“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ’ ਮਾਰਨ ਕਰਕੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਸਿੱਖ ਇਤਿਹਾਸ ਵਿੱਚ ਉਚੇਚਾ ਜ਼ਿਕਰ ਹੈ ਅਤੇ ਉਸ ਨੂੰ ਆਦਰ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਪੇਸ਼ ਹੈ, ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਸੰਖੇਪ ਵੇਰਵਾ…
ਅਲੀ ਰਾਜਪੁਰਾ
ਫੋਨ:+91-9417679302
ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਜਨਮ ਪਿਤਾ ਨਵਾਬ ਫਿਰੋਜ਼ ਖਾਨ ਦੇ ਘਰ 1640 ਈ. ਵਿੱਚ ਹੋਇਆ। ਨਵਾਬ ਸ਼ੇਰ ਖ਼ਾਨ ਦਾ ਪਿਛੋਕੜ ਇਤਿਹਾਸਕ ਤੌਰ ’ਤੇ ਉੱਘੀ ਸ਼ਖ਼ਸੀਅਤ ਹਜ਼ਰਤ ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ (ਰਹਿ) ਨਾਲ ਜੁੜਦਾ ਹੈ, ਜਿਨ੍ਹਾਂ ਨੂੰ ਮਲੇਰਕੋਟਲਾ ਰਿਆਸਤ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਨਵਾਬ ਸ਼ੇਰ ਮੁਹੰਮਦ ਖ਼ਾਂ 1672 ਈ. ਵਿੱਚ ਰਿਆਸਤ ਦਾ ਸ਼ਾਸਕ ਬਣਿਆ। ਇਤਿਹਾਸਕ ਤੱਥਾਂ ਅਨੁਸਾਰ ਸ਼ੇਰ ਖ਼ਾਨ ਦੇ ਛੋਟੇ ਭਰਾ ਨੇ ਆਪਣੇ ਭਰਾ ਪ੍ਰਤੀ ਮੁਹੱਬਤ ਦਾ ਸਬੂਤ ਦਿੰਦਿਆਂ ਆਪਣੇ ਹਿੱਸੇ ਦੀ ਜਗੀਰ ਲਈ ਕੋਈ ਮੰਗ ਨਾ ਰੱਖੀ। ਉਸ ਸਮੇਂ ਦੌਰਾਨ ਔਰੰਗਜ਼ੇਬ ਪ੍ਰਤੀ ਸਾਰੇ ਪਾਸੇ ਬਾਗ਼ੀ ਸੁਰਾਂ ਉੱਠ ਰਹੀਆਂ ਸਨ। ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਰਿਆਸਤੀ ਫ਼ਾਇਦਿਆਂ ਨੂੰ ਦੇਖਦਿਆਂ ਬਾਦਸ਼ਾਹ ਔਰੰਗਜ਼ੇਬ ਨੂੰ ਮਦਦ ਦੇਣ ਦੀ ਪਹਿਲ ਕੀਤੀ, ਜਿਸ ਦੀ ਸ਼ੇਰ ਮੁਹੰਮਦ ਖ਼ਾਂ ਨੇ ਆਪ ਅਗਵਾਈ ਕੀਤੀ ਸੀ। ਇਸ ਮਦਦ ਬਦਲੇ ਔਰੰਗਜ਼ੇਬ ਨੇ ਸ਼ੇਰ ਮੁਹੰਮਦ ਖ਼ਾਨ ਨੂੰ 70 ਪਿੰਡਾਂ ਦੀ ਜਗੀਰ ਦੀ ਮਾਲਕੀ ਇਨਾਮ ਵਜੋਂ ਦਿੱਤੀ। ਇਨ੍ਹਾਂ ਪਿੰਡਾਂ ਵਿੱਚੋਂ ਹੀ ਇੱਕ ਪਿੰਡ ‘ਜਬਾਲ’ (ਹਬੀਬਵਾਲ) ਵਿੱਚ ਇੱਕ ਆਪਣੇ ਨਾਂ ਦਾ ਸ਼ਾਹੀ ਕਿਲ੍ਹਾ ਬਣਵਾਇਆ।
ਥੋੜ੍ਹੇ ਸਮੇਂ ਮਗਰੋਂ ਹੀ ਬਦਾਯੂੰ ਦੇ ਅਲੀ ਮੁਹੰਮਦ ਰੁਹੇਲਾ ਦੇ ਵਿਦਰੋਹ ਦੀ ਖ਼ਬਰ ਆਣ ਲੱਗੀ, ਜਿਸ ਨੇ ਅੱਤ ਮਚਾਈ ਹੋਈ ਸੀ ਤੇ ਭੋਲ਼ੇ, ਨਿਹੱਥੇ ਲੋਕਾਂ ਨੂੰ ਲੁੱਟਦਾ ਸੀ। ਇਸ ਤੋਂ ਪਹਿਲਾਂ ਕਿ ਕੋਈ ਸਮੱਸਿਆ ਜਨਮ ਲਵੇ, ਉਸ ਤੋਂ ਪਹਿਲਾਂ ਮੁਗ਼ਲ ਬਾਦਸ਼ਾਹ ਨੇ ਇਸ ਬਗ਼ਾਵਤ ਨੂੰ ਕੁਚਲਣ ਦਾ ਹੁਕਮ ਦਿੱਤਾ। ਮੁਗ਼ਲ ਸਰਕਾਰ ਵੱਲੋਂ ਨਵਾਬ ਖ਼ਾਂ ਨੂੰ ਆਪਣੀ ਫੌਜ ਸਮੇਤ ਬਦਾਯੂੰ ਵੱਲ ਮਾਰਚ ਕਰਨ ਲਈ ਕਿਹਾ ਤਾਂ ਜੋ ਰੁਹੇਲ ਅਲੀ ਮੁਹੰਮਦ ਦੇ ਵਿਦਰੋਹ ਨੂੰ ਨੱਥ ਪਾਈ ਜਾ ਸਕੇ। ਇਸ ਯੁੱਧ ਦੀ ਅਗਵਾਈ ਵੀ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤੀ। ਨਵਾਬ ਖ਼ਾਂ ਨੇ ਅਲੀ ਮੁਹੰਮਦ ਰੁਹੇਲੇ ਨੂੰ ਤੇ ਉਸ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਦਿੱਲੀ ਲਿਆਂਦਾ। ਔਰੰਗਜ਼ੇਬ ਨੇ ਇਸ ਕਾਮਯਾਬੀ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਮਲੇਰਕੋਟਲਾ ਦੀ ਰਿਆਸਤ ’ਚ ਚੋਖਾ ਵਾਧਾ ਕੀਤਾ, ਜਿਸ ਵਿੱਚ ਮਾਛੀਵਾੜਾ, ਈਸੜੂ, ਰਾਣੂ, ਜਰਗ, ਪਾਇਲ, ਰੋਪੜ ਤੇ ਬਨੂੰੜ ਸ਼ਾਮਲ ਕੀਤੇ ਗਏ। ਸਨਮਾਨ ਚਿੰਨ੍ਹ ਤਲਵਾਰ ਵਜੋਂ ਇੱਕ ਘੋੜਾ ਅਤੇ ‘ਸ਼ੇਰ ਬਹਾਦਰ’ ਦਾ ਖ਼ਿਤਾਬ ਦਿੱਤਾ ਤੇ ਸਰਹਿੰਦ ਦਾ ਡਿਪਟੀ ਚਕਲਦਾਰ ਵੀ ਨਿਯੁਕਤ ਕੀਤਾ ਗਿਆ।
ਮਾਤਾ ਗੁਜਰੀ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੇ ਸਮੇਂ
ਔਰੰਗਜ਼ੇਬ ਸ਼ੇਰ ਮੁਹੰਮਦ ਖ਼ਾਂ ਦੀ ਕਾਬਲੀਅਤ ਤੋਂ ਜਾਣੂੰ ਸੀ, ਇਸ ਲਈ ਉਸ ਨੇ ਦੁਬਾਰਾ ਫੇਰ ਆਪਣੇ ਨਵਾਬਾਂ ਅਤੇ ਜਗੀਰਦਾਰਾਂ ਨੂੰ ਮਰਾਠਿਆਂ ਵਿਰੁੱਧ ਲੜਨ ਲਈ ਸੱਦਿਆ। ਇਸ ਵਾਰ ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਭੇਜੀ ਫ਼ੌਜ ਦੀ ਅਗਵਾਈ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਚਾਚਾ ਇਖ਼ਤਿਆਰ ਖ਼ਾਂ ਕਰ ਰਿਹਾ ਸੀ, ਜਿਹੜਾ ਇਸ ਲੜਾਈ ਵਿੱਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਸ ਕਾਮਯਾਬੀ (ਜਿੱਤ) ਤੋਂ ਖ਼ੁਸ਼ ਹੋ ਕੇ ਔਰੰਗਜ਼ੇਬ ਨੇ ਉਸ ਨੂੰ ‘ਚੌਧਰੀ ਦਾ ਖ਼ਿਤਾਬ’ ਦੇ ਕੇ ਨਿਵਾਜਿਆ। ਸਮੇਂ-ਸਮੇਂ ਮੁਗ਼ਲਾਂ ਦੀ ਮਦਦ ਕਰਨ ਕਰਕੇ ਇਹ ਪਰਿਵਾਰ ਔਰੰਗਜ਼ੇਬ ਦੇ ਬੇਅੰਤ ਕਰੀਬ ਹੋ ਗਿਆ।
ਵਕਤ ਦੇ ਨਾਲ-ਨਾਲ ਮੁਗ਼ਲ ਰਾਜ ਪਤਨ ਵੱਲ ਵਧਿਆ ਅਤੇ ਹੋਰ ਸ਼ਕਤੀਸ਼ਾਲੀ ਸੂਬੇਦਾਰ ਆਪਣੀ ਆਜ਼ਾਦ ਹਕੂਮਤ ਬਣਾਉਣ ਵੱਲ ਵਧਣ ਲੱਗੇ। ਦੱਖਣ ਦੇ ਮਰਾਠੇ ਸ਼ਿਵਾ ਜੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮਰਾਠਾ ਹਕੂਮਤ ਦੇ ਸੁਪਨੇ ਲੈ ਰਿਹਾ ਸੀ। ਦੇਸ਼ ਵਿਚਲੀਆਂ ਕਈ ਰਿਆਸਤਾਂ ਨੇ ਮੁਗ਼ਲ ਸਰਕਾਰ ਨੂੰ ਲਗਾਨ ਦੇਣੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ਹਾਲਾਤ ਵਿੱਚ ਸਿੱਖ ਜਥੇਬੰਦੀ ਵਧੇਰੇ ਮਜ਼ਬੂਤ ਹੋਣ ਲੱਗੀ, ਕਿਉਂਕਿ ਉਹ ਪਹਿਲਾਂ ਹੀ ਮੁਗ਼ਲਾਂ ਦੀ ਉਨ੍ਹਾਂ ਦੇ ਧਰਮ ਪ੍ਰਤੀ ਅਸਹਿਣਸ਼ੀਲਤਾ ਤੋਂ ਨਿਰਾਸ਼ ਸਨ। ਉਹ ਵੀ ਮੁਗ਼ਲ ਸਲਤਨਤ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਜੰਗਜੂਆਂ ਨੂੰ ਜਮ੍ਹਾਂ ਕਰਨ ਲੱਗੇ ਅਤੇ ਉਨ੍ਹਾਂ ਨੇ ਉੱਤਰੀ ਭਾਰਤ ਦੇ ਇਲਾਕਿਆਂ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਮੁਗ਼ਲ ਰਾਜ ਆਪਣੇ ਪ੍ਰਤੀ ਉੱਠ ਰਹੀ ਇਸ ਬਾਗ਼ੀ ਸੁਰ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਇਸ ਲਈ ਮੁਗ਼ਲ ਬਾਦਸ਼ਾਹ ਨੇ ਇਸ ਉਭਰਦੀ ਤਾਕਤ ਨੂੰ ਦਬਾਉਣਾ ਮੁਨਾਸਿਬ ਸਮਝਿਆ। ਔਰੰਗਜ਼ੇਬ ਨੇ ਇਸ ਨੂੰ ਧਿਆਨ ਹਿੱਤ ਰੱਖਦਿਆਂ ਨਵਾਬ ਸ਼ੇਰ ਮੁਹੰਮਦ ਖ਼ਾਂ ਦੀ ਇਸ ਕਾਰਵਾਈ ਲਈ ਜ਼ਿੰਮੇਵਾਰੀ ਲਾਈ। ਨਵਾਬ ਮਲੇਰਕੋਟਲਾ ਨੇ ਔਰੰਗਜ਼ੇਬ ਦੇ ਹੁਕਮ ਨੂੰ ਮੰਨਦਿਆਂ ਚਮਕੌਰ ਸਾਹਿਬ ਉੱਤੇ ਫ਼ੌਜੀ ਹਮਲਾ ਕੀਤਾ। ਇੱਥੋਂ ਦੇ ਇਕੱਤਰ ਸਿੱਖ ਜੰਗ-ਜੂ ਆਪਣੀ ਵਿਉਂਤਬੰਦੀ ਬਣਾ ਰਹੇ ਸਨ। ਇਸ ਕਾਰਵਾਈ ਨੇ ਸਿੱਖਾਂ ਦੇ ਤਨ-ਬਦਨ ਨੂੰ ਅੱਗ ਲਾਈ ਜਿਸ ਨਾਲ ਸਿੱਖ ਹੋਰ ਵੀ ਭੜਕ ਉੱਠੇ। ਇਹ ਜ਼ਮਾਨਾ ਸ੍ਰੀ ਗੁਰੂ ਤੇਗ਼ ਬਹਾਦਰ ਦੀ ਗੁਰਿਆਈ ਦਾ ਸੀ। ਇਸ ਲੜਾਈ ’ਚ ਜਿੱਥੇ ਸਿੱਖਾਂ ਨੂੰ ਨੁਕਸਾਨ ਝੱਲਣਾ ਪਿਆ, ਉੱਥੇ ਰਿਆਸਤ ਮਲੇਰਕੋਟਲਾ ਵੀ ਨੁਕਸਾਨੀ ਗਈ।
ਡਾ. ਤਾਰਿਕ ਕਿਫਾਇਤਉੱਲਾ ਅਨੁਸਾਰ, “ਸ਼ੇਰ ਮੁਹੰਮਦ ਖ਼ਾਂ ਦੇ ਜ਼ਮਾਨੇ ਵਿੱਚ ਹੀ ਦਿੱਲੀ ਸਲਤਨਤ ਨਾਲ ਸਿੱਖਾਂ ਦੀ ਲੜਾਈ ਸ਼ੁਰੂ ਹੋਈ, ਜਿਸ ਵਿੱਚ ਗੁਰੂ ਸਾਹਿਬਾਨ (ਗੁਰੂ ਤੇਗ਼ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਮੁਗ਼ਲ ਫ਼ੌਜਾਂ ਨਾਲ ਟੱਕਰ ਲਈ ਅਤੇ ਇਸ ਦਾ ਸਿਲਸਿਲਾ ਕਾਫ਼ੀ ਬਾਅਦ ਤੱਕ ਚਲਦਾ ਰਿਹਾ। ਗੁਰੂ ਸਾਹਿਬ (ਤੇਗ਼ ਬਹਾਦਰ) ਗ੍ਰਿਫਤਾਰ ਹੋਏ ਅਤੇ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਇਨ੍ਹਾਂ ਲੜਾਈਆਂ ਵਿੱਚ ਰਿਆਸਤ ਨੂੰ ਕਾਫ਼ੀ ਭਾਰੀ ਨੁਕਸਾਨ ਉਠਾਉਣਾ ਪਿਆ।”
ਇਸ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੁਰੱਖਿਆ ਲਈ ਬਹੁਤ ਸਾਰੀ ਫ਼ੌਜੀ ਤਾਕਤ ਇਕੱਠੀ ਕੀਤੀ ਅਤੇ ਪੰਜਾਬ ਦੇ ਨੇੜਲੇ ਪਹਾੜੀ ਖੇਤਰ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਅਨੰਦਪੁਰ ਨੂੰ ਆਪਣਾ ਗੜ੍ਹ ਬਣਾ ਲਿਆ। ਜਦੋਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਵਿਖੇ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਰਾਦ (ਸ਼ਹਿਜ਼ਾਦਾ ਮੁਅੱਜ਼ਮ) ਦੀ ਅਗਵਾਈ ਹੇਠ ਦਸ ਹਜ਼ਾਰ ਫ਼ੌਜੀ ਭੇਜੇ ਅਤੇ ਸਰਹਿੰਦ ਤੇ ਜਲੰਧਰ ਦੇ ਚਕਲਦਾਰਾਂ ਨੂੰ ਮੁਗ਼ਲ ਫ਼ੌਜ ਦੀ ਮਦਦ ਲਈ ਕਿਹਾ ਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਵੀ ਇਸ ਲੜਾਈ ਵਿੱਚ ਸਾਥ ਦੇਣ ਦਾ ਹੁਕਮ ਦਿੱਤਾ।
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਚਚੇਰੇ ਭਰਾ ਨਾਹਰ ਖ਼ਾਂ ਅਤੇ ਆਪਣੇ ਛੋਟੇ ਭਰਾ ਖ਼ਿਜ਼ਰ ਮੁਹੰਮਦ ਖ਼ਾਂ ਦੀ ਅਗਵਾਈ ਵਿੱਚ 5 ਹਜ਼ਾਰ ਫ਼ੌਜੀ ਸ਼ਹਿਜ਼ਾਦਾ ਮੁਰਾਦ ਦੀ ਮਦਦ ਲਈ ਭੇਜੇ। ਇਹ ਲੜਾਈ ਲੰਮਾ ਸਮਾਂ ਚਲਦੀ ਰਹੀ। ਅਨੰਦਪੁਰ ਨੂੰ ਹਰ ਪਾਸਿਓਂ ਘੇਰ ਕੇ ਬਾਹਰੀ ਮੇਲ-ਮਿਲਾਪ ਤੋਂ ਕੱਟ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਫ਼ੌਜੀ ਭੁੱਖ ਤੋਂ ਪ੍ਰੇਸ਼ਾਨ ਹੋਣ ਲੱਗੇ। ਬਹੁਤ ਸਾਰੇ ਸਾਥੀ ਗੁਰੂ ਜੀ ਦਾ ਸਾਥ ਛੱਡ ਗਏ ਸਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ “ਗੁਰੂ ਗੋਬਿੰਦ ਸਿੰਘ ਜੀ ਅਜਿਹੀ ਨਾਜ਼ੁਕ ਹਾਲਤ ਵਿੱਚ ਵੀ ਬਚ ਕੇ ਨਿਕਲਣਾ ਨਹੀਂ ਸਨ ਚਾਹੁੰਦੇ, ਪਰ ਬਾਕੀ ਸਾਥੀਆਂ ਦੀ ਰਾਇ ਨਾਲ ਉੱਥੋਂ ਰਾਤ ਦੇ ਹਨੇਰੇ ਵਿੱਚ ਨਿਕਲੇ।” ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਭੁੱਖ ਨਾਲ ਮਾਰੇ ਗਏ। ਬਚੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਨਦੀ ਪਾਰ ਕਰ ਚਮਕੌਰ ਸਾਹਿਬ ਆਣ ਪੁੱਜੇ।
ਜਦੋਂ ਮੁਗ਼ਲ ਫੌਜਾਂ ਨੂੰ ਗੁਰੂ ਜੀ ਦੇ ਉਥੋਂ ਨਿਕਲ ਜਾਣ ਦੀ ਖ਼ਬਰ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਅਤੇ ਉਹ ਚਮਕੌਰ ਸਾਹਿਬ ਦੀ ਅੰਦਰੂਨੀ ਸਥਿਤੀ ਬਾਰੇ ਬੇਖ਼ਬਰ ਸਨ। ਜਿੱਥੇ ਮੁਗ਼ਲ ਫੌਜਾਂ ਨੂੰ ਕਾਫੀ ਔਕੜ ਦਾ ਸਾਹਮਣਾ ਕਰਨਾ ਪਿਆ ਸੀ। ਅੰਤ ਨੂੰ ਸ਼ਾਹੀ ਫ਼ੌਜਾਂ ਨੇ ਚਮਕੌਰ ਦੇ ਕਿਲ੍ਹੇ ਨੂੰ ਘੇਰ ਲਿਆ, ਜਿੱਥੇ ਗੁਰੂ ਜੀ ਨੇ ਠਹਿਰ ਕੀਤੀ ਹੋਈ ਸੀ। ਉੱਥੇ ਆਪਸੀ ਭੇੜ ’ਚ ਸ਼ੇਰ ਮੁਹੰਮਦ ਖ਼ਾਂ ਦਾ ਚਚੇਰਾ ਭਰਾ ਨਾਹਰ ਖ਼ਾਂ ਮਾਰਿਆ ਗਿਆ। ਚਚੇਰੇ ਭਰਾ ਦੀ ਮੌਤ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਡਾਢਾ ਦੁੱਖ ਦਿੱਤਾ। ਮੁਗ਼ਲ ਫ਼ੌਜਾਂ ਗੁਰੂ ਜੀ ਦੀ ਤਲਾਸ਼ ਵਿੱਚ ਸਨ। ਦੂਜੇ ਪਾਸੇ ਮਾਤਾ ਗੁਜਰ ਕੌਰ, ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੇ ਪਿੰਡ ਖੇੜੀ ਵਿੱਚ ਇੱਕ ਗੰਗੂ ਬ੍ਰਾਹਮਣ ਦੇ ਘਰ ਸ਼ਰਨ ਲਈ ਹੋਈ ਸੀ ਤਾਂ ਉਸ ਨੇ ਮੁਗ਼ਲ ਬਾਦਸ਼ਾਹ ਤੋਂ ਇਨਾਮ ਹਾਸਲ ਕਰਨ ਦੇ ਚੱਕਰ ’ਚ ਮੋਰਿੰਡੇ ਦੇ ਰੰਘੜ ਗਵਰਨਰ ਨੂੰ ਪਰਿਵਾਰ ਦੀ ਸੂਹ ਦਿੱਤੀ। ਮੁਗ਼ਲ ਫ਼ੌਜਾਂ ਨੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਵਜ਼ੀਰ ਖ਼ਾਂ ਦੇ ਹੁਕਮ ’ਤੇ ਉਨ੍ਹਾਂ ਨੂੰ ਇੱਕ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਪਰਿਵਾਰ ਦੀ ਗ੍ਰਿਫ਼ਤਾਰੀ ਵੇਲੇ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਸਰਹਿੰਦ ਵਿਖੇ ਮੌਜੂਦ ਸੀ। ਕੁਝ ਦਿਨਾਂ ਪਿਛੋਂ ਜਦੋਂ ਉਨ੍ਹਾਂ ਨੂੰ ਵਜ਼ੀਰ ਖ਼ਾਂ ਦੀ ਖੁੱਲ੍ਹੀ ਕਚਹਿਰੀ ਵਿੱਚ ਹਾਜ਼ਰ ਕੀਤਾ ਗਿਆ ਤਾਂ ਸਰਹਿੰਦ ਦੇ ਹੁਕਮਰਾਨਾਂ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਕਿਹਾ, “ਇਨ੍ਹਾਂ ਦਾ ਪਿਤਾ ਤੇਰੇ ਭਰਾਵਾਂ ਦਾ ਕਾਤਲ ਹੈ, ਤੂੰ ਹੁਣ ਉਨ੍ਹਾਂ ਦੀ ਮੌਤ ਦਾ ਬਦਲਾ ਲੈ ਸਕਦਾ ਏਂ…।” ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਇਸ ਸਵਾਲ ਦਾ ਜਵਾਬ ਬਹੁਤ ਦਲੇਰੀ ਨਾਲ ਦਿੱਤਾ, “ਮੇਰੇ ਭਰਾ ਗੋਬਿੰਦ ਸਿੰਘ (ਗੁਰੂ) ਹੱਥੋਂ ਖੁੱਲ੍ਹੀ ਜੰਗ ਵਿੱਚ ਮਾਰੇ ਗਏ ਹਨ ਤੇ ਮੈਂ ਉਨ੍ਹਾਂ ਤੋਂ ਖੁੱਲ੍ਹੀ ਜੰਗ ਵਿੱਚ ਹੀ ਬਦਲਾ ਲੈਣਾ ਚੰਗਾ ਸਮਝਦਾ ਹਾਂ, ਪਰ ਮੈਂ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਮਾਸੂਮ ਜਿੰਦਾਂ ਤੋਂ ਬਦਲਾ ਲੈਣ ਦੀ ਸੋਚ ਨਹੀਂ ਸਕਦਾ। ਕੈਦੀਆਂ ਨਾਲ ਮਾੜਾ ਨਹੀਂ ਚੰਗਾ ਸਲੂਕ ਕਰਨਾ ਬਹਾਦਰੀ ਹੈ, ਇਹੋ ਹੀ ਇਸਲਾਮ ਦੇ ਪੈਗ਼ੰਬਰ ਹਜ਼ੂਰ-ਏ-ਪਾਕ ਸੱਲਲ-ਲਾਹੋ-ਅੱਲਹ ਵਸੱਲਮ ਦੀ ਸਿੱਖਿਆ ਹੈ। ਮੈਂ ਇਨ੍ਹਾਂ ਮਾਸੂਮ ਜਿੰਦਾਂ ’ਤੇ ਜ਼ੁਲਮ ਕਰਕੇ ਇਸਲਾਮ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦਾ। ਜੇ ਇਨ੍ਹਾਂ ਦੇ ਅੱਬਾ ਜਾਨ ਨੂੰ ਵੀ ਕੈਦ ਕਰ ਲਿਆ ਜਾਵੇ, ਮੈਂ ਤਾਂ ਵੀ ਬਦਲਾ ਨਹੀਂ ਲਵਾਂਗਾ…।”
ਸਰਹਿੰਦ ਦੇ ਚਲਕਦਾਰ ਵਜ਼ੀਰ ਖ਼ਾਂ ਉੱਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਸਗੋਂ ਵਜ਼ੀਰ ਖ਼ਾਂ ਨੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਕਿ “ਜੇ ਇਹ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ…।” ਇਸ ਵਿੱਚ ਵੀ ਵਜ਼ੀਰ ਖ਼ਾਂ ਦੀ ਚਲਾਕੀ ਸੀ ਕਿ ਬੱਚਿਆਂ ਨੂੰ ਇਸਲਾਮ ਧਾਰਨ ਕਰਵਾਉਣ; ਪਰ ਉਸ ਦੀ ਦਿਲੀ ਧਾਰਨਾ ਤਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਸੀ।
ਜਦੋਂ ਬੱਚਿਆਂ ਨੇ ਇਸਲਾਮ ਕਬੂਲ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਹੋਰ ਬਹਾਨਾ ਲੱਭ ਪਿਆ ਬੱਚਿਆਂ ਨੂੰ ਕਤਲ ਕਰਨ ਦਾ। ਵਜ਼ੀਰ ਖ਼ਾਂ ਨੇ ਨਿੱਕੀਆਂ ਜਿੰਦਾਂ ਨੂੰ ਜਿਊਂਦੇ ਹੀ ਨੀਂਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ। ਇਸ ਫ਼ੈਸਲੇ ਵਿਰੁੱਧ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਵਾਜ਼ ਉਠਾਈ ਕਿ ਪਿਤਾ ਦਾ ਬਦਲਾ ਬੱਚਿਆਂ ਤੋਂ ਲੈਣਾ ਬਿਲਕੁਲ ਜਾਇਜ਼ ਨਹੀਂ। ਵਜ਼ੀਰ ਖ਼ਾਂ ਆਪਣੇ ਫ਼ੈਸਲੇ ਤੋਂ ਪਿੱਛੇ ਨਾ ਹਟਿਆ ਤਾਂ ਨਵਾਬ ਸ਼ੇਰ ਖ਼ਾਂ ਨੇ ਉਸ ਸਮੇਂ ਇੱਕ ਖ਼ਤ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ, ਜਿਸ ਵਿੱਚ ਉਸ ਨੇ ਬੱਚਿਆਂ ਨੂੰ ਬਚਾਉਣ ਲਈ ਬੇਨਤੀ ਕੀਤੀ। “ਪੰਦਰਾ ਰੋਜ਼ਾ ‘ਸ਼ਮਸ਼ੀਰ-ਏ-ਦਸਤ’ ਅਨੁਸਾਰ ਪੰਜਾਬੀ ਅਨੁਵਾਦ ਹੋਇਆ ਖ਼ਤ” ਕੁਝ ਇਸ ਤਰ੍ਹਾਂ ਸੀ:
ਐ ਆਲਮ ਪਨਾਹ! ਜ਼ਮਾਨੇ ਦੇ ਅਜ਼ੀਮ ਰੁਤਬਿਆਂ ਅਤੇ ਜਾਹੋ ਹਸ਼ਮਤ ਵਾਲ਼ੇ ਸ਼ਹਿਨਸ਼ਾਹ ਖ਼ੁਦਾ ਤੁਹਾਨੂੰ ਸੱਤ ਅਸਮਾਨਾਂ ਦੀ ਹਕੂਮਤ ਨਸੀਬ ਫਰਮਾਵੇ, ਤੁਹਾਡੇ ਜਾਹੋ ਜਲਾਲ ਨੂੰ ਕਦੇ ਗ੍ਰਹਿਣ ਨਾ ਲੱਗੇ ਅਤੇ ਤੁਹਾਡੀ ਫ਼ਤਹਿ ਤੇ ਕਾਮਯਾਬੀ ਦੇ ਚੰਨ ਹਮੇਸ਼ਾ ਕਾਇਨਾਤ ਉੱਤੇ ਜਗਮਗਾਉਂਦੇ ਰਹਿਣ। ਮੈਂ ਨਿਮਾਣਾ ਦਾਸ ਉਸ ਸੁਹਣੇ ਰੱਬ ਅੱਗੇ ਬਹੁਤ ਹੀ ਅਦਬ, ਅਹਿਤਰਾਮ ਅਤੇ ਸਿਰ ਨਿਵਾਉਂਦਾ ਹੋਇਆ ਦੁਆ ਕਰਦਾ ਹਾਂ ਕਿ ਉਹ (ਅੱਲ੍ਹਾ) ਤੁਹਾਨੂੰ ਆਪਣੀ ਛਤਰ ਛਾਇਆ ਹੇਠ ਮਹਿਫੂਜ਼ ਰੱਖੇ, ਜੋ ਕਿ ਪੂਰੀ ਕਾਇਨਾਤ ਨੂੰ ਆਪਣੀ ਆਗ਼ੋਸ਼ ਵਿੱਚ ਲੈਣ ਵਾਲ਼ਾ ਹੈ, ਜਿਸ ਨੇ ਮਨੁੱਖੀ ਜਿੰਦ ਜਾਨ ਦੀ ਹਮੇਸ਼ਾ ਹਿਫ਼ਾਜ਼ਤ ਫਰਮਾਈ ਹੈ ਅਤੇ ਜੋ ਹਮੇਸ਼ਾ ਰਹਿਮ ਦਿਲ ਵਾਲ਼ਾ ਤੇ ਰਹੀਮ ਹੈ। ਉਸੇ ਮੁਕੱਦਸ ਤੇ ਸਰਵ ਉੱਚ ਰੱਬ ਅਤੇ ਰਹਿਮਾਨ ਤੇ ਰਹੀਮ ਦਾ ਵਾਸਤਾ ਦੇ ਕੇ ਜਿਸ ਦੇ ਕਬਜ਼ੇ ਵਿੱਚ ਪੂਰੀ ਕਾਇਨਾਤ ਦੀ ਜਾਨ ਹੈ, ਇਹ ਦਾਸ ਤੁਹਾਡੀ ਸੇਵਾ ’ਚ ਬੇਨਤੀ ਕਰਦਾ ਹੈ ਕਿ ਇਹ ਕਿੰਨਾ ਚੰਗਾ ਹੋਵੇ ਜੇ ਗੋਬਿੰਦ ਸਿੰਘ (ਦਸਮ ਪਾਤਸ਼ਾਹ) ਦੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਜਾਵੇ।
ਆਲੀਜਾਹ! ਕੀ ਸੂਬੇਦਾਰ ਸਰਹਿੰਦ ਨੂੰ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਅਧਿਕਾਰ ਹੈ ਕਿ ਉਹ (ਗੁਰੂ) ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸ ਦੇ ਮਾਸੂਮ ਬੱਚਿਆਂ ਨੂੰ ਦੇਵੇ? ਕੇਵਲ ਇਸ ਲਈ ਕਿ ਉਹ ਉਸ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣਵਾ ਦੇਵੇ, ਇੱਥੋਂ ਤੱਕ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ।
ਆਲਮ ਪਨਾਹ! ਭਾਵੇਂ ਸੂਬੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਹੌਸਲਾ ਨਹੀਂ ਰੱਖਦਾ, ਜਿਸ ਦਾ ਹੁਕਮ ਮੌਤ ਦੀ ਤਰ੍ਹਾਂ ਅਟੱਲ ਹੈ, ਪਰ ਤੁਹਾਡਾ ਇਹ ਖ਼ਾਦਿਮ ਅਤੇ ਖ਼ੈਰ ਖ਼ੁਆਹ ਉਸ ਦੇ ਇਸ ਨਾਪਾਕ ਅਤੇ ਨਾ ਦੂਰ-ਅੰਦੇਸ਼ੀ ਵਾਲ਼ੇ ਫੈਸਲੇ ਦੀ ਨਿੰਦਾ ਕਰਦਾ ਹੈ ਅਤੇ ਸਲਤਨਤ ਦਾ ਇੱਕ ਨਿਮਾਣਾ ਖ਼ਾਦਿਮ ਅਤੇ ਖ਼ੈਰ ਖ਼ੁਆਹ ਹੋਣ ਦੇ ਨਾਤੇ ਆਂ-ਜਨਾਬ ਦੀ ਸਲਤਨਤ ਦੀ ਖ਼ੈਰ ਖ਼ੁਆਹੀ ਲਈ ਬੇਨਤੀ ਕਰਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦੀ ਹੁਕਮ ਅਦੂਲੀ ’ਤੇ ਕੋਈ ਮੁਨਾਸਬ ਸਜ਼ਾ ਤਜਵੀਜ਼ ਫ਼ਰਮਾਉਣ। ਇਨਸਾਫ਼ ਵੀ ਇਸੇ ਗੱਲ ਦਾ ਤਕਾਜ਼ਾ ਕਰਦਾ ਹੈ। ਤੁਹਾਡੇ ਇਸ ਨਿਮਾਣੇ ਖ਼ਾਦਿਮ ਦੇ ਖ਼ਿਆਲ ਅਨੁਸਾਰ ਕਿਸੇ ਤਰ੍ਹਾਂ ਵੀ ਇਹ ਗੱਲ ਤਾਕਤ ਤੇ ਹਕੂਮਤ ਦੀ ਸ਼ਾਯਾਨੇ ਸ਼ਾਨ ਨਹੀਂ ਕਿ ਕਿਸੇ ਵੀ ਕੌਮ ਦੀਆਂ ਹੁਕਮ ਅਦੂਲੀਆਂ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਲਿਆ ਜਾਵੇ, ਅਜਿਹੇ ਬੱਚਿਆਂ ਤੋਂ ਜੋ ਮਾਸੂਮ ਹੀ ਨਹੀਂ, ਨਾਜ਼ੁਕ ਅਤੇ ਕਮਸਿਨ ਵੀ ਹਨ ਅਤੇ ਜੋ ਕਿਸੇ ਸੂਰਤ ’ਚ ਵੀ ਇੱਕ ਮਜ਼ਬੂਤ ਤੇ ਤਾਕਤਵਰ ਸੂਬੇਦਾਰ ਦੀਆਂ ਬੇਪਨਾਹ ਤਾਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਹਰਕਤ ਸਪੱਸ਼ਟ ਤੌਰ ’ਤੇ ਹਜ਼ਰਤ ਮੁਹੰਮਦ (ਸ.) ਦੀਆਂ ਸਿੱਖਿਆਵਾਂ ਅਤੇ ਇਸਲਾਮੀ ਅਸੂਲਾਂ ਦੇ ਖ਼ਿਲਾਫ਼ ਹੈ।
ਜ਼ਿੱਲੇ ਸੁਬਹਾਨੀ! ਜਹਾਂ ਪਨਾਹ ਦੇ ਇਸ ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਸੂਬੇਦਾਰ ਸਰਹਿੰਦ ਦਾ ਇਹ ਗ਼ੈਰ-ਇਸਲਾਮੀ ਅਤੇ ਗ਼ੈਰ-ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ, ਸ਼ਾਨੋ ਸ਼ੌਕਤ, ਇੱਜ਼ਤੋ ਵੱਕਾਰ ਅਤੇ ਇਨਸਾਫ ਤੇ ਸੱਚਾਈ ਉੱਤੇ ਹਮੇਸ਼ਾ ਦੇ ਲਈ ਧੱਬਾ ਨਾ ਬਣ ਜਾਵੇ। ਉਂਝ ਵੀ ਇਸ ਕਿਸਮ ਦੀ ਸਜ਼ਾ ਤੇ ਅਜ਼ੀਅਤ ਤੁਹਾਡੀ ਹਕੂਮਤ ਦੇ ਕਾਨੂੰਨ ਅਤੇ ਹੱਕ ਤੇ ਇਨਸਾਫ ਦੇ ਬਿਲਕੁਲ ਉਲਟ ਹੈ। ਉਪਰੋਕਤ ਗੁਜ਼ਾਰਿਸ਼ ਦੇ ਨਾਲ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਦਾਸ ਬੇਨਤੀ ਕਰਦਾ ਹੈ ਕਿ ਜੇ ਜਹਾਂ ਪਨਾਹ ਦੇ ਮਿਜ਼ਾਜ ਦੇ ਅਨੁਕੂਲ ਹੋਵੇ ਤਾਂ (ਗੁਰੂ) ਗੋਬਿੰਦ ਸਿੰਘ ਦੇ ਬੱਚਿਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਤਾਂ ਜੋ ਉਹ ਅਗਾਂਹ ਲਈ ਅਜਿਹੀਆਂ ਸਰਗਰਮੀਆਂ ਤੋਂ ਬਾਜ਼ ਰਹਿਣ, ਜੋ ਹਜ਼ੂਰ ਨੂੰ ਨਾ ਮੁਨਾਸਿਬ ਲੱਗਦੀਆਂ ਹੋਣ। ਇਹ ਹੋਰ ਵੀ ਮੁਨਾਸਿਬ ਹੋਵੇਗਾ, ਜੇ ਉਨ੍ਹਾਂ ਨੂੰ ਰਾਜਧਾਨੀ ਦਿੱਲੀ ਵਿੱਚ ਰੱਖਿਆ ਜਾਵੇ, ਜਦੋਂ ਤੱਕ ਕਿ ਉਨ੍ਹਾਂ ਵਿੱਚ ਤਬਦੀਲੀ ਨਾ ਆ ਜਾਵੇ ਅਤੇ ਤਖ਼ਤ ਦੀ ਆਗਿਆਕਾਰੀ ਤੇ ਵਫ਼ਾਦਾਰੀ ਕਬੂਲ ਨਾ ਲੈਣ। ਜੇ ਜ਼ਿੱਲੇ ਇਲਾਹੀ ਮੁਨਾਸਿਬ ਖ਼ਿਆਲ ਫਰਮਾਉਣ ਤਾਂ ਦੋਵੇਂ ਬੱਚਿਆਂ ਨੂੰ ਆਪਣੇ ਇਸ ਅਦਨਾ ਗ਼ੁਲਾਮ ਦੀ ਨਿਗਰਾਨੀ ਵਿੱਚ ਦੇਣ ਦਾ ਹੁਕਮ ਵੀ ਫ਼ਰਮਾ ਸਕਦੇ ਹਨ ਤਾਂ ਜੋ ਉਨ੍ਹਾਂ ’ਤੇ ਨਜ਼ਰ ਰਹੇ ਅਤੇ ਉਨ੍ਹਾਂ ਨੂੰ ਹਰੇਕ ਪ੍ਰਕਾਰ ਦੀਆਂ ਸਰਗਰਮੀਆਂ ਤੋਂ ਬਾਜ਼ ਰੱਖਿਆ ਜਾ ਸਕੇ।
ਜ਼ਿੱਲੇ ਸੁਬਹਾਨੀ! ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਜਜ਼ਬਾਤ ਅਤੇ ਵਫ਼ਾਦਾਰੀ ’ਚ ਡੁੱਬੀ ਹੋਈ ਇਹ ਲਿਖਤ ਕਿਤੇ ਸ਼ਾਹੀ ਆਦਾਬ ਦੇ ਬੰਨੇ ਪਾਰ ਨਾ ਕਰ ਗਈ ਹੋਵੇ, ਪਰ ਰੱਬੀ ਖ਼ੌਫ਼ ਅਤੇ ਆਲਾ ਹਜ਼ਰਤ ਨਾਲ ਵਫਾਦਾਰੀ ਦਾ ਤਕਾਜ਼ਾ ਦਾਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਹੱਕ ਗੱਲ ਕਹਿਣ ਤੋਂ ਗੁਰੇਜ਼ ਕਰਾਂ। ਮੇਰੇ ਨਿਮਾਣੇ ਦਾਸ ਦੀ ਗੁਜ਼ਾਰਿਸ਼ ’ਤੇ ਸ਼ਾਹੀ ਫੁੱਲ ਚੜ੍ਹਾਏ ਗਏ ਤਾਂ ਮੈਂ ਖ਼ੁਦ ਨੂੰ ਜ਼ਮਾਨੇ ਦਾ ਖ਼ੁਸ਼ਕਿਸਮਤ ਇਨਸਾਨ ਸਮਝਾਂਗਾ ਅਤੇ ਜੇ ਦਾਸ ਦੀ ਇਹ ਇਲਤਿਜ਼ਾ ਤਬੀਅਤ ਉੱਤੇ ਗਰਾਂ (ਭਾਨੀ) ਗੁਜ਼ਰੇ ਤਾਂ ਬੰਦਾ ਆਪਣਾ ਫਰਜ਼ ਨਿਭਾਉਂਦਿਆਂ ਹੱਕ ਤੇ ਇਨਸਾਫ਼ ਦੇ ਸਾਹਮਣੇ ਸਿਰਫ਼ ਆਪਣੇ ਨਿੱਜੀ ਵਿਚਾਰਾਂ ਦਾ ਇਜ਼ਹਾਰ ਕਰਦਾ ਹੈ, ਪਰ ਸੱਚ ਦੀ ਰਾਹ ਤੋਂ ਉਸ ਦਾ ਕਦਮ ਕਦੇ ਪਿੱਛੇ ਨਹੀਂ ਹਟੇਗਾ।
ਦਸਤਖ਼ਤ/-
ਨਵਾਬ ਸ਼ੇਰ ਮੁਹੰਮਦ ਖ਼ਾਂ
ਰਿਆਸਤ ਮਾਲੇਰਕੋਟਲਾ।
—
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਭਾਵੇਂ ਮਾਸੂਮਾਂ ਦੀ ਜਾਨ ਬਚਾਉਣ ਲਈ ਸੰਭਵ ਕੋਸ਼ਿਸ਼ ਵੀ ਕੀਤੀ ਤੇ ਔਰੰਗਜ਼ੇਬ ਤੱਕ ਪਹੁੰਚ ਵੀ, ਪਰ ਉਹ ਵਜ਼ੀਰ ਖ਼ਾਂ ਦੀਆਂ ਸਾਜ਼ਿਸ਼ਾਂ ਅੱਗੇ ਨਾਕਾਮ ਰਿਹਾ। ਇਤਿਹਾਸਕਾਰਾਂ ਅਨੁਸਾਰ 27 ਦਸੰਬਰ 1704 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੋਟੇ ਫ਼ਤਹਿ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਨੇ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਬਾਅਦ ਵਿੱਚ ਸ਼ੇਰ ਮੁਹੰਮਦ ਖ਼ਾਂ ਸਿੱਧੇ ਰੂਪ ਵਿੱਚ ਸਿੱਖਾਂ ਵਿਰੁੱਧ ਆਉਣ ਤੋਂ ਕੰਨੀਂ ਕਤਰਾਉਣ ਲੱਗਾ। ਉਂਝ ਹਾਜੀ ਅੱਬਾਸ ਖ਼ਾਂ ਸ਼ਰਵਾਨੀ ਆਪਣੀ ਉਰਦੂ ਦੀ ਇੱਕ ਕਿਤਾਬ “ਸ਼ਰਵਾਨੀ ਨਾਮਾ” ਵਿੱਚ ਲਿਖਦੇ ਹਨ, “ਸਿੱਖੋਂ ਕੇ ਹਾਥੋਂ ਨਵਾਬ ਸ਼ੇਰ ਮੁਹੰਮਦ ਖ਼ਾਨ ਕੇ ਕਈ ਅਫ਼ਰਾਦ ਸ਼ਹੀਦ ਹੋ ਗਏ। ਗੁਰੂ ਤੇਗ਼ ਬਹਾਦੁਰ ਗ੍ਰਿਫ਼ਤਾਰ ਹੂਏ ਤੋ ਨਵਾਬ ਨੇ ਉਨ ਕੋ ਦਿੱਲੀ ਭੇਜ ਦੀਆ; ਯੇ ਲੜਾਈ ਸਿਖੋਂ ਕੀ ਤਰਫ ਸੇ ਮਹਜ਼ ਰਿਆਸਤ (ਮਲੇਰਕੋਟਲਾ) ਸੇ ਨਾ ਥੀ ਬਲਕਿ ਦਰਅਸਲ ਔਰੰਗਜ਼ੇਬ ਕੇ ਖਿਲਾਫ ਥੀ…।”
1706 ਈ. ਨੂੰ ਸਿੱਖਾਂ ਨੇ ਗੁਰੂ ਜੀ ਦੇ ਪਰਿਵਾਰ ਉੱਤੇ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਪੰਜਾਬ ਦੀਆਂ ਲਗਭਗ ਸਾਰੀਆਂ ਮੁਸਲਿਮ ਰਿਆਸਤਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬੈਰਾਗੀ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ ਅਤੇ ਸਾਰੇ ਪੈਰੋਕਾਰਾਂ ਨੂੰ ਉਸ ਦੀ ਅਧੀਨਗੀ ਸੌਂਪੀ ਤੇ ਆਪਣੇ ਪਰਿਵਾਰ ਦੀ ਮੌਤ ਦਾ ਬਦਲਾ ਲੈਣ ਦਾ ਐਲਾਨ ਕਰ ਦਿੱਤਾ; ਪਰ ਸਿੱਖ ਫ਼ੌਜਾਂ ਨੂੰ ਮਲੇਰਕੋਟਲਾ ਰਿਆਸਤ ਉੱਤੇ ਹਮਲਾ ਨਾ ਕਰਨ ਦੀ ਹਦਾਇਤ ਵੀ ਕੀਤੀ, ਕਿਉਂਕਿ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਗੁਰੂ ਜੀ ਦੇ ਪੁੱਤਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ।
ਬੰਦਾ ਸਿੰਘ ਬਹਾਦਰ ਨੇ ਪੂਰੀ ਤਿਆਰੀ ਕਰਨ ਤੋਂ ਪਹਿਲਾਂ ਸਰਹਿੰਦ ਦੇ ਸੂਬੇਦਾਰ ਨੂੰ 25 ਦਿਨ ਪਹਿਲਾਂ ਅਲਟੀਮੇਟਮ ਦੇ ਦਿੱਤਾ ਕਿ ਅਪ੍ਰੈਲ 1707 ਨੂੰ ਫੱਗਣ ਦੇ ਮਹੀਨੇ ਸਰਹਿੰਦ ਲੁੱਟਿਆ ਜਾਵੇਗਾ। ਗੁਰੂ ਜੀ ’ਤੇ ਢਾਹੀਆਂ ਮੁਸੀਬਤਾਂ ਦੇ ਅਸਲ ਦੋਸ਼ੀ ਸੂਬੇਦਾਰ ਵਜ਼ੀਰ ਖ਼ਾਂ ਤੋਂ ਬਦਲਾ ਲਿਆ ਜਾਵੇਗਾ, ਪਰ ਹੰਕਾਰੇ ਵਜ਼ੀਰ ਖ਼ਾਂ ਨੇ ਕੋਈ ਵਿਸ਼ੇਸ਼ ਤਿਆਰੀ ਨਾ ਅਰੰਭੀ ਜਿਹੜੀ ਉਸ ਦੀ ਵੱਡੀ ਭੁੱਲ ਸਾਬਤ ਹੋਈ। ਅੰਤ ਨੂੰ ਸਮਾਂ ਆਉਣ ’ਤੇ ਵਜ਼ੀਰ ਖ਼ਾਂ ਨੂੰ ਬੰਦੀ ਬਣਾ ਲਿਆ ਗਿਆ। ਇਤਿਹਾਸਕਾਰਾਂ ਅਨੁਸਾਰ, “ਗੁਰੂ ਜੀ ਦੇ ਬੱਚਿਆਂ ਦਾ ਬਦਲਾ ਲੈਣ ਲਈ ਉਸ ਨੂੰ ਇੱਕ ਬਲਦ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਤੇ ਸੜਕਾਂ ਉੱਤੇ ਘਸੀਟਿਆ ਗਿਆ ਅਤੇ ਫਿਰ ਜਿਉਂਦਾ ਜਲ਼ਾ ਦਿੱਤਾ ਗਿਆ। ਉਸ ਦੁਆਰਾ ਬਣਾਏ ਕਈ ਕਿਲਿ੍ਹਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ।”
ਇਸ ਘਟਨਾ ਬਾਰੇ ਡਾ. ਹਰਚੰਦ ਸਿੰਘ ਸਰਹਿੰਦੀ ਕੁਝ ਇਸ ਤਰ੍ਹਾਂ ਜ਼ਿਕਰ ਕਰਦੇ ਹਨ, “ਸੰਨ 1710 ਈ. ਵਿੱਚ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿੱਚ ਇੱਕ ਫ਼ੈਸਲਾਕੁੰਨ ਜੰਗ ਲੜੀ, ਇਸ ਜੰਗ ਵਿੱਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਉਘੇ ਜਰਨੈਲ ਫ਼ਤਿਹ ਸਿੰਘ ਨੇ ਖੰਡੇ ਦੇ ਇੱਕੋ ਵਾਰ ਨਾਲ ਸੂਬੇਦਾਰ ਵਜ਼ੀਰ ਖ਼ਾਂ ਨੂੰ ਗਰਦਨ ਤੋਂ ਲੈ ਕੇ ਲੱਕ ਤੱਕ ਦੋਫਾੜ ਕਰ ਦਿੱਤਾ…।”
ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੱਦੀ ਉਸ ਦੇ ਪੁੱਤਰ ਬਹਾਦਰ ਸ਼ਾਹ ਦੇ ਹੱਥ ਆਈ ਤੇ ਉਸ ਨੇ ਸਿੱਖਾਂ ਦੀ ਦਿਨੋਂ-ਦਿਨ ਵਧ ਰਹੀ ਚੜ੍ਹਤ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ, ਭਾਵੇਂ ਜਿੱਤ ਵੀ ਮਿਲਦੀ ਰਹੀ ਪਰ ਇਸੇ ਸਬੰਧ ’ਚ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕਦੇ ਸਿੱਖਾਂ ਵਿਰੁੱਧ ਉਸ ਦਾ ਸਾਥ ਨਾ ਦਿੱਤਾ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਜਿੱਥੇ ਬਹਾਦਰ ਸੀ, ਉੱਥੇ ਉਹ ਬਹੁਤ ਸਮਝਦਾਰ ਵੀ ਸੀ।
ਬਹੁਤ ਸਾਰੀਆਂ ਜਿੱਤਾਂ ਮਗਰੋਂ ਸਿੱਖ ਬਹੁਤ ਸ਼ਕਤੀਸ਼ਾਲੀ ਹੋ ਚੁੱਕੇ ਸਨ। ਉਨ੍ਹਾਂ ਨੂੰ ਕਈ ਵਾਰ ਮਲੇਰਕੋਟਲਾ ’ਤੇ ਹਮਲਾ ਕਰਨ ਲਈ ਉਕਸਾਇਆ ਵੀ ਗਿਆ ਪਰ ਉਨ੍ਹਾਂ ਕੋਈ ਅਜਿਹਾ ਕਦਮ ਨਾ ਚੁੱਕਿਆ। ਸਿੱਖਾਂ ਦੇ ਹੱਥ ਤਾਕਤ ਆਉਣ ’ਤੇ ਵੀ ਉਨ੍ਹਾਂ ਨੇ ਮਲੇਰਕੋਟਲਾ ਨੂੰ ਹਮੇਸ਼ਾ ਮੁਸਲਿਮ ਰਿਆਸਤ ਹੋਣ ਦੇ ਬਾਵਜੂਦ ਮਾਣ-ਸਤਿਕਾਰ ਬਖ਼ਸ਼ਿਆ।
ਇਸੇ ਤਰ੍ਹਾਂ ਰਿਆਸਤ ਮਲੇਰਕੋਟਲਾ ਦੇ ਸ਼ਾਹੀ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਨਵਾਬ ਇਨਾਇਤ ਅਲੀ ਖ਼ਾਂ ਨੇ ਵੀ ਆਪਣੀ ਪੁਸਤਕ ‘ਪ੍ਰਿੰਸ ਕੋਟਲਾ ਅਫ਼ਗਾਨਜ਼’ ਵਿੱਚ ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਖ਼ਿਆਲ ਰੱਖੇ ਹਨ, ਪਰ ਲਗਭਗ ਸਾਰੀਆਂ ਪੁਸਤਕਾਂ ਇਸ ਗੱਲ ਨੂੰ ਮਨਘੜਤ ਸਾਬਤ ਕਰਦੀਆਂ ਹਨ। ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲੀ ਇਸ ਮਨਘੜਤ ਕਹਾਣੀ ਦਾ ਕੋਈ ਠੋਸ ਸਬੂਤ ਨਹੀਂ ਲੱਭਦਾ। ਮੌਜੂਦਾ ਸਮੇਂ ਵੀ ਮਲੇਰਕੋਟਲਾ ਵਿੱਚ ਕਿਸੇ ਅਜਿਹੀ ਬੇਗ਼ਮ ਦੀ ਕਬਰ ਨਹੀਂ ਲੱਭਦੀ, ਜਿਸ ਬਾਰੇ ਕਿਹਾ ਜਾਵੇ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਵਿੱਚ ਆਈ ਹੋਵੇ।
ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਦਸੰਬਰ 1704 ਈ. ਨੂੰ ਜ਼ੁਲਮ ਵਿਰੁੱਧ ਉਠਾਈ ਗਈ ਆਵਾਜ਼ ਦੀ ਘਟਨਾ ਨੂੰ ਮੁਕਾਮੀ ਇਤਿਹਾਸ ਵਿੱਚ ‘ਹਾਅ ਦਾ ਨਾਅਰਾ’ ਕਰਕੇ ਯਾਦ ਕੀਤਾ ਜਾਂਦਾ ਹੈ। ‘ਹਾਅ ਦਾ ਨਾਅਰਾ’ ਅਸਲ ਵਿੱਚ ‘ਆਹ ਦਾ ਨਾਅਰਾ’ ਹੈ। ਉਰਦੂ ਫ਼ਾਰਸੀ ਦੀਆਂ ਪੁਰਾਣੀਆਂ ਇਤਿਹਾਸਕ ਪੁਸਤਕਾਂ ਵਿੱਚ ‘ਹਾਅ’ ਸ਼ਬਦ ਦੀ ਥਾਂ ‘ਆਹ’ ਸ਼ਬਦ ਪ੍ਰਯੋਗ ਕੀਤਾ ਮਿਲਦਾ ਹੈ। ‘ਆਹ’ ਸ਼ਬਦ ਦੁੱਖ ਪ੍ਰਗਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਇਸ ਦਾ ਮਤਲਬ ‘ਹਾਉਕਾ’ ਜਾਂ ‘ਹਾਏ’ ਨਿਕਲਦਾ ਹੈ। ਭਾਵ ਨਵਾਬ ਸ਼ੇਰ ਮੁਹੰਮਦ ਖ਼ਾਂ ਦੁਆਰਾ ਸਾਹਿਬਜ਼ਾਦਿਆਂ ਲਈ ਉਠਾਈ ਗਈ ਹੱਕ ਦੀ ਆਵਾਜ਼ ਅਸਲ ਵਿੱਚ ‘ਆਹ ਦਾ ਨਾਅਰਾ’ ਹੈ, ਜੋ ਸਮੇਂ ਨਾਲ ਬਦਲ ਕੇ ‘ਹਾਅ ਦਾ ਨਾਅਰਾ’ ਕਿਹਾ ਜਾਣ ਲੱਗਾ।
ਉਰਦੂ ਦੀਆਂ ਦੂਜੀਆਂ ਪੁਸਤਕਾਂ ਵਿੱਚ ਵੀ ਇਸੇ ਤਰ੍ਹਾਂ ‘ਹਾਅ’ ਸ਼ਬਦ ਦੀ ਥਾਂ ‘ਆਹ’ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਕਿੰਨਾ ਜ਼ਿਆਦਾ ਦੁੱਖ ਸੀ। ਇਸ ਲਈ ਸਿੱਖ ਕੌਮ ਵਿੱਚ ਰਿਆਸਤ ਮਲੇਰਕੋਟਲਾ ਦੇ ਇਸ ਅਣਖ਼ੀਲੇ ਨਵਾਬ ਨੂੰ ਹਮੇਸ਼ਾ ਆਦਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਨਵਾਬ ਸ਼ੇਰ ਮੁਹੰਮਦ ਖ਼ਾਂ 1712 ਈ. ਵਿੱਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਹ ਇੱਕ ਸੁਲਝਿਆ ਹੋਇਆ ਸੈਨਿਕ, ਮੁਨਸਫ਼ ਅਤੇ ਪੱਕੇ ਇਰਾਦੇ ਦਾ ਧਾਰਨੀ, ਦਿਆਲੂ ਅਤੇ ਆਪਣੀ ਜਨਤਾ ਦਾ ਦਰਦ ਪਛਾਨਣ ਵਾਲ਼ਾ ਸੀ। ਉਸ ਨੇ ਇੱਕ ਮੁਸਲਿਮ ਰਿਆਸਤ ਦਾ ਹਾਕਮ ਹੁੰਦਿਆਂ ਹੋਇਆਂ ਵੀ ਆਪਣੀ ਰਿਆਸਤ ਵਿੱਚ ਮੁਸਲਮਾਨਾਂ ਦੇ ਨਾਲ-ਨਾਲ ਅਨੇਕਾਂ ਹਿੰਦੂਆਂ ਤੇ ਸਿੱਖਾਂ ਨੂੰ ਜ਼ਮੀਨਾਂ ਤੇ ਜਾਗੀਰ ਵੀ ਦਿੱਤੀ ਸੀ। ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਲਈ ਪ੍ਰਗਟਾਈ ਹਮਦਰਦੀ ਉਸ ਦੇ ਇਨਸਾਨੀ ਕੱਦ ਨੂੰ ਕਈ ਗੁਣਾਂ ਉੱਚਾ ਕਰਦੀ ਹੈ। ਮਲੇਰਕੋਟਲਾ ਵਿੱਚ ‘ਹਾਅ ਦਾ ਨਾਅਰਾ’ ਗੁਰੂ ਘਰ ਉਸਾਰਿਆ ਗਿਆ ਹੈ।