ਅਮਰੀਕਾ ਅਤੇ ਯੂਰਪ ਨੇ ਆਰਥਕ ਪਾਬੰਦੀਆਂ ਹੋਰ ਸਖ਼ਤ ਕੀਤੀਆਂ
ਪੰਜਾਬੀ ਪਰਵਾਜ਼ ਬਿਊਰੋ
ਸੰਸਾਰ ਪ੍ਰਸਿੱਧ ਪੁਤਿਨ ਵਿਰੋਧੀ ਆਗੂ ਅਲੈਕਸੀ ਨਵੇਲਨੀ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਉਸ ਦੀ ਮੌਤ ਪੋਲਰ ਵੌਲਫ ਆਰਕਟਿਕ ਕਲੋਨੀ ਵਿੱਚ ਹੋਈ, ਜਿੱਥੇ ਉਹ ਲੰਮੀ ਜੇਲ੍ਹ ਭੋਗ ਰਿਹਾ ਸੀ। ਲੰਮੇ ਉਚੇ ਕੱਦ ਦਾ ਨੀਲੀਆਂ ਅੱਖਾਂ ਵਾਲਾ ਸੋਹਣਾ ਸੁਨੱਖਾ ਨਵੇਲਨੀ ਆਪਣੀਆਂ ਰਾਜਨੀਤਿਕ ਅਤੇ ਸਮਾਜਕ ਸਰਗਰਮੀ ਕਾਰਨ ਦੁਨੀਆਂ ਪੱਧਰ ਉਤੇ ਜਾਣਿਆ ਜਾਂਦਾ ਸੀ। ਉਸ ਦਾ ਝੁਕਾਅ ਭਾਵੇਂ ਸੱਜੇ ਪੱਖੀ ਸੀ, ਪਰ ਉਹ ਪੱਛਮ ਪੱਖੀ ਜਮਹੂਰੀ ਅਤੇ ਵਿੱਤੀ ਸੁਧਾਰਾਂ ਦੇ ਹਿੱਤ ਵਿੱਚ ਆਪਣੀ ਆਵਾਜ਼ ਉਠਾ ਰਿਹਾ ਸੀ। ਉਹ ਪੂਤਿਨ ਦੀ ‘ਯੁਨਾਈਟਿਡ ਰਸ਼ੀਆ’ ਪਾਰਟੀ ਨੂੰ ‘ਚੋਰਾਂ ਤੇ ਬਦਮਾਸ਼ਾਂ ਦਾ ਟੋਲਾ’ ਆਖਦਾ ਸੀ। ਅਲੈਕਸੀ ਨੇ ਰੂਸੀ ਸੱਤਾ ਦੇ ਉਪਰਲੇ ਗਲਿਆਰਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਲਈ ਵੱਡਾ ਜੋLਖਮ ਉਠਾਇਆ ਅਤੇ ਆਖਿਰ ਇਸ ਦਾ ਮੁੱਲ ਆਪਣੀ ਜਾਨ ਦੇ ਕੇ ਤਾਰਿਆ।
ਰੂਸੀ ਸੱਤਾ ਵਿੱਚ ਕਿਸ ਕਿਸਮ ਦੀ ਬੇਹਇਆਈ ਅਤੇ ਘੋਰ ਬੇਰਹਿਮੀ ਪਸਰੀ ਹੋਈ ਹੈ, ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਨਵੇਲਨੀ ਨੂੰ ਕੁਝ ਸਮਾਂ ਪਹਿਲਾਂ ਜੇਲ੍ਹ ਵਿੱਚ ਸੋਵੀਅਤ ਯੁੱਗ ਦਾ ਮਸ਼ਹੂਰ ਜ਼ਹਿਰ (ਨੋਵੀਚੋਕ) ਦੇ ਕੇ ਮਾਰਨ ਦਾ ਯਤਨ ਕੀਤਾ ਗਿਆ। ਉਸ ਦਾ ਪਰਿਵਾਰ ਅਤੇ ਯਾਰ ਬੇਲੀ ਉਸ ਨੂੰ ਜਰਮਨੀ ਦੇ ਇੱਕ ਹਸਪਤਾਲ ਵਿੱਚ ਲੈ ਗਏ ਸਨ, ਜਿੱਥੇ ਉਸ ਦੀ ਜਾਨ ਤਾਂ ਬਚ ਗਈ, ਪਰ ਨੋਵੀਚੋਕ ਦਾ ਹਮਲਾ ਉਸ ਦੇ ਨਾੜੀ ਪ੍ਰਬੰਧ (ਨਰਵਸ ਸਿਸਟਮ) ‘ਤੇ ਗਹਿਰੇ ਦੁਰ-ਪ੍ਰਭਾਵ ਛੱਡ ਗਿਆ। ਗੋਰੇ ਦਗਦੇ ਚਿਹਰੇ ਨਾਲ ਇਹ ਰੂਸੀ ਆਗੂ ਇਸ ਜਾਨਲੇਵਾ ਹਮਲੇ ਤੋਂ ਬਾਅਦ ਵੀ ਰੂਸ ਪਰਤ ਆਇਆ ਸੀ, ਪਰ ਉਸ ਨੂੰ ਦੇਸ਼ ਪਰਤਦਿਆਂ ਹੀ ਅੱਤਵਾਦ (ਐਕਸਟਰੀਮਇਜ਼Lਮ) ਦੇ ਕੇਸ ਪਾ ਕੇ ਜੇਲ੍ਹ ਵਿੱਚ ਧੱਕ ਦਿੱਤਾ ਗਿਆ। ਫਿਰ ਜੇਲ੍ਹ ਵਿੱਚੋਂ ਹੀ ਉਸ ਨੇ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ। ਨਲੇਵਨੀ ਨੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਫੌਜੀ ਹਮਲੇ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਸੀ।
ਉਸ ਦੇ ਨਜ਼ਦੀਕੀਆਂ ਅਨੁਸਾਰ ਪੋਸਟ ਮਾਰਟਮ ਮਗਰੋਂ ਨਲੇਵਨੀ ਦੀ ਲਾਸ਼L ਆਖਰ 24 ਫਰਵਰੀ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤੀ ਗਈ, ਪਰ ਉਸ ‘ਤੇ ਅਲੈਕਸੀ ਦੀਆਂ ਅੰਤਿਮ ਰਸਮਾਂ ਗੁਪਤ ਰੂਪ ਵਿੱਚ ਕੀਤੇ ਜਾਣ ਲਈ ਦਬਾਅ ਪਾਇਆ ਜਾਂਦਾ ਰਿਹਾ। ਨਵੇਲਨੀ ਦੀ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਇਵਾਨ ਜਧਾਨੋਵਾ ਨੇ ਉਸ ਹਰ ਸ਼ਖਸ ਦਾ ਧੰਨਵਾਦ ਕੀਤਾ ਹੈ, ਜਿਸ ਨੇ ਨਵੇਲਨੀ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਵਾਪਸ ਕਰਨ ਲਈ ਜ਼ੋਰ ਪਾਇਆ। ਅਲੈਕਸੀ ਨਵੇਲਨੀ ਦੀ ਅਚਾਨਕ ਮੌਤ ਤੋਂ ਬਾਅਦ ਲੋਕਾਂ ਨੇ ਜਨਤਕ ਥਾਵਾਂ ‘ਤੇ ਉਸ ਲਈ ਫੁੱਲ ਰੱਖ ਕੇ ਨੋਟ ਲਿਖੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵੇਲਨੀ ਦੀ ਵਿਧਵਾ ਪਤਨੀ ਜੁਲੀਆ ਨਲੇਵਨੀ ਨੇ ਦੋਸ਼ ਲਾਏ ਸਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਉਸ ਦੇ ਪਤੀ ਦੀ ਹੱਤਿਆ ਲਈ ਜ਼ਿੰਮੇਵਾਰ ਹੈ। ਉਸ ਦੇ ਕਥਿਤ ਕਤਲ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਕਈ ਯੂਰਪੀਨ ਆਗੂਆਂ ਨੇ ਨਿੰਦਾ ਕੀਤੀ ਹੈ ਅਤੇ ਇਸ ਲਈ ਪੂਤਿਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਅਤੇ ਯੂਰਪ ਵੱਲੋਂ ਰੂਸ ‘ਤੇ ਆਰਥਕ ਪਾਬੰਦੀਆਂ ਵੀ ਹੋਰ ਸਖਤ ਕਰ ਦਿੱਤੀਆਂ ਗਈਆਂ ਹਨ।
ਯਾਦ ਰਹੇ, ਨਲੇਵਨੀ ਦੀ 16 ਫਰਵਰੀ ਨੂੰ ਆਰਕਟਿਕ ਪੈਨਲ ਕਾਲੋਨੀ ਵਿੱਚ ਅਣਕਿਆਸੇ ਢੰਗ ਨਾਲ ਮੌਤ ਹੋ ਗਈ ਸੀ। ਸੈਰ ਕਰਨ ਦੇ ਬਾਅਦ ਉਸ ਨੂੰ ਕੁਝ ਬੇਚੈਨੀ ਮਹਿਸੁਸ ਹੋਈ ਅਤੇ ਫਿਰ ਬੇਹੋਸ਼ ਹੋ ਗਿਆ। ਸਿਹਤ ਅਮਲੇ ਨੇ ਉਸ ਦੀ ਜਾਨ ਬਚਾਉਣ ਲਈ ਅੰਤਿਮ ਵਾਹ ਲਾਈ, ਪਰ ਬੇਹੋਸ਼ ਹੋਣ ਤੋਂ ਅੱਧੇ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਇੱਕ ਵੀਡੀਓ ਸੁਨੇਹੇ ਵਿੱਚ ਨਵੇਲਨੀ ਦੀ ਪਤਨੀ ਜੂਲੀਆ ਨਵੇਲਨੀ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜਿਸ ਨੇ ਵਿਛੜੇ ਆਗੂ ਲਈ ਹਮਦਰਦੀ ਦੇ ਕੁਝ ਸ਼ਬਦ ਕਹੇ ਜਾਂ ਸ਼Lਰਧਾਂਜਲੀ ਦਿੱਤੀ। ਉਹਨੇ ਅਲੈਕਸੀ ਦੀ ਮੌਤ ਲਈ ਪੂਤਿਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, “ਤੁਸੀਂ ਉਸ ‘ਤੇ ਜਿਉਂਦੇ ਜੀ ਤਸ਼ੱਦਦ ਕੀਤਾ ਅਤੇ ਹੁਣ ਉਸ ਦੀ ਲਾਸ਼ ਦੀ ਬੇਹੁਰਮਤੀ ਕਰ ਰਹੇ ਹੋ।” ਜੂਲੀਆ ਨੇ ਹੋਰ ਕਿਹਾ, “ਕੋਈ ਵੀ ਅਸਲ ਇਸਾਈ ਇਸ ਤਰ੍ਹਾਂ ਨਹੀਂ ਕਰ ਸਕਦਾ। ਤੁਸੀਂ ਉਸ ਦੀ ਲਾਸ਼ ਦਾ ਕੀ ਕਰੋਗੇ, ਜਿਸ ਨੂੰ ਤੁਸੀਂ ਕਤਲ ਕਰ ਦਿੱਤਾ? ਤੁਸੀਂ ਉਸ ਦੀ ਲਾਸ਼ ਦਾ ਮਜ਼ਾਕ ਉਡਾਉਣ ਤੱਕ ਗਿਰ ਗਏ ਹੋ।”
ਨਲੇਵਨੀ ਦੀ ਮੌਤ ਦੇ ਨੌਵੇਂ ਦਿਨ ਬੀਤੇ ਸ਼ਨੀਵਾਰ ਉਸ ਦੇ ਚਾਹੁਣ ਵਾਲੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਰੂਸੀ ਚਰਚਾਂ ਵਿੱਚ ਇਕੱਠੇ ਹੋਏ। ਰੂਸੀ ਪੁਲਿਸ ਦੇ ਮੁਲਾਜ਼ਮ ਕਈ ਥਾਂਈਂ ਲੋਕਾਂ ਨੂੰ ਸ਼ਰਧਾਂਜਲੀ ਸਮਾਗਮਾਂ ਵਿੱਚ ਜਾਣ ਤੋਂ ਰੋਕਦੇ ਰਹੇ। ਸ਼ਨੀਵਾਰ ਵਾਲੇ ਦਿਨ ਘੱਟੋ ਘੱਟ 38 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪ੍ਰਦਸ਼ਨਕਾਰੀਆਂ ਵਿੱਚ ਰੂਸ ਦੀ ਮਸ਼ਹੂਰ ਕਲਾਕਾਰ 78 ਸਾਲਾ ਓਲੀਨਾ ਉਸੀਪੋਵਾ ਵੀ ਸ਼ਾਮਲ ਸੀ, ਜਿਹੜੀ ਇੱਕ ਪੋਸਟਰ ਲੈ ਕੇ ਸੜਕ ‘ਤੇ ਖੜੀ ਸੀ, ਜਿਸ ਵਿੱਚ ਨਵੇਲਨੀ ਨੂੰ ਪਰਾਂ ਵਾਲੇ ਫਰਿਸ਼ਤੇ ਦਾ ਰੂਪ ਦਿੱਤਾ ਗਿਆ ਸੀ। 64 ਸਾਲਾ ਸਰਗੇਈ ਕਰਬਾਤੋਵ ਰਾਜਨੀਤਿਕ ਤਸ਼ੱਦਦ ਦੇ ਸ਼ਿਕਾਰ ਹੋਏ ਲੋਕਾਂ ਲਈ ਬਣਾਈ ਗਈ ਯਾਦਗਾਰ ‘ਤੇ ਪੁੱਜਾ ਅਤੇ ਉਸ ਦੀ ਯਾਦ ਵਿੱਚ ਫੁੱਲ ਅਰਪਣ ਕੀਤੇ ਤੇ ਲਿਖਿਆ, “…ਇਹ ਨਾ ਸੋਚਣਾ ਕਿ ਸਭ ਖਤਮ ਹੋ ਗਿਆ ਹੈ।”
ਇੱਥੇ ਜ਼ਿਕਰਯੋਗ ਹੈ ਕਿ ਨਵੇਲਨੀ ਦਾ ਜਨਮ 4 ਜੂਨ 1976 ਨੂੰ ਰੂਸ ਦੇ ਬੂਟਿਆਨ ਵਿੱਚ ਹੋਇਆ ਸੀ। ਪੇਸ਼ੇ ਵਜੋਂ ਉਹ ਵਕੀਲ ਸੀ। ਉਹ ਘਰੇਲੂ ਪੱਧਰ ਦੀ ਰਾਜਨੀਤੀ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸਭ ਤੋਂ ਵੱਡਾ ਵਿਰੋਧੀ ਸੀ। ਸਾਲ 2020 ਵਿੱਚ ਵੀ ਉਸ ਨੂੰ ਨੋਵੀਚੋਕ ਜ਼ਹਿਰ ਦਿੱਤਾ ਗਿਆ ਸੀ। ਨਵੇਲਨੀ ਦਾ ਪਿਤਾ ਸੋਵੀਅਤ ਫੌਜ ਵਿੱਚ ਅਫਸਰ ਸੀ। ਉਸ ਦਾ ਬਹੁਤ ਸਾਰਾ ਬਚਪਨ ਮਾਸਕੋ ਦੇ ਲਾਗੇ-ਚਾਗੇ ਫੌਜੀ ਗੋਲਬੰਦੀ ਵਾਲੇ ਸੁਰੱਖਿਅਤ ਸ਼ਹਿਰਾਂ ਵਿੱਚ ਗੁਜ਼ਰਿਆ, ਪਰ ਗਰਮੀਆਂ ਵਿੱਚ ਉਹ ਚਰਨੋਬਿਲ ਨਜ਼ਦੀਕ ਆਪਣੀ ਦਾਦੀ ਦੇ ਪਿੰਡ ਚਲਾ ਜਾਂਦਾ ਸੀ। ਅਪ੍ਰੈਲ 1986 ਵਿੱਚ ਚਰਨੋਬਿਲ ਪ੍ਰਮਾਣੂ ਲੀਕ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਉਥੋਂ ਕੱਢ ਲਿਆ ਗਿਆ ਸੀ, ਪਰ ਇਸ ਦੌਰਾਨ ਇਸ ਹਾਦਸੇ ‘ਤੇ ਕਿਸ ਤਰ੍ਹਾਂ ਪਰਦਾ ਪਾਇਆ ਗਿਆ, ਇਹ ਉਸ ਨੇ ਅੱਖੀਂ ਵੇਖ ਲਿਆ ਸੀ। ਪ੍ਰਮਾਣੂ ਰੇਡੀਏਸ਼ਨ ਦੀ ਲਾਗ ਦੇ ਅਸਰ ਨੂੰ ਘਟਾ ਕੇ ਵਿਖਾਉਣ ਲਈ ਸੋਵੀਅਤ ਸਰਕਾਰ ਵੱਲੋਂ ਸਥਾਨਕ ਕਿਸਾਨਾਂ ਨੂੰ ਪ੍ਰਮਾਣੂ ਕਿਰਨਾਂ ਨਾਲ ਪ੍ਰਦੂਸ਼ਿਤ ਹੋਈ ਜ਼ਮੀਨ ਵਿੱਚ ਆਲੂ ਬੀਜਣ ਲਈ ਮਜ਼ਬੂਰ ਕੀਤਾ ਗਿਆ ਸੀ।
ਨਵੇਲਨੀ ਆਪਣੀ ਮੁਢਲੀ ਸਿੱਖਿਆ ਤੋਂ ਬਾਅਦ ਮਾਸਕੋ ਦੀ ਪੀਪਲਜ਼ ਯੂਨੀਵਰਸਿਟੀ ਆਫ ਮਾਸਕੋ ਵਿੱਚ ਪੜ੍ਹਿਆ। ਇੱਥੋਂ ਉਸ ਨੇ 1998 ਵਿੱਚ ਕਾਨੂੰਨ ਦੀ ਪੜ੍ਹਾਈ ਵਿੱਚ ਗਰੈਜੂਏਸ਼ਨ ਕੀਤੀ। ਉਹ ਆਪਣੀ ਵਕੀਲ ਵਜੋਂ ਪ੍ਰੈਕਟਿਸ ਅਤੇ ਪੜ੍ਹਾਈ ਜਾਰੀ ਰੱਖਣ ਲਈ ਮਾਸਕੋ ਵਿੱਚ ਹੀ ਰਿਹਾ। ਸਾਲ 2000 ਵਿੱਚ ਉਸ ਨੇ ਰੂਸ ਦੀ ਇੱਕ ਸਰਕਾਰੀ ਯੂਨੀਵਰਸਿਟੀ ਵਿੱਚ ਵਿੱਤੀ ਮਾਮਲਿਆਂ ਵਿੱਚ ਡਿਗਰੀ ਪ੍ਰਾਪਤ ਕੀਤੀ। ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ ਉਹ ਯਾਬਲੋਕੋ ਨਾਂ ਦੀ ਇੱਕ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਇਸ ਵਿੱਚ ਰਹਿੰਦਿਆਂ ਉਸ ਨੇ ਲਿਬਰਲ ਡੈਮੋਕਰੇਸੀ ਅਤੇ ਖੁੱਲ੍ਹੀ ਮੰਡੀ ਵਾਲੀ ਆਰਥਿਕਤਾ ਦੀ ਪੈਰਈ ਕੀਤੀ। ਪੂਤਿਨ ਦੇ ਸੱਤਾ ਵਿੱਚ ਆਉਣ ਦੇ ਮੁਢਲੇ ਦਿਨਾਂ ਵਿੱਚ ਇਹ ਜਾਪਦਾ ਸੀ ਕਿ ਸਟੇਟ ਡੂੰਮਾ ਵਿੱਚ ਵਿਰੋਧੀ ਧਿਰਾਂ ਦੀ ਹਾਜ਼ਰੀ ਰਹੇਗੀ ਤੇ ਵਧੇਗੀ, ਪਰ ਪੂਤਿਨ ਪੱਖੀ ਪਾਰਟੀਆਂ ਦੇ ‘ਯੂਨਾਈਟਿਡ ਰਸ਼ੀਆ’ ਵਿੱਚ ਇਕੱਠੇ ਹੋ ਜਾਣ ਤੋਂ ਬਾਅਦ ਇਹ ਅਮਲ ਮੱਠਾ ਪੈ ਗਿਆ। ਨਵੇਲਨੀ ਆਪਣੀ ਪਾਰਟੀ ਯਾਬੋਲਕੋ ਵਿੱਚ ਸਥਾਨਕ ਅਹੁਦੇ ‘ਤੇ ਕਾਬਜ਼ ਹੋ ਗਿਆ, ਪਰ ਉਸ ਨੂੰ 2007 ਵਿੱਚ ਇਸ ਪਾਰਟੀ ਤੋਂ ਕੱਢ ਦਿੱਤਾ ਗਿਆ। ਪਾਰਟੀ ਲੀਡਰਸ਼ਿਪ ਨੇ ਦੋਸ਼ ਲਾਇਆ ਕਿ ਨਵੇਲਨੀ ਆਪਣੀਆਂ ਕੌਮਪ੍ਰਸਤ (ਨੈਸ਼ਨਲਿਸਟਿਕ) ਸਰਗਰਮੀਆਂ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਸੀ।
ਸਾਲ 2008 ਵਿੱਚ ਨਵੇਲਨੀ ਨੇ ਪਬਲਿਕ ਸੈਕਟਰ ਦੀ ਮਾਲਕੀ ਵਾਲੀਆਂ ਕੰਪਨੀਆਂ ਖਿਲਾਫ ‘ਸਟੇਕਹੋਲਡਰ ਐਕਟਿਵਿਜ਼ਮ’ ਮੁਹਿੰਮ ਦਾ ਆਰੰਭ ਕੀਤਾ। ਉਸ ਨੇ ਛੋਟੇ ਪੱਧਰ ਦੇ ਸ਼ੇਅਰ ਖਰੀਦੇ ਅਤੇ ਸ਼ੇਅਰ ਹੋਲਡਰਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਰਾਹ ਬਣਾ ਲਿਆ। ਇੱਕ ਵਾਰ ਉਸ ਨੇ ਕਾਰਪੋਰੇਟ ਅਫਸਰਾਂ ਨੂੰ ਵਿੱਤੀ ਘੁਟਾਲਿਆਂ ਦੇ ਮਾਮਲੇ ਵਿੱਚ ਘੇਰ ਲਿਆ, ਪਰ ਬਹੁਤੇ ਕਾਰਪੋਰੇਟ ਅਫਸਰ ਪੂਤਿਨ ਦੇ ਨਜ਼ਦੀਕੀ ਸਨ। ਉਸ ਦੇ ਇਸ ਤਰ੍ਹਾਂ ਦੇ ਯਤਨ ਉਸ ਨੂੰ ਪੂਤਿਨ ਨਾਲ ਰਾਜਨੀਤਿਕ ਟਕਰਾ ਵੱਲ ਲੈ ਗਏ। ਇਨ੍ਹਾਂ ਵਿੱਤੀ ਬੇਨਿਯਮੀਆਂ ‘ਤੇ ਹੀ ਉਸ ਨੇ ਆਪਣੇ ਰਾਜਨੀਤਿਕ ਵਿਰੋਧ ਦੀ ਮਹਿੰਮ ਦੀ ਉਸਾਰੀ ਕੀਤੀ। ਆਪਣੇ ਇਨ੍ਹਾਂ ਯਤਨਾਂ ਨੂੰ ਹੀ ਉਸ ਨੇ ਆਪਣੀਆਂ ਬਲੌਗ ਪੋਸਟਾਂ ਵਿੱਚ ਪ੍ਰਗਟ ਕਰਨਾ ਸ਼ੁਰੂ ਕੀਤਾ, ਜਿਹੜਾ ਬਾਅਦ ਵਿੱਚ ਰੂਸੀ ਪ੍ਰੈਸ ਦੇ ਖੇਤਰ ਵਿੱਚ ਮਸ਼ਹੂਰ ਹੋ ਗਿਆ। ਦਮਿਤਰੀ ਮੇਦਾਦੇਵ, ਪੂਤਿਨ ਨਾਲ ਸੱਤਾ ਸਾਂਝੀਵਾਲ ਦੇ ਸਮਝੌਤੇ ਤਹਿਤ 2008 ਤੋਂ 2012 ਤੱਕ ਸੱਤਾ ਵਿੱਚ ਰਿਹਾ, ਉਸ ਨੇ ਰੂਸ ਵਿੱਚ ਵੱਡੀ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਦੇ ਤੱਥਾਂ ਨੂੰ ਸਵੀਕਾਰ ਕੀਤਾ। ਮੇਦਾਦੇਵ ਅਨੁਸਾਰ ਸਟੇਟ ਖਰੀਦੋ-ਫਰੋਖਤ ਵਿੱਚੋਂ ਉਦੋਂ 31 ਬਿਲੀਅਨ ਦਾ ਘੁਟਾਲਾ ਕੀਤਾ ਜਾ ਰਿਹਾ ਸੀ। ਦਸੰਬਰ 2010 ਵਿੱਚ ਨਵੇਲਨੀ ਨੇ ਇਨ੍ਹਾਂ ਘੁਟਾਲਿਆਂ ਖਿਲਾਫ ਬਿਸਲ ਬਲੋਅਰ ਦਾ ਕੰਮ ਸ਼ੁਰੂ ਕੀਤਾ। ਜਦੋਂ ਉਸ ਨੇ ਪੂਤਿਨ ਦੀ ਪਾਰਟੀ ਯੂਨਾਈਟਿਡ ਰਸ਼ੀਆ ਨੂੰ ਚੋਰਾਂ ਅਤੇ ਬਦਮਾਸ਼ਾਂ ਦਾ ਟੋਲਾ ਕਹਿਣਾ ਸ਼ੁਰੂ ਕੀਤਾ ਤਾਂ ਉਹਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਇਹ ਮਨ ਭਾਉਂਦਾ ਨਾਹਰਾ ਬਣ ਗਿਆ।
2011 ਵਿੱਚ ਉਸ ਨੇ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਖਿਲਾਫ ਰੂਸ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਜਥੇਬੰਦ ਕੀਤੇ। 2012 ਵਿੱਚ ਜਦੋਂ ਪੂਤਿਨ ਸੱਤਾ ਵਿੱਚ ਆਇਆ ਤਾਂ ਉਸ ਨੇ ਸੱਤਾ ਵਿਰੋਧੀਆਂ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕੀਤਾ। ਨਵੇਲਨੀ ਵੀ ਉਨ੍ਹਾਂ ਵਿਰੋਧੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਦੇ ਘਰਾਂ ‘ਤੇ ਇਨਫੋਰਸਮੈਂਟ ਅਫਸਰਾਂ ਵੱਲੋਂ ਛਾਪੇਮਾਰੀ ਕੀਤੀ ਗਈ। ਜਿਹੜੇ ਵਿਅਕਤੀ ਵੱਲੋਂ ਬਿਨਾ ਇਜਾਜ਼ਤ ਰੈਲੀਆਂ ਕੀਤੀਆਂ ਜਾ ਰਹੀਆਂ ਸਨ, ਪੂਤਿਨ ਨੇ ਉਨ੍ਹਾਂ ਖਿਲਾਫ ਤਿਖੀਆਂ ਸਜ਼ਾਵਾਂ ਦਾ ਪ੍ਰਬੰਧ ਕੀਤਾ। ਜੁਲਾਈ 2013 ਵਿੱਚ ਉਸ ਨੇ ਮਾਸਕੋ ਦੇ ਮੇਅਰ ਦੀ ਚੋਣ ਵੀ ਲੜੀ, ਪਰ ਉਸ ਨੂੰ ਵਿੱਤੀ ਹੇਰਾ-ਫੇਰੀ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਪੰਜ ਸਾਲਾਂ ਲਈ ਜੇਲ੍ਹ ਦੀ ਸਜ਼ਾ ਸੁਣਾ ਦਿਤੀ ਗਈ। ਇਸ ਸਜ਼ਾ ਨੂੰ ਵੱਡੀ ਪੱਧਰ ‘ਤੇ ਲੋਕਾਂ ਵੱਲੋਂ ਰਾਜਨੀਤਿਕ ਬਦਲਾਖੋਰੀ ਸਮਝਿਆ ਗਿਆ। ਹਜ਼ਾਰਾਂ ਪ੍ਰਦਰਸ਼ਨਕਾਰੀ ਮਾਸਕੋ ਦੀਆਂ ਸੜਕਾਂ ‘ਤੇ ਆ ਗਏ। ਕੁਝ ਦਿਨਾਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੀ ਮਹਿੰਮ ਫਿਰ ਸ਼ੁਰੂ ਕੀਤੀ। ਪੂਤਿਨ ਦਾ ਉਮੀਦਵਾਰ ਪੰਜਾਹ ਫੀਸਦੀ ਵੋਟਾਂ ਲੈ ਕੇ ਜਿੱਤ ਗਿਆ, ਪਰ ਨਵੇਲਨੀ ਨੂੰ ਵੀ ਕਿਆਸ ਨਾਲੋਂ ਵੱਧ ਵੋਟਾਂ ਪਈਆਂ। ਇਸ ਤੋਂ ਬਾਅਦ ਉਸ ਨੇ ਪਿੱਛਾ ਮੁੜ ਕੇ ਨਹੀਂ ਵੇਖਿਆ। ਉਹ ਪੂਤਿਨ ਦਾ ਸਭ ਤੋਂ ਕੱਟੜ ਵਿਰੋਧੀ ਬਣ ਗਿਆ। 2020 ਵਿੱਚ ਜਦੋਂ ਉਹ ਸਥਾਨਿਕ ਚੋਣਾਂ ਤੋਂ ਪਹਿਲਾਂ ਸਾਇਬੇਰੀਆ ਵਿੱਚ ਮੁਹਿੰਮ ‘ਤੇ ਸੀ ਤਾਂ 20 ਅਗਸਤ ਵਾਲੇ ਦਿਨ ਉਹ ਗੰਭੀਰ ਰੂਪ ਵਿੱਚ ਬਿਮਾਰ ਪੈ ਗਿਆ। ਇਸ ਮੌਕੇ ਉਹ ਟੋਮਸਕ ਤੋਂ ਮਾਸਕੋ ਲਈ ਹਵਾਈ ਜਹਾਜ਼ ‘ਤੇ ਸਫਰ ਕਰ ਰਿਹਾ ਸੀ। ਪੂਤਿਨ ਦੇ ਡਰ ਕਾਰਨ ਉਸ ਦਾ ਪਰਿਵਾਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਜਰਮਨ ਲੈ ਗਿਆ। ਬਰਲਿਨ ਦੇ ਇੱਕ ਹਸਪਤਾਲ ਵਿੱਚ ਪੁਸ਼ਟੀ ਹੋਈ ਕਿ ਨਵੇਲਨੀ ਨੂੰ ਨੋਵੀਚੋਕ ਜ਼ਹਿਰ ਦਿੱਤਾ ਗਿਆ ਹੈ, ਪਰ ਕ੍ਰੈਮਲਿਨ ਨੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਬੇਹੋਸ਼ੀ ਵਿੱਚ ਰਹਿਣ ਦੇ ਕਾਫੀ ਸਮੇਂ ਬਾਅਦ ਉਸ ਨੂੰ ਹੋਸ਼ ਆਈ। ਉਸ ਨੂੰ ਜਰਮਨ ਵੱਲੋਂ ਰਾਜਨੀਤਿਕ ਸ਼ਰਨ ਦੀ ਪੇਸ਼ਕਸ਼ ਕੀਤੀ ਗਈ, ਪਰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦੀ ਜ਼ਿੱਦ ਉਸ ਨੂੰ ਮੁੜ ਰੂਸ ਲੈ ਆਈ ਅਤੇ ਪੂਤਿਨ ਨੇ ਆਉਂਦਿਆਂ ਹੀ ਉਸ ਨੂੰ ਫਿਰ ਹਿਰਾਸਤ ਵਿੱਚ ਲੈ ਲਿਆ ਅਤੇ 70 ਸਾਲ ਦੀ ਉਮਰ ਤੱਕ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾ ਦਿੱਤੀ।
ਜ਼ਹਿਰ ਦੇ ਆਪਣੇ ਸਰੀਰ ‘ਤੇ ਹੋਏ ਅਸਰਾਂ ਬਾਰੇ ਰੂਸੀ ਅਦਾਲਤ ਕੋਲ ਉਸ ਨੇ ਬਥੇਰੀਆਂ ਸ਼ਿਕਾਇਤਾਂ ਕੀਤੀਆਂ, ਪਰ ਉਸ ਦੀ ਇੱਕ ਨਾ ਸੁਣੀ ਗਈ। ਕਹਿੰਦੇ ਹਨ, ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਅਦਾਲਤ ਵਿੱਚ ਹੋਈ ਵਿਰਚੂਅਲ ਪੇਸ਼ੀ ਵਿੱਚ ਉਹ ਚੰਗਾ ਭਲਾ ਦਿਖਾਈ ਦਿੰਦਾ ਸੀ। ਉਹਨੇ ਆਪਣੀਆਂ ਸਿਹਤ ਸੰਬੰਧੀ ਸ਼ਿਕਾਇਤਾਂ ਵੀ ਰੱਖੀਆਂ ਅਤੇ ਜੱਜ ਨਾਲ ਮਜ਼ਾਕੀਆ ਲਹਿਜੇ ਵਿੱਚ ਗੱਲਾਂ ਵੀ ਕਰਦਾ ਰਿਹਾ। ਉਸ ਦੀ ਮੌਤ ‘ਤੇ ਰੂਸ ਦੇ ਇੱਕ ਨੋਬਲ ਇਨਾਮ ਜੇਤੂ ਸ਼ਖਸ ਨੇ ਬੇਹੱਦ ਢੁਕਵੀਂ ਟਿੱਪਣੀ ਕੀਤੀ, “ਨਵੇਲਨੀ ਸਾਨੂੰ ਸ਼ਾਨ ਨਾਲ ਫੇਲ੍ਹ ਹੋਣਾ ਸਿਖਾ ਗਿਆ ਹੈ।”