ਆਰਥਕ ਮਸਲਿਆਂ ‘ਤੇ ਕੇਂਦਰਤ ਹੋਣ ਲੱਗੀ ਲੋਕ ਸਭਾ ਦੀ ਚੋਣ ਮੁਹਿੰਮ

ਸਿਆਸੀ ਹਲਚਲ ਖਬਰਾਂ

ਭਾਜਪਾ ਨੇ 195, ਕਾਂਗਰਸ ਨੇ 82 ਅਤੇ ਤ੍ਰਿਣਮੂਲ ਕਾਂਗਰਸ ਨੇ 42 ਉਮੀਦਵਾਰ ਐਲਾਨੇ
ਪੱਛਮੀ ਬੰਗਾਲ ਵਿੱਚ ਮਮਤਾ ਵੱਲੋਂ ਇਕੱਲੇ ਚੋਣ ਲੜਨ ਦਾ ਐਲਾਨ
ਜੇ.ਐਸ. ਮਾਂਗਟ
ਪਹਿਲਾਂ ਹੀ ਸ਼ੰਕਿਆਂ ਵਿੱਚ ਘਿਰਿਆ ਭਾਰਤ ਦਾ ਚੋਣ ਅਮਲ ਭਾਵੇਂ ਹਾਲ ਦੀ ਘੜੀ ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਸਤੀਫੇ ਨਾਲ ਗ੍ਰਹਿਣਿਆ ਗਿਆ ਹੈ, ਪਰ ਸੱਤਾ ਧਾਰੀ ਧਿਰ ਦਾ ਵਰਤਾਵ ਇਸ ਕਿਸਮ ਦਾ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਸ ਤਰ੍ਹਾਂ ਵਿਰੋਧੀ ਧਿਰ ਵੱਲੋਂ ਇਸ ਮੁੱਦੇ ਨੂੰ ਲੈ ਕੇ ਸੁਆਲ ਕੀਤੇ ਜਾ ਰਹੇ ਹਨ, ਪਰ ਭਾਰਤੀ ਜਨਤਾ ਪਾਰਟੀ ਚੋਣਾਂ ‘ਤੇ ਧਿਆਨ ਕੇਂਦਰਤ ਕਰਦੀ ਵਿਖਾਈ ਦੇ ਰਹੀ ਹੈ।

ਭਾਜਪਾ ਵੱਲੋਂ ਵੱਖ ਵੱਖ ਸਟੇਟਾਂ ਦੇ 195 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਭਾਜਪਾ ਦੀ ਪੈੜ ਨੱਪਦਿਆਂ ਕਾਂਗਰਸ ਪਾਰਟੀ ਵੱਲੋਂ ਵੀ 8 ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਲੋਕ ਸਭਾ ਦੀਆਂ 39 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 82 ਉਮੀਦਵਾਰਾਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਸਾਹਮਣੇ ਆਈ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਕੇਰਲਾ ਦੇ ਵਿਆਨਾਡ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਤਿਰੂਵੰਥਾਪੁਰਮ ਤੋਂ ਅਤੇ ਕੇ.ਸੀ. ਵੀਨੂਗੋਪਾਲ ਕੇਰਲਾ ਦੇ ਅਲਾਪੂਝਾਅ ਤੋਂ ਲੋਕ ਸਭਾ ਦੀ ਚੋਣ ਲੜਨਗੇ। ਭੁਪੇਸ਼ ਬਘੇਲ ਛਤੀਸਗੜ੍ਹ ਦੇ ਰਾਜਨੰਦਗਾਓਂ ਤੋਂ ਚੋਣ ਮੈਦਾਨ ਵਿੱਚ ਉਤਰਨਗੇ।
ਕਾਂਗਰਸ ਵੱਲੋਂ ਐਲਾਨੇ ਗਏ 82 ਉਮੀਦਵਾਰਾਂ ਵਿੱਚ ਸ਼ਡਿਊਲਡ ਕਾਸਟ (ਐਸ.ਸੀ), 55 ਸ਼ਡਿਊਲਡ ਟਰਾਈਬਸ (ਐਸ.ਟੀ.) ਅਤੇ ਹੋਰ ਪੱਛੜੇ ਵਰਗਾਂ (ਓ.ਬੀ.ਸੀ) ਕੈਟੇਗਰੀ ਨਾਲ ਸੰਬੰਧਤ ਹਨ। 10 ਜਨਰਲ ਕੈਟੇਗਰੀ ਦੇ ਹਨ। ਇਸ ਤੋਂ ਇਲਾਵਾ 20 ਉਮੀਦਵਾਰ 50 ਸਾਲ ਤੋਂ ਘੱਟ ਉਮਰ ਦੇ ਹਨ। ਕਾਂਗਰਸ ਨੇ ਇਸ ਵਾਰ ਮੁੱਖ ਤੌਰ ‘ਤੇ ਤਜ਼ਰਬੇਕਾਰ ਸੀਨੀਅਰ ਆਗੂਆਂ ਅਤੇ ਸਾਬਕਾ ਮਨਿਸਟਰਾਂ ‘ਤੇ ਪੱਤਾ ਖੇਡਿਆ ਹੈ। ਕੇਰਲਾ ਵਿੱਚ ਕਾਂਗਰਸ ਵੱਲੋਂ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਯਾਦ ਰਹੇ, ਕੇਰਲਾ ਵਿੱਚ ਕੁੱਲ 20 ਲੋਕ ਸਭਾ ਸੀਟਾਂ ਹਨ। ਇਸੇ ਤਰ੍ਹਾਂ ਕਰਨਾਟਕਾ ਦੀਆਂ 28 ਸੀਟਾਂ ਵਿੱਚੋਂ 8 ‘ਤੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਛਤੀਸਗੜ੍ਹ ਵਿੱਚ ਕੁੱਲ 11 ਲੋਕ ਸਭਾ ਸੀਟਾਂ ਹਨ, ਇਥੇ ਕਾਂਗਰਸ ਵੱਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਮੇਘਾਲਿਆਂ ਦੀਆਂ ਦੋ ਸੀਟਾਂ ਅਤੇ ਲਕਸ਼ਦੀਪ, ਨਾਗਾਲੈਂਡ ਅਤੇ ਸਿੱਕਮ ਦੀ ਇੱਕ-ਇੱਕ ਸੀਟ ‘ਤੇ ਵੀ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਤ੍ਰਿਪੁਰਾ ਦੀਆਂ ਦੋ ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿਚੋਂ ਇੱਕ ‘ਤੇ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ। ਦੂਜੇ ਗੇੜ ਵਿੱਚ ਕਾਂਗਰਸ ਪਾਰਟੀ ਵੱਲੋਂ ਅਸਾਮ ਤੋਂ 12, ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ 10-10, ਗੁਜਰਾਤ ਤੋਂ 7, ਉੱਤਰਾਖੰਡ ਤੋਂ ਤਿੰਨ ਅਤੇ ਦਮਨ ਤੇ ਦੇਊ ਦੀ ਇੱਕ-ਇੱਕ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਵੀਨੂਗੋਪਾਲ ਨੇ ਕਿਹਾ ਕਿ ਪਾਰਟੀ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਜਿੰਨਾ ਹੋ ਸਕੇ ‘ਇੰਡੀਆ ਗੱਠਜੋੜ ਦੀ ਲੋੜ’ ਅਨੁਸਾਰ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ।
ਉਧਰ ਮਮਤਾ ਬੈਨਰਜੀ ਵੱਲੋਂ ਪੱਛਮੀ ਬੰਗਾਲ ਵਿੱਚ ‘ਇੰਡੀਆ ਅਲਾਇੰਸ’ ਨੂੰ ਨਜ਼ਰਅੰਦਾਜ਼ ਕਰਕੇ ਸਾਰੇ 42 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦਾ ਆਖਣਾ ਹੈ ਕਿ ਆਸਾਮ ਅਤੇ ਪੱਛਮੀ ਬੰਗਾਲ ਵਿੱਚ ਭਾਵੇਂ ਸਾਡੇ ਵਿਚਕਾਰ ਕੁਝ ਮਸਲੇ ਖੜ੍ਹੇ ਹਨ, ਪਰ ਇਨ੍ਹਾਂ ਨੂੰ ਹੱਲ ਕਰ ਲਿਆ ਜਾਵੇਗਾ। ਕੇ.ਸੀ. ਵੀਨੂਗੋਪਾਲ ਨੇ ਕਿਹਾ ਕਿ ਜਿਸ ਕਿਸਮ ਦਾ ਅਸੀਂ ਸਹਿਯੋਗ ਕਰ ਰਹੇ ਹਾਂ, ਦੂਜੀਆਂ ਪਾਰਟੀਆਂ ਨੂੰ ਵੀ ਇਸੇ ਕਿਸਮ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਾਰਟੀ ਦੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਆਪਣੀ ਅਗਲੀ ਮੀਟਿੰਗ ਤੋਂ ਬਾਅਦ ਰਾਜਸਥਾਨ, ਉੱਤਰਾਖੰਡ ਅਤੇ ਹਿਮਾਚਲ ਵਿੱਚ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਭਾਰਤੀ ਜਨਤਾ ਪਾਰਟੀ ਵੱਲੋਂ ਬੀਤੀ 2 ਫਰਵਰੀ ਨੂੰ 195 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਸਮੇਤ ਪਾਰਟੀ ਦੇ ਕਈ ਵੱਡੇ ਆਗੂ ਸ਼ਾਮਲ ਹਨ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਵਾਰਾਨਸੀ ਅਤੇ ਅਮਿੱਤ ਸ਼ਾਹ ਗੁਜ਼ਰਾਤ ਦੇ ਗਾਂਧੀ ਨਗਰ ਤੋਂ ਚੋਣ ਲੜਨਗੇ। ਭਾਜਪਾ ਦੇ ਹੋਰ ਦਿਗਜਾਂ ਵਿੱਚੋਂ ਰਾਜਨਾਥ ਸਿੰਘ ਯੂ.ਪੀ. ਦੇ ਲਖਨਊ ਤੋਂ ਅਤੇ ਜਿਉਤੀਰਾਦਿਤਿਆ ਸਿੰਧੀਆ ਮੱਧ ਪ੍ਰਦੇਸ਼ ਦੇ ਗੁੰਨਾ ਤੋਂ ਚੋਣ ਲੜਨਗੇ। ਲੋਕ ਸਭਾ ਸਪੀਕਰ ਓਮ ਬਿਰਲਾ ਰਾਜਸਥਾਨ ਦੇ ਕੋਟਾ ਤੋਂ ਅਤੇ ਸਿਮਰਤੀ ਇਰਾਨੀ ਅਮੇਠੀ ਤੋਂ ਚੋਣ ਮੈਦਾਨ ਵਿੱਚ ਉਤਰਨਗੇ। ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਥਾਨ ਵਿੱਚ 16, ਜੰਮੂ ਕਸ਼ਮੀਰ ਵਿੱਚ 2, ਦਿੱਲੀ ਵਿੱਚ 5, ਉੱਤਰਾਖੰਡ ਵਿੱਚ 3, ਉੱਤਰ ਪ੍ਰਦੇਸ਼ ਵਿੱਚ 51, ਅਸਾਮ ਵਿੱਚ 11, ਅਰੁਣਾਚਲ ਪ੍ਰਦੇਸ਼ ਵਿੱਚ 2 ਅਤੇ ਤ੍ਰਿਪੁਰਾ ਵਿੱਚ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ 20, ਝਾਰਖੰਡ ਵਿੱਚ 11, ਮੱਧ ਪ੍ਰਦੇਸ਼ ਵਿੱਚ 24, ਗੁਜਰਾਤ ਵਿੱਚ 15, ਛਤੀਸਗੜ੍ਹ ਵਿੱਚ 11, ਤੇਲੰਗਾਨਾ ਵਿੱਚ 9, ਕੇਰਲਾ ਵਿੱਚ 12 ਅਤੇ ਅੰਡੇਮਾਨ ਨਿਕੋਬਾਰ ਦੀ ਇੱਕੋ ਸੀਟ ‘ਤੇ ਉਮੀਦਵਾਰਾਂ ਦੇ ਐਲਾਨ ਕੀਤੇ ਗਏ ਹਨ।
ਭਾਜਪਾ ਵੱਲੋਂ ਐਲਾਨੇ ਗਏ ਇਨ੍ਹਾਂ 195 ਉਮੀਦਵਾਰਾਂ ਵਿੱਚੋਂ 81 ਨਵੇਂ ਚਿਹਰੇ ਹਨ। 114 ਸੀਟਾਂ ‘ਤੇ ਪਹਿਲਾਂ ਵਾਲੇ ਉਮੀਦਵਾਰ ਹੀ ਖੜ੍ਹੇ ਕੀਤੇ ਗਏ ਹਨ। ਇਹ 151 ਸੀਟਾਂ ਉਹ ਹਨ, ਜਿਨ੍ਹਾਂ ‘ਤੇ ਪਿਛਲੀ ਵਾਰ ਵੀ ਭਾਰਤੀ ਜਨਤਾ ਪਾਰਟੀ ਨੇ ਹੀ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਦੇ ਆਗੂ ਵਿਨੋਧ ਤਾਵਦੇ ਨੇ ਇਸ ਸੰਬੰਧੀ ਹੋਰ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਵੱਲਂੋ ਸੋਸ਼ਲ ਇੰਨੀਰਿੰਗ ਫਾਰਮੂਲੇ ਦੇ ਤਹਿਤ ਹਾਸ਼ੀਏ ‘ਤੇ ਧੱਕੀਆਂ ਗਈਆਂ ਜਾਤਾਂ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸੇ ਤਹਿਤ 195 ਵਿੱਚੋਂ 28 ਸੀਟਾਂ ਔਰਤਾਂ ਨੂੰ ਦਿੱਤੀਆਂ ਗਈਆਂ ਹਨ। 27 ਉਮੀਦਵਾਰ ਸ਼ਡਿਊਲਡ ਕਾਸਟਾਂ ਵਿੱਚੋਂ ਹਨ; 16 ਸ਼ਡਿਊਲਡ ਟਰਾਈਬਜ਼ ਵਿੱਚੋਂ ਅਤੇ 57 ਉਮੀਦਵਾਰ ਓ.ਬੀ.ਸੀ. ਦੇ ਹਿੱਸੇ ਆਏ ਹਨ। 47 ਨੌਜਵਾਨ ਉਮੀਦਵਾਰ ਹਨ।
ਉਧਰ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ ਰਾਜ ਦੀਆਂ ਸਾਰੀਆਂ 42 ਸੀਟਾਂ ‘ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਹ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਵਾਸਤੇ ਇੱਕ ਝਟਕਾ ਸਮਝਿਆ ਜਾ ਰਿਹਾ ਹੈ, ਪਰ ਕਾਂਗਰਸ ਪਾਰਟੀ ਹਾਲੇ ਵੀ ਤ੍ਰਿਣਮੂਲ ਕਾਂਗਰਸ ਨਾਲ ਆਪਣਾ ਗੱਠਜੋੜ ਜਾਰੀ ਰੱਖਣ ਦੀ ਗੱਲ ਕਰ ਰਹੀ ਹੈ। ਮਮਤਾ ਬੈਨਰਜੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਕ੍ਰਿਕਟਰ ਕਿਰਤੀ ਆਜ਼ਾਦ, ਯੂਸਫ ਪਠਾਨ ਤੋਂ ਇਲਾਵਾ ਅਭਿਸ਼ੇਕ ਬੈਨਰਜੀ, ਮਹੂਆ ਮਿੱਤਰਾ, ਸ਼ਤਰੂਗਨ ਸਿਨਾਹ, ਹਾਜੀ ਨੂਰੁਲ ਇਸਾਮ ਜਿਹੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹਨ। ਪਾਰਟੀ ਨੇ ਆਪਣੇ 5 ਸਿਟਿੰਗ ਪਾਰਲੀਮੈਂਟ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ। ਉਮੀਦਵਾਰਾਂ ਦੀ ਲਿਸਟ ਸੰਬੰਧੀ ਗੱਲ ਕਰਦਿਆਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਪੱਛਮੀ ਬੰਗਾਲ ਵਿੱਚ ਇਕੱਲੇ ਚੋਣ ਲੜਾਂਗੇ। ਇਸ ਤੋਂ ਬਿਨਾ ਅਸਾਮ ਅਤੇ ਮੇਘਾਲਿਆਂ ਵਿੱਚ ਵੀ ਕੁਝ ਸੀਟਾਂ ‘ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਸਮਾਜਵਾਦੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ।
ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨਾਂ ਦੇ ਨਾਲ ਨਾਲ ਪਾਰਟੀਆਂ ਵਿਚਕਾਰ ਚੋਣ ਸਮਝੌਤਿਆਂ ਅਤੇ ਆਗੂਆਂ ਦੇ ਪਾਰਟੀਆਂ ਬਦਲਣ ਦਾ ਦੌਰ ਵੀ ਜਾਰੀ ਹੈ। ਬੀਤੇ ਦਿਨੀਂ ਹਿਸਾਰ ਦੇ ਮੈਂਬਰ ਪਾਰਲੀਮੈਂਟ ਬਰਜੇਂਦਰ ਸਿੰਘ ਭਾਰਤੀ ਜਨਤਾ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਇੱਕ ਸਾਬਕਾ ਆਈ.ਏ.ਐਸ. ਅਫਸਰ ਹਨ ਅਤੇ 21 ਸਾਲ ਦੇ ਕਾਰਜਕਾਲ ਤੋਂ ਬਾਅਦ ਨੌਕਰੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਦੁਸ਼ਿਅੰਤ ਚੌਟਾਲਾ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਆਂਧਰਾ ਪ੍ਰਦੇਸ਼ ਵਿੱਚ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੀ ਤੈਲਗੂ ਦੇਸਮ ਅਤੇ ਇੱਕ ਹੋਰ ਜਥੇਬੰਦੀ ਜਨ ਸੈਨਾ ਪਾਰਟੀ ਨਾਲ ਭਾਜਪਾ ਨੇ ਗੱਠਜੋੜ ਕਰ ਲਿਆ। ਇਸੇ ਤਰ੍ਹਾਂ ਤਾਮਿਲਨਾਡੂ ਦੀ ਪਾਰਟੀ ਡੀ.ਐਮ.ਕੇ. ਨੇ ਕਾਂਗਰਸ ਪਾਰਟੀ ਨਾਲ ਚੋਣ ਗੱਠਜੋੜ ਨਿਭਾਉਂਦਿਆਂ 9 ਲੋਕ ਸਭਾ ਸੀਟਾਂ ਛੱਡ ਦਿੱਤੀਆਂ ਹਨ। ਡੀ.ਐਮ.ਕੇ. ਨੇ 30 ਸੀਟਾਂ ਆਪਣੇ ਲਈ ਰੱਖੀਆਂ ਹਨ ਅਤੇ 9 ਸੀਟਾਂ ‘ਤੇ ਪਾਰਟੀ ਕਾਂਗਰਸ ਪਾਰਟੀ ਦੀ ਹਮਾਇਤ ਕਰੇਗੀ।
ਇਸ ਤੋਂ ਇਲਾਵਾ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਜ਼ਦੀਕ ਆ ਰਹੇ ਹਨ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ‘ਤੇ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਦੋਨੋਂ ਪਾਰਟੀਆਂ ਪੰਜਾਬ ਵਿੱਚ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀਆਂ ਹਨ। ਜਾਖੜ ਨੇ ਆਪਣੇ ਭਾਸ਼ਨ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਖੁੱਲ੍ਹ ਕੇ ਗੁਣਗਾਨ ਕੀਤਾ। ਇਸ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਤਾਂ ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ, ਪਰ ਪੰਜਾਬ ਵਿੱਚ ਗੱਲ ਕਿਸੇ ਸਿਰੇ ਲਗਦੀ ਵਿਖਾਈ ਨਹੀਂ ਦੇ ਰਹੀ। ਕੁੱਲ ਮਿਲਾ ਕੇ ਦੇਸ਼ ਵਿੱਚ ਚੋਣ ਸਰਗਰਮੀ ਕਾਫੀ ਤੇਜ਼ ਹੋ ਗਈ ਹੈ। ਭਾਵੇਂ ਰਾਹੁਲ ਗਾਂਧੀ ਦੂਜੀ ਭਾਰਤ ਜੋੜੋ ਨਿਯਾਏ ਯਾਤਰਾ ‘ਤੇ ਹਨ, ਪਰ ਉਹ ਪੇਂਡੂ ਖਾਸ ਕਰਕੇ ਕਿਸਾਨ ਆਰਥਕਤਾ ਅਤੇ ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਭਾਜਪਾ ਰਾਮ ਮੰਦਰ, ਧਰੁਵੀਕਰਨ ਅਤੇ ਵਿਕਾਸ ਨੂੰ ਕੇਂਦਰੀ ਚੋਣ ਮੁੱਦੇ ਬਣਾਉਣ ਦਾ ਯਤਨ ਕਰ ਰਹੀ ਹੈ। ਲਗਦਾ ਇੰਜ ਹੈ ਕਿ ਬਦਲੀਆਂ ਆਰਥਕ ਹਾਲਤਾਂ ਵਿੱਚ ਲੋਕ ਰੁਜ਼ਗਾਰ ਅਤੇ ਆਰਥਕ ਮਸਲਿਆਂ ਵੱਲ ਵਧੇਰੇ ਤਵੱਜੋ ਦੇ ਰਹੇ ਹਨ। ਇਨ੍ਹਾਂ ਮਸਲਿਆਂ ਨੂੰ ਲੈ ਕੇ ਬਿਹਾਰ ਵਿੱਚ ਤੇਜੱਸਵੀ ਯਾਦਵ ਲੋਕਾਂ ਨੂੰ ਆਪਣੇ ਵੱਲ ਖਿਚਣ ਵਿੱਚ ਸਫਲ ਹੋ ਰਿਹਾ ਹੈ ਅਤੇ ਅਜਿਹੇ ਹੀ ਮਸਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਦੁਆਲੇ ਵੀ ਭੀੜ ਜੁੜਨ ਲੱਗੀ ਹੈ। ਕਾਂਗਰਸ ਵੱਲੋਂ ਮਿਲਟਰੀ ਦੀ ਪਰਮਾਨੈਂਟ ਭਰਤੀ ਬੰਦ ਕਰਨ ਦਾ ਮਸਲਾ ਵੀ ਪੇਂਡੂ ਕਿਸਾਨਾਂ ਅਤੇ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਨੂੰ ਪ੍ਰਭਾਵਤ ਕਰ ਰਿਹਾ। ਰਾਮ ਮੰਦਰ ਪੁਲਵਾਮਾ ਵਾਂਗ ਕੇਂਦਰੀ ਮਸਲਾ ਬਣਦਾ ਵਿਖਾਈ ਨਹੀਂ ਦੇ ਰਿਹਾ। ਇਸ ਹਾਲਤ ਵਿੱਚ ਚੋਣ ਨਤੀਜਿਆਂ ਦਾ ਊਠ ਕੋਈ ਵੀ ਕਰਵਟ ਲੈ ਸਕਦਾ ਹੈ। ਚੋਣ ਜੰਗ ਜਦੋਂ ਹੋਰ ਅੱਗੇ ਵਧੇਗੀ ਤਾਂ ਸਥਿਤੀ ਵਧੇਰੇ ਸਾਫ ਹੋਣ ਲੱਗੇਗੀ।

Leave a Reply

Your email address will not be published. Required fields are marked *