ਮੰਡੀ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਪੰਜਾਬੀ ਕੋਸ਼ਾਂ ਅਨੁਸਾਰ ਮੰਡੀ ਦਾ ਅਰਥ ਹੈ ਵੰਡਣਾ; ਉਹ ਥਾਂ ਜਿੱਥੇ ਖਾਸ ਚੀਜ਼ਾਂ ਵਿਕਦੀਆਂ ਹਨ, ਜਿਵੇਂ ਅਨਾਜ ਮੰਡੀ ਆਦਿ। ਹਿਮਾਚਲ ਦਾ ਇੱਕ ਪ੍ਰਸਿੱਧ ਸ਼ਹਿਰ ਮੰਡੀ ਸਕੇਤ। ਮੰਡੀ ਗਰਮ ਹੋਣਾ, ਮੰਡੀ ਤੇਜ਼ ਹੋਣਾ, ਮੰਡੀ ਡਿੱਗਣਾ, ਮੰਡੀ ਭਾਂ ਭਾਂ ਕਰਨੀ, ਮੰਡੀ ’ਚ ਕਾਂ ਬੋਲਣੇ ਅਨੇਕਾਂ ਮੁਹਾਵਰੇ ਇਸ ਨਾਲ ਜੁੜੇ ਹੋਏ ਹਨ। ਪ੍ਰਸਿੱਧ ਮੰਡੀਆਂ ਵਿੱਚ ਅਨਾਜ ਦਾਣਾ ਮੰਡੀ, ਸਬਜ਼ੀ ਮੰਡੀ, ਮੱਛੀ ਮੰਡੀ, ਲੱਕੜ ਮੰਡੀ, ਆਟਾ ਮੰਡੀ ਸਵਾਂਕ ਮੰਡੀ, ਗੁੜ ਮੰਡੀ, ਘੁਮਾਰ ਮੰਡੀ, ਲੋਹਾ ਮੰਡੀ, ਪਸ਼ੂ ਮੰਡੀ, ਗਵਾਲ ਮੰਡੀ, ਚੋਰ ਮੰਡੀ, ਮਾਲ ਮੰਡੀ, ਗੱਲਾ ਮੰਡੀ, ਐਤਵਾਰੀ ਮੰਡੀ, ਚੌਲ ਮੰਡੀ, ਚੀਲ ਮੰਡੀ, ਫਲ ਮੰਡੀ, ਘਾਹ ਮੰਡੀ, ਮੀਟ ਮੰਡੀ, ਦਾਲ ਮੰਡੀ, ਉੱਨ ਮੰਡੀ, ਚਮੜਾ ਮੰਡੀ, ਖੱਲ ਮੰਡੀ ਆਦਿ ਅਨੇਕਾਂ ਮੰਡੀਆਂ ਹਨ। ਸਾਰੀਆਂ ਮੰਡੀਆਂ ਵਿੱਚ ਪਹਿਲਾਂ ਵਸਤੂ ਵਿਸ਼ੇਸ਼ ਦਾ ਨਾਂ ਜੋੜਿਆ ਜਾਂਦਾ ਹੈ। ਇਸ ਪ੍ਰਸੰਗ ਵਿੱਚ ਜਿਸਮ ਮੰਡੀ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ।

ਪ੍ਰਾਚੀਨ ਕਾਲ ਤੋਂ ਹੀ ਆਸਰੇ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਛੱਤ ਦੀ ਲੋੜ ਮਹਿਸੂਸ ਹੋਈ। ਜਦੋਂ ਮਨੁੱਖ ਨੇ ਸਿਰ ਕੱਜਣ ਲਈ ਛੱਤ ਦਾ ਨਿਰਮਾਣ ਕੀਤਾ ਤਾਂ ਸਭਿਆਚਾਰ ਪੈਦਾ ਹੋਇਆ। ਮਨੁੱਖ ਨੇ ਜੰਗਲਾਂ, ਪਹਾੜਾਂ ਦਾ ਤਿਆਗ ਕਰਕੇ ਮੈਦਾਨਾਂ ਵੱਲ ਰੁਖ ਕੀਤਾ ਤੇ ਵਸੇਬਿਆਂ ਲਈ ਚਾਰ ਦੀਵਾਰੀ ਬਣਾ ਕੇ ਛੱਪਰਾਂ ਦੀ ਛੱਤ ਪਾ ਲਈ। ਟਹਿਣੀਆਂ ਨੂੰ ਮੋੜ ਕੇ ਛੱਪਰ ਬਣਾ ਲਏ ਸਨ। ਅੱਜ ਵੀ ਤਿਰਛੀਆਂ ਸਲੇਟ-ਨੁਮਾ ਛੱਤਾਂ ਉਹਦੀ ਅਗਲੀ ਕੜੀ ਹੈ। ਸੰਸਕ੍ਰਿਤ ਦੀ ‘ਕੁਟੁ’ ਧਾਤੂ ਵਿੱਚ ਟੇਡੇਪਨ ਜਾਂ ਵਕਰਤਾ ਦਾ ਭਾਵ ਹੈ। ਕੁਟੀਆ, ਕੁਟੀਰ ਇਸੇ ਧਾਤੂ ਤੋਂ ਬਣੇ ਹਨ। ਇਹਦਾ ਅਗਲਾ ਰੂਪ ਮੰਡਪ ਹੈ। ਮੰਡਪ ਬਣਿਆ ਹੈ- ‘ਮੰਡੁ’ ਧਾਤੂ ਤੋਂ, ਜਿਸ ਦਾ ਵਿਆਪਕ ਅਰਥ ਘੇਰਾ ਹੈ। ਇਸ ਦੀ ਵਰਤੋਂ ਘੇਰੇ, ਵਿਸਥਾਰ, ਦਾਇਰੇ ਦੇ ਰੂਪ ਵਿੱਚ ਹੁੰਦੀ ਹੈ। ‘ਮੰਡੁ’ ਧਾਤੂ ਵਿੱਚ ਆਧਾਰ, ਉਪਰ ਉਠਣਾ ਵਰਗੇ ਭਾਵ ਨਿਹਿਤ ਹਨ। ਮੰਡੀ ਸ਼ਬਦ ਦੇ ਮੂਲ ਵਿੱਚ ‘ਮੰਡੁ’ ਧਾਤੂ ਹੈ। ਅੱਜ ਮੰਡੀ ਸਮੂਹਵਾਚੀ ਸ਼ਬਦ ਹੈ, ਪਰ ਕਿਸੇ ਸਮੇਂ ਇਹ ਇਕਾਈ ਸੀ। ਸੰਸਕ੍ਰਿਤ ਦੇ ‘ਮੰਡਪਿਕਾ’ ਸ਼ਬਦ ਦਾ ਅਪਭ੍ਰੰਸ਼ੀ ਰੂਪ ਮੰਡੀ ਹੈ, ਜਿਸ ਦਾ ਅਰਥ ਹੈ- ਛੋਟਾ ਚੰਦੋਆ, ਛੱਪਰ ਆਦਿ।
ਪ੍ਰਾਚੀਨਕਾਲ ਵਿੱਚ ਵਪਾਰੀਆਂ ’ਤੇ ਲੱਗਣ ਵਾਲੇ ਵਿਕਰੀਕਰ ਨੂੰ ਮੰਡਪਿਕਾ ਕਿਹਾ ਜਾਂਦਾ ਸੀ। ਸਮਝਿਆ ਜਾਂਦਾ ਸੀ ਕਿ ਸਾਂਝੀਆਂ ਥਾਂਵਾਂ ’ਤੇ ਕਾਰੋਬਾਰ ਕਰਨ ਕਰਕੇ, ਉਨ੍ਹਾਂ ਕੋਲੋਂ ਕੁਝ ਵਸੂਲੀ ਕੀਤੀ ਜਾ ਸਕਦੀ ਹੈ। ਮੰਡਪ, ਮੰਡਪੀ, ਮੰਡਪਿਕਾ ਵਿੱਚ ਆਮ ਤੌਰ ’ਤੇ ਦੁਕਾਨ ਦਾ ਭਾਵ ਉਭਰਦਾ ਹੈ। ਮੁਗਲ ਕਾਲ ਵਿੱਚ ਇਸ ਨੂੰ ਤਹਿਬਜ਼ਾਰੀ ਕਿਹਾ ਜਾਂਦਾ ਸੀ। ਲੋਕਲ ਕਮੇਟੀਆਂ ਛੋਟੇ-ਛੋਟੇ ਦੁਕਾਨਦਾਰਾਂ ਜਾਂ ਫੁੱਟਪਾਥ ’ਤੇ ਸਮਾਨ ਵੇਚਣ ਵਾਲਿਆਂ ਕੋਲੋਂ ਤਹਿਬਜ਼ਾਰੀ ਵਸੂਲਦੀਆਂ ਸਨ। ਹੌਲੀ-ਹੌਲੀ ਮੰਡੀ ਸ਼ਬਦ ਵਿਸ਼ੇਸ਼ ਵਸਤਾਂ ਦੇ ਕਾਰੋਬਾਰ ਨਾਲ ਜੁੜ ਗਿਆ। ਮਹਾਰਾਸ਼ਟਰ ਦੇ ਮਰਾਠਵਾੜਾ ਵਿੱਚ ਜਦੋਂ ਨਿਜ਼ਾਮਸ਼ਾਹੀ ਦੀ ਅਮਲਦਾਰੀ ਸੀ ਤਾਂ ਮੰਡੀ ਸ਼ਬਦ ਦਾ ਦੱਖਣੀ ਰੂਪ ਮੋਂਢਾ ਔਰੰਗਾਬਾਦ ਦੇ ਆਪ-ਪਾਸ ਪ੍ਰਚਲਤ ਸੀ। ਮੰਡੀ ਦਾ ਇੱਕ ਰੂਪ ਮੰਡਈ ਵੀ ਪ੍ਰਚਲਤ ਹੈ। ਉਤਰੀ ਭਾਰਤ ਵਿੱਚ ਇਹਦਾ ਇੱਕ ਰੂਪ ਮਢਈ/ਮਢੈਆ ਵੀ ਮਿਲਦਾ ਹੈ, ਜਿਸ ਦਾ ਅਰਥ ਹੈ ਛੱਜਾ, ਝੌਂਪੜੀ। ਲੋਕ ਸੰਸਕ੍ਰਿਤੀ ਵਿੱਚ ਮੰਡਪ ਦਾ ਅਰਥ ਹੈ ਛਾਂ-ਦਾਰ ਥਾਂ, ਜਿਥੇ ਲੋਕ ਇਕੱਠੇ ਬੈਠ ਸਕਣ। ਲਗਨਮੰਡਪ, ਯੱਗਮੰਡਪ ਸ਼ਬਦਾਂ ਤੋਂ ਇਹ ਸਪਸ਼ਟ ਹੈ। ਮੰਦਰਾਂ ਦੇ ਗੁੰਬਦਾਂ ਨੂੰ ਵੀ ਮੰਡਪ ਕਿਹਾ ਜਾਂਦਾ ਹੈ। ਮੰਡਪ ਭਰਨਾ ਇੱਕ ਮੁਹਾਵਰਾ ਵੀ ਹੈ, ਜਿਸ ਦਾ ਅਰਥ ਹੈ- ਕਿਸੇ ਸਮਾਰੋਹ ਦੀ ਸੋਭਾ ਵਧਣੀ ਜਾਂ ਲੋਕਾਂ ਦੀ ਸ਼ਿਰਕਤ। ਬਜ਼ਾਰ ਜਾਂ ਦੁਕਾਨ ਦੇ ਅਰਥਾਂ ਵਿੱਚ ਮੰਡੀ ਸ਼ਬਦ ਨੂੰ ਮੰਡਪ ਜਾਂ ਮੰਡਪਿਕਾਕੀ ਛਾਂ ਵਿੱਚ ਸਮਝਿਆ ਜਾ ਸਕਦਾ ਹੈ। ਇੱਕ ਸਮੁੱਚਾ ਘਿਰਿਆ ਹੋਇਆ ਇਲਾਕਾ, ਜਿੱਥੇ ਵਿਕਰੀ ਦੀਆਂ ਵਸਤਾਂ ਦੀਆਂ ਗਤੀਵਿਧੀਆਂ ਸੰਚਾਲਤ ਹੁੰਦੀਆਂ ਹਨ। ਕਤਾਰ ਵਿੱਚ ਬਣੇ ਹੋਏ ਮੰਡਪ ਜਾਂ ਸ਼ੈਡ ਹੀ ਇਸ ਨੂੰ ਮੰਡੀ ਦਾ ਰੂਪ ਦਿੰਦੇ ਹਨ, ਜਿਨ੍ਹਾਂ ਦੇ ਥੱਲੇ ਬਹਿ ਕੇ ਦੁਕਾਨਦਾਰ ਵਸਤਾਂ ਵੇਚਦੇ ਹਨ। ਮੰਡੂ ਧਾਤੂ ਵਿੱਚ ਘੇਰਾ ਜਾਂ ਗੋਲਾਕਾਰ ਦਾ ਭਾਵ ਹੈ, ਜਿਸ ਤੋਂ ਮੰਡਲ ਸ਼ਬਦ ਬਣਿਆ ਹੈ ਜਿਸ ਵਿੱਚ ਰਾਜ, ਖੇਤਰ, ਇਲਾਕਾ, ਘੇਰਾ, ਗੇਂਦ, ਪ੍ਰਦੇਸ਼, ਵਰਗੇ ਅਰਥ ਪਏ ਹਨ।
ਪੰਜਾਬੀ ਕੋਸ਼ਾਂ ਅਨੁਸਾਰ ਮੰਡਲ ਦਾ ਅਰਥ ਹੈ– 1. ਘੇਰਾ, ਚੱਕਰ, ਗੋਲਾਈ; 2. ਚੰਨ ਜਾਂ ਸੂਰਜ ਦੁਆਲੇ ਦਾ ਚੱਕਰ, ਪਰਿਵਾਰ; 3. ਕਿਸੇ ਚੀਜ਼ ਦੀ ਗੋਲਾਕਾਰ ਸ਼ਕਲ; 4. ਉਹ ਇਲਾਕਾ ਜਿਸ ਵਿੱਚ ਬਾਰਾਂ ਰਾਜੇ ਵੱਖ ਵੱਖ ਰਾਜ ਕਰਦੇ ਹੋਣ; 5. ਸੰਸਾਰ, ਦੁਨੀਆ; 6. ਝੁਰਮਟ, ਸਮੂਹ, ਗਰੋਹ-ਤਾਰਿਕਾ, ਮੰਡਲ ਜਨਕ ਪੋਤੀ; 7. ਸਭਾ ਦੀਵਾਨ; 8. 40 ਯੋਜਨ ਲੰਮਾ ਤੇ 20 ਯੋਜਨ ਚੌੜਾ ਇਲਾਕਾ; 9. ਰਿਗਵੇਦ ਦੇ 10 ਮੁਖ ਭਾਗਾਂ ਵਿੱਚੋਂ ਇੱਕ; 10. ਸ਼ਨੀ ਮੰਡਲ; 11. ਸੂਰਜ ਮੰਡਲ; 12. ਕਰਕ ਮੰਡਲ; 13. ਪਰਜਾ ਮੰਡਲ; 14. ਪ੍ਰਭਾ ਮੰਡਲ; 15. ਆਬਾ ਮੰਡਲ। ਇਸ ਤੋਂ ਇਲਾਵਾ ਅੰਗਰੇਜ਼ੀ ਦੇ ਡਿਵੀਜ਼ਨ ਲਈ ਵੀ ਮੰਡਲ ਸ਼ਬਦ ਵਰਤਿਆ ਜਾਂਦਾ ਹੈ। ਰੇਲ ਮੰਡਲ, ਮੰਡਲ ਸਿਖਿਆ।
ਮੰਡ ਧਾਤੂ ਦੀ ਸਕੀਰੀ ਇੰਡੋ-ਯੂਰਪੀ ਧਾਤੂ ‘ਮੲਨ’ ਨਾਲ ਵੀ ਹੈ, ਜਿਸ ਵਿੱਚ ਉਚਾਈ, ਉਭਾਰ, ਸਜਾਉਣਾ, ਆਧਾਰ ਪ੍ਰਦਾਨ ਕਰਨਾ ਵਰਗੇ ਭਾਵ ਹਨ। ਅੰਗਰੇਜ਼ੀ ਦੇ ਮੋੁਨਟ, ਮੋੁਨਟਅਨਿ ਵਰਗੇ ਸ਼ਬਦ ਇਸੇ ਮੂਲ ਤੋਂ ਬਣੇ ਹਨ, ਜਿਨ੍ਹਾਂ ਦਾ ਆਧਾਰ ਉਭਾਰ, ਉਚਾਈ ਨਾਲ ਸਬੰਧਤ ਹੈ। ਪਹਾੜ ਸ਼ੁਰੂ ਤੋਂ ਹੀ ਮਨੁੱਖ ਦੇ ਵਸੇਬੇ ਰਹੇ ਹਨ। ਮੰਡ ਧਾਤੂ ਵਿੱਚ ਘੇਰਾ, ਘੇਰਨਾ ਵਰਗੇ ਭਾਵ ਮਾਊਂਟ ਵਿੱਚ ਪਏ ਹਨ। ਪਹਾੜ ਵਿਸ਼ਾਲ ਘੇਰੇ ਵਾਲੇ ਹਨ। ਇਸੇ ਧਾਤੂ ਤੋਂ ਬਣੇ ਹਨ- ਮੰਡਲੇਸ਼ਵਰ, ਮਹਾਂ ਮੰਡਲੇਸ਼ਵਰ। ਮੰਡਲਾਧੀਸ਼, ਮੰਡਲਾਦਿਪਤੀ ਜਿਨ੍ਹਾਂ ਵਿੱਚ ਰਾਜੇ, ਸਮਰਾਟ, ਸ਼ਾਸਕ, ਧਰਮਗੁਰੂ ਦੇ ਭਾਵ ਹਨ। ਅੱਜ ਕੱਲ੍ਹ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਕਲੈਕਟਰ ਲਈ ਮੰਡਲਾਧਿਕਾਰੀ ਸ਼ਬਦ ਵੀ ਘੜਿਆ ਗਿਆ ਹੈ। ਮੰਡ ਦਾ ਇਹ ਅਰਥ ਸਜਾਵਟ ਨਾਲ ਵੀ ਸਬੰਧ ਰੱਖਦਾ ਹੈ। ਸ਼ਿੰਗਾਰ, ਅਲੰਕਾਰ ਨਾਲ ਵੀ ਇਹ ਜੁੜਦਾ ਹੈ। ਕਿਸੇ ਵੀ ਵਸਤੂ, ਸਥਾਨ ਜਾਂ ਦੇਹ ਨੂੰ ਸ਼ਿੰਗਾਰਨ ਦਾ ਅਰਥ ਉਸ ਨੂੰ ਸ਼ੋਭਾਮਈ ਬਣਾਉਣਾ ਹੈ। ਮਹਿਮਾ ਮੰਡਨ ਤੋਂ ਇਹ ਸਪਸ਼ਟ ਹੈ, ਜਿਸ ਨੂੰ ਵਧ ਚੜ੍ਹ ਕੇ ਸ਼ਿੰਗਾਰਿਆ ਹੋਵੇ। ਖੰਡਨ ਮੰਡਨ ਤੋਂ ਵੀ ਇਹ ਸਪਸ਼ਟ ਹੈ। ਮਾਂਡਣਾ, ਮੜ੍ਹਨਾ ਸ਼ਬਦਾਂ ਵਿੱਚ ਵੀ ਮੰਡੂ ਧਾਤੂ ਹੀ ਮਿਲਦੀ ਹੈ। ਦੋਸ਼ ਮੜ੍ਹਨਾ ਵਿੱਚ ਵੀ ਇਹ ਸਪਸ਼ਟ ਹੈ।
ਇਸ ਲੰਮੀ ਚੌੜੀ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੰਡੀ ਇੱਕ ਛੋਟਾ ਜਿਹਾ ਸ਼ਬਦ ਨਹੀਂ, ਸਗੋਂ ਇਹ ਇੱਕ ਵੱਡੇ ਕਸਬੇ ਨਾਲ ਜੁੜਿਆ ਹੋਇਆ ਹੈ। ਪੰਜਾਬ ਵਿੱਚ ਅੰਗਰੇਜ਼ੀ ਕਾਲ ਸਮੇਂ ਅਨਾਜ ਤੇ ਹੋਰ ਵਸਤਾਂ ਦੀਆਂ ਮੰਡੀਆਂ ਦਾ ਵਿਕਾਸ ਕੀਤਾ ਗਿਆ, ਜਿਨ੍ਹਾਂ ਵਿੱਚ ਗਿੱਦੜਬਾਹਾ, ਮਲੋਟ, ਫਾਜ਼ਿਲਕਾ, ਖੰਨਾ ਆਦਿ ਮੰਡੀਆਂ ਦਾ ਜ਼ਿਕਰ ਮਿਲਦਾ ਹੈ।

Leave a Reply

Your email address will not be published. Required fields are marked *