ਨਿੰਮਾ ਡੱਲੇਵਾਲ
ਸਿਨਸਿਨੈਟੀ, ਓਹਾਇਓ
ਆਪਣੀ ਜਨਮ ਭੋਇੰ ਛੱਡ ਕੇ ਕਿਸੇ ਪਰਾਏ ਮੁਲਕ ਵਿੱਚ ਜਾ ਵੱਸਣ ਨਾਲ ਇਨਸਾਨ ਪਰਦੇਸੀ ਬਣ ਜਾਂਦਾ ਹੈ। ਕਿਸ ਦਾ ਦਿਲ ਕਰਦਾ ਹੈ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਛੱਡਣ ਨੂੰ ਤੇ ਕਿਸ ਦਾ ਦਿਲ ਕਰਦਾ ਹੈ ਲਾਲ ਚੂੜੇ ਵਾਲੀ ਤੋਂ ਵਿਛੜਨ ਨੂੰ! ਜੇ ਨਾ ਹੋਣ ਮਜਬੂਰੀਆਂ ਤਾਂ ਕਾਹਨੂੰ ਪੈਣ ਦੂਰੀਆਂ। ਕੁਝ ਸਧਰਾਂ, ਕੁਝ ਮਨ ਦੀਆਂ ਇੱਛਾਵਾਂ ਹੁੰਦੀਆਂ ਹਨ, ਜੋ ਬਿਗਾਨੇ ਮੁਲਕਾਂ ਦੇ ਰਾਹ ਤੋਰ ਦਿੰਦੀਆਂ ਹਨ। ਵਿਦਾਇਗੀ ਵਾਲੇ ਆਖਰੀ ਪਲ ਹਰ ਪਰਦੇਸੀ ਲਈ ਕਦੀ ਵੀ ਨਾ-ਭੁੱਲਣ ਵਾਲੇ ਪਲ ਹੁੰਦੇ ਹਨ। ਉਸ ਵੇਲੇ ਸਭਨਾਂ ਦੇ ਦਿਲਾਂ ਦਿਆਂ ਅੰਬਰਾਂ ਉੱਤੇ ਵਿਛੋੜੇ ਦੀਆਂ ਘਟਾਵਾਂ ਅਤੇ ਨੈਣਾਂ ਵਿੱਚ ਹੰਝੂਆਂ ਦੇ ਮੀਂਹ ਦੀਆਂ ਕਣੀਆਂ ਹੁੰਦੀਆਂ ਹਨ, ਤੇ ਉਨ੍ਹਾਂ ਹੰਝੂਆਂ ਦੀਆਂ ਕਣੀਆਂ ਦੇ ਪਿੱਛੇ ਛੁਪੇ ਹੁੰਦੇ ਹਨ ਕੁਝ ਰੰਗ ਬਰੰਗੇ ਸੁਪਨੇ, ਜੋ ਖੁੱਲ੍ਹੀਆਂ ਅੱਖਾਂ ਨੇ ਵੇਖੇ ਹੁੰਦੇ ਹਨ।
ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਲੈ ਕੇ ਪਰਵਾਸ ਦੇ ਰਾਹ ਪੈ ਜਾਂਦਾ ਹੈ। ਇੱਕ ਅੱਖ ਵਿੱਚ ਹੰਝੂ ਤੇ ਦੂਜੀ ਅੱਖ ਵਿੱਚ ਸੁਨਹਿਰੀ ਖਾਅਬ, ਦਿਲ ਦੇ ਇੱਕ ਕੋਨੇ ਵਿੱਚ ਬਾਹਰ ਜਾਣ ਦਾ ਚਾਅ ਤੇ ਦੂਜੇ ਕੋਨੇ ਵਿੱਚ ਪਰਿਵਾਰ ਤੋਂ ਵੱਖ ਹੋਣ ਦੀ ਚੀਸ। ਪਹਿਲੀ ਵਾਰ ਜਹਾਜ਼ ਵਿੱਚ ਬੈਠ ਕੇ ਉਡਣ ਦੀ ਖੁਸ਼ੀ ਵਿੱਚ ਪਰਦੇਸੀ ਹੋ ਰਹੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੇ ਆਪਣੇ ਖੰਭ ਕੱਟੇ ਜਾਣੇ ਨੇ। ਜਹਾਜ਼ ਦੀ ਪਹਿਲੀ ਉਡਾਣ ਭਰਨ ਵੇਲੇ ਦਿਲ ਕੁਝ ਹਉਕੇ ਤਾਂ ਜ਼ਰੂਰ ਭਰਦਾ ਹੈ। ਜਿਵੇਂ-ਜਿਵੇਂ ਜਹਾਜ਼ ਅਸਮਾਨ ਵੱਲ ਪੁਲਾਂਘਾਂ ਪੁੱਟਦਾ ਹੈ, ਤਿਵੇਂ-ਤਿਵੇਂ ਵੱਡੀਆਂ-ਵੱਡੀਆਂ ਬਿਲਡਿੰਗਾਂ ਛੋਟੀਆਂ ਹੁੰਦੀਆਂ ਵੇਖ ਕੇ ਇੱਕ ਵਾਰ ਫਿਰ ਅੱਖ ਭਰਦੀ ਹੈ। ਅੰਬਰੀਂ ਉਡਿਆ ਪਰਦੇਸੀ ਸੋਚਾਂ ਦੇ ਗਹਿਰੇ ਸਮੁੰਦਰਾਂ ਵਿੱਚ ਡੁੱਬਿਆ ਸੋਚਦਾ ਹੈ- ਪਤਾ ਨਹੀਂ ਮੁੜ ਕਦੋਂ ਵਤਨਾਂ ਦੀ ਧਰਤੀ ਉਤੇ ਪੈਰ ਪੈਣਗੇ!
ਚੰਗੇ ਭਾਗ ਉਨ੍ਹਾਂ ਦੇ, ਜੋ ਆਪਣੇ ਮੁਲਕ ਤੋਂ ਚੜ੍ਹਦੇ ਸਿੱਧੇ ਪਰਦੇਸਾਂ ਦੀ ਧਰਤੀ ਉੱਤੇ ਆਣ ਪੈਰ ਧਰਦੇ ਹਨ। ਕਈ ਵਿਚਾਰੇ ਗਲਤ ਏਜੰਟਾਂ ਦੀਆਂ ਚਾਲਾਂ ਦੇ ਸ਼ਿਕਾਰ ਹੋਏ ਅਸਮਾਨੋਂ ਡਿੱਗ ਖਜੂਰ `ਤੇ ਲਟਕ ਜਾਂਦੇ ਹਨ। ਉਨ੍ਹਾਂ ਨੂੰ ਰੋਟੀ ਤੋਂ ਭੁੱਖੇ ਤੇ ਜੰਗਲਾਂ ਦੀਆਂ ਠੋਕਰਾਂ ਖਾਧੇ ਬਿਨਾ ਮੰਜ਼ਿਲਾਂ ਨਸੀਬ ਨਹੀਂ ਹੁੰਦੀਆਂ। ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਘਰੋਂ ਤਾਂ ਸੁਨਹਿਰੀ ਸੁਪਨੇ ਲੈ ਕੇ ਚੱਲੇ ਸਨ, ਪਰ ਅਫਸੋਸ ਆਪਣੇ ਪਰਿਵਾਰਾਂ ਲਈ ਸੁਪਨੇ ਹੀ ਬਣ ਕੇ ਰਹਿ ਗਏ। ਬਰੂਹਾਂ ਵਿੱਚ ਤੇਲ ਚੋਅ ਕੇ ਵਿਦਾ ਕਰਨ ਵਾਲੀਆਂ ਮਾਵਾਂ ਖੁਦ ਅੱਥਰੂ ਬਣ ਕੇ ਰਹਿ ਜਾਂਦੀਆਂ ਹਨ।
ਕਿਸੇ ਨਾ ਕਿਸੇ ਤਰੀਕੇ ਪਰਦੇਸ ਪਹੁੰਚੇ ਪਰਦੇਸੀ ਨੂੰ ਕੁਝ ਦਿਨਾਂ ਵਿੱਚ ਹੀ ਸਾਕ-ਸਬੰਧੀਆਂ ਤੇ ਆਪਣੇ-ਪਰਾਇਆਂ ਦਾ ਪਤਾ ਲੱਗ ਜਾਂਦਾ ਹੈ। ਪਤਾ ਲੱਗ ਜਾਂਦਾ ਕਿ ਆਪਣੇ ਵਤਨ ਦਾ ਲਾਲ ਲਹੂ ਇੱਥੇ ਆ ਕੇ ਕਿੰਨਾ ਸਫੈਦ ਹੋ ਗਿਆ ਹੈ। ਇਨਸਾਨ ਜੋ ਸੋਚ ਪੰਜਾਬ ਤੋਂ ਲੈ ਕੇ ਚੱਲਦਾ ਹੈ, ਇੱਥੇ ਪਰਦੇਸਾਂ ਵਿੱਚ ਕਈ ਵਾਰ ਉਸ ਤੋਂ ਬਿਲਕੁਲ ਉਲਟ ਹੁੰਦਾ ਹੈ। ਸਭ ਭੁਲੇਖੇ ਛੇਤੀ ਹੀ ਦੂਰ ਹੋ ਜਾਂਦੇ ਹਨ, ਪਰ ਇਹ ਕੌੜਾ ਸੱਚ ਉਸ ਨਵੇਂ ਨਕੋਰ ਪਰਦੇਸੀ ਦੇ ਸੱਪ ਵਾਂਗੂੰ ਲੜ ਜਾਂਦਾ ਹੈ, ਕਿਉਂਕਿ ਉਹ ਇੱਥੋਂ ਦੀ ਜ਼ਿੰਦਗੀ ਬਾਰੇ ਅਨਜਾਣ ਹੁੰਦਾ ਹੈ; ਪਰ ਅੱਖਾਂ ਤੋਂ ਇੱਕ ਹੋਰ ਪੱਟੀ ਜ਼ਰੂਰ ਖੁੱਲ੍ਹ ਜਾਂਦੀ ਹੈ।
ਮੁਲਕ ਪਰਾਇਆ ਪੈਰ-ਪੈਰ `ਤੇ ਪੈਂਦੇ ਦਰਦ ਹੰਢਾਉਣੇ।
ਆਪਣੇ ਵੀ ਜਿੱਥੇ ਗੈਰ ਬਣੇ, ਉਥੇ ਕਿਸ ਨੇ ਦਰਦ ਵੰਡਾਉਣੇ।
ਪਰਦੇਸੀ ਤੇ ਗਮ ਚੰਦਰੇ ਸਾਰੇ, ਸੌਂਦੇ ਦੌਣ ਸਰਹਾਣੇ।
ਆਪਣੀ ਵੀ ਤੇ ਸਭਨਾਂ ਦੀ, ਸੱਚ ਨਿੰਮੇ ਕਹੀ ਨਿਮਾਣੇ।
ਆਪਣੇ ਮੁਲਕ ਦੀਆਂ ਪੜ੍ਹੀਆਂ ਇੱਥੇ ਆ ਕੇ ਨਾਂ-ਮਾਤਰ ਜਿਹੀਆਂ ਬਣ ਜਾਂਦੀਆਂ ਹਨ। ਕੰਮ ਲੱਗਣ ਸਾਰ ਹੀ ਘੱਟ ਕੀਤੀ ਪੜ੍ਹਾਈ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਅਕਸਰ ਪੰਜਾਬ ਨਾਲ ਸਬੰਧਤ ਮੇਰੇ ਵਰਗਿਆਂ ਨੂੰ ਸਕੂਲੋਂ ਘਰ ਨੂੰ ਭੱਜਣ ਵਾਲਾ ਵਕਤ ਯਾਦ ਆ ਜਾਂਦਾ ਹੈ ਕਿ ਕਾਸ਼! ਕੁਝ ਹੋਰ ਪੜ੍ਹ ਲੈਂਦੇ। ਪਰਦੇਸ ਵਿੱਚ ਆ ਕੇ ਹਰ ਕੋਈ ਪੜ੍ਹਨੇ ਪੈ ਜਾਂਦਾ ਹੈ। ਅਲਾਰਮ ਦੀ ਘੰਟੀ ਜਦੋਂ ਬਾਂਹੋ ਫੜ ਕੇ ਉਠਾਉਂਦੀ ਹੈ ਤਾਂ ਇੱਕ ਕਹਾਵਤ ਯਾਦ ਆਉਂਦੀ ਹੈ, ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ।` ਉਦੋਂ ਬਾਪੂ ਜ਼ਰੂਰ ਯਾਦ ਆਉਂਦਾ ਹੈ, ਜਿਸਦੀ ਛਤਰ ਛਾਇਆ ਹੇਠ ਮੌਜਾਂ ਮਾਣੀਆਂ ਹੁੰਦੀਆਂ ਹਨ। ਇੱਥੇ ਦੀ ਤੇਜ਼ ਰਫ਼ਤਾਰ ਨਾਲ ਚਲਦੀ ਜ਼ਿੰਦਗੀ ਪਰਦੇਸੀ ਦੇ ਖਾਨੇ ਪਾ ਦਿੰਦੀ ਹੈ ਕਿ ਸਮਾਂ ਹੀ ਧਨ ਹੈ। ਉਦੋਂ ਭੁਲੇਖਾ ਦੂਰ ਹੁੰਦਾ ਹੈ ਕਿ ਬਾਹਰੋਂ ਪੈਸੇ ਘੱਲ ਕੇ ਮਹਿਲਾਂ ਵਰਗੀਆਂ ਕੋਠੀਆਂ ਇੰਨੀਆਂ ਸੌਖੀਆਂ ਨਹੀਂ ਬਣਦੀਆਂ। ਇੰਝ ਲੱਗਦਾ ਜਿਵੇਂ `ਕੱਲੀ-`ਕੱਲੀ ਇੱਟ ਖੂਨ-ਪਸੀਨੇ ਵਿੱਚ ਚਿਣ ਕੇ ਬਣਦੀਆਂ ਹੋਣ। ਸੋਚਾਂ ਵਧ ਜਾਂਦੀਆਂ ਹਨ ਤੇ ਨੀਂਦਾਂ ਘਟ ਜਾਂਦੀਆਂ ਹਨ। ਇੱਕ ਪਾਸੇ ਫਿਕਰ ਕਮਾਈਆਂ ਦਾ, ਦੂਜੇ ਪਾਸੇ ਦਰਦ ਜੁਦਾਈਆਂ ਦਾ; ਗਹਿਣੇ ਪਈ ਜ਼ਮੀਨ ਦੀ ਚਿੰਤਾ, ਸਿਰ ਕਰਜ਼ੇ ਦੀ ਪੰਡ ਦਾ ਭਾਰ ਪਰਦੇਸੀ ਨੂੰ ਹਿੱਲਣ ਜੋਗਾ ਨਹੀਂ ਛੱਡਦਾ।
ਇੱਕ `ਕੱਲੀ ਕਹਿਰੀ ਜਾਨ ਉਤੋਂ ਸਾਲਾਂ ਦੇ ਵਿਛੋੜੇ।
ਲੱਖ ਰੋਕਿਆਂ ਵੀ ਹੰਝੂ, ਵਗ ਪੈਣ ਥੋੜ੍ਹੇ-ਥੋੜ੍ਹੇ।
ਇੱਥੇ ਲੋੜੇ ਪਰਦੇਸੀ, ਉੱਥੇ ਚੂੜੇ ਵਾਲੀ ਲੋੜੇ।
ਜਾਣੇ ਕੋਈ ਵੀ ਨਾ ਕਦੋਂ, ਪੈਣ ਵਤਨਾਂ ਨੂੰ ਮੋੜੇ।
ਇੱਕ ਸਮਾਂ ਹੁੰਦਾ ਸੀ, ਜਦੋਂ ਪਿੰਡ ਵਿੱਚ ਕਿਸੇ-ਕਿਸੇ ਘਰ ਹੀ ਫੋਨ ਹੋਇਆ ਕਰਦਾ ਸੀ। ਘੰਟਿਆਂ ਬੱਧੀ ਕੋਸ਼ਿਸ਼ ਤੋਂ ਬਾਅਦ ਫੋਨ ਮਿਲਣਾ ਤਾਂ ਸੁਨੇਹਾ ਦੇਣਾ ਕਿ ਮੇਰੇ ਘਰੋਂ ਮੇਰੀ ਮਾਂ ਨੂੰ ਬੁਲਾਇਓ। ਜਿੰਨੇ ਨੂੰ ਮਾਂ ਨੇ ਆਉਣਾ, ਇੰਨੇ ਨੂੰ ਫੋਨ ਆਖਰੀ ਦਮਾਂ `ਤੇ ਹੋ ਜਾਂਦਾ ਸੀ| ਜੇ ਕੱਟ ਕੇ ਲਾਉਣਾ ਤਾਂ ਦੁਬਾਰਾ ਨਾ ਮਿਲਣਾ। ਮਾਂ ਵਿਚਾਰੀ ਨੇ ਪੁੱਤ ਨਾਲ ਕਰਨ ਵਾਲੀਆਂ ਗੱਲਾਂ ਦਿਲ ਵਿੱਚ ਲੈ ਮੁੜ ਘਰ ਚਲੀ ਜਾਣਾ ਤੇ ਇੱਧਰ ਕਰਮਾਂ ਮਾਰੇ ਪਰਦੇਸੀ ਨੇ ਭਰਿਆ ਮਨ ਲੈ ਕੇ ਸੌਣ ਦੀ ਕੋਸ਼ਿਸ਼ ਕਰਨੀ। ਹੁਣ ਤਾਂ ਜਿੰਨੇ ਘਰ ਵਿੱਚ ਜੀਅ, ਉਨੇ ਹੀ ਫੋਨ। ਪਿਛਲੇ ਪਰਦੇਸੀਆਂ ਵੱਲ ਝਾਤੀ ਮਾਰੀਏ ਤਾਂ ਉਹ ਅੱਖਰਾਂ ਵਿੱਚ ਪਰੋ ਕੇ ਚਿੱਠੀਆਂ ਵਿੱਚ ਬੰਦ ਕਰਕੇ ਆਪਣਾ ਦਰਦ ਆਪਣੇ ਪਰਿਵਾਰ ਨੂੰ ਘੱਲਦੇ ਸਨ। ਅੱਗੋਂ ਵਿਚਾਰੀ ਅਨਪੜ੍ਹ ਮਾਂ ਨੇ ਕਿਸੇ ਪੜ੍ਹੇ ਲਿਖੇ ਕੋਲੋਂ ਚਿੱਠੀ ਸੁਣਨੀ ਤੇ ਆਪ ਮੁਹਾਰੇ ਆਏ ਅੱਥਰੂ ਚੁੰਨੀ ਦੇ ਪੱਲੇ ਨਾਲ ਪੂੰਝਣੇ। ਜੇ ਲਾਲ ਚੂੜੇ ਵਾਲੀ ਦਾ ਖਤ ਹੋਣਾ ਤਾਂ ਉਸਨੇ ਚਾਈਂ-ਚਾਈਂ ਚਿੱਠੀ ਪੜ੍ਹਨ ਦੀ ਖੁਸ਼ੀ ਵਿੱਚ ਘਰ ਦਾ ਕੰਮ ਛੇਤੀ-ਛੇਤੀ ਨਿਬੇੜ ਕੇ ਆਪਣੇ ਕਮਰੇ ਵਿੱਚ ਜਾ ਕੇ ਚਿੱਠੀ ਪੜ੍ਹਨੀ ਤੇ ਮਾਹੀ ਦੇ ਲਿਖੇ ਸ਼ਬਦਾਂ ਵਿੱਚੋਂ ਮਾਹੀ ਨੂੰ ਲੱਭਣ ਦੀ ਕੋਸ਼ਿਸ਼ ਕਰਨੀ; ਪਰ ਅੱਜ ਕੱਲ੍ਹ ਇੰਟਰਨੈੱਟ ਦੇ ਯੁੱਗ ਵਿੱਚ ਚਿੱਠੀਆਂ ਤਾਂ ਅਲੋਪ ਹੀ ਹੋ ਗਈਆਂ।
ਪਰਦੇਸਾਂ ਵਿੱਚ ਆ ਕੇ ਪਰਦੇਸੀ ਦੀਆਂ ਅੱਖਾਂ ਤੋਂ ਕਈ ਪੱਟੀਆਂ ਖੁਲ੍ਹਦੀਆਂ ਹਨ ਤੇ ਇੱਕ ਪੱਟੀ ਉਹ ਖੁਦ ਅੱਖਾਂ `ਤੇ ਬੰਨ੍ਹ ਕੇ ਕਮਾਈਆਂ ਕਰ-ਕਰ ਪਿਛੇ ਘੱਲੀ ਜਾਂਦਾ ਹੈ ਤੇ ਉਹ ਪੱਟੀ ਉਸ ਦੀਆਂ ਅੱਖਾਂ ਤੋਂ ਵਾਪਸ ਜਾਣ ਸਾਰ ਹੀ ਖੁੱਲ੍ਹ ਜਾਂਦੀ ਹੈ, ਪਰ ਉਦੋਂ ਵਕਤ ਗੁਜ਼ਰ ਚੁੱਕਿਆ ਹੁੰਦਾ ਹੈ। ਸੱਚੀ ਨੀਤ ਤੇ ਸਾਫ ਦਿਲ ਨਾਲ ਫਰਜ਼ ਨਿਭਾਉਂਦੇ ਪਰਦੇਸੀ ਨੂੰ ਕਿਤੋਂ ਅਕਲ ਦੀ ਬੁਰਕੀ ਮਿਲ ਜਾਂਦੀ ਹੈ ਤਾਂ ਲੱਖਾਂ ਘੱਲਦਾ-ਘੱਲਦਾ ਪਰਦੇਸੀ ਪੈਸੇ ਘੱਲਣੇ ਘੱਟ ਕਰ ਦਿੰਦਾ ਹੈ; ਪਰ ਫਿਰ ਵੀ ਉਹ ਪਰਦੇਸੀ ਕੋਸ਼ਿਸ਼ ਕਰਦਾ ਹੈ ਕਿ ਇਹ ਪੱਟੀ ਪੱਟੀ ਹੀ ਬਣੀ ਰਹੇ ਤਾਂ ਕਿ ਪਰਿਵਾਰ ਨਾ ਬਿਖਰੇ, ਪਰਿਵਾਰ ਵਿੱਚ ਏਕਾ ਬਣਿਆ ਰਹੇ। ਕਿਉਂਕਿ ਉਹ ਪਰਦੇਸੀ ਪੈਸੇ ਨਾਲ ਤਾਂ ਰੱਜ ਪੁੱਜ ਜਾਂਦਾ ਹੈ, ਪਰ ਪਰਿਵਾਰ ਦੇ ਪਿਆਰ ਦੀ ਭੁੱਖ ਉਸਨੂੰ ਹਮੇਸ਼ਾ ਰਹਿੰਦੀ ਹੈ। ਪਰਦੇਸਾਂ ਵਿੱਚ ਉਮਰ ਦੇ ਸਾਲ ਗਵਾਕੇ ਪੈਸੇ ਕਮਾਉਣ ਦੇ ਨਾਲ-ਨਾਲ ਉਹ ਇੱਕ ਮੋਹ-ਮੁਹੱਬਤ ਦੀ ਖੱਟੀ ਵੀ ਖੱਟਦਾ ਹੈ, ਜੋ ਜਿਹੜੀ ਪਿਛਲਿਆਂ ਪ੍ਰਤੀ ਲਹੂ ਨੂੰ ਸਫ਼ੈਦ ਨਹੀਂ ਹੋਣ ਦਿੰਦੀ।
ਸੌ ਸੁੱਖਾਂ ਤੇ ਲੱਖ ਅਰਦਾਸਾਂ ਤੋਂ ਬਾਅਦ ਹਰ ਪਰਦੇਸੀ ਦੀ ਜ਼ਿੰਦਗੀ ਦੇ ਵਿੱਚ ਆਖਿਰ ਉਹ ਦਿਨ ਆ ਹੀ ਜਾਂਦਾ ਹੈ, ਜਿਸ ਦੀ ਉਡੀਕ ਉਸਨੂੰ ਪਰਦੇਸਾਂ ਦੀ ਧਰਤੀ `ਤੇ ਪੈਰ ਧਰਨ ਸਾਰ ਹੀ ਲੱਗ ਜਾਂਦੀ ਹੈ। ਕਈ ਦੁੱਖ-ਸੁੱਖ, ਤੱਤੀਆਂ ਠੰਡੀਆਂ ਹਵਾਵਾਂ, ਮੁਸੀਬਤਾਂ ਪ੍ਰੇਸ਼ਾਨੀਆਂ ਤੇ ਜ਼ਿੰਦਗੀ ਦੇ ਹਰ ਪੜਾਅ ਵਿੱਚੋਂ ਲੰਘਦਾ ਹੋਇਆ ਵਤਨਾਂ ਵੱਲ ਮੋੜੇ ਪਾਉਂਦਾ ਹੈ। ਜਦੋਂ ਦਿੱਲੀ ਏਅਰਪੋਰਟ `ਤੇ ਪਹੁੰਚਦਾ ਹੈ ਤਾਂ ਫੁੱਲਾਂ ਦੇ ਹਾਰ ਲੈ ਕੇ ਸਾਰਾ ਪਰਿਵਾਰ ਖੜ੍ਹਾ ਹੁੰਦਾ ਹੈ। ਉਹੀ ਮਾਂ, ਉਹੀ ਬਾਪ, ਉਹੀ ਭੈਣ-ਭਰਾ, ਸਭ ਉਹੀ ਪਰ ਫਰਕ ਬਹੁਤ ਵੱਡਾ। ਮਾਂ-ਬਾਪ ਜਵਾਨੀ ਵਿੱਚੋਂ ਬੁਢਾਪੇ ਵਿੱਚ ਪਹੁੰਚੇ ਹੁੰਦੇ ਹਨ। ਕਾਲੇ ਵਾਲਾਂ ਵਿੱਚ ਸਫੈਦੀ ਭਰ ਗਈ ਹੁੰਦੀ ਏ। ਛੋਟੇ ਭੈਣ-ਭਰਾ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਖੜ੍ਹੇ ਹੁੰਦੇ ਹਨ। ਹੰਝੂ ਆਪ ਮੁਹਾਰੇ ਅੱਖੀਂ ਭਰ ਆਉਂਦੇ ਹਨ, ਪਰ ਇਨ੍ਹਾਂ ਹੰਝੂਆਂ ਵਿੱਚੋਂ ਇੱਕ ਖੁਸ਼ੀ ਝਲਕ ਰਹੀ ਹੁੰਦੀ ਹੈ। ਕਿਸੇ ਸਮੇਂ ਇਨ੍ਹਾਂ ਪਿੱਛੇ ਲੁਕੇ ਸੁਪਨੇ ਇਨ੍ਹਾਂ ਅੱਗੇ ਆਏ ਹੁੰਦੇ ਹਨ। ਸੁਪਨੇ ਪੂਰੇ ਕਰਕੇ ਆਏ ਪਰਦੇਸੀ ਦਾ ਚਾਅ ਚੁੱਕਿਆ ਨਹੀਂ ਜਾਂਦਾ। ਮਾਂ ਨੂੰ ਇੰਝ ਲੱਗਦਾ ਕਿ ਪੁੱਤ ਕਾਮਯਾਬੀ ਵਿਆਹ ਕੇ ਲਿਆਇਆ ਤੇ ਇੱਕ ਵਾਰ ਫਿਰ ਉਹ ਦਰਾਂ ਵਿੱਚ ਤੇਲ ਚੋਅ ਕੇ ਪੁੱਤਰ ਨੂੰ ਅੰਦਰ ਵਾੜਦੀ ਹੈ।
ਵਰਿ੍ਹਆਂ ਦੇ ਵਿਛੋੜੇ ਤੋਂ ਬਾਅਦ ਇਕੱਠੇ ਹੋਏ ਪਰਿਵਾਰ ਦੀ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ; ਪਰ ਦਿਨੋ ਦਿਨ ਇਹ ਖੁਸ਼ੀ ਪ੍ਰਛਾਵਿਆਂ ਵਾਂਗ ਢਲਣਾ ਸ਼ੁਰੂ ਕਰ ਦਿੰਦੀ ਹੈ। ਕੁਝ ਹਫ਼ਤਿਆਂ-ਮਹੀਨਿਆਂ ਦੀ ਮਹਿਮਾਨ-ਨਿਵਾਜੀ ਤੋਂ ਬਾਅਦ ਦਿਲੀ ਜਜ਼ਬਾਤ ਦਾ ਕਤਲ ਹੋਣਾ ਸ਼ੁਰੂ ਹੋ ਜਾਂਦਾ ਹੈ। ਪੁਰਖਾਂ ਦੀ ਚੱਲਦੀ ਰੀਤ, ਬਟਵਾਰੇ ਦੀ ਗੱਲ ਚੱਲਦੀ ਹੈ ਤਾਂ ਪਰਦੇਸੀ ਆਪਣੀ ਘੱਲੀ ਕਮਾਈ ਭੇਜੇ ਪੈਸਿਆਂ ਦੀ ਗੱਲ ਕਰਦਾ ਹੈ ਤਾਂ ਰਿਸ਼ਤਿਆਂ ਵਿੱਚ ਲਕੀਰਾਂ ਖਿੱਚੀਆਂ ਜਾਂਦੀਆਂ ਹਨ। ਮੱਧ ਵਰਗੀ ਪਰਿਵਾਰ ਦੀਆਂ ਇੱਛਾਵਾਂ ਜੇ ਆਪਣੇ ਮੁਲਕ ਵਿੱਚ ਪੂਰੀਆਂ ਹੁੰਦੀਆਂ ਹੋਣ ਤਾਂ ਕਿਉਂ ਕੋਈ ਪਰਦੇਸੀ ਹੋਵੇ! ਆਪਣੇ ਪਰਿਵਾਰ ਲਈ ਸਭ ਕੁਝ ਕਰਨ ਵਾਲਾ ਪਰਦੇਸੀ ਆਪਣੇ ਪਰਿਵਾਰ ਵਿੱਚ ਪਹੁੰਚ ਕੇ ਵੀ ਇਕੱਲਾਪਣ ਮਹਿਸੂਸ ਕਰਦਾ ਹੈ। ਡੰਗ ਦੀ ਡੰਗ ਕਰਕੇ ਖਾਣ ਵਾਲਾ ਆਪਣੇ ਮੁਲਕ ਵਿੱਚ ਕਿੱਥੋਂ ਮਹਿਲ ਖੜ੍ਹੇ ਕਰ ਸਕਦਾ ਹੈ। ਕਿੱਥੋਂ ਜ਼ਮੀਨਾਂ ਖਰੀਦ ਸਕਦਾ ਹੈ!
ਘਰ ਘਰ ਵਿੱਚ ਖਿੜੇ ਖੁਸ਼ੀ ਦੇ ਗੁਲਾਬ ਅੱਜ
ਪਿੰਡ ਪਿੰਡ ਟੋਭਿਆਂ ਦੇ ਬਣੇ ਨੇ ਤਲਾਬ ਅੱਜ
ਕਰ ਕਰ ਘੱਲੀਆਂ ਕਮਾਈਆਂ ਪਰਦੇਸੀਆਂ ਨੇ
ਤਾਹੀਓਂ ਖੁਸ਼ਹਾਲ ਮੇਰਾ ਰੰਗਲਾ ਪੰਜਾਬ ਅੱਜ।