ਚੋਣਾਂ ਵਿੱਚ ਬੂਥ ਲੈਵਲ ਅਫ਼ਸਰਾਂ ਦੀ ਭੂਮਿਕਾ

ਆਮ-ਖਾਸ ਸਿਆਸੀ ਹਲਚਲ

ਤਰਲੋਚਨ ਸਿੰਘ ਭੱਟੀ
ਲੋਕਤੰਤਰ ਨੂੰ ਚਲਾਉਣ ਲਈ ਚੋਣਾਂ ਕਰਵਾਉਣੀਆਂ ਜਰੂਰੀ ਹਨ। ਚੋਣਾਂ ਦੀ ਮੁਢਲੀ ਇਕਾਈ ਮੱਤਦਾਨ ਕੇਂਦਰ, ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਹਨ, ਜਿਸ ਦੀ ਦੇਖਭਾਲ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਬੂਥਾਂ ਉਤੇ ਬੀ.ਐਲ.ਓ. (ਬੂਥ ਲੈਵਲ ਅਫ਼ਸਰ) ਨਿਯੁਕਤ ਕੀਤੇ ਹਨ। ਬੀ.ਐਲ.ਓ. ਨੂੰ ਯੋਗ ਅਗਵਾਈ ਦੇਣ ਲਈ ਚੋਣ ਕਮਿਸ਼ਨ ਵੱਲੋਂ ਸਾਲ 2011 ਵਿੱਚ ‘ਬੂਥ ਲੈਵਲ ਅਫ਼ਸਰਾਂ ਵਾਸਤੇ ਕਿਤਾਬਚਾ’ ਪ੍ਰਕਾਸ਼ਤ ਕੀਤਾ ਗਿਆ ਹੈ ਅਤੇ 4 ਅਕਤੂਬਰ 2022 ਨੂੰ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਚੋਣ ਅਫ਼ਸਰਾਂ ਨੂੰ ਸੰਬੋਧਤ ਸਮਝਣ ਯੋਗ ਹਦਾਇਤਾਂ ਦਾ ਸਰਕੁਲਰ ਵੀ ਜਾਰੀ ਕੀਤਾ ਹੈ।

ਇਸ ਕਿਤਾਬਚੇ ਅਤੇ ਸਰਕੁਲਰ ਦੇ ਅਨੁਸਾਰ ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 13ਬੀ (2) ਅਧੀਨ ਜ਼ਿਲ੍ਹਾ ਚੋਣ ਅਫਸਰਾਂ ਦੀ ਪ੍ਰਵਾਨਗੀ ਨਾਲ ਹਰੇਕ ਅਸੈਂਬਲੀ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਬੀ.ਐਲ.ਓ. ਦੀ ਨਿਯੁਕਤੀ ਕੀਤੀ ਜਾਂਦੀ ਹੈ। ਨਿਯੁਕਤ ਕੀਤੇ ਗਏ ਬੀ.ਐਲ.ਓ. ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 13 ਸੀ ਅਨੁਸਾਰ ਚੋਣ ਕਮਿਸ਼ਨ ਪਾਸ ਡੈਪੁਟੇਸ਼ਨ ਉਤੇ ਸੇਵਾ ਕਰਨਗੇ।
ਹਦਾਇਤਾਂ ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਸਰਕਾਰੀ/ਅਰਧ-ਸਰਕਾਰੀ ਖੇਤਰਾਂ ਵਿੱਚ ਸੇਵਾ ਕਰ ਰਹੇ ਕਰਮਚਾਰੀਆਂ ਜਿਵੇਂ ਅਧਿਆਪਕ, ਆਂਗਨਵਾੜੀ ਵਰਕਰ, ਪਟਵਾਰੀ, ਅਮੀਨ, ਲੇਖਾਕਾਰ, ਪਿੰਡ ਪੱਧਰੀ ਅਫ਼ਸਰ, ਪੰਚਾਇਤ ਸਕੱਤਰ, ਬਿਜਲੀ ਮੀਟਰ ਰੀਡਰ, ਪੋਸਟਮੈਨ, ਸਿਹਤ ਕਰਮੀ, ਮਿਡ-ਡੇ ਮੀਲ ਵਰਕਰ, ਠੇਕੇ ਉਤੇ ਰੱਖੇ ਗਏ ਅਧਿਆਪਕ ਤੇ ਹੋਰ ਕਰਮੀ, ਸਹਾਇਕ ਨਰਸਾਂ ਤੇ ਦਾਈਆਂ, ਕਾਰਪੋਰੇਸ਼ਨ ਟੈਕਸ ਕੁਲੈਕਟਰ, ਲੋਕਲ ਬਾਡੀ (ਮਿਉਂਸੀਪਲ ਕਮੇਟੀ/ਕਾਰਪੋਰੇਸ਼ਨ) ਦੇ ਕਲੈਰੀਕਲ ਕਰਮਚਾਰੀ ਆਦਿ ਵਿੱਚੋਂ ਬੀ.ਐਲ.ਓ. ਨਿਯੁਕਤ ਕੀਤੇ ਜਾ ਸਕਦੇ ਹਨ। ਲੋੜ ਪੈਣ ਤੇ ਮੌਕੇ ਅਨੁਸਾਰ ਕੇਂਦਰੀ ਸਰਕਾਰ ਦੇ ਮੁਲਾਜਮਾਂ ਨੂੰ ਵੀ ਬੀ.ਐਲ.ਓ. ਲਗਾਇਆ ਜਾ ਸਕਦਾ ਹੈ। ਜੇਕਰ ਪੋਲਿੰਗ ਸਟੇਸ਼ਨ ਏਰੀਆ ਵਿੱਚ ਸਰਕਾਰੀ ਕਰਮਚਾਰੀ ਉਪਲੱਬਧ ਨਹੀਂ ਤਾਂ ਕੇਂਦਰੀ ਸਰਕਾਰ/ਰਾਜ ਸਰਕਾਰ ਦੇ ਚਾਹਵਾਨ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਬੀ.ਐਲ.ਓ. ਲਗਾਇਆ ਜਾ ਸਕਦਾ ਹੈ।
ਜਿੱਥੋਂ ਤੱਕ ਸੰਭਵ ਹੋਵੇ ਨਿਯੁਕਤ ਬੀ.ਐਲ.ਓ. ਨੂੰ ਉਸੇ ਪੋਲਿੰਗ ਸਟੇਸ਼ਨ ਦਾ ਚਾਰਜ ਦਿੱਤਾ ਜਾਵੇ, ਜਿਸ ਏਰੀਆ ਦਾ ਉਹ ਵੋਟਰ ਹੈ ਅਤੇ ਉਸ ਨੂੰ ਪੋਲਿੰਗ ਏਰੀਆ ਦੀ ਉਹੀ ਵੋਟਰ ਸੂਚੀ ਦਾ ਭਾਗ ਦਿੱਤਾ ਜਾਵੇ ਜਿਸ ਏਰੀਆ ਵਿੱਚ ਉਹ ਸਰਵਿਸ ਕਰ ਰਿਹਾ ਹੋਵੇ। ਬੀ.ਐਲ.ਓ. ਦੇ ਕੰਮ ਕਾਰ ਨੂੰ ਇਸ ਢੰਗ ਨਾਲ ਆਯੋਜਿਤ ਕੀਤਾ ਜਾਵੇ ਤਾਂ ਕਿ ਉਸ ਦੇ ਸਰਵਿਸ ਵਿਭਾਗ ਨੂੰ ਕੋਈ ਕਠਿਨਾਈ ਨਾ ਆਵੇ ਅਤੇ ਉਹ ਆਪਣੀ ਸਰਕਾਰੀ ਡਿਊਟੀ ਦੇ ਨਾਲ ਨਾਲ ਆਪਣੀ ਬੀ.ਐਲ.ਓ. ਦੀ ਡੈਪੁਟੈਸ਼ਨ ਵਾਲੀ ਡਿਊਟੀ ਵੀ ਸਹੀ ਢੰਗ ਨਾਲ ਨਿਭਾ ਸਕੇ।
ਕਿਤਾਬਚੇ ਅਤੇ ਸਰਕੁਲਰ ਰਾਹੀਂ ਬੀ.ਐਲ.ਓ. ਦੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ, ਜਿਸ ਅਨੁਸਾਰ ਬੀ.ਐਲ.ਓ. ਦੀ ਮੁਢਲੀ ਜ਼ਿੰਮੇਵਾਰੀ ਵੋਟਰ ਏਰੀਏ ਨਾਲ ਸਬੰਧਤ ਵੋਟਰ ਸੂਚੀਆਂ ਦੀ ਤਿਆਰੀ ਅਤੇ ਸਮੇਂ ਸਮੇਂ ਲੋੜ ਅਨੁਸਾਰ ਵੋਟਰ ਸੂਚੀਆਂ ਵਿੱਚ ਸੋਧ ਕਰਨਾ ਹੈ। ਉਸ ਦੀ ਨਿਜੀ ਜੁੰਮੇਵਾਰੀ ਹੈ ਕਿ ਉਸ ਦੇ ਚੋਣ ਏਰੀਏ ਨਾਲ ਸਬੰਧਤ ਵੋਟਰ ਸੂਚੀ ਵਿੱਚ ਮਰ ਚੁੱਕਾ ਵਿਅਕਤੀ, ਪੱਕੇ ਤੌਰ `ਤੇ ਛੱਡ ਕੇ ਜਾ ਚੁਕਾ ਵਿਅਕਤੀ, ਅਦਾਲਤ ਵੱਲੋਂ ਠਹਿਰਾਇਆ ਗਿਆ ਆਯੋਗ ਵਿਅਕਤੀ ਜਾਂ ਡੁਪਲੀਕੇਟ/ਫਰਜ਼ੀ ਨਾਮ ਦੇ ਵੋਟਰ ਸੂਚੀ ਵਿੱਚੋਂ ਖਾਰਜ ਕੀਤਾ ਜਾਵੇ। ਬੀ.ਐਲ.ਓ. ਦੀ ਜ਼ਿੰਮੇਵਾਰੀ ਹੈ ਕਿ ਉਸ ਦੇ ਵੋਟਿੰਗ ਏਰੀਏ ਜਾਂ ਬੂਥ ਨਾਲ ਸਬੰਧਤ ਸਾਰੇ ਯੋਗ ਵਿਅਕਤੀਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੇ ਸਹੀ ਨਾਮ ਤੇ ਹੋਰ ਸਬੰਧਤ ਵੇਰਵੇ ਵੋਟਰ ਸੂਚੀਆਂ ਵਿੱਚ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੀ ਪ੍ਰਵਾਨਗੀ ਨਾਲ ਜ਼ਰੂਰ ਦਰਜ ਹੋਣ।
ਬੀ.ਐਲ.ਓ. ਇਕ ਤਰ੍ਹਾਂ ਨਾਲ ਇਲਾਕੇ ਦੀ ਆਮ ਜਨਤਾ, ਵੋਟਰਾਂ ਅਤੇ ਚੋਣ ਕਮਿਸ਼ਨ ਵਿਚਾਲੇ ਇੱਕ ਪੁੱਲ ਜਾਂ ਸੂਤਰਧਾਰ ਹੈ, ਜੋ ਗਲਤੀ-ਰਹਿਤ ਅਤੇ ਸ਼ੁੱਧ ਵੋਟਰ ਸੂਚੀਆਂ ਨੂੰ ਯਕੀਨੀ ਬਣਾ ਸਕਦਾ ਹੈ। ਹਰੇਕ ਬੀ.ਐਲ.ਓ. ਨੂੰ ਚੋਣ ਕਮਿਸ਼ਨ ਵੱਲੋਂ ਬੀ.ਐਲ.ਓ. ਦੀ ਕਿੱਟ, ਬੀ.ਐਲ.ਓ. ਦਾ ਸ਼ਨਾਖਤੀ ਪੱਤਰ, ਰਜਿਸਟਰ ਅਤੇ ਹੋਰ ਲੋੜੀਂਦੀ ਸਮਗਰੀ ਉਪਲਬੱਧ ਕਰਵਾਈ ਜਾਂਦੀ ਹੈ। ਨਵੀਆਂ ਵੋਟਾਂ ਬਣਾਉਣ ਅਤੇ ਨਾਜਾਇਜ਼ ਬਣੀਆਂ ਜਾਂ ਕਲੈਰੀਕਲ ਗਲਤੀ ਨਾਲ ਬਣੀਆਂ ਵੋਟਾਂ ਨੂੰ ਸੋਧਣ/ਕੱਟਣ ਦੀ ਉਸ ਦੀ ਮੁਢਲੀ ਜ਼ਿੰਮੇਵਾਰੀ ਹੈ। ਅਣਗਹਿਲੀ ਦੀ ਸੂਰਤ ਵਿੱਚ ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 32 ਅਧੀਨ ਸਜ਼ਾ ਦੀ ਵਿਵਸਥਾ ਕੀਤੀ ਗਈ। ਰਜਿਸਟਰੇਸ਼ਨ ਆਫ ਇਲੈਕਟਰਜ਼ ਰੂਲਜ਼ 1960 ਦੇ ਰੂਲ 4 ਤੋਂ 22 ਤੱਕ ਵੋਟਰ ਸੂਚੀਆਂ ਨਾਲ ਸਬੰਧਤ ਹਨ। ਇਸ ਕੜੀ ਵਿੱਚ ਵੋਟਰ-ਸੁਚੀ ਅਬਜ਼ਰਵਜ਼ ਵੀ ਨਿਯੁਕਤ ਕੀਤੇ ਜਾਂਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਚੋਣਕਾਰ ਰਜਿਸਟਰੇਸ਼ਨ ਅਤੇ ਅਫ਼ਸਰਾਂ ਵੱਲੋਂ ਸਮੇਂ ਸਮੇਂ ਦਿੱਤੀ ਜਾਂਦੀ ਟਰੇਨਿੰਗ ਵਿੱਚ ਨਿੱਜੀ ਤੌਰ `ਤੇ ਭਾਗ ਲੈਣਾ; ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਹਦਾਇਤਾਂ ਦੇ ਕਿਤਾਬਚੇ ਤੇ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਅਤੇ ਪੜ੍ਹ ਕੇ ਉਸ `ਤੇ ਅਮਲ ਕਰਨਾ ਵੀ ਜਰੂਰੀ ਹੈ। ਉਸ ਦੇ ਕੰਮਕਾਰ ਦੀ ਨਿਗਰਾਨੀ ਅਤੇ ਮੁਲੰਕਣ ਸਬੰਧਤ ਸੁਪਰਵਾਈਜ਼ਰ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਸਮੇਂ ਸਮੇਂ ਕੀਤਾ ਜਾਂਦਾ ਹੈ। ਵੋਟਰ ਸੂਚੀਆਂ ਅਤੇ ਚੋਣਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਅਤੇ ਸਰਗਰਮੀਆਂ ਵਿੱਚ ਉਸ ਦੀ ਸ਼ਮੂਲੀਅਤ ਬਣੀ ਰਹਿੰਦੀ ਹੈ, ਇਸ ਲਈ ਉਸ ਦਾ ਹਰੇਕ ਕੰਮ ਚੋਣ ਰਿਕਾਰਡ ਦਾ ਹਿੱਸਾ ਹੁੰਦਾ ਹੈ। ਵੋਟਰ ਸੂਚੀਆਂ ਦੀ ਤਿਆਰੀ, ਸੋਧ, ਅੰਤਿਮ ਪ੍ਰਕਾਸ਼ਨਾ, ਚੋਣਾਂ ਨਾਲ ਸਬੰਧਤ ਜਰੂਰੀ ਪ੍ਰਕ੍ਰਿਆਵਾਂ, ਪੜਾਵਾਂ ਅਤੇ ਚੋਣ ਨਤੀਜਿਆਂ ਦੇ ਐਲਾਨ ਨਾਲ ਵੀ ਬੀ.ਐਲ.ਓ. ਸਿੱਧੇ ਜਾਂ ਅਸਿੱਧੇ ਤੌਰ `ਤੇ ਚੋਣਾਂ ਨਾਲ ਜੁੜਿਆ ਰਹਿੰਦਾ ਹੈ।
ਨਿਰਪੱਖ ਅਤੇ ਬਿਨਾ ਭੇਦਭਾਵ ਅਤੇ ਡਰ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਕਰਵਾਉਣ ਵਿੱਚ ਬੀ.ਐਲ.ਓ. ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ- ਬਸ਼ਰਤੇ ਚੋਣ ਕਮਿਸ਼ਨ ਅਤੇ ਉਸ ਦੇ ਅਧਿਕਾਰੀਆਂ ਵੱਲੋਂ ਬੀ.ਐਲ.ਓ. ਦਾ ਸਹੀ ਮਾਰਗ ਦਰਸ਼ਨ ਕੀਤਾ ਜਾਵੇ, ਲੋੜੀਂਦੀ ਟਰੇਨਿੰਗ ਅਤੇ ਵੋਟਰ ਸੂਚੀਆਂ ਦੀ ਤਿਆਰੀ ਅਤੇ ਸੁਧਾਈ ਨਾਲ ਸਬੰਧਤ ਲੋੜੀਂਦੀ ਸਮੱਗਰੀ, ਸਟੇਸ਼ਨਰੀ ਅਤੇ ਹਦਾਇਤਾਂ ਬਾਰੇ ਉਨ੍ਹਾਂ ਨੂੰ ਸਹੀ ਅਤੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇ। ਸਮੇਂ ਸਮੇਂ ਵੋਟਰ ਸੂਚੀਆਂ ਅਤੇ ਚੋਣਾਂ ਨਾਲ ਸਬੰਧਤ ਜਰੂਰੀ ਮਸਲਿਆਂ ਬਾਰੇ ਅਮਲੀ ਟਰੇਨਿੰਗ ਵੀ ਦਿੱਤੀ ਜਾਵੇ, ਕਿਉਂਕਿ ਚੋਣ ਪ੍ਰਕ੍ਰਿਆਵਾਂ ਵਿੱਚ ਬੀ.ਐਲ.ਓ. ਹੀ ਐਸਾ ਵਿਅਕਤੀ ਹੈ, ਜਿਸ ਨੂੰ ਪੋਲਿੰਗ ਏਰੀਆ ਦੀ ਭੂਗੋਲਿਕ ਸਥਿਤੀ, ਵਸਦੇ ਲੋਕਾਂ ਅਤੇ ਵੋਟਰਾਂ ਬਾਰੇ ਸਹੀ ਜਾਣਕਾਰੀ ਹੋਣੀ ਜਰੂਰੀ ਹੈ। ਉਸ ਦੇ ਕੰਮ ਕਾਰ ਦਾ ਮੁਲੰਕਣ ਨਿਰਧਾਰਤ ਚੈਕ ਲਿਸਟ ਅਨੁਸਾਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ, ਚੋਣਕਾਰ ਰਜਿਸਰਟਰੇਸ਼ਨ ਅਫ਼ਸਰ, ਜ਼ਿਲ੍ਹਾ ਚੋਣ ਅਫਸਰ ਅਤੇ ਰਾਜ ਦੇ ਮੁੱਖ ਚੋਣ ਅਫਸਰ ਵੱਲੋਂ ਕੀਤਾ ਜਾਂਦਾ ਹੈ। ਚੋਣਾਂ ਨਾਲ ਸਬੰਧਤ ਵੱਖ ਵੱਖ ਪੜਾਵਾਂ ਅਤੇ ਸਰਗਰਮੀਆਂ ਬਾਰੇ ਉਸ ਦੀ ਪੋਲਿੰਗ ਏਰੀਏ ਬਾਰੇ ਸਹੀ ਜਾਣਕਾਰੀ, ਗਿਆਨ ਤੇ ਅਨੁਭਵ, ਚੌਣਾਂ ਦੌਰਾਨ ਪੋਲਿੰਗ ਪਾਰਟੀਆਂ, ਹੋਰ ਅਮਲੇ ਅਤੇ ਧਿਰਾਂ ਲਈ ਸਹਾਇਕ ਸਿੱਧ ਹੋ ਸਕਦਾ ਹੈ। ਖਾਸ ਤੌਰ `ਤੇ ਉਸ ਸਮੇਂ ਜਦੋਂ ਲੋਕ ਸਭਾ ਅਤੇ ਰਾਜ ਸਭਾਵਾਂ ਦੀਆਂ ਚੋਣਾਂ ਜ਼ਿਆਦਾਤਰ ਡਿਜ਼ੀਟਲ ਅਤੇ ਮੁਕਾਬਲੇ ਵਾਲੀਆਂ ਬਣ ਗਈਆਂ ਹਨ।
ਬੀ.ਐਲ.ਓ. ਚੋਣ ਕਮਿਸ਼ਨ ਦਾ ਗਰਾਊਂਡ ਜੀਰੋ `ਤੇ ਸਹੀ ਸੂਚਨਾ ਦੇਣ ਵਾਲਾ, ਸਭ ਤੋਂ ਨੇੜਲਾ ਅਤੇ ਭਰੋਸੇਮੰਦ ਸਰੋਤ ਹੈ। ਜਰੂਰਤ ਹੈ ਕਿ ਬੀ.ਐਲ.ਓਜ਼ ਦੀ ਆਰਜ਼ੀ ਅਤੇ ਡੈਪੁਟੇਸ਼ਨ ਵਾਲੀ ਸੇਵਾ ਵਿੱਚ ਸੋਧ ਕਰਦੇ ਹੋਏ ਬੂਥ ਪੱਧਰ `ਤੇ ਉਸ ਨੂੰ ਸਥਾਈ ਤੌਰ `ਤੇ ਚੋਣ ਕਮਿਸ਼ਨ ਦਾ ਪੱਕਾ ਨੁਮਾਇੰਦਾ ਬਣਾਇਆ ਜਾਵੇ ਅਤੇ ਬੀ.ਐਲ.ਓ. ਦੀਆਂ ਰੈਗੂਲਰ ਸੇਵਾਵਾਂ ਸਬੰਧੀ ਨਵੇਂ ਨਿਯਮ ਬਣਾਏ ਜਾਣ, ਜਿਸ ਵਿੱਚ ਵਿਵਸਥਾ ਕੀਤੀ ਜਾ ਸਕਦੀ ਹੈ ਕਿ ਪੋਲਿੰਗ ਏਰੀਏ ਨਾਲ ਸਬੰਧਤ ਚਾਹਵਾਨ, ਅਨੁਭਵੀ ਕੇਂਦਰੀ/ਰਾਜ ਸੇਵਾ ਮੁਕਤ ਕਰਮਚਾਰੀਆਂ ਵਿੱਚੋ ਬੀ.ਐਲ.ਓ. ਲਾਗਏ ਜਾ ਸਕਣ, ਜੋ 65 ਸਾਲ ਦੀ ਉਮਰ ਤੱਕ ਸੇਵਾ ਕਰਦੇ ਰਹਿਣ, ਤਦੇ ਹੀ ਉਹ ਲੋਕਤੰਤਰ ਦੀ ਮਜਬੂਤੀ ਲਈ ਬਤੌਰ ਬੀ.ਐਲ.ਓ. ਆਪਣੀ ਭੂਮਿਕਾ ਨੂੰ ਸਾਰਥਕ ਬਣਾ ਸਕਣਗੇ।

Leave a Reply

Your email address will not be published. Required fields are marked *