ਹਿਮਾਚਲ ਦੀ ਕਾਂਗਰਸ ਸਰਕਾਰ ਡਿੱਗਣ ਦੇ ਆਸਾਰ
ਪੰਜਾਬੀ ਪਰਵਾਜ਼ ਬਿਊਰੋ
ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਰਨਾਟਕਾ ਵਿੱਚ ਰਾਜ ਸਭਾ ਦੀਆਂ 15 ਸੀਟਾਂ ‘ਤੇ ਹੋਈ ਚੋਣ ਨੇ ਇਹ ਤੱਥ ਫੇਰ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਬੀਤੇ ਦਿਨ (27 ਫਰਵਰੀ) ਹਿਮਾਚਲ ਦੀ ਇੱਕ, ਕਰਨਾਟਕ ਦੀਆਂ ਚਾਰ ਅਤੇ ਉੱਤਰ ਪ੍ਰਦੇਸ਼ ਦੀਆਂ 10 ਰਾਜ ਸਭਾ ਸੀਟਾਂ ‘ਤੇ ਚੋਣ ਹੋਈ, ਜਿਨਾਂ ਵਿੱਚੋਂ ਭਾਜਪਾ ਨੇ 8 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਵਿਰੋਧੀਆਂ ਦੇ ਹੱਥ 7 ਸੀਟਾਂ ਆਈਆਂ ਹਨ। ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ 10 ਵਿੱਚੋਂ 8 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਕਰਨਾਟਕਾ ਵਿੱਚ ਭਾਜਪਾ ਨੂੰ ਇੱਕ ਸੀਟ ਪ੍ਰਾਪਤ ਹੋਈ ਹੈ ਅਤੇ ਤਿੰਨ ਕਾਂਗਰਸ ਪਾਰਟੀ ਨੇ ਜਿੱਤੀਆਂ ਹਨ। ਇੱਥੇ ਕਾਂਗਰਸ ਦੇ ਪੱਖ ਵਿੱਚ ਕਰਾਸ ਵੋਟਿੰਗ ਵੇਖੀ ਗਈ।
ਹਿਮਾਚਲ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਭਾਜਪਾ ਰਾਜ ਸਭਾ ਦੀ ਇੱਕੋ-ਇੱਕ ਸੀਟ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ। ਰਾਜ ਸਭਾ ਲਈ ਚੋਣਾਂ ਦਾ ਮਾਮਲਾ ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਖਾਸ ਤੌਰ ‘ਤੇ ਦਿਲਚਸਪ ਰਿਹਾ, ਜਿੱਥੇ ਭਾਜਪਾ ਨੇ ਕਰਾਸ ਵੋਟਿੰਗ ਕਰਵਾਉਣ ਲਈ ਵੱਡਾ ਤਰੱਦਦ ਕੀਤਾ। ਕੁੱਲ 68 ਸੀਟਾਂ ਵਾਲੀ ਹਿਮਾਚਲ ਅਸੈਂਬਲੀ ਵਿੱਚ ਕਾਂਗਰਸ ਪਾਰਟੀ ਕੋਲ 40 ਸੀਟਾਂ ਹਨ, ਜਦਕਿ ਭਾਰਤੀ ਜਨਤਾ ਪਾਰਟੀ ਕੋਲ 25 ਸੀਟਾਂ ਹਨ। ਇਸ ਤੋਂ ਇਲਾਵਾ ਤਿੰਨ ਆਜ਼ਾਦ ਅਸੈਂਬਲੀ ਮੈਂਬਰ ਹਨ। 6 ਕਾਂਗਰਸ ਅਤੇ ਤਿੰਨ ਆਜ਼ਾਦ ਵਿਧਾਇਕ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਲਟ ਵੋਟਿੰਗ ਕੀਤੀ, ਉਨ੍ਹਾਂ ਨੂੰ ਭਾਜਪਾ ਵੱਲੋਂ ਹਰਿਆਣਾ ਪੁਲਿਸ ਅਤੇ ਸੀ.ਆਰ.ਪੀ.ਐਫ. ਦੀ ਮਦਦ ਨਾਲ ਹਿਮਾਚਲ ਪ੍ਰਦੇਸ਼ ਤੋਂ ਬਾਹਰ ਰੱਖਿਆ ਗਿਆ। ਵੋਟਿੰਗ ਹੋਣ ਤੋਂ ਬਾਅਦ ਵੀ ਉਪਰੋਕਤ ਫੋਰਸਾਂ ਦੀ ਮਦਦ ਨਾਲ ਉਨ੍ਹਾਂ ਨੂੰ ਰਾਜ ਦੇ ਬਾਹਰ ਲਿਜਾ ਕੇ ਪੰਚਕੂਲਾ ਦੇ ਕਿਸੇ ਨਿੱਜੀ ਹੋਟਲ ਵਿੱਚ ਰੱਖਿਆ ਗਿਆ। ਜੇ ਕਾਂਗਰਸ ਪਾਰਟੀ ਬਜਟ ਪਾਸ ਕਰਵਾਉਣ ਵਿੱਚ ਅਸਫਲ ਰਹਿੰਦੀ ਹੈ ਜਾਂ ਭਾਜਪਾ ਬਜਟ ਕੱਟ ਮੋਸ਼ਨ ਲੈ ਆਉਂਦੀ ਹੈ ਤਾਂ ਰਾਜ ਦੀ ਸਰਕਾਰ ਡਿੱਗ ਸਕਦੀ ਹੈ।
ਇਸ ਤੋਂ ਇਲਾਵਾ ਬਹੁਮੱਤ ਗਵਾ ਲੈਣ ਦੀ ਸੂਰਤ ਵਿੱਚ ਭਾਜਪਾ ਕਾਂਗਰਸ ਦੀ ਸਰਕਾਰ ਖਿਲਾਫ ਬੇਵਸਾਹੀ ਮਤਾ ਵੀ ਲਿਆ ਸਕਦੀ ਹੈ। ਹਿਮਾਚਲ ਅਸੈਂਬਲੀ ਵਿੱਚ ਕਾਂਗਰਸ ਨੂੰ ਬਹੁਮੱਤ ਸਾਬਤ ਕਰਨ ਲਈ 35 ਮੈਂਬਰਾਂ ਦੀ ਲੋੜ ਹੈ, ਜਦਕਿ ਰਾਜ ਸਭਾ ਦੀ ਸੀਟ ਲਈ ਵੋਟਿੰਗ ਵਿੱਚ ਉਸ ਦੇ ਉਮੀਦਵਾਰ ਨੂੰ 34 ਅਸੈਂਬਲੀ ਮੈਂਬਰਾਂ ਨੇ ਵੋਟਾਂ ਪਾਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਅਸੈਂਬਲੀ ਮੈਂਬਰਾਂ ਦੀ ਖਰੀਦੋ-ਫਰੋਖਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਜਪਾ ਗੁੰਡਾਗਰਦੀ ‘ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਾਡੇ ਵਿਧਾਇਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕਰਕੇ ਰੱਖਿਆ ਗਿਆ। ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਅਭਿਸ਼ੇਕ ਮਨੂ ਸਿੰਘਵੀ ਨੇ ਹਿਮਾਚਲ ਰਾਜ ਸਭਾ ਚੋਣ ਲੜੀ ਸੀ, ਪਰ ਕਰਾਸ ਵੋਟਿੰਗ ਕਾਰਨ ਭਾਜਪਾ ਦੇ ਉਮੀਦਵਾਰ ਹਰਸ਼ ਮਹਾਜਨ ਉਨ੍ਹਾਂ ਦੇ ਬਰਾਬਰ ਵੋਟਾਂ ਲੈ ਗਏ। ਦੋਹਾਂ ਉਮੀਦਵਾਰਾਂ ਨੂੰ 34-34 ਵੋਟਾਂ ਪਈਆਂ। ਬਾਅਦ ਵਿੱਚ ਹੋਈ ਟਾਸ ਵਿੱਚ ਭਾਜਪਾ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
ਇਸ ਦਰਮਿਆਨ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਉਹ ਹਿਮਾਚਲ ਵਿੱਚ ਹੋਈ ਰਾਜ ਸਭਾ ਦੀ ਚੋਣ ਨੂੰ ਅਦਾਲਤ ਵਿੱਚ ਚਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਟਾਸ ਦੇ ਆਧਾਰ ‘ਤੇ ਕਿਸੇ ਉਮੀਦਵਾਰ ਨੂੰ ਜੇਤੂ ਕਰਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਹੋਰ ਕਿਹਾ ਕਿ ਜਿਸ ਢੰਗ ਨਾਲ ਖਰੀਦੋ-ਫਰੋਖਤ ਕਰ ਕੇ ਭਾਜਪਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜ ਰਹੀ ਹੈ, ਇਸ ਨਾਲ ਜਮਹੂਰੀਅਤ ਤਬਾਹ ਹੋ ਜਾਵੇਗੀ। ਇੱਥੇ ਇਹ ਪੱਖ ਵੀ ਧਿਆਨ ਦੇਣ ਯੋਗ ਹੈ ਕਿ ਕਾਂਗਰਸ ਵਿੱਚੋਂ ਟੁੱਟ ਕੇ ਆਏ ਮੈਂਬਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਪਾਰਟੀ ਕੋਲ ਘੱਟੋ ਘੱਟ 26 ਵਿਧਾਇਕ ਚਾਹੀਦੇ ਹਨ, ਜਦਕਿ ਉਨ੍ਹਾਂ ਦੇ ਆਪਣੇ ਅਸੈਂਬਲੀ ਮੈਂਬਰਾਂ ਦੀ ਗਿਣਤੀ 25 ਹੈ। ਇਸ ਹਾਲਤ ਵਿੱਚ ਹਿਮਾਚਲ ਸਰਕਾਰ ਜੇ ਘੱਟਗਿਣਤੀ ਵਿੱਚ ਰਹਿ ਜਾਂਦੀ ਹੈ ਤਾਂ ਰਾਸ਼ਟਰਪਤੀ ਰਾਜ ਹੀ ਇੱਕੋ ਇੱਕ ਬਦਲ ਬਚਦਾ ਹੈ।
ਜਿੱਥੋਂ ਤੱਕ ਉੱਤਰ ਪ੍ਰਦੇਸ਼ ਦਾ ਸਵਾਲ ਹੈ, ਭਾਜਪਾ ਕੋਲ ਇੱਥੇ 252 ਅਸੈਂਬਲੀ ਮੈਂਬਰ ਹਨ। ਸਮਾਜਵਾਦੀ ਪਾਰਟੀ ਦੇ 108 ਮੈਂਬਰ ਹਨ ਅਤੇ ਕਾਂਗਰਸ ਦੇ ਦੋ ਵਿਧਾਇਕ ਹਨ। ਉੱਤਰ ਪ੍ਰਦੇਸ਼ ਵਿੱਚ ਭਾਜਪਾ ਅਤੇ ਸਪਾ ਕੋਲ ਕ੍ਰਮਵਾਰ 7 ਅਤੇ 3 ਮੈਂਬਰ ਰਾਜ ਸਭਾ ਵਿੱਚ ਭੇਜਣ ਲਈ ਗਿਣਤੀ ਮੌਜੂਦ ਸੀ, ਪਰ ਭਾਜਪਾ ਵੱਲੋਂ ਅੱਠਵਾਂ ਉਮੀਦਵਾਰ ਵੀ ਖੜ੍ਹਾ ਕੀਤਾ ਗਿਆ, ਜਿਹੜਾ ਸਪਾ ਵਿਧਾਇਕਾਂ ਵੱਲੋਂ ਕੀਤੀ ਗਈ ਕਰਾਸ ਵੋਟਿੰਗ ਕਾਰਨ ਜਿੱਤ ਗਿਆ। ਇੰਜ ਸਮਾਜਵਾਦੀ ਪਾਰਟੀ ਦੇ ਯੂ.ਪੀ. ਵਿੱਚੋਂ ਦੋ ਮੈਂਬਰ ਹੀ ਰਾਜ ਸਭਾ ਵਿੱਚ ਪੁੱਜ ਸਕੇ।
ਕਰਨਾਟਕਾ ਹੀ ਇੱਕ ਅਜਿਹਾ ਰਾਜ ਰਿਹਾ, ਜਿਸ ਵਿੱਚ ਕਾਂਗਰਸ ਪਾਰਟੀ ਨੇ ਕਰਾਸ ਵੋਟਿੰਗ ਦੀ ਉਲਟੀ ਖੇਡ ਖੇਡੀ। ਕਰਨਾਟਕ ਵਿੱਚ ਤਿੰਨ ਉਮੀਦਵਾਰ ਕਾਂਗਰਸ ਦੇ ਜਿੱਤੇ ਤੇ ਇੱਕ ਉਤੇ ਭਾਜਪਾ ਜੇਤੂ ਰਹੀ। ਇੱਥੇ ਇਕ ਭਾਜਪਾ ਵਿਧਾਇਕ ਐਸ ਸੋਮਾਸ਼ੇਖਰ ਨੇ ਕਾਂਗਰਸੀ ਉਮੀਦਵਾਰ ਅਜੈ ਮਾਕਨ ਨੂੰ ਵੋਟ ਪਾਈ, ਜਦਕਿ ਇੱਕ ਹੋਰ ਵਿਧਾਇਕ ਏ.ਸ਼ਿਵਰਾਮ ਵੋਟਿੰਗ ਸਮੇਂ ਗੈਰ-ਹਾਜ਼ਰ ਰਹੇ। ਯਾਦ ਰਹੇ, ਵੱਖ ਵੱਖ ਰਾਜਾਂ ਵਿੱਚ ਰਾਜ ਸਭਾ ਲਈ 56 ਮੈਂਬਰ ਚੁਣੇ ਜਾਣੇ ਸਨ, ਜਿਨ੍ਹਾਂ ਵਿਚੋਂ 41 ਬਿਨਾ ਵਿਰੋਧ ਚੁਣੇ ਗਏ ਜਦਕਿ 15 ‘ਤੇ ਵੋਟਿੰਗ ਹੋਈ।