ਇੱਕ ਅਰਸੇ ਤੋਂ, ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ। ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ। ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ।
ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਇਤਫਾਕ ਹੀ ਹੈ ਕਿ ਸਮਕਾਲ ਦੀਆਂ ਘਟਨਾਵਾਂ ਇਸ ਬੇਚੈਨੀ ਦੇ ਰੰਗ ਵਿੱਚ ਰੰਗੀਆਂ ਗਈਆਂ ਹਨ। ਆਖਿਰ ਲੇਖਕ ਆਪ ਤੇ ਸਮੇਂ ਦੀ ਕੈਦ ਤੋਂ ਮੁਕਤ ਨਹੀਂ ਨਾ ਹੋ ਸਕਦਾ! ਇਹ ਨਾਵਲ ਅਸੀਂ ਇਸ ਅੰਕ ਤੋਂ ਲੜੀਵਾਰ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਵੀਰਦੀਪ ਸਵੇਰੇ ਸਵੇਰੇ ਸੈਰ ਲਈ ਨਿਕਲਿਆ, ਪਿੰਡ ਰੁੜਕੀ ਤੋਂ ਪਾਰ ਪਈ ਇੱਕ ਖਾਲੀ ਕਲੋਨੀ ਦੇ ਉਤੋਂ ਦੀ ਗੇੜਾ ਦੇ ਕੇ ਉਹ ਵਾਪਸ ਘਰ ਵੱਲ ਪਰਤਿਆ। ਮੁੜਦੇ ਹੋਏ ਪਿੰਡ ਵਿੱਚੋਂ ਦੀ ਲੰਘਦਿਆਂ ਹੀ ਉਹ ਆਪਣੇ ਪਿੰਡ ਵੱਲ ਨੂੰ ਖੇਤਾਂ ਵਿੱਚ ਦੀ ਜਾਂਦੀ ਕੱਚੀ ਪਹੀ ਪੈ ਗਿਆ। ਥੋੜ੍ਹਾ ਅੱਗੇ ਗਿਆ ਤਾਂ ਇੱਕ ਜੱਟ ਦਾ ਸੋਨਾਲੀਕਾ ਟਰੈਕਟਰ ਖੜਾ ਸੀ, ਪਿੱਛੇ ਪਾਣੀ ਦਾ ਡਰੰਮ ਲੱਦਿਆ ਹੋਇਆ। ਹਾੜੂ ਮੱਕੀ ਪੱਟਾਂ ਤੋਂ ਉੱਪਰ ਹੋ ਗਈ ਸੀ। ਇੱਕ ਮਜ਼ਦੂਰ ਮੋਟਰ ਨਾਲ ਚੱਲਣ ਵਾਲੇ ਪੰਪ ਨਾਲ ਸਪਰੇਅ ਕਰ ਰਿਹਾ ਸੀ। ਪੁਰੇ ਦੀ ਤੇਜ਼ ਹਵਾ ਨਾਲ ਉੜ ਕੇ ਸਪਰੇਅ ਰਸਤੇ ਤੱਕ ਆ ਰਹੀ ਸੀ। “ਲੰਘ ਲੈਣ ਦੇ ਵੀਰ ਬੰਦੇ ਨੂੰ।” ਟਰੈਕਟਰ ‘ਤੇ ਬੈਠੇ ਜੱਟ ਨੇ ਮਜ਼ਦੂਰ ਨੂੰ ਆਵਾਜ਼ ਦਿੱਤੀ। ਵੀਰਦੀਪ ਟਰੈਕਟਰ ਦੇ ਲਾਗੇ ਹੀ ਰੁਕ ਗਿਆ। ਉਹ ਮੱਕੀ ਦੇ ਪੱਤਿਆਂ ‘ਤੇ ਪੈ ਰਹੀ ਸਪਰੇਅ ਨੂੰ ਵੇਖ ਰਿਹਾ ਸੀ। ਮਨ ਵਿੱਚ ਸੁਆਲ ਉਠਿਆ, ਮੱਕੀ ਚੰਗੀ ਭਲੀ ਤਕੜੀ ਵਿਖਾਈ ਦੇ ਰਹੀ ਹੈ, ਇਹ ਸਪਰੇਅ ਕਿਉਂ ਕਰ ਰਹੇ? ਉਹਨੇ ਜੱਟ ਨੂੰ ਪੁੱਛ ਹੀ ਲਿਆ, ‘ਇਹ ਕਾਹਦੀ ਸਪਰੇਅ ਹੈ ਜੀ?’ ਜੱਟ ਦਾ ਜਵਾਬ ਸੀ, “ਨਦੀਣ ਬਹੁਤ ਹੋ ਜਾਂਦਾ ਬਾਈ, ਕੱਖ ਕੰਡਾ ਕੱਢਣ ਵਾਲੀਆਂ ਈ ਨੀਂ ਹਟਦੀਆਂ। ਨਦੀਣ ਮਾਰਨ ਲਈ ਕਰੀਦੀ ਸਪਰੇਅ।”
ਵੀਰਦੀਪ ਸੋਚਣ ਲੱਗਾ, ਮੱਕੀ ਵੱਡੀ ਹੋ ਗਈ ਹੈ। ਬਹੁਤੀ ਦਵਾਈ ਤਾਂ ਮੱਕੀ ‘ਤੇ ਹੀ ਪੈ ਜਾਣੀ ਹੈ, ਨਦੀਣ ਕਿੱਦਾਂ ਮਾਰੂ ਇਹ ਸਪਰੇਅ? ਅਗਲੇ ਦਿਨ ਉਹ ਸੈਰ ਨੂੰ ਜਾਂਦੇ ਹੋਏ ਫਿਰ ਕੱਚੇ ਰਾਹ ਨਿਕਲਿਆ। ਮੱਕੀ ਦੇ ਪੱਤੇ ਕਿਨਾਰਿਆਂ ਤੋਂ ਸੁੱਕੇ ਹੋਏ ਸਨ, ਪਰ ਇੰਨੇ ਨਹੀਂ ਕਿ ਟਾਂਡਾ ਹੀ ਮਰ ਜਾਵੇ। ਜਿੱਥੇ ਮੱਕੀ ਦੇ ਬੂਟੇ ਛੋਟੇ ਸਨ, ਉਥੇ ਨਦੀਨ ਕੁਮਲਾ ਗਿਆ ਸੀ। ਉਹ ਥੋੜ੍ਹਾ ਹੋਰ ਅਗਾਂਹ ਗਿਆ ਤਾਂ ਖੇਤ ਦੇ ਦੱਖਣ-ਪੱਛਮ ਵਾਲੇ ਖੂੰਜੇ ਵੱਲ ਇੱਕ ਅਵਾਰਾ ਗਾਂ ਮੱਕੀ ਖਾ ਰਹੀ ਸੀ। ਖੂੰਜੇ ਦੇ ਇੱਕ ਵੱਡੇ ਹਿੱਸੇ ਨੂੰ ਗਾਂ ਪਹਿਲਾਂ ਹੀ ਚਰ ਚੁੱਕੀ ਸੀ। ਵੀਰਦੀਪ ਨੇ ਲਲਕਾਰਾ ਮਾਰ ਕੇ ਗਾਂ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਚਾਹਿਆ। ਉਹ ਹੋਰ ਅਗਾਂਹ, ਖੇਤ ਦੇ ਖਾਸਾ ਅੰਦਰ ਚਲੀ ਗਈ। ਲਗਦਾ ਸੀ ਮਨੁੱਖ ਤੋਂ ਜਿਵੇਂ ਉਸ ਨੂੰ ਭੈਅ ਆਉਂਦਾ ਹੋਵੇ। ਉਹਦੇ ਸਭੈਕ ਹੀ ਮੂੰਹ `ਚੋਂ ਨਿਕਲਿਆ, ‘ਮਾਤਾ ਜੀ ਆਜੋ ਬਾਹਰ, ਕਿਉਂ ਮੌਤ ਨੂੰ ਮਾਸੀ ਕਹਿਨੇ ਓਂਂ।’ ਪਰ ਗਾਂ ਖੇਤ ਦੇ ਹੋਰ ਅੰਦਰ ਵੱਲ ਤੁਰਦੀ ਗਈ।
ਵੀਰਦੀਪ ਹੁਣ ਅਗਾਂਹ ਲੰਘ ਗਿਆ ਸੀ। ਉਹ ਸੋਚਣ ਲੱਗਾ ‘ਜੱਟ ਵੀ ਸਾਲੇ ਮੂਰਖ ਈ ਨੇ। ਕੱਖਾਂ ਵਾਲੀਆਂ ਨੇ ਪੂਰੇ ਸੀਜ਼ਨ ‘ਚ ਉਨੇ ਟਾਂਡੇ ਨਹੀਂ ਸਨ ਭੰਨਣੇ ਜਿੰਨੇ ਗਾਂ ਨੇ ਇੱਕ ਦਿਨ ਵਿੱਚ ਖਾ ਲਏ। ਨਦੀਣ ਉਵੇ ਖੜ੍ਹਾ ਹੇਠਾਂ, ਮੱਕੀ ਦੇ ਟਾਂਡੇ ਈ ਲੂਹੇ ਗਏ ਸਪਰੇਅ ਨਾਲ।’
ਉਹ ਮੁੜਦਾ ਹੋਇਆ ਫਿਰ ਕੱਚੇ ਰਾਹ ਪੈ ਗਿਆ। ਸੋਚਿਆ ਚਲੋ ਵੇਖ ਚਲਦੇ ਹਾਂ ਗਾਂ ਨਿਕਲੀ ਬਾਹਰ ਕਿ ਨਹੀਂ! ਪਹੀ ਵਿੱਚ ਤੁਰਦਿਆਂ ਜਦੋਂ ਉਹ ਮੱਕੀ ਦੇ ਉਸੇ ਖੇਤ ਦੇ ਲਾਗੇ ਗਿਆ ਤਾਂ ਗਾਂ ਮੱਕੀ ਦੇ ਖਾਧੇ ਹੋਏ ਖੂੰਜੇ ਵਿੱਚ ਡਿੱਗੀ ਤੜਫ ਰਹੀ ਸੀ। ਲਗਦਾ ਸੀ ਸਪਰੇਅ ਵਾਲੀ ਜ਼ਹਿਰ ਦਾ ਉਸ ‘ਤੇ ਅਸਰ ਹੋ ਗਿਆ ਸੀ। ਡਿੱਗੀ ਪਈ, ਪਲਸੇਟੇ ਮਾਰਦੀ ਨੇ ਕਾਫੀ ਸਾਰੀ ਮੱਕੀ ਦੇ ਟਾਂਡੇ ਮਿੱਧ ਦਿੱਤੇ। ਖੇਤ ਦਾ ਮਾਲਕ ਉਸ ਨੂੰ ਆਸੇ-ਪਾਸੇ ਕਿਧਰੇ ਨਹੀਂ ਦਿਸਿਆ। ਤੜਫਦਾ ਹੋਇਆ ਜਾਨਵਰ ਵੀਰਦੀਪ ਤੋਂ ਦੇਖਿਆ ਨਹੀਂ ਸੀ ਜਾ ਰਿਹਾ, ਪਰ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਸੀ। ਬੇਵਸੀ ਜਿਹੀ ਵਿੱਚ ਉਹ ਅਗਾਂਹ ਨਿਕਲ ਗਿਆ। ‘ਇੱਕ ਦਿਨ ਪੰਜਾਬ ਦੇ ਲੋਕਾਂ ਦਾ ਆਪਣਾ ਇਹ ਹਾਲ ਹੋਣਾ, ਜਿਹੜਾ ਇਸ ਗਾਂ ਦਾ ਹੋ ਰਿਹਾ’ ਉਹ ਬੁੜਬੁੜਾਇਆ। ਉਦੋਂ ਚਾਹੁੰਦੇ ਹੋਏ ਵੀ ਕੋਈ ਕੁਝ ਨਹੀਂ ਕਰ ਸਕੇਗਾ।
ਇਹ ਸਾਰਾ ਕੁਝ ਸੋਚਦਿਆਂ ਵੀਰਦੀਪ ਲੰਮੀਆਂ ਸੋਚਾਂ ਵਿੱਚ ਨਿਕਲ ਗਿਆ। ਜਾਤਾਂ-ਕੁਜਾਤਾਂ ਦੇ ਫਰਕ ਦੇ ਬਾਵਜੂਦ, ਬਾਪੂ ਤੇ ਚਾਚਾ ਜੀ ਦਾ ਕਿੰਨਾ ਪਿਆਰ ਸੀ। ਜਿਵੇਂ ਇੱਕੋ ਟਹਿਣੀ ਦੇ ਦੋ ਪੱਤੇ ਹੋਣ। ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਂਦੇ। ਦੋਨੋਂ ਇਕੱਠੇ ਪੜ੍ਹੇ ਸਨ ਦਸਵੀਂ ਤੱਕ। ਕੋਈ ਹਮਾਂ-ਤੁਮ੍ਹਾ ਨਹੀਂ ਸੀ ਉਨ੍ਹਾਂ ‘ਚ। ਜਿਵੇਂ ਅੰਮਾ ਜਾਏ ਹੋਣ। ਕਦੀ ਕਦੀ ਚਾਚੀ ਬੀਬੀ ਨਾਲ ਕੌੜੀ ਕੁਸੈਲੀ ਹੁੰਦੀ, ਫਿਰ ਝੱਟ ਹੀ ਉਹ ਹੇਲ-ਮੇਲ ਹੋ ਜਾਂਦੀਆਂ। ਕੋਈ ਦਿਨ ਹੀ ਲੰਘਦਾ ਸੀ, ਜਦੋਂ ਬੀਬੀ ਚਾਚੇ ਹੋਰਾਂ ਵੱਲ ਗੇੜਾ ਨਹੀਂ ਸੀ ਮਾਰਦੀ, ਆਉਂਦੀ-ਜਾਂਦੀ ਉਹ ਚਾਚੀ ਨਾਲ ਕੰਮ ਕਾਰ ਵਿੱਚ ਹੱਥ ਵਟਾ ਜਾਂਦੀ। ਚਾਚੇ ਤੇ ਬਾਪੂ ਹੋਰਾਂ ਵਿਚਕਾਰ ਇੱਕ ਅਜੀਬ ਜਿਹਾ ਲਗਾਓ ਸੀ, ਜਿਸ ਦਾ ਹਿਸਾਬ-ਕਿਤਾਬ ਲਗਾਉਣਾ ਅਕਸਰ ਹੀ ਵੀਰਦੀਪ ਦੇ ਵਸੋਂ ਬਾਹਰ ਹੋ ਜਾਂਦਾ। ਚਾਚਾ ਰੰਗ ਦਾ ਗੋਰਾ ਸੀ, ਤਿੱਖੇ ਨੈਣ ਨਕਸ਼, ਕੱਦ ਪੰਜ ਫੁੱਟ ਨੌਂ ਇੰਚ ਦੇ ਕਰੀਬ। ‘ਇਹ ਬਿਲਕੁਲ ਆਪਣੇ ਪਿਉ ਵਰਗਾ ਹੈ’, ਬਾਪੂ ਦੱਸਿਆ ਕਰਦਾ ਸੀ। ‘ਇਹਦੇ ਬਾਪੂ ਜੀ ਦਾ ਸੁਭਾਅ ਥੋੜ੍ਹਾ ਕੌੜਾ ਸੀ’, ਉਹ ਆਖਦਾ। ਚਾਚੀ ਕੱਦ ਦੀ ਕੁਝ ਸਮਧਰ ਸੀ ਪਰ ਰੰਗ-ਰੂਪ ਚਾਚੇ ਨਾਲ ਮਿਲਦਾ-ਜੁਲਦਾ ਸੀ। ਵੀਰਦੀਪ ਦੇ ਪਿਉ ਦਾ ਰੰਗ ਕਾਫੀ ਪੱਕਾ ਸੀ, ਪਰ ਉਹਦੀ ਬੀਬੀ ਕਣਕਵੰਨੀ ਜਿਹੀ ਸੀ, ਉਂਝ ਨੈਣ ਨਕਸ਼ ਜਚਦੇ-ਫਬਦੇ। ਬੀਬੀ-ਬਾਪੂ ਦੀ ਭਾਵੇਂ ਬਣਦੀ ਬਥੇਰੀ ਸੀ, ਪਰ ਉਹ ਆਪਸ ਵਿੱਚ ਬਹੁਤ ਜ਼ਿਆਦਾ ਨਹੀਂ ਸਨ ਖੁਲ੍ਹਦੇ। ਚਿੱਤ ਹੌਲਾ ਕਰਨ ਲਈ ਬੀਬੀ ਕਈ ਵਾਰ ਵੀਰਦੀਪ ਕੋਲ ਢਿਡ ਫਰੋਲਣ ਲਗਦੀ, “ਜਦੋਂ ਤੈਂ ਹੋਣਾ ਸੀ, ਮੈਂ ਕਈ ਸੁਪਨੇ ਜਿਹੇ ਬੁਣਦੀ ਰਹਿੰਦੀ। ਤੇਰਾ ਰੰਗ ਰੂਪ ਕਿਹੋ ਜਿਹਾ ਹੋਵੇ, ਕਿਵੇਂ ਦਾ ਲੱਗੂ ਮੇਰਾ ਪੁੱਤ। ਇਹ ਵੀ ਮੈਂ ਅਰਦਾਸਾਂ ਕਰਦੀ ਕਿ ਮੇਰੇ ਘਰ ਪਹਿਲਾ ਪੁੱਤ ਹੀ ਹੋਵੇ, ਧੀ (ਨੂੰਹ) ਤਾਂ ਆਪੇ ਪੁੱਤ ਨਾਲ ਘਰ ਆ ਜਾਣੀ।”
ਉਹ ਗੱਲਾਂ `ਚੋਂ ਗੱਲਾਂ ਦੀ ਲੜੀ ਫੜਦੀ ਤੁਰੀ ਜਾਂਦੀ, “ਮੈਨੂੰ ਤੇਰਾ ਬਾਪੂ ਤੇ ਚਾਚਾ ਕਰਮ ਸਿਉਂ ਦੋਨੋ ਚੰਗੇ-ਚੰਗੇ ਲਗਦੇ। ਕਈ ਵਾਰ ਮੈਂ ਉਨ੍ਹਾਂ ਦੇ ਚਿਹਰੇ ਇੱਕ ਦੂਜੇ ਵਿੱਚ ਘੁਲਦੇ-ਮਿਲਦੇ ਵੇਖਦੀ। ਮੈਨੂੰ ਪਤਾ ਨਾ ਲਗਦਾ ਤੂੰ ਕਿਹੋ ਜਿਹਾ ਹੋਵੇਂਗਾ। ਫਿਰ ਇੱਕ ਦਿਨ ਮੈਨੂੰ ਸੁਪਨਾ ਆਇਆ। ਤੇਰੇ ਹੋਣ ਵਿੱਚ ਹਾਲੇ ਮਹੀਨਾ ਕੁ ਰਹਿੰਦਾ ਸੀ। ਜਿਵੇਂ ਤੂੰ ਮੇਰੀ ਗੋਦ ਵਿੱਚ ਪਿਆ ਹੋਵੇਂ। ਮੈ ਤੇਰੇ ਚਿਹਰੇ ਦੇ ਨਕਸ਼ ਪਛਾਨਣ ਲੱਗੀ। ਨੈਣ ਨਕਸ਼ਾਂ ਪੱਖੋਂ ਤੂੰ ਬਿਲਕੁਲ ਮੈਨੂੰ ਆਪਣੇ ਕਰਮੇ ਚਾਚੇ ਵਰਗਾ ਲੱਗਿਆ, ਰੰਗ ਮੇਰੇ ਵਰਗਾ, ਜਿਵੇਂ ਸੱਚ ਮੁੱਚ ਤੇਰੇ ਬਾਪੂ ਤੇ ਚਾਚੇ ਦੇ ਰੰਗ ਨੂੰ ਮਿਲਾ ਕਿ ਬਣਿਆ ਹੋਵੇਂ।”
ਬੀਬੀ ਗੱਲਾਂ ਕਰਦੀ ਕਰਦੀ ਕਈ ਵਾਰ ਉਦਾਸ ਹੋ ਜਾਂਦੀ, “ਜਿਉਂ ਜਿਉਂ ਤੂੰ ਵੱਡਾ ਹੋਣ ਲੱਗਾ, ਤੇਰੇ ਨੈਣ ਨਕਸ਼ ਤੇਰੇ ਚਾਚੇ ਕਰਮੇ ਵਰਗੇ ਨਿਕਲਣ ਲੱਗੇ, ਪਿੰਡ ਵਾਲੇ ਬਥੇਰੀਆਂ ਗੱਲਾਂ ਬਣਾਉਂਦੇ। ਤੇਰੀ ਤਾਈ ਸੇਮੋਂ ਜਦੋਂ ਮੇਰੇ ਨਾਲ ਔਖੀ ਭਾਰੀ ਹੁੰਦੀ ਤਾਂ ਕਈ ਵਾਰ ਮਾੜਾ ਚੰਗਾ ਵੀ ਬੋਲ ਜਾਂਦੀ। ਮੈਂ ਚੁੱਪ ਕਰ ਰਹਿੰਦੀ, ਇੱਕ ਕੰਨੋਂ ਪਾਉਂਦੀ ਦੂਜੇ ਵੱਲੋਂ ਬਾਹਰ ਕੱਢ ਛੱਡਦੀ। ਕਈ ਵਾਰ ਤਾਂ ਉਹ ਖਾਸਾ ਮਾੜਾ ਬੋਲ ਜਾਂਦੀ। ਮੈਨੂੰ ਜਵਾਬ ਫਿਰ ਵੀ ਨਾ ਅਹੁੜਦੇ। ਤੇਰਾ ਬਾਪੂ ਜਦੋਂ ਕੰਮ ‘ਤੇ ਚਲਾ ਜਾਂਦਾ, ਇਕੱਲੀ ਬੈਠ ਰੱਜ ਕੇ ਰੋਂਦੀ ਮੈਂ, ਦਿਲ ਹੌਲਾ ਹੋ ਜਾਂਦਾ।”
ਵੀਰਦੀਪ ਪੜ੍ਹਨ ਨੂੰ ਹੁਸ਼ਿਆਰ ਨਿਕਲਿਆ। ਪੰਜਾਬੀ ਸਕੂਲਾਂ ਵਿੱਚ ਪੜ੍ਹਾਈ ਦਾ ਭਾਵੇਂ ਪੱਧਰ ਕਾਫੀ ਗਿਰ ਗਿਆ ਸੀ, ਪਰ ਸੈਲਫ ਸਟਡੀ ਵਿੱਚ ਉਹ ਤਕੜਾ ਸੀ। ਸਾਇੰਸ-ਮੈਥ ਤਾਂ ਭਾਵੇਂ ਉਸ ਦੇ ਬਹੁਤੇ ਚੰਗੇ ਨਾ ਹੋ ਸਕੇ, ਪਰ ਇਤਿਹਾਸ ਅਤੇ ਸਮਾਜ ਸਾਸ਼ਤਰ ਵਿੱਚ ਉਸ ਦੀ ਕਾਫੀ ਗਹਿਰੀ ਦਿਲਚਸਪੀ ਬਣ ਗਈ। ਇਨ੍ਹਾਂ ਵਿਸ਼ਿਆਂ ਵਿੱਚੋਂ ਉਹ ਨੰਬਰ ਵੀ ਚੰਗੇ ਲੈ ਜਾਂਦਾ। ਮਿਸਤਰੀਆਂ ਦੀ ਸਿਮਰਨ ਉਸ ਨੂੰ ਗੁਜਾਰੇ ਜੋਗਾ ਸਾਇੰਸ-ਮੈਥ ਕਰਵਾ ਦਿੰਦੀ। ਸਕੂਲ ਵਾਲਾ ਸਾਇੰਸ ਮਾਸਟਰ ਤਾਂ ਐਸਾ ਵੈਸਾ ਹੀ ਸੀ, ਲੰਗੇ ਡੰਗ ਹੀ ਸਕੂਲ ਵੜਦਾ। ਸਿਮਰਨ ਨੇ ਛੇਵੀਂ ਤੋਂ ਹੀ ਸਾਇੰਸ ਮੈਥ ਟਿਊਸ਼ਨ ‘ਤੇ ਪੜ੍ਹੇ ਸਨ। ਦਸਵੀਂ ਤੱਕ ਆਉਂਦਿਆਂ ਉਸ ਦੀ ਸਾਇੰਸ ਵਿੱਚ ਪਕੜ ਕਾਫੀ ਮਜ਼ਬੂਤ ਹੋ ਗਈ। ਦੁਖੀ ਹੋਇਆ ਹੈਡਮਾਸਟਰ ਕਈ ਵਾਰ ਸਿਮਰਨ ਨੂੰ ਹੀ ਆਖ ਦਿੰਦਾ ਕਿ ਕਲਾਸ ਨੂੰ ਸਾਇੰਸ ਦਾ ਵਿਸ਼ਾ ਪੜ੍ਹਾ ਦੇਵੇ। ਇਹ ਬੁੱਤਾ ਉਹ ਬਹੁਤੀ ਵਾਰ ਲਾ ਵੀ ਦਿੰਦੀ ਸੀ। ਡਰਾਇੰਗ ਵਾਲਾ ਮਾਸਟਰ ਮੈਥ ਵੀ ਕਰਵਾ ਦਿੰਦਾ। ਉਹਦੀ ਹਿਸਾਬ ਦੇ ਵਿਸ਼ੇ ‘ਤੇ ਵੀ ਚੰਗੀ ਪਕੜ ਸੀ।
—
ਕਰਮਜੀਤ ਸਿੰਘ ਆਪਣੇ ਪਿਤਾ ਆਤਮਾ ਸਿੰਘ ਦੀ ਇਕੱਲੀ ਔਲਾਦ ਸੀ। ਉਸ ਦੇ ਪਿਉ ਨੂੰ ਵਿਰਾਸਤ ਵਿੱਚ 5 ਏਕੜ ਜ਼ਮੀਨ ਮਿਲੀ ਸੀ। ਆਪਣੀ ਜ਼ਿੰਦਗੀ ਭਰ ਦੀ ਮਿਹਨਤ ਨਾਲ ੳਹਨੇ ਪੰਜ ਕੁ ਏਕੜ ਹੋਰ ਖਰੀਦ ਲਏ ਸਨ। ਫਿਰ ਸਮਾਂ ਪਾ ਕਿ ਉਸ ਨੇ ਕਈ ਵੱਟੇ-ਸੱਟੇ ਕੀਤੇ ਅਤੇ ਆਪਣੀ ਜ਼ਮੀਨ ਇੱਕ ਟੱਕ ਵਿੱਚ ਇਕੱਠੀ ਕਰ ਲਈ ਸੀ। ਉਹਦਾ ਪਿਉ ਹਿੰਮਤੀ ਬੰਦਾ ਸੀ। ਉਹਦੇ ਮੁਕਾਬਲੇ ਕਰਮਾ ਸੁਭਾਅ ਦਾ ਵੀ ਥੋੜ੍ਹਾ ਨਰਮ ਸੀ, ਤਮ੍ਹਾਂ ਵੀ ਬਹੁਤੀ ਨਹੀਂ ਸੀ ਰੱਖਦਾ। ਹੁਣ ਉਸ ਦੀ ਦਸ ਏਕੜ ਜ਼ਮੀਨ ਇੱਕ ਟੱਕ ਇਕੱਠੀ ਸੀ। ਪਹਿਲਾਂ ਪਹਿਲ ਖੇਤ ਮੋਟਰ ਵਾਲਾ ਕੋਠਾ ਹੀ ਸੀ ਜਾਂ ਪਸ਼ੂਆਂ ਲਈ ਇੱਕ ਸ਼ੈਡ ਸੀ, ਪਰ ਬਾਅਦ ਵਿੱਚ ਉਸ ਨੇ ਆਪਣੀ ਰਿਹਾਇਸ਼ ਵੀ ਖੇਤ ਹੀ ਕਰ ਲਈ।
ਕਰਮਜੀਤ ਦੀ ਘਰਵਾਲੀ ਦਾ ਚਿਹਰਾ ਸੂਹੀ ਭਾਅ ਮਾਰਦਾ। ਹੱਸਦੀ ਤਾਂ ਉਹਦਾ ਸਾਰਾ ਆਪਾ ਦਿਲ ਵਿੱਚ ਵਟ ਜਾਂਦਾ। ਕਰਮੇ ਦੇ ਨਾਲ ਤੁਰਦੀ ਤਾਂ ਦੋਵੇਂ ਜਚਦੇ। ਥੋੜ੍ਹਾ ਉਚੀ ਬੋਲਣ ਦੀ ਉਸ ਨੂੰ ਆਦਤ ਸੀ। ਥੋੜ੍ਹੀ ਗੁਸੈਲੀ ਜਿਹੀ ਵੀ ਹੋ ਗਈ ਸੀ। ਹਵਾ ਨਾਲ ਹੀ ਨਾਰਾਜ਼ ਹੋ ਜਾਂਦੀ, ਪਰ ਇਹ ਰੋਸਾ ਬਹੁਤੀ ਦੇਰ ਨਾ ਰਹਿੰਦਾ। ਝੱਟ ਕੁ ਬਾਅਦ ਹੀ ਆਮ ਵਾਂਗ ਬੋਲਣ ਲਗਦੀ। ਵਿਆਹ ਨੂੰ 10-12 ਸਾਲ ਹੋ ਗਏ ਸਨ, ਪਰ ਕੁੱਖ ਹਰੀ ਨਾ ਹੋਈ। ਕਰਮਾ ਬਥੇਰੇ ਡਾਕਟਰਾਂ ਕੋਲ ਘੁੰਮਿਆ। ਟੈਸਟ ਟਿਊਬ ਬੇਬੀ ਵਾਲਾ ਯਤਨ ਵੀ ਕਰਵਾਇਆ, ਪਰ ਗੱਲ ਨਾ ਬਣੀ। ਨਵਜੋਤ ਵਿਆਹ ਵੇਲੇ ਤਾਂ ਇੰਨੀ ਗੁਸੈਲ ਨਹੀਂ ਸੀ, ਪਰ ਬੇਔਲਾਦੀ ਨੇ ਸ਼ਾਇਦ ਉਸ ਨੂੰ ਗੁਸੈਲ ਕਰ ਦਿੱਤਾ ਸੀ। ਹੁਣ ਤਾਂ ਉਹ ਢਿੱਲੀ ਮੱਠੀ ਜਿਹੀ ਵੀ ਰਹਿਣ ਲੱਗ ਪਈ ਸੀ। ਜਦੋਂ ਕਦੀ ਚਿੱਤ ਔਖਾ ਹੁੰਦਾ ਤਾਂ ਵੀਰਦੀਪ ਦੀ ਮਾਂ ਨੂੰ ਆਪਣਾ ਹੱਥ ਵਟਾਉਣ ਲਈ ਸੱਦ ਲੈਂਦੀ। ਨਸੀਬ ਕੁਰ ਦਾ ਘਰੇਲੂ ਕੰਮ ਵਿੱਚ ਹੱਥ ਕਾਫੀ ਛੋਹਲਾ ਸੀ। ਰੋਟੀ ਟੁੱਕ ਤੇ ਡੰਗਰ ਵੱਛਾ ਤਾਂ ਉਹਨੇ ਸਾਂਭਣਾ ਹੀ ਹੁੰਦਾ, ਹਰ ਚੀਜ਼ ਨੂੰ ਜਿਵੇਂ ਟਿਕਾਣੇ ਸਿਰ ਕਰ ਜਾਂਦੀ। ਸਹੇਜਿਆ ਘਰ ਵੇਖ ਕੇ ਕਰਮੇ ਨੂੰ ਜਿਵੇਂ ਚਾਅ ਜਿਹਾ ਚੜ੍ਹ ਜਾਂਦਾ। ਉਹ ਕਹਿ ਬੈਠਦਾ, “ਵੇਖ ਲੈ ਨਵਜੋਤ ਨਸੀਬੋ ਭਾਬੀ ਕਿੰਨੀ ਸੁਚੱਜੀ ਐ, ਜਦੋਂ ਫੇਰਾ ਮਾਰ ਜਾਂਦੀ ਘਰ ਜਿਵੇਂ ਜਿਉਂਦਾ ਹੋ ਜਾਂਦਾ।”
ਨਵਜੋਤ ਖਿਝ ਕੇ ਆਖਦੀ, “ਭਾਬੀ ਨੂੰ ਈ ਰੱਖ ਲੈ ਫਿਰ ਘਰੇ, ਨਾਲੇ ਇੱਕ ਮੁੰਡਾ ਤੇਰੇ ਲਈ ਜੰਮਦੂ, ਜ਼ਮੀਨ ਦਾ ਵਾਰਸ ਤਾਂ ਮਿਲ ਜੂ।”
“ਭਾਬੀਆਂ ਰੱਬ ਨੇ ਵੇਖਣ ਲਈ ਈ ਬਣਾਈਆਂ ਨਵਜੋਤ, ਘਰ ਰੱਖਣ ਲਈ ਨ੍ਹੀਂ।” ਕਰਮਾ ਹੱਸ ਕੇ ਗੱਲ ਟਾਲ ਦਿੰਦਾ, “ਨਾਲੇ ਤੂੰ ਹੈ ਤਾਂ ਸਈ ਘਰੇ, ਅੰਦਰ ਫਿਰਦੀ ਤਾਂ ਤੂੰ ਈ ਚੰਗੀ ਲਗਦੀ, ਨਸੀਬੋ ਦਾ ਸਹੇਜਿਆ ਘਰ ਤੇਰੇ ਨਾਲ ਈ ਸਜਦਾ।” ਉਹਦੇ ਇਹ ਸਹਿਜ ਭਾਅ ਦਿੱਤੇ ਉੱਤਰ ਨਵਜੋਤ ਨੂੰ ਸ਼ਾਂਤ ਕਰ ਦੇਂਦੇ। ਉਹ ਨਵਜੋਤ ਦੀ ਕੁਸੈਲ ਨੂੰ ਹਾਸੇ ਠੱਠੇ ਵਿੱਚ ਬਦਲਣ ਦਾ ਹੁਣ ਮਾਹਿਰ ਹੋ ਗਿਆ ਸੀ।
ਕਰਮਜੀਤ ਸਹਿਜ ਮਤੇ ਵਿੱਚ ਰਹਿੰਦਾ। ਉਹਨੂੰ ਬਹੁਤੀ ਚੜ੍ਹੀ ਲੱਥੀ ਦੀ ਨਹੀਂ ਸੀ। ਹਸੂੰ-ਹਸੂੰ ਕਰਦਾ ਚਿਹਰਾ, ਉਸਦੇ ਗੋਰੇ ਰੰਗ ਨੂੰ ਜਿਵੇਂ ਨੂਰੀ ਬਣਾ ਦਿੰਦਾ ਸੀ, ਪਰ ਡੇੜ ਦਹਾਕਾ ਗੁਜਰ ਜਾਣ ਤੋਂ ਬਾਅਦ ਬੱਚੇ ਦੀ ਅਣਹੋਂਦ ਉਹਨੂੰ ਵੀ ਰੜਕਣ ਲੱਗ ਪਈ ਸੀ। ਕਦੀ-ਕਦੀ ਡੂੰਘੀਆਂ ਸੋਚਾਂ ਵਿੱਚ ਉਤਰ ਜਾਂਦਾ। ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ- ‘ਜੇ ਔਲਾਦ ਨਾ ਹੋਈ ਤਾਂ ਸਾਥੋਂ ਬਾਅਦ ਇਹ ਘਰ ਖੋਲ਼ਾ ਬਣ ਜਾਣਾ। ਵੇਹੜੇ ਵਿੱਚ ਖੜੇ ਕਚੂਰ ਸ਼ਹਿਤੂਤਾਂ, ਜਾਮਣਾਂ, ਅੰਬਾਂ ਦੇ ਦਰਖਤ ਮਨੁੱਖੀ ਬੋਲਾਂ ਨੂੰ ਤਰਸਿਆ ਕਰਨਗੇ। ਇਨ੍ਹਾਂ ਖੇਤਾਂ, ਇਨ੍ਹਾਂ ਵਿੱਚ ਹੁੰਦੀਆਂ ਫਸਲਾਂ ਨਾਲ ਗੱਲਾਂ ਕਰਨ ਵਾਲਾ ਕੋਈ ਨਹੀਂ ਹੋਣਾ?’ ਇੰਦਾਂ ਦਾ ਕਈ ਕੁਝ ਸੋਚਦਿਆਂ ਅਕਸਰ ਉਸ ਦੀਆਂ ਅੱਖਾਂ ਸਿੱਲੀ੍ਹਆਂ ਹੋ ਜਾਂਦੀਆਂ। ਆਪਣੀ ਇਸ ਮਾਨਸਿਕ ਅਵਸਥਾ ਦਾ ਉਹ ਰੱਤੀ ਭਰ ਵੀ ਭੇਤ ਨਵਜੋਤ ਨੂੰ ਨਾ ਲੱਗਣ ਦਿੰਦਾ। ਕਈ ਵਾਰ ਉਹ ਨੇੜੇ ਹੀ ਕਿਤੇ ਹੁੰਦੀ। ਕਰਮਾ ਆਨੀ ਬਹਾਨੀਂ ਟੂਟੀ ਤੋਂ ਅੱਖਾਂ ‘ਤੇ ਪਾਣੀ ਦੇ ਛਿੱਟੇ ਮਾਰਦਾ ਤੇ ਮੂੰਹ ਤੌਲੀਏ ਨਾਲ ਸਾਫ ਕਰ ਲੈਂਦਾ। ਨਵਜੋਤ ਰਸੋਈ ਦਾ ਆਹਰ ਕਰਦੀ ਜਦੋਂ ਲਾਬੀ ਵਿੱਚ ਆਉਂਦੀ, ਉਹਦਾ ਸੱਜਰਾ ਧੋਤਾ, ਧੀਮੀ ਜਿਹੀ ਉਦਾਸੀ ਵਿੱਚ ਲਿਪਟਿਆ ਚਿਹਰਾ ਗਹੁ ਨਾਲ ਵੇਖਦੀ, “ਕੀ ਹੋਇਆ, ਅੱਜ ਉੱਖੜੇ ਉੱਖੜੇ ਜਿਹੇ ਲਗਦੇ ਹੋ!”
“ਐਵੇਂ ਲਗਦਾ ਤੈਨੂੰ, ਰੋਟੀ ਲਿਆ ਜਲਦੀ, ਖੇਤ ਵੱਲ ਗੇੜਾ ਮਾਰਨ ਜਾਣਾ, ਪਾਣੀ ਪਈ ਜਾਂਦਾ ਖੱਤੇ, ਗਾਹਣ ਕਰਨ ਵਾਲਾ ਪਿਆ। ਭਈਆ ’ਕੱਲਾ ਈ ਆ ਖੇਤੇ। ਵੱਟਾਂ ਵੀ ਚੜ੍ਹਾਉਣ ਵਾਲੀਆਂ ਪਈਆਂ।”
ਇਸ ਲੁਕਾ ਛਿਪੀ ਦੇ ਬਾਵਜੂਦ ਨਵਜੋਤ ਕਰਮੇ ਦੀ ਰਗ ਪਛਾਣਦੀ ਸੀ। ਉਹ ਚਿਹਰੇ ਤੋਂ ਉਹਦਾ ਦਿਲ ਪੜ੍ਹਨਾ ਸਿੱਖ ਗਈ ਸੀ। ਉਂਝ ਵੀ ਪਿਛਲੇ ਕੁਝ ਕੁ ਸਾਲਾਂ ਵਿੱਚ ਕਰਮੇ ਦੇ ਮੱਥੇ ‘ਤੇ ਹਲਕੀ ਜਿਹੀ ਤਿਊੜੀ ਉਭਰ ਆਈ ਸੀ। ਕਈ ਵਾਰ ਨਵਜੋਤ ੳਹਦੇ ਕੋਲ ਬੈਠੀ ਹੁੰਦੀ, ਉਹਦਾ ਮਨ ਕਿਧਰੇ ਦੁਰੇਡੀਆਂ ਸੋਚਾਂ ਵਿੱਚ ਨਿਕਲ ਜਾਂਦਾ।
“ਕਿੱਥੇ ਚਲੇ ਗਏ ਹੋ, ਮੇਰਾ ਵੀ ਨੀ ਖਿਆਲ ਰੱਖਦੇ, ਬਣੀ ਠਣੀ ਬੈਠੀ ਹਾਂ ਥੋਡੇ ਕੋਲ, ਕੋਈ ਸਿਫਤ ਸਲਾਹ ਈ ਕਰੇ ਬੰਦਾ।” ਨਵਜੋਤ ਦੇ ਅਜਿਹੇ ਬੋਲਾਂ ਨਾਲ ਉਹ ‘ਹੁਣ’ ਵਿਚ ਹਾਜ਼ਰ ਹੁੰਦਾ। ਐਧਰ ਉਧਰ ਦੀਆਂ ਮਾਰਨ ਲਗਦਾ।
“ਚਾਹ ਧਰ ਲੈ ਘੁੱਟ ਫਿਰ! ਨਾਲੇ ਦੋ ਗੱਲਾਂ ਕਰਨ ਦਾ ਬਹਾਨਾ ਮਿਲ ਜੂ।” ਲਾਲ ਭਾਅ ਮਾਰਦੀ ਕੜ੍ਹੀ ਹੋਈ ਚਾਹ ਪੀਣ ਦਾ ਉਹ ਸ਼ੌਕੀਨ ਸੀ।
“ਚੱਜ ਦੀ ਬਣਾਈਂ, ਮੇਰੇ ਵਾਲੀ, ਐਵੇਂ ਨਾ ਪਾਣ ਧਾਣ ਜਿਹਾ ਚੁੱਕ ਲਿਆਈਂ।” ਉਹ ਟਕੋਰ ਮਾਰਨ ਲਗਦਾ।
“ਚੰਗਾ ਬਾਬਾ, ਥੋਡਾ ਵੀ ਨਖਰਾ ਮਸਾਂ ਚੁੱਕਿਆ ਜਾਂਦਾ।” ਨਵਜੋਤ ਜਿਵੇਂ ਰੰਗ ਵਿੱਚ ਆਉਣ ਲਗਦੀ।
ਹੁਕਮ ਸਿੰਘ ਕਰਮੇ ਦਾ ਯਾਰ ਸੀ ਤੇ ਥੋੜ੍ਹਾ ਜਿਹਾ ਸ਼ਰੀਕ ਵੀ। ਹੁਕਮਾ ਬਾਰਵੀਂ ਕਰਕੇ ਸਮਾਜ ਭਲਾਈ ਵਿਭਾਗ ਵਿੱਚ ਚਪੜਾਸੀ ਲੱਗ ਗਿਆ ਸੀ। ਘਰ ਦੀਆਂ ਲੋੜਾਂ ਨੇ ਉਹਨੂੰ ਨੌਕਰੀ ਵਿੱਚ ਪਾ ਦਿੱਤਾ, ਜਦਕਿ ਕਰਮਾ ਕਾਲਜ ਤੋਂ ਬੀ.ਏ. ਕਰਕੇ ਖੇਤੀ ਕਰਨ ਲੱਗਾ।
ਕਰਮਾ ਗੱਲ ਤੋਰਦਾ, “ਵੇਖ ਲੈ ਨਵਜੋਤ ਹੁਕਮੇ ਵਾਲੀ ਭਾਬੀ ਨੇ ਨੌਂ ਮਹੀਨੇ ਮਸਾਂ ਟੱਪਣ ਦਿੱਤੇ, ਮੁੰਡਾ ਜੰਮ ਦਿੱਤਾ। ਨਾਲੇ ਘਰੇ ਹੀ ਹੋ ਗਿਆ ਸਭ ਕੁਝ, ਪਿੰਡ ਵਾਲੀ ਛੱਤੋ ਦਾਈ ਦੇ ਹੱਥੀਂ। ਆਪਾਂ ਸਾਲੇ ਡਾਕਟਰਾਂ ਦੇ ਘਰ ਭਰ ਦਿੱਤੇ, ਬਾਬਿਆਂ ਦੇ ਅਸ਼ੀਰਵਾਦਾਂ ਨੇ ਵੀ ਝੋਲੀ ਨਾ ਭਰੀ। ਸੈਂਕੜੇ ਕੋਹਾਂ ਤੱਕ ਕੋਈ ਵੈਦ ਨੀ ਛੱਡਿਆ, ਮੁਰਾਦ ਫਿਰ ਵੀ ਪੱਲੇ ਨੀ ਪਈ। ਕੋਈ ਸੁੱਖਣਾ ਵੀ ਕੰਮ ਨੀ ਆਈ ਸਾਡੇ। ਕਈ ਵਾਰ ਰੱਬ ਵੀ ਸਾਲਾ ਲੋਹੇ ਦੀ ਲੱਠ ਹੀ ਹੋ ਜਾਂਦਾ, ਕਿ ਨਹੀਂ!” ਕਰਮੇ ਦਾ ਅੰਦਰਲਾ ਦਰਦ ਜਿਵੇਂ ਗਾਹੜਾ ਹੋ ਗਿਆ ਹੋਵੇ।
“ਇਨ੍ਹਾਂ ਦਾ ਕੀ ਆ, ਪਤਾ ਨੀ ਕਿਸੇ ਤੇਰੇ ਵਰਗੇ ਦਾ ਪਿੱਛੋਂ ਈ ਲੈ ਆਈ ਹੋਵੇ ਨਸੀਬੋ।” ਨਵਜੋਤ ਇੱਕ ਤਰ੍ਹਾਂ ਨਾਲ ਬੁੱਲ੍ਹ `ਟੇਰਦੀ।
“ਓ ਨਹੀਂ ਨਹੀਂ, ਏਦਾਂ ਦੀ ਤਾ ਨੀ ਲਗਦੀ ਭਾਬੀ” ਕਰਮਜੀਤ ਆਖਦਾ।
“ਨਸੀਬ ਕੌਰ ਚੰਗੀ ਭਾਬੀ ਜਿਉਂ ਹੋਈ!” ਨਵਜੋਤ ਨੇ ਉਹਨੂੰ ਛੇੜਨ ਦੇ ਮੂਡ ਵਿੱਚ ਆਖਿਆ।
“ਚੰਗਾ ਤਾਂ ਰੱਬ ਦਾ ਨਾਂ ਈ ਆਂ, ਪਰ ਚਾਲ-ਢਾਲ ਤੋਂ ਈ ਪਤਾ ਲੱਗ ਜਾਂਦਾ ਬੰਦੇ ਦਾ।” ਕਰਮੇ ਨੇ ਗੱਲ ਮੁਕਾਉਣ ਦੇ ਮਨ ਨਾਲ ਆਖਿਆ।
“ਉੱਦਾਂ ਕਈ ਵਾਰ ਇੱਦਾਂ ਨੀ ਲਗਦਾ ਕਰਮ, ਜਿੱਦਾਂ ਧੁੱਪ ‘ਚ ਰੜ੍ਹੀਆਂ ਚਮੜੀਆ ਵਾਲਿਆਂ ਦੇ ਈ ਜੁਆਕ ਜੰਮਣ ਵਾਲੇ ਕਿਰਮ ਜਿਹੇ ਬਾਹਲੇ ਬਣਦੇ ਹੋਣ!” ਨਵਜੋਤ ਕਰਮੇ ਨੂੰ ਗੁੱਝੀ ਟਾਂਚ ਮਾਰ ਕੇ ਬੁੱਲ੍ਹਾਂ ਦੇ ਕੋਨੇ ਕੋਲੋਂ ਮੁਸਕਰਾਈ।
“ਕਿਉਂ ਭਕਾਈ ਮਾਰਦੀ ਏਂ, ਆਪਾਂ ਸਭ ਕੁਝ ਤਾਂ ਟੈਸਟ ਕਰਾ ਬੈਠੇ ਹਾਂ।” ਕਰਮਾ ਥੋੜ੍ਹਾ ਭਬਕ ਕੇ ਬੋਲਿਆ।
“ਪਤਾ ਮੈਨੂੰ, ਬਹੁਤਾ ਤੱਤਾ ਨਾ ਹੋ, ਮੈਂ ਵੀ ਤੇਰੇ ਅੰਦਰ ਦਾ ਤਾਪਮਾਨ ਈ ਵੇਖਦੀ ਆਂ।” ਨਵਜੋਤ ਨੇ ਜਿਵੇਂ ਤਪਦੀ ਭੁੱਬਲ ‘ਤੇ ਪਾਣੀ ਦਾ ਛਿੱਟਾ ਤਰੌਂਕਿਆ।
“ਕਈਆਂ ਨੂੰ ਰੱਬ ਰੰਗ ਤਾਂ ਗੋਰਾ ਦੇ ਦੇਂਦਾ, ਪਰ ਕਿਸਮਤ ਕਾਲੇ ਅੱਖਰਾਂ ਨਾਲ ਲਿਖ ਦੇਂਦਾ।” ਨਵਜੋਤ ਦੇ ਅਗਲੇ ਬੋਲ ਸੋਗ ਵਿੱਚ ਢਲੇ ਹੋਏ ਸਨ।
“ਰੰਗ-ਰੁੰਗ ਤਾਂ ਜਿਹੜਾ ਮਰਜ਼ੀ ਵਰਤ ਲਵੇ, ਸਾਰੇ ਠੀਕ ਈ ਨੇ, ਪਰ ਕਿਸਮਤ ਸੁਲੱਖਣੀ ਲਿਖ ਦੇਵੇ, ਭਲੀਆਂ ਫੇਰ ਹੀ ਗੁਜ਼ਰਦੀਆਂ।” ਕਰਮਜੀਤ ਨੂੰ ਆਪਣਾ ਗੋਰਾ ਰੰਗ ਵੀ ਹੁਣ ਜਿਵੇਂ ਚੁਭਣ ਲੱਗ ਪਿਆ ਸੀ। ਉਹ ਗੱਲਾਂ ਦੀ ਲੜੀ `ਚੋਂ ਬਾਹਰ ਆਉਣ ਹੀ ਲੱਗੇ ਸਨ ਕਿ ਇੰਨੇ ਨੂੰ ਨਸੀਬ ਕੁਰ ਆ ਗਈ।
ਕਰਮੇ ਨੂੰ ਘਰ ਵੇਖ ਕਿ ਉਹ ਜਿਵੇਂ ਝੇਪ ਜਿਹੀ ਖਾ ਗਈ। ਉਹਨੇ ਝੱਟ ਹੀ ਪੱਲਾ ਆਪਣੇ ਸਿਰ ‘ਤੇ ਕੀਤਾ, “ਮੈਂ ਆਖਿਆ ਚਲੋ ਅੱਜ ਸਵਖਤੇ ਈ ਨਵਜੋਤ ਭੈਣ ਦਾ ਹੱਥ ਵਟਾ ਆਵਾਂ।”
ਪਹਿਲਾਂ ਉਹ ਵੀਰਦੀਪ ਨੂੰ ਸੁਆ ਕੇ ਗੁਆਂਢ ਵਾਲਿਆਂ ਦੇ ਘਰ ਪਾ ਆਉਂਦੀ ਸੀ ਤੇ ਕਰਮੇ ਦੀ ਵਹੁਟੀ ਨਾਲ ਕੰਮ ਕਾਰ ਵਿੱਚ ਹੱਥ ਵਟਾ ਜਾਂਦੀ। ਜਦੋਂ ਤੋਂ ਵੀਰਦੀਪ ਤੁਰਨ ਜੋਗਰਾ ਹੋਇਆ, ਉਹ ਉਸ ਨੂੰ ਨਾਲ ਹੀ ਲਿਆਉਣ ਲੱਗ ਪਈ ਸੀ।
ਨਸੀਬੋ ਦੋ ਕੁ ਖਿਡਾਉਣੇ ਜਿਹੇ ਵੀਰਦੀਪ ਨੂੰ ਦਿੰਦੀ ਤੇ ਉਹ ਲਾਬੀ ਵਿੱਚ ਖੇਡਦਾ ਰਹਿੰਦਾ। ਨਵਜੋਤ ਮੁੰਡੇ ਨਾਲ ਤੋਤਲੀ ਜਿਹੀ ਜੁLਬਾਨ ਵਿੱਚ ਗੱਲਾਂ ਕਰਦੀ ਰਹਿੰਦੀ। ਘਰ ਉਹਨੂੰ ਜਿਵੇਂ ਭਰਿਆ-ਭਰਿਆ ਲੱਗਣ ਲਗਦਾ। ‘ਬੱਚਾ ਵੀ ਕੀ ਚੀਜ਼ ਆ, ਰੌਣਕ ਨਾਲ ਘਰ ਭਰ ਜਾਂਦਾ’ ਉਹ ਮਨ ਹੀ ਮਨ ਸੋਚਦੀ। ਅਜਿਹੇ ਵੇਲੇ ਨਸੀਬੋ ਦੇ ਭਾਂਡੇ ਧੋਣ ਦੀ ਆਵਾਜ਼ ਬੱਚੇ ਦੀਆਂ ਕਿਲਕਾਰੀਆਂ ਨਾਲ ਰਲਗੱਡ ਹੁੰਦੀ ਰਹਿੰਦੀ।
“ਇੱਕ ਨਿਆਣਾ ਸਾਡੇ ਲਈ ਵੀ ਜੰਮਦੇ ਨਸੀਬੋ, ਤੇਰੀ ਕੁਖ ਸੁਲੱਖਣੀ ਬੜੀ ਏ।” ਨਵਜੋਤ ਨੇ ਨਸੀਬੋ ਨੂੰ ਮਜ਼ਾਕ ਨਾਲ ਆਖਿਆ।
“ਤੁਸੀਂ ਬਥੇਰੇ ਹੁੰਦੜ ਹੇਲ ਓਂ, ਜ਼ੋਰ ਮਾਰੋ ਥੋੜ੍ਹਾ ਜਿਹਾ, ਹਾਲੇ ਕੀ ਵਿਗੜਿਆ ਥੋਡਾ।” ਨਸੀਬੋ ਵੀ ਮਜ਼ਾਕ ਦੇ ਮੂਡ ਵਿੱਚ ਆ ਗਈ।
“ਵਿਗੜਿਆ ਵੁਗੜਿਆ ਤਾਂ ਕੁਸ਼ ਨੀ, ਰੱਬ ਈ ਚੰਦਰਾ ਜਿੱਦਾਂ ਬੇਈਮਾਨ ਹੋਇਆ ਪਿਆ।” ਨਵਜੋਤ ਨੇ ਹਉਕੇ ਨਾਲ ਘੁਲਿਆ ਹੁੰਘਾਰਾ ਭਰਿਆ।
“ਰੱਬ ਦਿਆਲ ਵੀ ਹੋ ਸਕਦਾ।” ਨਸੀਬੋ ਨੇ ਉਹਨੂੰ ਧਰਵਾਸ ਜਿਹਾ ਦਿਵਾਇਆ।
“ਨਸੀਬ ਕੁਰੇ ਤੂੰ ਚੰਗੀ ਤਾਂ ਬਥੇਰੀ ਆ, ਮੁੰਡਾ ਆਪਣੇ ਤੋਂ ਵੀ ਸੋਹਣਾ ਜੰਮਿਆ ਤੂੰ। ਇਹਦਾ ਰੰਗ ਤਾਂ ਤੇਰੇ ਵਰਗਾ, ਨਕਸ਼ ਇੰਨੇ ਸੋਹਣੇ ਕਿ ਇਹ ਥੋਡਾ ਦੋਨਾਂ ਦਾ ਨੀ ਲਗਦਾ।”
“ਹੋਰ ਮੈਂ ਕਿਸੇ ਤੀਜੇ ਦਾ ਲੈ ਆਈ!” ਨਸੀਬੋ ਨੇ ਨਾਰਾਜ਼ਗੀ ਜਤਾਈ।
“ਮੈਂ ਤਾਂ ਕੁੜੇ ਐਵੇਂ ਸਰਸਰੀ ਗੱਲ ਕੀਤੀ, ਤੂੰ ਤਾਂ ਗੁੱਸਾ ਈ ਕਰ`ਗੀ।” ਨਵਜੋਤ ਉਹਨੂੰ ਫਿਰ ਪਤਿਆਉਣ ਲੱਗੀ।
“ਇੱਕ ਹੋਰ ਗੱਲ ਕਹਿਣ ਲੱਗੀ ਆਂ, ਗੁੱਸਾ ਨਾ ਕਰੀਂ ਭੈਣੇ, ਕਈ ਵਾਰ ਨੇੜੇ-ਤੇੜੇ ਵਾਲੇ ਬੰਦੇ ਦਾ ਵੀ ਹੋਣ ਵਾਲੇ ਬੱਚੇ `ਤੇ ਪ੍ਰਛਾਵਾਂ ਪੈ ਜਾਂਦਾ। ਨੈਣ ਨਕਸ਼ਾਂ ਪੱਖੋਂ ਮੈਨੂੰ ਤਾਂ ਇਹ ਕਰਮੇ ਦਾ ਈ ਦੂਜਾ ਰੂਪ ਲਗਦਾ, ਬਸ ਰੰਗ ਈ ਗੋਰਾ ਕਰਮਜੀਤ ਦਾ।” ਨਵਜੋਤ ਜਿਵੇਂ ਆਪਣੇ ਚਿੱਤ ਦੀ ਆਖੀਰਲੀ ਗੱਲ ਕਹਿ ਗਈ ਸੀ।
ਨਸੀਬੋ ਨੇ ਉਪਰੋਂ ਤਾਂ ਭਾਵੇਂ ਬੁਰਾ ਜਿਹਾ ਮੂੰਹ ਬਣਾ ਲਿਆ, ਪਰ ਅੰਦਰੋਂ ਉਹ ਕਿਸੇ ਅਗੰਮੀ ਪਿਆਰ ਵਿੱਚ ਭਿੱਜ ਗਈ। ਥੋੜ੍ਹੇ ਕੁ ਪਲ ਹੀ ਲੰਘੇ ਤੇ ਸਹਿਜ ਹੁੰਦਿਆਂ ਉਹ ਕਹਿਣ ਲੱਗੀ, “ਜਿਨ੍ਹਾਂ ਦੇ ਦੂਜੇ-ਤੀਜੇ ਮੱਥੇ ਲੱਗਣਾ ਹੋਇਆ, ਉਨ੍ਹਾਂ ਦਾ ਵੀ ਪ੍ਰਛਾਵਾਂ ਤਾਂ ਪੈ ਹੀ ਜਾਂਦਾ।” ਨਸੀਬੋ ਨੇ ਦਿਲ ਦੀ ਆਖ ਕੇ ਜ਼ਿਹਨ ਤੋਂ ਜਿਵੇਂ ਭਾਰ ਜਿਹਾ ਲਾਹ ਦਿੱਤਾ।
ਇੱਦਾਂ ਦੀਆਂ ਗੱਲਾਂ ਕਰਦੀਆਂ ਅਕਸਰ ਹੀ ਉਹ ਗੂਹੜੀਆਂ ਸਹੇਲੀਆਂ ਹੋ ਜਾਂਦੀਆਂ। ਨਵਜੋਤ ਨੂੰ ਉਹਦੇ ਪੇਕੇ ਘਰ ਕੰਮ ਕਾਰ ਕਰਨ ਵਾਲੀਆਂ ਬਾਰੇ ਆਪਣੀ ਮਾਂ ਦੀਆਂ ਗੱਲਾਂ ਚੇਤੇ ਆਉਂਦੀਆ, ਜਦੋਂ ਉਹ ਅਕਸਰ ਹੀ ਕਾਮੀਆਂ ਦੇ ਨੇੜੇ ਹੋਣ ਤੋਂ ਉਸ ਨੂੰ ਰੋਕਦੀ ਰਹਿੰਦੀ, “ਇਨ੍ਹਾਂ ਦਾ ਬਹੁਤਾ ਹੇਜ ਨੀ ਕਰੀਦਾ, ਫਿਰ ਇਨ੍ਹਾਂ ਨੇ ਕੰਮ ਕੁੰਮ ਨੀ ਕਰਨਾ, ਤੇਰੇ ਸਿਰ `ਚ ਗਲ਼ੀਆਂ ਕਰਨਗੀਆਂ, ਨਾਲੇ ਕੰਮ ਵੀ ਤੈਥੋਂ ਕਰਵਾਇਆ ਕਰਨਗੀਆਂ।” ਨਵਜੋਤ ਦਾ ਅਜਿਹਾ ਸੁਭਾਅ ਤਾਂ ਨਹੀਂ ਸੀ, ਪਰ ਫਿਰ ਵੀ ਮਾਂ ਦੀ ਗੱਲ ਮੰਨ ਲੈਂਦੀ ਤੇ ਕਾਮੀਆਂ ਦੇ ਬਹੁਤੇ ਨੇੜੇ ਹੋਣ ਤੋਂ ਪਰਹੇਜ਼ ਕਰਦੀ। ਹੁਣ ਤਾਂ ਉਹ ‘ਆਪਣੇ’ ਘਰ ਆ ਗਈ ਸੀ। ਉਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਸੀ।
ਨਸੀਬੋ ਆਪਣੇ ਸ਼ਰੀਕੇ ਵਿੱਚ ਘੱਟ ਹੀ ਵਰਤਦੀ ਸੀ। ਉਹ ਦਿਲ ਲਾਉਣ ਲਈ ਕਰਮੇ ਹੁਰਾਂ ਵੱਲ ਆ ਜਾਂਦੀ। ਜਦੋਂ ਕੰਮ ਕਾਰ ਵਿੱਚ ਰੁੱਝੀ ਹੁੰਦੀ ਤਾਂ ਨਵਜੋਤ ਵੀਰਦੀਪ ਨਾਲ ਖੇਡਣ ਲਗਦੀ। ਵੀਰਦੀਪ ਹੁਣ ਉਹਦੇ ਨਾਲ ਘੁਲ-ਮਿਲ ਜਾਂਦਾ। ਦੇਰ ਤੱਕ ਉਹਦੇ ਅੰਗਾਂ-ਪੈਰਾਂ ਨਾਲ ਖੇਡਦਾ ਰਹਿੰਦਾ। ਨਵਜੋਤ ਉਹਨੂੰ ਚੁੱਕ ਕੇ ਗੋਦੀ ਵਿੱਚ ਪਾ ਲੈਂਦੀ। ਉਹਨੂੰ ਜਿਵੇਂ ਆਪਣੀ ਗੋਦ ਭਰੀ ਭਰੀ ਲਗਦੀ। ਖੇਡਦਾ ਖੇਡਦਾ ਥੱਕ ਜਾਂਦਾ ਤਾਂ ਨਵਜੋਤ ਵੀਰਦੀਪ ਨੂੰ ਆਪਣੇ ਨਾਲ ਪਾ ਲੈਂਦੀ। ਆਪਣੀ ਮਾਂ ਵਾਂਗ ਹੀ ਵੀਰਦੀਪ ਦੁੱਧ ਚੁੰਗਣ ਲਈ ਨਵਜੋਤ ਦਾ ਪੱਲਾ ਚੁੱਕਣ ਲਗਦਾ। ਉਹ ਜਕਦੀ-ਜਕਦੀ ਜਿਹੀ ਪੱਲਾ ਚੁੱਕ ਦਿੰਦੀ। ਵੀਰਦੀਪ ਨਵਜੋਤ ਦੀ ਛਾਤੀ ਚੁੰਘਣ ਲਗਦਾ। ਵਿੱਚੋਂ ਕੀ ਨਿਕਲਣਾ ਸੀ! ਪਰ ਨਵਜੋਤ ਦੀ ਮਮਤਾ ਉਛਾਲੇ ਮਾਰਨ ਲਗਦੀ। ਉਹਦਾ ਜੀ ਕਰਦਾ ਵੀਰਦੀਪ ਇਉਂ ਹੀ ਉਸ ਦੀ ਛਾਤੀ ਚੁੰਘਦਾ ਰਹੇ। ਨਸੀਬੋ ਉਨ੍ਹਾਂ ਨੂੰ ਇਉਂ ਖੇਡਦਿਆਂ ਨੂੰ ਵੇਖ ਕੇ ਨਿਹਾਲ ਹੋ ਜਾਂਦੀ। ਕਦੀ ਕਦੀ ਉਹਨੂੰ ਜੈਲਿਸੀ ਜਿਹੀ ਵੀ ਹੁੰਦੀ, ਬਈ ਵੀਰਦੀਪ ਕਿਧਰੇ ਨਵਜੋਤ ਨਾਲ ਹੀ ਮਾਂ ਵਾਲਾ ਨਿਹੁ ਨਾ ਪਾ ਬੈਠੇ। ਜਦੋਂ ਵੀਰਦੀਪ ਦਾ ਇਹ ਨਿੱਤ ਦਾ ਹੀ ਕੰਮ ਹੋ ਗਿਆ ਤਾਂ ਨਵਜੋਤ ਇੱਕ ਲੰਮੇ ਪਤਲੇ ਨਿੱਪਲ ਵਾਲੀ ਦੁੱਧ ਪਿਆਉਣ ਵਾਲੀ ਬੋਤਲ ਲੈ ਆਈ। ਉਹ ਦੁੱਧ ਵਿੱਚ ਕੁਝ ਸ਼ੱਕਰ ਮਿਲਾਉਂਦੀ ਅਤੇ ਆਪਣੇ ਸਿਰਹਾਣੇ ਰੱਖ ਲੈਂਦੀ। ਵੀਰਦੀਪ ਜਦੋਂ ਉਸ ਦੀ ਛਾਤੀ ਚੁੰਘਣ ਲਗਦਾ ਤੇ ਸੁਤ-ਉਨੀਂਦਾ ਜਿਹਾ ਹੋ ਜਾਂਦਾ ਤਾਂ ਉਸ ਦੇ ਮੂੰਹ ਵਿੱਚ ਆਪਣੇ ਦੁੱਧ ਦੇ ਨਾਲ ਹੀ ਬੋਤਲ ਦਾ ਨਿੱਪਲ ਵੀ ਪਾ ਦਿੰਦੀ। ਇੰਝ ਦੁੱਧ ਮੁੱਕਣ ਤੱਕ ਵੀਰਦੀਪ ਗੂਹੜੀ ਨੀਂਦ ਸੌਂ ਜਾਂਦਾ।
ਨਸੀਬੋ ਕਈ ਵਾਰ ਨਵਜੋਤ ਨੂੰ ਆਖਦੀ, “ਕਾਹਨੂ ਭੈਣੇ ਸੁਕੀਆਂ ਛਾਤੀਆਂ ਪਟਵਾਈ ਜਾਨੀਂ ਏਂ ਇਹਤੋਂ, ਬੋਤਲ ਈ ਲਾ ਦਿਆ ਕਰ ਇਹਦੇ ਮੂੰਹ ਨੂੰ, ਜਦੋਂ ਦੁੱਧ ਮੰਗੇ।” ਨਵਜੋਤ ਨੇ ਕਈ ਵਾਰ ਇੱਦਾਂ ਕੋਸ਼ਿਸ਼ ਵੀ ਕੀਤੀ, ਪਰ ਵੀਰਦੀਪ ਸੀ ਕਿ ਦੁੱਧ ਦੀ ਬੋਤਲ ਪਰ੍ਹਾਂ ਰੱਖ ਕੇ ਨਵਜੋਤ ਦੀ ਕਮੀਜ਼ ਦਾ ਪੱਲਾ ਉੱਪਰ ਚੁੱਕਣ ਲਗਦਾ। ਇਹੋ ਜਿਹੇ ਵਕਤ ਨਵਜੋਤ ਦੀ ਕੈਦ ਪਈ ਮਮਤਾ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ, ਉਹ ਵੀਰਦੀਪ ਨੂੰ ਰੋਕ ਨਾ ਸਕਦੀ।
ਵੀਰਦੀਪ ਕੁਝ ਹੀ ਮਹੀਨਿਆਂ ਵਿੱਚ ਕਾਫੀ ਸਿਹਤਮੰਦ ਹੋ ਗਿਆ ਸੀ। ਇਸ ਮੁੰਡੇ ਨੇ ਦੋਨਾਂ ਪਰਿਵਾਰਾਂ ਵਿਚਕਾਰ ਨੇੜਤਾ ਹੋਰ ਵਧਾ ਦਿੱਤੀ। ਹੁਕਮ ਸਿੰਘ ਵੱਲੋਂ ਨੌਕਰੀ ਵਿੱਚ ਭਰਤੀ ਸਮੇਂ ਕਰਮੇ ਤੋਂ ਲਏ ਪੈਸੇ ਹਾਲੇ ਤੱਕ ਉਸ ਤੋਂ ਵਾਪਸ ਨਹੀਂ ਸਨ ਹੋਏ ਕਿ ਬਰਸਾਤਾਂ ਵਿੱਚ ਉਹਦੇ ਮਕਾਨ ਦੀ ਛੱਤ ਵਾਹਵਾ ਚੋਣ ਲੱਗ ਪਈ। ਹੁਕਮੇ ਨੂੰ ਛੱਤ ਬਦਲਣ ਲਈ 50 ਕੁ ਹਜ਼ਾਰ ਰੁਪਏ ਦੀ ਲੋੜ ਸੀ। ਤਨਖਾਹ ਉਹਦੀ 17-18 ਹਜ਼ਾਰ ਦੇ ਕਰੀਬ ਸੀ। ਉਹਨੇ ਜਕਦੇ ਜਿਹੇ ਨੇ ਕਰਮਜੀਤ ਕੋਲ ਮੁੜ ਸੁਆਲ ਪਾਇਆ, “ਮੈਂ ਕਹਿ ਦਿਆਂਗਾ ਆੜ੍ਹਤੀਏ ਨੂੰ, ਡਿਊਟੀ ਤੋਂ ਮੁੜਦਾ ਹੋਇਆ ਫੜ ਲਿਆਵੀਂ।” ਕਰਮੇ ਨੇ ਬਿਨਾ ਹੀਲ ਹੁੱਜਤ ਦੇ ਜੁਆਬ ਦਿੱਤਾ। ਉਹ ਵੀਰਦੀਪ ਅਤੇ ਨਸੀਬੋ ਦੀ ਨਵਜੋਤ ਨਾਲ ਬਣੀ ਆਪਣੀ ਨੇੜਤਾ ਨੂੰ ਗੁਆਉਣਾ ਨਹੀਂ ਸੀ ਚਾਹੁੰਦਾ। ਮੱਝ ਵਾਲਾ ਢਾਰਾ ਪਹਿਲਾਂ ਹੀ ਚੰਗੀ ਹਾਲਤ ਵਿਚ ਸੀ। ਹੁਕਮੇ ਨੇ ਮਕਾਨ ਦੀ ਛੱਤ ਨਵੀਂ ਪਾ ਲਈ ਅਤੇ ਬਾਕੀ ਤਨਖਾਹ ਵਿੱਚੋਂ ਜੋੜੇ ਪੈਸਿਆਂ ਨਾਲ ਰੰਗ ਰੋਗਨ ਟੀਪ-ਟਾਪ ਕਰਵਾ ਕੇ ਮਕਾਨ ਸੁਥਰਾ ਬਣਾ ਲਿਆ।
(ਅਗਲੀ ਕਿਸ਼ਤ ਅਗਲੇ ਅੰਕ ਵਿੱਚ ਪੜ੍ਹੋ)