ਅਕਾਲ ਤਖਤ ਵੱਲੋਂ ‘ਅਯੋਗ’ ਕਰਾਰ ਦਿੱਤੇ ਹੋਣ ਦੇ ਬਾਵਜੂਦ ਗ੍ਰੰਥੀ ਸਿੰਘ ਬਹਾਲ!

ਖਬਰਾਂ ਵਿਚਾਰ-ਵਟਾਂਦਰਾ

*ਮਾਮਲਾ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਦਾ*
ਕੁਲਜੀਤ ਦਿਆਲਪੁਰੀ
ਸਿਨਸਿਨੈਟੀ, ਓਹਾਇਓ: ਗੁਰਦੁਆਰਾ ਗੁਰੂ ਨਾਨਕ ਸੁਸਾਇਟੀ, ਹੈਮਿਲਟਨ ਦੇ ਹੈੱਡ ਗ੍ਰੰਥੀ ਦਾ ਮਾਮਲਾ ਕਰੀਬ ਪੌਣੇ ਛੇ ਮਹੀਨੇ ਲੰਘ ਜਾਣ ਦੇ ਬਾਵਜੂਦ ਟੇਢਾ ਮਸਲਾ ਬਣਿਆ ਹੋਇਆ ਹੈ। ਇਸ ਸਬੰਧੀ ਪ੍ਰਬੰਧਕੀ ਧਿਰ ਦੇ ਕੁਝ ਨੁਮਾਇੰਦਿਆਂ ਅਤੇ ਦੂਜੀ ਧਿਰ ਤੇ ਸੰਗਤੀ ਧਿਰ ਦਰਮਿਆਨ ਵਿਚਾਰਧਾਰਕ ਮਤਭੇਦ ਹੋਰ ਵੀ ਉਭਰ ਆਏ ਹਨ; ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਉਣ ਜਾਂ ਫਿਰ ਅਖੰਡ ਪਾਠੀ ਵਜੋਂ ਸੇਵਾ ਕਰਨ ਤੋਂ ‘ਅਯੋਗ’ ਕਰਾਰ ਦਿੱਤੇ ਹੋਣ ਦੇ ਬਾਵਜੂਦ ਭਾਈ ਅਮਰੀਕ ਸਿੰਘ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਵਜੋਂ ਮੁੜ ਬਹਾਲ ਕਰ ਲਿਆ ਹੋਇਆ ਹੈ। ਕਿਹਾ ਜਾ ਰਿਹਾ ਹੈ, ਗੁਰੂ ਘਰ ਦੇ ਸੰਵਿਧਾਨ ਵਿੱਚ ਇਹ ਲਿਖਿਆ ਹੋਇਆ ਹੈ ਕਿ ਗੁਰੂ ਘਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਚੱਲੇਗਾ, ਪਰ ਗ੍ਰੰਥੀ ਸਿੰਘ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਥਿਤ ਤੌਰ `ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਕੱਤਰੇਤ, ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਥੇਦਾਰ ਦੇ ਨਿੱਜੀ ਸਹਾਇਕ ਸ. ਜਸਪਾਲ ਸਿੰਘ ਦੇ ਦਸਤਖਤਾਂ ਹੇਠ 23 ਜਨਵਰੀ 2024 ਨੂੰ ਜਾਰੀ ਪੱਤਰ ਨੰਬਰ:ਅ:3/26/982 ਵਿੱਚ ਲਿਖਿਆ ਗਿਆ ਹੈ, “ਭਾਈ ਅਮਰੀਕ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਗੁਰੂ ਨਾਨਕ ਸਿਨਸਿਨਾਟੀ, ਅਮਰੀਕਾ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਨਿਭਾਅ ਰਿਹਾ ਹੈ। ਜਿਸ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਸ ਨੇ ਚਲਦੇ ਸ੍ਰੀ ਅਖੰਡ ਪਾਠ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਗੈਰ ਪੜਨ ਤੋਂ ਹੀ ਪਲਟ ਦਿੱਤੇ, ਜੋ ਕਿ ਹੈੱਡ ਗ੍ਰੰਥੀ ਦੇ ਸਤਿਕਾਰਤ ਅਹੁਦੇ `ਤੇ ਹੋਣ ਦੇ ਨਾਤੇ ਨਾ ਬਖਸ਼ਣਯੋਗ ਵੱਡਾ ਗੁਨਾਹ ਹੈ। ਇਸ ਮਸਲੇ `ਤੇ ਨੋਟਿਸ ਲੈਂਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਪੱਤਰ ਰਾਹੀਂ ਇਸ ਪਾਸੋਂ ਸਪੱਸ਼ਟੀਕਰਨ ਮੰਗਿਆ ਸੀ। ਸਪੱਸ਼ਟੀਕਰਨ ਪੁੱਜਣ `ਤੇ ਇਹ ਮਾਮਲਾ ਮਿਤੀ ੨੩-੧੧-੨੦੨੩ (23 ਨਵੰਬਰ 2023) ਨੂੰ ਸਿੰਘ ਸਾਹਿਬ ਜੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਘੋਖ ਕਮੇਟੀ ਦੀ ਇਕੱਤਰਤਾ ਵਿਚ ਵਿਚਾਰਿਆ ਗਿਆ। ਘੋਖ ਕਮੇਟੀ ਵੱਲੋਂ ਹੋਏ ਫੈਸਲੇ ਮੁਤਾਬਿਕ ਅਮਰੀਕ ਸਿੰਘ ਦੀ ਬਹੁਤ ਵੱਡੀ ਗਲਤੀ ਸਾਬਤ ਹੋਈ। ਜਿਸ ਲਈ ਇਹ ਪੰਜ ਪਿਆਰੇ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਕੀਤੀ ਪਿਛਲੀ ਭੁੱਲ ਬਖਸ਼ਾਵੇ, ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਅਮਰੀਕ ਸਿੰਘ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ/ਅਖੰਡ ਪਾਠੀ ਦੀ ਸੇਵਾ ਕਰਨ ਤੋਂ ਅਯੋਗ ਕਰਾਰ ਦਿੱਤਾ ਜਾਂਦਾ ਹੈ। ਅਮਰੀਕਾ ਦੀਆਂ ਸੰਗਤਾਂ ਵੱਲੋਂ ਪੁੱਜੀਆਂ ਦਰਖਾਸਤਾਂ ਦੇ ਅਧਾਰਪੁਰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਅਮਰੀਕ ਸਿੰਘ ਬਾਬਤ ਹੋਏ ਫੈਸਲੇ ਦੀ ਜਾਣਕਾਰੀ ਆਪ ਜੀ ਪਾਸ ਭੇਜੀ ਜਾ ਰਹੀ ਹੈ।
ਧੰਨਵਾਦ ਸਹਿਤ,
ਸ਼ੁਭਚਿੰਤਕ, (ਜਸਪਾਲ ਸਿੰਘ) ਨਿੱਜੀ ਸਹਾਇਕ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ।”
ਇਸ ਪੱਤਰ ਦਾ ਉਤਾਰਾ ਸੰਗਤ ਨੂੰ ਜਾਣਕਾਰੀ ਦੇਣ ਹਿੱਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਦੂਜੀ ਧਿਰ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ (ਗ੍ਰੰਥੀ ਸਿੰਘ ਦੀ ਬਹਾਲੀ ਦੇ ਵਿਰੁੱਧ ਹਨ), ਤੀਰਥ ਸਿੰਘ, ਰਣਜੀਤ ਸਿੰਘ ਖਾਲਸਾ ਤੇ ਪਲਵਿੰਦਰ ਸਿੰਘ ਨੂੰ ਵੀ ਭੇਜਿਆ ਗਿਆ ਹੈ।
ਗ੍ਰੰਥੀ ਸਿੰਘ ਦੀ ਮੁੜ ਕਥਿਤ ਗਲਤ ਬਹਾਲੀ ਦਾ ਵਿਰੋਧ ਕਰ ਰਹੇ ਸੰਗਤ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਗ੍ਰੰਥੀ ਸਿੰਘ ਨੇ ਅਖੰਡ ਪਾਠ ਦੌਰਾਨ ਬਿਨਾ ਪੜ੍ਹਿਆਂ ਵੱਧ ਪੰਨੇ ਪਰਤਣ ਦੇ ਘਟਨਾਕ੍ਰਮ ਨੂੰ ਜਾਣ-ਬੁੱਝ ਕੇ ਅੰਜਾਮ ਦਿੱਤਾ ਸੀ, ਜੋ ਕਿ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਸੀ। ਸੰਗਤ ਮੈਂਬਰਾਂ ਦਾ ਕਹਿਣਾ ਹੈ ਕਿ ਅਣਜਾਣਪੁਣੇ ਵਿੱਚ ਹੋਈ ਗਲਤੀ ਮੁਆਫੀਯੋਗ ਹੈ, ਪਰ ਕਥਿਤ ਤੌਰ ‘ਤੇ ਮਿੱਥ ਕੇ ਅਜਿਹਾ ਕਰਨਾ ਇੱਕ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨਾ ਹੈ। ਗ੍ਰੰਥੀ ਸਿੰਘ ਦੀ ਮੁੜ ਬਹਾਲੀ ਪ੍ਰਤੀ ਸੰਗਤ ਦੇ ਇੱਕ ਹਿੱਸੇ ਵਿੱਚ ਰੋਸ ਹੈ ਅਤੇ ਉਹ ਇਸ ਨੂੰ ਪ੍ਰਬੰਧਕ ਕਮੇਟੀ ਦੀ ਮਨਮਾਨੀ ਦੱਸ ਰਹੇ ਹਨ। ਬਹੁਤੀ ਸੰਗਤ ਵੀ ਹੁਣ ਇਸ ਸਭ ਵਰਤਾਰੇ ਤੋਂ ਕੁਝ ਕੁਝ ਦੁਵਿਧਾ ਵਿੱਚ ਹੈ। ਕੁਝ ਲੋਕ ਅਣਮੰਨੇ ਮਨ ਨਾਲ ਆਪਣੀ ਧਿਰ (ਪ੍ਰਬੰਧਕ ਕਮੇਟੀ) ਦੇ ਹੱਕ ਵਿੱਚ ਹਨ, ਪਰ ਗ੍ਰੰਥੀ ਸਿੰਘ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ ਦਾ ਸਤਿਕਾਰ ਵੀ ਉਨ੍ਹਾਂ ਦੇ ਮਨ ਵਿੱਚ ਹੈ। ਹਾਲਾਂਕਿ ਅਸਲ ਮਾਮਲੇ ਦਾ ਕਰੀਬ ਕਰੀਬ ਸਾਰੀ ਸੰਗਤ ਨੂੰ ਪਤਾ ਹੈ।
ਇਸੇ ਦੌਰਾਨ ਜਗਪਾਲ ਸਿੰਘ ਗਰੇਵਾਲ ਤੇ ਗੁਰਜੰਟ ਸਿੰਘ ਸੇਖੋਂ ਵੱਲੋਂ ਸ਼ੁਰੂ ਕੀਤੀ ਅਤੇ ਸੰਗਤ ਦੇ ਮੈਂਬਰਾਂ ਵੱਲੋਂ ਸਾਈਨ ਕੀਤੀ ਇੱਕ ਪਟੀਸ਼ਨ ਕਾਰਜਕਾਰੀ ਕਮੇਟੀ ਨੂੰ ਦਿੱਤੀ ਗਈ ਹੈ, ਜਿਸ ਵਿੱਚ ਗ੍ਰੰਥੀ ਸਿੰਘ ਦੀ ਕਥਿਤ ਗਲਤ ਢੰਗ ਨਾਲ ਮੁੜ ਬਹਾਲੀ ਦਾ ਵਿਰੋਧ ਕਰ ਰਹੇ ਗੁਰੂ ਨਾਨਕ ਸੁਸਾਇਟੀ ਦੇ ਮੈਂਬਰਾਂ- ਰਣਜੀਤ ਸਿੰਘ, ਤੀਰਥ ਸਿੰਘ ਸੰਦਰ, ਪਲਵਿੰਦਰ ਸਿੰਘ ਤੇ ਚਰਨਜੀਤ ਸਿੰਘ ਸੋਹਲ ਦੀ ਮੈਂਬਰਸ਼ਿਪ ਰੱਦ ਕਰਨ ਲਈ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਇਸ ਸਬੰਧੀ 10 ਮਾਰਚ 2024 ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ। ਇਸ ਸਬੰਧੀ ਉਕਤ ਚਾਰਾਂ ਨੇ ਕਿਹਾ ਹੈ ਕਿ ਇਹ ਸਭ ਕੁਝ ਸੱਚ ਦੀ ਆਵਾਜ਼ ਦਬਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗ੍ਰੰਥੀ ਸਿੰਘ ਦਾ ਮੁੱਦਾ ਸੰਗਤ ਦੇ ਸਾਹਮਣੇ ਲਿਆਂਦਾ ਅਤੇ ਹੁਣ ਸਾਡੀ ਹੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਉਤੇ ਦਸਤਖਤ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ, ਹਾਲਾਂਕਿ ਸੰਗਤ ਸੱਚ ਜਾਣਦੀ ਹੈ, ਪਰ ਸਾਨੂੰ ਸਾਡਾ ਪੱਖ ਰੱਖਣ ਨਹੀਂ ਦਿੱਤਾ ਜਾਂਦਾ।
ਅਸਲ ਵਿੱਚ ਮਾਮਲਾ ਗੁਰੂ ਘਰ ਦੇ ਹੈੱਡ ਗ੍ਰੰਥੀ ਵੱਲੋਂ ਗੁਰੂ ਘਰ ਵਿੱਚ ਅਖੰਡ ਪਾਠ ਦੌਰਾਨ ਬਿਨਾ ਪੜ੍ਹਿਆਂ ਗੁਰੂ ਗ੍ਰੰਥ ਸਾਹਿਬ ਦੇ 49 ਪੰਨੇ ਪਲਟਣ ਦਾ ਹੈ। ਦੱਸ ਦਈਏ ਕਿ 9 ਸਤੰਬਰ 2023 ਨੂੰ ਰਾਤ ਵੇਲੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਗੁਰੂ ਘਰ ਵਿੱਚ ਚੱਲ ਰਹੇ ਅਖੰਡ ਪਾਠ ਦੌਰਾਨ ਰੌਲ਼ ਲਾਉਣ ਦੀ ਸੇਵਾ ਦੌਰਾਨ ਇੱਕ ਪੰਨਾ ਪਲਟਣ ਦੀ ਥਾਂ ਕੁਝ ਪੰਨੇ ਬਿਨਾ ਗੁਰਬਾਣੀ ਦਾ ਪਾਠ ਕੀਤਿਆਂ ਪਲਟ ਦਿੱਤੇ ਸਨ। ਮਾਮਲਾ ਚਰਚਾ ਵਿੱਚ ਆ ਜਾਣ ਕਾਰਨ ਪਹਿਲਾਂ ਇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਗੁਰਦੁਆਰਾ ਸਾਹਿਬ ਨਾਲ ਜੁੜੀ ਸੰਗਤ ਦੇ ਕੁਝ ਮੈਂਬਰਾਂ ਨੇ ਇਸ ਗੱਲੋਂ ਸਖ਼ਤ ਇਤਰਾਜ਼ ਜਤਾਇਆ ਸੀ।
ਪ੍ਰਬੰਧਕੀ ਕਮੇਟੀ ਦੇ ਇੱਕ ਹਿੱਸੇ ਵੱਲੋਂ ਗ੍ਰੰਥੀ ਸਿੰਘ ਨੂੰ ਭੁੱਲ ਬਖਸ਼ਾਉਣ ਲਈ ਤਨਖਾਹ/ਸੇਵਾ ਲਾਈ ਗਈ ਸੀ। ਇਸ ਸਭ ਤੋਂ ਅਸੰਤੁਸ਼ਟ ਕੁਝ ਸੰਗਤ ਮੈਂਬਰਾਂ ਵੱਲੋਂ ਮਾਮਲਾ ਅਕਾਲ ਤਖਤ ਸਾਹਿਬ ਦੇ ਧਿਆਨਗੋਚਰੇ ਲਿਆਂਦਾ ਗਿਆ, ਜਿਸ ‘ਤੇ ਕਾਰਵਾਈ ਕਰਦਿਆਂ ਅਕਾਲ ਤਖਤ ਸਾਹਿਬ ਵੱਲੋਂ ਵੀ ਗ੍ਰੰਥੀ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਜ਼ਿੰਮੇ ਸੇਵਾ ਲਾਈ ਗਈ ਸੀ।
ਇਸੇ ਦੌਰਾਨ ਗ੍ਰੰਥੀ ਸਿੰਘ ਦੀ ਮੁੜ ਬਹਾਲੀ ਪ੍ਰਤੀ ਨਾਰਾਜ਼ ਧਿਰ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਇਸੇ ਗ੍ਰੰਥੀ ਸਿੰਘ ਵੱਲੋਂ (ਗੁਰਦੁਆਰਾ) ਗੁਰੂ ਗੋਬਿੰਦ ਸਿੰਘ ਸਿੱਖ ਸੁਸਾਇਟੀ, ਕਲੀਵਲੈਂਡ ਵਿੱਚ ਸੇਵਾ ਨਿਭਾਏ ਜਾਣ ਦੌਰਾਨ ਅਰਦਾਸ ਸਮੇਂ ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ’ ਵਾਲੇ ਬੋਲਿਆਂ ਵਿੱਚੋਂ ਸ਼ਬਦ ‘ਕੇਸ ਦਾਨ’ ਨੂੰ ਕਥਿਤ ਤੌਰ `ਤੇ ਜਾਣ-ਬੁੱਝ ਕੇ ਛੱਡ ਦਿੱਤਾ ਜਾਂਦਾ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਸਭ ਦਾ ਗੁਰਦੁਆਰਾ ਕਲੀਵਲੈਂਡ ਦੀ ਪ੍ਰਬੰਧਕ ਕਮੇਟੀ ਕੋਲ ਲਿਖਤੀ ਤੌਰ `ਤੇ ਸਬੂਤ ਵੀ ਹੈ। ਸਵਾਲ ਕੀਤਾ ਜਾ ਰਿਹਾ ਹੈ, ਅਜਿਹੀ ਕੀ ਮਜਬੂਰੀ ਸੀ ਕਿ ‘ਕੇਸ ਦਾਨ’ ਸ਼ਬਦ ਅਰਦਾਸ ਸਮੇਂ ਬੋਲਿਆ ਨਹੀਂ ਸੀ ਜਾਂਦਾ?
ਭਾਈ ਅਮਰੀਕ ਸਿੰਘ ਗੁਰਦੁਆਰਾ ਹੈਮਿਲਟਨ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ, ਪਰ ਉਨ੍ਹਾਂ ਵੱਲੋਂ ਅਖੰਡ ਪਾਠ ਦੌਰਾਨ ਕੁਰਹਿਤ ਕੀਤੇ ਜਾਣ ਕਾਰਨ ਅਤੇ ਫਿਰ ਸੰਗਤ ਵਿੱਚ ਪੈਦਾ ਹੋਏ ਮਾਹੌਲ ਕਾਰਨ ਸੰਗਤ ਦੇ ਇੱਕ ਹਿੱਸੇ ਵਿੱਚ ਪ੍ਰਬੰਧਕ ਕਮੇਟੀ ਦੇ ਰਵੱਈਏ ਪ੍ਰਤੀ ਨਿਰਾਸ਼ਾ ਹੈ। ਇਸ ਧਿਰ ਨੇ ਗੁਰੂ ਘਰ ਦੀ ਸਮੁੱਚੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਘਰ ਵਿੱਚ ਅਜਿਹੀਆਂ ਬੇਅਦਬੀਆਂ ਜਾਂ ਮਨਮਰਜੀਆਂ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਕਿਉਂਕਿ ਕੁਰਹਿਤ ਹੋਣ ਕਰਨ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ। ਧਿਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਾਮਲੇ ਨੂੰ ਸਦਭਾਵਨਾ ਨਾਲ ਨਜਿੱਠ ਕੇ ਸਿੱਖੀ ਸਿਧਾਂਤ ਦੀ ਸਰਬਉਚਤਾ ਲਈ ਫੈਸਲੇ ਲੈਣੇ ਚਾਹੀਦੇ ਹਨ। ਧਿਰ ਦਾ ਕਹਿਣਾ ਹੈ ਕਿ ਜੇ ਸਮੁੱਚੀ ਸੰਗਤ ਦੇ ਮੈਂਬਰ ਹੁਣ ਵੀ ਚੁੱਪ ਰਹੇ ਤਾਂ ਭਵਿੱਖ ਵਿੱਚ ਵੀ ਹੋਰ ਅਜਿਹੇ ਗ੍ਰੰਥੀ ਸਿੰਘ ਕਥਿਤ ਤੌਰ ‘ਤੇ ਬੇਅਦਬੀਆਂ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਹੋਈਆਂ ਬੈਠਕਾਂ ਵਿੱਚ ਗ੍ਰੰਥੀ ਸਿੰਘ ਤੋਂ ਮੁਆਫੀਨਾਮਾ ਅਤੇ ਅਸਤੀਫਾ ਲੈ ਲਏ ਜਾਣ ‘ਤੇ ਸਹਿਮਤੀ ਬਣਨ ਪਿੱਛੋਂ ਜਦੋਂ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਇਸ ਨੂੰ ਕਿਸੇ ਤਰੀਕੇ ਨਜਿੱਠਣ ਦੀਆਂ ਚਾਰਾਜੋਈਆਂ ਕੀਤੀਆਂ ਗਈਆਂ ਤਾਂ ਇਸ ਮਾਮਲੇ ਵਿੱਚ ਗ੍ਰੰਥੀ ਸਿੰਘ ਨੂੰ ਇੱਕ ਮੌਕਾ ਹੋਰ ਦੇਣ ਅਤੇ ਉਸ ਦੀਆਂ ਸੇਵਾਵਾਂ ਖਤਮ ਕਰਨ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਤੇ ਸੰਗਤ ਮੈਂਬਰਾਂ ਵਿੱਚ ਮਤਭੇਦ ਉਭਰ ਆਏ ਸਨ। ਗ੍ਰੰਥੀ ਸਿੰਘ ਸਬੰਧੀ ਘਟਨਾਕ੍ਰਮ ਬਾਰੇ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾ ਬਣਨ ਕਰਕੇ ਮਾਮਲਾ ਅਕਾਲ ਤਖਤ ਸਾਹਿਬ ਕੋਲ ਪੁੱਜ ਗਿਆ ਸੀ।
ਦੱਸ ਦਈਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰ ਹਨ, ਜੋ ਪਿਛਲੇ ਸਾਲ ਦੇ ਸ਼ੁਰੂ ਵਿੱਚ ਪਰਚੀ ਕੱਢਣ ਦੀ ਵਿਧੀ ਰਾਹੀਂ ਚੁਣੇ ਗਏ ਸਨ। ਇਸ ਮਾਮਲੇ ਵਿੱਚ ਕਮੇਟੀ ਦੇ ਕੁਝ ਮੈਂਬਰ ਕਥਿਤ ਤੌਰ ‘ਤੇ ਗ੍ਰੰਥੀ ਸਿੰਘ ਦੀ ਹਮਾਇਤ ਉਤੇ ਹੋਣ ਦੀ ਚਰਚਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗਲਤੀ ਮੰਨ ਲਏ ਜਾਣ ‘ਤੇ ਸੰਗਤ ਵਿੱਚ ਮਾੜਾ ਪ੍ਰਭਾਵ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੂੰ ਪਹਿਲਾਂ ਸਿਰਫ ਕੀਰਤਨ ਕਰਨ ਦੀ ਆਗਿਆ ਹੀ ਦਿੱਤੀ ਗਈ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਤੋਂ ਵਰਜਿਆ ਗਿਆ ਸੀ। ਤਨਖਾਹ ਦੇ ਰੂਪ ਵਿੱਚ ਹੋਰ ਸੇਵਾ ਵੀ ਲਾਈ ਗਈ ਸੀ। ਸੰਗਤ ਦੇ ਕੁਝ ਮੈਂਬਰਾਂ ਵੱਲੋਂ ਇਸ ਮਾਮਲੇ ‘ਤੇ ਲਏ ਗਏ ਫੈਸਲੇ ਉੱਤੇ ਅਸਹਿਮਤੀ ਪ੍ਰਗਟਾਉਂਦਿਆਂ ਜਨਰਲ ਇਜਲਾਸ ਸੱਦਣ ਲਈ ਪਟੀਸ਼ਨ ਉੱਤੇ ਦਸਤਖਤ ਕਰਵਾਏ ਜਾਣ ਦੀ ਕਵਾਇਦ ਵੀ ਹੋਈ ਸੀ। ਸਪਸ਼ਟ ਕੀਤਾ ਗਿਆ ਹੈ ਕਿ ਭਾਈ ਅਮਰੀਕ ਸਿੰਘ ਦੀ ਮੁੜ ਬਹਾਲੀ ਦਾ ਵਿਰੋਧ ਕਰਨਾ ਭਾਈ ਅਮਰੀਕ ਸਿੰਘ ਦਾ ਅਪਮਾਨ ਕਰਨਾ ਨਹੀਂ ਹੈ, ਸਗੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖੇ ਜਾਣ ਅਤੇ ਪ੍ਰਬੰਧਕੀ ਕਮੇਟੀ ਦੇ ਕੁਝ ਨੁਮਾਇੰਦਿਆਂ ਦੀ ਕਥਿਤ ਮਨਮਰਜੀ ਵਿਰੁੱਧ ਆਵਾਜ਼ ਉਠਾਉਣਾ ਹੈ।

Leave a Reply

Your email address will not be published. Required fields are marked *