*ਅੰਤਰ-ਅਕਾਦਮੀ ਲੋਕ-ਨਾਚ ਮੁਕਾਬਲੇ*
ਮੁਟਿਆਰਾਂ ਦੀ ‘ਲੁੱਡੀ’ ਅਤੇ ‘ਮਲਵਈ ਗਿੱਧੇ’ ਨੇ ਵੀ ਖੂਬ ਰੰਗ ਬੰਨ੍ਹੇ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਬਚਪਨ ਦੀ ਇਹ ਖੇਡ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਖੇਡਦਿਆਂ ਪੁੱਛਦੇ ਸੀ ਬਈ ਤੇਰੇ ਸਿਰ `ਤੇ ਕਿੰਨਾ ਭਾਰ ਹੋ ਗਿਆ ਹੈ! ਜੇ ਜ਼ਿਆਦਾ ਲੱਗਦਾ ਤਾਂ ਇੱਕ ਮੁੱਠੀ ਚੁੱਕ ਲਈਏ! ਹਾਲਾਂਕਿ ਦੂਜੀ ਮੁੱਠੀ ਵੀ ਤਿਆਰ ਈ ਕਰੀ ਬੈਠੇ ਹੁੰਦੇ ਸੀ। ਇਹ ਸਭ ਖੇਡ ਖੇਡ ਵਿੱਚ ਕਿਸੇ ਦੇ ਸਿਰ ਦਾ ਭਾਰ ਵੰਡਾਉਣ ਜਿਹੀ ਸਮਝਾਉਣੀ ਹੁੰਦੀ ਸੀ ਕਿ ਬਈ ਤੂੰ ਕਿੰਨਾ ਕੁ ਭਾਰ ਚੁੱਕੀ ਫਿਰਦੈਂ! ਜੇ ਲੋੜ ਹੈ ਤਾਂ ਤੇਰਾ ਭਾਰ ਵੰਡਾਅ ਲਾਂ…! ਪਰ ਇਸ ਖੇਡ ਦੇ ਬਿਲਕੁਲ ਉਲਟ ਭੰਗੜੇ ਨੂੰ ਸਮਰਪਿਤ ਅਕਾਦਮੀ ‘ਭੰਗੜਾ ਰਾਈਮਜ਼ ਸ਼ਿਕਾਗੋ’ ਦੇ ‘ਵਿਰਸਾ ਨਾਈਟ-2024’ ਸਮਾਗਮ ਵਿੱਚ ਬੱਚਿਆਂ ਦੀ ਮਹਿਮਾਨ ਟੀਮ ਦੀ ਪੇਸ਼ਕਾਰੀ ਉਪਰੰਤ ਇੱਕ ਟੀਮ ਦੂਜੀ ਟੀਮ ਦੇ ਸਿਰ ਮੁਕਾਬਲੇ ਦਾ ਭਾਰ ਪਾਉਂਦੀ ਰਹੀ ਅਤੇ ਰਿਦਮ ਭਰਪੂਰ ਪੇਸ਼ਕਾਰੀ ਕਰ ਕੇ ਜੇਤੂ ਟੀਮ ਬਣਨ ਵੱਲ ਨੂੰ ਪੁਲਾਂਘ ਪੁੱਟਦੀ ਰਹੀ।
ਟੀਮਾਂ ਦੇ ਆਪਸੀ ਲੋਕ ਨਾਚ ਮੁਕਾਬਲੇ ਸ਼ੁਰੂ ਹੋਣ ਤੋਂ ਬਾਅਦ ਇੱਕ ਪਿੱਛੋਂ ਇੱਕ ਟੀਮ ਦੀ ਪੇਸ਼ਕਾਰੀ ਬਿਨਾ ਸ਼ੱਕ ਆਪਣਾ ਵਜ਼ਨ ਵਧਾਉਂਦੀ ਗਈ। ਇੱਕ ਟੀਮ ਧਮਾਲਾਂ ਪਾ ਕੇ ਹਟਦੀ ਤਾਂ ਕਿਸੇ ਦੇਰੀ ਬਿਨਾ ਦੂਜੀ ਟੀਮ ਆਪਣੇ ਜੌਹਰ ਦਿਖਾਉਣ ਲਈ ਤਿਆਰ-ਬਰ-ਤਿਆਰ ਸਟੇਜ `ਤੇ ਆ ਜਾਂਦੀ। ਕਰੀਬ ਦੋ ਘੰਟੇ ਸਟੇਜ ਉਤੇ ਭੜਥੂ ਪੈਂਦਾ ਰਿਹਾ ਤੇ ਹਾਲ ਅੰਦਰ ਉਤਸ਼ਾਹੀ ਹੋਏ ਬੱਚਿਆਂ ਦੇ ਮਾਪਿਆਂ ਅਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਤੇ ਸੀਟੀਆਂ ਦੀ ਗੂੰਜ ਵੀ ਨਾਲੋ ਨਾਲ ਪੈਂਦੀ ਰਹੀ।
‘ਭੰਗੜਾ ਰਾਈਮਜ਼ ਸ਼ਿਕਾਗੋ’ ਦਾ ਇਹ ਪਲੇਠਾ ਅੰਤਰ-ਅਕਾਦਮੀ ਲੋਕ ਨਾਚ ਮੁਕਾਬਲਾ ਸੀ, ਜਿਸ ਵਿੱਚ ਬੱਚਿਆਂ ਤੇ ਵੱਡਿਆਂ ਦੀਆਂ ਟੀਮਾਂ ਨੇ ਖੂਬ ਰੰਗ ਬੰਨ੍ਹੇ। ਉਨ੍ਹਾਂ ਦੀ ਮਿਹਨਤ ਤੇ ਕੋਚ ਅਮਨਦੀਪ ਸਿੰਘ ਕੁਲਾਰ ਦੀ ਦ੍ਰਿੜਤਾ ਦਾ ਅੰਦਾਜ਼ਾ ਇਹ ਸਮਾਗਮ ਦੇਖਣ ਵਾਲਿਆਂ ਨੇ ਆਪ ਹੀ ਲਾ ਲਿਆ ਹੋਣਾ ਹੈ। ਹਾਲਾਂਕਿ ਨਿੱਕੀਆਂ ਮੋਟੀਆਂ ਤਰੁੱਟੀਆਂ ਰਹਿ ਗਈਆਂ ਸਨ, ਖਾਸ ਕਰ ਸਾਊਂਡ ਸਿਸਟਮ ਦੀ, ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਬਈ ਆਟੇ `ਚ ਚੂੰਢੀ ਲੂਣ ਪੈ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ! ਇਸੇ ਤਰ੍ਹਾਂ ਇਹ ਸਮਾਗਮ ਮਨੋਰੰਜਨ ਭਰਪੂਰ ਰਿਹਾ ਅਤੇ ਭੰਗੜੇ ਦੇ ਸਿਖਾਂਦਰੂ ਬੱਚਿਆਂ ਤੇ ਵੱਡਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਮੁਹੱਈਆ ਕਰਨ ਦਾ ਇਹ ਇੱਕ ਖਾਸ ਮੌਕਾ ਵੀ ਸੀ।
ਪੈਲਾਟਾਈਨ ਦੇ ਕਟਿੰਗ ਹਾਲ ਵਿੱਚ ਕਰਵਾਏ ਗਏ ਭੰਗੜਾ ਮੁਕਾਬਲਿਆਂ ਪ੍ਰਤੀ ਭੰਗੜੇ ਦੇ ਸ਼ੌਕੀਨਾਂ ਵਿੱਚ ਡਾਹਢਾ ਉਤਸ਼ਾਹ ਸੀ ਅਤੇ ਇਸ ਲਈ ਸੀਟਾਂ ਧੜਾਧੜ ਵਿੱਕ ਚੁਕੀਆਂ ਸਨ। ‘ਸੋਲਡ ਆਊਟ’ ਹੋਣ ਕਾਰਨ ਬਹੁਤ ਸਾਰੇ ਦਰਸ਼ਕਾਂ ਨੇ ਹਾਲ ਵਿੱਚ ਪਿੱਛੇ ਖੜ੍ਹ ਕੇ ਲੋਕ ਨਾਚਾਂ ਦਾ ਲੁਤਫ ਲਿਆ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਦੀ ਬੇਸਬਰੀ ਨਾਲ ਉਡੀਕ ਸੀ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚੇ ਸ਼ਿਕਾਗੋ ਤੋਂ ਇਲਾਵਾ ਮਿਲਵਾਕੀ ਤੋਂ ਵੀ ਸਨ, ਜਿਨ੍ਹਾਂ ਨੇ ਭੰਗੜਾ, ਲੁੱਡੀ ਤੇ ਝੂਮਰ ਪੇਸ਼ ਕੀਤਾ।
ਮੁਕਾਬਲਿਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਵਿਚ 6 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਤਿੰਨ ਟੀਮਾਂ- ਟੀਮ ਸਤਲੁਜ, ਟੀਮ ਬਿਆਸ ਤੇ ਟੀਮ ਰਾਵੀ ਸਨ। ਪੰਜਾਬ ਦੇ ਤਿੰਨ ਦਰਿਆਵਾਂ ਦੇ ਨਾਂ ‘ਤੇ ਬਣਾਈਆ ਗਈਆਂ ਟੀਮਾਂ ਦੀ ਪੇਸ਼ਕਾਰੀ ਦੇਖਣਯੋਗ ਸੀ। ਇਸ ਗਰੁੱਪ ਵਿੱਚੋਂ ਟੀਮ ਸਤਲੁਜ ਪਹਿਲੇ ਸਥਾਨ `ਤੇ ਰਹੀ। ਟੀਮ ਬਿਆਸ ਤੇ ਟੀਮ ਰਾਵੀ ਦਰਮਿਆਨ ਮੁਕਾਬਲਾ ਬਣ ਜਾਣ ਕਾਰਨ ਦੋਹਾਂ ਨੂੰ ਦੂਜੇ ਇਨਾਮ ਦੀ ਟਰਾਫੀ ਦੇ ਕੇ ਭੰਗੜੇ ਦਾ ਵਹਾਅ ਜਾਰੀ ਰੱਖਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਦੂਸਰੇ ਗਰੁੱਪ ਵਿੱਚ ਚਾਰ ਟੀਮਾਂ- ਟੀਮ ਪਟਿਆਲਾ, ਟੀਮ ਲਾਹੌਰ, ਟੀਮ ਮੁਲਤਾਨ ਅਤੇ ਟੀਮ ਸਿਆਲਕੋਟ ਸ਼ਾਮਲ ਸਨ। ਮੰਚ ਸੰਚਾਲਕ ਨੇ ਉਚੇਚਾ ਜ਼ਿਕਰ ਕੀਤਾ ਕਿ ਟੀਮਾਂ ਦੇ ਨਾਂ ਕਿਸੇ ਮਕਸਦ ਤਹਿਤ ਰੱਖੇ ਗਏ ਹਨ। ਇਸ ਗਰੁੱਪ ਦੇ 11 ਤੋਂ 18 ਸਾਲ ਦੇ ਭੰਗੜਚੀਆਂ ਦਾ ਜੋਸ਼ੀਲਾ ਭੰਗੜਾ ਅੱਡੀ ਥਿਰਕਾਉਣ ਨੂੰ ਉਕਸਾਉਂਦਾ ਸੀ। ਇਨ੍ਹਾਂ ਟੀਮਾਂ ਵਿੱਚੋਂ ਟੀਮ ਪਟਿਆਲਾ ਪਹਿਲੇ ਥਾਂ ਰਹੀ, ਜਦਕਿ ਟੀਮ ਮੁਲਤਾਨ ਦੂਜੇ ਅਤੇ ਟੀਮ ਲਾਹੌਰ ਤੀਜੇ ਥਾਂ ਰਹੀ। ਟੀਮ ਸਿਆਲਕੋਟ ਦੀ ਪੇਸ਼ਕਾਰੀ ਬਾਕਮਾਲ ਸੀ, ਇਸੇ ਕਰਕੇ ਇਸ ਟੀਮ ਨੂੰ ਸਾਰੇ ਮੁਕਾਬਲਿਆਂ ਤੋਂ ਉਤਾਂਹ ਰੱਖਿਆ ਗਿਆ ਤੇ ਇਸ ਨੂੰ ‘ਵਿਰਸਾ ਨਾਈਟ-2024’ ਸਮਾਗਮ ਦੀ ਬਿਹਤਰੀਨ ਟੀਮ ਐਲਾਨਿਆ ਗਿਆ।
ਤੀਜੇ ਗਰੁੱਪ ਵਿੱਚ 35 ਸਾਲ ਤੋਂ ਲੈ ਕੇ 55 ਸਾਲ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਦੱਸ ਦਿੱਤਾ ਕਿ ਨੱਚ ਕੇ ਰੂਹ ਖੁਸ਼ ਕਰਨੀ ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਪੰਜਾਬ ਦੇ ਖਿੱਤਿਆਂ ਨੂੰ ਬਿਆਨ ਕਰਦੀਆਂ ਟੀਮ ਮਾਝਾ, ਟੀਮ ਮਾਲਵਾ ਤੇ ਟੀਮ ਦੁਆਬਾ ਦੇ ਭੰਗੜਚੀਆਂ ਦੇ ਪੋਲੇ ਪੋਲੇ ਪੱਬਾਂ ਤੇ ਅੱਡੀਆਂ ਦੀ ਧਮਕ ਦਾ ਅਨੰਦ ਸਭ ਨੇ ਖੂਬ ਮਾਣਿਆ। ਮਿਲਵਾਕੀ ਦੀਆਂ ਮੁਟਿਆਰਾਂ ਦੀ ਲੁੱਡੀ ਟੀਮ ਨੇ ਦਿਲਟੁੰਬਵੀਂ ਤੇ ਲੈਅਮਈ ਪੇਸ਼ਕਾਰੀ ਕੀਤੀ ਸੀ, ਪਰ ਜੱਜਾਂ ਵੱਲੋਂ ਤਕਨੀਕੀ ਨੁਕਤਿਆਂ ਦੇ ਆਧਾਰ `ਤੇ ਦਿੱਤੇ ਫੈਸਲੇ ਕਾਰਨ ਇਨ੍ਹਾਂ ਵਿੱਚੋਂ ਟੀਮ ਮਾਲਵਾ ਨੂੰ ਜੇਤੂ ਟਰਾਫੀ ਪ੍ਰਾਪਤ ਕਰਨ ਦਾ ਸ਼ਰਫ ਹਾਸਲ ਹੋਇਆ।
ਮਹਿਮਾਨ ਮਲਵਈ ਗਿੱਧਾ ਟੀਮ ਦੀ ਪੇਸ਼ਕਾਰੀ ਨੇ ਵੀ ਲਾਈਵ ਬੋਲੀਆਂ ਪਾ ਕੇ ਜਲਵਾ ਦਿਖਾਇਆ। ਸ਼ਮਲੇ ਵਾਲੀਆਂ ਪੱਗਾਂ ਵਿੱਚ ਜੱਚਦੇ ‘ਚਿੱਟੇ ਚੋਬਰਾਂ’ ਦੇ ਹੱਥਾਂ ਵਿੱਚ ਫੜੀਆਂ ਕਾਟੋਆਂ, ਚਿਮਟਿਆਂ ਦੀ ਛਣ-ਛਣ, ਗੁਬਚੂਆਂ ਦੇ ਸੁਰ, ਢੋਲਕੀ ਤੇ ਸੱਪਾਂ (ਛਿੱਕਿਆਂ) ਦੀ ਲੈਅ-ਤਾਲ ਅਤੇ ਢੋਲ ਦੇ ਡੱਗੇ ਨੇ ਮਨਮੋਹਕ ਨਜ਼ਾਰਾ ਬੰਨ੍ਹ ਦਿੱਤਾ ਕਿ ਦਰਸ਼ਕਾਂ ਦੇ ਮੂੰਹੋਂ ‘ਛਾ ਗਏ ਬਈ ਛਾ ਗਏ’, ‘ਵਾਹ ਬਈ ਵਾਹ!’, ‘ਕਮਾਲ ਬਈ ਮੁੰਡਿਓ ਕਮਾਲ’ ਸਮੇਤ ਕਈ ਹੋਰ ਬੋਲ ਨਿਕਲ ਰਹੇ ਸਨ। ਇਸ ਟੀਮ ਦੀ ਪੇਸ਼ਕਾਰੀ ਦਾ ਨਜ਼ਾਰਾ ਕੁਝ ਵੱਖਰਾ ਹੀ ਸੀ, ਪਰ ਨਾਲ ਦੀ ਨਾਲ ਭੰਗੜੇ ਦੇ ਕੁਝ ਪਾਰਖੂਆਂ ਦੀ ਇਹ ਨਸੀਹਤ ਵੀ ਸੀ ਕਿ ਜੇ ਇਹ ਚੋਬਰ ਥੋੜ੍ਹਾ ਹੋਰ ਧਿਆਨ ਦੇਣ ਤਾਂ ਕਾਟੋ ਫੁੱਲਾਂ ਉਤੇ ਖੇਡਣ ਲਾ ਸਕਦੇ ਹਨ! ਢੋਲ `ਤੇ ਡੱਗਾ ਮਨਮੀਤ ਸਿੰਘ ਨੇ ਲਾਇਆ।
ਇਸ ਮੌਕੇ ਭਾਈਚਾਰੇ ਦੇ ਮੁਅੱਜਜ਼ ਮਹਿਮਾਨਾਂ- ਹਰਦਿਆਲ ਸਿੰਘ ਦਿਓਲ, ਦਵਿੰਦਰ ਸਿੰਘ ਰੰਗੀ, ਡਾ. ਹਰਗੁਰਮੁਖਪਾਲ ਸਿੰਘ, ਪਰਸ਼ਨ ਸਿੰਘ ਮਾਨ, ਸੰਨੀ ਕੁਲਾਰ, ਰੌਨੀ ਕੁਲਾਰ, ਲੱਕੀ ਸਹੋਤਾ, ਡਾ. ਹਰਜਿੰਦਰ ਸਿੰਘ ਖਹਿਰਾ, ਨਿਰਭੈਅ ਸਿੰਘ ਧਨੋਆ ਸਮੇਤ ਹੋਰ ਭਾਈਚਾਰਕ ਸ਼ਖਸੀਅਤਾਂ ਨੇ ਮਲਵਈ ਗਿੱਧਾ ਟੀਮ ਦਾ ਸਨਮਾਨ ਕੀਤਾ। ਅਮਨਦੀਪ ਕੁਲਾਰ ਨੇ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਅਮਰੀਕਪਾਲ ਸਿੰਘ ਦਾ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਪੇਸ਼ਕਾਰੀ ਲਈ ਟੀਮਾਂ ਦੇ ਪ੍ਰਬੰਧਨ ਵਿੱਚ ਬਲਰਾਜ ਸੋਹੀ, ਜਿਗਰਦੀਪ ਢਿੱਲੋਂ ਤੇ ਇੰਦਰ ਵਿਰਕ ਨੇ ਵੀ ਸਹਿਯੋਗ ਦਿੱਤਾ।
ਮੁਕਾਬਲੇ ਦੇ ਜੱਜਾਂ- ਸੁਧਾਰ ਕਾਲਜ ਦੇ ਸਾਬਕਾ ਕੋਚ ਪ੍ਰਭਜੀਤ ਦਿਓਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਕੋਚ ਤੇ ਗਾਇਕ ਹਰਮਨ ਰਣਵਿਜੇ ਅਤੇ ਜੀ.ਐਨ.ਈ. ਕਾਲਜ ਲੁਧਿਆਣਾ ਦੇ ਕੋਚ ਰਹੇ ਅਕਾਸ਼ਦੀਪ ਆਸ਼ੀ ਬੁੱਟਰ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ‘ਭੰਗੜਾ ਰਾਈਮਜ਼’ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਭੰਗੜੇ ਦੇ ਕੋਚ ਹਰਦਿਲ ਸਿੰਘ, ਹਰਕਮਲ ਸਿੱਧੂ, ਅਰਮਾਨਜੀਤ ਸਿੱਧੂ, ਹਰਕੋਮਲ ਚਾਹਲ, ਹਰਦਿਲ ਸਿੰਘ ਤੇ ਪਰਮ ਧਾਲੀਵਾਲ ਕੈਨੇਡਾ ਤੋਂ ਵਿਸ਼ੇਸ਼ ਤੌਰ `ਤੇ ਆਏ ਹੋਏ ਸਨ। ਸਮਾਗਮ ਦੇ ਅਖੀਰ ਵਿੱਚ ਜੱਜਾਂ, ਭੰਗੜਾ ਕੋਚ ਤੇ ਹੋਰਾਂ ਨੇ ਭੰਗੜਾ ਪੇਸ਼ ਕਰਕੇ ਕਾਲਜ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾਈ।
ਲੋਕ ਨਾਚਾਂ ਦੀ ਛਹਿਬਰ ਨੂੰ ਸੁਰਾਂ ਦੀ ਛਹਿਬਰ ਬਣਾਉਂਦਿਆਂ ਸੁਖਪਾਲ ਗਿੱਲ ਨੇ ਇੱਕ ਗੀਤ ਪੇਸ਼ ਕੀਤਾ ਅਤੇ ‘ਹੀਰ’ ਦੇ ਕੁਝ ਬੰਦ ਸੁਣਾਏ। ਸ਼ਿਕਾਗੋ ਦੀ ‘ਸੁਖਨਵਰ’ ਸੰਸਥਾ ਦੇ ਨੁਮਾਇੰਦੇ ਤੇ ਪਾਕਿਸਤਾਨੀ ਮੂਲ ਦੇ ਸ਼ਾਇਰ ਜਨਾਬ ਆਬਿਦ ਰਸ਼ੀਦ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਜ਼ਿਕਰ ਕੀਤਾ ਅਤੇ ਆਪਣੀ ਇੱਕ ਕਵਿਤਾ ਪੜ੍ਹੀ।
ਮੰਚ ਸੰਚਾਲਕ ਗੁਰਮੁਖ ਸਿੰਘ ਭੁੱਲਰ ਨੇ ਦੱਸਿਆ ਕਿ ਨਿਰੋਲ ਲੋਕ ਨਾਚ ਸੰਸਥਾ- ਭੰਗੜਾ ਰਾਈਮਜ਼ ਸ਼ਿਕਾਗੋ ਦੀ ਸ਼ੁਰੂਆਤ ਅਮਨਦੀਪ ਸਿੰਘ ਕੁਲਾਰ ਨੇ ਸਾਲ 2021 ‘ਚ ਕੀਤੀ ਸੀ। ਅਮਨਦੀਪ ਪੰਜਾਬੀ ਲੋਕ ਨਾਚਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਫੈਸਟੀਵਲ, ਜੋਨ ਤੇ ਇੰਟਰ ਜੋਨ ਜਿੱਤ ਚੁਕਾ ਹੈ। ਮੰਚ ਸੰਚਾਲਕ ਨੇ ਸ਼ੇਅਰੋ-ਸ਼ਾਇਰੀ ਨਾਲ ਮੰਚ ਦੀ ਵਾਗਡੋਰ ਸੰਭਾਲੀ ਰੱਖੀ। ਹਰ ਟੀਮ ਦੀ ਪੇਸ਼ਕਾਰੀ ਤੋਂ ਪਹਿਲਾਂ ਉਹ ਟੀਮ ਨਾਲ ਤੁਆਰਫ ਕਰਵਾਉਂਦੇ ਅਤੇ ਫਿਰ ਸ਼ਾਇਰੀ `ਚ ਭਿੱਜੇ ਬੋਲਾਂ ਰਾਹੀਂ ਕਾਰਵਾਈ ਅਗਾਂਹ ਤੋਰ ਦਿੰਦੇ। ਪੇਸ਼ ਹਨ, ਕੁਝ ਸ਼ੇਅਰਾਂ ਦੀਆਂ ਸਤਰਾਂ,
ਭਲਾ ਸਰਬੱਤ ਦਾ ਹੈ ਕੌਮ ਜਿਹੜੀ ਮੰਗਦੀ
ਉਹਦੇ ਵਿੱਚ ਤੁਸੀਂ ਜੰਮੇ ਜਾਏ ਹੋ ਪੰਜਾਬੀਓ,
ਦਿਲਾਂ ਦੀ ਫਕੀਰੀ ਤੁਹਾਨੂੰ ਮਿਲੀ ਬਾਬੇ ਨਾਨਕ ਤੋਂ
ਤੁਸੀਂ ਉਸੇ ਹੀ ਸਕੂਲ ਦੇ ਪੜ੍ਹਾਏ ਹੋ ਪੰਜਾਬੀਓ,
ਪੁੱਤਰਾਂ ਦਾ ਦਾਨੀ ਜਿਹਦੀ ਮਿਲੇ ਨਾ ਮਿਸਾਲ ਕਿਤੇ
ਤੁਸੀਂ ਉਹਦੇ ਹੱਥੀਂ ਬੂਟੇ ਲਾਏ ਹੋ ਪੰਜਾਬੀਓ।
—
ਸਾਨੂੰ ਪਰਦੇਸੀਆਂ ਨੂੰ ਹੀ ਆਉਂਦਾ ਹੈ ਹੁਣ ਹੇਜ ਪੰਜਾਬੀ ਦਾ
ਵਿੱਚ ਪੰਜਾਬ ਦੇ ਰਿਹਾ ਨਹੀਂ ਬਹੁਤਾ ਕਰੇਜ ਪੰਜਾਬੀ ਦਾ
ਬੱਚਿਆਂ ਨੂੰ ਉੱਥੇ ਇੰਗਲਿਸ਼ ਸਬਜੈਕਟ ਪੜ੍ਹਾਉਂਦੇ ਨੇ
ਹਿੰਦੀ ਬਣੀ ਸਟੇਟਸ ਅਤੇ ਪਰਹੇਜ਼ ਪੰਜਾਬੀ ਦਾ।
—
ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ
ਮੂੰਹ ਸਵਾਰਨ ਦੀ ਕੋਈ ਵੀ ਰੀਝ ਨਾ ਹੁੰਦੀ,
ਖੂਬਸੂਰਤੀ ਦੇ ਵੀ ਅਲੱਗ ਪੈਮਾਨੇ ਹੋਣੇ ਸੀ
ਲੋਕ ਸ਼ਕਲਾਂ ਦੇ ਨਹੀਂ ਰੂਹਾਂ ਦੇ ਦੀਵਾਨੇ ਹੋਣੇ ਸੀ।
ਭੰਗੜਾ ਕੋਚ ਅਮਨਦੀਪ ਸਿੰਘ ਕੁਲਾਰ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਸਾਰਾ ਜ਼ੋਰ ਲੋਕ ਨਾਚਾਂ ਦੀ ਪੇਸ਼ਕਾਰੀ ‘ਤੇ ਲਾਇਆ ਗਿਆ ਹੈ। ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਤਰਾਸ਼ਣਾ ਅਤੇ ਅਸਲ ਭੰਗੜੇ ਤੋਂ ਜਾਣੂੰ ਕਰਵਾਉਣਾ ਹੈ। ਅਮਨਦੀਪ ਨੇ ਭੰਗੜੇ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦੇਣ ਤੋਂ ਇਲਾਵਾ ਦੱਸਿਆ ਕਿ ਸੰਸਥਾ ਦਾ ਮੁੱਖ ਮੰਤਵ ਬਾਹਰਲੇ ਮੁਲਕ ‘ਚ ਜੰਮੇ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਲੋਕ ਨਾਚ ਨਾਲ ਜੋੜਨਾ ਹੈ। ਉਸ ਨੇ ਕਿਹਾ ਕਿ ਸਾਨੂੰ ਲੋੜ ਹੈ ਆਪਣੇ ਅਸਲੀ ਨਾਚਾਂ ਨੂੰ ਸਮਝਣ ਤੇ ਸਿੱਖਣ ਦੀ। ਉਸ ਦਾ ਦਾਅਵਾ ਹੈ ਕਿ ਆਪਣੇ ਅਸਲੀ ਪੰਜਾਬੀ ਸੱਭਿਆਚਾਰ ਤੇ ਨਾਚਾਂ ਨੂੰ ਲੋਕਾਂ ਤੱਕ ਲੈ ਕੇ ਆਉਣਾ ਹੀ ਭੰਗੜਾ ਰਾਈਮਜ਼ ਦਾ ਮੁੱਖ ਮੰਤਵ ਹੈ। ਉਸ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਉਹ ਹੋਰ ਵੀ ਵਧੀਆ ਟੀਮਾਂ ਲੈ ਕੇ ਭਾਈਚਾਰੇ ਦੇ ਰੂਬਰੂ ਹੋਵੇਗਾ। ਅਮਨਦੀਪ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਟੀਮਾਂ ਦੀ ਮੰਚ ਉਤੇ ਪੇਸ਼ਕਾਰੀ ਦੌਰਾਨ ਚੱਲਣ ਵਾਲੇ ਗੀਤਾਂ ਦੀ ਵੀ ਵਿਸ਼ੇਸ਼ ਚੋਣ ਕੀਤੀ ਗਈ। ਟੀਮਾਂ ਦੀ ਵਰਦੀ ਤੋਂ ਲੈ ਕੇ ਨਾਂਵਾਂ ਤੱਕ ਖਾਸ ਖਿਆਲ ਰੱਖਿਆ ਗਿਆ ਹੈ।
ਵਰਦੀਆਂ ਵਿੱਚ ਬੱਚੇ ਤੇ ਵੱਡੇ ਖੂਬ ਜਚ ਰਹੇ ਸਨ। ਮੁੰਡਿਆਂ ਦੀ ਵਰਦੀ ‘ਚ ਕੁੜਤਾ, ਚਾਦਰਾ, ਪੱਗ, ਕੈਂਠਾ, ਤਵੀਤੜੀ, ਫੁੰਮਣ ਸ਼ਿੰਗਾਰ ਸਨ; ਜਦਕਿ ਕੁੜੀਆਂ ਦੀਆਂ ਵਰਦੀਆਂ ਦੀ ਖਿੱਚ ਵੀ ਵਿਸ਼ੇਸ਼ ਸੀ- ਕੁੜਤੀ, ਸਲਵਾਰ, ਟਿੱਕਾ, ਪਿੱਪਲ ਪੱਤੀਆਂ ਨੇ ਮੁਟਿਆਰਾਂ ਦੇ ਰੂਪ ਨੂੰ ਚਾਰ ਚੰਨ ਲਾਏ। ਇਸ ਮੌਕੇ ਪਹੁੰਚੀਆਂ ਕੁਝ ਬੀਬੀਆਂ ਨੇ ਬੱਚਿਆਂ ਦੀਆਂ ਵਰਦੀਆਂ ਦੀ ਉਚੇਚੀ ਤਾਰੀਫ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀ ਜੱਜ, ਕਮਲਜੀਤ ਸਿੰਘ ਘੁਮਾਣ, ਹਰਵੀਰ ਸਿੰਘ ਵਿਰਕ, ਪੀਟ ਦਿਓਲ, ਬਿਕਰਮ ਚੌਹਾਨ, ਸੁਰਿੰਦਰ ਸਿੰਘ ਸੰਘਾ, ਬਲਜੀਤ ਟਿਵਾਣਾ, ਹਰਪ੍ਰੀਤ ਗਿੱਲ, ਯਾਦਵਿੰਦਰ ਗਿੱਲ, ਜਗਦੀਪ ਬਰਿਆਣਾ, ਮਨਦੀਪ ਨਿੱਜਰ, ਰਿਐਲਟਰ ਪ੍ਰਦੀਪ ਕਾਹਲੋਂ, ਰਿਐਲਟਰ ਕੁਲਜੀਤ ਸਿੰਘ, ਰਿਐਲਟਰ ਧਨਵੰਤ (ਡੈਨੀ) ਸਿੰਘ, ਗੁਰਲਾਭ ਸਿੰਘ, ਜਸਪਾਲ ਮਾਹਿਲਪੁਰੀਆ, ਅਵਤਾਰ ਸਿੰਘ ਔਲਖ, ਸਰਵਣ ਸਿੰਘ ਰਾਜੂ, ਜਸਪਾਲ ਸਿੰਘ ਕਲੇਰ, ਰਣਜੋਧ ਸਿੰਘ ਅਤੇ ਨਾਜ਼ਰ ਸਿੰਘ ਗਿੱਲ ਵਾਕੀਗਨ ਵੀ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਮਿਲਵਾਕੀ ਤੋਂ ਜਸਵੰਤ ਸਿੰਘ, ਸਨੀ ਬਰਾੜ, ਦਿਲਜੀਤ ਬਰਾੜ, ਹਰਜਿੰਦਰ ਸਿੰਘ ਚਾਹਲ ਅਤੇ ਢਿੱਲੋਂ, ਹੰਸੀ, ਮਾਹਲ, ਗਿੱਲ, ਕਾਲੀਰਾਏ, ਸਿੱਧੂ, ਰੰਧਾਵਾ, ਚਾਹਲ ਤੇ ਗਰੇਵਾਲ ਪਰਿਵਾਰ ਵੀ ਪਹੁੰਚੇ ਹੋਏ ਸਨ।