ਪੰਜਾਬ `ਤੇ ਈਸਾਈ ਹਮਲਾ! (3)
ਪੰਜਾਬ ‘ਤੇ ਈਸਾਈ ਹਮਲੇ ਦੇ ਖਦਸ਼ੇ ਬਾਬਤ ਇਹ ਲੇਖ ਪੰਜਾਬ ਵਿਚਲੀਆਂ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਸਿੱਖੀ ਪ੍ਰਚਾਰ ਦੇ ਪਸਾਰ ਅਤੇ ਸਿੱਖੀ ਵਿੱਚ ਜਾਤ-ਪਾਤ ਦੇ ਵਧਣ ਪ੍ਰਤੀ ਉਨ੍ਹਾਂ ਦੀ ਕਥਿਤ ਚੁੱਪ ਉਤੇ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਸਭ ਕਿਉਂ ਤੇ ਕਿੰਨਾ ਚਿਰ ਹੋਰ? ਵੈਸੇ ਤਾਂ ਧਰਮ ਪਰਿਵਰਤਨ ਕਰਨਾ ਹਰ ਇੱਕ ਦਾ ਨਿੱਜੀ ਮਸਲਾ ਹੈ, ਪਰ ਇਸ ਲੇਖ ਵਿੱਚ ਲੇਖਕ ਵੱਲੋਂ ਉਠਾਏ ਗਏ ਅਹਿਮ ਨੁਕਤੇ, ਕਾਰਨ ਤੇ ਚਿੰਤਾ ਅਤੇ ਈਸਾਈ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਦੇ ਕਥਿਤ ਨੀਵੀਂ ਜਾਤ ਦੇ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਬਣਨ ਲਈ ਪ੍ਰੇਰਿਤ ਕਰਨ ਦੀ ਕਵਾਇਦ, ਇੱਕ ਗੰਭੀਰ ਮਸਲਾ ਹੈ; ਖਾਸ ਕਰ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣਾ! ਸਿੱਖ ਸਿਆਸਤਦਾਨਾਂ, ਨੁਮਾਇੰਦਿਆਂ ਤੇ ਸੰਸਥਾਵਾਂ ਦੇ ਅਵੇਸਲੇਪਨ ਪ੍ਰਤੀ ਇਹ ਲੇਖ ਪਾਠਕਾਂ ਲਈ ਜਾਣਕਾਰੀ ਹਿੱਤ ਛਾਪਿਆ ਜਾ ਰਿਹਾ ਹੈ। ਇਸ ਲੇਖ ਵਿਚਲੇ ਤੱਥਾਂ ਜਾਂ ਦਲੀਲਾਂ ਨਾਲ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ ਜਰੂਰੀ ਨਹੀਂ। ਪੇਸ਼ ਹੈ, ਲੇਖ ਦੀ ਤੀਜੀ ਤੇ ਆਖਰੀ ਕਿਸ਼ਤ…
ਸੰਤੋਖ ਸਿੰਘ ਬੈਂਸ
ਫੋਨ: 312-351-3967
ਇੱਕ ਪ੍ਰਮੁੱਖ ਜਨਸੰਖਿਆ ਤਬਦੀਲੀ
2001 ਵਿੱਚ ਪੰਜਾਬ ਦੀ ਈਸਾਈ ਆਬਾਦੀ 2,92,800 ਸੀ ਜੋ ਕਿ 2011 ਵਿੱਚ ਮਾਮੂਲੀ ਤੌਰ `ਤੇ ਵੱਧ ਕੇ 3,48,230 ਹੋ ਗਈ, ਭਾਵ ਉਨ੍ਹਾਂ ਦੀ ਆਬਾਦੀ 1.20 ਫੀਸਦੀ ਤੋਂ ਵਧ ਕੇ 1.26 ਫੀਸਦੀ ਹੋ ਗਈ।
ਹੇਠਾਂ ਦਿੱਤੀ ਸਾਰਣੀ 2011 ਵਿੱਚ ਪੰਜਾਬ ਦੇ ਵੱਖ- ਵੱਖ ਜ਼ਿਲਿ੍ਹਆਂ ਵਿੱਚ ਈਸਾਈਆਂ ਦੀ ਪ੍ਰਤੀਸ਼ਤਤਾ ਨੂੰ ਦਰਸਾਉਂਦੀ ਹੈ।
ਲੜੀ ਨੰਬਰ ਜ਼ਿਲ੍ਹਾ ਈਸਾਈ (ਪ੍ਰਤੀਸ਼ਤ)
1 ਅੰਮ੍ਰਿਤਸਰ 2.18
2 ਬਰਨਾਲਾ 0.10
3 ਬਠਿੰਡਾ 0.18
4 ਫਰੀਦਕੋਟ 0.20
5 ਫਤਿਹਗੜ੍ਹ ਸਾਹਿਬ 0.28
6 ਫਿਰੋਜਪੁਰ 0.95
7 ਗੁਰਦਾਸਪੁਰ 7.68
8 ਹੁਸ਼ਿਆਰਪੁਰ 0.94
9 ਜਲੰਧਰ 0.19
10 ਕਪੂਰਥਲਾ 0.67
11 ਲੁਧਿਆਣਾ 0.47
12 ਮਾਨਸਾ 0.12
13 ਮੋਗਾ 0.33
14 ਮੁਕਤਸਰ 0.19
15 ਪਟਿਆਲਾ 0.30
16 ਰੂਪ ਨਗਰ 0.31
17 ਮੋਹਾਲੀ 0.54
18 ਸੰਗਰੂਰ 0.15
19 ਨਵਾਂਸ਼ਹਿਰ 0.24
20 ਤਰਨਤਾਰਨ 0.54
ਪੰਜਾਬ (ਕੁੱਲ) 1.26
ਉਪਰੋਕਤ ਸਾਰਣੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਈਸਾਈ ਆਬਾਦੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੂਜੇ ਨੰਬਰ `ਤੇ ਸੀ। ਇਹ ਸੱਚਮੁੱਚ ਵਿਡੰਬਨਾ ਹੈ ਕਿ ਈਸਾਈ ਇੱਕ ਇਸੇ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਸਨ, ਜਿੱਥੇ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਵਰਗੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਸਥਿਤ ਹਨ।
ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਦੂਜੋਵਾਲ ਪਾਕਿਸਤਾਨ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ। ਇਸ ਪਿੰਡ ਵਿੱਚ ਦੋ ਚਰਚ ਹਨ। ਸਮੂਏਲ ਮਸੀਹ, ਇੱਕ ਈਸਾਈ, ਇਸ ਪਿੰਡ ਦਾ ਸਰਪੰਚ ਹੈ। ਉਨ੍ਹਾਂ ਅਨੁਸਾਰ ਇਸ ਪਿੰਡ ਦੇ ਕਰੀਬ 30 ਫੀਸਦੀ ਵੋਟਰ ਈਸਾਈ ਹਨ। ਸਰਹੱਦ ਦੇ ਬਿਲਕੁਲ ਨੇੜੇ ਸਥਿਤ ਇੱਕ ਹੋਰ ਪਿੰਡ ਅਵਾਨ ਹੈ। ਕਰੀਬ 10,000 ਦੀ ਆਬਾਦੀ ਵਾਲਾ ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ। ਇਸ ਪਿੰਡ ਵਿੱਚ ਚਾਰ ਚਰਚ ਹਨ।
ਗੁਰਦਾਸਪੁਰ ਜ਼ਿਲ੍ਹਾ, ਜੋ ਕਿ ਪੰਜਾਬ ਦੇ ਮਾਝਾ ਖੇਤਰ ਵਿੱਚ ਸਥਿਤ ਹੈ, ਪੱਛਮੀ ਪੰਜਾਬ (ਪਾਕਿਸਤਾਨ) ਦੇ ਨਾਰੋਵਾਲ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦਾ ਹੈ। 2011 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਕੁੱਲ ਆਬਾਦੀ ਦਾ 7.68 ਪ੍ਰਤੀਸ਼ਤ, ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਈਸਾਈਆਂ ਦੀ ਪ੍ਰਤੀਸ਼ਤਤਾ ਅਨੁਸਾਰ ਆਬਾਦੀ ਸਭ ਤੋਂ ਵੱਧ ਸੀ। ਇਸ ਜ਼ਿਲ੍ਹੇ ਵਿੱਚ ਕਈ ਪਿੰਡਾਂ ਵਿੱਚ ਛੱਤਾਂ `ਤੇ ਚਰਚ ਸਥਾਪਿਤ ਕੀਤੇ ਗਏ ਹਨ। ਇੱਥੋਂ ਤੱਕ ਕਿ ਕਈ ਪਿੰਡਾਂ ਵਿੱਚ ਸਥਾਨਕ ਈਸਾਈਆਂ ਨੂੰ ਉੱਚੀ-ਉੱਚੀ ਆਵਾਜ਼ ਵਿੱਚ “ਰੱਬਾ ਰੱਬਾ ਰੱਬਾ, ਪਿਤਾ ਪ੍ਰਮੇਸ਼ਵਰ ਤੇਰੀ ਆਤਮਾ ਰਹੇ…। ਰੱਬਾ ਰੱਬਾ ਰੱਬਾ ਰੱਬਾ ਰੱਬਾ…” ਗਾਉਂਦੇ ਸੁਣਿਆ ਜਾ ਸਕਦਾ ਹੈ।
ਯੂਨਾਈਟਿਡ ਕ੍ਰਿਸਚੀਅਨ ਫਰੰਟ (ਇੱਕ ਸਮੂਹ ਜਿਸ ਦੀਆਂ ਪੰਜਾਬ ਦੇ ਲਗਭਗ 8,000 ਪਿੰਡਾਂ ਵਿੱਚ ਕਮੇਟੀਆਂ ਹਨ) ਦੇ ਪੰਜਾਬ ਸੂਬਾ ਪ੍ਰਧਾਨ ਕਮਲ ਬਖ਼ਸੀ ਅਨੁਸਾਰ ਅੰਮ੍ਰਿਤਸਰ ਅਤੇ ਗੁਰਦਾਸਪੁਰ- ਦੋ ਜ਼ਿਲਿ੍ਹਆਂ ਵਿੱਚ ਲਗਭਗ 700 ਚਰਚ ਹਨ। ਅਸਲ ਵਿੱਚ ਹੁਣ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਕਰੀਬ 700 ਚਰਚ ਕੰਮ ਕਰ ਰਹੇ ਹਨ। ਕਮਲ ਬਖਸ਼ੀ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 60 ਤੋਂ 70 ਫੀਸਦੀ ਚਰਚ ਪਿਛਲੇ ਪੰਜ ਸਾਲਾਂ ਦੌਰਾਨ ਸਥਾਪਿਤ ਕੀਤੇ ਗਏ ਹਨ।
ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਚਰਚ
ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਚਰਚ ਕਰੀਬ 2000 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਵਿੱਚ ਬਣਾਇਆ ਜਾ ਰਿਹਾ ਹੈ। ਇਹ ਚਰਚ ਸ਼ੁਰੂ ਹੋਣ ਦੇ ਬਾਅਦ ਪੂਰੇ ਭਾਰਤ ਤੋਂ ਲੱਖਾਂ ਈਸਾਈ ਲੋਕ ਇੱਥੇ ਆਇਆ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਈਸਾਈ ਲੋਕ ਜਲੰਧਰ ਦੀ ਇਸ ਚਰਚ ਨੂੰ ਦੇਖਣ ਲਈ ਆਇਆ ਕਰਨਗੇ। ਉਸ ਸਮੇਂ ਅਕਾਲ ਤਖਤ ਦੇ ਜਥੇਦਾਰ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਨੁਮਾਇੰਦੇ ਕੀ ਸੋਚਣਗੇ?
ਪੰਜਾਬ ਵਿੱਚ ਈਸਾਈਆਂ ਦੇ ਵੱਡੇ ਸੰਮੇਲਨ
ਅੰਮ੍ਰਿਤਸਰ ਵਿੱਚ 5 ਜੁਲਾਈ 2022 ਨੂੰ ਈਸਾਈਆਂ ਦਾ ਇੱਕ ਸੰਮੇਲਨ ਹੋਇਆ ਸੀ, ਜਿੱਥੇ ਪੰਜਾਬ ਦੇ ਲੱਖਾਂ ਈਸਾਈ ਮੌਜੂਦ ਸਨ। ਇਹ ਸੰਮੇਲਨ ਅੰਕੁਰ ਨਰੂਲਾ ਦੀ ਈਸਾਈ ਸੰਸਥਾ ਵੱਲੋਂ ਕਰਵਾਇਆ ਗਿਆ ਸੀ। ਅੰਮ੍ਰਿਤਸਰ ਵਿੱਚ ਹੋਏ ਇਸ ਮਹੱਤਵਪੂਰਨ ਸੰਮੇਲਨ ਤੋਂ ਕੁੱਝ ਦਿਨ ਪਹਿਲਾਂ ਯਾਨਿ 31 ਮਈ 2022 ਨੂੰ ਗੁਰਦਾਸਪੁਰ ਵਿਖੇ ਵੀ ਇੱਕ ਵਿਸ਼ਾਲ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਪੰਜਾਬ ਦੇ ਕਰੀਬ 5 ਲੱਖ ਈਸਾਈ ਮੌਜੂਦ ਸਨ।
ਮਰਦਮਸ਼ੁਮਾਰੀ: 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਪੰਜਾਬ ਦੀ ਕੁੱਲ ਸਿੱਖ ਆਬਾਦੀ ਦਾ ਲਗਭਗ ਇੱਕ ਤਿਹਾਈ ਹਿੱਸਾ ਹਨ ਅਤੇ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਹਿੰਦੂਆਂ ਨਾਲੋਂ ਅਨੁਸੂਚਿਤ ਜਾਤੀਆਂ ਦੇ ਸਿੱਖ ਵਧੇਰੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਆਬਾਦੀ ਮਜ਼੍ਹਬੀ ਸਿੱਖਾਂ ਦੀ ਹੈ, ਜੋ ਜਾਤ ਦੀ ਪੌੜੀ ਤੋਂ ਸਭ ਤੋਂ ਨੀਵੇਂ ਪੈਰੀਂ ਆਉਂਦੇ ਹਨ। ਉਹ ਸਿੱਖਾਂ ਵਿੱਚ ਅਤੇ ਪੰਜਾਬ ਦੇ ਸਾਰੇ ਅਨੁਸੂਚਿਤ ਜਾਤੀਆਂ ਵਿੱਚ ਵੀ ਅਨੁਸੂਚਿਤ ਜਾਤੀਆਂ ਦਾ ਸਭ ਤੋਂ ਵੱਡਾ ਹਿੱਸਾ ਹਨ।
ਦਲਿਤ/ਮਜ਼੍ਹਬੀ ਸਿੱਖ ਦਾ ਵਿਚਾਰ ਬਿਲਕੁਲ ਗਲਤ ਹੈ, ਕਿਉਂਕਿ ਸਿੱਖ ਧਰਮ ਨੂੰ ਜਾਤ-ਰਹਿਤ ਧਰਮ ਮੰਨਿਆ ਜਾਂਦਾ ਹੈ। ਫਿਰ ਵੀ ਇਹ ਹਕੀਕਤ ਹੈ ਕਿ ਸਿੱਖ ਅੱਜ ਕਈ ਜਾਤਾਂ ਵਿੱਚ ਵੰਡੇ ਹੋਏ ਹਨ।
ਲਗਭਗ 103 ਸਾਲ ਪਹਿਲਾਂ 12 ਅਕਤੂਬਰ 1920 ਨੂੰ, ਦਲਿਤ ਸਿੱਖਾਂ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਵਿਖੇ ਨਿਰਵਿਘਨ ਪ੍ਰਵੇਸ਼ ਕਰਨ ਅਤੇ ਕੜਾਹ ਪ੍ਰਸ਼ਾਹ ਚੜ੍ਹਾਉਣ ਦੀ ਆਗਿਆ ਦਿੱਤੀ ਗਈ ਸੀ। ਉਸ ਇਤਿਹਾਸਕ ਘਟਨਾ ਦਾ ਸ਼੍ਰੋਮਣੀ ਕਮੇਟੀ ਦੇ ਗਠਨ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।
ਉਘੇ ਲੇਖਕ ਗੁਰਤੇਜ ਸਿੰਘ ਅਨੁਸਾਰ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ 1950 ਦੇ ਦਹਾਕੇ ਵਿੱਚ ਸਿੱਖਾਂ ਵਿੱਚੋਂ ਕੁੱਝ ਜਾਤਾਂ ਨੂੰ ਅਨੁਸੂਚਿਤ ਜਾਤੀ ਦੀ ਸੂਚੀ ਵਿੱਚ ਸ਼ਾਮਲ ਕਰਵਾਇਆ ਸੀ, ਕਿਉਂਕਿ ਹਿੰਦੂ ‘ਨੀਵੀਆਂ ਜਾਤਾਂ’ ਵਿੱਚੋਂ ਸਿੱਖ ਧਰਮ ਵਿੱਚ ਸ਼ਾਮਲ ਹੋਣ ਵਾਲੇ ਲੋਕ ਅਜੇ ਵੀ ਆਰਥਿਕ ਤੌਰ `ਤੇ ਕਾਫੀ ਹੱਦ ਤੱਕ ਵਾਂਝੇ ਸਨ। ਆਪਣੇ ਆਰਥਿਕ ਵਿਕਾਸ ਲਈ ਰਾਖਵੇਂਕਰਨ ਦੇ ਲਾਭ ਦੇ ਉਹ ਹੱਕਦਾਰ ਸਨ। ਮਾਸਟਰ ਤਾਰਾ ਸਿੰਘ ਨੇ ਮਹਿਸੂਸ ਕੀਤਾ ਹੋਵਗਾ ਕਿ ਜੇ ਸਿੱਖ ਹੋਣ ਦੇ ਨਾਤੇ, ਉਹ ਅਨੁਸੂਚਿਤ ਜਾਤੀ ਦੇ ਲਾਭ ਪ੍ਰਾਪਤ ਨਹੀਂ ਕਰ ਸਕਦੇ, ਤਾਂ ਉਹ ਲਾਭ ਲੈਣ ਲਈ ਹਿੰਦੂ ਧਰਮ ਵਿੱਚ ਪਰਤ ਸਕਦੇ ਸਨ।
ਕਥਿਤ ‘ਨੀਵੀਆਂ ਜਾਤਾਂ’ ਦੇ ਉੱਘੇ ਸਿੱਖ
ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਨੁਸੂਚਿਤ ਜਾਤੀ ਦੇ ਪਿਛੋਕੜ ਵਾਲੇ ਹਨ। ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਭਾਈਚਾਰੇ ਦੇ ਦਲਿਤ ਸਿੱਖ ਹਨ। ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪਿਛੜੇ ਵਰਗ ਦੇ ਪਿਛੋਕੜ ਤੋਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ, ਇੱਕ ਐਸ.ਸੀ. ਸਿੱਖ ਹਨ।
ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਐਸ.ਸੀ. ਪਿਛੋਕੜ ਵਾਲੇ ਕੁਝ ਸਿੱਖ ਮਹੱਤਵਪੂਰਨ ਅਹੁਦਿਆਂ `ਤੇ ਬਿਰਾਜਮਾਨ ਸਨ, ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਰਿਹਾ। ਨਿਰਮਲ ਸਿੰਘ, ਜੋ ਕਿ ਬਹੁਤ ਹੀ ਧਰਮੀ ਅਤੇ ਵਿਦਵਾਨ ਵਿਅਕਤੀ ਸੀ, ਨੂੰ ਹਰਿਮੰਦਰ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਸਿਰਫ਼ ਇਸ ਲਈ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਮਜ਼੍ਹਬੀ ਸਿੱਖ ਸਨ।
ਸਮਾਪਤੀ ਟਿੱਪਣੀ
ਜਦੋਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵੱਲੋਂ ਧਰਮ ਪਰਿਵਰਤਨ ਵਿਰੁੱਧ ਸਿੱਖਾਂ ਵੱਲੋਂ ਵੱਡੇ ਪੱਧਰ `ਤੇ ਰੌਲਾ ਪਾਇਆ ਗਿਆ ਤਾਂ ਹੀ ਸ਼੍ਰੋਮਣੀ ਕਮੇਟੀ ਆਪਣੀ ਨੀਂਦ ਤੋਂ ਜਾਗੀ। ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਨਾਨ ਕੀਤਾ ਸੀ ਕਿ ਸਿੱਖ ਪ੍ਰਚਾਰਕਾਂ ਦੀਆਂ ਤਕਰੀਬਨ 150 ਟੀਮਾਂ (ਹਰ ਟੀਮਾਂ ਵਿੱਚ ਸੱਤ ਪ੍ਰਚਾਰਕ) ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਵਿੱਚ ਭੇਜੀਆਂ ਗਈਆਂ ਹਨ। ਐਸ.ਜੀ.ਪੀ.ਸੀ. ਦੀ ਮੁਹਿੰਮ ਦਾ ਨਾਂ ‘ਘਰ ਘਰ ਅੰਦਰ ਧਰਮਸ਼ਾਲ’ ਰੱਖਿਆ ਗਿਆ ਹੈ, ਜਿਸ ਦਾ ਅਰਥ ਹੈ ‘ਹਰ ਘਰ ਦੇ ਅੰਦਰ ਪਵਿੱਤਰ ਅਸਥਾਨ।’ ਅਕਾਲ ਤਖਤ ਦੇ ਜਥੇਦਾਰ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਪੂਰੀ ਤਾਕਤ ਨਾਲ ਇਸ ਖਤਰੇ ਦਾ ਟਾਕਰਾ ਕਰਨ ਲਈ ਕਿਹਾ।
ਪੰਜਾਬ ਦੇ ਗਰੀਬ ਅਤੇ ਅਨਪੜ੍ਹ ਦਲਿਤ ਸਿੱਖ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ। ਉਨ੍ਹਾਂ ਦੀ ਗਰੀਬੀ ਅਤੇ ਅਨਪੜਤ੍ਹਾ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਆਸਾਨ ਨਿਸ਼ਾਨਾ ਬਣਾਉਂਦੀ ਹੈ, ਖਾਸ ਤੌਰ `ਤੇ ਜੱਟ ਸਿੱਖਾਂ ਨੇ ਬਹੁਤ ਲੰਬੇ ਸਮੇਂ ਤੋਂ ਉਨ੍ਹਾਂ ਦਾ ਅਪਮਾਨ ਅਤੇ ਸ਼ੋਸ਼ਣ ਕੀਤਾ ਹੈ। ਜੱਟ ਸਿੱਖਾਂ ਨੂੰ ਆਪਣੇ ਤਰੀਕੇ ਬਦਲਣ ਅਤੇ ਦਲਿਤ ਸਿੱਖਾਂ ਨਾਲ ਇੱਜ਼ਤ ਤੇ ਸਤਿਕਾਰ ਨਾਲ ਪੇਸ਼ ਆਉਣ ਲਈ ਮਨਾਉਣ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ ਦੇ ਦਲਿਤ ਅਤੇ ਘੱਟ ਗਿਣਤੀ ਸੰਗਠਨ ਦੇ ਮੁਖੀ ਡਾ. ਕਸ਼ਮੀਰ ਸਿੰਘ ਨੇ ਕਿਹਾ: “ਸਾਨੂੰ ਅਜਿਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਦਲਿਤ ਭਾਈਚਾਰੇ ਦੇ ਐਸ.ਜੀ.ਪੀ.ਸੀ. ਪ੍ਰਚਾਰਕਾਂ ਅਤੇ ਐਸ.ਜੀ.ਪੀ.ਸੀ. ਤੇ ਇਸ ਦੀਆਂ ਸੰਸਥਾਵਾਂ ਵਿੱਚ ਵਧੇਰੇ ਦਲਿਤ ਪ੍ਰਤੀਨਿਧਤਾ ਦੀ ਲੋੜ ਹੈ।… ਅਕਾਲ ਤਖਤ ਤੋਂ ਕਿਸੇ ਵੀ ਵਿਤਕਰੇ ਵਿਰੁੱਧ ਸਖਤ ਆਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ।… ਉਨ੍ਹਾਂ (ਦਲਿਤ ਸਿੱਖਾਂ) ਨੂੰ ਐਸ.ਜੀ.ਪੀ.ਸੀ. ਦੇ ਅਧੀਨ ਸਾਰੇ ਵਿਦਿਅਕ ਅਦਾਰਿਆਂ ਵਿੱਚ ਮੁਫਤ ਸਿੱਖਿਆ ਮਿਲਣੀ ਚਾਹੀਦੀ ਹੈ।”
ਪੰਜਾਬ ਦੀਆਂ ਲਗਾਤਾਰ ਸਰਕਾਰਾਂ ਸਮਾਜਿਕ ਵਿਤਕਰੇ ਅਤੇ ਨਿਆਂ ਵਿੱਚ ਬਰਾਬਰੀ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ, ਖਾਸ ਕਰਕੇ ਦਲਿਤ ਸਿੱਖਾਂ ਦੇ ਸੰਦਰਭ ਵਿਚ। ਕੀ ਅਸੀਂ ਹੁਣ ਪੰਜਾਬ ਸਰਕਾਰ ਤੋਂ ਵਧੀਆ ਹੁੰਗਾਰੇ ਦੀ ਉਮੀਦ ਕਰ ਸਕਦੇ ਹਾਂ?
ਅਨੈਤਿਕ ਅਤੇ ਇਤਰਾਜ਼ਯੋਗ ਧਰਮ ਪਰਿਵਰਤਨ ਨੂੰ ਰੋਕਣ ਲਈ ਯੂ.ਪੀ., ਐਮ.ਪੀ., ਗੁਜਰਾਤ, ਤਾਮਿਲਨਾਡੂ, ਉੜੀਸਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਵੱਖ-ਵੱਖ ਰਾਜਾਂ ਨੇ ‘ਧਰਮ ਦੀ ਆਜ਼ਾਦੀ ਐਕਟ’ ਨਾਮਕ ਕਾਨੂੰਨ ਬਣਾਏ ਹਨ। ਉਪਰੋਕਤ ਪ੍ਰਾਤਾਂ ਵਿੱਚ ਇਤਿਹਾਸਕ ਕਾਨੂੰਨ ਪਾਸ ਹੋਣ ਤੋਂ ਬਾਅਦ ਰਾਜਾਂ ਵਿੱਚ ਈਸਾਈ ਅਤੇ ਇਸਲਾਮ ਵਿੱਚ ਧਰਮ ਪਰਿਵਰਤਨ ਵਿੱਚ ਭਾਰੀ ਗਿਰਾਵਟ ਦੇਖੀ ਗਈ ਹੈ।
ਬਹੁਤ ਸਾਰੇ ਸਿੱਖ ਕਾਰਕੁਨ/ਬੁੱਧੀਜੀਵੀ ਅਤੇ ਕਈ ਸਿੱਖ ਜਥੇਬੰਦੀਆਂ ਇਹ ਵੀ ਮਹਿਸੂਸ ਕਰਦੀਆਂ ਹਨ ਕਿ ਅਜਿਹਾ ਕਾਨੂੰਨ ਪੰਜਾਬ ਵਿੱਚ ਵੀ ਬਿਨਾ ਕਿਸੇ ਦੇਰੀ ਦੇ ਲਾਗੂ ਕੀਤੇ ਜਾਣ ਦੀ ਲੋੜ ਹੈ। ਇਹ ਉਪਾਅ ਨਿਸ਼ਚਿਤ ਤੌਰ `ਤੇ ਵੱਡੇ ਪੱਧਰ ਉਤੇ ਦਲਿਤ ਸਿੱਖਾਂ ਦੇ ਈਸਾਈ ਧਰਮ ਵਿੱਚ ਪਰਿਵਰਤਨ ਨੂੰ ਰੋਕਣ ਵਿੱਚ ਬਹੁਤ ਮਦਦਗਾਰ ਹੋਵੇਗਾ।
ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਸਿੱਖ ਕਨਫੈਡਰੇਸਸ਼ਨ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਪੰਜਾਬ ਲਈ ਇੱਕ ਡਰਾਫਟ ਕਾਨੂੰਨ ਤਿਆਰ ਕੀਤਾ ਹੈ, ਇਸ ਨੂੰ ਪੰਜਾਬ ਧਰਮ ਦੀ ਆਜ਼ਾਦੀ ਐਕਟ ਵੀ ਕਿਹਾ ਜਾਂਦਾ ਹੈ। ਇਹ ਮੌਜੂਦਾ ਵੱਖ-ਵੱਖ ਭਾਰਤੀ ਰਾਜਾਂ ਦੁਆਰਾ ਪਹਿਲਾਂ ਹੀ ਪਾਸ ਕੀਤੇ ਸਬੰਧਤ ਕਾਨੂੰਨਾਂ `ਤੇ ਆਧਾਰਤ ਹੈ। ਗਲੋਬਲ ਸਿੱਖ ਕੌਂਸਲ ਨੇ ਐਸ.ਜੀ.ਪੀ.ਸੀ. ਨੂੰ ਪੰਜਾਬ ਲਈ ਜਲਦੀ ਤੋਂ ਜਲਦੀ ਅਜਿਹਾ ਕਾਨੂੰਨ ਬਣਾਉਣ ਲਈ ਜ਼ੋਰ ਦੇਣ ਦੀ ਅਪੀਲ ਕੀਤੀ ਹੈ।