ਪੰਜਾਬ `ਤੇ ਈਸਾਈ ਹਮਲਾ! (2)
ਪੰਜਾਬ `ਤੇ ਈਸਾਈ ਹਮਲੇ ਦੇ ਖਦਸ਼ੇ ਬਾਬਤ ਇਹ ਲੇਖ ਪੰਜਾਬ ਵਿਚਲੀਆਂ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਸਿੱਖੀ ਪ੍ਰਚਾਰ ਦੇ ਪਸਾਰ ਅਤੇ ਸਿੱਖੀ ਵਿੱਚ ਜਾਤ-ਪਾਤ ਦੇ ਵਧਣ ਪ੍ਰਤੀ ਉਨ੍ਹਾਂ ਦੀ ਕਥਿਤ ਚੁੱਪ ਉਤੇ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਸਭ ਕਿਉਂ ਤੇ ਕਿੰਨਾ ਚਿਰ ਹੋਰ? ਵੈਸੇ ਤਾਂ ਧਰਮ ਪਰਿਵਰਤਨ ਕਰਨਾ ਹਰ ਇੱਕ ਦਾ ਨਿੱਜੀ ਮਸਲਾ ਹੈ, ਪਰ ਇਸ ਲੇਖ ਵਿੱਚ ਲੇਖਕ ਵੱਲੋਂ ਉਠਾਏ ਗਏ ਅਹਿਮ ਨੁਕਤੇ, ਕਾਰਨ ਤੇ ਚਿੰਤਾ ਅਤੇ ਈਸਾਈ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਦੇ ਕਥਿਤ ਨੀਵੀਂ ਜਾਤ ਦੇ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਬਣਨ ਲਈ ਪ੍ਰੇਰਿਤ ਕਰਨ ਦੀ ਕਵਾਇਦ, ਇੱਕ ਗੰਭੀਰ ਮਸਲਾ ਹੈ; ਖਾਸ ਕਰ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣਾ! ਸਿੱਖ ਸਿਆਸਤਦਾਨਾਂ, ਨੁਮਾਇੰਦਿਆਂ ਤੇ ਸੰਸਥਾਵਾਂ ਦੇ ਅਵੇਸਲੇਪਨ ਪ੍ਰਤੀ ਇਹ ਲੇਖ ਪਾਠਕਾਂ ਲਈ ਜਾਣਕਾਰੀ ਹਿੱਤ ਛਾਪਿਆ ਜਾ ਰਿਹਾ ਹੈ। ਇਸ ਲੇਖ ਵਿਚਲੇ ਤੱਥਾਂ ਜਾਂ ਦਲੀਲਾਂ ਨਾਲ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ ਜਰੂਰੀ ਨਹੀਂ। ਪੇਸ਼ ਹੈ, ਲੇਖ ਦੀ ਦੂਜੀ ਕਿਸ਼ਤ…
ਸੰਤੋਖ ਸਿੰਘ ਬੈਂਸ
ਫੋਨ: 312-351-3967
ਦਰਬਾਰ ਸਾਹਿਬ ਕੰਪਲੈਕਸ ਵਿਖੇ ਈਸਾਈ ਧਰਮ ਦਾ ਪ੍ਰਚਾਰ
ਬਹੁਤ ਸਾਰੇ ਵਿਦੇਸ਼ੀ ਲੋਕ ਸਮੇਂ-ਸਮੇਂ ‘ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਲੋਕ ਸਿੱਖ ਧਰਮ ਅਸਥਾਨ ‘ਤੇ ਮੱਥਾ ਟੇਕਣ ਲਈ ਆਉਂਦੇ ਹਨ, ਪਰ ਬਦਕਿਸਮਤੀ ਨਾਲ ਹਮੇਸ਼ਾ ਅਜਿਹਾ ਨਹੀਂ ਹੁੰਦਾ।
ਜੁਲਾਈ 2017 ਵਿੱਚ ਤਿੰਨ ਬਹੁਤ ਹੀ ਸੁੰਦਰ ਅਤੇ ਗੋਰੀ ਚਮੜੀ ਵਾਲੀਆਂ ਦੱਖਣੀ ਕੋਰੀਆ ਦੀਆਂ ਔਰਤਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਦੇਖਿਆ ਗਿਆ ਸੀ। ਉਹ ਇੱਕ ਸਿੱਖ ਔਰਤ ਕੋਲ ਆਈਆਂ ਅਤੇ ਉਸ ਦਾ ਨਾਮ ਅਤੇ ਉਮਰ ਪੁੱਛੀ। ਇਸ ਤੋਂ ਬਾਅਦ ਉਨ੍ਹਾਂ ਨੇ ਬੇਸ਼ਰਮੀ ਨਾਲ ਉਸ ਨੂੰ ਪੁੱਛਿਆ ਕਿ ਕੀ ਉਹ ਈਸਾਈ ਧਰਮ ਅਪਨਾਉਣਾ ਚਾਹੁੰਦੀ ਹੈ? ਉਨ੍ਹਾਂ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਜੇ ਉਹ ਧਰਮ ਪਰਿਵਰਤਨ ਕਰਨ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਉਸ ਨੂੰ ਚੰਗੀ ਰਕਮ ਅਦਾ ਕੀਤੀ ਜਾਵੇਗੀ। ਜਦੋਂ ਸਿੱਖ ਔਰਤ ਨੇ ਉਸ ਕਿਤਾਬ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੱਖਣੀ ਕੋਰੀਆ ਦੀਆਂ ਤਿੰਨ ਔਰਤਾਂ ਵਿੱਚੋਂ ਇੱਕ ਲੈ ਕੇ ਜਾ ਰਹੀ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉਸ ਨੂੰ ਥੱਪੜ ਮਾਰ ਕੇ ਕਿਤਾਬ ਵਾਪਸ ਲੈ ਲਈ।
ਜਦੋਂ ਕੁਝ ਐਸ.ਜੀ.ਪੀ.ਸੀ. ਸਟਾਫ ਮੈਂਬਰ ਅਤੇ ਪੁਲਿਸ ਉਥੇ ਪਹੁੰਚੇ ਤਾਂ ਦੱਖਣੀ ਕੋਰੀਆ ਦੀਆਂ ਔਰਤਾਂ ਨੇ ਮੁਆਫੀਨਾਮਾ ਲਿਖ ਕੇ ਧਰਮ ਪਰਿਵਰਤਨ ਕਰਵਾਉਣ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਦੁਬਾਰਾ ਨਾ ਆਉਣ ਦਾ ਵਾਅਦਾ ਕੀਤਾ।
ਇਹ ਬਹੁਤ ਸੰਭਵ ਹੈ ਕਿ ਨੌਜਵਾਨ ਅਤੇ ਸੁੰਦਰ ਵਿਦੇਸ਼ੀ ਔਰਤਾਂ ਅਜੇ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖ ਨੌਜਵਾਨ ਮਰਦਾਂ ਅਤੇ ਔਰਤਾਂ ਕੋਲ ਆਉਂਦੀਆਂ ਹਨ, ਉਨ੍ਹਾਂ ਨੂੰ ਨਕਦ ਅਤੇ ਹੋਰ ਪ੍ਰੇਰਨਾ ਜਿਵੇਂ ਕਿ ਉਨ੍ਹਾਂ ਲਈ ਆਕਰਸ਼ਕ ਵਿਦੇਸ਼ੀ ਲਾੜੀ ਜਾਂ ਲਾੜੇ ਪ੍ਰਾਪਤ ਕਰਨਾ, ਅਤੇ ਉਨ੍ਹਾਂ ਲਈ ਅਮਰੀਕਾ-ਕੈਨੇਡਾ ਜਾਂ ਯੂ.ਕੇ. ਲਈ ਵੀਜ਼ਾ ਪ੍ਰਾਪਤ ਕਰਨ ਦਾ ਪ੍ਰਬੰਧ ਕਰਨਾ ਤੇ ਫਿਰ ਉਨ੍ਹਾਂ ਨੂੰ ਸਬੰਧਤ ਦੇਸ਼ ਵਿੱਚ ਸੈਟਲ ਕਰਵਾਉਣਾ ਸਮੇਤ ਹੋਰ ਲਾਲਚ ਦਿੱਤੇ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਸਿੱਖ, ਖਾਸ ਕਰਕੇ ਪਤਿਤ ਸਿੱਖ, ਆਸਾਨੀ ਨਾਲ ਇਨ੍ਹਾਂ ਦੇ ਜਾਲ ਵਿੱਚ ਫਸ ਸਕਦੇ ਹਨ ਅਤੇ ਇਸ ਤਰ੍ਹਾਂ ਈਸਾਈ ਧਰਮ ਵਿੱਚ ਤਬਦੀਲ ਹੋ ਸਕਦੇ ਹਨ।
ਦਰਬਾਰ ਸਾਹਿਬ ਕੰਪਲੈਕਸ ਤੋਂ ਇਲਾਵਾ ਨੌਜਵਾਨ ਅਤੇ ਆਕਰਸ਼ਕ ਈਸਾਈ ਔਰਤਾਂ ਪ੍ਰਚਾਰਕ ਵੀ ਆਪਣੇ ਨਾਪਾਕ ਮਨਸੂਬਿਆਂ ਲਈ ਪੰਜਾਬ ਦੇ ਹੋਰ ਮਹੱਤਵਪੂਰਨ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਬਹਾਨੇ ਪਹੁੰਚ ਸਕਦੀਆਂ ਹਨ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਪੰਜਾਬ ਵਿੱਚ ਸਥਿਤ ਹੋਰ ਮਹੱਤਵਪੂਰਨ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ।
ਈਸਾਈਕਰਨ
ਅਜੋਕੇ ਸਮੇਂ ਵਿੱਚ ਪੰਜਾਬ ਭਰ ਦੇ ਪਿੰਡਾਂ ਵਿੱਚ ਚਰਚਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਸਿਰਫ਼ ਅੰਮ੍ਰਿਤਸਰ ਅਤੇ ਗੁਰਦਾਸਪੁਰ- ਦੋ ਜ਼ਿਲਿ੍ਹਆਂ ਵਿੱਚ ਹੀ ਹੁਣ 700 ਦੇ ਕਰੀਬ ਚਰਚ ਹਨ। ਹੋਰ ਜ਼ਿਲਿ੍ਹਆਂ ਵਿੱਚ ਵੀ ਚਰਚਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਰਾਜ ਵਿੱਚ ਈਸਾਈ ਆਬਾਦੀ ਦਿਨੋ-ਦਿਨ ਚਿੰਤਾਜਨਕ ਦਰ ਨਾਲ ਵਧ ਰਹੀ ਹੈ। ਕੁੱਝ ਈਸਾਈ ਪ੍ਰਚਾਰਕਾਂ ਅਨੁਸਾਰ ਪੰਜਾਬ ਦੀ ਮੌਜੂਦਾ ਆਬਾਦੀ ਦਾ ਲਗਭਗ 10 ਪ੍ਰਤੀਸ਼ਤ ਈਸਾਈ ਹੈ। ਉਹ ਨਿੱਜੀ ਤੌਰ `ਤੇ ਨੇੜਲੇ ਭਵਿੱਖ ਵਿੱਚ ਪੰਜਾਬ ਨੂੰ ਈਸਾਈ ਬਹੁਗਿਣਤੀ ਵਾਲੇ ਰਾਜ ਵਿੱਚ ਤਬਦੀਲ ਕਰਨ ਦੀ ਗੱਲ ਕਰ ਰਹੇ ਹਨ।
ਹਰਭਜਨ ਸਿੰਘ ਨੇ 1986 ਵਿੱਚ ਸਿੱਖ ਧਰਮ ਤੋਂ ਈਸਾਈ ਧਰਮ ਅਪਨਾ ਲਿਆ ਸੀ। ਹੁਣ ਉਹ ਓਪਨ ਡੋਰ ਚਰਚ ਦਾ ਪਾਦਰੀ ਹੈ, ਜੋ ਕਿ ਖੋਜੇਵਾਲਾ ਦੇ ਛੋਟੇ ਜਿਹੇ ਪਿੰਡ ਵਿੱਚ ਸਭ ਤੋਂ ਵੱਡੀਆਂ ਇਮਾਰਤਾਂ ਵਿੱਚੋਂ ਇੱਕ ਹੈ। ਇਸ ਚਰਚ ਨੇ ਹੁਣ ਤੱਕ 2,800 ਤੋਂ ਵੱਧ ਵਿਅਕਤੀਆਂ ਨੂੰ ਈਸਾਈ ਬਣਾ ਦਿੱਤਾ ਹੈ ਅਤੇ ਕਈ ਹੋਰ ਈਸਾਈ ਬਣਨ ਦੀ ਉਡੀਕ ਕਰ ਰਹੇ ਹਨ।
ਇਸਾਈ ਧਰਮ ਵਿੱਚ ਪਰਿਵਰਤਨ ਤੋਂ ਬਾਅਦ ਗੁਲਸ਼ਨ ਸਿੰਘ ਲਭਾਣਾ ਇੱਕ ਮਿਸ਼ਨਰੀ ਬਣ ਗਿਆ। ਉਸ ਨੂੰ ਹੁਣ ਉਸ ਦੇ ਯੂਟਿਊਬ ਵੀਡੀਓ ਕਲਿਪਾਂ ਵਿੱਚ ਗੁਲਸ਼ਨ ਸਿੰਘ ਬਿਸ਼ਪ ਜਾਂ ਲਭਾਣਾ ਚਰਚ ਹੋਲੀ ਸੁਸਾਇਟੀ ਦੇ ਰੈਵਰੇਂਡ ਗੁਲਸ਼ੁਨ ਸਿੰਘ ਲਭਾਣਾ ਦੇ ਰੂਪ ਵਿੱਚ ਸੰਬੋਧਿਤ ਕੀਤਾ ਜਾਂਦਾ ਹੈ।
ਪਾਦਰੀ ਗੁਰਸ਼ਰਨ ਕੌਰ ਦਿਓਲ ਅਤੇ ਪ੍ਰੋਫੈਟ ਬਜਿੰਦਰ ਸਿੰਘ (ਬਲਾਤਕਾਰ ਦਾ ਕਥਿਤ ਦੋਸ਼ੀ) ਗਰੀਬ ਅਤੇ ਅਨਪੜ੍ਹ ਦਲਿਤ ਸਿੱਖਾਂ ਨੂੰ ਈਸਾਈ ਬਣਾਉਣ ਲਈ ਵੱਡੇ ਪੱਧਰ `ਤੇ ਜਾਅਲੀ ਚਮਤਕਾਰੀ ਇਲਾਜ ਅਤੇ ਹੋਰ ਧੋਖੇਬਾਜ਼ ਤਰੀਕੇ ਵਰਤ ਰਹੇ ਹਨ।
‘ਅਪੋਸਟਲ’ ਅੰਕੁਰ ਨਰੂਲਾ ਨੇ 2008 ਵਿੱਚ ਸਿਰਫ 3 ਫਾਲੋਅਰਜ਼ ਨਾਲ ਸ਼ੁਰੂਆਤ ਕੀਤੀ ਸੀ। 2018 ਤੱਕ ਉਸ ਦੇ ਫਾਲੋਅਰਜ਼ ਦੀ ਗਿਣਤੀ 1.2 ਲੱਖ ਹੋ ਗਈ ਸੀ। ਉਸ ਦਾ ਦਾਅਵਾ ਹੈ ਕਿ ਉਸ ਦੇ ਪੈਰੋਕਾਰਾਂ ਦੀ ਗਿਣਤੀ ਹੁਣ ਲਗਭਗ 4 ਲੱਖ ਹੈ।
ਆਲ ਇੰਡੀਆ ਕ੍ਰਿਸਚੀਅਨ ਕੌਂਸਲ ਦੇ ਜਨਰਲ ਸਕੱਤਰ ਜੌਨ ਦਿਆਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮਸੀਹ ਪ੍ਰਤੀ ਨਵੀਂ ਖੁੱਲ੍ਹ ਹੈ। ਉਹ ਅੱਗੇ ਕਹਿੰਦਾ ਹੈ, “ਪੰਜਾਬ ਵਿੱਚ 20 ਸਾਲ ਦੁਖਦਾਈ ਰਹੇ ਹਨ। ਵਰਤਮਾਨ ਵਿੱਚ ਬੇਰੁਜ਼ਗਾਰੀ, ਨਸ਼ਾਖੋਰੀ, ਆਸਾਨ ਪੈਸਾ ਅਤੇ ਹਿੰਦੂਆਂ ਤੇ ਸਿੱਖਾਂ ਵਿੱਚ ਵੰਡ ਹੈ। ਇੱਕ ਸਹੀ ਮਾਰਗ ਦੀ ਭਾਲ ਵਿੱਚ ਲੋਕ ਮਸੀਹ ਵੱਲ ਮੁੜ ਰਹੇ ਹਨ।” ਹਜ਼ਾਰੋਂ ਪਾਦਰੀ ਬਿਨਾ ਕਿਸੇ ਡਰ ਤੋਂ ਪੰਜਾਬ ਵਿੱਚ ਧਰਮ ਪਰਿਵਰਤਨ ਦਾ ਧੰਦਾ ਚਲਾ ਰਹੇ ਹਨ। ਉਨ੍ਹਾਂ ਵਿੱਚੋਂ ਕੁੱਝ ਦੇ ਹਜ਼ਾਰਾਂ ਤੋਂ ਲੱਖਾਂ ਫਾਲੋਅਰ ਹਨ, ਇਸ ਤਰ੍ਹਾਂ ਉਹ ਕਰੋੜਾਂ ਰੁਪਏ ਕਮਾ ਰਹੇ ਹਨ। ਉਹ ਕਈ ਵਾਰ ਆਪਣੇ ਧਰਮ ਪਰਿਵਰਤਨ ਦੇ ਕਾਰੋਬਾਰ ਲਈ ਦੂਜਿਆਂ ਨੂੰ ਫਰੈਂਚਾਇਜ਼ੀ ਵੀ ਦਿੰਦੇ ਹਨ। ਬਹੁਤ ਸਾਰੇ ਲੋਕ ਹਰ ਮਹੀਨੇ ਮੈਦਾਨ ਵਿੱਚ ਆ ਜਾਂਦੇ ਹਨ, ਕਿਉਂਕਿ ਇਹ ਸ਼ਾਇਦ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਮੁਨਾਫੇ ਵਾਲਾ ਕਾਰੋਬਾਰ ਹੈ।
ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ
ਇਹ ਕਹਿਣਾ ਸਹੀ ਨਹੀਂ ਹੈ ਕਿ ਈਸਾਈ ਮਿਸ਼ਨਰੀ ਸਿਰਫ ਪੰਜਾਬ ਵਿੱਚ ਹੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਈਸਾਈ ਮਿਸ਼ਨਰੀ ਦੂਜੇ ਸੂਬਿਆਂ ਵਿੱਚ ਵੀ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਵਿੱਚ ਕਾਮਯਾਬ ਹੋਏ ਹਨ।
ਮੱਧ ਪ੍ਰਧੇਸ਼ ਵਿੱਚ ਇੱਕ ਪਗੜੀ ਅਤੇ ਦਾੜ੍ਹੀ ਵਾਲਾ ਵਿਅਕਤੀ (ਜੋ ਇੱਕ ਪੱਕਾ ਸਿੱਖ ਜਾਪਦਾ ਸੀ), ਕੁੱਝ ਸਮਾਂ ਪਹਿਲਾਂ ਭੋਪਾਲ ਦੇ ਟੈਲੀਫੋਨ ਵਿਭਾਗ ਵਿੱਚ ਸ਼ਾਮਲ ਹੋਇਆ ਸੀ। ਉਹ ਇੱਕ ਸੀਨੀਅਰ ਅਫਸਰ ਸੀ, ਜੋ ਮੂਲ ਰੂਪ ਵਿੱਚ ਅੰਮ੍ਰਿਤਸਰ ਇਲਾਕੇ ਦਾ ਰਹਿਣ ਵਾਲਾ ਸੀ। ਇੱਕ ਈਸਾਈ ਮਿਸ਼ਨਰੀ ਵਜੋਂ ਕੰਮ ਕਰਦਿਆਂ ਉਹ ਵਿਭਾਗ ਦੇ ਹੋਰ ਸਿੱਖ ਕਰਮਚਾਰੀਆਂ ਨੂੰ ਹਰ ਐਤਵਾਰ ਨੂੰ ਆਪਣੇ ਨਾਲ ਚਰਚ ਜਾਣ ਲਈ ਕਹਿੰਦਾ ਸੀ। ਜਦੋਂ ਭੋਪਾਲ ਦੇ ਕੁੱਝ ਉੱਘੇ ਸਿੱਖਾਂ ਨੇ ਉਸ ਦਾ ਸਾਹਮਣਾ ਕੀਤਾ, ਤਾਂ ਉਸ ਨੇ ਸ਼ੁਰੂ ਵਿੱਚ ਕਿਹਾ ਕਿ ਯਿਸੂ ਮਸੀਹ ਨੇ ਮਨੁੱਖਤਾ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ। ਜਦੋਂ ਭੋਪਾਲ ਸਿੱਖਾਂ ਨੇ ਉਸ ਨੂੰ ਸਿੱਖ ਗੁਰੂਆਂ ਦੀਆਂ ਅਤੇ ਹੋਰ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਦੱਸਿਆਂ ਤਾਂ ਉਹ ਕੁੱਝ ਵੀ ਨਾ ਕਹਿ ਸਕਿਆ।
ਕੁਝ ਅਪ੍ਰਮਾਣਿਤ ਰਿਪੋਰਟਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਕੁੱਝ ਸਿੱਖ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਵਿੱਚ ਆ ਗਏ ਅਤੇ ਫਿਰ ਉਨ੍ਹਾਂ ਨੇ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨ ਲਿਆ।
ਪੰਜਾਬ ਵਿੱਚ ਘਰ ਵਾਪਸੀ ਦੇ ਕੰਮ
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.), ਇਸ ਦੀ ਸਹਿਯੋਗੀ ਸੰਸਥਾ ਧਰਮ ਜਾਗਰਣ ਮੰਚ (ਡੀ.ਜੇ.ਐਮ.) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਪਹਿਲਾਂ ਇਸਲਾਮ ਜਾਂ ਈਸਾਈ ਧਰਮ ਵਿੱਚ ਪਰਿਵਰਤਿਤ ਹੋਏ ਹਿੰਦੂਆਂ ਨੂੰ ਵਾਪਸ ਲਿਆਉਣ ਲਈ ਪੂਰੇ ਭਾਰਤ ਵਿੱਚ ਬਹੁਤ ਸਾਰੇ ਵਿਸ਼ੇਸ਼ ਸਮਾਗਮਾਂ ਦਾ ਸਫਲਤਾਪੂਰਨ ਆਯੋਜਨ ਕੀਤਾ ਹੈ। ਉਨ੍ਹਾਂ ਦਾ ਮੁੱਖ ਫੋਕਸ ਹਿੰਦੂ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਵਾਪਸ ਲਿਆਉਣਾ ਰਿਹਾ ਹੈ, ਉਨ੍ਹਾਂ ਨੇ ਪੰਜਾਬ ਵਿੱਚ ਬਹੁਤ ਸਾਰੇ ਦਲਿਤ ਸਿੱਖਾਂ ਨੂੰ ਵੀ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਨੂੰ ਈਸਾਈ ਤੋਂ ਸਿੱਖ ਧਰਮ ਵਿੱਚ ਤਬਦੀਲ ਕੀਤਾ ਹੈ।
ਇਹ ਹਕੀਕਤ ਹੈ ਕਿ ਬਹੁਤ ਸਾਰੇ ਦਲਿਤ ਸਿੱਖਾਂ ਨੂੰ ਕਈ ਤਰ੍ਹਾਂ ਦੇ ਲਾਲਚਾਂ ਕਾਰਨ ਇਸਾਈ ਧਰਮ ਵਿੱਚ ਫਸਾਇਆ ਗਿਆ ਸੀ, ਪਰ ਹੁਣ ਉਹ ਆਪਣੇ ਮੂਲ ਧਰਮ ਅਰਥਾਤ ਸਿੱਖ ਧਰਮ ਵਿੱਚ ਵਾਪਸ ਆਉਣ ਦੇ ਚਾਹਵਾਨ ਹਨ।
ਅੰਮ੍ਰਿਤਸਰ ਦੇ ਨੇੜੇ ਗੁਰੂ ਕੀ ਵਡਾਲੀ ਦੇ ਇੱਕ ਗੁਰਦੁਆਰੇ ਵਿੱਚ ਆਯੋਜਿਤ ਇੱਕ ਘਰ ਵਾਪਸੀ ਸਮਾਗਮ ਵਿੱਚ 40 ਮਜ਼੍ਹਬੀ ਲੋਕਾਂ ਨੇ ਮੁੜ ਸਿੱਖ ਧਰਮ ਨੂੰ ਅਪਨਾ ਲਿਆ। ਪੰਜਾਬ ਵਿੱਚ ਵੱਖ-ਵੱਖ ਥਾਵਾਂ `ਤੇ ਅਜਿਹੇ ਬਹੁਤ ਸਾਰੇ ਸਮਾਗਮ ਹੋਏ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲੋਕ ਘਰ ਵਾਪਿਸ ਆਏ ਹਨ, ਜਿਸ ਤੋਂ ਬਾਅਦ ਅੰਮ੍ਰਿਤਸਰ ਅਤੇ ਬਟਾਲਾ ਦਾ ਨੰਬਰ ਆਉਂਦਾ ਹੈ। 8,000 ਤੋਂ ਵੱਧ ਨਵੇਂ ਈਸਾਈ ਸਿੱਖ ਧਰਮ ਵਿੱਚ ਵਾਪਸ ਆਏ ਹਨ।
ਇੱਕ ਵਿਧਵਾ ਕਿੰਦਰ ਕੌਰ, ਜਿਸ ਨੇ ਸਿੱਖ ਧਰਮ ਵਿੱਚ ਮੁੜ ਪਰਿਵਰਤਨ ਕੀਤਾ, ਨੇ ਕਿਹਾ, “ਅਸੀਂ (ਈਸਾਈ ਧਰਮ ਵਿੱਚ) ਪਰਿਵਰਤਿਤ ਹੋਏ ਸੀ, ਕਿਉਂਕਿ ਸਾਨੂੰ ਦੱਸਿਆ ਗਿਆ ਸੀ ਕਿ ਮੇਰੇ ਪਤੀ ਆਪਣੀ ਬਿਮਾਰੀ ਤੋਂ ਠੀਕ ਹੋ ਜਾਣਗੇ। 2011 ਵਿੱਚ ਉਸ ਦੀ ਮੌਤ ਹੋ ਗਈ। ਤਿੰਨ ਮਹੀਨੇ ਪਹਿਲਾਂ ਆਰ.ਐਸ.ਐਸ. ਨੇ ਸਾਨੂੰ ਦੁਬਾਰਾ ਸਿੱਖ ਬਣਨ ਲਈ ਪ੍ਰੇਰਿਤ ਕੀਤਾ। ਮੈਂ ਆਪਣੇ ਬੱਚਿਆਂ ਦੇ ਨਾਂ ਵੀ ਥਾਮਸ ਅਤੇ ਰੇਬੇਕਾ ਤੋਂ ਬਦਲ ਕੇ ਸੁਮੀਤ ਅਤੇ ਕੁਲਜੀਤ ਰੱਖ ਲਏ ਹਨ।”
ਮੁੜ ਧਰਮ ਪਰਿਵਰਤਨ ਵਿੱਚ ਮਦਦ ਕਰਨ ਵਾਲੀ ਐਸ.ਜੀ.ਪੀ.ਸੀ. ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਇਸਾਈ ਧਰਮ ਹੁਣ ਪੰਜਾਬ ਵਿੱਚ ਸਿੱਖ ਧਰਮ ਲਈ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਬਦਕਿਸਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਦਾ ਮੁੜ ਧਰਮ ਪਰਿਵਰਤਨ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ (ਸਵਰਗੀ) ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਲਿਤ ਈਸਾਈਆਂ ਨੂੰ ਆਪਣੇ ਵੋਟ ਬੈਂਕ ਵਜੋਂ ਦੇਖਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਜੋ ਖੁਦ ਦਲਿਤ ਸਿੱਖ ਹਨ) ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ, ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੇ ਕੁੱਝ ਆਗੂ ਚੋਣਾਂ ਵਿੱਚ ਦਲਿਤ ਈਸਾਈਆਂ ਦੀਆਂ ਵੋਟਾਂ ਹਾਸਲ ਕਰਨ ਦੇ ਚਾਹਵਾਨ ਹਨ। ਆਮ ਆਦਮੀ ਪਾਰਟੀ ਵੀ ਵੋਟ ਬੈਂਕ ਨੂੰ ਮੱਦੇਨਜ਼ਰ ਰੱਖ ਕੇ ਇਸ ਮੱਦੇ `ਤੇ ਚੁੱਪ ਹੈ।
ਪੰਜਾਬ ਵਿੱਚ ਈਸਾਈ ਹੁਣ ਕਾਫੀ ਗਿਣਤੀ ਵਿੱਚ ਹਨ। ਆਪਣੀ ਮੌਜੂਦਾ ਸੰਖਿਆਤਮਕ ਤਾਕਤ (ਪੰਜਾਬ ਦੀ ਮੌਜੂਦਾ ਆਬਾਦੀ ਦਾ ਲਗਭਗ 10 ਫੀਸਦੀ) ਹੋਣ ਕਾਰਨ ਉਹ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਰਹੇ ਹਨ। ਰੌਸ਼ਨ ਮਸੀਹ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੀਟਰ ਮਸੀਹ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਸੋਨੂੰ ਜਫਰ ਇੱਕ ‘ਆਪ’ ਆਗੂ ਹੈ; ਉਹ ਈਸਾਈ ਸਮਾਜ ਫਰੰਟ ਦਾ ਪ੍ਰਧਾਨ ਵੀ ਹੈ, ਜਿਸ ਦੇ ਪੰਜਾਬ ਵਿੱਚ ਤਕਰੀਬਨ ਇੱਕ ਲੱਖ ਮੈਂਬਰ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਵਿੱਚ ਕਰੀਬ 43,000 ਈਸਾਈ ਵੋਟਰ ਹੋਣ ਕਾਰਨ ਸੋਨੂੰ ਜਫਰ ਰਾਜਨੀਤੀ ਵਿੱਚ ਸਰਗਰਮ ਹੈ।
ਪੰਜਾਬ ਦਾ ਈਸਾਈ ਆਗੂ ਰਹਿਮਤ ਮਸੀਹ ਰਾਜ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਈਸਾਈ ਭਾਈਚਾਰੇ ਲਈ ਪ੍ਰਤੀਨਿਧਤਾ ਦੀ ਮੰਗ ਕਰਦਾ ਰਿਹਾ ਹੈ। ਉਹ ਪਰਿਵਰਤਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਸਾਨ ਤਰੀਕਿਆਂ ਲਈ ਵੀ ਬੇਨਤੀ ਕਰਦਾ ਹੈ। ਪੰਜਾਬ ਦੇ ਈਸਾਈ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਲਈ 2 ਫੀਸਦੀ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ। ਉਹ ਪੰਜਾਬ ਵਿੱਚ ਰਾਜ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਵੀ ਚਾਹੁੰਦੇ ਹਨ।
ਇੰਜ ਜਾਪਦਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਿੱਖ, ਸਿਆਸੀ ਅਤੇ ਧਾਰਮਿਕ ਆਗੂ ਅਸਿੱਧੇ ਤੌਰ `ਤੇ ਇਸਾਈ ਮਿਸ਼ਨਰੀਆਂ ਨੂੰ ਬਿਨਾ ਕਿਸੇ ਰੁਕਾਵਟ ਦੇ ਉਨ੍ਹਾਂ ਦੀ ਮਿਸ਼ਨਰੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਮਦਦ ਕਰ ਰਹੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਹੁਤ ਸਾਰੇ ਸਿੱਖ ਸਿਆਸੀ ਆਗੂ ਆਪਣੇ ਸਿਆਸੀ ਫਾਇਦੇ ਲਈ ਰਾਮ ਰਹੀਮ (ਡੇਰਾ ਸੱਚਾ ਸੌਦਾ ਦਾ ਸੰਸਥਾਪਕ) ਦਾ ਖੁੱਲ੍ਹ ਕੇ ਸਮਰਥਨ ਕਰਦੇ ਰਹੇ ਹਨ।
ਧਰਮ ਪਰਿਵਰਤਨ ਅਤੇ ਸਿੱਖ ਧਰਮ
ਈਸਾਈਅਤ ਅਤੇ ਇਸਲਾਮ ਵਾਂਗ ਸਿੱਖ ਧਰਮ ਵੀ ਹਮੇਸ਼ਾ ਤੋਂ ਧਰਮ ਪਰਿਵਰਤਨ ਦੀ ਇਜਾਜ਼ਤ ਦੇਣ ਵਾਲਾ ਧਰਮ ਰਿਹਾ ਹੈ, ਪਰ ਸਿੱਖ ਗੁਰੂਆਂ ਅਤੇ ਹੋਰ ਸਿੱਖ ਪ੍ਰਚਾਰਕਾਂ ਨੇ ਧਰਮ ਪਰਿਵਰਤਨ ਲਈ ਕਦੇ ਵੀ ਤਾਕਤ ਦੀ ਵਰਤੋਂ ਨਹੀਂ ਕੀਤੀ। ਕਈ ਮੁਸਲਿਮ ਅਤੇ ਈਸਾਈ ਸ਼ਾਸਕਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਰਾਜ ਵਿੱਚ ਸਿੱਖਾਂ ਦੀ ਸੰਖਿਆ ਨੂੰ ਵਧਾਉਣ ਲਈ ਤਾਕਤ ਦੀ ਵਰਤੋਂ ਕਰ ਸਕਦੇ ਸਨ, ਪਰ ਉਨ੍ਹਾਂ ਕਦੇ ਵੀ ਧਰਮ ਪਰਿਵਰਤਨ ਲਈ ਤਾਕਤ ਦੀ ਵਰਤੋਂ ਕਰਨ ਦਾ ਸਮਰਥਨ ਨਹੀਂ ਕੀਤਾ।
ਨਾਲ ਹੀ, ਬਹੁਤ ਸਾਰੇ ਮੌਲਵੀਆਂ ਅਤੇ ਈਸਾਈ ਮਿਸ਼ਨਰੀਆਂ ਦੇ ਉਲਟ ਸਿੱਖ ਪ੍ਰਚਾਰਕਾਂ ਨੇ ਧਰਮ ਪਰਿਵਰਤਨ ਦੇ ਉਦੇਸ਼ ਲਈ ਕਦੇ ਵੀ ਅਨੈਤਿਕ ਤਰੀਕਿਆਂ ਦੀ ਵਰਤੋਂ ਨਹੀਂ ਕੀਤੀ। ਸਿੱਖ ਗੁਰੂਆਂ ਦੀਆਂ ਉੱਚੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ (ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਥਿਤ ਨੀਵੀਆਂ ਜਾਤਾਂ ਦੇ ਸਨ) ਆਪਣੀ ਮਰਜ਼ੀ ਨਾਲ ਸਿੱਖ ਧਰਮ ਨੂੰ ਅਪਨਾਉਣ ਲਈ ਅੱਗੇ ਆਏ ਸਨ।
ਡਾ. ਭੀਮ ਰਾਓ ਅੰਬੇਡਕਰ ਆਜ਼ਾਦ ਭਾਰਤ ਦੇ ਸਭ ਤੋਂ ਵੱਧ ਗਿਆਨਵਾਨ ਅਤੇ ਪੜ੍ਹੇ-ਲਿਖੇ ਵਿਅਕਤੀਆਂ ਵਿੱਚੋਂ ਇੱਕ ਸਨ। ਸਿੱਖ ਧਰਮ ਵਿੱਚ ਜਾਤੀਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ। ਉਹ ਆਪਣੇ ਕਰੋੜਾਂ ਕਥਿਤ ਨੀਵੀਂ ਜਾਤ ਦੇ (ਹਿੰਦੂ) ਅਨੁਯਾਈਆਂ ਸਮੇਤ ਸਿੱਖ ਧਰਮ ਵਿੱਚ ਪਰਿਵਰਤਿਤ ਹੋਣਾ ਚਾਹੁੰਦੇ ਸਨ।
ਕਿਉਂ ਡਾ. ਅੰਬੇਡਕਰ ਅਤੇ ਉਸ ਦੇ ਪੈਰੋਕਾਰ (ਉਸ ਸਮੇਂ ਭਾਰਤ ਦੀ ਲਗਭਗ 35 ਪ੍ਰਤੀਸ਼ਤ ਆਬਾਦੀ) ਸਿੱਖ ਧਰਮ ਨੂੰ ਅਪਨਾ ਨਹੀਂ ਸਕੇ, ਖਾਸ ਤੌਰ `ਤੇ ਸਿੱਖ ਦ੍ਰਿਸ਼ਟੀਕੋਂਣ ਤੋਂ, ਅਸਲ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ।
ਯੋਗੀ ਹਰਭਜਨ ਸਿੰਘ ਦੇ ਨਿਰੰਤਰ ਅਤੇ ਸ਼ਲਾਘਯੋਗ ਯਤਨਾਂ ਸਦਕਾ ਪੱਛਮੀ ਦੇਸ਼ਾਂ ਵਿੱਚ ਹਜ਼ਾਰਾਂ ਗੋਰੇ ਲੋਕ ਖੁਸ਼ੀ ਨਾਲ ਸਿੱਖ ਧਰਮ ਵਿੱਚ ਪਰਿਵਰਤਿਤ ਹੋਏ ਸਨ।
ਪਿਛਲੇ ਕੁਝ ਸਾਲਾਂ ਵਿੱਚ ਨੇਪਾਲੀ ਸਿੱਖ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਦੇ ਉਧਮ ਸਦਕਾ ਕਰੀਬ 150 ਨੇਪਾਲੀ ਨੌਜਵਾਨ ਸਿੱਖ ਧਰਮ ਅਪਨਾ ਚੁੱਕੇ ਸਨ। ਇਸੇ ਤਰ੍ਹਾਂ ਤੇਲੰਗਾਨਾ ਦੇ ਇੱਕ ਪਿੰਡ ਦੇ 90 ਪ੍ਰਤੀਸ਼ਤ ਆਦੀਵਾਸੀ ਲੋਕ ਸਿੱਖ ਧਰਮ ਅਪਨਾ ਚੁਕੇ ਹਨ।
ਸਿੱਖ ਧਾਰਮਿਕ ਆਗੂਆਂ ਨੂੰ ਬਿਨਾ ਕਿਸੇ ਦੇਰੀ ਦੇ ਪੂਰੇ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਜ਼ੋਰਦਾਰ ਧਰਮ ਪਰਿਵਰਤਨ ਮੁਹਿੰਮਾਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਜੋਸ਼ੂਆ ਦਸਤਾਵੇਜ਼: ਜੋਸ਼ੂਆ ਦਸਤਾਵੇਜ਼ ਸੰਨ 2000 ਵਿੱਚ ਜਾਂ ਉਸ ਤੋਂ ਕੁੱਝ ਸਮਾਂ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਇੱਕ ਬਹੁਤ ਹੀ ਵਿਸਤ੍ਰਿਤ ਦਸਤਾਵੇਜ਼ ਹੈ, ਜੋ ਭਾਰਤ ਦੇ ਚੋਟੀ ਦੇ ਈਸਾਈ ਮਿਸ਼ਨਰੀਆਂ ਦੁਆਰਾ ਨਿਯਮਿਤ ਤੌਰ `ਤੇ ਵਰਤਿਆ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਜਾਤਾਂ, ਭਾਈਚਾਰਿਆਂ, ਧਰਮਾਂ ਆਦਿ ਦੇ ਭਾਰਤੀਆਂ ਲਈ ਵੱਖਰੀ ਆਬਾਦੀ ਦੇ ਅੰਕੜੇ ਦਿੱਤੇ ਹੋਏ ਹਨ। ਇਸ ਵਿੱਚ ਭਾਰਤੀਆਂ ਦੇ ਵੱਖ-ਵੱਖ ਸੱਭਿਆਚਾਰਾਂ, ਭਾਸ਼ਾਵਾਂ ਅਤੇ ਰੀਤੀ-ਰਿਵਾਜਾਂ ਬਾਰੇ ਵੀ ਵੇਰਵੇ ਹਨ।
ਜੋਸ਼ੁਆ ਕੌਣ ਸੀ? ਉਹ ਮੂਸਾ ਤੋਂ ਬਾਅਦ ਯਹੂਦੀਆਂ ਦਾ ਨਬੀ ਸੀ। ਮੂਸਾ ਨੇ ਯਹੂਦੀਆਂ ਨੂੰ ਮਿਸਰ ਤੋਂ ਜਾਰਡਨ ਨਦੀ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲਿਆਂਦਾ ਸੀ। ਉਸ ਨੇ ਵੱਖ-ਵੱਖ ਯਹੂਦੀਆਂ ਦੇ 12 ਕਬੀਲਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ ਕਿ ਉਹ ਸਭ ਫਲਸਤੀਨ ਜਾਣ ਅਤੇ ਇਹ ਪਤਾ ਲਾਉਣ, ਕੀ ਯਹੂਦੀ ਫਲਸਤੀਨੀਆਂ ਨੂੰ ਹਰਾ ਸਕਦੇ ਹਨ। ਸਾਰੇ ਕਬਾਇਲੀ ਮੁਖੀ 40 ਦਿਨਾਂ ਬਾਅਦ ਵਾਪਸ ਚਲੇ ਆਏ। 10 ਕਬਾਇਲੀ ਮੁਖੀਆਂ ਨੇ ਮੂਸਾ ਨੂੰ ਦੱਸਿਆ ਕਿ ਫਲਸਤੀਨੀ ਬਹੁਤ ਮਜਬੂਤ ਸਨ ਅਤੇ ਇਸ ਲਈ ਯਹੂਦੀ ਉਨ੍ਹਾਂ ਨੂੰ ਹਰਾਉਣ ਦੀ ਸਥਿਤੀ ਵਿੱਚ ਨਹੀਂ ਸਨ; ਪਰ ਦੂਜੇ ਦੋ ਕਬਾਇਲੀ ਮੁਖੀਆਂ- ਜੋਸ਼ੂਆ ਅਤੇ ਸਲੇਬ ਨੇ ਕਿਹਾ ਕਿ ਜੇ ਯਹੂਦੀ ਬਹਾਦਰੀ ਨਾਲ ਲੜ ਸਕਦੇ ਹਨ ਤਾਂ ਉਹ ਫਲਿਸਤੀਨ ਦੇ ਲੋਕਾਂ ਨੂੰ ਹਰਾ ਸਕਦੇ ਹਨ।
ਮੂਸਾ ਦੀ ਮੌਤ ਤੋਂ ਪਹਿਲਾਂ ਉਸ ਨੇ ਜੋਸ਼ੂਆ ਨੂੰ ਨਵਾਂ ਯਹੂਦੀ ਆਗੂ ਨਿਯੁਕਤ ਕੀਤਾ। ਉਸ ਨੇ ਯਹੂਦੀਆਂ ਨੂੰ ਜੋਸ਼ੂਆ ਦੀ ਅਗਵਾਈ ਵਿੱਚ ਫਲਿਸਤੀਨ ਨੂੰ ਜਿੱਤਣ ਲਈ ਕਿਹਾ। ਜੋਸ਼ੂਆਂ ਨੇ ਆਪਣੇ ਆਪ ਨੂੰ ਬਹੁਤ ਬਹਾਦਰ ਅਤੇ ਬੇਰਹਿਮ ਯਹੂਦੀ ਆਗੂ ਸਾਬਤ ਕੀਤਾ; ਉਸ ਨੇ ਫਲਿਸਤੀਨੀਆਂ ਨੂੰ ਹਰਾਇਆ ਜਿਨ੍ਹਾਂ ਨੂੰ ਪਹਿਲਾਂ ਅਜਿੱਤ ਮੰਨਿਆ ਜਾਂਦਾ ਸੀ।
ਜੋਸ਼ੂਆ ਦਸਤਾਵੇਜ਼ ਇਸ ਤਰ੍ਹਾਂ ਇੱਕ ਅਜਿੱਤ ਲੋਕਾਂ ਉੱਤੇ ਜਿੱਤ ਨੂੰ ਦਰਸਾਉਂਦਾ ਹੈ। ਭਾਰਤੀ ਸੰਦਰਭ ਵਿੱਚ ਦਸਤਾਵੇਜ਼ ਦਾ ਮਤਲਬ ਇਹ ਹੈ ਕਿ ਈਸਾਈ ਮਿਸ਼ਨਰੀਆਂ ਨੂੰ ਭਾਰਤੀਆਂ (ਜਿਨ੍ਹਾਂ ਦਾ ਧਰਮ ਪਰਿਵਰਤਨ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ) ਨੂੰ ਈਸਾਈ ਧਰਮ ਵਿੱਚ ਬਦਲਣ ਲਈ ਜੋਸ਼ੂਆ ਵਾਂਗ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ।
ਸੰਵੇਦਨਸ਼ੀਲ ਸਰਹੱਦੀ ਰਾਜ
ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਰਾਜ ਹੈ। ਇਸ ਦੀ ਪਾਕਿਸਤਾਨ ਨਾਲ ਲਗਭਗ 553 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਪਠਾਨਕੋਟ, ਤਰਨਤਾਰਨ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਇਸ ਪ੍ਰਾਂਤ ਵਿੱਚ ਕਿਸੇ ਵੀ ਵੱਡੀ ਜਨਸੰਖਿਆ ਤਬਦੀਲੀ ਦੇ ਸੁਰੱਖਿਆ ਪ੍ਰਭਾਵ ਹਨ।
ਪਰਮਜੀਤ ਸਿੰਘ ਦੇ ਸ਼ਬਦਾਂ ਵਿੱਚ: “ਸਰਹੱਦੀ ਰਾਜ ਪੰਜਾਬ ਅਤੇ ਸਿੱਖਾਂ ਲਈ, ਜੋ ਰਵਾਇਤੀ ਤੌਰ `ਤੇ ਵਿਸਤਾਰਵਾਦੀ ਮੋਨੋ-ਸੱਭਿਆਚਾਰਾਂ ਅਤੇ ਬਾਕੀ ਭਾਰਤ ਦੇ ਵਿਚਕਾਰ ਇੱਕ ਰੁਕਾਵਟ ਦੇ ਰੂਪ ਵਿੱਚ ਖੜ੍ਹੇ ਹਨ, ਲਈ ਈਸਾਈ ਧਰਮ ਦੇ ਪ੍ਰਚਾਰ ਕਾਰਨ ਪ੍ਰਭਾਵ ਗੰਭੀਰ ਹੋਣਗੇ। ਇਸ ਸਥਿਤੀ ਦਾ ਇੱਕ ਰਾਸ਼ਟਰ ਅਤੇ ਇੱਕ ਸਭਿਅਤਾ ਦੇ ਰੂਪ ਵਿੱਚ ਭਾਰਤ ਉੱਤੇ ਇੱਕ ਨਾਜ਼ੁਕ ਪ੍ਰਭਾਵ ਪਵੇਗਾ। ਪੰਜਾਬ ਵਿੱਚ ਸਿੱਖਾਂ ਦੇ ਹੱਥਾਂ ਵਿੱਚ ਇੱਕ ਨਵੀਂ ਲੜਾਈ ਹੈ- ਉਨ੍ਹਾਂ ਦੇ ਬਹਾਦਰੀ ਵਾਲੇ ਸੰਘਰਸ਼ ਦੇ ਇਤਿਹਾਸ ਵਿੱਚ ਸਭ ਤੋਂ ਔਖੀ ਲੜਾਈ। ਸੂਬਾ ਸਰਕਾਰ ਅਤੇ ਸਿੱਖ ਧਾਰਮਿਕ ਸੰਸਥਾਵਾਂ- ਦੋਹਾਂ ਨੂੰ ਇਸ ਨੂੰ ਪਛਾਣਨਾ ਚਾਹੀਦਾ ਹੈ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।”
ਅਮਰੀਕਾ, ਕੈਨੇਡਾ ਅਤੇ ਯੂ.ਕੇ. ਵਰਗੇ ਦੇਸ਼ਾਂ ਵਿੱਚ ਸਥਿਤ ਵੱਖ-ਵੱਖ ਈਸਾਈ ਮਿਸ਼ਨਾਂ ਤੋਂ ਭਾਰੀ ਫੰਡ ਆ ਰਹੇ ਹਨ। ਅਕਾਲ ਤਖਤ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਸਹੀ ਕਿਹਾ ਸੀ ਕਿ ਪੰਜਾਬ ਵਿੱਚ ਈਸਾਈ ਮਿਸ਼ਨਰੀਆਂ ਵੱਲੋਂ ਵਿਦੇਸ਼ਾਂ ਤੋਂ ਆਏ ਫੰਡਾਂ ਨਾਲ ਧਰਮ ਪਰਿਵਰਤਨ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ 10,000 ਕਰੋੜ ਰੁਪਏ ਤੋਂ ਵੱਧ ਵਿਦੇਸ਼ੀ ਯੋਗਦਾਨ ਹਰ ਸਾਲ ਭਾਰਤ ਵਿੱਚ ਆਉਂਦਾ ਹੈ। ਇਹ ਵੱਡੀ ਰਕਮ ਜ਼ਿਆਦਾਤਰ ਈਸਾਈ ਮਿਸ਼ਨਰੀ ਗਤੀਵਿਧੀਆਂ ਲਈ ਹੈ। ਗੋਸਪੇਲ ਫਾਰ ਏਸ਼ੀਆ (ਜੀ.ਐਫ.ਏ.), ਜੋ ਕਿ ਟੈਕਸਸ, ਯੂ.ਐਸ.ਏ. ਵਿੱਚ ਸਥਿਤ ਇੱਕ ਓਰੀਐਂਟਲ ਆਰਥੋਡਾਕਸ ਈਸਾਈ ਮਿਸ਼ਨ ਹੈ, ਨੇ ਭਾਰਤ ਵਿੱਚ ਵੱਖ-ਵੱਖ ਚਰਚ ਅੰਦੋਲਨਾਂ ਲਈ 600 ਕਰੋੜ ਰੁਪਏ ਦੇ ਲਗਭਗ ਦਾਨ ਕੀਤੇ ਸਨ। ਜੀ.ਐਫ.ਏ. ਨਿਯਮਿਤ ਤੌਰ `ਤੇ ਭਾਰਤ ਵਿੱਚ ਚਰਚ ਦੇ ਪ੍ਰੋਗਰਾਮਾਂ ਲਈ ਅਮਰੀਕੀਆਂ ਤੋਂ ਦਾਨ ਮੰਗਦਾ ਹੈ। ਇਸ ਦਾ ਮੂਲ ਰੂਪ ਵਿੱਚ ਮਤਲਬ ਹੈ- ਨਵੇਂ ਲੋਕਾਂ ਨੂੰ ਈਸਾਈ ਬਣਾਉਣਾ। ਇਸ ਦੇ ਇੱਕ ਬਰੋਸ਼ਰ ਵਿੱਚ ਕਿਹਾ ਗਿਆ ਹੈ: “ਭਾਰਤ ਦੇ ਇੱਕ ਅਰਬ ਤੋਂ ਵੱਧ ਲੋਕ… ਰਿਕਾਰਡ ਸੰਖਿਆ ਵਿੱਚ ਯਿਸੂ ਵੱਲ ਜਾ ਰਹੇ ਹਨ।”
ਇਹ ਸਪੱਸ਼ਟ ਨਹੀਂ ਹੈ ਕਿ ਪੰਜਾਬ ਵਿੱਚ ਈਸਾਈ ਮਿਸ਼ਨਾਂ ਤੱਕ ਪਹੁੰਚਣ ਵਾਲੇ ਸਾਰੇ ਫੰਡ ਨਿਯਮਤ ਬੈਂਕਿਗ ਚੈਨਲਾਂ ਰਾਹੀਂ ਆ ਰਹੇ ਹਨ ਜਾਂ ਨਹੀਂ। ਜੇ ਵੈਸਟਰਨ ਦੇਸ਼ਾਂ `ਚੋਂ ਵੱਡੇ ਫੰਡ ਗੁਪਤ ਤਰੀਕਿਆਂ ਰਾਹੀਂ ਆ ਰਹੇ ਹਨ, ਤਾਂ ਭਾਰਤ ਦੀਆਂ ਕੇਂਦਰੀ ਏਜੰਸੀਆਂ ਜਿਵੇਂ ਕਿ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਬਿਨਾ ਕਿਸੇ ਦੇਰੀ ਤੋਂ ਆਪਣੀ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਅਪਰੈਲ 2023 ਵਿੱਚ ਇਨਕਮ ਟੈਕਸ ਵਿਭਾਗ ਨੇ ਅੰਕੁਰ ਨਰੂਲਾ ਦੇ ਚਰਚ ਉਤੇ ਛਾਪੇ ਮਾਰੇ ਸਨ।
ਪੰਜਾਬ ਵਿੱਚ ਗੈਰ-ਪੰਜਾਬੀ ਮਿਸ਼ਨਰੀ
ਪੰਜਾਬ ਵਿੱਚ ਕੰਮ ਕਰ ਰਹੇ ਲਗਭਗ ਸਾਰੇ ਈਸਾਈ ਮਿਸ਼ਨਰੀ ਭਾਰਤੀ ਹਨ, ਪਰ ਉਹ ਸਾਰੇ ਪੰਜਾਬੀ ਨਹੀਂ ਹਨ। ਪੰਜਾਬ ਵਿੱਚ ਕੇਰਲਾ ਦੇ ਨਾਲ-ਨਾਲ ਕੁੱਝ ਹੋਰ ਰਾਜਾਂ ਤੋਂ ਵੀ ਮਿਸ਼ਨਰੀ ਹਨ।
ਕੁੱਝ ਸਮਾਂ ਪਹਿਲਾਂ ਕੇਰਲਾ ਦੇ ਪੰਜ ਈਸਾਈ ਮਿਸ਼ਨਰੀ ਦਿੱਲੀ ਪਹੁੰਚੇ ਸਨ। ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦਾ ਕੁੱਝ ਮੁਢਲਾ ਗਿਆਨ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਆਪਣੇ ਮਨਸੂਬਿਆਂ ਨੂੰ ਪ੍ਰਗਟ ਕੀਤੇ ਬਿਨਾ ਦਿੱਲੀ ਦੇ ਗੁਰਮਤਿ ਕਾਲਜ ਵਿੱਚ ਦਾਖਲਾ ਲੈ ਲਿਆ। ਦਿੱਲੀ ਵਿੱਚ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਚਲੇ ਗਏ। ਕੇਰਲਾ ਦੇ ਈਸਾਈ ਮਿਸ਼ਨਰੀਆਂ ਵਾਂਗ ਇਹ ਪੂਰੀ ਸੰਭਾਵਨਾ ਹੈ ਕਿ ਭਾਰਤ ਦੇ ਦੂਜੇ ਰਾਜਾਂ ਦੇ ਈਸਾਈ ਮਿਸ਼ਨਰੀਆਂ ਨੇ ਵੀ ਈਸਾਈ ਧਰਮ ਦੇ ਪ੍ਰਚਾਰ ਲਈ ਪੰਜਾਬ ਜਾਣ ਤੋਂ ਪਹਿਲਾਂ ਕੁੱਝ ਮੁਢਲੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦਾ ਕੁਝ ਬੁਨਿਆਦੀ ਗਿਆਨ ਵੀ ਪ੍ਰਾਪਤ ਕੀਤਾ ਹੋਵੇ।
(ਬਾਕੀ ਅਗਲੇ ਅੰਕ ਵਿੱਚ)