ਖਿਡਾਰੀ ਪੰਜ-ਆਬ ਦੇ (13)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚ ਇੱਕ ਬਾਬਰ ਆਜ਼ਮ ਦੇ ਖੇਡ ਜੀਵਨ ਦਾ ਸੰਖੇਪ ਵੇਰਵਾ ਹੈ। ਉਸ ਦੀ ਖੂਬੀ ਹੈ ਕਿ ਉਹ ਕ੍ਰਿਕਟ ਖੇਡ ਦੇ ਤਿੰਨੇ ਫਾਰਮੈਟਾਂ- ਟੈਸਟ, ਇੱਕ ਰੋਜ਼ਾ ਅਤੇ ਟਵੰਟੀ-20 ਵਿੱਚ ਸਿਖਰ ਉਤੇ ਕਾਬਜ਼ ਹੈ। ਪਾਕਿਸਤਾਨ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ‘ਸਿਤਾਰਾ-ਏ-ਇਮਤਿਆਜ਼’ ਹਾਸਲ ਕਰਨ ਵਾਲਾ ਉਹ ਪਾਕਿਸਤਾਨ ਦਾ ਸਭ ਤੋਂ ਨੌਜਵਾਨ ਕ੍ਰਿਕਟਰ ਹੈ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਬਾਬਰ ਆਜ਼ਮ ਮੌਜੂਦਾ ਦੌਰ ਵਿੱਚ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਮੌਜੂਦਾ ਦੌਰ ਵਿੱਚ ਉਹ ਵਾਹਦ ਅਜਿਹਾ ਇਕਲੌਤਾ ਬੱਲੇਬਾਜ਼ ਹੈ, ਜਿਹੜਾ ਕ੍ਰਿਕਟ ਖੇਡ ਦੇ ਤਿੰਨੇ ਫਾਰਮੈਟਾਂ- ਟੈਸਟ, ਇੱਕ ਰੋਜ਼ਾ ਅਤੇ ਟਵੰਟੀ-20 ਵਿੱਚ ਸਿਖਰ ਉਤੇ ਕਾਬਜ਼ ਹੈ। ਮੌਜੂਦਾ ਸਮੇਂ ਹੋਰ ਕੋਈ ਵੀ ਬੱਲੇਬਾਜ਼ ਤਿੰਨੇ ਫਾਰਮੈਟਾਂ ਵਿੱਚ ਪਹਿਲੇ ਦਸਾਂ ਵਿੱਚ ਵੀ ਸ਼ਾਮਲ ਨਹੀਂ। ਵਿਸ਼ਵ ਰੈਂਕਿੰਗ ਵਿੱਚ ਬਾਬਰ ਇੱਕ ਰੋਜ਼ਾ ਵਿੱਚ ਪਹਿਲੇ, ਟਵੰਟੀ-20 ਵਿੱਚ ਚੌਥੇ ਤੇ ਟੈਸਟ ਵਿੱਚ ਪੰਜਵੇਂ ਨੰਬਰ ਉਤੇ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਮਾੜੇ ਦੌਰ ਦੀ ਤਿੱਖੜ ਦੁਪਹਿਰ ਵਿੱਚ ਵੀ ਉਹ ਠੰਢੀ ਹਵਾ ਦਾ ਬੁੱਲ੍ਹਾ ਬਣ ਕੇ ਵਗਿਆ। ਸੋਸ਼ਲ ਮੀਡੀਆ ਉਪਰ ਬਾਬਰ ਆਜ਼ਮ ਦੀ ਤੁਲਨਾ ਵਿਰਾਟ ਕੋਹਲੀ ਦੇ ਬਰਾਬਰ ਹੁੰਦੀ ਹੈ ਅਤੇ ਕਈ ਮਾਹਿਰ ਉਸ ਨੂੰ ਵਿਰਾਟ ਨਾਲੋਂ ਵੀ ਬਿਹਤਰ ਮੰਨਦੇ ਹਨ। ਮੌਜੂਦਾ ਦੌਰ ਵਿੱਚ ਵਿਰਾਟ ਤੇ ਬਾਬਰ ਦੋ ਸਿਖਰਲੇ ਬੱਲੇਬਾਜ਼ ਹਨ, ਜਿਨ੍ਹਾਂ ਨੂੰ ਸਾਹਮਣੇ ਖੜ੍ਹਿਆ ਦੇਖ ਕੇ ਹਰ ਗੇਂਦਬਾਜ਼ ਇੱਕ ਵਾਰ ਸੋਚੀਂ ਪੈ ਜਾਂਦਾ ਹੈ।
ਬਾਬਰ ਆਜ਼ਮ ਦਾ ਜਨਮ 15 ਅਕਤੂਬਰ 1994 ਨੂੰ ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਹੋਇਆ। ਕ੍ਰਿਕਟ ਖੇਡ ਦੀ ਚਿਣਗ ਉਸ ਨੂੰ ਪਰਿਵਾਰ ਵਿੱਚੋਂ ਹੀ ਲੱਗੀ। ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਕਾਮਰਾਨ ਅਕਮਲ, ਉਮਰ ਅਕਮਲ ਤੇ ਅਦਨਾਨ ਅਕਮਲ, ਬਾਬਰ ਦੇ ਚਚੇਰੇ ਭਰਾ ਸਨ। ਆਪਣੇ ਤਾਏ ਦੇ ਮੁੰਡਿਆਂ ਨੂੰ ਖੇਡਦਾ ਦੇਖ ਕੇ ਬਾਬਰ ਇਸ ਖੇਡ ਵੱਲ ਖਿੱਚਿਆ ਆਇਆ। ਉਸ ਨੇ ਸ਼ੁਰੂਆਤ ਲਾਹੌਰ ਦੇ ਮਸ਼ਹੂਰ ਗੱਦਾਫੀ ਸਟੇਡੀਅਮ ਤੋਂ ਬਾਲ ਬੁਆਏ ਵਜੋਂ ਕੀਤੀ। 2006 ਤੇ 2008 ਵਿੱਚ ਪਾਕਿਸਤਾਨ ਵੱਲੋਂ ਖੇਡੀ ਗਈ ਘਰੇਲੂ ਲੜੀ ਦੇ ਮੈਚਾਂ ਵਿੱਚ 12-14 ਵਰਿ੍ਹਆਂ ਦੀ ਉਮਰੇ ਬਾਬਰ ਲਾਹੌਰ ਸਟੇਡੀਅਮ ਵਿੱਚ ਬਾਊਂਡਰੀ ਪਾਰ ਤੋਂ ਗੇਂਦਾਂ ਵਾਪਸ ਗਰਾਊਂਡ ਵਿੱਚ ਸੁੱਟਦਾ ਸੀ।
ਸਾਲ 2006 ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਸ ਵੇਲੇ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਸ਼ਾਹਿਦ ਅਫਰੀਦੀ, ਇੰਜ਼ਮਾਮ ਉਲ ਹੱਕ, ਮੁਹੰਮਦ ਯੂਸਫ (ਯੂਸਫ ਯੋਹਾਨਾ), ਸ਼ੋਇਬ ਮਲਿਕ, ਯੂਨਿਸ ਖਾਨ, ਕਾਮਰਾਨ ਅਕਮਲ (ਬਾਬਰ ਦਾ ਚਚੇਰਾ ਭਰਾ) ਜਿਹੇ ਧੱਕੜ ਬੱਲੇਬਾਜ਼ ਖੇਡਦੇ ਸਨ, ਪਰ ਉਸ ਵੇਲੇ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਬਾਲ ਬੁਆਏ ਬਾਬਰ ਕਿਸੇ ਵੇਲੇ ਵਿਸ਼ਵ ਕ੍ਰਿਕਟ ਦਾ ਅਜਿਹਾ ਬੱਲੇਬਾਜ਼ ਬਣੇਗਾ, ਜੋ ਗੇਂਦਬਾਜ਼ਾਂ ਦੀਆਂ ਬਾਲਾਂ ਨੂੰ ਬੱਲੇ ਨਾਲ ਬਾਊਂਡਰੀ ਪਾਰ ਕਰ-ਕਰ ਕੇ ਵਖਤ ਪਾ ਦਿਆ ਕਰੇਗਾ। ਬਾਬਰ ਨੇ ਇੰਨੀਆਂ ਬਾਲਾਂ ਬਾਲ ਬੁਆਏ ਵਜੋਂ ਬਾਊਂਡਰੀ ਤੋਂ ਵਾਪਸ ਨਹੀਂ ਸੁੱਟੀਆਂ ਹੋਣੀਆਂ, ਜਿੰਨੀਆਂ ਉਸ ਨੇ ਬਾਅਦ ਵਿੱਚ ਬੱਲੇਬਾਜ਼ ਵਜੋਂ ਬਾਊਂਡਰੀ ਪਾਰ ਕੀਤੀਆਂ।
ਕ੍ਰਿਕਟ ਕੋਚ ਰਾਣਾ ਸਦੀਕ ਕੋਲੋਂ ਕ੍ਰਿਕਟ ਖੇਡ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਬਾਬਰ ਨੇ ਪੱਕੇ ਪੈਰੀਂ ਖੇਡ ਵਿੱਚ ਦਾਖਲਾ ਪਾਇਆ ਅਤੇ ਪਾਕਿਸਾਨ ਦੀ ਅੰਡਰ-19 ਟੀਮ ਤੋਂ ਕੌਮਾਂਤਰੀ ਕਰੀਅਰ ਸ਼ੁਰੂ ਕੀਤਾ। ਮਈ 2015 ਵਿੱਚ ਬਾਬਰ ਨੇ ਜ਼ਿੰਬਾਬਵੇ ਖ਼ਿਲਾਫ ਆਪਣਾ ਪਹਿਲਾ ਕੌਮਾਂਤਰੀ ਇੱਕ ਰੋਜ਼ਾ ਮੈਚ ਖੇਡਿਆ ਅਤੇ ਪਲੇਠੇ ਹੀ ਮੈਚ ਵਿੱਚ ਅਰਧ ਸੈਂਕੜਾ ਜੜਿਆ। 2016 ਵਿੱਚ ਵੈਸਟ ਇੰਡੀਜ਼ ਟੀਮ ਖਿਲਾਫ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਬਾਬਰ ਦਾ ਬੱਲਾ ਖੂਬ ਬੋਲਿਆ। ਇਸ ਲੜੀ ਦੇ ਤਿੰਨੇ ਮੈਚਾਂ ਵਿੱਚ ਬਾਬਰ ਨੇ ਸੈਂਕੜੇ ਜੜੇ। ਤਿੰਨ ਸੈਂਕੜਿਆਂ ਦੀ ਮੱਦਦ ਨਾਲ ਉਸ ਨੇ ਲੜੀ ਵਿੱਚ 360 ਦੌੜਾਂ ਬਣਾਈਆਂ ਅਤੇ ਉਹ ਤਿੰਨ ਮੈਚਾਂ ਦੀ ਲੜੀ ਵਿੱਚ 350 ਤੋਂ ਵੱਧ ਦੌੜਾਂ ਬਣਾਉਣ ਵਾਲਾ ਇਕਲੌਤਾ ਬੱਲੇਬਾਜ਼ ਬਣ ਗਿਆ।
ਅਕਤੂਬਰ 2016 ਵਿੱਚ ਬਾਬਰ ਨੇ ਵੈਸਟ ਇੰਡੀਜ਼ ਖਿਲਾਫ ਆਪਣਾ ਪਹਿਲਾ ਟੈਸਟ ਖੇਡਿਆ ਅਤੇ ਪਹਿਲੀ ਪਾਰੀ ਵਿੱਚ 69 ਦੌੜਾਂ ਦੀ ਪਾਰੀ ਖੇਡੀ। 2017 ਵਿੱਚ ਬਾਬਰ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਕੁੱਲ 1000 ਦੌੜਾਂ ਪਾਰ ਕੀਤੀਆਂ ਅਤੇ ਉਹ ਸਭ ਤੋਂ ਤੇਜ਼ ਇੱਕ ਹਜ਼ਾਰ ਦੌੜਾਂ ਬਣਾਉਣ ਵਿੱਚ ਫਖ਼ਰ ਜ਼ਮਾਨ (21 ਪਾਰੀਆਂ) ਦੇ ਬਰਾਬਰ ਆ ਗਿਆ। 2019 ਵਿੱਚ ਬਾਬਰ ਨੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। ਇਸ ਵਿਸ਼ਵ ਕੱਪ ਵਿੱਚ ਉਸ ਨੇ 8 ਮੈਚਾਂ ਵਿੱਚ ਕੁੱਲ 474 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਵੱਲੋਂ ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ। ਉਸ ਨੇ ਜਾਵੇਦ ਮਿਆਂਦਾਦ ਦਾ ਰਿਕਾਰਡ ਤੋੜਿਆ। ਬਾਬਰ ਲਗਾਤਾਰ ਦੋ ਸਾਲ ਇੱਕ ਰੋਜ਼ਾ ਵਿੱਚ ਆਈ.ਸੀ.ਸੀ. ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਖਿਡਾਰੀ ਬਣਿਆ। 2020 ਵਿੱਚ ਬਾਬਰ ਨੂੰ ਬੰਗਲਾਦੇਸ਼ ਖਿਲਾਫ਼ ਕਪਤਾਨੀ ਮਿਲੀ।
ਸਾਲ 2021 ਵਿੱਚ ਬਾਬਰ ਨੇ 76ਵੀਂ ਪਾਰੀ ਖੇਡਦਿਆਂ 13ਵਾਂ ਸੈਂਕੜਾ ਜੜ ਕੇ ਸਭ ਤੋਂ ਤੇਜ਼ੀ ਨਾਲ 13 ਸੈਂਕੜੇ ਬਣਾਉਣ ਦਾ ਰਿਕਾਰਡ ਵੀ ਤੋੜਿਆ। ਇਸ ਦੇ ਨਾਲ ਹੀ ਉਹ ਵਿਰਾਟ ਕੋਹਲੀ ਨੂੰ ਪਛਾੜ ਕੇ ਵਿਸ਼ਵ ਦਾ ਨੰਬਰ ਇੱਕ, ਇੱਕ ਰੋਜ਼ਾ ਬੱਲੇਬਾਜ਼ ਬਣਿਆ। ਇਸੇ ਸਾਲ ਹੀ ਬਾਬਰ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਅਤੇ ਤੇਜ਼ ਫਾਰਮੈਟ ਟਵੰਟੀ-20 ਵਿੱਚ ਦੱਖਣੀ ਅਫਰੀਕਾ ਖਿਲਾਫ 122 ਦੌੜਾਂ ਦੀ ਪਾਰੀ ਨਾਲ ਟਵੰਟੀ-20 ਦਾ ਪਹਿਲਾ ਸੈਂਕੜਾ ਲਗਾਇਆ। ਇਸੇ ਸਾਲ ਟਵੰਟੀ-20 ਵਿਸ਼ਵ ਕੱਪ ਵਿੱਚ 303 ਦੌੜਾਂ ਬਣਾਈਆਂ। ਇੱਕ ਰੋਜ਼ਾ ਕ੍ਰਿਕਟ ਵਿੱਚ ਬਾਬਰ 18 ਸੈਂਕੜਿਆਂ ਤੱਕ ਸਭ ਤੋਂ ਤੇਜ਼ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਹੈ। ਕਿਸੇ ਇੱਕ ਮੁਲਕ (ਯੂ.ਏ.ਈ.) ਵਿੱਚ ਲਗਾਤਾਰ ਪੰਜ ਸੈਂਕੜੇ ਲਗਾਉਣ ਵਾਲਾ ਉਹ ਇਕਲੌਤਾ ਬੱਲੇਬਾਜ਼ ਹੈ। ਦੋ ਵਾਰ ਲਗਾਤਾਰ ਤਿੰਨ ਸੈਂਕੜੇ ਬਣਾਉਣ ਵਾਲਾ ਵੀ ਪਹਿਲਾ ਬੱਲੇਬਾਜ਼ ਹੈ। ਤਿੰਨੇ ਫਾਰਮੈਟਾਂ ਵਿੱਚ ਸੈਂਕੜੇ ਲਗਾਉਣ ਵਾਲਾ ਉਹ ਤੀਜਾ ਪਾਕਿਸਤਾਨੀ ਹੈ। ਪਾਕਿਸਤਾਨ ਵੱਲੋਂ ਸਾਰੇ ਫਾਰਮੈਟ ਮਿਲਾ ਕੇ ਉਹ ਸਭ ਤੋਂ ਵੱਧ (31) ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਹੈ। ਟਵੰਟੀ-20 ਵਿੱਚ ਪਾਕਿਸਤਾਨ ਵੱਲੋਂ ਉਹ ਸਰਵੋਤਮ ਸਕੋਰ ਬਣਾਉਣ ਵਾਲਾ ਬੱਲੇਬਾਜ਼ ਹੈ।
ਬਾਬਰ ਨੇ ਕ੍ਰਿਕਟ ਦੇ ਤਿੰਨੇ ਫਾਰਮੈਟਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਵੀ ਕੀਤੀ। ਨਵੰਬਰ 2023 ਵਿੱਚ ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਉਸ ਨੇ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਛੱਡ ਦਿੱਤੀ। ਹੁਣ ਉਹ ਬਤੌਰ ਬੱਲੇਬਾਜ਼ ਟੀਮ ਦਾ ਅਹਿਮ ਹਿੱਸਾ ਹੈ। ਬਾਬਰ ਨੇ ਆਪਣੇ ਇੱਕ ਦਹਾਕੇ ਦੇ ਖੇਡ ਕਰੀਅਰ ਵਿੱਚ ਹੁਣ ਤੱਕ 52 ਟੈਸਟ ਮੈਚਾਂ ਵਿੱਚ 45.85 ਦੀ ਔਸਤ ਨਾਲ 3898 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ 9 ਸੈਂਕੜੇ ਅਤੇ 26 ਅਰਧ ਸੈਂਕੜੇ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ 117 ਮੈਚਾਂ ਵਿੱਚ 56.72 ਦੀ ਔਸਤ ਨਾਲ ਕੁੱਲ 5729 ਦੌੜਾਂ ਬਣਾਈਆਂ ਹਨ ਅਤੇ 19 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ ਹਨ। ਟਵੰਟੀ-20 ਵਿੱਚ 107 ਮੈਚਾਂ ਵਿੱਚ 42.13 ਦੀ ਔਸਤ ਨਾਲ ਕੁੱਲ 3666 ਦੌੜਾਂ ਬਣਾਈਆਂ ਹਨ ਅਤੇ 3 ਸੈਂਕੜੇ ਤੇ 33 ਅਰਧ ਸੈਂਕੜੇ ਜੜੇ ਹਨ। ਤਿੰਨੇ ਫਾਰਮੈਟਾਂ ਵਿੱਚ ਉਸ ਦਾ ਸਰਵੋਤਮ ਸਕੋਰ ਕ੍ਰਮਵਾਰ 196, 158 ਤੇ ਨਾਬਾਦ 122 ਹਨ।
ਆਪਣੇ ਖੇਡ ਕਰੀਅਰ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਬਾਬਰ ਪੰਜ ਸਾਲ ਪਾਕਿਸਤਾਨ ਵੱਲੋਂ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਅਤੇ ਟੈਸਟ ਵਿੱਚ ਤਿੰਨ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਾਕਿਸਤਾਨੀ ਬੱਲੇਬਾਜ਼ ਹੈ। 97 ਮੈਚਾਂ ਨਾਲ ਸਭ ਤੋਂ ਤੇਜ਼ 5000 ਦੌੜਾਂ ਬਣਾਈਆਂ। ਬਾਬਰ ਨੂੰ ਸਾਲ 2022 ਵਿੱਚ ਆਈ.ਸੀ.ਸੀ. ਦੀ ਇੱਕ ਰੋਜ਼ਾ ਟੀਮ ਦਾ ਕਪਤਾਨ ਚੁਣਿਆ ਗਿਆ। ਬਾਬਰ ਦੀਆਂ ਪ੍ਰਾਪਤੀਆਂ ਬਦਲੇ ਪਾਕਿਸਤਾਨ ਸਰਕਾਰ ਨੇ ਉਸ ਨੂੰ ‘ਸਿਤਾਰਾ-ਏ-ਇਮਤਿਆਜ਼’ ਦੇ ਖਿਤਾਬ ਨਾਲ ਸਨਮਾਨਿਆ, ਜੋ ਪਾਕਿਸਤਾਨ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਹੈ। 28 ਸਾਲ ਦੀ ਉਮਰੇ ਇਹ ਸਨਮਾਨ ਹਾਸਲ ਕਰਨ ਵਾਲਾ ਉਹ ਪਾਕਿਸਤਾਨ ਦਾ ਸਭ ਤੋਂ ਨੌਜਵਾਨ ਕ੍ਰਿਕਟਰ ਹੈ। ਬਾਬਰ ਨੂੰ ਰਿੱਕੀ ਪੌਂਟਿੰਗ ਜਿੱਥੇ ਵਿਸ਼ਵ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਦਾ ਹੈ, ਉਥੇ ਮਾਈਕਲ ਵੌਨ ਉਸ ਨੂੰ ਵਿਸ਼ਵ ਦਾ ਨੰਬਰ ਇੱਕ ਟੈਸਟ ਬੱਲੇਬਾਜ਼ ਮੰਨਦਾ ਹੈ। ਨਾਸਿਰ ਹੁਸੈਨ ਉਸ ਨੂੰ ਵਿਸ਼ਵ ਦੇ ਮੌਜੂਦਾ ਦੌਰ ਦੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ੁਮਾਰ ਕਰਦਾ ਹੈ।