ਸ਼ੁਭਕਰਨ ਦੇ ਕਾਤਲਾਂ ਖਿਲਾਫ ਕੇਸ ਦਰਜ ਕਰਨ `ਤੇ ਅੜਿਆ ਕਿਸਾਨ ਮੋਰਚਾ

ਖਬਰਾਂ ਗੂੰਜਦਾ ਮੈਦਾਨ

*ਪੁਲਿਸ ਜਬਰ ਕਾਰਨ 7 ਮੌਤਾਂ, 250 ਕਿਸਾਨ ਜ਼ਖਮੀ, 20 ਦੀ ਹਾਲਤ ਗੰਭੀਰ
*ਚਾਰ ਕਿਸਾਨਾਂ ਦੀ ਨਜ਼ਰ ਜਾਣ ਦਾ ਖਦਸ਼ਾ
ਜਸਵੀਰ ਸਿੰਘ ਸ਼ੀਰੀ
ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਅਤੇ 250 ਕਿਸਾਨਾਂ ਦੇ ਜ਼ਖਮੀ ਹੋਣ ਨਾਲ ਕਿਸਾਨ ਸੰਘਰਸ਼ ਅਮੋੜ ਸਥਿਤੀ ਵਿੱਚ ਪਹੁੰਚ ਗਿਆ ਵਿਖਾਈ ਦਿੰਦਾ ਹੈ। ਲੱਗਦਾ ਹੈ, ਇੱਥੋਂ ਵਾਪਸ ਮੁੜਨਾ ਕਿਸਾਨ ਆਗੂਆਂ ਲਈ ਇਖਲਾਕੀ ਖੁਦਕੁਸ਼ੀ ਕਰਨ ਵਾਂਗ ਹੋਵੇਗਾ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ) ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵਿਚਕਾਰ ਤਫਰਕੇ ਜਾਰੀ ਹਨ ਅਤੇ ਏਕਤਾ ਦੀ ਗੱਲ ਸ਼ੰਭੂ ਮੋਰਚੇ ‘ਤੇ ਹੋ ਰਹੇ ਤਸ਼ੱਦਦ ਦੇ ਬਾਵਜੂਦ ਨੇੜੇ ਲੱਗਦੀ ਵਿਖਾਈ ਨਹੀਂ ਦੇ ਰਹੀ।

ਯਾਦ ਰਹੇ, ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ-ਦਰਸ਼ਨਪਾਲ) ਵੱਲੋਂ ਆਪਣੀ 22 ਫਰਵਰੀ ਵਾਲੀ ਪ੍ਰੈਸ ਕਾਨਫਰੰਸ ਵਿੱਚ ਇਕ ਛੇ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ, ਜਿਸ ਨੇ ਸੰਯੁਕਤ ਮੋਰਚਾ {ਗੈਰ ਸਿਆਸੀ} ਨਾਲ ਏਕਤਾ ਲਈ ਵਾਰਤਾ ਆਰੰਭ ਕਰਨੀ ਸੀ। ਇਸ ਵਾਰਤਾ ਸਬੰਧੀ ਨਾ ਤਾਂ ਸ਼ੰਭੂ ਮੋਰਚੇ ਵਾਲੇ ਆਗੂਆਂ ਵੱਲੋਂ ਕੋਈ ਹੁੰਘਾਰਾ ਭਰਿਆ ਗਿਆ ਹੈ ਅਤੇ ਨਾ ਹੀ ਦੂਜੇ ਪਾਸਿਉਂ ਕਿਸੇ ਮੀਟਿੰਗ ਲਈ ਯਤਨ ਹੋਏ ਹਨ। ਦੋਵੇਂ ਧਿਰਾਂ ਫੁੱਟ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਦੋਹਾਂ ਧਿਰਾਂ ਵੱਲੋਂ ਆਪੋ-ਆਪਣੇ ਸਮਾਨੰਤਰ ਪ੍ਰੋਗਰਾਮ ਦੇ ਦਿੱਤੇ ਗਏ ਹਨ। ਭਾਵੇਂ ਕਿ ਸ਼ੰਭੂ-ਖਨੌਰੀ ਮੋਰਚੇ ‘ਤੇ ਪੁਲਿਸ ਵੱਲੋਂ ਕੀਤੇ ਗਏ ਜਬਰ ਦਾ ਦੂਜੀ ਧਿਰ ਵੱਲੋਂ ਵੀ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ।
ਸੰਯੁਕਤ ਮੋਰਚੇ (ਰਾਜੇਵਾਲ-ਦਰਸ਼ਨਪਾਲ) ਵਾਲੇ ਆਗੂਆਂ ਦਾ ਆਖਣਾ ਹੈ ਕਿ ਗੈਰ-ਸਿਆਸੀ ਧਿਰ ਵੱਲੋਂ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਤਾਲਮੇਲ ਨਹੀਂ ਕੀਤਾ ਗਿਆ, ਜਦੋਂ ਕਿ ਗੈਰ-ਸਿਆਸੀ ਧਿਰ ਵੱਲੋਂ ਪੰਧੇਰ ਅਤੇ ਡੱਲੇਵਾਲ ਨੇ ਆਪੋ ਆਪਣੀਆਂ ਪੈ੍ਰਸ ਕਾਨਫਰੰਸਾਂ ਕਰਕੇ ਦੱਸਿਆ ਕਿ ਪਿਛਲੇ ਸਾਲ ਅੱਠ ਅਕਤੂਬਰ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ 13 ਮੀਟਿੰਗਾਂ ਹੋਈਆਂ। ਇਨ੍ਹਾਂ ਮੀਟਿੰਗਾਂ ਵਿੱਚ ਸਹਿਮਤੀ ਨਾ ਬਣਨ ਕਾਰਨ ਹੀ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ। ਲੱਗਦਾ ਹੈ, ਕਿਸਾਨ ਹਿੱਤਾਂ ਉੱਤੇ ਆਗੂਆਂ ਦੀ ਹਉਮੈ ਭਾਰੂ ਪੈ ਰਹੀ ਹੈ। ਸ਼ੰਭੂ ਮੋਰਚੇ ਵਾਲੇ ਆਗੂ ਆਖ ਰਹੇ ਹਨ ਕਿ ਹੁਣ ਵੀ ਕੋਈ ਹੋਰ ਧਿਰ ਮੋਰਚੇ ਵਿੱਚ ਸ਼ਿਰਕਤ ਕਰਨਾ ਚਹੁੰਦੀ ਹੈ ਤਾਂ ਉਹ ਇਸ ਦਾ ਸੁਆਗਤ ਕਰਨਗੇ; ਪਰ ਰਸਮੀ ਸੱਦਾ ਦੇਣ ਤੋਂ ਉਹ ਵੀ ਹੱਥ ਪਿੱਛੇ ਖਿੱਚ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ) ਨੇ ਭਾਵੇਂ ਗੈਰ-ਸਿਆਸੀ ਧਿਰ ਵੱਲੋਂ ਪੰਜਾਬ-ਹਰਿਆਣਾ ਬਾਰਡਰਾਂ ‘ਤੇ ਲੜੇ ਜਾ ਰਹੇ ਸੰਘਰਸ਼ ਦੀ ਸਿੱਧੀ ਹਮਾਇਤ ਵਿੱਚ ਆਉਣ ਤੋਂ ਤਾਂ ਇਨਕਾਰ ਕਰ ਦਿੱਤਾ ਹੈ, ਪਰ ਉਨ੍ਹਾਂ ਬੀਤੇ ਦਿਨੀਂ 16 ਫਰਵਰੀ ਨੂੰ ਭਾਰਤ ਬੰਦ ਅਤੇ 26 ਫਰਵਰੀ ਨੂੰ ਟਰੈਕਟਰ ਮਾਰਚ ਦਾ ਸੱਦਾ ਦਿੱਤਾ, ਜਿਸ ਨੂੰ ਪੰਜਾਬ ਹਰਿਆਣਾ ਅਤੇ ਪੱਛਮੀ ਯੂ.ਪੀ. ਵਿੱਚ ਵੱਡਾ ਹੁੰਘਾਰਾ ਮਿਲਿਆ। ਇਸ ਤੋਂ ਇਲਾਵਾ ਸੰਯੁਕਤ ਮੋਰਚੇ ਵਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਧਰਨਾ ਦੇਣ ਦਾ ਸੱਦਾ ਵੀ ਦਿੱਤਾ ਗਿਆ ਹੈ। ਹਾਲ ਦੀ ਘੜੀ ਭਾਵੇਂ ਦੋਹਾਂ ਕਿਸਾਨ ਸੰਗਠਨਾਂ ਦੇ ਗਰੁੱਪਾਂ ਵਲੋਂ ਏਕਤਾ ਦੀ ਗੱਲ ਤਾਂ ਸਿਰੇ ਨਹੀਂ ਲੱਗੀ, ਪਰ ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ) ਵੱਲੋਂ ਦੇਸ਼ ਪੱਧਰੇ ਬੰਦ ਦੇ ਸੱਦੇ, ਟਰੈਕਟਰ ਮਾਰਚ ਅਤੇ ਦਿੱਲੀ ਵਿੱਚ ਧਰਨਾ ਦੇਣ ਦੇ ਸੱਦੇ ਨਾਲ ਸ਼ੰਭੂ ਅਤੇ ਖਨੌਰੀ ਮੋਰਚੇ `ਤੇ ਸੰਘਰਸ਼ ਕਰ ਰਹੀਆਂ ਧਿਰਾਂ `ਤੇ ਦਬਾਅ ਜ਼ਰੂਰ ਘਟ ਗਿਆ ਹੈ। ਇਸ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਬੀ.ਕੇ.ਯੂ. ਉਗਰਾਹਾਂ ਵੱਲੋਂ ਤਿੰਨ ਘੰਟੇ ਲਈ ਰੇਲਾਂ ਦਾ ਚੱਕਾ ਵੀ ਜਾਮ ਕੀਤਾ ਗਿਆ ਤੇ ਪੁਤਲੇ ਫੂਕੇ ਗਏ।
ਯਾਦ ਰਹੇ, 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਦਿੱਲੀ ਵੱਲ ਕੂਚ ਕਰਨ ਦੇ ਯਤਨਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਬੱਲ੍ਹੋ ਪਿੰਡ ਦਾ ਇੱਕ ਨੌਜਵਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਮਾਰਿਆ ਗਿਆ ਸੀ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣਾ ਦਿੱਲੀ ਮਾਰਚ ਅੱਗੇ ਪਾ ਦਿੱਤਾ ਸੀ। ਬਾਅਦ ਵਿੱਚ ਇਸ ਨੂੰ 29 ਫਰਵਰੀ ਤੱਕ ਅਗੇ ਪਾ ਦਿੱਤਾ ਗਿਆ ਤਾਂ ਕਿ ਮਾਰੇ ਗਏ ਕਿਸਾਨ ਦੇ ਕਤਲ ਸਬੰਧੀ ਕੇਸ ਦਰਜ ਕਰਨ ਅਤੇ ਮੁਆਵਜ਼ੇ ਆਦਿ ਦਾ ਮਾਮਲਾ ਸੁਲਝਾਇਆ ਜਾ ਸਕੇ। ਹਾਲ ਦੀ ਘੜੀ ਭਾਵੇਂ ਹਰਿਆਣਾ-ਪੰਜਾਬ ਵਾਲੇ ਬਾਰਡਰਾਂ ‘ਤੇ ਸੀਜ਼ ਫਾਇਰ ਵਾਲੀ ਸਥਿਤੀ ਹੈ, ਪਰ ਪਿਛਲੇ ਦਿਨੀਂ ਹੋਈ ਹਿੰਸਾ ਵਿੱਚ 7 ਕਿਸਾਨ ਮਾਰੇ ਗਏ ਹਨ, ਤਕਰੀਬਨ 250 ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ 4 ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਨੁਸਾਰ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਹੋਈ ਸ਼ੈਲਿੰਗ ਅਤੇ ਲਾਠੀਚਾਰਜ ਵਗੈਰਾ ਨਾਲ 250 ਵਿਅਕਤੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ 20 ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। 4 ਕਿਸਾਨਾਂ ਦੀ ਅੱਖ ਦਾ ਡੇਲਾ ਫਟ ਗਿਆ ਹੈ। ਇਨ੍ਹਾਂ ਦਾ ਇਲਾਜ ਪੀ.ਜੀ.ਆਈ. ਵਿੱਚ ਚਲ ਰਿਹਾ ਹੈ। ਕੁੱਲ ਮਿਲਾ ਕੇ 150 ਕਿਸਾਨ ਖਨੌਰੀ ਬਾਰਡਰ ‘ਤੇ ਜ਼ਖਮੀ ਹੋਏ ਹਨ, ਜਦਕਿ ਸ਼ੰਭੂ ਬਾਰਡਰ ‘ਤੇ 46 ਕਿਸਾਨ ਜ਼ਖਮੀ ਹੋਏ ਹਨ। ਪੀ.ਜੀ.ਆਈ. ਦੇ ਡਾਕਟਰਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਹੈ ਕਿ ਕੁਝ ਕਿਸਾਨਾਂ ਦੀਆਂ ਅੱਖਾਂ ਗੰਭੀਰ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਨਜ਼ਰ ਚਲੀ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਅਨੁਸਾਰ ਕੁਝ ਕਿਸਾਨ ਰਬੜ ਦੀਆਂ ਗੋਲੀਆਂ ਨਾਲ ਵੀ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਪੈਲਿਟ ਬੁਲਿਟ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਹ ਸਰੀਰ ਦੇ ਹੇਠਲੇ ਹਿੱਸੇ ‘ਤੇ ਮਾਰੀਆਂ ਜਾਂਦੀਆਂ ਹਨ, ਪਰ ਕਿਸਾਨਾਂ ‘ਤੇ ਇਹ ਲੱਕੋਂ ਉਪਰ ਚਲਾਈਆਂ ਗਈਆਂ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਨੁਸਾਰ ਇੱਕ ਕਿਸਾਨ ਦੀ ਛਾਤੀ ‘ਤੇ ਪੈਲਿਟ ਬੁਲਿਟ ਨਾਲ ਗੰਭੀਰ ਜ਼ਖਮ ਹੋਇਆ ਹੈ।
ਖਨੌਰੀ ਬੌਰਡਰ ‘ਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸ਼ੁਭਕਰਨ ਸਿੰਘ ਦੀ ਦੇਹ ਹਾਲੇ ਰਾਜਿੰਦਰਾ ਹਸਪਤਾਲ ਵਿੱਚ (ਅਖਬਾਰ ਛਪਣ ਤੱਕ) ਹੀ ਪਈ ਹੈ। ਹਾਲਾਂ ਕਿ ਪੰਜਾਬ ਸਰਕਾਰ ਨੇ ਮਾਰੇ ਗਏ ਕਿਸਾਨ ਲਈ ਇੱਕ ਕਰੋੜ ਰੁਪਏ ਦਾ ਮੁਆਵਜ਼ਾ, ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਾਕਾਰੀ ਨੌਕਰੀ ਦੇਣ ਦੀ ਕਿਸਾਨ ਜਥੇਬੰਦੀਆਂ ਦੀ ਮੰਗ ਮੰਨ ਲਈ ਹੈ, ਪਰ ਉਸ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਸਰਕਾਰ ਨੇ ਹਾਲੇ ਤੱਕ ਸਵਿਕਾਰ ਨਹੀਂ ਕੀਤੀ। ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ ਮੁਆਵਜ਼ੇ ਨਾਲੋਂ ਸਾਡੇ ਲਈ ਇਨਸਾਫ ਵਾਲਾ ਪੱਖ ਵਧੇਰੇ ਮਹੱਤਵਪੂਰਨ ਹੈ। ਕਿਸਾਨਾਂ ਦੇ ਇਸ ਪੈਂਤੜੇ ‘ਤੇ ਸ਼ੁਭਕਰਨ ਦੇ ਪਰਿਵਾਰ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ। ਯਾਦ ਰਹੇ, ਸ਼ੁਭਕਰਨ ਘਰ ਦਾ ਇਕਲੌਤਾ ਕਮਾਊ ਪੁੱਤ ਸੀ। ਉਸ ਦਾ ਪਿਤਾ ਮਾਨਸਿਕ ਤੌਰ ‘ਤੇ ਬਿਮਾਰ ਹੈ, ਜਦਕਿ ਮਾਂ ਨੇ 17 ਸਾਲ ਪਹਿਲਾਂ ਦੂਜੀ ਸ਼ਾਦੀ ਕਰਵਾ ਲਈ ਸੀ। ਇਸ ਹਾਲਤ ਵਿੱਚ ਉਸ ਦੀਆਂ ਦੋ ਭੈਣਾਂ ਤੇ ਸ਼ੁਭਕਰਨ ਨੂੰ ਉਸ ਦੀ ਦਾਦੀ ਨੇ ਹੀ ਪਾਲਿਆ। ਪਰਿਵਾਰ ਕੋਲ ਸਿਰਫ ਡੇੜ ਏਕੜ ਜ਼ਮੀਨ ਹੈ। ਸ਼ੁਭ ਦੇ ਕਤਲ ਦੇ ਕੇਸ ਵਿੱਚ ਐਫ.ਆਈ.ਆਰ. ਦਰਜ ਕਰਨ ਦੇ ਮਾਮਲੇ ‘ਤੇ ਹੁਣ ਸ਼ੰਭੂ ਮੋਰਚੇ ਦਾ ਪੇਚ ਫਸਿਆ ਹੋਇਆ ਹੈ।
ਇਸ ਬਾਰੇ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਦਾ ਆਖਣਾ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਜੀਂਦ ਖੇਤਰ ਵਿੱਚ ਹੋਈ ਹੈ, ਜਦਕਿ ਕਿਸਾਨ ਜਥੇਬੰਦੀਆਂ ਆਖ ਰਹੀਆਂ ਹਨ ਕਿ ਇਹ ਗੋਲੀਕਾਂਡ ਪੰਜਾਬ ਵਾਲੇ ਪਾਸੇ ਵਾਪਰਿਆ। ਹਰਿਆਣਾ ਪੁਲਿਸ ਸ਼ੁਭਕਰਨ ਦੀ ਲਾਸ਼ ਵੀ ਲਿਜਾਣਾ ਚਾਹੁੰਦੀ ਸੀ, ਪਰ ਕਿਸਾਨ ਰਜਿੰਦਰਾ ਹਸਪਤਾਲ ਦੀ ਮੋਰਚਰੀ ਲਾਗੇ ਵੀ ਮੋਰਚਾ ਲਗਾ ਕੇ ਬੈਠ ਗਏ ਹਨ। ਇਸ ਦਰਮਿਆਨ ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਮਾਰਚ 29 ਫਰਵਰੀ ਤੱਕ ਰੋਕਿਆ। 28 ਫਰਵਰੀ ਨੂੰ ਕਿਸਾਨ ਸੰਘਰਸ਼ ਵਿੱਚ ਜੁੜੇ ਦੋਹਾਂ ਫੋਰਮਾਂ- ਡੱਲੇਵਾਲ ਗਰੁੱਪ ਅਤੇ ਪੰਧੇਰ ਗਰੁੱਪ ਦੀ ਮੀਟਿੰਗ ਹੋ ਚੁੱਕੀ ਹੈ।
ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ) ਨੇ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਪਰਦਰਸ਼ਨ ਕਰਨ ਦਾ ਫੈਸਲਾ ਪਹਿਲਾਂ ਹੀ ਲਿਆ ਹੋਇਆ ਹੈ। ਕਿਸਾਨਾਂ ਉਤੇ ਕੀਤੇ ਜਾ ਰਹੇ ਸਰਕਾਰੀ ਜਬਰ ਅਤੇ ਸੜਕਾਂ ‘ਤੇ ਬਣਾਏ ਗਏ ਬੈਰੀਕੇਡਾਂ ਦਾ ਵਿਰੋਧ ਵੀ ਇਸ ਗੁੱਟ ਵੱਲੋਂ ਕੀਤਾ ਜਾ ਰਿਹਾ ਹੈ। ਸੰਯੁਕਤ ਮੋਰਚਾ (ਰਾਜੇਵਾਲ-ਦਰਸ਼ਨਪਾਲ) ਤੇ ਉਗਰਾਹਾਂ ਗਰੁੱਪ ਵੱਲੋਂ ਸ਼ੰਭੂ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਬੋਲਣ/ਪ੍ਰਦਰਸ਼ਨ ਨਾਲ ਕੇਂਦਰ ਸਰਕਾਰ ਵੀ ਕੁਝ ਪਿੱਛੇ ਪੈਰ ਖਿੱਚਣ ਲੱਗੀ ਹੈ। ਉਸ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਬੰਦ ਬੈਰੀਕੇਡ ਅੱਧ ਪਚੱਧ ਖੋਲ੍ਹੇ ਜਾ ਰਹੇ ਹਨ। ਸ਼ੰਭੂ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਅਤੇ ਦੂਜੇ ਕਿਸਾਨ ਸੰਗਠਨਾਂ ਦੇ ਇਸ ਸੰਘਰਸ਼ ਦੀ ਹਮਾਇਤ ਵਿੱਚ ਆ ਜਾਣ ਕਾਰਨ ਸਾਰਾ ਮਾਹੌਲ ਕਿਸਾਨਮਈ ਹੋ ਗਿਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਹਮਦਰਦੀ ਕਿਸਾਨ ਸੰਘਰਸ਼ ਨਾਲ ਜਿਤਾਉਣ ਦਾ ਯਤਨ ਕਰ ਰਹੀਆਂ ਹਨ। ਪੰਜਾਬ ਦੀ ਕਾਂਗਰਸ ਪਾਰਟੀ ਵਲੋਂ ਅੱਜ 28 ਫਰਵਰੀ ਨੂੰ ਟਰੈਕਟਰ ਰੈਲੀਆਂ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਅਕਾਲੀ ਦਲ ਵੀ ਸ਼ੁਭਕਰਨ ਦੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਵੱਲ ਉਂਗਲ ਚੁੱਕ ਚੁੱਕਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ‘ਆਪ’ ਸਰਕਾਰ ਕੇਂਦਰ ਅਤੇ ਹਰਿਆਣਾ ਸਰਕਾਰ ਨਾਲ ਮਿਲੀ ਹੋਈ ਹੈ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਤੋਂ ਪਿੱਛੇ ਹਟ ਗਏ ਹਨ।
ਇਸੇ ਦੌਰਾਨ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਨੇ ਵੀ ਕਿਸਾਨ ਵਰਕਰ ਸ਼ੁਭਕਰਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਬੇਹੱਦ ਦੁੱਖਦਾਈ ਹੈ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਇੰਜ ਸਾਰੀਆਂ ਰਾਜਨੀਤਿਕ ਪਾਰਟੀਆਂ ਸ਼ੁਭਕਰਨ ਦੀ ਸ਼ਹਾਦਤ ਦਾ ਰਾਜਨੀਤਿਕ ਲਾਹਾ ਲੈਣ ਦੇ ਯਤਨ ਵਿੱਚ ਹਨ। ਇਹ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਕਿ ਸ਼ੁਭਕਰਨ ਦੇ ਘਰ ਅਫਸੋਸ ਕਰਨ ਵਾਲੇ ਰਾਜਨੀਤਿਕ ਲੀਡਰਾਂ ਦਾ ਤਾਂਤਾ ਲੱਗਿਆ ਹੋਇਆ ਹੈ। ਮੌਜੂਦਾ ਕਿਸਾਨ ਸੰਘਰਸ਼ ਜੇ ਇੱਕ ਜੁੱਟ ਹੋ ਜਾਂਦਾ ਹੈ ਅਤੇ ਦੇਸ਼ ਪੱਧਰ ‘ਤੇ ਫੈਲ ਜਾਂਦਾ ਹੈ, ਇਸ ਦਾ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *