ਗੁਰਮੀਤ ਕੌਰ*
ਕੌਮਾਂਤਰੀ ਮਾਂ-ਬੋਲੀ ਦਿਹਾੜਾ ਦੁਨੀਆ ਭਰ ਵਿੱਚ ਹਰ ਸਾਲ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਨੇ ਪਹਿਲੀ ਵਾਰ ਇਸ ਦਿਨ ਦਾ ਐਲਾਨ 7 ਨਵੰਬਰ 1999 ਨੂੰ ਕੀਤਾ ਸੀ, ਤੇ ਯੂ.ਐੱਨ.ਓ. (ਸੰਯੁਕਤ ਰਾਸ਼ਟਰ ਜੱਥੇਬੰਦੀ) ਨੇ 16 ਮਈ 2007 ਨੂੰ ਮਤਾ ਪਾਸ ਕੀਤਾ ਕਿ ਅਗਲੇ ਸੰਨ 2008 ਤੋਂ ਹਰ ਸਾਲ 21 ਫਰਵਰੀ ਨੂੰ ਦੁਨੀਆ ਦੀਆਂ ਬੋਲੀਆਂ ਦੇ ਕੌਮਾਂਤਰੀ ਮਾਂ-ਬੋਲੀ ਦਿਹਾੜੇ ਵਜੋਂ ਮਨਾਇਆ ਜਾਵੇਗਾ।
ਯੂ.ਐੱਨ.ਓ. ਨੇ ਹੀ ਦੱਸਿਆ ਹੈ ਕਿ ਸੰਸਾਰ ਦੀਆਂ 7 ਹਜ਼ਾਰ ਭਾਸ਼ਾਵਾਂ `ਚੋਂ ਅੱਧੀਆਂ ਕੁਝ ਪੀੜ੍ਹੀਆਂ ਤੋਂ ਬਾਅਦ ਖ਼ਤਮ ਹੋ ਜਾਣਗੀਆਂ। ਕੀ ਪੰਜਾਬੀ ਬੋਲੀ ਵੀ ਖ਼ਤਮ ਹੋ ਜਾਵੇਗੀ? ਇਹ ਗੱਲ ਕਰਨ ਤੋਂ ਪਹਿਲਾਂ ਆਓ, ਆਪਾਂ ਇਸ ਦਿਹਾੜੇ ਦੇ ਸ਼ਹੀਦਾਂ ਨੂੰ ਯਾਦ ਕਰ ਲਈਏ।
21 ਫ਼ਰਵਰੀ 1952 ਦੀ ਘਟਨਾ ਮਾਂ-ਬੋਲੀ ਨਾਲ਼ ਪਿਆਰ ਦੀ ਇਤਿਹਾਸਕ ਦਸਤਾਵੇਜ਼ ਹੈ। ਬਰਤਾਨੀਆ ਤੋਂ ਆਜ਼ਾਦੀ ਅਤੇ 1947 ਦੀ ਬੰਗਾਲ ਵੰਡ ਦੇ ਬਾਅਦ ਬੰਗਾਲ ਦਾ ਮੁਸਲਿਮ ਬਹੁ-ਵੱਸੋਂ ਵਾਲ਼ਾ ਹਿੱਸਾ ਪਾਕਿਸਤਾਨ ਵਿੱਚ ਰਲ਼ਾ ਦਿੱਤਾ ਗਿਆ ਸੀ ਤੇ ਇਹ ਪੂਰਬੀ ਪਾਕਿਸਤਾਨ ਅਖਵਾਉਣ ਲੱਗਾ; ਜਿਵੇਂ ਕਿ ਪੱਛਮੀ ਪੰਜਾਬ, ਸਿੰਧ, ਬਲੋਚਿਸਤਾਨ ਤੇ ਸਰਹੱਦੀ ਸੂਬੇ ਵਾਲ਼ੇ ਇਲਾਕੇ ਪੱਛਮੀ ਪਾਕਿਸਤਾਨ ਵਜੋਂ ਜਾਣੇ ਜਾਣ ਲੱਗੇ। ਪਾਕਿਸਤਾਨ ਦੀ ਕੌਮੀ ਬੋਲੀ ਉਰਦੂ ਬਣ ਗਈ, ਜੋ ਕਿ ਪੂਰਬੀ ਪਾਕਿਸਤਾਨ ਵਿੱਚ ਵੱਸਦੇ ਬੰਗਾਲੀ ਮੁਸਲਮਾਨਾਂ ਦੀ ਬੋਲੀ ਨਹੀਂ ਸੀ।
ਉਰਦੂ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਇਰਾਨੀ ਸ਼ਾਖ਼ਾ ਦੀ ਬੋਲੀ ਹੈ, ਜਿਹਨੂੰ ਮੱਧ 19ਵੀਂ ਸਦੀ ਤੋਂ ਸਰ ਖ਼ਵਾਜਾ ਸਲੀਮੁੱਲਾ, ਸਰ ਸੱਯਦ ਅਹਿਮਦ ਖ਼ਾਨ, ਨਵਾਬ ਵਕਾਰ-ਉਲ-ਮੁਲਕ ਤੇ ਮੌਲਵੀ ਅਬਦੁਲ ਹਕ ਵਰਗੇ ਸਿਆਸੀ ਤੇ ਧਾਰਮਿਕ ਆਗੂਆਂ ਨੇ ਭਾਰਤੀ ਮੁਸਲਮਾਨਾਂ ਦੀ ਲੋਕਭਾਸ਼ਾ ਵਜੋਂ ਉਭਾਰਿਆ। ਇਹਦਾ ਵਿਕਾਸ ਅਪਭ੍ਰੰਸ਼ਾਂ (ਮੱਧਕਾਲੀ ਹਿੰਦ-ਆਰੀਆ ਭਾਸ਼ਾ) ਤੇ ਪਾਲੀ-ਪ੍ਰਾਕ੍ਰਿਤ ਦੇ ਆਖ਼ਿਰੀ ਪੜਾਅ ਉੱਤੇ ਫ਼ਾਰਸੀ, ਅਰਬੀ ਤੇ ਤੁਰਕੀ ਭਾਸ਼ਾਵਾਂ ਦੇ ਅਸਰ ਹੇਠ ਦਿੱਲੀ ਸਲਤਨਤ ਤੇ ਮੁਗ਼ਲ ਸਾਮਰਾਜ ਦੌਰਾਨ ਹੋਇਆ। ਫ਼ਾਰਸੀ-ਅਰਬੀ ਲਿਪੀ ਦੀ ਵਰਤੋਂ ਕਰਕੇ ਇਹਨੂੰ ਭਾਰਤੀ ਮੁਸਲਮਾਨਾਂ ਲਈ ਇਸਲਾਮੀ ਸੱਭਿਆਚਾਰ ਦਾ ਜ਼ਰੂਰੀ ਅੰਗ ਮੰਨਿਆ ਜਾਣ ਲੱਗਿਆ ਸੀ, ਜਿਵੇਂ ਕਿ ਹਿੰਦੀ ਬੋਲੀ ਤੇ ਦੇਵਨਾਗਰੀ ਲਿਪੀ ਨੂੰ ਹਿੰਦੂ ਸੱਭਿਆਚਾਰ ਦੀਆਂ ਬੁਨਿਆਦਾਂ ਸਮਝਿਆ ਜਾਂਦਾ ਸੀ।
ਬੰਗਾਲੀ ਮੁਸਲਮਾਨਾਂ ਨੂੰ ਆਪਣੀ ਮਾਂ ਬੋਲੀ ਬੰਗਲਾ ਨਾਲ਼ ਗੂੜ੍ਹਾ ਪਿਆਰ ਸੀ, ਜਿਵੇਂ ਕਿ ਬੰਗਾਲੀ ਹਿੰਦੂਆਂ ਨੂੰ ਵੀ ਸੀ। ਇਹ ਉਨ੍ਹਾਂ ਦੀ ਆਪਣੀ ਬੋਲੀ ਤੇ ਲਿਪੀ ਸੀ। ਉਨ੍ਹਾਂ ਉਰਦੂ ਦੀ ਸਰਦਾਰੀ ਨਹੀਂ ਮੰਨੀ; ਤੇ ਜਨਮ ਹੋਇਆ ਬੰਗਾਲੀ ਭਾਸ਼ਾ ਅੰਦੋਲਨ (ਅੰਦੋਲਨ ਬੰਗਲਾ/ਸੰਸਕ੍ਰਿਤ ਦਾ ਲਫ਼ਜ਼ ਹੈ; ਪੰਜਾਬੀ ਦਾ ਲਫ਼ਜ਼ ਮੋਰਚਾ ਹੈ) ਦਾ, ਜੋ 1952 ਤੀਕ ਸਿਖਰ ‘ਤੇ ਪਹੁੰਚ ਸਭਿਆਚਾਰਕ ਤੇ ਰਾਜਨੀਤਕ ਮੋਰਚਾ ਬਣ ਚੁੱਕਿਆ ਸੀ। ਇਸ ਮੋਰਚੇ ਦੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਪੂਰਬੀ ਪਾਕਿਸਤਾਨ ਦੀ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਇਹਦੀ ਵਰਤੋਂ ਸਰਕਾਰੀ ਕੰਮ-ਕਾਜ ਵਿਚ, ਸਿੱਖਿਆ ਤੇ ਸੰਚਾਰ ਦੇ ਮਾਧਿਅਮ ਵਜੋਂ ਅਤੇ ਮੁਦਰਾ ਤੇ ਮੁਹਰ ਆਦਿ ਉੱਤੇ ਕੀਤੀ ਜਾਵੇ, ਤੇ ਇਹਨੂੰ ਬੰਗਲਾ ਲਿਪੀ ਵਿੱਚ ਹੀ ਲਿਖਣਾ ਜਾਰੀ ਰੱਖਿਆ ਜਾਵੇ, ਨਾ ਕਿ ਅਰਬੀ-ਫ਼ਾਰਸੀ ਲਿਪੀ ਵਿਚ।
21 ਫਰਵਰੀ ਨੂੰ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ ਤੇ ਢਾਕਾ ਮੈਡੀਕਲ ਕਾਲਜ ਦੇ ਸੈਂਕੜੇ ਪਾੜ੍ਹੇ ਆਪਣੀ ਮਾਂ ਬੋਲੀ ਬੰਗਾਲੀ ਲਈ ਮੁਜ਼ਾਹਰਾ ਕਰਨ ਨਿਕਲ਼ੇ ਤੇ ਚਾਰ ਨੌਜਵਾਨ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਸ਼ਹਾਦਤ ਦਾ ਇਹ ਦਿਨ ਪੂਰਬੀ ਪਾਕਿਸਤਾਨ ਦੇ ਇਤਿਹਾਸ ਵਿੱਚ ਮੀਲ-ਪੱਥਰ ਸਾਬਿਤ ਹੋਇਆ ਤੇ ਇਹਨੇ ਆਜ਼ਾਦ ਬੰਗਲਾਦੇਸ਼ ਦੀ ਨੀਂਹ ਰੱਖ ਦਿੱਤੀ। ਸਮੇਂ ਦੇ ਨਾਲ਼ ਇਹ ਰੋਸ ਮੁਜ਼ਾਹਰੇ ਵਧਦੇ-ਵਧਦੇ ਵੱਡੀ ਲਹਿਰ ਬਣ ਗਏ। ਯੂ.ਐੱਨ.ਓ. ਨੇ ਬੰਗਾਲੀਆਂ ਦੀ ਮਾਂ ਬੋਲੀ ਵਾਸਤੇ ਕੀਤੀ ਕੁਰਬਾਨੀ ਦੀ ਇਸ ਤਾਰੀਖ਼ ਨੂੰ ਮਾਂ ਬੋਲੀ ਦਿਹਾੜੇ ਵਜੋਂ ਅਹਿਮੀਅਤ ਦਿੱਤੀ।
ਇਹ ਅਜੀਬ ਸਬੱਬ ਹੈ ਕਿ ਉਨ੍ਹਾਂ ਸਮਿਆਂ ’ਚ ਪੰਜਾਬੀ ਮਾਂ ਬੋਲੀ ਦੇ ਮੁਸਲਮਾਨ ਸਪੂਤ ਜਿੱਥੇ ਉਰਦੂ ਦੇ ਹੱਕ ਵਿੱਚ ਆਪਣੇ ਹਮ-ਮਜ਼ਹਬੀ ਬੰਗਾਲੀਆਂ ਉੱਤੇ ਗੋਲੀਆਂ ਚਲਾ ਰਹੇ ਸਨ, ਉੱਥੇ ਹੀ ਆਪਣੇ ਹੱਥੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਗਲ਼ ਘੁੱਟ ਰਹੇ ਸਨ। ਉਨ੍ਹਾਂ ਇਹ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀਆਂ ਆਪਣੀਆਂ ਔਲਾਦਾਂ ਪੰਜਾਬੀ ਮਾਂ ਬੋਲੀ ਤੋਂ ਟੁੱਟ ਜਾਣਗੀਆਂ ਤੇ ਫੇਰ ਉਹਦੇ ਵਾਸਤੇ ਤਰਸਣਗੀਆਂ।
ਦੂਜੇ ਪਾਸੇ ਆਪਣੀ ਭਾਸ਼ਾ ਤੇ ਸੱਭਿਆਚਾਰ ਦੇ ਮਾਣ ਲਈ ਸੁਲਘਦੀ ਇਹ ਸ਼ਹੀਦੀ ਚਿਣਗ, ਭਾਂਬੜ ਬਣ ਕੇ ਆਜ਼ਾਦੀ ਦੀ ਲੜਾਈ ਬਣ ਉੱਠੀ ਅਤੇ ਸੰਨ 1971 ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਜ਼ਾਦੀ ਲੈ ਕੇ ਆਪਣੀ ਮਾਂ-ਬੋਲੀ ਬੰਗਲਾ ਲਈ ਰਾਹ ਪੱਧਰਾ ਕਰ ਲਿਆ।
ਪਰ ਪਾਕਿਸਤਾਨੀ ਪੰਜਾਬ ਅੱਜ ਤੱਕ ਆਪਣੀ ਮਾਂ ਬੋਲੀ ਨੂੰ ਪੰਜਾਬ ਵਿੱਚ ਹੀ ਸਰਕਾਰੀ, ਦਫ਼ਤਰੀ ਤੇ ਸਿਖਿਆ ਬੋਲੀ ਵਜੋਂ ਮਾਨਤਾ ਦਿਵਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ ਤੇ 75 ਸਾਲਾਂ ਵਿੱਚ ਇਹ ਸੰਘਰਸ਼ ਕਾਮਯਾਬ ਨਹੀਂ ਹੋ ਸਕਿਆ। ਸ਼ਾਇਦ ਇਹ ਉਨ੍ਹਾਂ ਸ਼ਹੀਦਾਂ ਦੀ ਬਦ-ਦੁਆ ਹੀ ਹੈ।
‘ਮੇਰਾ ਦਾਗ਼ਿਸਤਾਨ’ ਕਿਤਾਬ ਵਿੱਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿੱਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ, ਤਾਂ ਅਕਸਰ ਕਿਹਾ ਜਾਂਦਾ ਹੈ- ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।
ਕਿਸਮਤ ਦਾ ਇਕ ਹੋਰ ਗੇੜ ਇਹ ਹੈ ਕਿ ਅੱਜ ਦੀ ਤਾਰੀਖ਼ ਵਿੱਚ ਮਾਂ-ਬੋਲੀ ਦਿਹਾੜੇ ‘ਤੇ ਦੁਨੀਆ ‘ਚ ਸਭ ਤੋਂ ਵੱਡਾ ਜਲੂਸ ਲਾਹੌਰ ਵਿੱਚ ਨਿਕਲਦਾ ਹੈ। ਸ਼ਾਇਦ ਪੱਛਮੀ ਪੰਜਾਬ ਚ ਵੱਸਦੇ ਪੰਜਾਬੀਆਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ; ਤਾਂ ਉਸ ਕੋਲੋਂ ਉਹਦੀ ਮਾਂ-ਬੋਲੀ ਖੋਹ ਲਵੋ, ਉਹ ਆਪਣੀ ਪਛਾਣ ਹੌਲ਼ੀ-ਹੌਲ਼ੀ ਆਪੇ ਹੀ ਗੁਆ ਦੇਵੇਗੀ।
2018 ਵਿੱਚ ਮੈਂ ਇਸ ਜਲਸੇ ਵਿੱਚ ਆਪ ਸ਼ਾਮਿਲ ਹੋਈ ਸਾਂ। ਮੈਨੂੰ ਜਾਪਿਆ ਹਾਲੇ ਮੰਜ਼ਿਲ ਬਹੁਤ ਦੂਰ ਹੈ। ਜਿਸ ਦਿਨ ਪਾਕਿਸਤਾਨੀ-ਪੰਜਾਬ ਬੰਗਾਲੀਆਂ ਦੀ ਲੀਹ `ਤੇ ਚਲਦਿਆਂ ਆਪਣੀ ਬੋਲੀ ਪੰਜਾਬੀ ਲਈ ਸ਼ਹਾਦਤ ਦੇਣ ਲਈ ਜਜ਼ਬਾ ਜੁਟਾ ਲਵੇਗਾ, ਅਸਲ ਲਹਿਰ ਤੇ ਫੇਰ ਸ਼ੁਰੂ ਹੋਵੇਗੀ।
ਸਵਾਲ ਸੀ ਕਿ ਜੇ ਯੂ.ਐੱਨ.ਓ. ਮੁਤਾਬਕ ਇਸ ਸੰਸਾਰ ‘ਚ 7000 ਭਾਸ਼ਾਵਾਂ ਵਿੱਚੋਂ 50 ਫ਼ੀਸਦੀ ਕੁਝ ਪੀੜ੍ਹੀਆਂ ਤੋਂ ਬਾਅਦ ਖ਼ਤਮ ਹੋ ਜਾਣਗੀਆਂ ਤੇ ਇਸ ਵੇਲੇ ਹਰ ਮਹੀਨੇ ਦੋ ਬੋਲੀਆਂ ਸਦਾ ਲਈ ਮੁਕ ਰਹੀਆਂ ਨੇ- ਤਾਂ ਕੀ ਪੰਜਾਬੀ ਬੋਲੀ ਦਾ ਹਾਲ ਵੀ ਇਹੋ ਹੋਵੇਗਾ? ਇਸ ਸਵਾਲ ਦਾ ਜਵਾਬ ਤਾਂ ਇਹ ਹੈ:
ਆਪੋ-ਆਪਣੇ ਘਰਾਂ ਵਿੱਚ ਜ਼ਰਾ ਝਾਤੀ ਮਾਰੋ- ਕੀ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਦਾ ਪੰਜਾਬੀ ਨਾਲ਼ ਓਨਾ ਹੀ ਪਿਆਰ ਹੈ, ਜਿੰਨਾ ਕਿ ਤੁਹਾਡਾ?
—
*ਬਾਲ-ਸਾਹਿਤਕਾਰ ਗੁਰਮੀਤ ਕੌਰ ਐਟਲਾਂਟਾ (ਅਮਰੀਕਾ) ਤੇ ਓਅਕਵਿੱਲ (ਕੈਨੇਡਾ) ਰਹਿੰਦੀ ਏ।