ਖੇਤੀ ਖੇਤਰ ਵਿਚਲੀਆਂ ਨਵੀਆਂ ਤਕਨੀਕਾਂ ਬਾਰੇ ਖ਼ਦਸ਼ੇ ਅਤੇ ਹਕੀਕਤਾਂ

ਆਮ-ਖਾਸ ਵਿਚਾਰ-ਵਟਾਂਦਰਾ

ਕਰਮ ਬਰਸਟ
ਖੇਤੀ ਜਿਣਸਾਂ ਅਤੇ ਇਸ ਨਾਲ ਜੁੜੀ ਖੁਰਾਕ ਸਨਅਤ ਵਿੱਚ ਸਮੇਂ ਸਮੇਂ ਸੁਧਾਰ ਕਰ ਕੇ ਵਿਕਾਸ ਹੁੰਦਾ ਆਇਆ ਹੈ। ਹਰੇ ਇਨਕਲਾਬ ਦੀ ਤਕਨੀਕ ਤੋਂ ਪਹਿਲਾਂ ਦੀ ਖੇਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਮੰਡੀ `ਚ ਵੇਚਣ ਲਈ ਤਾਂ ਕੀ ਬਚਣਾ ਸੀ, ਪਰਿਵਾਰ ਦਾ ਪੇਟ ਭਰਨਾ ਵੀ ਮੁਸ਼ਕਿਲ ਹੁੰਦਾ ਸੀ। ਸਰਦੇ ਪੁੱਜਦੇ ਘਰਾਂ ਵਿੱਚ ਕਣਕ ਦਾ ਆਟਾ ਮਹਿਮਾਨਾਂ ਲਈ ਹੀ ਵਰਤਿਆ ਜਾਂਦਾ ਸੀ; ਨਹੀਂ ਤਾਂ ਟੱਬਰ ਦੇ ਜੀਆਂ ਲਈ ਬਾਜਰਾ, ਜੌਂਅ ਅਤੇ ਜਵਾਰ ਹੀ ਵਰਤੀ ਜਾਂਦੀ ਸੀ।

ਹਰੇ ਇਨਕਲਾਬ ਤੋਂ ਬਾਅਦ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਈਆਂ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਾਂ ਦੇ ਉਪਜਾਊ ਤੇ ਮਿੱਠੇ ਪਾਣੀ ਵਾਲੇ ਚੋਣਵੇਂ ਖਿੱਤੇ ਚੁਣ ਕੇ ਜਿਹੜੀ ਤਕਨੀਕ ਵਰਤੀ ਗਈ, ਉਸ ਨਾਲ ਨਾ ਸਿਰਫ ਭਾਰਤ ਅਨਾਜ ਵਿੱਚ ਆਤਮ-ਨਿਰਭਰ ਬਣਿਆ, ਸਗੋਂ ਕਣਕ ਤੇ ਚੌਲ਼ਾਂ ਦੀ ਬਰਾਮਦ ਕਰਨ ਵਾਲਾ ਮੁਲਕ ਵੀ ਬਣ ਗਿਆ।
ਭਾਰਤ ਦੀ ਖੇਤੀ ਦਾ ਵਿਕਾਸ ਰਵਾਇਤੀ ਫਸਲਾਂ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨਾਲ ਜੁੜਿਆ ਹੋਇਆ ਹੈ। ਨਵੀਆਂ ਕਿਸਮਾਂ ਨਾਲ ਜੁੜ ਕੇ ਪਾਣੀ ਦੀ ਕਿੱਲਤ, ਜ਼ਮੀਨ ਤੇ ਹਵਾ ਪ੍ਰਦੂਸ਼ਣ, ਜ਼ਮੀਨੀ ਸਿਹਤ ਵਿੱਚ ਨਿਘਾਰ ਤੋਂ ਇਲਾਵਾ ਖੇਤੀ ਖੇਤਰ ਵਿੱਚੋਂ ਕਾਸ਼ਤਕਾਰਾਂ ਅਤੇ ਮਜ਼ਦੂਰਾਂ ਦਾ ਨਿਕਾਸ ਵੀ ਹੋਇਆ। ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਹੋਇਆ, ਕੰਮ ਦੇ ਮੌਕਿਆਂ ਅੰਦਰ ਬੇਹਿਸਾਬ ਕਟੌਤੀ ਹੋਈ ਅਤੇ ਵਿਹਲੜਪੁਣੇ ਦਾ ਰੁਝਾਨ ਵੀ ਵਧਿਆ। ਖੇਤੀ ਅੰਦਰ ਹੋਏ ਤੇਜ਼ ਵਿਕਾਸ ਦੇ ਮੁਢਲੇ ਦਹਾਕਿਆਂ ਅੰਦਰ ਪੇਂਡੂ ਖੇਤਰ ਵਿੱਚ ਗਿਣਨਯੋਗ ਖ਼ੁਸ਼ਹਾਲੀ ਆਈ। ਸਿਹਤ ਤੇ ਸਿੱਖਿਆ ਦਾ ਫੈਲਾਅ ਹੋਇਆ। ਇਸ ਦੇ ਨਾਲ ਹੀ ਪੰਜਾਬ ਅੰਦਰ ਸਰਕਾਰੀ ਸੇਵਾਵਾਂ ਖਾਸ ਕਰ ਕੇ ਸਿੱਖਿਆ, ਬਿਜਲੀ ਮਹਿਕਮਾ, ਪੁਲਿਸ ਆਦਿ ਅੰਦਰ ਰੁਜ਼ਗਾਰ ਦੇ ਮੌਕੇ ਵੱਡੀ ਪੱਧਰ `ਤੇ ਪੈਦਾ ਹੋਣ ਨਾਲ ਚੰਗਾ ਚੋਖਾ ਮੱਧ ਵਰਗ ਹੋਂਦ ਵਿੱਚ ਆਇਆ ਹੈ।
ਹਰ ਨਵੀਂ ਤਕਨੀਕ ਅੱਗੇ ਹੋਰ ਤਕਨੀਕ ਨੂੰ ਜਨਮ ਦਿੰਦੀ ਹੈ। ਵਧੇਰੇ ਝਾੜ ਵਾਲੀਆਂ ਫਸਲਾਂ, ਜੋ ਅਕਸਰ ਦੋ ਜਾਂ ਬਹੁਤੀਆਂ ਫਸਲਾਂ ਦਾ ਮੇਲ-ਜੋਲ ਕਰਵਾ ਕੇ ਕੀਤੀਆਂ ਜਾਂਦੀਆਂ ਸਨ, ਉਸ ਦੀ ਜਗ੍ਹਾ ਜੀਨ ਸੋਧੀਆਂ ਕਿਸਮਾਂ ਦਾ ਪਸਾਰਾ ਹੋਣ ਲੱਗ ਪਿਆ। ਜੀਨ ਸੋਧੇ ਬੀਜ, ਭਾਵ ਜੈਨੇਟਿਕਲੀ ਮੋਡੀਫਾਈਡ (ਜੀ.ਐੱਮ) ਬੀਜ ਖੇਤੀਬਾੜੀ ਫਸਲਾਂ ਦੇ ਉਤਪਾਦਨ ਵਿੱਚ ਅਗਲਾ ਅਹਿਮ ਕਦਮ ਹੈ। ਜੀਨ ਯੁਕਤ ਉਹ ਬੀਜ ਹੁੰਦੇ ਹਨ, ਜਿਨ੍ਹਾਂ ਨੂੰ ਕੁਝ ਵੱਖਰੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਨ ਲਈ ਸੋਧਿਆ ਜਾਂਦਾ ਹੈ, ਪਰ ਜੀਨ ਯੁਕਤ ਬੀਜ ਤਿਆਰ ਕਰਨ ਲਈ ਵਰਤਿਆ ਜਾਂਦਾ ਤਰੀਕਾ ਪਰੰਪਰਾ ਵਾਲੀ ਵਿਧੀ ਤੋਂ ਵੱਖਰਾ ਹੈ। ਹੁਣ ਜੀਨਾਂ ਨੂੰ ਕਰਾਸ-ਫਰਟੀਲਾਈਜ਼ੇਸ਼ਨ ਦੇ ਤਰੀਕਿਆਂ ਨਾਲ ਨਹੀਂ ਸੋਧਿਆ ਜਾਂਦਾ, ਬਲਕਿ ਕਿਸੇ ਹੋਰ ਬੀਜ ਦਾ ਜੀਨ ਸੋਧੇ ਜਾਣ ਵਾਲੇ ਬੀਜ ਦੇ ਡੀ.ਐੱਨ.ਏ. ਵਿੱਚ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪੈਦਾਵਾਰ ਦੀ ਇਹ ਵਿਧੀ ਵਧੇਰੇ ਕੁਸ਼ਲ, ਘੱਟ ਖਕਚੀਲੀ ਅਤੇ ਕਈ ਗੁਣਾ ਵੱਧ ਝਾੜ ਦੇਣ ਵਾਲੀ ਹੈ। ਇਸ ਤਕਨੀਕ ਦੇ ਆਲੋਚਕਾਂ ਦਾ ਤਰਕ ਹੈ ਕਿ ਇਹ ਮਨੁੱਖੀ ਸਿਹਤ, ਬਾਕੀ ਜੈਵਿਕ ਪ੍ਰਕਿਰਤੀ ਅਤੇ ਵਾਤਾਵਰਨ ਉਪਰ ਘਾਤਕ ਪ੍ਰਭਾਵ ਪਾਉਂਦੀ ਹੈ। ਸਿੱਟੇ ਵਜੋਂ ਇਹ ਤਕਨਾਲੋਜੀ ਵਿਵਾਦਾਂ ਵਿੱਚ ਘਿਰ ਗਈ ਹੈ।
ਪੰਜਾਬ ਅੰਦਰ ਜੀਨ ਯੁਕਤ ਸਰੋਂ ਦੀ ਪ੍ਰੀਖਿਆ ਲਈ ਕੀਤੀ ਜਾਣ ਵਾਲੀ ਖੋਜ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਜੈਵਿਕ ਖੇਤੀ ਤਕਨੀਕ ਨਾਲ ਜੁੜੇ ਖੋਜੀਆਂ ਤੇ ਮਾਹਿਰਾਂ ਨੇ ਕਾਫ਼ੀ ਇਤਰਾਜ਼ ਪ੍ਰਗਟ ਕੀਤੇ ਸਨ। ਸਿੱਟੇ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪਿਛਲੇ ਸਾਲ 16 ਜਨਵਰੀ 2023 ਨੂੰ ਜੀਨ ਸੋਧਕ ਸਰੋਂ ਵਿੱਚ ਦਿਲਚਸਪੀ ਰੱਖਣ ਵਾਲੀਆਂ ਵੱਖ-ਵੱਖ ਧਿਰਾਂ ਦੀ ਸਾਂਝੀ ਬੈਠਕ ਬੁਲਾ ਕੇ ਇਸ ਮਸਲੇ ਨੂੰ ਨਿਤਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਬੈਠਕ ਵਿੱਚ ਹੋਈ ਚਰਚਾ ਦਾ ਕੋਈ ਗਿਣਨਯੋਗ ਨਤੀਜਾ ਨਹੀਂ ਨਿਕਲ ਸਕਿਆ, ਪਰ ਕਿਸੇ ਮਸਲੇ ਨਾਲ ਵਾਹ ਵਾਸਤਾ ਰੱਖਦੀਆਂ ਧਿਰਾਂ ਨੂੰ ਮੰਚ ਮੁਹੱਈਆ ਕਰਵਾਉਣਾ ਜਮਹੂਰੀ ਵਿਵਸਥਾ ਨੂੰ ਤਕੜਾ ਕਰਨ ਲਈ ਸ਼ੁਭ ਸ਼ੁਰੂਆਤ ਸੀ।
ਸੰਸਾਰ ਪੱਧਰ `ਤੇ ਇਸ ਨਵੀਂ ਜੀਨ ਯੁਕਤ ਤਕਨੀਕ ਨੂੰ ਲੈ ਕੇ ਕਿਸਾਨਾਂ ਨੇ ਰਲਵਾਂ-ਮਿਲਵਾਂ ਹੁੰਗਾਰਾ ਭਰਿਆ ਹੈ। ਯੂਰਪ ਦੇ ਅਨੇਕਾਂ ਦੇਸ਼ਾਂ ਨੇ ਇਸ ਤਕਨੀਕ ਨੂੰ ਉੱਕਾ-ਪੁੱਕਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਇੱਕ ਕਾਰਨ ਇਸ ਤਕਨੀਕ ਦਾ ਪੇਟੈਂਟ ਅਮਰੀਕਾ ਦੀਆਂ ਮੌਨਸੈਂਟੋ ਵਰਗੀਆਂ ਵਿਸ਼ਾਲ ਕਾਰਪੋਰੇਸ਼ਨਾਂ ਦੇ ਹੱਥਾਂ ਵਿੱਚ ਹੈ। ਸੁਭਾਵਿਕ ਹੈ ਕਿ ਯੂਰਪੀਅਨ ਯੂਨੀਅਨ ਦੀ ਸਾਮਰਾਜੀ ਸਰਮਾਏਦਾਰੀ ਉਦੋਂ ਤੱਕ ਇਸ ਦੀ ਇਜਾਜ਼ਤ ਨਹੀਂ ਦੇਵੇਗੀ, ਜਦੋਂ ਤੱਕ ਉਹ ਬਦਲਵੀਂ ਤਕਨੀਕ ਵਿਕਸਿਤ ਨਹੀਂ ਕਰ ਲੈਂਦੀ ਜਾਂ ਮੁਨਾਫ਼ੇ ਦੀ ਵੰਡ ਨੂੰ ਲੈ ਕੇ ਅਮਰੀਕਨ ਕੰਪਨੀਆਂ ਨਾਲ ਉਸ ਦਾ ਸਮਝੌਤਾ ਨਹੀਂ ਹੋ ਜਾਂਦਾ। ਉੱਤਰੀ ਅਮਰੀਕਾ ਅਤੇ ਭਾਰਤ ਸਮੇਤ ਤੀਜੀ ਦੁਨੀਆ ਦੀਆਂ ਬਹੁਤ ਸਾਰੀਆਂ ਸਰਕਾਰਾਂ ਨੇ ਤਾਂ ਇਸ ਤਕਨੀਕ ਨੂੰ ਅਪਨਾ ਲਿਆ ਹੈ। ਜੀਨ ਯੁਕਤ ਫਸਲਾਂ ਦੁਆਲੇ ਜੁੜੇ ਵਿਵਾਦਾਂ ਸਦਕਾ ਬਾਕੀ ਮੁਲਕ ਅਤੇ ਖੇਤੀ ਮਾਹਿਰ ਖੇਤੀਬਾੜੀ ਕਾਰਜਾਂ ਵਾਸਤੇ ਇਨ੍ਹਾਂ ਬੀਜਾਂ ਦੀ ਵਰਤੋਂ ਕਰਨ ਤੋਂ ਝਿਜਕ ਰਹੇ ਹਨ।
ਅਸਲ ਵਿੱਚ ਵਿਗਿਆਨਕ ਤਰੱਕੀ ਨੂੰ ਦੋ ਪੱਖਾਂ ਤੋਂ ਦੇਖਣ ਦੀ ਲੋੜ ਹੁੰਦੀ ਹੈ। ਪਹਿਲਾ, ਕੀ ਇਹ ਸੱਚੀਂ-ਮੁੱਚੀਂ ਵਿਕਾਸ ਨੂੰ ਅੱਗੇ ਲਿਆਣ ਵਾਲੀ ਹੈ ਜਾਂ ਨਹੀਂ? ਆਮ ਨਿਯਮ ਵਜੋਂ (ਜੰਗੀ ਹਥਿਆਰਾਂ ਨੂੰ ਛੱਡ ਕੇ) ਹਰ ਨਵੀਂ ਖੋਜ ਅਗਾਂਹਵਧੂ ਹੀ ਸਮਝੀ ਜਾਂਦੀ ਹੈ। ਅਗਲੀ ਗੱਲ ਇਹ ਹੈ ਕਿ ਨਵੀਂ ਤਕਨੀਕ ਸਮੁੱਚੀ ਮਨੁੱਖਤਾ ਦੇ ਭਲੇ ਲਈ ਵਰਤੀ ਜਾ ਰਹੀ ਹੈ ਜਾਂ ਮੁੱਠੀ ਭਰ ਸਰਮਾਏਦਾਰ ਤੇ ਵਿਕਸਿਤ ਮੁਲਕ ਆਪਣੇ ਮੁਨਾਫ਼ੇ ਵਧਾਉਣ ਲਈ ਵਰਤ ਰਹੇ ਹਨ। ਜਦੋਂ ਨਵੀਂ ਤਕਨੀਕ ਵਿੱਚ ਮੁਨਾਫ਼ਾ ਪ੍ਰਧਾਨ ਹੋਵੇਗਾ ਤਾਂ ਲਾਲਚੀ ਸ਼ਕਤੀਆਂ ਦੀ ਮੁਨਾਫ਼ੇ ਦੀ ਹਵਸ ਕਾਰਨ ਮਨੁੱਖ, ਸਮਾਜ ਅਤੇ ਕੁਦਰਤ ਨਾਲ ਖਿਲਵਾੜ ਹੋਣਾ ਲਾਜ਼ਮੀ ਸ਼ਰਤ ਹੈ। ਨਵੀਆਂ ਫਸਲਾਂ ਬੀਜੀਆਂ ਜਾਣਗੀਆਂ, ਕਾਰਖਾਨੇ ਲੱਗਣਗੇ, ਹਵਾ ਤੇ ਪਾਣੀ ਵੀ ਦੂਸ਼ਿਤ ਹੋਣਗੇ। ਕੀ ਇਹਦੇ ਲਈ ਨਵੀਂ ਤਕਨੀਕ ਜਾਂ ਖੋਜ ਜ਼ਿੰਮੇਵਾਰ ਹੈ ਜਾਂ ਇਨ੍ਹਾਂ ਦੀ ਵਰਤੋਂ ਲਈ ਸੁਰੱਖਿਆ ਪ੍ਰਬੰਧਾਂ ਦੀ ਜ਼ਾਮਨੀ ਕਰਨ ਵਾਲੀਆਂ ਸਰਕਾਰਾਂ ਅਤੇ ਨਿਗਰਾਨ ਅਦਾਰੇ?
ਖੇਤੀ ਮਾਹਿਰਾਂ, ਵਾਤਾਵਰਨ ਪ੍ਰੇਮੀਆਂ ਅਤੇ ਕਿਸਾਨਾਂ ਨੂੰ ਜੀ.ਐੱਮ. ਬੀਜਾਂ ਦੀ ਵਰਤੋਂ ਦੇ ਫਾਇਦਿਆਂ ਤੇ ਨੁਕਸਾਨਾਂ- ਦੋਹਾਂ ਦਾ ਹੀ ਮੁਲੰਕਣ ਕਰਨਾ ਹੋਵੇਗਾ। ਕਿਸੇ ਵੀ ਨਵੀਂ ਤਕਨੀਕ ਤੇ ਅੰਨ੍ਹੇਵਾਹ ਪਾਬੰਦੀ ਹੋਰ ਖੋਜਾਂ ਨੂੰ ਨਿਰਉਤਸ਼ਾਹਿਤ ਕਰੇਗੀ। ਜੀਨ ਯੁਕਤ ਤਕਨੀਕ ਦੇ ਲਾਭਾਂ ਵਿੱਚ ਫਸਲਾਂ ਦੀ ਪੈਦਾਵਾਰ ਵਿੱਚ ਬੇਸ਼ੁਮਾਰ ਵਾਧਾ, ਕੀਟਨਾਸ਼ਕਾਂ ਤੇ ਨਦੀਨ ਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਅਤੇ ਵਧੀ ਹੋਈ ਪੈਦਾਵਾਰ ਕਾਰਨ ਵਾਧੂ ਮੁਨਾਫੇ ਸ਼ਾਮਲ ਹਨ। ਇਹ ਤਕਨਾਲੋਜੀ ਅਪਨਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਜਿਨ੍ਹਾਂ ਚਿੰਤਾਵਾਂ ਦਾ ਹੱਲ ਕਰਨਾ ਚਾਹੀਦਾ ਹੈ, ਉਨ੍ਹਾਂ ਵਿੱਚ ਕਿਸਾਨਾਂ ਤੇ ਬੀਜ ਕੰਪਨੀਆਂ ਵਿਚਕਾਰ ਨਿੱਜੀ ਇਕਰਾਰਨਾਮੇ, ਨਵੇਂ ਬੀਜਾਂ ਨਾਲ ਗੁਆਂਢੀ ਖੇਤ ਨੂੰ ਲੱਗਣ ਵਾਲੀ ਲਾਗ, ਤਕਨਾਲੋਜੀ ਦਾ ਵਾਤਾਵਰਨ ਉੱਤੇ ਪ੍ਰਭਾਵ ਅਤੇ ਜੀਨ ਸੋਧਕ ਫਸਲਾਂ ਲਈ ਮਾਰਕੀਟ ਤੱਕ ਰਸਾਈ ਤੇ ਖਪਤਕਾਰਾਂ ਦੀ ਫਿਕਰਮੰਦੀ ਸ਼ਾਮਲ ਹੈ।
ਇਸ ਗੱਲ ਵਿੱਚ ਕੋਈ ਰੱਟਾ ਨਹੀਂ ਹੈ ਕਿ ਜੀਨ ਯੁਕਤ ਬੀਜਾਂ ਨਾਲ ਫਸਲ ਦੀ ਪੈਦਾਵਾਰ ਵਿੱਚ ਅਥਾਹ ਵਾਧਾ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜੀਨ ਯੁਕਤ ਫਸਲਾਂ ਦੀ ਪੈਦਾਵਾਰ ਅਤੇ ਉਪਜ ਉਪਰ ਬਾਇਓਟੈਕਨਾਲੌਜੀ ਦੇ ਮਾੜੇ ਅਸਰਾਂ ਦੀ ਅਜੇ ਤਕ ਵਿਆਪਕ ਖੋਜ ਵੀ ਨਹੀਂ ਕੀਤੀ ਗਈ ਹੈ, ਪਰ ਜੋ ਵੀ ਖੋਜ ਆਧਾਰਿਤ ਅੰਕੜੇ ਪ੍ਰਾਪਤ ਹਨ, ਉਨ੍ਹਾਂ ਵਿੱਚ ਆਰਥਿਕ ਖੋਜ ਸੇਵਾ (ਈ.ਆਰ.ਐੱਸ.) ਦੇ ਅਧਿਐਨ ਵਿਚ ਫਸਲ ਦੀ ਵਧੀ ਹੋਈ ਪੈਦਾਵਾਰ ਨੂੰ ਸਵੀਕਾਰ ਕੀਤਾ ਗਿਆ ਹੈ। ਜੀਨ ਯੁਕਤ (ਜੀ.ਐੱਮ.) ਬੀਜਾਂ ਨੂੰ ਨਦੀਨਾਂ ਅਤੇ ਕੀਟਨਾਸ਼ਕਾਂ ਲਈ ਲਾਭਕਾਰੀ ਪਾਇਆ ਗਿਆ ਹੈ। ਕਪਾਹ ਅਤੇ ਸੋਇਆਬੀਨ ਦੀਆਂ ਬੀਟੀ ਫਸਲਾਂ ਦੀ ਪੈਦਾਵਾਰ ਵਿੱਚ ਅਹਿਮ ਵਾਧਾ ਹੁੰਦਾ ਹੈ।
ਆਇਓਵਾ ਸਟੇਟ ਯੂਨੀਵਰਸਿਟੀ (ਅਮਰੀਕਾ) ਦੇ ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੀਟੀ ਫਸਲਾਂ ਗੈਰ-ਬੀਟੀ ਫਸਲਾਂ ਨਾਲੋਂ ਵੱਧ ਝਾੜ ਦਿੰਦੀਆਂ ਹਨ। ਯੂਨੀਵਰਸਿਟੀ ਨੇ 377 ਖੇਤਾਂ ਦਾ ਅਧਿਐਨ ਕਰਨ ਉਪਰੰਤ ਨੋਟ ਕੀਤਾ ਹੈ ਕਿ ਜੀ.ਐੱਮ. ਬੀਜਾਂ ਨਾਲ ਉਗਾਈ ਗਈ ਮੱਕੀ ਦੀਆਂ ਫਸਲਾਂ ਪ੍ਰਤੀ ਏਕੜ ਵਿੱਚ 56 ਕੁਇੰਟਲ ਦੀ ਉਪਜ ਦਿੰਦੀਆਂ ਹਨ; ਗੈਰ-ਜੀ.ਐੱਮ. ਬੀਜਾਂ ਨਾਲ ਉਗਾਈਆਂ ਗਈਆਂ ਫਸਲਾਂ ਨੇ 51 ਕੁਇੰਟਲ ਪੈਦਾਵਾਰ ਦਿੱਤੀ ਸੀ।
ਈ.ਆਰ.ਐੱਸ. ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਦੋਂ ਕਿਸਾਨਾਂ ਨੇ ਜੀ.ਐੱਮ. ਬੀਜ ਅਪਨਾਏ ਤਾਂ ਨਦੀਨ ਨਾਸ਼ਕਾਂ ਦੀ ਵਰਤੋਂ ਕਾਫ਼ੀ ਘਟ ਗਈ। ਕੀਟਨਾਸ਼ਕਾਂ ਦੀ ਵਰਤੋਂ ਵਿੱਚ ਤਾਂ ਇਹ ਕਮੀ ਹੋਰ ਵੀ ਮਹੱਤਵਪੂਰਨ ਸੀ। ਜੜੀ-ਬੂਟੀਆਂ ਦੇ ਗਲਾਈਫੋਸੇਟ ਨੂੰ ਛੱਡ ਕੇ ਜਿਸ ਲਈ ਖੋਜ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੜੀ-ਬੂਟੀਆਂ ਦੀ ਵਰਤੋਂ ਵਿੱਚ ਇਹ ਕਮੀ ਵੀ ਅਹਿਮ ਸੀ। ਕਈ ਅਧਿਐਨਾਂ ਵਿੱਚ ਪੈਦਾਵਾਰ ਬਨਾਮ ਨਦੀਨ ਤੇ ਕੀਟਨਾਸ਼ਕਾਂ ਵਿੱਚ ਗਹਿਰਾ ਸਬੰਧ ਨਹੀਂ ਪਾਇਆ ਗਿਆ, ਪਰ ਆਇਓਵਾ ਸਟੇਟ ਯੂਨੀਵਰਸਿਟੀ ਦੇ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਕਿ ਜੀ.ਐੱਮ. ਫਸਲਾਂ ਕਿਸਾਨਾਂ ਨੇ ਗੈਰ-ਜੀ.ਐੱਮ. ਫਸਲਾਂ ਤੇ 18% ਅਤੇ ਜੀ.ਐੱਮ. ਫਸਲਾਂ `ਤੇ 12% ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੈ। ਪੱਛਮੀ ਯੂਨੀਵਰਸਿਟੀਆਂ ਦੇ ਅਧਿਐਨ ਦਰਸਾਉਂਦੇ ਹਨ ਕਿ ਜਿਨ੍ਹਾਂ ਕਿਸਾਨਾਂ ਨੇ ਜੀ.ਐੱਮ. ਬੀਜ ਅਪਨਾਏ, ਉਨ੍ਹਾਂ ਨੇ ਸੋਇਆਬੀਨ ਦੀ ਫਸਲ ਦਾ ਪ੍ਰਤੀ ਏਕੜ ਔਸਤਨ 208.42 ਡਾਲਰ (ਕਰੀਬ 17056 ਰੁਪਏ) ਦਾ ਸ਼ੁੱਧ ਮੁੱਲ ਪੈਦਾ ਕੀਤਾ; ਹੋਰ ਫਸਲਾਂ ਨੇ 191.56 ਡਾਲਰ (15708 ਰੁਪਏ) ਪ੍ਰਤੀ ਏਕੜ ਸ਼ੁੱਧ ਮੁੱਲ ਪੈਦਾ ਕੀਤਾ। ਉੱਤਰੀ ਕੈਰੋਲੀਨਾ ਦੇ ਅਧਿਐਨ ਨੇ ਸੰਕੇਤ ਦਿੱਤਾ ਕਿ ਜੀ.ਐੱਮ. ਸੋਇਆਬੀਨ ਨੇ ਰਵਾਇਤੀ ਕਿਸਮਾਂ ਨਾਲੋਂ ਪ੍ਰਤੀ ਏਕੜ ਛੇ ਡਾਲਰ ਕੀਮਤ ਤੋਂ ਵੱਧ ਝਾੜ ਦਿੱਤਾ ਹੈ।
ਜੀ.ਐੱਮ. ਬੀਜਾਂ ਦਾ ਵਿਰੋਧ ਕਰਨ ਵਾਲੇ ਖੋਜੀਆਂ ਤੇ ਖੇਤੀ ਮਾਹਿਰਾਂ ਦੀ ਚਿੰਤਾ ਹੈ ਕਿ ਜੀ.ਐੱਮ. ਬੀਜਾਂ ਦੀ ਵਰਤੋਂ ਨਾਲ ਮਹਾਂ ਨਦੀਨ ਜਾਂ ਮਹਾਂ ਕੀਟ ਪੈਦਾ ਹੋਣਗੇ, ਜੋ ਸਮੇਂ ਦੇ ਨਾਲ ਨਾਲ ਜੀ.ਐੱਮ. ਬੀਜਾਂ ਤੇ ਫਸਲਾਂ ਅਤੇ ਹੋਰ ਜੜੀ-ਬੂਟੀਆਂ ਤੇ ਕੀਟਨਾਸ਼ਕਾਂ ਪ੍ਰਤੀਰੋਧਕ (ਸਹਿਣਸ਼ੀਲ) ਬਣ ਜਾਂਦੇ ਹਨ। ਜੀ.ਐੱਮ. ਬੀਜਾਂ ਦੇ ਆਲੋਚਕਾਂ ਦਾ ਇਲਜ਼ਾਮ ਹੈ ਕਿ ਬੀਜ ਪੈਦਾ ਕਰਨ ਵਾਲੀਆਂ ਕਾਰਪੋਰੇਸ਼ਨਾਂ ਜੀ.ਐੱਮ. ਉਤਪਾਦਾਂ ਦਾ ਮਨੁੱਖੀ ਸਿਹਤ `ਤੇ ਪੈਣ ਵਾਲੇ ਅਸਰਾਂ ਉਪਰ ਪਰਦਾ ਪਾਉਂਦੀਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਸਿਹਤ ਲਈ ਸਭ ਤੋਂ ਵੱਡਾ ਖਤਰਾ ਜੀ.ਐੱਮ. ਭੋਜਨ ਸਪਲਾਈ ਵਿੱਚ ਅਣਜਾਣ ਐਲਰਜੀਨਾਂ ਦੀ ਮੌਜੂਦਗੀ ਹੈ। ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਐਲਰਜੀਨ ਨਾਲ ਪ੍ਰਤੀਕਿਰਿਆ ਕਰਨ ਵਾਲੇ ਮਨੁੱਖ ਉਸ ਐਲਰਜੀਨ ਪ੍ਰਤੀ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਕਰਨਗੇ, ਜਦੋਂ ਇਹ ਕਿਸੇ ਹੋਰ ਜੀਵ ਨਾਲ ਤਬਦੀਲ ਕੀਤਾ ਜਾਂਦਾ ਹੈ।
ਮੋਟੇ ਤੌਰ `ਤੇ ਸਿੱਟਾ ਇਹ ਨਿਕਲਦਾ ਹੈ ਕਿ ਜੀਨ ਯੁਕਤ ਤਕਨੀਕ ਨੂੰ ਨਾ ਤਾਂ ਪੂਰੇ ਪੈਮਾਨੇ `ਤੇ ਅਪਨਾਉਣਾ ਅਤੇ ਨਾ ਹੀ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ। ਇਹ ਤਕਨੀਕ ਉਨ੍ਹਾਂ ਕਿਸਾਨਾਂ ਲਈ ਵਧੇਰੇ ਢੁਕਵੀਂ ਹੋ ਸਕਦੀ ਹੈ, ਜਿਨ੍ਹਾਂ ਨੂੰ ਕੀਟਨਾਸ਼ਕਾਂ ਅਤੇ ਜੜੀ-ਬੂਟੀਆਂ ਦੇ ਛਿੜਕਾਅ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਬੀਜ ਉਪਜਾਊ ਖੇਤੀ ਵਾਲੀਆਂ ਵੱਡੀਆਂ ਜੋਤਾਂ ਵਿੱਚ ਵਧੀਆ ਕੰਮ ਕਰ ਸਕਦੇ ਹਨ, ਜਿੱਥੇ ਲਾਗ ਦਾ ਘੱਟ ਖਤਰਾ ਹੈ। ਇਹ ਉਨ੍ਹਾਂ ਖੇਤਾਂ ਲਈ ਵੀ ਸਹਾਈ ਹੋ ਸਕਦੇ ਹਨ, ਜੋ ਟਰੈਕਟਰਾਂ ਦੀ ਪਹੁੰਚ ਤੋਂ ਬਾਹਰ ਹਨ ਜਾਂ ਜਲ ਸਰੋਤਾਂ ਦੇ ਨੇੜੇ ਹਨ, ਜਾਂ ਉਨ੍ਹਾਂ ਥਾਵਾਂ `ਤੇ ਹਨ ਜਿੱਥੇ ਹਵਾ ਹੌਲੀ ਵਗਦੀ ਹੈ। ਇਸ ਦੇ ਉਲਟ ਜੀ.ਐੱਮ. ਬੀਜ ਉਨ੍ਹਾਂ ਕਿਸਾਨਾਂ ਲਈ ਘੱਟ ਢੁਕਵੇਂ ਹੋ ਸਕਦੇ ਹਨ, ਜੋ ਖਾਸ ਤੌਰ `ਤੇ ਪੱਕੀ ਮੰਡੀ ਜਾਂ ਆੜ੍ਹਤੀਏ `ਤੇ ਭਰੋਸਾ ਕਰਦੇ ਹਨ। ਵੱਡੀਆਂ ਜਾਂ ਵਿਦੇਸ਼ੀ ਮੰਡੀਆਂ ਵੱਡਾ ਜੋਖ਼ਮ ਹਨ, ਜੋ ਭਾਰਤ ਵਰਗੇ ਛੋਟੇ ਕਿਸਾਨਾਂ ਲਈ ਕਿਸੇ ਤਰ੍ਹਾਂ ਵੀ ਮੁਆਫ਼ਕ ਨਹੀਂ ਹੋ ਸਕਦੀਆਂ।
ਫਿਰ ਵੀ ਪੰਜਾਬ ਸਰਕਾਰ ਨੂੰ ਜੀਨ ਯੁਕਤ ਸਰ੍ਹੋਂ ਜਾਂ ਹੋਰ ਫਸਲਾਂ ਦੀ ਅਜ਼ਮਾਇਸ਼ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਨ੍ਹਾਂ ਬੀਜਾਂ ਦੇ ਚੰਗੇ ਜਾਂ ਮੰਦੇ ਅਸਰਾਂ ਦਾ ਵਿਆਪਕ ਮੁਲੰਕਣ ਕਰਵਾ ਲੈਣਾ ਚਾਹੀਦਾ ਹੈ। ਕਿਸਾਨਾਂ ਨੂੰ ਵਾਜਬ ਤਰੀਕੇ ਨਾਲ ਭਰੋਸੇ ਵਿੱਚ ਲੈ ਕੇ ਹੀ ਜੀ.ਐੱਮ. ਬੀਜਾਂ ਬਾਰੇ ਕਾਹਲ਼ੀ ਨਾਲ ਕੋਈ ਫੈਸਲਾ ਕਰਨ ਦੀ ਬਜਾਇ ਸਾਰੀਆਂ ਸਬੰਧਿਤ ਧਿਰਾਂ ਦੇ ਖ਼ਦਸ਼ੇ ਦੂਰ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *