ਜਦੋਂ ਖੁੱਲ੍ਹ ਕੇ ਦੇਖਿਆ ਮਨੀਪੁਰ `ਚ ਨਾਗਿਆਂ ਦਾ ਪਾਬੰਦੀਸ਼ੁਦਾ ਇਲਾਕਾ

ਆਮ-ਖਾਸ

ਗੁਰਪ੍ਰੀਤ ਸਿੰਘ ਮੰਡਿਆਣੀ
ਨਵੰਬਰ 1988 ਨੂੰ ਖਿੱਚੀ ਗਈ ਮੇਰੀ ਇਹ ਫੋਟੋ ਮਨੀਪੁਰ ਸੂਬੇ `ਚ ਨਾਗਾ ਕਬੀਲੇ ਦੇ ਇੱਕ ਪੇਂਡੂ ਘਰ ਦੀ ਹੈ। ਮਨੀਪੁਰ `ਚ ਜਾਣ ਲਈ ਸੂਬਾਈ ਸਰਕਾਰ ਤੋਂ ਇਜਾਜ਼ਤੀ ਪਰਮਿਟ ਲੈਣਾ ਪੈਂਦਾ ਹੈ, ਭਾਰਤੀ ਨਾਗਰਿਕਾਂ ਨੂੰ ਵੀ। ਮਨੀਪੁਰ ਦੀ ਰਾਜਧਾਨੀ ਇਮਫਾਲ ਪੱਧਰੀ ਧਰਤੀ `ਤੇ ਹੈ, ਪਰ ਇਹਦੇ ਚੁਫੇਰੇ `ਚ ਪਹਾੜ ਨੇ, ਫੋਟੋ ਵਾਲੀ ਜਗਾਹ ਪਹਾੜੀ ਇਲਾਕੇ ਜ਼ਿਲ੍ਹਾ ਤੇਮਿੰਗਲੌਂਗ ਦੀ ਹੈ। ਬਚਪਨ ਤੋਂ ਹੀ ਐਟਲਸ ਅਤੇ ਨਕਸ਼ੇ ਦੇਖਣੇ ਮੇਰਾ ਮਨ ਭਾਉਂਦਾ ਸ਼ੌਕ ਰਿਹਾ ਹੈ।

ਉੱਤਰ ਪੂਰਬੀ ਭਾਰਤ ਦੇ ਬਰਮਾਂ ਨਾਲ ਲਗਦੇ 6 ਸੂਬਿਆਂ ਦੀ ਜੌਗਰਫਿਆਈ ਸੂਰਤੇਹਾਲ ਬਾਰੇ ਨਕਸ਼ੇ ਦੇਖਦਿਆਂ ਏਨਾ ਕੁ ਪਤਾ ਸੀ ਕਿ ਇਹ ਪਹਾੜੀ ਅਤੇ ਜੰਗਲੀ ਸੂਬੇ ਹਨ। ਸਾਡੇ ਘਰ 1975 ਤੱਕ ਇੱਕ ਮੰਥਲੀ ਫ਼ੌਜੀ ਰਸਾਲਾ ‘ਸੈਨਿਕ ਸਮਾਚਾਰ’ ਆਉਂਦਾ ਰਿਹਾ ਹੈ, ਜੀਹਦੇ `ਚ ਇਨ੍ਹਾਂ ਸੂਬਿਆਂ ਦੇ ਲੋਕਾਂ ਦੀਆਂ ਬਹੁਤ ਫੋਟੋਆਂ ਛਪਦੀਆਂ ਹੁੰਦੀਆਂ ਸਨ- ਫੌਜ ਵੱਲੋਂ ਲਾਏ ਜਾਂਦੇ ਮੈਡੀਕਲ ਕੈਂਪ ਅਤੇ ਹੋਰ ਲੋਕ ਭਲਾਈ ਦੀਆਂ ਸਰਗਰਮੀਆਂ ਦੇ ਹਵਾਲੇ ਨਾਲ। ਫੋਟੋਆਂ ਤੋਂ ਪਤਾ ਲਗਦਾ ਸੀ ਕਿ ਇੱਥੋਂ ਦੇ ਲੋਕ ਫੀਨ੍ਹੇ ਨੱਕਾਂ, ਡੂੰਗੀਆਂ ਅੱਖਾਂ ਤੇ ਗੋਲ-ਮਟੋਲ ਚਿਹਰਿਆਂ ਵਾਲੇ ਮੰਗੋਲ ਨਸਲ ਦੇ ਹਨ, ਜਿਨ੍ਹਾਂ ਨੂੰ ਆਮ ਤੌਰ `ਤੇ ਚੀਨੇ ਵੀ ਆਖਿਆ ਜਾਂਦਾ ਹੈ।
ਛੋਟੇ ਹੁੰਦਿਆਂ ਇਸ ਇਲਾਕੇ `ਚ ਡਿਊਟੀ ਕਰ ਚੁੱਕੇ ਫ਼ੌਜੀਆਂ ਤੋਂ ਸੁਣਦੇ ਹੁੰਦੇ ਸੀ ਕਿ ਓਥੇ ਨਾਗਾ ਲੋਕ ਰਹਿੰਦੇ ਨੇ, ਜੋ ਫ਼ੌਜੀਆਂ `ਤੇ ਗੁਰੀਲਾ ਹਮਲੇ ਕਰਦੇ ਰਹਿੰਦੇ ਨੇ। ਵੱਡੇ ਹੋ ਕੇ ਪਤਾ ਲੱਗਿਆ ਕਿ ਇੱਥੇ ਬੜੇ ਚਿਰ ਤੋਂ ਹਥਿਆਰਬੰਦ ਗੁਰੀਲਾ ਵਾਰ ਚਲਦੀ ਹੈ। ਪੁਲੀਟੀਕਲ ਸਾਇੰਸ ਦੀ ਟਰਮੇਨੌਲੋਜੀ `ਚ ਇਹੋ ਜਿਹੇ ਇਲਾਕਿਆਂ ਨੂੰ ‘ਆਰਮਡ ਕਨਫਲਿਕਟ ਜ਼ੋਨ’ (ੳਰਮੲਦ ਚੋਨਾਲਚਿਟ ਡੋਨੲ) ਆਖਿਆ ਜਾਂਦਾ ਹੈ। ਇਨ੍ਹਾਂ ਉੱਤਰ ਪੂਰਬੀ ਸੂਬਿਆਂ ਦੇ ਨਾਗਾ ਅਬਾਦੀ ਵਾਲੇ ਇਲਾਕਿਆਂ ਨੂੰ 1958 `ਚ ਹੀ ਗੜਬੜ ਵਾਲੇ ਇਲਾਕੇ ਕਰਾਰ ਦਿੰਦਿਆਂ ‘ਆਰਮਰਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ’ ਤਹਿਤ ਫੌਜ ਤੇ ਹੋਰ ਫੋਰਸਾਂ ਨੂੰ ਇੱਥੋਂ ਦੇ ਬਾਗ਼ੀਆਂ ਨੂੰ ਦਬਾਉਣ ਵਾਸਤੇ ਵਿਸ਼ੇਸ਼ ਤਾਕਤਾਂ ਦਿੱਤੀਆਂ ਗਈਆਂ ਸਨ। ਮਨੀਪੁਰ ਤੇ ਨਾਗਾਲੈਂਡ `ਚ ਚਲ ਰਹੀ ਗੜਬੜ ਬਾਰੇ ਥੋੜ੍ਹਾ ਜਿਹਾ ਲੁਧਿਆਣੇ ਗੌਰਮਿੰਟ ਕਾਲਜ ਪੜ੍ਹਦਿਆਂ ਕਾਲਜ ਹੋਸਟਲ ਨੇੜੇ ਰੋਜ਼ ਗਾਰਡਨ ਦੀ ਕੰਧ `ਤੇ ਲਿਖੇ ਨਾਅਰੇ ਦੇਖੇ ਸਨ, ਜਿਨ੍ਹਾਂ `ਚ ਲਿਖਿਆ ਹੁੰਦਾ ਸੀ, “ਨਾਗਾਲੈਂਡ-ਮਨੀਪੁਰ `ਚ ਲਾਗੂ ਗੜਬੜ ਵਾਲਾ ਕਾਨੂੰਨ ਖਤਮ ਕਰੋ” ਇਹੋ ਜਿਹੇ ਨਾਅਰੇ 1977 `ਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਿਖੇ ਮਿਲਦੇ ਹੁੰਦੇ ਸਨ।
ਗੜਬੜ ਵਾਲਾ ਇਲਾਕਾ ਤੇ ‘ਆਰਮਰਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ’ ਦਾ ਨਾਂ ਪੰਜਾਬੀਆਂ ਨੇ ਖੁੱਲ੍ਹ ਕੇ ਪਹਿਲੀ ਦਫ਼ਾ ਉਦੋਂ ਸੁਣਿਆ, ਜਦੋਂ ਇਹ ਕਾਨੂੰਨ 1983 `ਚ ਸਰਕਾਰ ਨੇ ਪੰਜਾਬ `ਚ ਵੀ ਲਾਗੂ ਕਰ ਦਿੱਤਾ ਸੀ। ਲਗਾਤਾਰ ਗੜਬੜੀ ਵਾਲੇ ਹਾਲਾਤਾਂ ਦੀ ਵਜਾਹ ਕਰਕੇ ਕਦੇ ਸੁਣਿਆ ਨਹੀਂ ਸੀ ਕਿ ਕੋਈ ਪੰਜਾਬੀ ਇੱਥੇ ਜਾ ਕੇ ਆਇਆ ਹੋਵੇ- ਬਤੌਰ ਟੂਰਿਸਟ, ਕਾਰੋਬਾਰ, ਨੌਕਰੀ ਜਾਂ ਕਿਸੇ ਹੋਰ ਸਿਲਸਿਲੇ `ਚ। ਦੂਰ-ਦੂਰ ਤੱਕ ਸਾਰੇ ਮੁਲਕ ਦਾ ਗੇੜਾ ਲਾਉਣ ਵਾਲੇ ਪੰਜਾਬੀ ਟਰੱਕ ਡਰਾਇਵਰ ਵੀ ਵੱਧ ਤੋਂ ਵੱਧ ਅਸਾਮ ਦੀ ਰਾਜਧਾਨੀ ਗੁਹਾਟੀ ਤੱਕ ਦੇ ਗੇੜੇ ਦੀ ਹੀ ਗੱਲ ਸੁਣਾਉਂਦੇ ਹੁੰਦੇ ਸਨ। ਮਨੀਪੁਰ ਦੇ ਧੁਰ ਅੰਦਰਲੇ ਨਾਗਾ ਆਬਾਦੀ ਵਾਲੇ ਪਹਾੜੀ ਪੇਂਡੂ ਇਲਾਕੇ ਵਿੱਚ ਮੈਨੂੰ ਜਾਣ ਦਾ ਮੌਕਾ 1988 `ਚ ਮਿਲਿਆ। ਸਿਰਫ ਜਾਣ ਦਾ ਹੀ ਨਹੀਂ ਬਲਕਿ 10 ਦਿਨ ਰਹਿਣ ਦਾ ਵੀ। ਇਹ ਮੌਕਾ ਇੱਕ ਸਰਕਾਰੀ ਕੈਂਪ `ਚ ਸ਼ਾਮਲ ਹੋਣ ਜ਼ਰੀਏ ਲੱਗਿਆ ਸੀ, ਜੀਹਦਾ ਇੰਤਜ਼ਾਮ ਭਾਰਤ ਸਰਕਾਰ ਦੀ ਮਨਿਸਟਰੀ ਆਫ ਯੂਥ ਅਫੇਅਰਜ਼ ਦੇ ਇੱਕ ਅਦਾਰੇ ‘ਨਹਿਰੂ ਯੁਵਾ ਕੇਂਦਰ’ ਨੇ ਕੀਤਾ ਸੀ, ਜੀਹਦੇ `ਚ 7 ਸੂਬਿਆਂ ਦੇ ਯੂਥ ਸ਼ਾਮਲ ਹੋਏ।
ਦਿੱਲੀਓਂ ਤਿਨਸੁਕੀਆ ਮੇਲ ਰੇਲ ਗੱਡੀ ਤੇ ਗੁਹਾਟੀ ਤੱਕ 2 ਹਜ਼ਾਰ ਕਿਲੋਮੀਟਰ 36 ਘੰਟਿਆਂ ਦਾ ਮੈਦਾਨੀ ਸਫਰ ਆਮ ਵਰਗਾ ਹੀ ਸੀ। ਗੁਹਾਟੀਓਂ ਅਗਾਂਹ ਅੱਜ ਕੱਲ੍ਹ ਰੇਲ ਲਾਈਨ ਵੱਡੀ ਹੋ ਗਈ ਹੈ, ਪਰ ਉਦੋਂ ਛੋਟੀ ਰੇਲ ਗੱਡੀ ਚਲਦੀ ਸੀ। ਟਰੇਨ ਨੰਬਰ ਤੇ ਸੀਟ ਰਿਜ਼ਰਵੇਸ਼ਨ ਪਿਛਲੀ ਹੀ ਵੱਡੀ ਰੇਲ ਗੱਡੀ ਵਾਲੀ ਚਲਦੀ ਸੀ, ਸਿਰਫ ਵੱਡੀ ਗੱਡੀ ਤੋਂ ਉੱਤਰ ਕੇ ਛੋਟੀ `ਚ ਬੈਠਣਾ ਪੈਂਦਾ ਸੀ। ਇਹ ਰੇਲ ਗੁਹਾਟੀਓਂ ਆਥਣੇ 3 ਵਜੇ ਤੁਰੀ, ਜਿੱਥੋਂ 250 ਕਿਲੋਮੀਟਰ ਦੂਰ ਅਸੀਂ ਨਾਗਾਲੈਂਡ ਦੇ ਸਟੇਸ਼ਨ ਦੀਮਾਪੁਰ ਰਾਤ ਨੂੰ ਤਕਰੀਬਨ 9 ਵਜੇ ਉਤਰੇ। ਨਾਗਾਲੈਂਡ `ਚ ਦਿਨ ਪੰਜਾਬ ਨਾਲ਼ੋਂ ਇੱਕ ਘੰਟਾ ਪਹਿਲਾਂ ਛਿਪ ਜਾਂਦਾ ਹੈ, ਜਿਸ ਕਰਕੇ ਓਥੇ ਪੰਜਾਬ ਦੇ ਦਸ ਵਜੇ ਬਰਾਬਰ ਰਾਤ ਪੈ ਚੁੱਕੀ ਸੀ ਤੇ ਰੇਲਵੇ ਸਟੇਸ਼ਨ `ਤੇ ਕੋਈ ਚਹਿਲ-ਪਹਿਲ ਨਹੀਂ ਸੀ। ਸਾਡੀ ਮੰਜ਼ਿਲ ਤਾਂ ਇੱਥੋਂ ਕਾਫ਼ੀ ਦੂਰ ਸੀ ਤੇ ਇਹ ਇੱਕ ਪੜਾਅ ਸੀ। ਸਾਨੂੰ ਸਿਰਫ ਇੰਨਾ ਕੁ ਹੀ ਪਤਾ ਸੀ ਕਿ ਨਾਗਾਲੈਂਡ ਦੇ ਸ਼ਹਿਰ ਦੀਮਾਪੁਰ ਤੋਂ ਅਗਾਂਹ ਮਨੀਪੁਰ ਦੀ ਰਾਜਧਾਨੀ ਇਮਫਾਲ ਵਾਸਤੇ ਸਾਨੂੰ ਬੱਸ ਫੜਨੀ ਪੈਣੀ ਹੈ, ਪਰ ਦੀਮਾਪੁਰ ਦੇ ਸਟੇਸ਼ਨ ਤੋਂ ਰਾਤ ਨੂੰ ਬਾਹਰ ਨਿਕਲ ਕੇ ਕਿੱਥੇ ਜਾਣਾ ਹੈ, ਇਸ ਬਾਰੇ ਕੋਈ ਡਾਇਰੈਕਸ਼ਨ ਟੂਰ ਪ੍ਰੋਗਰਾਮ ਵਿੱਚ ਨਹੀਂ ਸੀ। ਕਿਸੇ ਹੋਟਲ ਬਾਰੇ ਪੁੱਛਣ `ਤੇ ਸਾਨੂੰ ਦੱਸਿਆ ਗਿਆ ਕਿ ਐਸ ਵੇਲੇ ਕਿਸੇ ਹੋਟਲ ਵਾਲੇ ਨੇ ਆਪਦਾ ਬਾਰ ਨਹੀਂ ਖੋਲ੍ਹਣਾ।
ਜਿਵੇਂ ਦੁਨੀਆਂ ਦੇ ਕਿਸੇ ਅਣਜਾਣ ਸ਼ਹਿਰ ਜਾ ਕੇ ਹਰੇਕ ਪੰਜਾਬੀ ਗੁਰਦੁਆਰੇ ਦਾ ਆਸਰਾ ਤੱਕਦਾ ਹੈ, ਅਸੀਂ ਵੀ ਪੁੱਛਿਆ ਕਿ ਕੀ ਇੱਥੇ ਕੋਈ ਗੁਰਦੁਆਰਾ ਹੈ? ਸਾਨੂੰ ਦੱਸਿਆ ਗਿਆ ਕਿ ਹਾਂ ਗੁਰਦੁਆਰਾ ਤਾਂ ਹੈ! ਪਰ ਗੜਬੜ-ਜ਼ਦਾ ਇਲਾਕਾ ਹੋਣ ਕਰਕੇ ਤੁਹਾਡੇ ਵਾਸਤੇ ਸਟੇਸ਼ਨ ਤੋਂ ਬਾਹਰ ਨਿਕਲਣਾ ਖਤਰੇ ਵਾਲੀ ਗੱਲ ਹੈ। ਪਤਾ ਨਹੀਂ ਖਾੜਕੂਆਂ ਜਾਂ ਫੌਜ ਵੱਲੋਂ ਕੀਹਨੂੰ ਤੁਹਾਡੇ `ਤੇ ਸ਼ੱਕ ਪੈ ਜਾਵੇ ਤੇ ਤੁਸੀਂ ਰਾਹ ਜਾਂਦੇ ਹੀ ਰਾੜ੍ਹੇ ਜਾਵੋਂ। ਆਹ ਲੰਘੇ 4 ਦਸੰਬਰ 2021 ਨੂੰ ਨਾਗਾਲੈਂਡ ਦੇ ਮੂਨ ਜ਼ਿਲ੍ਹੇ `ਚ ਇੱਕ ਗੱਡੀ `ਚ ਜਾ ਰਹੇ ਮਜ਼ਦੂਰਾਂ `ਤੇ ਫੌਜ ਵੱਲੋਂ ਚਲਾਈ ਗੋਲੀ ਨਾਲ 6 ਮਜ਼ਦੂਰ ਤਾਂ ਮੌਕੇ `ਤੇ ਹੀ ਮਾਰੇ ਗਏ। ਜੀਹਦੇ `ਚ ਸਰਕਾਰ ਨੇ ਇਹ ਸਫਾਈ ਦਿੱਤੀ ਕਿ ਫੌਜ ਨੇ ਗਲਤੀ ਨਾਲ ਮਜ਼ਦੂਰਾਂ ਨੂੰ ਖਾੜਕੂ ਸਮਝ ਕੇ ਗੋਲੀ ਚਲਾਈ ਸੀ। ਖ਼ੈਰ! ਇਹ ਗਲਤ ਪਛਾਣ ਦਾ ਮਾਮਲਾ ਸੀ ਜਾਂ ਕੁਝ ਹੋਰ, ਪਰ ਇਸ ਵਾਕੇ ਨਾਲ ਦੀਮਾਪੁਰ ਸਟੇਸ਼ਨ `ਤੇ ਮੁਲਾਜ਼ਮਾਂ ਵੱਲੋਂ ਸਾਨੂੰ ਜਿਹੜੇ ਖਤਰੇ ਤੋਂ ਆਗਾਹ ਕੀਤਾ ਸੀ, ਉਹ ਬਿਲਕੁਲ ਸਹੀ ਸਾਬਿਤ ਹੁੰਦਾ ਹੈ।
ਖ਼ੈਰ! ਸਟੇਸ਼ਨ ਮਾਸਟਰ ਨੇ ਸਾਡੀ ਔਕੜ ਨੂੰ ਧਿਆਨ `ਚ ਰੱਖਦਿਆਂ ਸਾਡੇ ਵਾਸਤੇ ਫ਼ਸਟ ਕਲਾਸ ਵਾਲਾ ਉੱਪਰਲਾ ਵੇਟਿੰਗ ਰੂਮ ਖੋਲ੍ਹ ਦਿੱਤਾ, ਜੀਹਦੀਆਂ ਪੌੜੀਆਂ ਮੂਹਰੇ ਮੋਟੇ ਸਰੀਏ ਵਾਲਾ ਗੇਟ ਲੱਗਿਆ ਸੀ। ਫਰੀਦਕੋਟੋਂ ਵਾਇਆ ਦਿੱਲੀ, ਗੁਹਾਟੀ ਰੇਲ ਵਾਲਾ 2600 ਕਿਲੋਮੀਟਰ ਦਾ ਸਾਡਾ ਸਫਰ ਤਾਂ 64 ਘੰਟਿਆਂ `ਚ ਨਿਬੜ ਗਿਆ, ਪਰ ਦੀਮਾਪੁਰੋਂ ਵਾਇਆ ਕੋਹੀਮਾ, ਇਮਫਾਲ, ਤੇਮਿੰਗਲੌਂਗ ਦਾ 370 ਕਿਲੋਮੀਟਰ ਵਾਲਾ ਸਫਰ 4 ਦਿਨ ਤੇ 4 ਰਾਤਾਂ `ਚ ਸਰ ਹੋਇਆ। ਦੀਮਾਪੁਰ ਰੇਲਵੇ ਸਟੇਸ਼ਨ `ਤੇ ਰਾਤ ਕੱਟ ਕੇ ਅਗਲੀ ਸਵੇਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਪੁੱਜੇ ਤਾਂ ਓਥੇ ਸਵੇਰ ਦੇ ਦੀਵਾਨ `ਚ ਆਈਆਂ ਸਿੱਖ ਸੰਗਤਾਂ ਸਾਡੀ ਆਮਦ `ਤੇ ਹੈਰਾਨ ਵੀ ਹੋਈਆਂ ਤੇ ਖੁਸ਼ ਵੀ। ਦੀਮਾਪੁਰ `ਚ ਉਦੋਂ ਸਿਰਫ 35 ਸਿੱਖ ਪਰਿਵਾਰ ਵਸਦੇ ਸਨ। ਗੁਰਦੁਆਰਾ ਸ਼ਾਨਦਾਰ ਹੈ। ਇਸੇ ਦਿਨ ਦੀਮਾਪੁਰ ਦੇ ਡੀ.ਸੀ. ਦਫਤਰੋਂ ਮਨੀਪੁਰ `ਚ ਐਂਟਰ ਹੋਣ ਦਾ ਪਰਮਿਟ ਬਣਵਾਇਆ, ਕੈਂਪ `ਚ ਜਾਣ ਦੀ ਸਰਕਾਰੀ ਚਿੱਠੀ ਦਿਖਾ ਕੇ।
ਅਗਲੇ ਦਿਨ ਵਾਸਤੇ ਇਮਫਾਲ ਜਾਣ ਖ਼ਾਤਰ ਮਨੀਪੁਰ ਰੋਡਵੇਜ਼ ਬੱਸ ਦੀਆਂ ਸੀਟਾਂ ਬੁੱਕ ਕਰਵਾਈਆਂ, ਪਰਮਿਟ ਦਿਖਾ ਕੇ। ਬੱਸ ਸਰਵਿਸ ਸਿਰਫ ਦਿਨੇ ਦਿਨੇ ਹੀ ਹੈ, ਸੀਟ ਇੱਕ ਦਿਹਾੜੀ ਪਹਿਲਾਂ ਹੀ ਬੁੱਕ ਕਰਾਉਣੀ ਪੈਂਦੀ ਹੈ। ਅਗਲੇ ਦਿਨ ਸਵੇਰੇ ਬੱਸ ਚੜ੍ਹੇ, ਸਾਰੀ ਦਿਹਾੜੀ ਦੇ ਪਹਾੜੀ ਸਫਰ ਮਗਰੋਂ ਨਾਗਾਲੈਂਡ ਦੀ ਰਾਜਧਾਨੀ ਕੋਹੀਮਾ ਹੁੰਦੀ ਹੋਈ ਬੱਸ ਸ਼ਾਮ ਨੂੰ ਮਨੀਪੁਰ ਦੀ ਰਾਜਧਾਨੀ ਇਮਫਾਲ ਪੁੱਜੀ। ਇੱਥੇ ਵੀ ਦੋ ਰਾਤਾਂ ਦੀ ਠਾਹਰ ਗੁਰਦੁਆਰੇ ਕੀਤੀ। ਇਸ ਸ਼ਹਿਰ `ਚ 200 ਸਿੱਖ ਫੈਮਲੀਆਂ ਦੀ ਵੱਸੋਂ ਸੁਣੀ ਸੀ। ਦੂਜੇ ਦਿਨ ਬੱਸ ਦੀਆਂ ਸੀਟਾਂ ਬੁੱਕ ਕਰਾਈਆਂ, ਅਗਲੇ ਦਿਨ ਵਾਸਤੇ ਆਖ਼ਰੀ ਮੁਕਾਮ ਤੇਮਿੰਗਲੌਂਗ ਜਾਣ ਵਾਸਤੇ। ਵੈਸੇ ਤਾਂ ਇਮਫਾਲ ਤੋਂ ਤੇਮਿੰਗਲੌਂਗ ਵਾਸਤੇ ਦਿਹਾੜੀ `ਚ ਸਿਰਫ ਇੱਕ ਬੱਸ ਹੀ ਤੁਰਦੀ ਹੈ, ਸਾਡੇ ਨਾਲ ਹੀ ਕੈਂਪ `ਚ ਜਾਣ ਵਾਸਤੇ ਹੋਰ ਸੂਬਿਆਂ ਦੇ ਵੀ ਗਰੁੱਪ ਪੁੱਜਣ ਕਾਰਨ ਮਨੀਪੁਰ ਰੋਡਵੇਜ਼ ਨੇ ਦੋ ਹੋਰ ਸਪੈਸ਼ਲ ਬੱਸਾਂ ਤੋਰੀਆਂ। ਤਿੰਨੋਂ ਬੱਸਾਂ ਦਾ ਕਾਫ਼ਲਾ ਸਵੇਰ ਦਾ ਤੁਰਿਆ ਹੋਇਆ ਆਥਣੇ ਹੀ ਕੈਂਪ ਵਾਲੀ ਜਗਾਹ ਤੇਮਿੰਗਲੌਂਗ ਪੁੱਜਿਆ। ਸਾਰਾ ਸਫਰ ਪਹਾੜੀ ਚੜ੍ਹਾਈ ਵਾਲਾ ਸੀ। ਸਾਰੇ ਰਾਹ ਨਾ ਕੋਈ ਢਾਬਾ ਜਾਂ ਟੀ-ਸਟਾਲ ਤੇ ਨਾ ਹੀ ਕੋਈ ਪ੍ਰਾਈਵੇਟ ਮੋਟਰ ਗੱਡੀ ਮਿਲੀ, ਸਿਰਫ ਟਾਂਵੀਂ ਟੱਲੀ ਫ਼ੌਜੀ ਗੱਡੀ ਹੀ ਟੱਕਰਦੀ ਸੀ। ਰਾਹ `ਚ ਨਾਕੇ ਵੀ ਮਿਲੇ, ਜੋ ਪੁਲਿਸ ਦੇ ਨਹੀਂ ਬਲਕਿ ਫੌਜ ਦੇ ਹੀ ਸੀਗੇ, ਜਿੱਥੇ ਬੱਸ ਦੀ ਚੈਕਿੰਗ ਹੁੰਦੀ ਸੀ।
ਇਸ ਰਾਹ ਵਾਲੇ ਪਹਾੜਾਂ `ਤੇ ਬਾਂਸ ਦੇ ਸੰਘਣੇ ਜੰਗਲ ਮਿਲਦੇ ਹਨ। ਮੇਰੇ ਹਿਸਾਬ ਨਾਲ ਤੇਮਿੰਗਲੌਂਗ, ਭਾਰਤ ਦੇ ਦੂਰ-ਦੁਰੇਡੇ ਧੁਰ ਅੰਦਰਲੇ ਇਲਾਕਿਆਂ (ਨਿਟੲਰiੋਰ ਅਰੲਅਸ) ਦੀ ਲਿਸਟ `ਚ ਉਪਰਲੀਆਂ ਪੋਜੀਸ਼ਨਾਂ `ਚ ਹੋਵੇਗਾ। ਜ਼ਿਲ੍ਹਾ ਹੈਡਕੁਆਟਰ ਹੋਣ ਦੇ ਬਾਵਜੂਦ ਇਹਦਾ ਸੂਬਾਈ ਰਾਜਧਾਨੀ ਨਾਲ ਉਦੋਂ ਤੱਕ ਕੋਈ ਟੈਲੀਫ਼ੋਨ ਲਿੰਕ ਨਹੀਂ ਸੀ। ਨਾ ਕੋਈ ਅਖਬਾਰ ਏਥੇ ਪੁੱਜਦਾ ਸੀ ਅਤੇ ਨਾ ਹੀ ਟੈਲੀਵੀਜ਼ਨ ਤੇ ਨਾ ਹੀ ਆਕਾਸ਼ਵਾਣੀ ਦੇ ਕਿਸੇ ਰੇਡੀਓ ਸਿਗਨਲ ਦੀ ਇੱਥੇ ਤੱਕ ਪਹੁੰਚ ਸੀ। ਮੈਂ ਆਪਣਾ ਰੇਡੀਓ ਨਾਲ ਤਾਂ ਲੈ ਗਿਆ ਸੀ, ਪਰ ਉਹ ਸਿਰਫ ਬੰਗਲਾ ਦੇਸ਼ ਦਾ ਹੀ ਰੇਡੀਓ ਸਟੇਸ਼ਨ ਫੜਦਾ ਸੀ। ਬਿਜਲੀ ਸਿਰਫ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਆਉਂਦੀ ਸੀ। ਪਿੰਡਾਂ ਦੇ ਘਰ ਬਾਂਸ ਤੇ ਫੂਸ ਦੀਆਂ ਛੱਤਾਂ ਵਾਲੇ ਹੀ ਸੀਗੇ। ਫੌਜ ਇੱਥੇ ਵੀ ਤਾਇਨਾਤ ਸੀ। ਸਾਨੂੰ ਨੇੜੇ ਦੇ ਪਿੰਡਾਂ `ਚ ਵੀ ਘੁਮਾਇਆ ਗਿਆ, ਦੇਖ ਕੇ ਇਓਂ ਜਾਪਦਾ ਸੀ ਕਿ ਉੱਥੋਂ ਦੇ ਵਸਨੀਕਾਂ ਦਾ ਜਿਹੋ ਜਿਹਾ ਜੀਵਨ ਅੱਜ ਹੈ, ਇੱਕ ਸੌ ਸਾਲ ਪਹਿਲਾਂ ਵੀ ਉਹੋ ਜਿਹਾ ਹੀ ਹੋਊਗਾ। ਸਹੀ ਮਾਅਨਿਆਂ `ਚ ਦੁਨੀਆਂ ਤੋਂ ਪਰੇ ਵਾਲਾ ਇਲਾਕਾ ਸੀ ਇਹ। ਅਜਿਹੀ ਅਹਿਮੀਅਤ (ਸਗਿਨiਾਚਿਅਨਚੲ) ਵਾਲੇ ਇਲਾਕੇ ਨੂੰ ਪੂਰੇ 10 ਦਿਨ ਧੁਰ ਅੰਦਰੋਂ ਨੀਝ ਨਾਲ ਦੇਖ ਕੇ ਮੇਰੇ ਮਨ ਨੂੰ ਬਹੁਤ ਤਸੱਲੀ ਹੋਈ। ਆਮ ਹਾਲਤਾਂ `ਚ ਇੱਥੇ ਪਹੁੰਚ ਸਕਣਾ ਉੱਕਾ ਹੀ ਸੰਭਵ ਨਹੀਂ ਸੀ, ਪਰ ਪਰਮਾਤਮਾ ਦੀ ਮਿਹਰ ਸਦਕਾ ਮੈਨੂੰ ਇਹ ਮੌਕਾ ਮਿਲ ਗਿਆ ਸੀ। ਰੱਬ ਦੀ ਇਹ ਮਿਹਰਬਾਨੀ ਮੇਰੇ ਇੱਕ ਦੋਸਤ ਸ. ਜਸਵਿੰਦਰ ਸਿੰਘ ਕੂਨਰ ਦੀ ਮਾਰਫਤ ਹੋਈ, ਜੋ ਉਦੋਂ ਉਹ ਨਹਿਰੂ ਯੁਵਾ ਕੇਂਦਰ ਫਰੀਦਕੋਟ ਦੇ ਜ਼ਿਲ੍ਹਾ ਇੰਚਾਰਜ ਸੀਗੇ। ਉਨ੍ਹਾਂ ਨੇ ਹੀ ਕੈਂਪ `ਤੇ ਜਾਣ ਵਾਲੇ ਗਰੁੱਪ `ਚ ਮੇਰਾ ਨਾਂ ਸ਼ਾਮਲ ਕੀਤਾ। ਸ. ਕੂਨਰ ਦਾ ਜੱਦੀ ਪਿੰਡ ਲੋਪੋਂ ਹੈ, ਲੁਧਿਆਣੇ ਜ਼ਿਲ੍ਹੇ `ਚ ਸਮਰਾਲੇ ਤੇ ਦੋਰਾਹੇ ਦਰਮਿਆਨ। ਅੱਜ ਕੱਲ੍ਹ ਉਹ ਪੱਕੇ ਤੌਰ `ਤੇ ਪਟਿਆਲੇ ਰਿਹਾਇਸ਼ ਪਜ਼ੀਰ ਨੇ, ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਕੇ ਪਟਿਆਲੇ ਜ਼ਿਲ੍ਹਾ ਕਚਹਿਰੀ `ਚ ਵਕਾਲਤ ਕਰਦੇ ਨੇ।
ਜਿੱਥੇ ਰੇਡੀਓ ਸਿਗਨਲ ਵੀ ਨਹੀਂ ਸੀ ਪਹੁੰਚਦਾ, ਬਿਨਾ ਪਰਮਿਟ ਐਂਟਰੀ ਨਹੀਂ ਸੀ, ਸਰਕਾਰੀ ਤੌਰ `ਤੇ ਐਲਾਨੀਆ ਗੜਬੜ ਵਾਲਾ ਇਲਾਕਾ ਸੀ, ਓਹੋ ਜਹੇ ਸਿੋਲਅਟੲਦ ਅਨਦ ਰਸਿਕੇ ਡੋਨੲ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨ ਕਰਾਉਣ ਬਦਲੇ ਸ. ਜਸਵਿੰਦਰ ਸਿੰਘ ਕੂਨਰ ਦਾ ਮੈਂ ਅੱਜ ਵੀ ਅਹਿਸਾਨਮੰਦ ਹਾਂ।

Leave a Reply

Your email address will not be published. Required fields are marked *