ਜਾਅਲੀ ਸ਼ਰਾਬ ਪੀਣ ਕਾਰਨ 40 ਵਿਅਕਤੀ ਪ੍ਰਭਾਵਿਤ, 20 ਮੌਤਾਂ
ਮਰਨ ਵਾਲਿਆਂ ਵਿੱਚੋਂ ਬਹੁਤੇ ਪੇਂਡੂ ਮਜ਼ਦੂਰ ਵਰਗ ਨਾਲ ਸਬੰਧਤ
ਪੰਜਾਬੀ ਪਰਵਾਜ਼ ਬਿਊਰੋ
ਦਿੱਲੀ ਦੀ ਸ਼ਰਾਬ (ਐਕਸਾਈਜ਼) ਨੀਤੀ ਬਾਰੇ ਵੱਡਾ ਸਿਆਸੀ ਘਮਸਾਣ ਮੱਚਿਆ ਹੋਇਆ ਹੈ ਅਤੇ ਇਸ ਵਿੱਚ ਹੋਈ ਕਥਿਤ ਹੇਰਾਫੇਰੀ ਵਿੱਚ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਅੰਦੋਲਿਤ ਹੋਏ ਵਿਖਾਈ ਦੇ ਰਹੇ ਹਨ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋ ਗਏ ਹਨ।
ਇਧਰ ਉਨ੍ਹਾਂ ਦੇ ਆਪਣੇ ਰਾਜ ਵਿੱਚ ਜਾਅਲੀ ਸ਼ਰਾਬ ਨਾਲ 20 ਮੌਤਾਂ ਹੋਣ ਦੀਆਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਹਨ। ਤਿੰਨ ਐਕਸਾਈਜ਼ ਅਧਿਕਾਰੀਆਂ ਅਤੇ ਇੱਕ ਐਸ.ਐਚ.ਓ. ਨੂੰ ਮਾਮਲੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਨੇ ਜ਼ਿੰਮੇਵਾਰ ਐਕਸਾਈਜ਼ ਅਧਿਕਾਰੀਆਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਵਿੱਚ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਆਖ ਰਹੀਆਂ ਹਨ ਕਿ ‘ਆਪ ਦੀ ਸ਼ਰਾਬ ਨੀਤੀ ਅਤੇ ਸ਼ਰਾਬ ਪੀਤੀ’ ਦੇ ਸਿੱਟੇ ਸਾਹਮਣੇ ਆਉਣ ਲੱਗੇ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗ ਲਈ ਹੈ। ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਇਹ ਵੀ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਪਿੰਡਾਂ ਦੀ ਗਰੀਬ ਜਨਤਾ ਵਿੱਚ ਵੰਡੀ ਜਾ ਰਹੀ ਇਸ ਜਾਅਲੀ ਸ਼ਰਾਬ ਦਾ ਚੋਣ ਅਮਲ ਨਾਲ ਵੀ ਸਬੰਧ ਹੋ ਸਕਦਾ ਹੈ।
ਯਾਦ ਰਹੇ, ਬੀਤੇ ਕੁਝ ਦਿਨਾਂ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਅਤੇ ਸੁਨਾਮ ਬਲਾਕਾਂ ਦੇ ਪਿੰਡਾਂ ਵਿੱਚ ਐਥਨੋਲ ਤੋਂ ਬਣਾਈ ਜਾਅਲੀ ਸ਼ਰਾਬ ਪੀਣ ਨਾਲ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਸਥਾਨਕ ਸਿਵਲ ਹਸਪਤਾਲਾਂ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਹਨ। ਮਰਨ ਵਾਲਿਆਂ ਵਿੱਚੋਂ ਬਹੁਤੇ ਪੇਂਡੂ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ।
ਇਸ ਕੇਸ ਨਾਲ ਸਬੰਧਤ ਪਹਿਲੀ ਘਟਨਾ ਬੀਤੀ 20 ਮਾਰਚ ਨੂੰ ਦਿੜ੍ਹਬਾ ਬਲਾਕ ਦੇ ਗੁਜਰਾਂ ਪਿੰਡ ਵਿੱਚ ਸਾਹਮਣੇ ਆਈ ਸੀ। ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਦਿੜ੍ਹਬਾ ਬਲਾਕ ਦੇ ਪਿੰਡ ਗੁੱਜਰਾਂ ਦੇ 6 ਵਿਅਕਤੀਆਂ ਦੀ ਨਾਜਾਇਜ਼ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪੰਜ ਜਣੇ ਇਸ ਸ਼ਰਾਬ ਨੂੰ ਪੀਣ ਤੋਂ ਬਾਅਦ ਬਿਮਾਰ ਪੈ ਗਏ ਸਨ। ਇਨ੍ਹਾਂ ਨੂੰ ਪਹਿਲਾਂ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਇਹ ਸਾਰੇ ਦਿੜ੍ਹਬਾ ਬਲਾਕ ਦੇ ਪਿੰਡ ਗੁੱਜਰਾਂ ਨਾਲ ਹੀ ਸੰਬੰਧਤ ਸਨ। ਮਰਨ ਵਾਲਿਆਂ ਵਿੱਚ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42), ਜਗਜੀਤ ਸਿੰਘ (30) ਅਤੇ ਲਾਡੀ ਸਿੰਘ ਸ਼ਾਮਲ ਹਨ। ਲਾਡੀ ਸਿੰਘ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਦੌਰਾਨ ਹੋਈ। ਅਗਲੇ ਦਿਨ ਹਸਪਤਾਲ ਵਿੱਚ ਇਲਾਜ ਅਧੀਨ ਧੁੰਦਲੀ ਖੁਰਦ ਪਿੰਡ ਦੇ ਕੁਲਦੀਪ ਸਿੰਘ ਅਤੇ ਓਪਲੀ ਪਿੰਡ ਦੇ ਗੁਰਜੰਟ ਸਿੰਘ ਦੀ ਵੀ ਮੌਤ ਹੋ ਗਈ। ਸੁਨਾਮ ਬਲਾਕ ਦੇ ਪਿੰਡ ਟਿੱਬੀ ਰਵੀਦਾਸਪੁਰਾ ਨਾਲ ਸਬੰਧਤ ਬਿੱਟੂ ਸਿੰਘ, ਹੰਸਵੀਰ ਸਿੰਘ, ਰਵੀ, ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਦੌਰਾਨ ਦਮ ਤੋੜਿਆ। ਇਸ ਤੋਂ ਇਲਾਵਾ 20 ਹੋਰ ਵਿਅਕਤੀ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਸੰਗਰੂਰ ਦੇ ਡਿਪਟੀ ਕਮਿਸ਼ਨਰ ਅਨੁਸਾਰ ਜਾਅਲੀ ਸ਼ਰਾਬ ਪੀਣ ਕਾਰਨ ਬੀਤੀ 20 ਮਾਰਚ ਨੂੰ 6 ਵਿਅਕਤੀਆਂ ਦੀ ਮੌਤ ਹੋਈ। ਅਗਲੇ ਦੋ ਦਿਨਾਂ ਵਿੱਚ 14 ਹੋਰ ਵਿਅਕਤੀ ਪ੍ਰਭਾਵਿਤ ਹੋ ਗਏ। ਪੁਲਿਸ ਵੱਲੋਂ ਜਾਅਲੀ ਸ਼ਰਾਬ ਵੇਚਣ ਦੇ ਇਲਜ਼ਾਮ ਵਿੱਚ ਗੁੱਜਰਾਂ ਪਿੰਡ ਦੇ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਤੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੰਗਰੂਰ ਜਿਲ੍ਹੇ ਦੇ ਐਸ.ਐਸ.ਪੀ. ਸਰਤਾਜ ਸਿੰਘ ਅਨੁਸਾਰ ਮਨਪ੍ਰੀਤ ਸਿੰਘ ਖਿਲਾਫ ਇਸ ਤੋਂ ਪਹਿਲਾਂ ਵੀ ਜਾਅਲੀ ਸ਼ਰਾਬ ਦਾ ਧੰਦਾ ਕਰਨ ਵਿਰੁਧ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਵਿੱਚ ਉਸ ਦੇ ਖਿਲਾਫ ਇਸੇ ਸਾਲ ਜਨਵਰੀ ਮਹੀਨੇ ਵਿੱਚ ਕੇਸ ਵੀ ਦਰਜ ਹੋਇਆ ਸੀ। ਮਨਪ੍ਰੀਤ ਜ਼ਮਾਨਤ ਉੱਤੇ ਬਾਹਰ ਆਇਆ ਸੀ। ਹਾਲੇ ਪਿਛਲੇ ਹਫਤੇ ਹੀ ਪੁਲਿਸ ਵੱਲੋਂ ਉਸ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਅਲੀ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਮੁੱਖ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਰਮਨਪ੍ਰੀਤ ਸਿੰਘ ਆਪਣੇ ਘਰ ਵਿੱਚ ਜਾਅਲੀ ਸ਼ਰਾਬ ਬਣਾ ਕੇ ਬੋਤਲਾਂ ਵਿੱਚ ਪੈਕ ਕਰਦਾ ਸੀ। ਉਸ ਕੋਲੋਂ 200 ਲਿਟਰ ਐਥਨੋਲ, ਵੱਖ-ਵੱਖ ਲੇਬਲਾਂ ਵਾਲੀਆਂ 130 ਬੋਤਲਾਂ, ਬਿਨਾ ਲੇਬਲ ਸ਼ਰਾਬ ਦੀਆਂ 80 ਬੋਤਲਾਂ ਅਤੇ 4600 ਹੋਰ ਖਾਲੀ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਹਰਮਨਪ੍ਰੀਤ ਸਿੰਘ ਪਟਿਆਲਾ ਜ਼ਿਲ੍ਹੇ ਦੇ ਤਾਈਪੁਰ ਪਿੰਡ ਨਾਲ ਸਬੰਧਤ ਹੈ ਅਤੇ ਸ਼ਰਾਬ ਬਣਾਉਣ ਲਈ ਐਥਨੋਲ ਹਰਿਆਣਾ ਦੇ ਨੋਇਡਾ ਤੋਂ ਹਾਸਲ ਕਰਦਾ ਸੀ। ਐਥਨੋਲ ਦੀ ਸਪਲਾਈ ਆਮ ਤੌਰ ‘ਤੇ ਰਜਿਸਟਰਡ ਰਿਟੇਲਰਾਂ ਨੂੰ ਹੀ ਕੀਤੀ ਜਾਂਦੀ ਹੈ। ਪੰਜਾਬ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹਰਮਨਪ੍ਰੀਤ ਜਾਅਲੀ ਸ਼ਰਾਬ ਬਣਾਉਣ ਤੋਂ ਬਾਅਦ ਗੁਰਲਾਲ ਨੂੰ ਦਿੰਦਾ ਸੀ ਅਤੇ ਅੱਗੇ ਉਹ ਗੁੱਜਰਾਂ ਪਿੰਡ ਦੇ ਮਨਪ੍ਰੀਤ ਸਿੰਘ ਨੂੰ ਸਪਲਾਈ ਕਰਦਾ ਸੀ। ਮਨਪ੍ਰੀਤ ਵੱਲੋਂ ਇਹ ਸ਼ਰਾਬ 150 ਰੁਪਏ ਬੋਤਲ ਦੇ ਹਿਸਾਬ ਨਾਲ ਵੇਚੀ ਜਾਂਦੀ ਸੀ।
ਇਸੇ ਦੌਰਾਨ ਪੰਜਾਬ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਸਥਾਨਕ ਲੋਕਾਂ ਦਾ ਆਖਣਾ ਹੈ ਕਿ ਜਿਸ ਸ਼ਰਾਬ ਨਾਲ ਲੋਕਾਂ ਦੀ ਮੌਤ ਹੋਈ ਹੈ, ਉਸ ਦੀਆਂ ਬੋਤਲਾਂ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਬੋਤਲਾਂ ਤੋਂ ਵੱਖਰੀਆਂ ਹਨ। ਮਾਮਲੇ ਦੀ ਉਚ ਪੱਧਰੀ ਪੜਤਾਲ ਲਈ ਸਰਕਾਰ ਵੱਲੋਂ ਐਡੀਸਨਲ ਡਾਇਰੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਜਾਣਕਾਰਾਂ ਅਨੁਸਾਰ ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਅਤੇ ਐਕਸਾਈਜ਼ ਦੇ ਐਡੀਸ਼ਨਲ ਕਮਿਸ਼ਨਰ ਨਰੇਸ਼ ਦੂਬੇ ਬਣਾਈ ਗਈ ਵਿਸ਼ੇਸ਼ ਟੀਮ ਦੇ ਹੋਰ ਮੈਂਬਰ ਹਨ।
ਇਸ ਮਾਮਲੇ ਵਿੱਚ ਸੁਨਾਮ, ਪਾਤੜਾਂ ਅਤੇ ਦਿੜ੍ਹਬਾ ਦੇ ਐਕਸਾਈਜ਼ Lਇੰਸਪੈਕਟਰਾਂ- ਪ੍ਰਕਾਸ਼ ਸਿੰਘ, ਕਸ਼ਮੀਰਾ ਸਿੰਘ ਅਤੇ ਮੋਹਨ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸੇ ਵਿਭਾਗ ਦੇ ਇੱਕ ਹੋਰ ਅਧਿਕਾਰੀ ਸਵਰੂਪਇੰਦਰ ਸਿੰਘ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਥਾਣੇ ਦੇ ਐਸ.ਐਚ.ਓ. ਯਸ਼ਪਾਲ ਸਿੰਘ ਖਿਲਾਫ ਵੀ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਅਲੀ ਸ਼ਰਾਬ ਦੇ ਪ੍ਰਮੁੱਖ ਸਮਗਲਰ ਹਰਮਨਪ੍ਰੀਤ ਸਿੰਘ ਦਾ ਪਿੰਡ ਇਸੇ ਥਾਣੇ ਵਿੱਚ ਪੈਂਦਾ ਹੈ। ਜ਼ਿਲ੍ਹਾ ਸੰਗਰੂਰ ਦੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਅਨੁਸਾਰ ਬੀਤੇ ਕੁਝ ਦਿਨਾਂ ਵਿੱਚ ਜਾਅਲੀ ਸ਼ਰਾਬ ਪੀਣ ਕਾਰਨ ਤਕਰੀਬਨ 40 ਵਿਅਕਤੀ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਵਿੱਚੋਂ 20 ਦੀ ਮੌਤ ਹੋ ਚੁੱਕੀ ਹੈ ਅਤੇ 11 ਹੋਰ ਸੁਨਾਮ, ਸੰਗਰੂਰ ਅਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਫੌਰੀ ਰਿਪੋਰਟ ਭੇਜਣ ਲਈ ਕਿਹਾ ਹੈ। ਪੰਜਾਬ ਦੇ ਮੁਖ ਚੋਣ ਅਫਸਰ ਨੇ ਦੋਹਾਂ ਅਧਿਕਾਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਉਪਰੋਕਤ ਮਾਮਲੇ ਸਬੰਧੀ ਵਿਸਥਾਰਤ ਰਿਪੋਰਟ ਭੇਜਣ ਲਈ ਕਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੁਖਾਂਤ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੀ ਅਸਲ ਦਸ਼ਾ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਇਸ ਕਰਕੇ ਵਾਪਰਿਅ, ਕਿਉਂਕਿ ਸੱਤਾਧਾਰੀ ਪਾਰਟੀ ਦੇ ਅਸੈਂਬਲੀ ਮੈਂਬਰ ਜਾਅਲੀ ਸ਼ਰਾਬ ਅਤੇ ਹੋਰ ਨਸ਼ੇ ਵੇਚਣ ਵਾਲੇ ਸਮਗਲਰਾਂ ਨੂੰ ਪਨਾਹ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਮਲੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਪੰਜਾਬ ਦੇ ਵਿੱਤ, ਐਕਸਾਈਜ਼ ਤੇ ਟੈਕਸੇਸ਼ਨ ਮੰਤਰੀ ਹਰਪਾਲ ਚੀਮਾ ਦੇ ਅਸਤੀਫੇ ਦੀ ਵੀ ਮੰਗ ਕੀਤੀ।