਼ਰਮਨਾਕ ਹਾਰ ਤੋਂ ਬਚ ਗਈ। ਇਸੇ ਸਾਲ ਬਲਜੀਤ ਨੂੰ ਭਾਰਤੀ ਹਾਕੀ ਦਾ ਕਪਤਾਨ ਬਣਾਇਆ ਗਿਆ। 1999 ਵਿੱਚ ਕੁਆਲਾਲੰਪੁਰ ਵਿਖੇ ਹੋਏ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਬਲਜੀਤ ਦੀ ਕਪਤਾਨੀ ਵਿੱਚ ਖੇਡਦਿਆਂ ਕਾਂਸੀ ਦਾ ਤਮਗਾ ਜਿੱਤਿਆ। ਇਸ ਸਾਲ ਬਲਜੀਤ ਐੱਫ.ਆਈ.ਐੱਚ. ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਗਿਆ।
ਸਾਲ 2000 ਵਿੱਚ ਬਲਜੀਤ ਨੇ ਸਿਡਨੀ ਵਿਖੇ ਆਪਣੀ ਦੂਜੀ ਓਲੰਪਿਕਸ ਖੇਡੀ। ਇਸੇ ਸਾਲ ਬਲਜੀਤ ਨੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਿਆ, ਜਿੱਥੇ ਉਸ ਨੇ ਤਿੰਨ ਗੋਲ ਕੀਤੇ ਅਤੇ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2001 ਵਿੱਚ ਬਲਜੀਤ ਦੀ ਕਪਤਾਨੀ ਵਿੱਚ ਭਾਰਤ ਨੇ ਤਿੰਨ ਵੱਡੇ ਟੂਰਨਾਮੈਂਟ ਜਿੱਤੇ। ਢਾਕਾ ਵਿਖੇ ਹੋਏ 9 ਦੇਸ਼ਾਂ ਦੇ ਪ੍ਰਧਾਨ ਮੰਤਰੀ ਗੋਲਡ ਕੱਪ ਵਿੱਚ ਭਾਰਤ ਚੈਂਪੀਅਨ ਬਣਿਆ। ਬਲਜੀਤ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਖਿਤਾਬ ਮਿਲਿਆ। ਆਪਣੀ ਕਪਤਾਨੀ ਵਿੱਚ ਅਗਲਾ ਟੂਰਨਾਮੈਂਟ ਉਸ ਨੇ ਛੇ ਮੁਲਕਾਂ ਦਾ ਚੈਂਪੀਅਨ ਚੈਲੇਂਜ ਕੱਪ ਜਿੱਤਿਆ। ਫੇਰ ਇੰਗਲੈਂਡ ਦੇ ਸ਼ਹਿਰ ਮਿਲਟਨ ਕੇਨਜ਼ ਵਿਖੇ ਹੋਇਆ ਚਾਰ ਦੇਸ਼ੀ ਕੈਸਟਰੌਲ ਫੈਸਟੀਵਲ ਜਿੱਤਿਆ। ਸਾਲ 2002 ਵਿੱਚ ਕੁਆਲਾਲੰਪੁਰ ਵਿਖੇ ਖੇਡੇ ਵਿਸ਼ਵ ਕੱਪ ਵਿੱਚ ਬਲਜੀਤ ਭਾਰਤੀ ਟੀਮ ਦਾ ਕਪਤਾਨ ਸੀ। ਵਿਸ਼ਵ ਕੱਪ ਵਿੱਚ ਬਲਜੀਤ ਦਾ ਛੋਟਾ ਭਰਾ ਦਲਜੀਤ ਵੀ ਖੇਡਿਆ। ਦੋਵੇਂ ਭਰਾਵਾਂ ਨੇ ਵਿਸ਼ਵ ਕੱਪ ਵਿੱਚ ਚਾਰ-ਚਾਰ ਗੋਲ ਕੀਤੇ।
ਸਾਲ 2003 ਦਾ ਉਹ ਸਮਾਂ ਸੀ, ਜਦੋਂ ਬਲਜੀਤ ਢਿੱਲੋਂ ਤੇ ਧਨਰਾਜ ਪਿੱਲੈ ਦੀ ਜੋੜੀ ਟੀਮ ਵਿੱਚ ਸਭ ਤੋਂ ਤਜ਼ਰਬੇਕਾਰ ਤੇ ਸੀਨੀਅਰ ਸੀ ਅਤੇ ਬਾਕੀ ਫਾਰਵਰਡ ਲਾਈਨ ਵਿੱਚ ਗਗਨ ਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਅਰਜੁਨ ਹਾਲੱਪਾ, ਤੇਜਬੀਰ ਸਿੰਘ ਨਵੀਂ ਉਮਰ ਦੇ ਖਿਡਾਰੀ ਸਨ। ਢਿੱਲੋਂ ਤੇ ਪਿੱਲੈ ਨੇ ਫੀਡਰ ਦੀ ਭੂਮਿਕਾ ਨਿਭਾਉਂਦਿਆਂ ਹਾਫ ਲਾਈਨ ਤੋਂ ਵਿਰੋਧੀ ਗੋਲਾਂ ਤੱਕ ਲਿੰਕ ਮੈਨ ਦਾ ਰੋਲ ਨਿਭਾਉਣ ਕਾਰਨ ਭਾਰਤ ਨੇ ਤਿੰਨ ਟੂਰਨਾਮੈਂਟ ਜਿੱਤੇ। ਇੱਕ ਜਰਮਨੀ ਦੇ ਸ਼ਹਿਰ ਹੈਮਬਰਗ ਵਿਖੇ ਚਾਰ ਦੇਸ਼ੀ ਟੂਰਨਾਮੈਂਟ ਜਿੱਤਿਆ, ਦੋ ਆਸਟਰੇਲੀਆ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਜਿੱਤੇ। ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਕੀਤਾ। ਫੇਰ ਏਸ਼ੀਆ ਕੱਪ ਵੀ ਜਿੱਤਿਆ। ਸਾਲ 2004 ਦੇ ਸ਼ੁਰੂ ਵਿੱਚ ਇਪੋਹ ਵਿਖੇ ਖੇਡੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਬਲਜੀਤ ਦੇ ਨੱਕ ਉਤੇ ਸੱਟ ਲੱਗ ਗਈ। ਬਲਜੀਤ ਦੀ ਟੀਮ ਪ੍ਰਤੀ ਪ੍ਰਤੀਬੱਧਤਾ ਅਤੇ ਖੇਡ ਦਾ ਜਾਨੂੰਨ ਹੀ ਸੀ ਕਿ ਉਹ ਨੱਕ ਦੀ ਹੱਡੀ ਟੁੱਟ ਜਾਣ ਦੇ ਬਾਵਜੂਦ ਉਹ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਨਿੱਤਰਿਆ। ਜਰਮਨੀ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਚੈਂਪੀਅਨ ਬਣਿਆ। ਏਥਨਜ਼ ਵਿਖੇ ਬਲਜੀਤ ਨੇ ਆਪਣੀ ਤੀਜੀ ਓਲੰਪਿਕਸ ਖੇਡੀ। ਬਲਜੀਤ ਨੇ ਆਪਣਾ ਆਖਰੀ ਇੰਟਰਨੈਸ਼ਨਲ ਗੋਲ ਦੱਖਣੀ ਅਫਰੀਕਾ ਖਿਲਾਫ 17 ਅਗਸਤ 2004 ਨੂੰ ਕੀਤਾ, ਜਿਸ ਵਿੱਚ ਭਾਰਤ 4-2 ਨਾਲ ਜੇਤੂ ਰਿਹਾ।
ਕੌਮੀ ਪੱਧਰ `ਤੇ ਬਲਜੀਤ ਸਭ ਤੋਂ ਲੰਬਾ ਸਮਾਂ ਖੇਡਣ ਵਾਲਾ ਖਿਡਾਰੀ ਹੈ। ਪੰਜਾਬ ਪੁਲਿਸ ਵੱਲੋਂ ਤਾਂ ਬਲਜੀਤ ਨੇ 44 ਵਰਿ੍ਹਆਂ ਦੀ ਉਮਰੇ ਵੀ ਖੇਡਦਿਆਂ ਆਲ ਇੰਡੀਆ ਪੁਲਿਸ ਖੇਡਾਂ ਦਾ ਸੋਨੇ ਦਾ ਤਮਗਾ ਜਿੱਤਿਆ। ਬਲਜੀਤ ਨੇ ਆਪਣੀ 39 ਸਾਲ ਦੀ ਨੌਕਰੀ ਵਿੱਚ ਪੰਜਾਬ ਪੁਲਿਸ ਨੂੰ ਆਲ ਇੰਡੀਆ ਪੁਲਿਸ ਖੇਡਾਂ ਵਿੱਚ 11 ਵਾਰ ਸੋਨੇ ਅਤੇ ਤਿੰਨ ਵਾਰ ਚਾਂਦੀ ਦਾ ਤਮਗਾ ਜਿਤਾਇਆ। ਬਲਜੀਤ ਨੇ ਪੰਜਾਬ ਪੁਲਿਸ ਨੂੰ 18 ਵੱਡੇ ਟੂਰਨਾਮੈਂਟ ਜਿਤਾਏ ਹਨ, ਜਿਨ੍ਹਾਂ ਵਿੱਚ ਨਹਿਰੂ ਹਾਕੀ ਕੱਪ, ਇੰਦਰਾ ਗਾਂਧੀ ਗੋਲਡ ਕੱਪ, ਬੇਟਨ ਕੱਪ, ਸੁਰਜੀਤ ਯਾਦਗਾਰੀ ਟੂਰਨਾਮੈਂਟ, ਰਮੇਸ਼ ਚੰਦਰ ਯਾਦਗਾਰੀ ਟੂਰਨਾਮੈਂਟ, ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ, ਸੀ.ਆਰ.ਪੀ.ਐਫ. ਗੋਲਡ ਕੱਪ, ਛਤਰਪਤੀ ਸ਼ਿਵਾਜੀ ਟੂਰਨਾਮੈਂਟ, ਹਮਦਰਦ ਹਾਕੀ ਟੂਰਨਾਮੈਂਟ, ਸਕੌਟੀ ਕੱਪ ਬੰਗਲੌਰ, ਰਾਘਾਵਿੰਦਰਾ ਲਿਟਿਗੀ ਟੂਰਨਾਮੈਂਟ, ਲਿਬਰਲਜ਼ ਤੇ ਬਾਬਾ ਫਰੀਦ ਗੋਲਡ ਕੱਪ ਸ਼ਾਮਲ ਹਨ।
ਪੰਜਾਬ ਵੱਲੋਂ ਕੌਮੀ ਖੇਡਾਂ ਵਿੱਚ ਖੇਡਦਿਆਂ ਉਸ ਨੇ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਿਆ। ਫੈਡਰੇਸ਼ਨ ਕੱਪ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਵਿੱਚ ਉਸ ਨੇ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ। ਪ੍ਰੋਫੈਸ਼ਨਲ ਹਾਕੀ ਕਰੀਅਰ ਵਜੋਂ ਉਸ ਨੇ ਪਹਿਲੀ ਵਾਰ ਸ਼ੁਰੂ ਹੋਈ ਪ੍ਰੀਮੀਅਰ ਹਾਕੀ ਲੀਗ ਵਿੱਚ ਤਿੰਨ ਵਾਰ ਸ਼ੇਰ-ਏ-ਜਲੰਧਰ ਵੱਲੋਂ ਹਿੱਸਾ ਲਿਆ। ਸ਼ੇਰ-ਏ-ਜਲੰਧਰ ਦੀ ਟੀਮ ਦੋ ਵਾਰ ਉਪ ਜੇਤੂ ਰਹੀ। ਇਸੇ ਲੀਗ ਦੇ ਫਾਈਨਲ ਮੌਕੇ 2007 ਵਿੱਚ ਬਲਜੀਤ ਨੇ 25 ਸਾਲ ਹਾਕੀ ਖੇਡਣ ਤੋਂ ਬਾਅਦ ਸੰਨਿਆਸ ਲਿਆ ਸੀ। ਪੰਜਾਬ ਪੁਲਿਸ ਵਿੱਚ ਬਿਹਤਰੀਨ ਸੇਵਾ ਨਿਭਾਉਣ ਬਦਲੇ 2017 ਵਿੱਚ ਉਸ ਨੂੰ ਡੀ.ਜੀ.ਪੀ. ਡਿਸਕ ਐਵਾਰਡ ਮਿਲਿਆ। ਪੰਜਾਬ ਪੁਲਿਸ ਵਿੱਚ ਉਸ ਦੀ 39 ਸਾਲ ਦੀ ਸਰਵਿਸ ਹੋਣ ਵਾਲੀ ਹੈ। ਅੱਜ-ਕੱਲ੍ਹ ਉਹ ਕਮਾਂਡੈਂਟ ਵਜੋਂ ਤਾਇਨਾਤ ਹੈ। ਜੇ ਉਹ ਅਜੋਕੇ ਖਿਡਾਰੀਆਂ ਵਾਂਗ ਸਿੱਧਾ ਇੰਸਪੈਕਟਰ ਜਾਂ ਡੀ.ਐੱਸ.ਪੀ. ਭਰਤੀ ਹੋਇਆ ਹੁੰਦਾ ਤਾਂ ਅੱਜ ਘੱਟੋ-ਘੱਟ ਡੀ.ਆਈ.ਜੀ. ਜਾਂ ਆਈ.ਜੀ. ਹੁੰਦਾ।

Leave a Reply

Your email address will not be published. Required fields are marked *