ਤਰਲੋਚਨ ਸਿੰਘ ਭੱਟੀ
ਪੰਜਾਬ! ਸਾਡਾ ਰੰਗਲਾ ਖੇਤਰ, ਜੋ ਕੁਦਰਤ ਦੇ ਪੂਰੇ ਨਿਖਾਰ ਦੀ ਬਹੁਰੰਗੀ ਤਸਵੀਰ ਪੇਸ਼ ਕਰਦਾ ਹੈ। ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ-ਭੂਮੀ, ਬੀਰ ਭੂਮੀ ਅਤੇ ਕਲਾ-ਭੂਮੀ ਬਣਾ ਦਿੱਤਾ ਹੈ। ਹੜ੍ਹਪਾ ਸੱਭਿਅਤਾ ਦੇ ਪੰਘੂੜੇ ਨੂੰ ਸ਼ਾਇਦ ਪਹਿਲਾ ਝੂਟਾ ਇੱਥੇ ਮਿਲਿਆ ਹੈ। ਵਿਸ਼ਵ ਸਾਹਿਤ ਦੇ ਮੰਗਲਾਚਰ ਵੇਦ ਰਿਚਾਵਾ ਦੇ ਰੂਪ ਵਿੱਚ ਇੱਥੋਂ ਦੇ ਦਰਿਆਵਾਂ ਅਤੇ ਨਦੀਆਂ ਦੇ ਕੰਢਿਆਂ ਦੇ ਸਮਾਧੀ ਧਾਰੀ ਰਿਸ਼ੀਆਂ ਦੇ ਕੰਠੋਂ ਗੂੰਜਿਆ ਸੀ।
ਪ੍ਰਾਚੀਨ ਸਮੇਂ ਦੌਰਾਨ ਪੰਜਾਬ ਖੇਤਰ ਦੇ ਕਈ ਨਾਮ ਸਨ। ਵੈਦਿਕ ਗ੍ਰੰਥਾਂ ਅਨੁਸਾਰ ‘ਸਪਤ ਸਿੰਧੂ’ (ਸੱਤ ਦਰਿਆ- ਚਨਾਬ, ਜੇਹਲਮ, ਰਾਵੀ, ਸਤਲੁਜ, ਬਿਆਸ, ਸਿੰਧ ਅਤੇ ਸਰਸਵਤੀ) ਵਜੋਂ ਜਾਣਿਆ ਜਾਂਦਾ ਸੀ। ਯੂਨਾਨੀਆਂ ਨੇ ਇਸ ਦਾ ਨਾਮ ‘ਪੇਂਟਾਪੋਟਾਮੀਆ’ ਰੱਖਿਆ। ਮਹਾਭਾਰਤ ਅਤੇ ਰਮਾਇਣ ਸਮੇਂ ਇਸ ਨੂੰ ‘ਪੰਚਨੰਦ’ ਅਤੇ ‘ਬ੍ਰਹਮਵ੍ਰੱਤ’ ਕਿਹਾ ਜਾਂਦਾ ਸੀ। ਪੰਜਾਬ ਦਾ ਇਤਿਹਾਸ ਵੱਖ-ਵੱਖ ਸੱਭਿਆਚਾਰਾਂ ਅਤੇ ਵਿਚਾਰਾਂ ਵਾਲੇ ਲੋਕਾਂ ਦੇ ਵੱਖ-ਵੱਖ ਕਬੀਲਿਆਂ ਦੇ ਪਰਵਾਸ ਅਤੇ ਵਸੇਬੇ ਦਾ ਗਵਾਹ ਹੈ। ਪ੍ਰਾਚੀਨ ਸਿੰਧ-ਘਾਟੀ ਸੱਭਿਅਤਾ ਇਸ ਖੇਤਰ ਵਿੱਚ 1900 ਈਸਾ ਪੂਰਵ ਦੇ ਆਸ-ਪਾਸ ਪਤਨ ਲਈ ਵਧੀ। ਪੰਜਾਬ ਵੈਦਿਕ ਕਾਲ ਦੌਰਾਨ ਅਮੀਰ ਹੋਇਆ। ਇਹ ਖੇਤਰ ਸਿਕੰਦਰ, ਮੌਰੀਆ, ਕੁਸ਼ਾਨ, ਗੁਪਤਾ ਸਾਮਰਾਜ, ਦਿੱਲੀ ਸਲਤਨਤ, ਮੁਗਲ ਸਾਮਰਾਜ, ਮਹਾਰਾਜਾ ਰਣਜੀਤ ਸਿੰਘ ਦਾ ‘ਸਰਕਾਰ-ਏ-ਖਾਲਸਾ’ ਅਤੇ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਰਿਹਾ ਹੈ। ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਹੋਈਆਂ ਖੋਜਾਂ ਅਨੁਸਾਰ ਵੱਖ-ਵੱਖ ਕਬੀਲਿਆਂ, ਜਾਤਾਂ, ਬਰਾਦਰੀਆਂ ਅਤੇ ਪੰਜਾਬ ਖੇਤਰ ਦੇ ਵਸਨੀਕਾਂ ਦੀ ਇੱਕ ਵਿਆਪਕ ਸਾਂਝੀ ‘ਪੰਜਾਬੀ’ ਪਛਾਣ 18ਵੀਂ ਸਦੀ ਦੀ ਸ਼ੁਰੂਆਤ ਤੋਂ ਸ਼ੁਰੂ ਹੋਈ। ਸਮੇਂ ਦੇ ਬੀਤਣ ਨਾਲ ਕਬੀਲਿਆਂ, ਬਹਾਦਰੀਆਂ, ਜਾਤਾਂ ਦੀ ਥਾਂ ਇੱਕ ਸੰਪੂਰਨ ਭਾਈਚਾਰਾ ਬਣ ਗਿਆ, ਜਿਸ ਦੀ ਬੋਲੀ ਪੰਜਾਬੀ ਜਾਂ ਪੰਜਾਬੀ ਦੀਆਂ ਉੱਪ-ਬੋਲੀਆਂ, ਪੇਸ਼ਾ ਮੁੱਖ ਤੌਰ `ਤੇ ਖੇਤੀਬਾੜੀ, ਪਹਿਰਾਵਾ ਇੱਕੋ ਜਿਹਾ ਅਤੇ ਰਹਿਣੀ-ਬਹਿਣੀ ਵੀ ਇੱਕੋ ਜਿਹੀ ਹੈ।
ਭੂਗੋਲਿਕ ਤੌਰ `ਤੇ ਪੰਜਾਬ ਐਸਾ ਖੇਤਰ ਰਿਹਾ ਹੈ, ਜਿੱਥੇ ਵਿਦੇਸ਼ੀ ਹਮਲਿਆਂ ਕਾਰਨ ਪੰਜਾਬੀਆਂ ਨੂੰ ਆਪਣੀ ਰਖਵਾਲੀ ਕਰਨ ਲਈ ਹਥਿਆਰਬੰਦ ਹੋ ਕੇ ਧਾੜਵੀਆਂ ਵਿਰੁੱਧ ਲੜਨ ਲਈ ਮਜਬੂਰ ਹੋ ਗਿਆ, ਜਿਸ ਕਾਰਨ ਪੰਜਾਬੀ ਸੁਭਾਅ ਵਿੱਚ ਬਗਾਵਤੀ ਸੁਰ ਭਾਰੀ ਹੋ ਗਈ। ਸਮੇਂ ਦੀਆਂ ਸਰਕਾਰਾਂ ਦੇ ਜੁਲਮਾਂ ਦਾ ਵਿਰੋਧ ਕਰਨਾ ਅਤੇ ਹਕੂਮਤਾਂ ਦੇ ਜ਼ਾਲਮਾਨਾ ਰਵੱਈਏ ਦਾ ਡੱਟ ਕੇ ਮੁਕਾਬਲਾ ਕਰਨਾ ਪੰਜਾਬੀਆਂ ਦੀ ਜੀਵਨ-ਸ਼ੈਲੀ ਦਾ ਹਿੱਸਾ ਬਣ ਗਿਆ। ਗੁਰੂਆਂ ਪੀਰਾਂ ਦੀਆਂ ਸਿੱਖਿਆਵਾਂ ਨੇ ਪੰਜਾਬੀਆਂ ਦੀ ਜੀਵਨ ਸ਼ੈਲੀ ਨੂੰ ਆਸ਼ਾਵਾਦੀ ਅਤੇ ਮਾਨਵਵਾਦੀ ਸੋਚ ਵਿੱਚ ਬਦਲਿਆ। ਸਿੱਖ ਗੁਰੂਆਂ ਨੇ ਸਮੇਂ ਦੀਆਂ ਸਰਕਾਰਾਂ ਦੇ ਜੁਲਮਾਂ ਵਿਰੁੱਧ ਲੋਕਾਂ ਨੂੰ ਲੜਨ ਲਈ ਲਾਮਬੰਦ ਕੀਤਾ ਅਤੇ ਆਪਣੀਆਂ ਅਦੁੱਤੀ ਕੁਰਬਾਨੀਆਂ ਤੇ ਸ਼ਹਾਦਤਾਂ ਸਦਕਾ ਪੰਜਾਬ ਖੇਤਰ ਦੇ ਲੋਕਾਂ ਨੂੰ ਜੁਲਮ ਵਿਰੁੱਧ ਲੜਨ ਦਾ ਸਿਧਾਂਤ ਦਿੱਤਾ। ਗੁਰੂਆਂ, ਪੀਰਾਂ, ਸੰਤ-ਸਾਧਾਂ ਦੀਆਂ ਲਿਖਤਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ. ਵਿੱਚ ਵਿਸਾਖੀ ਦੇ ਦਿਹਾੜੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਖੇਤਰ ਵਿੱਚ ਵਸਦੇ ਲੋਕਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਗਈ। ਸਾਡੇ ਗੁਰੂਆਂ ਨੇ ਹੱਥੀਂ ਕਿਰਤ ਕਰਨੀ, ਵੰਡ ਛਕਣਾ, ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਸਰਬਤ ਦੇ ਭਲੇ ਲਈ ਸਰਗਰਮ ਰਹਿਣਾ ਸਿਖਾਇਆ। ਲੋਕਾਂ ਨੂੰ ਇੱਕ ਵਿਲੱਖਣ ਪਹਿਰਾਵਾ ਦਿੱਤਾ। ਆਪਣੇ ਸਿਰ ਦੀ ਹਿਫਾਜ਼ਤ ਕਰਨ ਲਈ ਸਿਰ `ਤੇ ਪੱਗੜੀ ਜਾਂ ਦੁਪੱਟਾ ਸਜਾਉਣਾ, ਹਰ ਇੱਕ ਨੂੰ ਬਰਾਬਰ ਸਮਝਣਾ ਅਤੇ ਆਦਰ ਦੇਣਾ, ਜੁਲਮਾਂ ਦਾ ਡੱਟ ਕੇ ਮੁਕਾਬਲਾ ਕਰਨਾ ਸਿਖਾਇਆ। ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਦੀ ਸਾਜਨਾ ਪੰਜਾਬੀ ਖੇਤਰ ਦੇ ਲੋਕਾਂ ਦੀ ਜੀਵਨ ਸ਼ੈਲ਼ੀ ਦਾ ਆਧਾਰ ਹਨ। ਪੰਜਾਬੀ ਲੋਕ ਅਤੇ ਸਮੁੱਚੀ ਪੰਜਾਬੀਅਤ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦੇ ਹਨ। ਇਹੋ ਕਾਰਨ ਹੈ ਕਿ ਪੰਜਾਬੀ ਲੋਕ ਧਾਰਮਿਕ ਨਿਰਪੱਖਤਾ ਦੀ ਮਿਸਾਲ ਹਨ। ਜਦੋਂ ਵੀ ਪੰਜਾਬੀਆਂ ਉਤੇ ਧਰਮ ਹਾਵੀ ਹੋਇਆ ਹੈ, ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਹੀ ਹੋਇਆ ਹੈ।
ਜਿੱਥੋਂ ਤੱਕ ਪੰਜਾਬ ਖੇਤਰ ਦੀ ਭੂਗੋਲਿਕ ਹੱਦਬੰਦੀ ਦਾ ਸਵਾਲ ਹੈ, ਖੋਜਕਾਰਾਂ ਦਾ ਮੰਨਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਤ ਕੀਤੇ ਗਏ ‘ਸਰਕਾਰ-ਏ-ਖਾਲਸਾ’ ਰਾਜ ਨੇ ਪੰਜਾਬ ਖਿੱਤੇ ਨੂੰ ਪਹਿਲੀ ਵਾਰ ਇੱਕ ਰਾਜਨੀਤਿਕ ਇਕਾਈ ਵਿੱਚ ਪਰੋਇਆ। ਉਸ ਸਮੇਂ ਪੰਜਾਬ ਦੇ ਮੁੱਖ ਕਸਬੇ ਸ਼੍ਰੀਨਗਰ, ਅਟੱਕ, ਪਿਸ਼ਾਵਰ, ਬੰਨੂ, ਰਾਵਲਪਿੰਡੀ, ਜੰਮੂ, ਗੁਜਰਾਤ, ਸਿਆਲਕੋਟ, ਕਾਂਗੜ, ਅੰਮ੍ਰਿਤਸਰ, ਲਾਹੌਰ ਅਤੇ ਮੁਲਤਾਨ ਆਦਿ ਸ਼ਾਮਲ ਸਨ। ਜੇ ਅੰਗਰੇਜ਼ੀ ਸਾਮਰਾਜ ਅਧੀਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਪੰਜਾਬ ਵਿੱਚ (ਪੰਜਾਬ, ਸੂਬਾ ਇਸਲਾਮਾਬਾਦ, ਰਾਸ਼ਟਰੀ ਰਾਜਾਧਾਨੀ ਖੇਤਰ ਦਿੱਲੀ, ਮੌਜੂਦਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸ਼ਾਮਲ ਸੀ। ਪੰਜਾਬ ਪ੍ਰਸ਼ਾਸਨਿਕ ਪੱਖੋਂ ਪੰਜਾਬ ਬ੍ਰਿਟਿਸ਼ ਇੰਡੀਆ, ਬ੍ਰਿਟਿਸ਼ ਖੇਤਰ ਅਤੇ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਪੰਜਾਬ ਜੋ ਬ੍ਰਿਟਿਸ਼ ਇੰਡੀਆ ਅਧੀਨ ਆਇਆ, ਮੁੱਖ ਤੌਰ `ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਪੰਜਾਬ ਖੇਤਰ ਸੀ, ਜਿਸ ਵਿੱਚ 5 ਡਵੀਜ਼ਨਾਂ– ਲਾਹੌਰ (9 ਜ਼ਿਲ੍ਹੇ), ਰਾਵਲਪਿੰਡੀ (4 ਜ਼ਿਲੇ੍ਹ), ਮੁਲਤਾਨ (5 ਜ਼ਿਲ੍ਹੇ), ਜਲੰਧਰ (5 ਜ਼ਿਲ੍ਹੇ) ਅਤੇ ਦਿੱਲੀ ਰਾਜਧਾਨੀ ਖੇਤਰ (7 ਜ਼ਿਲ੍ਹੇ) ਸ਼ਾਮਲ ਸਨ। ਬ੍ਰਿਟਿਸ਼ ਖੇਤਰ ਵਾਲੇ ਪੰਜਾਬ ਵਿੱਚ ਰਿਆਸਤੀ ਖੇਤਰ- ਪਟਿਆਲਾ, ਜੀਂਦ, ਨਾਭਾ, ਬਹਾਲਪੁਰ, ਕਪੂਰਥਲਾ, ਫਰੀਕਦਕੋਟ, ਮਾਲੇਰਕੋਟਲਾ, ਚੰਬਾ, ਸ਼ਿਮਲਾ, ਪਹਾੜੀ ਰਾਜ ਆਦਿ ਸ਼ਾਮਲ ਸਨ।
ਸਮੇਂ ਦੇ ਗੇੜ ਨਾਲ ਪੰਜਾਬ ਦਾ ਭੂਗੋਲਿਕ ਸਰੂਪ ਬਦਲਦਾ ਜਾ ਰਿਹਾ ਹੈ। ਪੰਜਾਬ ਦਾ ਦੁਖਾਂਤ ਰਿਹਾ ਹੈ ਕਿ ਇਸ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਵੰਡਿਆ ਜਾਂਦਾ ਰਿਹਾ ਹੈ। ਪੰਜਾਬ ਖੇਤਰ ਦੀ ਪਹਿਲੀ ਵੰਡ 1901 ਈ. ਵਿੱਚ ਉਦੋਂ ਹੋਈ, ਜਦੋਂ ਪੰਜਾਬ ਦੇ ਉਹ ਇਲਾਕੇ ਜਿਹੜੇ ਅਫਗਾਨਿਸਤਾਨ ਨਾਲ ਲੱਗਦੇ ਸਨ, ਨੂੰ ਪੰਜਾਬ ਖੇਤਰ ਨਾਲੋਂ ਵੱਖ ਕਰਕੇ ‘ਉੱਤਰ-ਪੱਛਮੀ ਸਰਹੱਦੀ ਸੂਬਾ’ ਇਲਾਕੇ ਬਣਾ ਦਿੱਤਾ ਗਿਆ, ਜਿਸਦੀ ਰਾਜਧਾਨੀ ਪਿਸ਼ੌਰ ਬਣਾਈ ਗਈ। ਬਾਵਜੂਦ ਇਸਦੇ ਕਿ ਇਸ ਇਲਾਕੇ ਦੇ ਲੋਕਾਂ ਦੀ ਬੋਲੀ ਪੰਜਾਬੀ ਸੀ, ਪਰ ਧਰਮ ਦੇ ਆਧਾਰ `ਤੇ ਇਸ ਨੂੰ ਪਠਾਣੀ ਇਲਾਕਾ ਐਲਾਨਿਆ ਗਿਆ। 1947 ਈ. ਵਿੱਚ ਜਦੋਂ ਭਾਰਤ ਵਿੱਚੋਂ ਧਰਮ ਦੇ ਆਧਾਰ `ਤੇ ਪਾਕਿਸਤਾਨ ਨਵਾਂ ਦੇਸ਼ ਬਣਾਇਆ ਗਿਆ ਤਾਂ ਪੰਜਾਬ ਨੂੰ ਵੀ ਧਰਮ ਦੇ ਆਧਾਰ `ਤੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਭਾਰਤ) ਵਿੱਚ ਵੰਡਿਆ ਗਿਆ। ਪੰਜਾਬ ਦੀ ਇਹ ਵੰਡ ਏਨੀ ਵੱਡੀ ਖੂਨੀ ਅਤੇ ਹਿੰਸਕ ਵੰਡ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਲੱਖਾਂ ਪੰਜਾਬੀ ਲੋਕ ਧਰਮ ਦੇ ਨਾਮ `ਤੇ ਬਲੀ ਦਾ ਬੱਕਰਾ ਬਣੇ, ਔਰਤਾਂ ਬੇਪੱਤ ਹੋਈਆਂ ਅਤੇ ਲੱਖਾਂ ਲੋਕ ਇੱਕ ਪੰਜਾਬੀ ਇਲਾਕੇ ਤੋਂ ਦੂਸਰੇ ਪੰਜਾਬੀ ਇਲਾਕੇ ਵਿੱਚ ਪਰਵਾਸ ਕਰ ਗਏ।
1966 ਵਿੱਚ ਪੰਜਾਬ ਨੂੰ ਭਾਸ਼ਾ ਦੇ ਆਧਾਰ `ਤੇ ਫਿਰ ਤੋਂ ਵੰਡਿਆ ਗਿਆ। ਪੰਜਾਬੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਕਿਸੇ ਇੱਕ ਫਿਰਕੇ, ਧਰਮ, ਜਾਤ, ਬਰਾਦਰੀ ਦੀ ਜੱਦੀ ਮਲਕੀਅਤ ਨਹੀ ਹੈ, ਸਗੋਂ ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ “ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ `ਤੇ।”
ਪੰਜਾਬ ਖੇਤਰ ਜਦੋਂ ਵੀ ਵੰਡਿਆ ਗਿਆ, ਉਦੋਂ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਆਪਣੇ ਸਿਆਸੀ ਏਜੰਡੇ ਦੀ ਪੂਰਤੀ ਲਈ ਪੰਜਾਬ ਨੂੰ ਭੂਗੋਲਿਕ ਤੌਰ `ਤੇ ਤੋੜਿਆ-ਮਰੋੜਿਆ। ਪੰਜਾਬ ਦੀ ਵੰਡ ਬਾਰੇ ਲੋਕਾਂ ਨੂੰ ਨਾ ਤਾਂ ਕਦੇ ਸੁਣਿਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਕਦੇ ਇਸ ਬਾਰੇ ਰਾਏ ਲਈ ਗਈ। ਸਗੋਂ ਪੰਜਾਬ ਦੀ ਵੰਡ ਨੂੰ ਲੋਕਾਂ ਉਤੇ ਥੋਪਿਆ ਗਿਆ। ਸਮੇਂ ਦੀਆਂ ਸਰਕਾਰਾਂ ਪੰਜਾਬ ਨੂੰ ਟੋਟੇ-ਟੋਟੇ ਕਰਨ ਤੱਕ ਸੀਮਤ ਨਹੀਂ ਰਹੀਆਂ, ਸਗੋਂ ਇਸ ਦੇ ਕੁਦਰਤੀ ਸਰੋਤਾਂ ਅਤੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਵੀ ਬਦਲ ਦਿੱਤਾ। ਪੰਜਾਬ ਦਾ ਵਿਰਸਾ ਸਦਾ ਹੀ ਪੇਂਡੂ ਰਹਿਣੀ-ਬਹਿਣੀ ਵਾਲਾ ਅਤੇ ਆਪਣੇ ਗੁਰੂਆਂ-ਪੀਰਾਂ ਦੇ ਫ਼ਲਸਫ਼ੇ ਦਾ ਪੈਰੋਕਾਰ ਰਿਹਾ ਹੈ। ਹੱਥੀਂ ਕਿਰਤ ਕਰਨੀ, ਕੀਤੀ ਗਈ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਨਾ, ਸਾਂਝੇ ਕਾਰਜਾਂ ਦੀ ਪੂਰਤੀ ਲਈ ਦਸਵੰਧ ਕੱਢਣਾ, ਸਦਾ ਚੜ੍ਹਦੀ ਕਲਾ ਵਿੱਚ ਰਹਿਣਾ, ਆਸ਼ਾਵਾਦੀ ਸੋਚ ਰੱਖਣੀ ਅਤੇ ਸਰਬਤ ਦੇ ਭਲੇ ਲਈ ਸਰਗਰਮ ਰਹਿਣਾ, ਪੰਜਾਬੀ ਜੀਵਨ ਸ਼ੈਲੀ ਦਾ ਅਨਿਖੜਵਾਂ ਅੰਗ ਰਿਹਾ ਹੈ।
ਪੰਜਾਬ ਦੀ ਤ੍ਰਾਸਦੀ ਹੈ ਕਿ ਅਸੀਂ, ਪੰਜਾਬੀ ਆਪਣੇ ਇਤਿਹਾਸ ਵਿਰਾਸਤ ਤੇ ਬੋਲੀ ਭੁੱਲਦੇ ਜਾ ਰਹੇ ਹਾਂ ਅਤੇ ਸਮੇਂ ਦੀਆਂ ਸਰਕਾਰਾਂ ਤੇ ਰਾਜਸੀ ਪਾਰਟੀਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਾਂ। ਅਸੀਂ ਭੁੱਲਦੇ ਜਾ ਰਹੇ ਹਾਂ ਆਪਣੇ ਕੁਦਰਤੀ ਸਰੋਤਾਂ (ਹਵਾ, ਪਾਣੀ, ਧਰਤੀ) ਦੀ ਸੰਭਾਲ ਕਰਨੀ, ਭੁੱਲ ਗਏ ਹਾਂ ਕੁਦਰਤੀ ਸਰੋਤਾਂ ਦੀ ਲੁੱਟ-ਖਸੁੱਟ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧੀ ਕਰਨਾ। ਜਰੂਰਤ ਹੈ ਕਿ ਅਸੀਂ ਆਪਣੇ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਦੇ ਨਾਲ ਭਾਰਤ ਦੇ ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਅਤੇ ਕਰਤੱਵਾਂ ਨੂੰ ਅਪਨਾਈਏ। ਕੀ ਫਰਕ ਪੈਂਦਾ ਅਸੀਂ ਚੜ੍ਹਦੇ ਪੰਜਾਬੀ ਹੋਈਏ ਜਾਂ ਲਹਿੰਦੇ, ਸਾਉਹਾਲੀਏ ਹੋਈਏ ਜਾਂ ਵੈਨਕੁਵਰੀਏ! ਮੌਜੂਦਾ ਪੰਜਾਬ ਇੱਕ ਵਿਸਰੇ ਅਤੇ ਇੱਕ ਖਿੱਤੇ ਦੇ ਰੂਪ ਵਿੱਚ ਸਦਾ ਹੀ ਪੰਜਾਬੀਆਂ ਦਾ ਜੱਦੀ ਖੇਤਰ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਮੌਜੂਦਾ ਪੰਜਾਬ ਦੇ ਵਾਸੀਆਂ ਨੂੰ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਰੋਲ ਮਾਡਲ ਵਜੋਂ ਵਿਚਰਨਾ ਹੋਵੇਗਾ।
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ। (ਉਸਤਾਦ ਦਾਮਨ)
ਮੌਜੂਦਾ ਪੰਜਾਬ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਨਸੀਅਤ ਵੀ ਹੈ,
“ਆਪਣੀ ਬੋਲੀ ਪੰਜਾਬੀ ਦਾ ਮਾਣ ਰੱਖੀਂ
ਜਿਹੜੀ ਮਾਂ ਏ ਅਸਾਂ ਪੰਜਾਬੀਆਂ ਦੀ,
ਰੰਨ ਰੰਨ ਸਮਝੀਂ, ਮਾਂ ਮਾਂ ਸਮਝੀਂ
ਗੱਲ ਕਰੀਂ ਨਾ ਖਾਨਾ ਖਰਾਬੀਆਂ ਦੀ।” (ਹਫੀਜ਼ ਜਲੰਧਰੀ)
ਆਓ, ਰਲ ਕੇ ਮੁੜ ਐਸਾ ਰੰਗਲਾ ਪੰਜਾਬ ਸਿਰਜੀਏ, ਜਿਸ ਨੂੰ ਪੰਜਾਬ ਦੇ ਮਸ਼ਹੂਰ ਕਵੀ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਰਾਹੀਂ ਪ੍ਰਭਾਸ਼ਿਤ ਕੀਤਾ ਹੈ,
“ਪੰਜਾਬ ਕਰਾਂ ਕੀ ਸਿਖ਼ਤ ਤਿਰੀ
ਸ਼ਾਨਾਂ ਦੇ ਸਭ ਸਮਾਨ ਤਿਰੇ,
ਜਲ-ਪੌਣ ਤਿਰਾ, ਹਰਿਔਲ ਤਿਰੀ
ਦਰਯਾ, ਪਰਬਤ, ਮੈਦਾਨ ਤਿਰੇ।
ਕੁਦਰਤ ਪੰਘੂੜਾ ਘਰਿਆ ਸੀ
ਤੈਨੂੰ ਰਿਸ਼ੀਆਂ ਅਵਤਾਰਾਂ ਦਾ,
ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ
ਬਲਬੀਰਾਂ, ਸਤੀਆਂ ਨਾਰਾਂ ਦਾ।”