ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ
ਫੋਨ: +91-9463062603
ਕੁੱਝ ਮਨੁੱਖ ਆਪਣੇ ਜੀਵਨ ਵਿੱਚ ਅਕਸਰ ਇਹ ਗਲਤੀ ਕਰ ਬੈਠਦੇ ਹਨ ਕਿ ਰੱਬ ਦੀ ਮਿਹਰ ਸਦਕਾ ਜੀਵਨ ਵਿੱਚ ਜੋ ਸੁੱਖ ਸਹੂਲਤਾਂ, ਗਿਆਨ, ਅਨੁਭਵ, ਸ਼ੋਹਰਤ ਤੇ ਰੁਤਬਾ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਇਸ ਸਭ ਨੂੰ ਰੱਬ ਦੀ ਕਿਰਪਾ ਜਾਂ ਦਾਤ ਸਮਝਣ ਦੀ ਬਜਾਏ ਇਨ੍ਹਾਂ ਦਾਤਾਂ ਨੂੰ ਇੱਕ ਤਲਵਾਰ ਬਣਾ ਕੇ ਨਿਤਾਣਿਆਂ, ਮਜ਼ਲੂਮਾਂ, ਮਸਕੀਨਾਂ ਤੇ ਬੇਕਸੂਰਾਂ ਨੂੰ ਜਿਬਾਹ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ। ਉਹ ਬੋਲਣ ਲੱਗਿਆਂ ਇੰਨਾ ਵੀ ਨਹੀਂ ਸੋਚਦੇ ਹਨ ਕਿ ਦੂਸਰਿਆਂ ਦੇ ਜ਼ਿਹਨ ਉੱਪਰ ਉਨ੍ਹਾਂ ਦੇ ਮਨ ਦੀ ਕੁੜੱਤਣ, ਬੇਲੋੜੀ ਤਨਕੀਦ (ਆਲੋਚਨਾ/ਨੁਕਤਾਚੀਨੀ) ਅਤੇ ਭੱਦੇ ਬੋਲਾਂ ਦਾ ਕੀ ਅਸਰ ਪਵੇਗਾ?
ਉਹ ਆਪਣੇ ਗ਼ਰੂਰ ਦਾ ਕੱਦ ਇੰਨਾ ਉਚਾ ਕਰ ਲੈਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਜੂਦ ਦੇ ਸਾਹਮਣੇ ਸਭ ਹਕੀਰ (ਤੁੱਛ/ਘਟੀਆ) ਦਿਸਦੇ ਹਨ ਤੇ ਉਹ ਸਭ ਦਾ ਨਿਰਾਦਰ ਕਰਕੇ ਫ਼ਖਰ ਮਹਿਸੂਸ ਕਰਦੇ ਹਨ। ਉਹ ਬਿਲਕੁਲ ਹੀ ਭੁੱਲ ਜਾਂਦੇ ਹਨ ਕਿ ਜੇਕਰ ਰੱਬ ਨੇ ਉਨ੍ਹਾਂ ਲਈ ਇੱਕ ਅਜਿਹੀ ਦੁਨੀਆ ਤਜਵੀਜ਼ ਕਰ ਦਿੱਤੀ, ਜਿੱਥੇ ਸਭ ਉਨ੍ਹਾਂ ਵਰਗੇ ਹੋਣਗੇ ਤਾਂ ਸੱਚ ਜਾਣਿਓ ਇਹੋ ਜਿਹੀਆਂ ਗ਼ਰੂਰ ਵਿੱਚ ਡੁੱਬੀਆਂ ਹੋਈਆਂ ਬਦਰੂਹਾਂ ਲਈ ਇੱਕ ਪਲ ਵੀ ਜਿਉਣਾ ਸੰਭਵ ਨਹੀਂ ਹੋਵੇਗਾ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੂਸਰਿਆਂ ਦੀ ਜ਼ਿੰਦਗੀ ਨੂੰ ਨਰਕ ਬਣਾਉਣਾ ਬਹੁਤ ਸੌਖਾ ਹੁੰਦਾ ਹੈ, ਪਰ ਜਦੋਂ ਜਹਨੁਮ ਦੀ ਅੱਗ ਦਾ ਸੇਕ ਖੁਦ ਨੂੰ ਲਗਦਾ ਹੈ ਤਾਂ ਉਸ ਸਮੇਂ ਜਹਨੁਮ ਦੇ ਮਾਇਨੇ ਸਮਝ ਆਉਂਦੇ ਹਨ। ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਨੂੰ ਆਪਣੇ ਤੋਂ ਹਕੀਰ ਨਾ ਸਮਝੋ, ਕਿਉਂਕਿ ਤੁਹਾਡਾ ਰੱਬ ਗ਼ਰੂਰ ਨੂੰ ਪਸੰਦ ਨਹੀਂ ਕਰਦਾ ਹੈ ਅਤੇ ਉਹ ਹਮੇਸ਼ਾ ਨਿਮਾਣਿਆਂ ਤੇ ਨਿਤਾਣਿਆਂ ਦੇ ਹੱਕ ਵਿੱਚ ਖੜ੍ਹਾ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਰਵਦਗਾਰ ਦੀ ਦਰਗਾਹ ਉਤੇ ਕਬੂਲ ਪਵੋ ਤਾਂ ਕਦੇ ਵੀ ਰੱਬ ਦੀਆਂ ਦਾਤਾਂ ਨੂੰ ਤਲਵਾਰ ਵਾਂਗ ਨਾ ਵਰਤੋ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਹਾਕਮ ਹਮੇਸ਼ਾ ਆਪਣੇ ਮੁੱਠੀ ਭਰ ਚਾਪਲੂਸ ਲੋਕਾਂ ਵਿੱਚ ਘਿਰੇ ਰਹਿੰਦੇ ਹਨ ਅਤੇ ਹਾਕਮ ਅੰਨੇ, ਬੋਲੇ ਤੇ ਕੰਨਾਂ ਦੇ ਕੱਚੇ ਵੀ ਹੁੰਦੇ ਹਨ। ਸਾਹਿਬ-ਏ-ਅਖਤਿਆਰ ਲੋਕਾਂ ਦੇ ਚਾਪਲੂਸ ਜਿਹੋ ਜਿਹੀ ਦੁਨੀਆਂ ਦਾ ਦ੍ਰਿਸ਼ ਜਾਂ ਕਿਸੇ ਵਾਰਤਰੇ ਬਾਰੇ ਤਸਵੀਰ ਚਿਤਰਦੇ, ਉਸ ਨੂੰ ਇਹ ਹੈਂਕੜਬਾਜ਼ ਲੋਕ ਸੱਚ ਮੰਨ ਲੈਂਦੇ ਹਨ। ਦੁਨੀਆਂ ਅਜਿਹੇ ਹਾਕਮਾਂ ਕੋਲੋਂ ਅਦਲ, ਰਹਿਮ ਆਦਿ ਦੀ ਉਮੀਦ ਰੱਖਦੀ ਹੈ, ਲੇਕਿਨ ਉਨ੍ਹਾਂ ਲੋਕਾਂ ਦੀ ਉਮੀਦ ਦੇ ਉਲਟ ਉਨ੍ਹਾਂ ਨੂੰ ਬੇਇਨਸਾਫੀ, ਸੋਸ਼ਣ ਅਤੇ ਲੁੱਟ-ਖਸੁੱਟ ਮਿਲਦੀ ਹੈ। ਹੈਂਕੜਬਾਜ਼ ਹਾਕਮ ਅਕਸਰ ਦੂਜੇ ਲੋਕਾਂ ਉੱਪਰ ਆਪਣੀ ਮਨਮਰਜ਼ੀ ਠੋਸਣ ਵਿੱਚ ਖੁਸ਼ੀ ਤੇ ਸੰਤੁਸ਼ਟੀ ਹਾਸਲ ਕਰਦੇ ਹਨ ਅਤੇ ਖ਼ੁਦ ਨੂੰ ਸਭ ਤੋਂ ਵੱਡਾ ਤਾਕਤਵਰ ਤੇ ਸ਼ਾਤਿਰ ਹਾਕਮ ਸਿੱਧ ਕਰਨ ਦਾ ਯਤਨ ਕਰਦੇ ਹਨ। ਬੇਕਸੂਰ, ਭੋਲੇ–ਭਾਲੇ ਤੇ ਜ਼ੁਲਮ ਦੇ ਸ਼ਿਕਾਰ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸੱਚੇ-ਸੁੱਚੇ ਲੋਕਾਂ ਨੂੰ ਫਾਹੇ ਟੰਗਿਆ ਜਾਂਦਾ ਹੈ ਤੇ ਚਾਪਲੂਸ ਲੋਕ ਹੈਂਕੜਬਾਜ਼ ਹੁਕਮਰਾਨਾਂ ਦੀ ਛੱਤਰ ਛਾਇਆ ਦਾ ਸੁਖ ਭੋਗਦੇ ਹੋਏ ਮਸਕੀਨਾਂ, ਮਜ਼ਲੂਮ ਤੇ ਨਿਤਾਣੇ ਲੋਕਾਂ ਉੱਪਰ ਆਪਣੀ ਝੂਠੀ ਧੌਂਸ ਜਮਾਉਂਦੇ ਹਨ।
ਹਾਕਮ ਗ਼ਰੂਰ ਦੀ ਮੂਰਤ ਬਣ ਕੇ ਲੋਕਾਂ ਦੇ ਕੋਲੋਂ ਬੋਲਣ, ਲਿਖਣ ਤੇ ਆਜ਼ਾਦ ਸੋਚਣ ਦੀ ਆਜ਼ਾਦੀ ਖੋਹ ਕੇ ਇਹ ਸੋਚਦੇ ਹਨ ਕਿ ਸਭ ਲੋਕ ਉਨ੍ਹਾਂ ਦੇ ਗ਼ੁਲਾਮ ਹਨ। ਉਹ ਆਪਣੀ ਸੱਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਨਿਤ ਨਵੇਂ ਮਨਸੂਬੇ ਬਣਾਉਂਦੇ ਹੋਏ ਆਪਣੀਆਂ ਨਾਜਾਇਜ਼ ਜ਼ਿੱਦਾਂ ਪੁਗਾਉਂਦੇ ਹਨ ਅਤੇ ਆਪਣੇ ਅੰਤ ਤੋਂ ਬੇਖ਼ਬਰ ਹੋ ਕੇ ਬੇਕਸੂਰ ਤੇ ਨਿਮਾਣੇ ਲੋਕਾਂ ਉੱਪਰ ਆਪਣਾ ਜ਼ਬਰ ਢਾਹੁੰਦੇ ਹਨ। ਅਜਿਹੇ ਹਾਕਮ ਇਹ ਭੁੱਲ ਜਾਂਦੇ ਹਨ ਕਿ ਅੱਤ ਅਤੇ ਖ਼ੁਦਾ ਦਾ ਵੈਰ ਹੁੰਦਾ ਹੈ। ਮਰਿਆਦਾ ਨੂੰ ਛਿੱਕੇ ਟੰਗ ਕੇ ਅਜਿਹੇ ਹਾਕਮ ਧਰਤੀ ਉੱਪਰ ਖ਼ੁਦ ਨੂੰ ਖ਼ੁਦਾ ਸਮਝਦੇ ਹੋਏ ਰੱਬ ਦੇ ਕਹਿਰ ਤੋਂ ਵੀ ਨਹੀਂ ਡਰਦੇ ਹਨ। ਝੂਠੀਆਂ ਸਿਫਤਾਂ ਦੀ ਭੁੱਖ ਦੇ ਸ਼ਿਕਾਰ ਅਜਿਹੇ ਬੌਣੇ ਕਿਰਦਾਰ ਵਾਲੇ ਲੋਕ ਧਰਤੀ ਉੱਪਰ ਬੋਝ ਹੁੰਦੇ ਹਨ।
ਜੇਕਰ ਖ਼ੁਦ ਨੂੰ ਅਸ਼ਰਫਲ ਮਖਲੂਕਾਤ ਕਹਾਉਣ ਵਾਲਾ ਇਨਸਾਨ ਗ਼ਰੂਰ ਨੂੰ ਵਿਸਾਰ ਕੇ ਉਸ ਪਰਵਦਗਾਰ ਦੇ ਭੈਅ ਵਿੱਚ ਜਿਉਣਾ ਸਿੱਖ ਲਵੇ ਤਾਂ ਨਿਸ਼ਚਿਤ ਤੌਰ ਉੱਪਰ ਉਸ ਦਾ ਜਿਊਣਾ ਵੀ ਸਫਲ ਹੈ ਅਤੇ ਮਰਨਾ ਵੀ ਸਫਲ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਕਮਜ਼ਰਫ ਲੋਕ ਆਪਣੀ ਹੈਂਕੜ ਦੀ ਉੱਚੀ ਟੀਸੀ ਉੱਪਰ ਬੈਠ ਕੇ ਆਪਣੇ ਇਰਦ-ਗਿਰਦ ਦੇ ਲੋਕਾਂ ਨੂੰ ਆਪਣੇ ਨਾਲੋਂ ਤੁੱਛ, ਕਮਜ਼ੋਰ, ਨੀਵਾਂ ਅਤੇ ਕਮ ਹੈਸੀਅਤ ਵਾਲਾ ਮੰਨਦੇ ਹੋਏ ਖ਼ੁਦ ਨੂੰ ਤਾਕਤਵਰ ਅਤੇ ਸ੍ਰੇਸ਼ਟ ਮੰਨਣ ਦੇ ਨਸ਼ੇ ਵਿੱਚ ਇੰਨੇ ਮਦਮਸਤ ਹੋ ਜਾਂਦੇ ਹਾਂ ਕਿ ਨਾ ਕਿਸੇ ਦਾ ਭੈਅ, ਨਾ ਕਿਸੇ ਦਾ ਲਿਹਾਜ਼, ਨਾ ਕਿਸੇ ਨਾਲ ਹਮਦਰਦੀ, ਨਾ ਹੀ ਕਿਸੇ ਦੀ ਕੋਈ ਸ਼ਰਮ ਅਤੇ ਨਾ ਹੀ ਵਕਤ ਦੇ ਬਦਲਣ ਦਾ ਖਿਆਲ ਸਾਨੂੰ ਰਹਿੰਦਾ ਹੈ। ਆਪਣੀ ਮਗ਼ਰੂਰੀ ਅਤੇ ਆਪਣੀ ਹੀ ਧੁਨ ਵਿੱਚ ਅੱਜ ਦਾ ਮਨੁੱਖ ਵਿਚਾਰਾਤਮਕ ਵੱਖਰਤਾ, ਸਮਾਜਿਕ, ਧਾਰਮਿਕ-ਸਭਿਆਚਾਰਕ ਭਿੰਨਤਾਵਾਂ ਤੇ ਵਿਰੋਧ ਦਾ ਸਤਿਕਾਰ ਕਰਨ ਅਤੇ ਸ਼ਾਂਤਮਈ ਸਹਿਹੋਂਦ ਤੇ ਸਹਿਣਸ਼ੀਲਤਾ ਦੇ ਗੁਣਾਂ ਨੂੰ ਭੁਲਾ ਕੇ ਸਿਰਫ਼ ਆਪਣੇ ਨੁਕਤਾ-ਏ-ਨਿਗਾਹ ਨੂੰ ਸਹੀ ਠਹਿਰਾਉਣ ਦੀ ਜ਼ਿੱਦ ਪੁਗਾਉਂਦਾ ਹੋਇਆ ਖ਼ੁਦ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਹੈ, ਪਰ ਕਿਸੇ ਦੂਸਰੇ ਨੂੰ ਨਾ ਤਾਂ ਬਰਦਾਸ਼ਤ ਕਰਦਾ ਹੈ ਅਤੇ ਨਾ ਹੀ ਕਿਸੇ ਦੂਸਰੇ ਦੀ ਕੁਝ ਸੁਣਨਾ ਚਾਹੁੰਦਾ ਹੈ। ਉਹ ਸਭ ਕੁਝ ਜਾਣਦਿਆਂ-ਬੁਝਦਿਆਂ ਅਣਜਾਣ ਹੋਣ ਦਾ ਢੋਂਗ ਰਚਾਉਂਦਾ ਹੋਇਆ ਇੱਕ ਫ਼ਰੇਬ ਦੀ ਜ਼ਿੰਦਗੀ ਜਿਊਣ ਨੂੰ ਜ਼ਿੰਦਗੀ ਸਮਝ ਕੇ ਤਮਾਮ ਉਮਰ ਖ਼ੁਦ ਨੂੰ ਧੋਖਾ ਦਿੰਦਾ ਹੈ।
ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜਦ ਕੋਈ ਗ਼ਰੂਰ ਵਿੱਚ ਰਮੀ ਹੋਈ ਦੇਹ ਕਿਸੇ ਮਜ਼ਲੂਮ ਨਾਲ ਵਧੀਕੀ ਕਰਦਿਆਂ ਉਸ ਦੇ ਸਵੈਮਾਣ ਦਾ ਨਿਰਾਦਰ ਕਰਨ ਦੇ ਨਾਲ-ਨਾਲ ਉਸ ਦੇ ਸੁਤੰਤਰ ਵਜੂਦ ਦਾ ਤ੍ਰਿਸਕਾਰ ਕਰ ਰਹੀ ਹੁੰਦੀ ਹੈ ਤਾਂ ਉਸ ਦੇ ਹਾਵ-ਭਾਵ, ਬੋਲਾਂ ਜਾਂ ਲਹਿਜ਼ੇ ਵਿੱਚ ਵੀ ਨਕਾਰਾਤਮਕ ਬਦਲਾਅ ਅਤੇ ਹੰਕਾਰ ਝਲਕਦਾ ਹੈ ਅਤੇ ਉਸ ਦੇ ਆਪਣੇ ਹਾਵ-ਭਾਵ ਉੱਪਰ ਵੀ ਆਪਣਾ ਕੋਈ ਨਿਯੰਤਰਣ ਨਹੀਂ ਰਹਿੰਦਾ ਹੈ। ਉਸ ਦੇ ਬੋਲਾਂ ਵਿਚਲੇ ‘ਮੈਂ’ ਦੇ ਸ਼ੋਰ ਵਿੱਚ ਮਜ਼ਲੂਮਾਂ, ਬੇਕਸੂਰਾਂ, ਨਿਤਾਣਿਆਂ ਅਤੇ ਕਮਜ਼ੋਰ ਲੋਕਾਂ ਦੇ ਬੁੱਲਾਂ ਦੇ ਹਾਸੇ ਕਿਤੇ ਗੁੰਮ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਦਿਲ ਦਾ ਸਕੂਨ ਅਤੇ ਜਿਊਣ ਦੀ ਚਾਹਤ ਦਮ ਤੋੜ ਦਿੰਦੀ ਹੈ।
ਦਰਅਸਲ ਕੋਈ ਵੀ ਮਗਰੂਰਿਆ ਵਿਅਕਤੀ ਇਸ ਸਦੀਵੀਂ ਸੱਚਾਈ ਤੋਂ ਮੂੰਹ ਮੋੜ ਲੈਂਦਾ ਹੈ ਕਿ ਦੁਨੀਆਂ ਦੇ ਇਸ ਰੰਗਮੰਚ ਦੇ ਸੂਤਰਧਾਰ ਨੇ ਉਸ ਨੂੰ ਆਪਣਾ ਕਿਰਦਾਰ ਨਿਭਾਉਣ ਲਈ ਕੇਵਲ ਗਿਣਤੀ ਦੇ ਚਾਰ ਦਿਹਾੜੇ ਦਿੱਤੇ ਹਨ। ਲੇਕਿਨ ਉਹ ਗਾਫ਼ਲ ਰੰਗਕਰਮੀ ਇਹ ਸਮਝ ਬੈਠਦਾ ਹੈ ਕਿ ਜਿਵੇਂ ਸਾਰੇ ਡਰਾਮੇ ਦਾ ਮਰਕਜ਼ੀ ਕਿਰਦਾਰ ਉਹ ਨਿਭਾਅ ਰਿਹਾ ਹੋਵੇ। ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਸਭ ਲੋਕ ਸਮੁੱਚੇ ਨਿਜ਼ਾਮ ਦਾ ਇੱਕ ਅਦਨਾ ਜਿਹਾ ਹਿੱਸਾ ਹੁੰਦੇ ਹਾਂ ਅਤੇ ਜਦੋਂ ਅਸੀਂ ਸਮੁੱਚੇ ਨਿਜ਼ਾਮ ਨੂੰ ਆਪਣੀ ਇੱਛਾ ਅਨੁਸਾਰ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੇ ਜੀਵਨ ਵਿੱਚ ਕਈ ਮੁਸ਼ਕਿਲਾਂ ਖੜੀਆਂ ਕਰ ਦਿੰਦੇ ਹਾਂ ਅਤੇ ਹੌਲੀ-ਹੌਲੀ ਸਧਾਰਨ ਲੋਕਾਂ ਨਾਲ ਸਾਡੇ ਫਾਸਲੇ ਇੰਨੇ ਵਧ ਜਾਂਦੇ ਹਨ ਕਿ ਸਾਡਾ ਗ਼ਰੂਰ ਹੀ ਸਾਡੇ ਗਲੇ ਦਾ ਫੰਦਾ ਬਣ ਜਾਂਦਾ ਹੈ। ਸਾਡਾ ਲਾਲਚ ਅਤੇ ਹਉਮੈ ਸਾਨੂੰ ਆਮ ਤੋਂ ਖਾਸ ਬਣਨ ਦੇ ਲਈ ਅੰਨਿਆਂ ਕਰ ਦਿੰਦਾ ਹੈ ਅਤੇ ਅਸੀਂ ਖਾਸ ਬਣ ਕੇ ਆਮ ਲੋਕਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਹੋਏ ਆਪਣੀਆਂ ਅੱਖਾਂ ਉੱਪਰ ਗ਼ਰੂਰ ਦੀ ਪੱਟੀ ਬੰਨ ਕੇ ਕੁਰਾਹੇ ਪੈ ਜਾਂਦੇ ਹਾਂ।
ਅਸਲ ਵਿੱਚ ਜੋ ਲੋਕ ਦੂਜਿਆਂ ਨੂੰ ਇਸਤੇਮਾਲ ਕਰਨ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਕਦੇ ਵੀ ਦੂਜਿਆਂ ਦੇ ਮਨਾਂ ਵਿੱਚ ਆਪਣੇ ਲਈ ਸਤਿਕਾਰ ਦੀ ਭਾਵਨਾ ਪੈਦਾ ਨਹੀਂ ਕਰ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਜਾਂ ਤਾਂ ਇਸ ਗੱਲ ਦੀ ਸੋਝੀ ਤੱਕ ਨਹੀਂ ਹੁੰਦੀ ਜਾਂ ਆਪਣੀ ਹੈਂਕੜ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਜਾਣ-ਬੁੱਝ ਕੇ ਇਸ ਬੁਨਿਆਦੀ ਤੇ ਸਦੀਵੀਂ ਸੱਚ ਨੂੰ ਭੁੱਲਣ ਦਾ ਢੋਂਗ ਰਚਦੇ ਹਨ ਕਿ ਜਿੱਥੇ ਖ਼ੌਫ਼ ਹੁੰਦਾ ਹੈ, ਉੱਥੇ ਪਿਆਰ ਤੇ ਸਤਿਕਾਰ ਦੀ ਭਾਵਨਾ ਦਾ ਵਿਕਾਸ ਹੋਣਾ ਸੰਭਵ ਨਹੀਂ ਹੋ ਸਕਦਾ ਹੈ। ਹਰ ਪਲ ਦੂਸਰਿਆਂ ਦੀ ਆਜ਼ਾਦ ਹਸਤੀ ਨੂੰ ਸਿਰਿਉਂ ਨਕਾਰਨ ਤੇ ਲਤਾੜਨ ਨਾਲ ਅਜਿਹੇ ਲੋਕ ਮਜ਼ਲੂਮ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਦੇ ਹਨ।
ਜੋ ਲੋਕ ਇਹ ਲੋਚਦੇ ਹੁੰਦੇ ਹਨ ਕਿ ਹਰ ਕਾਰਜ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਆਗਿਆ ਲੈ ਕੇ ਹੋਵੇ ਅਤੇ ਠੀਕ-ਗਲ਼ਤ ਤੇ ਜਾਇਜ਼-ਨਾਜਾਇਜ਼ ਦੇ ਮਾਪਦੰਡ ਉਨ੍ਹਾਂ ਦੀ ਖੁਸ਼ੀ ਤੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਿਰਧਾਰਤ ਕੀਤੇ ਜਾਣ, ਜੇਕਰ ਅਜਿਹੇ ਲੋਕਾਂ ਦੇ ਮਨਸੂਬਿਆਂ, ਸੋਚ, ਬਿਰਤੀ ਅਤੇ ਅਮਲਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਸਾਨੂੰ ਇਹ ਸਹਿਜੇ ਹੀ ਮਹਿਸੂਸ ਹੋਵੇਗਾ ਕਿ ਅਜਿਹੇ ਲੋਕ ਮਾਨਸਿਕ ਤੌਰ ਉੱਪਰ ਬੀਮਾਰ ਹੁੰਦੇ ਹਨ। ਦੂਜਿਆਂ ਨੂੰ ਖ਼ੁਦ ਤੋਂ ਨੀਵਾਂ ਸਮਝਣ ਵਾਲੇ ਇਨ੍ਹਾਂ ਲੋਕਾਂ ਨੂੰ ਆਪਣੀ ਤਾਕਤ, ਵਜੂਦ ਅਤੇ ਗ਼ਰੂਰ ਦੇ ਬੁੱਤ ਦੇ ਢਹਿ ਢੇਰੀ ਹੋ ਜਾਣ ਦਾ ਡਰ ਲਗਾਤਾਰ ਸਤਾਉਂਦਾ ਰਹਿੰਦਾ ਹੈ ਅਤੇ ਇਹ ਆਪਣੇ ਅਸਲੀ ਚਿਹਰੇ ਨੂੰ ਛੁਪਾਉਣ, ਆਪਣੀ ਅਸੁਰੱਖਿਆ, ਕਮਜ਼ਰਫੀ ਅਤੇ ਸੌੜੇ ਨਜ਼ਰੀਏ ਨੂੰ ਦੂਜਿਆਂ ਤੋਂ ਲੁਕਾਉਣ ਦੀ ਦੌੜ ਵਿੱਚ ਅਜਿਹੇ ਖੁਸ਼ਾਮਦ ਪਸੰਦ ਲੋਕਾਂ ਦੇ ਸਹਾਰੇ ਆਪਣੇ ਆਲੇ-ਦੁਆਲੇ ਇੱਕ ਅਜਿਹਾ ਜਾਲ ਬੁਣ ਲੈਂਦੇ ਹਨ ਕਿ ਜਿਸ ਵਿੱਚ ਇਨ੍ਹਾਂ ਦੇ ਖੁਸ਼ਾਮਦੀਆਂ ਅਤੇ ਚਹੇਤਿਆਂ ਤੋਂ ਇਲਾਵਾ ਹੋਰ ਕੋਈ ਵੀ ਪ੍ਰਵੇਸ਼ ਨਹੀਂ ਕਰ ਪਾਉਂਦਾ ਹੈ।
ਗੰਧਲੀ ਸੋਚ ਤੇ ਤੰਗਦਿਲੀ ਦੇ ਸ਼ਿਕਾਰ ਇਨ੍ਹਾਂ ਹੰਕਾਰੀ ਲੋਕਾਂ ਨੂੰ ਜੇਕਰ ਕੋਈ ਜੁਅੱਰਤ ਕਰਕੇ ਜਾਂ ਭੁਲੇਖੇ ਨਾਲ ਆਇਨਾ ਦਿਖਾ ਦੇਵੇ ਤਾਂ ਇਹ ਆਪਣੇ ਗੰਧਲੇ ਚਿਹਰਿਆਂ ਨੂੰ ਸਾਫ਼ ਕਰਨ ਦੀ ਬਜਾਏ ਆਇਨੇ ਨੂੰ ਚਕਨਾਚੂਰ ਕਰਨ ਉਤੇ ਉਤਾਰੂ ਹੋ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸੁਧਾਰਨ ਦੀ ਬਜਾਏ ਇਨ੍ਹਾਂ ਦਾ ਤ੍ਰਿਸਕਾਰ ਕਰਕੇ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਅਜਿਹੇ ਲੋਕ ਉਹ ਸੱਪ ਹੁੰਦੇ ਹਨ, ਜੋ ਹਰ ਵੇਲੇ ਦੂਜਿਆਂ ਨੂੰ ਨਿਗਲਣ ਜਾਂ ਡੰਗਣ ਦੀ ਖਾਤਰ ਆਪਣਾ ਫਨ ਖਿਲਾਰ ਕੇ ਜ਼ਹਿਰ ਉਗਲਦੇ ਰਹਿੰਦੇ ਹਨ। ਅਜਿਹੇ ਲੋਕ ਖਾਰੇ ਪਾਣੀਆਂ ਦੀ ਉਸ ਜਲਧਾਰਾ ਵਾਂਗ ਹੁੰਦੇ ਹਨ, ਜਿਸ ਵਿੱਚ ਭਾਵੇਂ ਲੱਖਾਂ ਟਨ ਸ਼ਹਿਦ ਮਿਲਾਉਣ ਤੋਂ ਬਾਅਦ ਵੀ ਉਸ ਦਾ ਖਾਰਾਪਣ ਦੂਰ ਨਹੀਂ ਹੁੰਦਾ ਹੈ। ਸਾਨੂੰ ਸਬਰ, ਸਹਿਜ, ਸੁਹਿਰਦਤਾ, ਸ਼ਾਤੀ, ਇੰਤਜ਼ਾਰ ਅਤੇ ਅਰਦਾਸ ਦੀ ਢਾਲ ਨਾਲ ਆਪਣੀ ਹਿਫ਼ਾਜ਼ਤ ਕਰਨ ਦੀ ਕਲਾ ਸਿੱਖਣ ਦੀ ਜ਼ਰੂਰਤ ਹੈ, ਕਿਉਂਕਿ ਇਹ ਉਹ ਢਾਲ ਹੈ, ਜਿਸ ਉਤੇ ਕਿਸੇ ਵੀ ਜ਼ਾਲਮ ਦਾ ਵਾਰ ਅਤੇ ਕਿਸੇ ਵੀ ਨਾਗ ਦਾ ਜ਼ਹਿਰ ਭਾਰੂ ਨਹੀਂ ਪੈ ਸਕਦਾ ਹੈ। ਇਨ੍ਹਾਂ ਹੈਂਕੜਬਾਜ਼ ਲੋਕਾਂ ਨੂੰ ਬਦਲਣ ਜਾਂ ਇੰਨੇ ਪੱਧਰ ਤੱਕ ਗਿਰ ਕੇ ਇਨ੍ਹਾਂ ਨੂੰ ਆਇਨਾ ਦਿਖਾ ਕੇ ਚਿੱਤ ਕਰਨ ਦੀ ਥਾਂ ਆਪਣਾ ਸਹਿਜ ਤੇ ਮਾਨਸਿਕ ਸਕੂਨ ਸਦਾ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ।
ਕਾਸ਼! ਪਰਮਾਤਮਾ ਸਾਨੂੰ ਵੀ ਸਰਲ, ਸਧਾਰਨ ਤੇ ਸਹਿਜ ਤਰੀਕੇ ਨਾਲ ਜ਼ਿੰਦਗੀ ਨੂੰ ਗੁਜ਼ਾਰਨ ਦਾ ਬੱਲ, ਬੁੱਧੀ ਅਤੇ ਪ੍ਰੇਰਣਾ ਦੇਵੇ ਅਤੇ ਅਸੀਂ ਉਸ ਨਿਰੰਕਾਰ ਦੇ ਭੈਅ ਵਿੱਚ ਇੱਕ ਅਜਿਹਾ ਜੀਵਨ ਗੁਜ਼ਾਰ ਪਾਈਏ ਕਿ ਅਸੀਂ ਖ਼ੁਦ ਵੀ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋਈਏ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਨ੍ਹਾਂ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਕਰਨ ਵਿੱਚ ਸਹਾਈ ਹੋ ਸਕੀਏ।