ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ
ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਮਾਂ-ਬੋਲੀ ਹੈ ਇੱਜ਼ਤ ਸਾਡੀ, ਮਾਂ ਬੋਲੀ ਹੈ ਗਹਿਣਾ
ਭੁੱਲ ਗਏ ਜੇਕਰ ਮਾਂ ਬੋਲੀ ਨੂੰ, ਸਾਡਾ ਕੱਖ ਨਈਂ ਰਹਿਣਾ।
ਇਹ ਸੱਚ ਹੈ ਕਿ ਜਨਮ ਦੇਣ ਵਾਲੀ ਮਾਂ, ਰਿਜ਼ਕ ਦੇਣ ਵਾਲੀ ਜਨਮ ਭੂਮੀ ਅਤੇ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲੇ ਜਜ਼ਬਾਤ ਨੂੰ ਜ਼ੁਬਾਨ ਦੇਣ ਵਾਲੀ ਮਾਂ ਬੋਲੀ ਦਾ ਕਰਜ਼ਾ ਨਾ ਤਾਂ ਅੱਜ ਤੱਕ ਕੋਈ ਲਾਹ ਸਕਿਆ ਹੈ ਤੇ ਨਾ ਹੀ ਕਦੇ ਲਾਹ ਸਕੇਗਾ। ਪੰਜਾਬੀ ਬੋਲੀ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ ਨੌਵੇਂ ਨੰਬਰ ’ਤੇ ਹੈ ਤੇ ਭਾਰਤ ਵਿੱਚ ਇਸਦਾ ਸਥਾਨ 11ਵਾਂ ਹੈ। ਭਾਰਤੀ ਉਪ-ਮਹਾਂਦੀਪ ਵਿੱਚ ਅਤੇ ਇੰਗਲੈਂਡ ਵਿੱਚ ਪੰਜਾਬੀ ਨੂੰ ਤੀਜਾ ਸਥਾਨ ਅਤੇ ਕੈਨੇਡਾ ਵਿੱਚ ਪੰਜਵਾਂ ਸਥਾਨ ਹਾਸਿਲ ਹੈ। ਖੋਜੀਆਂ ਦਾ ਕਹਿਣਾ ਹੈ ਕਿ ਪੰਜਾਬੀ ਦੀਆਂ ਜੜ੍ਹਾਂ ਪਹਿਲਾਂ ਪ੍ਰਾਕ੍ਰਿਤ ਅਤੇ ਫਿਰ ਪ੍ਰਾਕ੍ਰਿਤ ਦੇ ਹੀ ਇੱਕ ਅਪਭ੍ਰੰਸ਼ ਰੂਪ ਨਾਲ ਜਾ ਕੇ ਜੁੜਦੀਆਂ ਹਨ।
ਸਤਵੀਂ ਤੋਂ ਦਸਵੀਂ ਸਦੀ ਤੱਕ ਇਹ ਪ੍ਰਾਕ੍ਰਿਤ ਭਾਸ਼ਾ ਦੇ ਅਪਭ੍ਰੰਸ਼ ਰੂਪ ਵਿੱਚ ਵਿਗਸੀ ਸੀ। ਨੌਵੀਂ ਤੋਂ ਚੌਦ੍ਹਵੀਂ ਸਦੀ ਤੱਕ ਨਾਥਾਂ-ਜੋਗੀਆਂ ਵੱਲੋਂ ਰਚੀਆਂ ਅਨੇਕਾਂ ਰਚਨਾਵਾਂ ਵਿੱਚ ਪੰਜਾਬੀ ਦੇ ਝਲਕਾਰੇ ਵੇਖਣ ਨੂੰ ਮਿਲਦੇ ਹਨ। ਕੁਝ ਵਿਦਵਾਨਾਂ ਦਾ ਮਤ ਹੈ ਕਿ ਪੰਜਾਬੀ ਦਾ ਸਰੂਪ ‘ਸ਼ੌਰਸੈਨੀ ਅਪਭ੍ਰੰਸ਼’ ਨਾਲ ਕਾਫੀ ਹੱਦ ਤੱਕ ਮਿਲਦਾ-ਜੁਲਦਾ ਹੈ। ਪੰਜਾਬੀ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਦੀਆਂ ਲਿਪੀਆਂ ਤੋਂ ਵਖਰੇਵਾਂ ਅਤੇ ਉੱਤਮਤਾ ਇਸ ਗੱਲ ਵਿੱਚ ਹੈ ਕਿ ਇਹ ‘ਇੱਕ ਧੁਨੀ-ਇੱਕ ਚਿੰਨ੍ਹ’ ਦੇ ਸਿਧਾਂਤ ਨੂੰ ਕੇਂਦਰ ’ਚ ਰੱਖ ਕੇ ਬਣਾਈ ਗਈ ਹੈ। ਮੁਢਲਾ ਪੰਜਾਬੀ ਸਾਹਿਤ ਸ਼ਾਹਮੁਖੀ ਲਿਪੀ ਵਿੱਚ ਰਚਿਆ ਮੰਨਿਆ ਜਾਂਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਨੋਵੇਗਾਂ ਤੇ ਮਨੋਭਾਵਾਂ ਨੂੰ ਪ੍ਰਗਟ ਕਰਨ ਲਈ ਉਸ ਵੇਲੇ ਪ੍ਰਚੱਲਿਤ ਅਤੇ ਮਾਨਤਾ ਪ੍ਰਾਪਤ ਸਰਕਾਰੀ ਭਾਸ਼ਾਵਾਂ ਦੀ ਥਾਂ ਪੰਜਾਬੀ ਦੀ ਹੀ ਚੋਣ ਕਰਕੇ ਇਸ ਨੂੰ ਵੱਡਾ ਤੇ ਆਦਰਯੋਗ ਸਥਾਨ ਬਖ਼ਸ਼ਿਆ ਸੀ। ਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਤਾਂ ਸਮੂਹ ਗੁਰੂ ਸਾਹਿਬਾਨ ਨੇ ਪੰਜਾਬੀ ਬੋਲੀ ਨੂੰ ਮਾਂ ਬੋਲੀ ਪ੍ਰਵਾਨ ਕਰਦਿਆਂ ਸਮੁੱਚੀ ਬਾਣੀ ਇਸੇ ਬੋਲੀ ਵਿੱਚ ਰਚ ਕੇ ਇਸ ਦੀ ਆਨ, ਬਾਨ ਤੇ ਸ਼ਾਨ ਨੂੰ ਚਾਰ ਚੰਨ ਲਗਾ ਦਿੱਤੇ। ਗੁਰੂ ਸਾਹਿਬਾਨ ਤੋਂ ਉਪਰੰਤ ਸੂਫ਼ੀ ਮਤ ਦੇ ਪੈਰੋਕਾਰਾਂ ਨੇ ਵੀ ਪੰਜਾਬੀ ਬੋਲੀ ਨੂੰ ਪਰਵਾਨ ਚੜ੍ਹਾਇਆ।
ਦਰਅਸਲ 21 ਫ਼ਰਵਰੀ ਦਾ ਦਿਨ ਹਰ ਸਾਲ ਦੁਨੀਆਂ ਭਰ ਵਿੱਚ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਹ ਦਿਨ ਕੁੱਲ ਦੁਨੀਆਂ ਦੇ ਲੋਕਾਂ ਵੱਲੋਂ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ, ਉਸ ਦੀ ਰਾਖੀ ਕਰਨ ਅਤੇ ਅਲੋਪ ਹੋਣ ਵੱਲ ਵਧ ਰਹੀਆਂ ਬੋਲੀਆਂ ਨੂੰ ਬਚਾਉਣ ਪ੍ਰਤੀ ਜਾਗਰੂਕ ਹੋਣ ਦੇ ਪਵਿੱਤਰ ਕਾਜ ਨੂੰ ਸਮਰਪਿਤ ਕੀਤਾ ਜਾਂਦਾ ਹੈ। ਸੰਨ 1947 ਵਿੱਚ ਭਾਰਤ ਦੇ ਦੋ ਟੋਟੇ ਕਰਕੇ ਅੰਗਰੇਜ਼ ਹਾਕਮਾਂ ਨੇ ਭਾਰਤ ਮਾਂ ਦੇ ਸੀਨੇ ’ਤੇ ਵੰਡ ਦੀ ਲਕੀਰ ਖਿੱਚੀ ਸੀ ਤੇ ਉਦੋਂ ਜਿਹੜਾ ਮੁਲਕ ‘ਪਾਕਿਸਤਾਨ’ ਅਖਵਾਇਆ ਸੀ, ਉਸ ਦੇ ਦੋ ਮੁੱਖ ਭਾਗ ਸਨ- ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ। ਪੂਰਬੀ ਪਾਕਿਸਤਾਨ ਵਾਲੇ ਖਿੱਤੇ ਵਿੱਚ ਬਹੁਗਿਣਤੀ ਬੰਗਾਲੀ ਬੋਲੀ ਬੋਲਣ ਵਾਲਿਆਂ ਦੀ ਸੀ, ਜਿਨ੍ਹਾਂ ਨੂੰ ਪਾਕਿਸਤਾਨੀ ਸਰਕਾਰ ਵੱਲੋਂ ਕੌਮੀ ਭਾਸ਼ਾ ਐਲਾਨੀ ਗਈ ‘ਉਰਦੂ’ ਭਾਸ਼ਾ ਪ੍ਰਵਾਨ ਨਹੀਂ ਸੀ। 23 ਫ਼ਰਵਰੀ 1948 ਨੂੰ ਪੂਰਬੀ ਪਾਕਿਸਤਾਨ ਦੀ ਤਰਜ਼ਮਾਨੀ ਕਰਦਿਆਂ ਧੀਰੇਂਦਰ ਨਾਥ ਦੱਤਾ ਨੇ ਪਾਕਿਸਤਾਨੀ ਸੰਸਦ ਵਿੱਚ ਬੰਗਾਲੀ ਨੂੰ ਕੌਮੀ ਭਾਸ਼ਾ ਐਲਾਨਣ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਸੰਨ 1952 ਵਿੱਚ 21 ਫ਼ਰਵਰੀ ਦੇ ਦਿਨ ਬੰਗਾਲੀ ਭਾਸ਼ਾ ਦੇ ਹੱਕ ਵਿੱਚ ਕੱਢੀ ਗਈ ਇੱਕ ਵਿਸ਼ਾਲ ਰੈਲੀ ਨੂੰ ਕੁਚਲਣ ਲਈ ਸਰਕਾਰ ਨੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ, ਜਿਸ ਦੇ ਫ਼ਲਸਰੂਪ ਬੰਗਾਲੀ ਮਾਂ ਬੋਲੀ ਲਈ ਸੰਘਰਸ਼ ਕਰਦੇ ਸਪੂਤ ਅਬਦੁਲ ਸਲਾਮ, ਅਬੁਲ ਬਰਕਤ, ਰਫ਼ੀਕੂਦੀਨ ਅਹਿਮਦ, ਅਬਦੁੱਲ ਜੱਬਾਰ ਅਤੇ ਸ਼ਰੀਫ਼ੁੱਰ ਰਹਿਮਾਨ ਸ਼ਹੀਦ ਹੋ ਗਏ ਸਨ ਤੇ ਸੈਂਕੜੇ ਹੋਰ ਸੂਰਮੇ ਸੀਨੇ ‘ਤੇ ਜ਼ਖ਼ਮ ਖਾ ਗਏ ਸਨ। ਇਸੇ ਸੰਘਰਸ਼ ਨੇ ‘ਬੰਗਲਾਦੇਸ਼’ ਦੀ ਨੀਂਹ ਰੱਖ ਦਿੱਤੀ ਸੀ, ਜੋ ਬਾਅਦ ਵਿੱਚ ਭਾਰਤੀ ਫ਼ੌਜ ਦੀ ਮਦਦ ਨਾਲ ਸੰਨ 1971 ਵਿੱਚ ਪਾਕਿਸਤਾਨ ਤੋਂ ਵੱਖ ਹੋ ਕੇ ਇੱਕ ਆਜ਼ਾਦ ਮੁਲਕ ਬਣ ਗਿਆ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦ ਢਾਕਾ ਵਿਖੇ ‘ਸ਼ਹੀਦੀ ਮੀਨਾਰ’ ਵੀ ਕਾਇਮ ਕੀਤਾ ਗਿਆ ਸੀ। 21 ਫ਼ਰਵਰੀ ਦੇ ਦਿਨ ਬੰਗਲਾਦੇਸ਼ ਵਿਖੇ ਅਤੇ ਭਾਰਤ ‘ਚ ਸਥਿਤ ਪੱਛਮੀ ਬੰਗਾਲ ਵਿਖੇ ਬੰਗਾਲੀ ਭਾਸ਼ਾ ਲਈ ਜਾਨਾਂ ਵਾਰ ਦੇਣ ਵਾਲੇ ਉਕਤ ਸ਼ਹੀਦਾਂ ਨੂੰ ਸਲਾਮ ਕੀਤਾ ਜਾਂਦਾ ਹੈ ਤੇ ਮਾਂ ਬੋਲੀ ਦੀ ਪੱਤ ਰੱਖਣ ਲਈ ਕੀਤੀਆਂ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਯਾਦ ਵਿੱਚ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।
ਸੰਨ 1998 ਵਿੱਚ ਕਨੇਡਾ ਵਿੱਚ ਵੱਸਦੇ ਬੰਗਲਾਦੇਸ਼ੀ ਨੌਜਵਾਨਾਂ ਰਫ਼ੀਕੁੱਲ ਇਸਲਾਮ ਅਤੇ ਅਬਦੁੱਲ ਸਲਾਮ ਨੇ ਉਸ ਵੇਲੇ ਦੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਕੌਫ਼ੀ ਅੰਨਾਨ ਨੂੰ ਖ਼ਤ ਲਿਖ਼ ਕੇ ‘ਕੌਮਾਂਤਰੀ ਮਾਤ ਭਾਸ਼ਾ ਦਿਵਸ’ ਮਨਾਉਣ ਸਬੰਧੀ ਫ਼ੈਸਲਾ ਕਰਨ ਦੀ ਅਰਜ਼ ਕੀਤੀ ਸੀ ਤਾਂ ਜੋ ਅਲੋਪ ਹੋਣ ਵੱਲ ਵਧ ਰਹੀਆਂ ਬੋਲੀਆਂ ਨੂੰ ਇਸ ਧਰਤੀ ਤੋਂ ਮਿਟ ਜਾਣ ਤੋਂ ਪਹਿਲਾਂ ਬਚਾਇਆ ਜਾ ਸਕੇ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਬੰਗਲਾਦੇਸ਼ ਦੀ ਸੰਸਦ ਨੇ ਉਕਤ ਉੱਦਮ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਦਸ਼ਤਖ਼ਤਾਂ ਹੇਠ ਸੰਯੁਕਤ ਰਾਸ਼ਟਰ ਨੂੰ ਰਸਮੀ ਪ੍ਰਸਤਾਵ ਭੇਜਿਆ ਤੇ ਅਖ਼ੀਰ 17 ਨਵੰਬਰ 1999 ਨੂੰ ਯੂਨੈਸਕੋ ਦੀ 30ਵੀਂ ਆਮ ਸਭਾ ਨੇ ਸਰਬਸੰਮਤੀ ਨਾਲ 21 ਫ਼ਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਮਨਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਸੰਘ ਭਾਵ ਯੂ.ਐਨ.ਓ. ਦੀ ਆਮ ਸਭਾ ਨੇ ਸੰਨ 2002 ਵਿੱਚ ਇਸ ਪ੍ਰਸਤਾਵ ਨੂੰ ਮਾਨਤਾ ਦੇ ਦਿੱਤੀ ਸੀ ਤੇ ਸੰਨ 2007 ਵਿੱਚ ਇਸ ਨੂੰ ਲਾਗੂ ਵੀ ਕਰ ਦਿੱਤਾ ਸੀ।
ਬੜੇ ਹੀ ਦੁੱਖ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਦੁਨੀਆਂ ਦੀਆਂ ਕੁੱਲ ਬੋਲੀਆਂ ਦਾ 43 ਫ਼ੀਸਦੀ ਭਾਵ 6000 ਦੇ ਕਰੀਬ ਬੋਲੀਆਂ ਖ਼ਤਰੇ ਦੇ ਨਿਸ਼ਾਨ ‘ਤੇ ਖੜੀਆਂ ਹਨ, ਪਰ ਨਾਲ ਹੀ ਇਸ ਗੱਲ ਦੀ ਥੋੜ੍ਹੀ ਜਿਹੀ ਤਸੱਲੀ ਵੀ ਹੈ ਕਿ ਵਿਸ਼ਵ ਪੱਧਰ ’ਤੇ ਬੋਲੀਆਂ ਦੀ ਰਾਖੀ ਅਤੇ ਸੰਭਾਲ ਲਈ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸਰਕਾਰਾਂ ਯਤਨਸ਼ੀਲ ਹਨ। ਸੰਯੁਕਤ ਰਾਸ਼ਟਰ ਸੰਘ ਨੇ ਤਾਂ 2022-2032 ਦੇ ਦਹਾਕੇ ਨੂੰ ‘ਲੋਕ ਬੋਲੀਆਂ ਦਾ ਦਹਾਕਾ’ ਐਲਾਨ ਕੇ ਲੋਕ ਬੋਲੀਆਂ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾਣ ਦੀ ਮੁਹਿੰਮ ਵਿੱਢੀ ਹੈ। ਭਾਰਤ ਵਿੱਚ ਵੀ ਲੋਕ ਬੋਲੀਆਂ ਦੀ ਰਾਖੀ ਤੇ ਵਿਕਾਸ ਲਈ ਕਈ ਸਾਰੇ ਉੱਦਮ ਕੀਤੇ ਜਾ ਚੁੱਕੇ ਹਨ। ਭਾਰਤੀ ਸੰਵਿਧਾਨ ਦੇ ਆਰਟੀਕਲ-29 ਵਿੱਚ ਹਰੇਕ ਨਾਗਰਿਕ ਨੂੰ ਆਪਣੀ ਮਾਂ ਬੋਲੀ ਦੀ ਰਾਖੀ ਕਰਨ ਦਾ ਅਧਿਕਾਰ ਅਤੇ ਭਾਸ਼ਾ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਾ ਕਰਨ ਦਾ ਹੱਕ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਆਰਟੀਕਲ-120 ਰਾਹੀਂ ਸਮੂਹ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਆਪਣੀ ਮਾਂ ਬੋਲੀ ਵਿੱਚ ਆਪਣੀ ਗੱਲ ਕਹਿਣ ਦਾ ਹੱਕ ਦਿੱਤਾ ਗਿਆ ਹੈ। ਆਰਟੀਕਲ 305-ਏ ਜਿੱਥੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਾਈ ਦਾ ਮਾਧਿਅਮ ਮਾਤ ਭਾਸ਼ਾ ਰੱਖਣ ਦੀ ਵਕਾਲਤ ਕਰਦਾ ਹੈ, ਉੱਥੇ ਹੀ ਕੌਮੀ ਸਿੱਖਿਆ ਨੀਤੀ-2020 ਵਿੱਚ ਵੀ ਮਾਂ ਬੋਲੀ ਦੇ ਵਿਕਾਸ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਗੱਲ ਕੀਤੀ ਗਈ ਹੈ। ਇਹ ਨੀਤੀ ਤਾਂ ਪ੍ਰਾਇਮਰੀ ਤੋਂ ਵਧ ਕੇ ਅੱਠਵੀਂ ਜਾਂ ਇਸ ਤੋਂ ਵੀ ਵੱਧ ਭਾਵ ਜਿੱਥੋਂ ਤੱਕ ਵੀ ਸੰਭਵ ਹੋ ਸਕੇ ਪੜ੍ਹਾਈ ਦਾ ਮਾਧਿਅਮ ਮਾਤ ਭਾਸ਼ਾ ਰੱਖੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਵਿਗਿਆਨਕ ਅਤੇ ਤਕਨੀਕੀ ਵਿਸ਼ਿਆਂ ਦੀ ਸ਼ਬਦਾਵਲੀ ਨੂੰ ਲੋਕ ਬੋਲੀਆਂ ਵਿੱਚ ਅਨੁਵਾਦਿਤ ਕਰਨ ਲਈ ਵਿਸ਼ੇਸ਼ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ ਹੈ।
ਮੈਸੂਰ ਵਿਖੇ ਸਥਿਤ ‘ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜਿਜ਼’ ਵੱਲੋਂ ਵੀ ‘ਕੌਮੀ ਅਨੁਵਾਦ ਮਿਸ਼ਨ’ ਤਹਿਤ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਕਿਤਾਬਾਂ ਦਾ ਲੋਕ ਬੋਲੀਆਂ ਵਿੱਚ ਅਨੁਵਾਦ ਕਰਨ ਦਾ ਵੱਡ-ਆਕਾਰੀ ਕਾਰਜ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਅਲੋਪ ਹੋਣ ਦੇ ਮੁਹਾਣੇ ‘ਤੇ ਖੜੀਆਂ ਬੋਲੀਆਂ ਦੀ ਰਾਖੀ ਲਈ ਇੱਕ ਵਿਸ਼ੇਸ਼ ਯੋਜਨਾ ‘ਪ੍ਰੋਟੈਕਸ਼ਨ ਐਂਡ ਪ੍ਰੀਜ਼ਰਵੇਸ਼ਨ ਆਫ਼ ਐਨਡੇਂਜਰਡ ਲੈਂਗੂਏਜਿਜ਼ ਸਕੀਮ’ ਵੀ ਸਰਕਾਰ ਵੱਲੋਂ ਅਰੰਭ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ‘ਭਾਰਤਵਾਣੀ’ ਪ੍ਰਾਜੈਕਟ ਅਤੇ ਗੂੂਗਲ ਵੱਲੋਂ ‘ਨਵਲੇਖਾ’ ਨਾਮਕ ਪ੍ਰਾਜੈਕਟ ਇਸੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਹਨ।
ਵਿਸ਼ਵ ਪ੍ਰਸਿੱਧ ਵਿਦਵਾਨ ਜਾਰਜ ਬਰਨਾੱਡ ਸ਼ਾਅ ਨੇ ਵੀ ਕਿਹਾ ਸੀ, “ਸਾਨੂੰ ਆਪਣੀ ਮਾਂ ਬੋਲੀ ਦੀ ਖ਼ੂਬਸੂਰਤੀ ਉਸ ਵੇਲੇ ਸਮਝ ਆਉਂਦੀ ਹੈ, ਜਦੋਂ ਅਸੀਂ ਕਿਸੇ ਬੇਗਾਨੇ ਮੁਲਕ ਦੀ ਧਰਤ ‘ਤੇ ਹੁੰਦੇ ਹਾਂ।” ਭਾਸ਼ਾ-ਵਿਗਿਆਨੀ ਅਤੇ ਮਨੋ-ਵਿਗਿਆਨੀ ਇਸ ਗੱਲ ’ਤੇ ਇੱਕ ਮਤ ਹਨ ਕਿ ਕੋਈ ਵੀ ਸੰਕਲਪ ਜਾਂ ਵਿਸ਼ਾ ਜੇਕਰ ਕਿਸੇ ਬੱਚੇ ਨੇ ਚੰਗੀ ਤਰ੍ਹਾਂ ਸਿੱਖਣਾ ਹੋਵੇ ਤਾਂ ਉਸੇ ਬੋਲੀ ‘ਚ ਸਿੱਖਿਆ ਤੇ ਸਮਝਿਆ ਜਾ ਸਕਦਾ ਹੈ, ਜਿਸ ਬੋਲੀ ਨੂੰ ਬੱਚੇ ਨੇ ਆਪਣੇ ਬਚਪਨ ‘ਚ ਸਿੱਖਿਆ ਹੁੰਦਾ ਹੈ। ਉੱਘਾ ਸਾਹਿਤਕਾਰ ਤੇ ਅਦਾਕਾਰ ਬਲਰਾਜ ਸਾਹਨੀ ਜਦੋਂ ਗੁਰੂਦੇਵ ਰਵਿੰਦਰਨਾਥ ਟੈਗੋਰ ਕੋਲ ਗਿਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਮਾਂ ਬੋਲੀ ‘ਚ ਸਾਹਿਤ ਰਚਣ ਦੀ ਤਾਕੀਦ ਕੀਤੀ ਸੀ ਤੇ ਫਿਰ ਬਲਰਾਜ ਨੇ ਜੋ ਰਚਨਾਵਾਂ ਮਾਂ ਬੋਲੀ ‘ਚ ਰਚੀਆਂ ਸਨ, ਉਹ ਬਹੁਤ ਮਕਬੂਲ ਹੋਈਆਂ ਸਨ। ਗੁਰੂਦੇਵ ਟੈਗੋਰ ਦੀ ਨੋਬਲ ਇਨਾਮ ਪ੍ਰਾਪਤ ਕਾਵਿ-ਪੁਸਤਕ ‘ਗੀਤਾਂਜਲੀ’ ਵੀ ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਵਿੱਚ ਹੀ ਸੀ, ਜਿਸ ਦਾ ਬਾਅਦ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ। ਵਿਸ਼ਵ ਪ੍ਰਸਿੱਧ ਲੇਖਕ ਰਸੂਲ ਹਮਜ਼ਾਤੋਵ ਨੇ ਜੀਵਨ ਵਿੱਚ ਮਾਂ ਬੋਲੀ ਦਾ ਮਹੱਤਵ ਬਿਆਨ ਕਰਦਿਆਂ ਲਿਖਿਆ ਸੀ ਕਿ ਜੇ ਕਿਸੇ ਸ਼ਖ਼ਸ ਨੂੰ ਸਭ ਤੋਂ ਵੱਡੀ ਬਦਦੁਆ ਦੇਣੀ ਹੋਵੇ ਤਾਂ ਆਖ਼ ਦਿੱਤਾ ਜਾਂਦਾ ਹੈ, “ਜਾਹ… ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।”
ਅੱਜ ਸਾਡੀ ਮਾਂ ਬੋਲੀ ਪੰਜਾਬੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਨਾਲ ਜਿੰਨਾ ਪ੍ਰੇਮ ਹੈ, ਓਨਾ ਪੰਜਾਬ ਦੀ ਮਿੱਟੀ ’ਤੇ ਵੱਸਦੇ ਨੌਜਵਾਨਾਂ ਤੇ ਬੱਚਿਆਂ ਅੰਦਰ ਨਹੀਂ ਹੈ। ਇੱਥੇ ਲੋਕ ਹਿੰਦੀ ਜਾਂ ਅੰਗਰੇਜ਼ੀ ‘ਚ ਗੱਲ ਕਰਨਾ ਆਪਣਾ ‘ਸਟੇਟਸ’ ਸਮਝਦੇ ਹਨ ਤੇ ਪੰਜਾਬੀ ’ਚ ਗੱਲ ਕਰਨਾ ਉਨ੍ਹਾਂ ਨੂੰ ਹੀਣ ਭਾਵਨਾ ਭਰਿਆ ਲੱਗਦਾ ਹੈ। ਪੰਜਾਬ ਦੀ ਹੱਦ ਅੰਦਰ ਸਥਿਤ ਅਸੰਖਾਂ ਵਿੱਦਿਅਕ ਅਦਾਰਿਆਂ ਤੇ ਖ਼ਾਸ ਕਰਕੇ ਛੋਟੇ ਬੱਚਿਆਂ ਨਾਲ ਜੁੜੇ ਵਿੱਦਿਅਕ ਅਦਾਰਿਆਂ ਅੰਦਰ ਪ੍ਰਬੰਧਕਾਂ ਵੱਲੋਂ ਅਦਾਰੇ ਦੀ ਹੱਦ ਅੰਦਰ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਪੰਜਾਬੀ ਬੋਲੇ ਜਾਣ ਦੀ ਮਨਾਹੀ ਹੈ। ਪੰਜਾਬੀ ਲੋਕ ਆਪਣੇ ਬੱਚਿਆਂ ਦੇ ਮੂੰਹੋਂ ਫ਼ਰਾਟੇਦਾਰ ਅੰਗਰੇਜ਼ੀ ਨਿੱਕਲਦੀ ਵੇਖ ਕੇ ਮਾਣ ਨਾਲ ਫੁੱਲ ਜਾਂਦੇ ਹਨ। ਇਹ ਪ੍ਰਵਿਰਤੀ, ਇਹ ਭਾਵਨਾ ਅਤੇ ਇਹ ਸੋਚ ਠੀਕ ਨਹੀਂ ਹੈ। ਅੰਗਰੇਜ਼ੀ ਸਿੱਖਣਾ ਜਾਂ ਬੋਲਣਾ ਸਮੇਂ ਦੀ ਲੋੜ ਹੈ ਤੇ ਕੋਈ ਮਾੜੀ ਗੱਲ ਵੀ ਨਹੀਂ ਹੈ, ਪਰ ਪੰਜਾਬੀ ਦੇ ਵਿਹੜੇ ਅੰਗਰੇਜ਼ੀ ਜਾਂ ਕਿਸੇ ਹੋਰ ਬੋਲੀ ਦੇ ਫੁੱਲ ਖਿੜਾਉਣ ਦੀ ਹਰਕਤ ਬਿਲਕੁਲ ਵੀ ਜਾਇਜ਼ ਨਹੀਂ ਹੈ। ਪੰਜਾਬੀ ਦੇ ਸਿਰਮੌਰ ਕਵੀ ਫ਼ਿਰੋਜ਼ਦੀਨ ਸ਼ਰਫ਼ ਨੇ ਅਜੋਕੇ ਸੰਦਰਭ ਵਿੱਚ ਕਿੰਨਾ ਸਹੀ ਕਿਹਾ ਸੀ,
ਪੁੱਛੀ ਸ਼ਰਫ਼ ਨਾ ਜਿਨ੍ਹਾਂ ਨੇ ਬਾਤ ਮੇਰੀ
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।