ਖਿਡਾਰੀ ਪੰਜ-ਆਬ ਦੇ (12)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਭਾਰਤੀ ਹਾਕੀ ਦੇ ਨਾਮੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਤੋਂ ਭਲਾ ਕੌਣ ਵਾਕਫ ਨਹੀਂ! 1982 ਵਿੱਚ ਉਹ 23 ਵਰਿ੍ਹਆਂ ਦੀ ਉਮਰੇ ਭਾਰਤੀ ਟੀਮ ਦੇ ਕਪਤਾਨ ਬਣ ਗਏ ਸਨ। ਭਾਰਤ ਸਰਕਾਰ ਨੇ 1998 ਵਿੱਚ ਉਨ੍ਹਾਂ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਗੌਲਫ ਖੇਡਣ ਲੱਗੇ ਤਾਂ ਉਥੇ ਵੀ ਚੈਂਪੀਅਨ ਬਣੇ। ਖੇਡਾਂ ਨੂੰ ਸਮਰਪਿਤ ਸੁਰਿੰਦਰ ਸਿੰਘ ਸੋਢੀ ਨੇ ਜਲੰਧਰ ਸਥਿਤ ਆਪਣੇ ਘਰ ਦਾ ਨਾਮ ਵੀ ‘ਓਲੰਪੀਆ ਨੈਸਟ’ ਰੱਖਿਆ, ਜਿਸ ਵਿੱਚ ਮਾਸਕੋ ਓਲੰਪਿਕਸ ਦੇ ਲੋਗੇ ਦੇ ਡਿਜ਼ਾਇਨ ਲਗਾਏ ਹਨ। ਪੇਸ਼ ਹੈ, ਸ. ਸੋਢੀ ਦੇ ਖੇਡ-ਜੀਵਨ ਦਾ ਸੰਖੇਪ ਵੇਰਵਾ…
ਨਵਦੀਪ ਸਿੰਘ ਗਿੱਲ
ਫੋਨ: +91-9780036216
ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਹਸਤਾਖਰ ਹੈ। ਸੋਢੀ ਦੀ ਅਗਵਾਈ ਹੇਠ ਭਾਰਤੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਆਖਰੀ ਤਮਗਾ 1980 ਵਿੱਚ ਮਾਸਕੋ ਵਿਖੇ ਜਿੱਤਿਆ ਸੀ, ਉਹ ਵੀ ਸੋਨੇ ਦਾ। ਸੋਢੀ ਵੀ ਸ਼ੁੱਧ ਸੋਨੇ ਵਰਗਾ ਖਿਡਾਰੀ ਹੈ। ਸੋਢੀ ਦੀ ਸਟਿੱਕ ਦਾ ਜਾਦੂ ਵੀ ਸਿਖਰਾਂ ’ਤੇ ਰਿਹਾ। ਮਾਸਕੋ ਵਿਖੇ 15 ਗੋਲਾਂ ਨਾਲ ਟਾਪ ਸਕੋਰਰ ਬਣ ਕੇ ਉਸ ਨੇ 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਦੇ ਟਾਪ ਸਕੋਰਰ ਊਧਮ ਸਿੰਘ ਦੀ ਬਰਾਬਰੀ ਕੀਤੀ ਸੀ। ਇਹ ਰਿਕਾਰਡ ਹਾਲੇ ਤੱਕ ਨਹੀਂ ਟੁੱਟਿਆ। ਸੋਢੀ ਨੇ ਹਾਕੀ ਖੇਡਣੀ ਕਾਹਦੀ ਛੱਡੀ, ਭਾਰਤੀ ਹਾਕੀ ਦੀ ਕਿਸਮਤ ਹੀ ਰੁੱਸ ਗਈ। ਉਸ ਤੋਂ ਬਾਅਦ ਓਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਟੀਮ ਤਮਗਾ ਤਾਂ ਦੂਰ ਦੀ ਗੱਲ, ਸਗੋਂ 41 ਸਾਲ ਤੱਕ ਸੈਮੀ ਫਾਈਨਲ ਵੀ ਨਹੀਂ ਖੇਡੀ। 2021 ਵਿੱਚ ਟੋਕੀਓ ਵਿਖੇ ਭਾਰਤੀ ਹਾਕੀ ਟੀਮ ਨੇ ਸੈਮੀ ਫ਼ਾਈਨਲ ਖੇਡਿਆ ਅਤੇ ਫੇਰ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਸਮੇਂ ਦੌਰਾਨ 2008 ਵਿੱਚ ਤਾਂ ਭਾਰਤੀ ਟੀਮ ਓਲੰਪਿਕਸ ਲਈ ਕੁਆਲੀਫਾਈ ਵੀ ਨਾ ਹੋ ਸਕੀ ਸੀ। ਸੋਢੀ ਸੋਲਾਂ ਵਰਿ੍ਹਆਂ ਦੀ ਸਭ ਤੋਂ ਛੋਟੀ ਉਮਰੇ ਭਾਰਤੀ ਟੀਮ ਵਿੱਚ ਆ ਗਿਆ ਸੀ। ਤੇਈਵੇਂ ਸਾਲ ਤਾਂ ਉਹ ਭਾਰਤੀ ਹਾਕੀ ਦਾ ਕਪਤਾਨ ਬਣ ਗਿਆ ਸੀ।
ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਵੀ ਆਪਣਾ ਪਲੇਠਾ ਤਮਗਾ ਉਸੇ ਦੀ ਕਪਤਾਨੀ ਹੇਠ 1982 ਵਿੱਚ ਐਮਸਟਰਡਮ ਵਿਖੇ ਜਿੱਤਿਆ ਸੀ। ਵਿਸ਼ਵ ਕੱਪ ਤੇ ਓਲੰਪਿਕਸ ਦੇ ਪੱਧਰ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਅਗਲਾ ਤਮਗਾ ਜਿੱਤਣ ਲਈ 34 ਵਰ੍ਹੇ ਉਡੀਕ ਕਰਨੀ ਪਈ। ਗੋਲਾਂ ਦੀ ਸਭ ਤੋਂ ਤੇਜ਼ ਹੈਟ੍ਰਿਕ ਮਾਰਨ ਦਾ ਰਿਕਾਰਡ ਵੀ ਸੋਢੀ ਦੇ ਨਾਮ ਦਰਜ ਹੈ, ਜੋ ਉਸ ਨੇ ਮਾਸਕੋ ਓਲੰਪਿਕਸ ਵਿੱਚ ਤਨਜ਼ਾਨੀਆ ਖਿਲਾਫ ਮੈਚ ਵਿੱਚ ਪੰਜ ਮਿੰਟ ਵਿੱਚ ਤਿੰਨ ਗੋਲ ਕਰਕੇ ਬਣਾਇਆ ਸੀ। ਉਂਝ ਉਸ ਮੈਚ ਵਿੱਚ ਉਸ ਨੇ ਕੁੱਲ ਪੰਜ ਗੋਲ ਕੀਤੇ ਸਨ। ਇੱਕ ਹੋਰ ਦੁਰਲੱਭ ਪ੍ਰਾਪਤੀ ਵੀ ਸੋਢੀ ਦੇ ਹਿੱਸੇ ਆਈ। ਉਹ ਛੋਟੀ ਉਮਰੇ ਇੰਨਾ ਪਰਪੱਕ ਖਿਡਾਰੀ ਬਣ ਗਿਆ ਸੀ ਕਿ ਉਸ ਨੇ ਜੂਨੀਅਰ ਵਿਸ਼ਵ ਕੱਪ ਖੇਡਣ ਤੋਂ ਪਹਿਲਾ ਸੀਨੀਅਰ ਵਿਸ਼ਵ ਕੱਪ ਖੇਡ ਲਿਆ ਸੀ।
ਹਰ ਸਾਈਡ ’ਤੇ ਖੇਡਣ ਵਾਲਾ ਵੀ ਸੁਰਿੰਦਰ ਸਿੰਘ ਸੋਢੀ ਵਿਸ਼ਵ ਹਾਕੀ ਦਾ ਸ਼ਾਇਦ ਇਕਲੌਤਾ ਖਿਡਾਰੀ ਹੋਵੇ। ਸੋਢੀ ਸਹੀ ਮਾਅਨਿਆਂ ਵਿੱਚ ਆਲ ਰਾਊਂਡਰ ਸੀ। ਉਹ ਫੁੱਲ ਬੈਕ ਤੋਂ ਲੈ ਕੇ ਸੈਂਟਰ ਫਾਰਵਰਡ ਤੱਕ ਹਰ ਪੁਜੀਸ਼ਨ ’ਤੇ ਖੇਡਿਆ ਹੈ। ਚਾਹੇ ਉਹ ਸੈਂਟਰ ਹਾਫ ਹੋਵੇ, ਲੈਫਟ ਹਾਫ, ਲੈਫਟ ਇਨ ਜਾਂ ਰਾਈਟ ਇਨ। ਜਿਹੜੀ ਵੀ ਸਾਈਡ ਕਮਜ਼ੋਰ ਹੁੰਦੀ, ਉਥੇ ਹੀ ਸੋਢੀ ਨੂੰ ਫਿੱਟ ਕਰ ਦਿੱਤਾ ਜਾਂਦਾ; ਤੇ ਉਹੀ ਸਾਈਡ ਟੀਮ ਦੀ ਸਭ ਤੋਂ ਤਕੜੀ ਹੋ ਜਾਂਦੀ। ਉਹ ਸਾਰੇ ਹਾਕੀ ਫੀਲਡ ਦਾ ਬਾਦਸ਼ਾਹ ਬਣ ਕੇ ਖੇਡਿਆ। ਸੋਢੀ ਤੋਂ ਵਿਰੋਧੀ ਟੀਮ ਦਾ ਹਰ ਖਿਡਾਰੀ ਖੌਫ ਖਾਂਦਾ ਸੀ। ਵਿਰੋਧੀ ਸਟਰਾਈਕਰ ਦੁਆ ਕਰਦੇ ਸੀ ਕਿ ਸੋਢੀ ਮਿਲਫੀਲਡ ਜਾਂ ਫੁੱਲਬੈਕ ਵਜੋਂ ਨਾ ਖੇਡੇ ਅਤੇ ਵਿਰੋਧੀ ਡਿਫੈਂਡਰ ਡਰਦੇ ਸੀ ਕਿ ਉਹ ਫਾਰਵਰਡ ਲਾਈਨ ਵਿੱਚ ਨਾ ਖੇਡੇ। ਉਂਝ ਸੈਂਟਰ ਫਾਰਵਰਡ ਉਸ ਦੀ ਪਸੰਦੀਦਾ ਪੁਜੀਸ਼ਨ ਸੀ। ਇਸੇ ਪੁਜੀਸ਼ਨ ’ਤੇ ਖੇਡਦਿਆਂ ਉਸ ਨੇ ਕੌਮੀ ਤੇ ਕੌਮਾਂਤਰੀ ਹਾਕੀ ਵਿੱਚ ਦੋ-ਢਾਈ ਸੌ ਗੋਲ ਕੀਤੇ। ਭਾਰਤੀ ਹਾਕੀ ਦੇ ਤਿੰਨ ਸਭ ਤੋਂ ਤਕੜੇ ਸੈਂਟਰ ਫਾਰਵਰਡ ਹੋਏ ਹਨ। ਇਹ ਹਨ- ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਤੇ ਸੁਰਿੰਦਰ ਸਿੰਘ ਸੋਢੀ।
ਸੁਰਿੰਦਰ ਸਿੰਘ ਸੋਢੀ ਨੂੰ ਭਾਰਤ ਦੀ ਗੋਲ ਮਸ਼ੀਨ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਮਿਆਂ ਦੇ ਵੱਡੇ ਖੇਡ ਰਸਾਲਿਆਂ ਨੇ ਸੋਢੀ ਨੂੰ ਵੱਖ-ਵੱਖ ਟਾਈਟਲ ਦਿੱਤੇ ਸਨ। ਸਪੋਰਟਸ ਸਟਾਰ ਰਸਾਲੇ ਨੇ ਉਸ ਨੂੰ ‘ਬਰੇਨੀ ਫਾਰਵਰਡ’ ਆਖਿਆ। ਕਿਸੇ ਨੇ ‘ਸ਼ਾਰਪ ਸ਼ੂਟਰ’ ਅਤੇ ਕਿਸੇ ਨੇ ‘ਫਾਰਵਰਡ ਡਰਿਬਲਰ।’ ਅੱਜ ਦੇ ਸਮੇਂ ਜਿਵੇਂ ਕ੍ਰਿਕਟਰਾਂ ਦੀਆਂ ਤਸਵੀਰਾਂ ਖੇਡ ਰਸਾਲਿਆਂ ਦੇ ਟਾਈਟਲ ਪੰਨਿਆਂ ਦਾ ਸ਼ਿੰਗਾਰ ਬਣਦੀਆਂ ਹਨ, ਅੱਸੀਵਿਆਂ ਵਿੱਚ ਸੁਰਿੰਦਰ ਸਿੰਘ ਸੋਢੀ ਦੀਆਂ ਤਸਵੀਰਾਂ ਸਪੋਰਟਸ ਸਟਾਰ, ਸਪੋਰਟਸ ਵੀਕ ਦੇ ਟਾਈਟਲ ਪੰਨੇ ਉਪਰ ਵੀ ਛਪੀਆਂ, ਉਹ ਵੀ ਕਈ ਵਾਰ। ਫਿਲਮੀ ਸਿਤਾਰੇ ਉਸ ਨਾਲ ਫੋਟੋ ਖਿਚਵਾ ਕੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਸਨ। ਸੁਰਿੰਦਰ ਸਿੰਘ ਸੋਢੀ ਨੇ ਹਾਕੀ ਖੇਡਣੀ ਛੱਡੀ ਤਾਂ ਗੌਲਫ ਸ਼ੁਰੂ ਕਰ ਲਈ। ਗੌਲਫ ਵਿੱਚ ਵੀ ਉਸ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਟੂਰਨਾਮੈਂਟ ਜਿੱਤਿਆ। ਕਿਸੇ ਹਾਕੀ ਓਲੰਪੀਅਨ ਵੱਲੋਂ ਗੌਲਫ ਦਾ ਕੌਮੀ ਟੂਰਨਾਮੈਂਟ ਜਿੱਤਣਾ ਵੀ ਛੋਟੀ ਗੱਲ ਨਹੀਂ ਸੀ। 1978 ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਤਾਂ ਇਹ ਸਨਮਾਨ ਹਾਸਲ ਕਰਨ ਵਾਲਾ ਵੀ ਉਹ ਪਹਿਲਾ ਹਾਕੀ ਖਿਡਾਰੀ ਬਣਿਆ। ਖੇਡ ਜਗਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ, ਜੋ ਕਿਸੇ ਜ਼ਿਲ੍ਹੇ ਦਾ ਐਸ.ਐਸ.ਪੀ. ਬਣਿਆ। ਆਈ.ਜੀ. ਦੇ ਅਹੁਦੇ ਤੱਕ ਪੁੱਜਣ ਵਾਲਾ ਵੀ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ। ਸਾਰੀਆਂ ਖੇਡਾਂ ਮਿਲਾ ਲਈਏ ਤਾਂ ਸੋਢੀ ਤੇ ਪਹਿਲਵਾਨ ਕਰਤਾਰ ਸਿੰਘ ਨੂੰ ਇਸ ਅਹੁਦੇ ’ਤੇ ਪਹੁੰਚਣ ਦਾ ਮਾਣ ਹਾਸਲ ਹੈ।
ਸੁਰਿੰਦਰ ਸਿੰਘ ਸੋਢੀ ਦਾ ਜਨਮ ਨਵਾਂਸ਼ਹਿਰ ਜ਼ਿਲ੍ਹੇ (ਉਸ ਵੇਲੇ ਜਲੰਧਰ) ਦੇ ਪਿੰਡ ਗੁਣਾਚੌਰ ਵਿਖੇ 22 ਜੂਨ 1959 ਨੂੰ ਸ. ਗੁਰਬਚਨ ਸਿੰਘ ਦੇ ਘਰ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਗੋਤ ਭਾਵੇਂ ਛੋਕਰ ਸੀ, ਪਰ ਨਾਨੀ ਵੱਲੋਂ ਲਾਡ ਨਾਲ ‘ਸੋਢੀ’ ਕਹੇ ਜਾਣ ਕਰ ਕੇ ਉਸ ਦੀ ਪ੍ਰਸਿੱਧੀ ਸੁਰਿੰਦਰ ਸਿੰਘ ਸੋਢੀ ਵਜੋਂ ਹੋਈ। ਸੋਢੀ ਦੇ ਪਿੰਡ ਦੇ ਆਲੇ-ਦੁਆਲੇ ਫੁਟਬਾਲ ਦਾ ਮਾਹੌਲ ਸੀ। ਮੁਢਲੀਆਂ ਦੋ-ਤਿੰਨ ਜਮਾਤਾਂ ਗੁਣਾਚੌਰੋਂ ਕਰਕੇ ਛੋਟੇ ਸੋਢੀ ਨੇ ਫੇਰ ਜਲੰਧਰ ਆ ਕੇ ਦੁਆਬਾ ਖਾਲਸਾ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈ ਲਿਆ। ਇੱਥੇ ਹੀ ਆ ਕੇ ਉਹ ਹਾਕੀ ਨਾਲ ਜੁੜ ਗਿਆ। 1975 ਵਿੱਚ 16 ਵਰਿ੍ਹਆਂ ਦੀ ਉਮਰੇ ਸੋਢੀ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ, ਜਿੱਥੇ ਉਸ ਨੂੰ ਯੂਰਪ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਟੂਰ ’ਤੇ ਉਹ ਟਾਪ ਸਕੋਰਰ ਬਣਿਆ। ਇਸੇ ਸਾਲ ਉਹ ਭਾਰਤੀ ਸੀਨੀਅਰ ਟੀਮ ਵਿੱਚ ਵੀ ਚੁਣਿਆ ਗਿਆ। ਇਸ ਤੋਂ ਬਾਅਦ ਉਹ ਚਾਰ ਵਰ੍ਹੇ ਇਕੋ ਸਮੇਂ ਜੂਨੀਅਰ ਤੇ ਸੀਨੀਅਰ ਦੋਵਾਂ ਟੀਮਾਂ ਵੱਲੋਂ ਖੇਡਿਆ। ਹਾਕੀ ਦੇਖਣ ਵਾਲਿਆਂ ਨੂੰ ਵੀ ਭੁਲੇਖਾ ਲੱਗਣਾ ਕਿ ਜੂਨੀਅਰ ਤੇ ਸੀਨੀਅਰ ਟੀਮ ਵੱਲੋਂ ਖੇਡਣ ਵਾਲਾ ਸੁਰਿੰਦਰ ਸਿੰਘ ਸੋਢੀ ਇੱਕੋ ਹੈ ਜਾਂ ਇੱਕੋ ਨਾਂ ਵਾਲੇ ਦੋ ਵੱਖ-ਵੱਖ ਖਿਡਾਰੀ ਹਨ।
1978 ਵਿੱਚ ਜਰਮਨੀ ਦੇ ਦੌਰੇ ’ਤੇ ਗਈ ਜੂਨੀਅਰ ਭਾਰਤੀ ਟੀਮ ਦੀ ਕਪਤਾਨੀ ਉਸ ਨੂੰ ਸੌਂਪ ਦਿੱਤੀ। ਇਸੇ ਸਾਲ ਉਹ ਸੀਨੀਅਰ ਟੀਮ ਵੱਲੋਂ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। 1978 ਵਿੱਚ ਹੀ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। 1980 ਵਿੱਚ ਭਾਰਤ ਨੇ ਮਾਸਕੋ ਓਲੰਪਿਕਸ ਵਿੱਚ ਸੋਨ ਤਮਗ਼ਾ ਜਿੱਤਿਆ, ਜਿਸ ਵਿੱਚ ਸੋਢੀ ਨੇ 15 ਗੋਲ ਕੀਤੇ। ਸੋਢੀ ਨੇ ਉਸ ਤੋਂ ਬਾਅਦ ਬੰਬਈ ਦਾ ਹਾਕੀ ਵਿਸ਼ਵ ਕੱਪ ਖੇਡਿਆ। 1982 ਵਿੱਚ ਸੋਢੀ 23 ਵਰਿ੍ਹਆਂ ਦੀ ਉਮਰੇ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਐਮਸਟਰਡਮ ਵਿਖੇ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੌਜਵਾਨ ਕਪਤਾਨ ਦੀ ਅਗਵਾਈ ਹੇਠ ਪੂਰੇ ਜੋਸ਼ ਨਾਲ ਉਤਰੀ। ਭਾਰਤ ਨੇ ਪਹਿਲੀ ਵਾਰ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਦੂਜਾ ਤਮਗਾ 2016 ਵਿੱਚ ਨਸੀਬ ਹੋਇਆ ਸੀ, ਜਦੋਂ ਲੰਡਨ ਵਿਖੇ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਭਾਰਤ ਲਈ ਸਭ ਤੋਂ ਅਹਿਮ ਮੈਚ ਪਾਕਿਸਤਾਨ ਖਿਲਾਫ ਸੀ, ਜਿਸ ਵਿੱਚ ਭਾਰਤ ਨੇ 5-4 ਨਾਲ ਜਿੱਤ ਹਾਸਲ ਕੀਤੀ। ਪੰਜਵਾਂ ਗੋਲ ਸੋਢੀ ਨੇ 59ਵੇਂ ਮਿੰਟ ਵਿੱਚ ਕੀਤਾ, ਜੋ ਅੰਤ ਵਿੱਚ ਨਿਰਣਾਇਕ ਸਾਬਤ ਹੋਇਆ।
ਨਵੀਂ ਦਿੱਲੀ ਵਿਖੇ ਨੌਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ 1-7 ਦੀ ਨਮੋਸ਼ੀ ਪੂਰਨ ਹਾਰ ਮਿਲੀ। ਫਰਕ ਸਿਰਫ ਸੁਰਿੰਦਰ ਸਿੰਘ ਸੋਢੀ ਦਾ ਹੀ ਸੀ। ਚੈਂਪੀਅਨਜ਼ ਟਰਾਫੀ ਵਿੱਚ ਝੰਡੇ ਗੱਡਣ ਵਾਲੀ ਟੀਮ ਦਾ ਕਪਤਾਨ ਸੋਢੀ ਏਸ਼ਿਆਈ ਖੇਡਾਂ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜਿਸ ਪਾਕਿਸਤਾਨ ਨੂੰ ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਹਰਾਇਆ, ਉਸੇ ਹੱਥੋਂ ਭਾਰਤੀ ਟੀਮ ਆਪਣੇ ਵਿਹੜੇ ਵਿੱਚ ਬੁਰੀ ਤਰ੍ਹਾਂ ਹਾਰੀ। ਏਸ਼ਿਆਈ ਖੇਡਾਂ ਦੀ ਟੀਮ ਦੇ ਕੋਚ ਰਹੇ ਕਰਨਲ ਬਲਬੀਰ ਸਿੰਘ ਆਪਣੀ ਸਵੈ-ਜੀਵਨੀ ‘ਐਨ ਓਲੰਪਿਕ ਮੈਡਲ-ਦਾ ਕਰਨਲਜ਼ ਡੈਡਲੀ ਸਕੂਪ’ ਵਿੱਚ ਲਿਖਦੇ ਹਨ ਕਿ ਸੁਰਿੰਦਰ ਸਿੰਘ ਸੋਢੀ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕਰਨ ਦਾ ਖਮਿਆਜ਼ਾ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਖੇਡਾਂ ਤੇ ਖਿਡਾਰੀਆਂ ਨੂੰ ਡੂੰਘਾਈ ਨਾਲ ਜਾਣਨ ਅਤੇ ਪਿਆਰ ਕਰਨ ਵਾਲੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਦੱਸਦੇ ਹਨ ਕਿ ਜਦੋਂ ਫਾਈਨਲ ਖੇਡਿਆ ਗਿਆ ਤਾਂ ਉਹ ਉਸ ਵੇਲੇ ਹਾਕੀ ਸਟੇਡੀਅਮ ਵਿੱਚ ਸਨ ਅਤੇ ਹਾਰਨ ਤੋਂ ਬਾਅਦ ਹਰੇਕ ਦੀ ਜ਼ੁਬਾਨ ਉਤੇ ਇਹੋ ਗੱਲ ਸੀ ਕਿ ਜੇ ਸੋਢੀ ਹੁੰਦਾ ਤਾਂ ਨਤੀਜਾ ਹੋਰ ਹੁੰਦਾ। ਉਸ ਵੇਲੇ ਭਾਰਤੀ ਟੀਮ ਦੀ ਮੈਨੇਜਮੈਂਟ ਵਿੱਚ ਦੋ ਬਲਬੀਰ ਸਿੰਘ- ਬਲਬੀਰ ਸਿੰਘ ਸੀਨੀਅਰ ਤੇ ਕਰਨਲ ਬਲਬੀਰ ਸਿੰਘ। ਉਸ ਵੇਲੇ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਖੀ ਇੰਦਰ ਮੋਹਨ ਮਹਾਜਨ ਤੇ ਬਲਬੀਰ ਸਿੰਘ ਸੀਨੀਅਰ ਦੀ ਆਪਸ ਵਿੱਚ ਬਣਦੀ ਨਹੀਂ ਸੀ। ਬਲਬੀਰ ਸਿੰਘ ਸੀਨੀਅਰ ਸੋਢੀ ਨੂੰ ਟੀਮ ਵਿੱਚ ਰੱਖਣ ਦੇ ਹੱਕ ਵਿੱਚ ਸਨ ਅਤੇ ਫੈਡਰੇਸ਼ਨ ਨੇ ਚੰਗਾ ਭਲਿਆ ਬਣਿਆ ਭਾਰਤੀ ਹਾਕੀ ਦਾ ਸੈਟ ਖਰਾਬ ਕਰਦਿਆਂ ਸੋਢੀ ਬਾਹਰ ਕਰ ਦਿੱਤਾ। ਉਸ ਤੋਂ ਬਾਅਦ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ, ਉਹ ਸਭ ਦੇ ਸਾਹਮਣੇ ਹੈ।
ਸੁਰਿੰਦਰ ਸਿੰਘ ਸੋਢੀ ਨੇ ਪੰਜਾਬ ਤੇ ਪੰਜਾਬ ਪੁਲਿਸ ਦੀ ਵੀ ਸਭ ਤੋਂ ਵੱਧ ਸੇਵਾ ਕੀਤੀ। ਉਸ ਦੇ ਹੁੰਦਿਆਂ ਪੰਜਾਬ ਨੇ ਲਗਾਤਾਰ ਤਿੰਨ ਸਾਲ (1981, 1982 ਤੇ 1983) ਕੌਮੀ ਚੈਂਪੀਅਨ ਬਣ ਕੇ ਹੈਟ੍ਰਿਕ ਬਣਾਈ। ਇਸ ਤੋਂ ਬਾਅਦ ਹੈਟ੍ਰਿਕ ਤਾਂ ਦੂਰ ਦੀ ਗੱਲ ਪੰਜਾਬ ਦੀ ਟੀਮ ਇੱਕ ਵਾਰ ਜਿੱਤਣ ਨੂੰ ਤਰਸਦੀ ਰਹੀ। ਪੰਜਾਬ ਪੁਲਿਸ ਵੱਲੋਂ ਡੇਢ ਦਹਾਕਾ ਖੇਡਣ ਵਾਲੇ ਸੋਢੀ ਕੁੱਲ ਹਿੰਦ ਪੁਲਿਸ ਖੇਡਾਂ ਵਿੱਚ 11 ਸੋਨੇ ਦੇ ਤਮਗੇ ਜਿੱਤੇ। ਨਹਿਰੂ ਹਾਕੀ ਖੇਡਦਿਆਂ ਇੱਕ ਵਾਰ ਸੋਢੀ ਦੇ ਦੰਦ ਵੀ ਟੁੱਟੇ, ਇੱਕ ਵਾਰ ਬੁੱਲ ਉਤੇ ਵੀ ਹਾਕੀ ਲੱਗੀ ਪਰ ਇਸ ਸਿਰੜੀ ਖਿਡਾਰੀ ਨੇ ਫੇਰ ਵੀ ਪ੍ਰਵਾਹ ਨਹੀਂ ਕੀਤੀ। ਨਹਿਰੂ ਹਾਕੀ ਵਿੱਚ ਇਕੇਰਾਂ ਸੀ.ਆਰ.ਪੀ.ਐਫ. ਖਿਲਾਫ ਸੈਮੀ ਫਾਈਨਲ ਵਿੱਚ ਲਗਾਈ ਹੈਟ੍ਰਿਕ ਨੂੰ ਉਹ ਸਭ ਤੋਂ ਯਾਦਗਾਰੀ ਮੈਚ ਮੰਨਦੇ ਹਨ। ਅਜੋਕੇ ਸਮੇਂ ਚੱਲਦੀਆਂ ਲੀਗਾਂ ਵਾਂਗ ਉਸ ਵੇਲੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਅੰਤਰ ਜ਼ੋਨਲ ਟੂਰਨਾਮੈਂਟ ਸ਼ੁਰੂ ਕੀਤਾ। ਸੋਢੀ ਉਥੇ ਵੀ ਟਾਪ ਸਕੋਰਰ ਬਣਿਆ।
ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਂਦਿਆਂ ਸੁਰਿੰਦਰ ਸਿੰਘ ਸੋਢੀ ਨਵਾਂਸ਼ਹਿਰ ਤੇ ਫਰੀਦਕੋਟ ਜ਼ਿਲ੍ਹੇ ਦੇ ਐਸ.ਐਸ.ਪੀ. ਵੀ ਰਹੇ। ਸੇਵਾ ਮੁਕਤੀ ਵੇਲੇ ਉਹ ਆਈ.ਜੀ. ਰੇਲਵੇ ਅਹੁਦੇ ’ਤੇ ਪੋਸਟਡ ਸਨ। ਇਸ ਦੌਰਾਨ ਉਹ ਪੰਜਾਬ ਹਾਕੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਰਹੇ। ਹਾਕੀ ਦੀ ਪਹਿਲੀ ਪ੍ਰੋਫੈਸ਼ਨਲ ਲੀਗ ਪੀ.ਐਚ.ਐਲ. ਦੀ ਅਹਿਮ ਟੀਮ ਸ਼ੇਰ-ਏ-ਜਲੰਧਰ ਦੇ ਉਹ ਕੋਚ ਰਹੇ। ਗੌਲਫ ਖੇਡਣ ਲੱਗੇ ਤਾਂ ਉਥੇ ਵੀ ਚੈਂਪੀਅਨ ਬਣੇ। ਖੇਡਾਂ ਨੂੰ ਸਮਰਪਿਤ ਸੋਢੀ ਹੁਰੀਂ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹੇ। ਭਾਰਤ ਸਰਕਾਰ ਨੇ 1998 ਵਿੱਚ ਸੋਢੀ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਉਹ ਭਾਰਤੀ ਹਾਕੀ ਟੀਮ ਦੇ ਚੋਣਕਾਰ ਵੀ ਰਹੇ।
ਸੁਰਿੰਦਰ ਸਿੰਘ ਸੋਢੀ ਦੀ ਪਤਨੀ ਡਾ. ਰਾਜਵਰਿੰਦਰ ਕੌਰ ਲਾਇਲਪੁਰ ਖਾਲਸਾ ਕਾਲਜ ਗਰਲਜ਼ ਜਲੰਧਰ ਤੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਦਾ ਪੇਕਾ ਪਿੰਡ ਕਾਦੀਆ ਹੈ। ਸੁਰਿੰਦਰ ਸਿੰਘ ਸੋਢੀ ਦੇ ਦੋ ਪੁੱਤਰ ਹਨ- ਅਜੈ ਪਾਲ ਸਿੰਘ ਅਤੇ ਅਮਰਿੰਦਰ ਸਿੰਘ। ਅਜੈ ਪਾਲ ਬਾਸਕਟਬਾਲ ਅਤੇ ਅਮਰਿੰਦਰ ਸਿੰਘ ਕ੍ਰਿਕਟ ਤੇ ਹਾਕੀ ਵਿੱਚ ਸਟੇਟ ਤੱਕ ਖੇਡਿਆ। ਸੁਰਿੰਦਰ ਸਿੰਘ ਸੋਢੀ ਨੇ ਜਲੰਧਰ ਸਥਿਤ ਆਪਣੇ ਘਰ ਦਾ ਨਾਮ ਵੀ ਓਲੰਪੀਆ ਨੈਸਟ ਰੱਖਿਆ ਜਿਸ ਵਿੱਚ ਮਾਸਕੋ ਓਲੰਪਿਕਸ ਦੇ ਲੋਗੇ ਦੇ ਡਿਜ਼ਾਇਨ ਲਗਾਏ ਹਨ।