“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਨੇ ਵੱਖ ਵੱਖ ਇਤਿਹਾਸਕ ਤੇ ਹੋਰ ਨਾਮੀ ਲੇਖਕਾਂ ਦੀਆਂ ਪੁਸਤਕਾਂ ਤੋਂ ਵੇਰਵਾ ਦਰਜ ਕੀਤਾ ਹੈ। ਪੇਸ਼ ਹੈ, ਧਾਰਮਿਕ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਇਸ ਪੁਸਤਕ ਦੀ ਆਖਰੀ ਕਿਸ਼ਤ…
ਅਲੀ ਰਾਜਪੁਰਾ
ਫੋਨ:+91-9417679302
1. ਸ਼ੇਖ਼ ਮਾਲੋ
ਸ਼ੇਖ਼ ਮਾਲੋ ਇੱਕ ਗਿਆਨਵਾਨ ਮੁਸਲਮਾਨ ਸੀ, ਉਹ ਗੁਰੂ ਨਾਨਕ ਦੇਵ ਜੀ ਨਾਲ ਕਰਤਾਰਪੁਰ ਵਿਖੇ ਵਿਚਾਰ-ਚਰਚਾ ਕਰਨ ਆਇਆ ਸੀ ਤੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸੀ। ਗੁਰੂ ਨਾਨਕ ਦੇਵ ਜੀ ਨਾਲ ਗੋਸ਼ਟਿ ਤੋਂ ਪਹਿਲਾਂ ਸ਼ੇਖ਼ ਮਾਲੋ ਦੇ ਮਨ ਅੰਦਰ ਕਈ ਤਰ੍ਹਾਂ ਦੇ ਸਵਾਲ ਸਨ, ਜਿਹੜੇ ਵਿਚਾਰ-ਵਟਾਂਦਰਾ ਕਰਨ ਉਪਰੰਤ ਦੂਰ ਹੋਏ ਜਦੋਂ ਗੁਰੂ ਜੀ ਨੇ ਕਿਹਾ, ਜੋ ਕੁਝ ਉਸ (ਮਾਲਕ) ਨੂੰ ਭਾਉਂਦਾ ਹੈ, ਉਸੇ ਵਿੱਚ ਰਾਜ਼ੀ ਰਹਿ, ਉਸੇ ਨੂੰ ਤਸਬੀ ਬਣਾ।
2. ਜਿੰਦਪੀਰ
ਇਸ ਨਾਂ ਦਾ ਇੱਕ ਸ਼ਖ਼ਸ ਉਂਝ ਮੁਸਲਮਾਨ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਪੱਕਾ ਸ਼ਰਧਾਲੂ ਸੀ। ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸਿੱਖ ਧਰਮ ਕਬੂਲ ਕੀਤਾ ਸੀ। ਸਿੰਧ ਵਿੱਚੋਂ ਭੱਖਰ ਪਾਰ ਸਿੰਧੂ ਨਦੀ ਦੇ ਟਾਪੂ ਵਿੱਚ ਜਿੰਦਪੀਰ ਦਾ ਗੁਰੂ-ਘਰ ਉਸਰਿਆ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਠਹਿਰ ਕੀਤੀ ਸੀ।
3. ਭਾਈ ਕਮਾਲ ਜੀ
ਗੁਰੂ ਨਾਨਕ ਦੇਵ ਜੀ ਨੇ ਜਦੋਂ ਕਸ਼ਮੀਰ ਦੀ ਯਾਤਰਾ ਕੀਤੀ ਤਾਂ ਭਾਈ ਕਮਾਲ ਜੀ ਗੁਰੂ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ। ਉਂਝ ਉਹ ਕਸ਼ਮੀਰੀ ਮੁਸਲਮਾਨ ਸੀ ਤੇ ਗੁਰੂ ਜੀ ਨੇ ਇਨ੍ਹਾਂ ਨੂੰ ਕੁਰਾਮ, ਕਾਬੁਲ, ਕੰਧਾਰ ਅਤੇ ਤਿਰਾਹ ਵਿਖੇ ਸਿੱਖਿਆਵਾਂ ਦੇ ਪ੍ਰਚਾਰ ਲਈ ਤੋਰਿਆ।
4. ਜਮਾਲ
ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਤੇ ਸ਼ਖ਼ਸੀਅਤ ਤੋਂ ਬੇਅੰਤ ਪ੍ਰਭਾਵਿਤ ਹੋ ਕੇ ਜਮਾਲ ਗੁਰੂ ਦਾ ਸਿੱਖ ਬਣਿਆ। ਡਾ. ਮੁਹੰਮਦ ਹਬੀਬ ਅਤੇ ਡਾ. ਜਸਪਾਲ ਕੌਰ ਨੇ ਆਪਣੀ ਪੁਸਤਕ ‘ਸਿੱਖ ਧਰਮ ਨਾਲ ਸਬੰਧਿਤ ਸਤਿਕਾਰਤ ਮੁਸਲਿਮ ਸ਼ਖ਼ਸੀਅਤਾਂ’ ਵਿੱਚ ਲਿਖਿਆ ਹੈ ਕਿ ਇਹ ਪਵਿੱਤਰ ਆਤਮਾ ਗੁਰੂ ਹਰਿਗੋਬਿੰਦ ਸਿੰਘ ਜੀ ਨਾਲ ਵੀ ਸੀ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਚਉਬੋਲੇ ਵਿੱਚ ਕੀਤਾ ਹੈ। ਚਉਬੋਲੇ ਦੇ ਕਈ ਅਰਥ ਹਨ, ਪਰ ਇੱਕ ਅਰਥ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਪ੍ਰੇਮੀਆਂ- ਮੂਸਨ, ਸੰਮਨ, ਜਮਾਲ, ਅਤੇ ਪਤੰਗ ਪ੍ਰਥਾਇ ਇਹ ਬਾਣੀ ਰਚੀ ਗਈ ਹੈ। ਗੁਰੂ ਗ੍ਰੰਥ ਕੋਸ਼ (ਖਾਲਸਾ ਟ੍ਰੈਕਟ ਸੁਸਾਇਟੀ) ਅਨੁਸਾਰ ਸੰਮਨ, ਮੂਸਨ, ਜਮਾਲ ਅਤੇ ਪਤੰਗ- ਚਾਰ ਫ਼ਕੀਰਾਂ ਨਾਲ ਪੰਜਵੇਂ ਪਾਤਸ਼ਾਹ ਦਾ ਇਸ ਬਾਣੀ ਵਿੱਚੋਂ ਸੰਵਾਦ ਹੈ ਜਾਂ ਉਪਦੇਸ਼ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਜਮਾਲ ਗੁਰੂ ਅਰਜਨ ਦੇਵ ਜੀ ਨਾਲ ਅਕੀਦਤ ਰੱਖਦਾ ਸੀ।
5. ਆਲਮ
ਆਲਮ ਦਾ ਭਾਵ ਇਲਮ, ਗਿਆਨ ਰੱਖਣ ਵਾਲ਼ਾ ਹੈ। ਉਂਝ ਆਲਮ ਨਾਂ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ‘ਆਲਮ’ ਨਾਂ ਦੀ ਇੱਕ ਸ਼ਖ਼ਸੀਅਤ ਗੁਰੂ ਗੋਬਿੰਦ ਸਿੰਘ ਦਰਬਾਰੀ ਕਵੀ ਵਿੱਚ ਸ਼ਾਮਿਲ ਹੈ ਅਤੇ ਕੋਟਲਾ ਨਿਹੰਗ ਖ਼ਾਂ ਦੇ ਪੁੱਤਰ ਦਾ ਨਾਮ ਵੀ ਆਲਮ ਸੀ।
6. ਬੁੱਲ੍ਹੇ ਸ਼ਾਹ
ਬੁੱਲ੍ਹੇ ਸ਼ਾਹ ਜ਼ਿਲ੍ਹਾ ਕੈਬਲਪੁਰਾ (ਪਾਕਿਸਤਾਨ) ਦੇ ਮਸ਼ਹੂਰ ਪਿੰਡ ਦਾ ਵਾਸੀ ਸੀ, ਜਿਸ ਨੂੰ ਕਰਨੀ ਵਾਲ਼ਾ ਮੰਨਿਆ ਗਿਆ ਹੈ। ਬੁੱਲ੍ਹੇ ਸ਼ਾਹ ਨੇ ਭੰਗਾਣੀ ਅਤੇ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਸੇਵਾ ਨਿਭਾਈ ਸੀ। ਬੁੱਲ੍ਹੇ ਸ਼ਾਹ ਦੇ ਜ਼ਰੀਏ ਹੀ ਗੁਰੂ ਸਾਹਿਬ ਨੇ ਸ਼ਸਤਰ ਮੰਗਵਾਏ ਸਨ। ਕਿਤਾਬ ‘ਮੁਸਲਮਾਣੁ ਕਹਾਵਣੁ ਮੁਸਕਲੁ’ ਅਨੁਸਾਰ ਇਹ ਸਾਰਾ ਪ੍ਰਸੰਗ ਹੁਕਮਨਾਮੇ ਤੋਂ ਪ੍ਰਗਟ ਹੁੰਦਾ ਹੈ, ਜੋ ਦਸਮੇਸ਼ ਜੀ ਨੇ ਸਾਵਣ ਸੁਦੀ 2 ਸੰਮਤ 1756 ਨੂੰ ਬੁੱਲ੍ਹੇ ਸ਼ਾਹ ਨੂੰ ਦਿੱਤਾ। ਇਹ ਹੁਕਮਨਾਮਾ ਉਸ ਦੀ ਔਲਾਦ ਸ਼ਾਹ ਹੁਸੈਨ ਪਾਸ ਮੌਜੂਦ ਸੀ। ਕੁਝ ਇਤਿਹਾਸਕਾਰਾ ਦਾ ਮੰਨਣਾ ਹੈ ਕਿ ਜਦੋਂ ਬੁੱਲ੍ਹੇਸ਼ਾਹ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਿਆ ਤਾਂ ਉਹ ਸੰਗਤਾਂ ਦੀ ਸ਼ਰਧਾ ਮੁਹੱਬਤ ਨੂੰ ਦੇਖ ਕੇ ਫੁੱਲਿਆ ਨਾ ਸਮਾਇਆ ਤੇ ਰੱਬੀ ਨੂਰ ਵਰਸਦਾ ਦੇਖ ਕੇ ਉਸ ਦੇ ਮੂੰਹੋਂ ਸਿਫ਼ਤ ’ਚ ਸ਼ਬਦ ਉਚਾਰੇ ਗਏ।
ਮੂਰਿਸ਼ ਮਸਜਿਦ (ਕਪੂਰਥਲਾ)
ਮਹਾਰਾਜਾ ਜਗਤਜੀਤ ਸਿੰਘ ਵੱਲੋਂ ਕਪੂਰਥਲਾ ਵਿੱਚ ਉਸਾਰੀ ਮਸਜਿਦ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ/ਮੁਹੱਬਤ ਦੀ ਗਵਾਹੀ ਭਰਦੀ ਹੈ, ਜੋ ਰੇਲਵੇ ਸਟੇਸ਼ਨ ਦੇ ਨੇੜੇ 156 ਕਨਾਲ, ਕੇਵਲ ਦੋ ਏਕੜ ਵਿੱਚ ਉਸਾਰੀ ਗਈ ਹੈ। ਮਹਾਰਾਜਾ ਜਗਤਜੀਤ ਸਿੰਘ ਨੇ ਆਪਣੀ ਮੁਸਲਮਾਨ ਪਰਜਾ ਲਈ ਇਹ ਮਸਜਿਦ ਲਗਭਗ 1926 ਈਸਵੀ ਵਿੱਚ ਮਾਰੱਕੋ ਤੋਂ ਨਮੂਨਾ ਲਿਆ ਕੇ ਉਸਾਰਨੀ ਆਰੰਭ ਕੀਤੀ ਸੀ। ਅੰਦਰ ਦੀਵਾਰਾਂ ਉਤੇ ਸੁੰਦਰ ਮੀਨਾਕਾਰੀ ਅਤੇ ਹੋਰਨਾਂ ਦੀਵਾਰਾਂ ਉਤੇ ਸੁਨਹਿਰੀ ਸਿਹਾਈ ਨਾਲ ਕੁਰਾਨ-ਏ-ਪਾਕ ਦੀਆਂ ਆਇਤਾਂ ਨੂੰ ਸ਼ਿੰਗਾਰਿਆ ਗਿਆ। ਇਹ ਮਸਜਿਦ ‘ਮੂਰਿਸ਼ ਮਸਜਿਦ’ ਦੇ ਨਾਮ ਨਾਲ ਮਸ਼ਹੂਰ ਹੈ। ਲਗਭਗ 1930 ਵਿੱਚ ਇਸ ਮਸਜਿਦ ’ਤੇ 4 ਲੱਖ ਦੇ ਕਰੀਬ ਖ਼ਰਚ ਆਇਆ ਸੀ। ਇਤਿਹਾਸਕਾਰਾਂ ਅਨੁਸਾਰ ਇਸ ਮਸਜਿਦ ਵਿੱਚ ਪਹਿਲੀ ਨਮਾਜ਼ 14 ਮਾਰਚ 1930 ਨੂੰ ਪੜ੍ਹੀ ਗਈ ਦੱਸੀ ਜਾਂਦੀ ਹੈ। ਉਸ ਸਮੇਂ ਇਸਲਾਮਿਕ ਸ਼ਰ੍ਹਾ ਅਨੁਸਾਰ ਮਹਾਰਾਜਾ ਜਗਤਜੀਤ ਸਿੰਘ ਨੇ ਨਵਾਬ ਸਾਦਕ ਮੁਹੰਮਦ ਖ਼ਾਂ ਪਾਸੋਂ ਸਿਰਫ਼ ਇੱਕ ਰੁਪਿਆ ਲੈ ਕੇ ਇਹ ਮਸਜਿਦ ਮੁਸਲਮਾਨ ਪਰਜਾ ਨੂੰ ਭੇਟ ਕੀਤੀ, ਜੋ ਆਪਣੇ ਆਪ ਵਿੱਚ ਵੱਡੀ ਮਿਸਾਲ ਹੈ।
ਪਿੰਡ ਪੱਧਰੀ ਸਾਂਝ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਨੰਡਿਆਲੀ ਦੇ ਸਾਬਕਾ ਸਰਪੰਚ ਸ. ਨਿਰਮੈਲ ਸਿੰਘ ਸਪੁੱਤਰ ਦੇਵਾ ਸਿੰਘ ਨੰਬਰਦਾਰ ਨੇ 22 ਮਾਰਚ 1999 ਨੂੰ ਆਪਣੀ ਜ਼ੱਦੀ ਜ਼ਮੀਨ ਵਿੱਚੋਂ ਛੇ ਮਰਲੇ ਜ਼ਮੀਨ ਮੁਸਲਮਾਨ ਭਰਾਵਾਂ ਨੂੰ ਨਵੀਂ ਮਸਜਿਦ ਉਸਾਰਨ ਲਈ ਦੇ ਕੇ ਮੁਹੱਬਤੀ ਸੁਨੇਹਾ ਦਿੱਤਾ।
ਜ਼ਿਲ੍ਹਾ ਮੋਹਾਲੀ ਦੇ ਪਿੰਡ ਮਨੌਲੀ ਵਿਖੇ ਸਾਬਕਾ ਸਰਪੰਚ ਮੇਜਰ ਸਿੰਘ, ਅਸ਼ੋਕ ਕੁਮਾਰ ਬੂਟਾ ਸਿੰਘ ਵਾਲਾ, ਲਾਣੇਦਾਰ ਜਗਤਾਰ ਸਿੰਘ ਘੋਲਾ ਨੇ ਪਿੰਡ ਵਿੱਚ ਮਸਜਿਦ ਉਸਾਰੀ ਵਿੱਚ ਮਾਲੀ ਮਦਦ ਕਰਕੇ ਸਾਂਝ ਨੂੰ ਹੋਰ ਪੱਕੀ ਕੀਤਾ ਹੈ।
ਪਿੰਡ ਠੋਣਾ, ਜ਼ਿਲ੍ਹਾ ਰੋਪੜ (ਰੂਪਨਗਰ) ਦੇ ਸਰਪੰਚ ਗੁਰਚਰਨ ਸਿੰਘ ਸਪੁੱਤਰ ਰੂਪ ਸਿੰਘ ਨੇ ਮਿਤੀ 10-10-1988 ਨੂੰ ਪਿੰਡ ਵਿੱਚ ਮਸਜਿਦ ਉਸਾਰਨ ਲਈ ਲਗਭਗ ਛੇ ਮਰਲੇ ਜ਼ਮੀਨ ਦਿੱਤੀ। ਜ਼ਿਕਰਯੋਗ ਹੈ ਕਿ ਇਹ ਪਿੰਡ ਇਸਲਾਮਿਕ ਤੌਰ ’ਤੇ ਕਾਫ਼ੀ ਪਛੜੇ ਹੋਏ ਹਨ, ਪਰ ਸੱਚੀ-ਮੁਹੱਬਤ ਦਾ ਸਬੂਤ ਪੇਸ਼ ਕੀਤਾ ਗਿਆ ਹੈ।
ਸਾਂਝ-ਸੁਨੇਹਾ
ਇੱਥੇ ਇੱਕ ਪੁਰਾਤਨ ਮਸਜਿਦ ਸਿੱਖ ਪਰਿਵਾਰ ਕੋਲ਼ ਸੀ। ਇਸ ਪਿੰਡ ਵਿੱਚ ਕੋਈ ਵੀ ਪਰਿਵਾਰ ਮੁਸਲਮਾਨ ਨਹੀਂ ਸੀ, ਪਰ ਪਿੰਡ ਵਾਸੀਆਂ ਨੇ ਉਸ ਮਸਜਿਦ ਨੂੰ ਅਬਾਦ ਕਰਕੇ ਮੌਲਵੀ ਦੇ ਸਪੁਰਦ ਕੀਤੀ।
*ਪਹਿਲੀ ਸਤੰਬਰ 2017- ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ਦੇ ਜੋਸ਼ੀਮਠ ’ਚ ਭਾਰੀ ਬਾਰਸ਼ ਹੋਣ ਕਰਕੇ ਤਹਿਸ਼ੁਦਾ ਸਥਾਨ ਗਾਂਧੀ ਮੈਦਾਨ ’ਚ ਪਾਣੀ ਭਰ ਗਿਆ ਤੇ 2 ਸਤੰਬਰ 2017 ਨੂੰ ਈਦ-ਉਲ-ਜ਼ੁਹਾ ਦਾ ਤਿਉਹਾਰ ਹੋਣ ਕਰਕੇ ਮੁਸਲਿਮ ਭਰਾਵਾਂ ਨੂੰ ‘ਈਦ ਉਲ ਜ਼ੁਹਾ’ ਦੀ ਨਮਾਜ਼ ਅਦਾ ਕਰਨ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ। ਇਸ ਲਈ ਸਭ ਮੁਸਲਿਮ ਭਰਾਵਾਂ ਨੇ ਜੋਸ਼ੀਮਠ ਦੇ ਗੁਰੂ ਘਰ ਵਿੱਚ ਬਣੇ ਵੱਡੇ ਹਾਲ ’ਚ ਨਮਾਜ਼ ਅਦਾ ਕੀਤੀ। ਪ੍ਰਬੰਧਕ ਮੈਂਬਰ ਸ. ਬੂਟਾ ਸਿੰਘ ਦੇ ਦੱਸਣ ਅਨੁਸਾਰ 20 ਅਗਸਤ 2012 ਨੂੰ ਪਹਿਲੀ ਵਾਰ ਇਸ ਤਰ੍ਹਾਂ ਦੀ ਸਥਿਤੀ ’ਚ ਮੁਸਲਿਮ ਭਰਾਵਾਂ ਨੇ ਇਸੇ ਗੁਰੂ ਘਰ ਵਿੱਚ ਨਮਾਜ਼ ਅਦਾ ਕੀਤੀ ਸੀ, ਜਿੱਥੋਂ ਪੂਰੀ ਦੁਨੀਆਂ ਨੂੰ ਸਾਂਝੀ ਵਾਰਤਾ ਦਾ ਸੁਨੇਹਾ ਪੁੱਜਿਆ ਸੀ।
*ਜ਼ਿਲ੍ਹਾ ਬਰਨਾਲਾ ਦੇ ਮਸ਼ਹੂਰ ਪਿੰਡ ਮੂਮ ਵਿੱਚ ਸਾਰੇ ਧਰਮ ਦੇ ਲੋਕਾਂ ਦਾ ਵਾਸਾ ਹੈ। ਜਿੱਥੇ ਮੁਸਲਮਾਨਾਂ ਦੇ ਕਰੀਬ ਵੀਹ ਕੁ ਘਰ ਹਨ। ਇਨ੍ਹਾਂ ਨੂੰ ਮੁਸਲਿਮ ਭਰਾਵਾਂ ਨੂੰ ਨਮਾਜ਼ ਪੜ੍ਹਨ ਲਈ ਦੂਸਰੇ ਪਿੰਡ ਜਾਣਾ ਪੈਦਾ ਸੀ। ਹਿੰਦੂ-ਸਿੱਖ ਭਰਾਵਾਂ ਨੇ ਮੁਸਲਿਮ ਭਰਾਵਾਂ ਦੀ ਲੋੜ ਨੂੰ ਸਮਝਦਿਆਂ ਮੰਦਿਰ ਦੀ ਜ਼ਮੀਨ ’ਚੋਂ ਮਸਜਿਦ ਲਈ ਥਾਂ ਦਿੱਤੀ ਅਤੇ ਸਿੱਖ ਵੀਰਾਂ ਵੱਲੋਂ ਗੁਰਦੁਆਰੇ ਦੀ ਜ਼ਮੀਨ ’ਚੋਂ ਰਾਹ ਦਿੱਤਾ ਤੇ ਨਾਲ ਮਸਜਿਦ ਦੀ ਉਸਾਰੀ ਲਈ ਮਾਲੀ ਮਦਦ ਕੀਤੀ।
ਰਾਜਪੁਰਾ (ਮਸਾਣੀ)-ਮਸਜਿਦ
ਪਟਿਆਲ਼ਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਰਾਜਪੁਰਾ, ਜਿੱਥੇ ਜਦੋਂ ਮੁਸਲਮਾਨ ਭਰਾਵਾਂ ਵੱਲੋਂ ਮਸਜਿਦ ਦੀ ਉਸਾਰੀ ਸ਼ੁਰੂ ਕੀਤੀ ਗਈ ਤਾਂ ਮਸਜਿਦ ਲਈ ਕੁਝ ਜ਼ਮੀਨ (ਥਾਂ) ਘੱਟ ਸੀ। ਮਸਜਿਦ ਦੁਆਲ਼ੇ ਵਸੋਂ ਹੋਣ ਕਰਕੇ ਸ. ਹਰਮੇਲ ਸਿੰਘ ਸ਼ੇਰਗਿੱਲ ਨੇ ਆਪਣੇ ਨਾਲ ਲੱਗਦੀ ਥਾਂ ਦੇਣ ਦੀ ਹਾਮੀ ਭਰ ਕੇ ਮਸਜਿਦ ਦੇ ਕਾਰਜ ਨੂੰ ਨੇਪਰੇ ਚਾੜ੍ਹਨ ’ਚ ਪੂਰਾ ਯੋਗਦਾਨ ਪਾਇਆ ਤੇ ਨਾਲ ਹੀ ਮਾਲੀ ਮਦਦ ਕਰਕੇ ‘ਰੱਬ ਇੱਕ’ ਹੋਣ ਦਾ ਸਬੂਤ ਦਿੱਤਾ।