ਖਿਡਾਰੀ ਪੰਜ-ਆਬ ਦੇ (11)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਰਹਿਣ ਦੌਰਾਨ 2011 ਵਿੱਚ ਵਿਸ਼ਵ ਕੱਪ ਖੂਨ ਦੀਆਂ ਉਲਟੀਆਂ ਨਾਲ ਖੇਡਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਦਾ ਸੰਖੇਪ ਵੇਰਵਾ ਪੇਸ਼ ਹੈ। ‘ਅਰਜੁਨਾ ਐਵਾਰਡ’ ਅਤੇ ‘ਪਦਮ ਸ੍ਰੀ’ ਪ੍ਰਾਪਤ ਯੁਵਰਾਜ ਹਮੇਸ਼ਾ ਤਕੜੀਆਂ ਟੀਮਾਂ ਖਾਸ ਕਰਕੇ ਭਾਰਤ ਦੀਆਂ ਰਵਾਇਤੀ ਵਿਰੋਧੀ ਟੀਮਾਂ ਪਾਕਿਸਤਾਨ ਅਤੇ ਆਸਟਰੇਲੀਆ ਖਿਲਾਫ ਚੰਗੀ ਖੇਡ ਦਿਖਾਉਣ ਵਿੱਚ ਕਾਮਯਾਬ ਰਿਹਾ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਭਾਰਤੀ ਕ੍ਰਿਕਟ ਨੂੰ ਯੁਵਰਾਜ ਸਿੰਘ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਯੁਵਰਾਜ ਉਰਫ ਯੁਵੀ ਕਰੋੜਾਂ ਖੇਡ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਖਿਡਾਰੀ ਹੈ। ਉਹ ਇਕੱਲਾ ਖਿਡਾਰੀ ਹੈ, ਜਿਸ ਨੇ ਭਾਰਤ ਨੂੰ ਤਿੰਨ ਵਿਸ਼ਵ ਕੱਪ ਜਿਤਾਏ, ਉਹ ਵੀ ਆਪਣੇ ਦਮ ’ਤੇ। ਜੂਨੀਅਰ ਤੇ ਸੀਨੀਅਰ ਵਿਸ਼ਵ ਕੱਪ ਦੀ ਜਿੱਤ ਵਿੱਚ ਉਸ ਦੇ ਯੋਗਦਾਨ ਦੀ ਗਵਾਹੀ ਉਸ ਨੂੰ ਮਿਲੇ ‘ਮੈਨ ਆਫ ਦਿ ਵਰਲਡ ਕੱਪ’ ਦੇ ਪੁਰਸਕਾਰ ਖੁਦ ਦਿੰਦੇ ਹਨ। ਉਹ ਕ੍ਰਿਕਟ ਖੇਡ ਦਾ ਬਾਦਸ਼ਾਹ ਹੈ, ਜਿਸ ਕੋਲ ਆਈ.ਸੀ.ਸੀ. ਦੀ ਹਰ ਟਰਾਫੀ ਹੈ। ਉਸ ਨੇ ਇੱਕ ਰੋਜ਼ਾ ਵਿਸ਼ਵ ਕੱਪ, ਟਵੰਟੀ-20 ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ, ਜੂਨੀਅਰ ਵਿਸ਼ਵ ਕੱਪ ਅਤੇ ਏਸ਼ੀਆ ਕੱਪ- ਸਭ ਖਿਤਾਬ ਜਿੱਤੇ ਹਨ। ਸਾਰੀਆਂ ਜਿੱਤਾਂ ਵਿੱਚ ਉਸ ਦਾ ਵੱਡਾ ਯੋਗਦਾਨ ਰਿਹਾ ਹੈ। ਉਸ ਨੇ ਦੋ ਵੱਖ-ਵੱਖ ਟੀਮਾਂ- ਮੁੰਬਈ ਤੇ ਹੈਦਰਾਬਾਦ ਵੱਲੋਂ ਖੇਡਦਿਆਂ ਦੋ ਵਾਰ ਆਈ.ਪੀ.ਐਲ. ਵੀ ਜਿੱਤੀ।
ਯੁਵਰਾਜ ਜਿੰਨਾ ਵੱਡਾ ਖਿਡਾਰੀ ਰਿਹਾ, ਉਨਾ ਹੀ ਖੇਡ ਮੈਦਾਨ ਤੋਂ ਬਾਹਰ ਸਿਰੜੀ ਤੇ ਸਿਦਕੀ ਸੁਭਾਅ ਵਾਲਾ ਵੀ। ਜਦੋਂ ਉਹ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਇਆ ਤਾਂ ਉਥੋਂ ਵੀ ਵਾਪਸੀ ਕਰਕੇ ਖੇਡ ਪੰਡਿਤਾਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ। 2011 ਵਿੱਚ ਵਿਸ਼ਵ ਕੱਪ ਉਸ ਨੇ ਖੂਨ ਦੀਆਂ ਉਲਟੀਆਂ ਨਾਲ ਖੇਡਿਆ। ਕੈਂਸਰ ਦੀ ਬਿਮਾਰੀ ਦੇ ਬਾਵਜੂਦ ਉਸ ਨੇ ਆਪਣੀ ਖੇਡ ਉਪਰ ਇਸ ਦਾ ਅਸਰ ਨਹੀਂ ਪੈਣ ਦਿੱਤਾ। ਹੋਰ ਤਾਂ ਹੋਰ ਉਸ ਨੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਕਿ ਉਹ ਕਿੰਨੀ ਪੀੜ ਵਿੱਚੋਂ ਗੁਜ਼ਰ ਰਿਹਾ ਹੈ। ਯੁਵਰਾਜ ਦੀ ਸਵੈ-ਜੀਵਨੀ ‘ਦਿ ਟੈਸਟ ਆਫ ਮਾਈ ਲਾਈਫ ਫਰੌਮ ਕ੍ਰਿਕਟ ਟੂ ਕੈਂਸਰ ਐਂਡ ਬੈਕ’ ਉਸ ਦੇ ਖੇਡ ਜੀਵਨ ਅਤੇ ਸੰਘਰਸ਼ ਦੀ ਕਹਾਣੀ ਦੀ ਦਾਸਤਾਨ ਹੈ।
ਖੱਬੇ ਹੱਥ ਦਾ ਸੁਹਣਾ ਸੁਨੱਖਾ ਤੇ ਲੰਬੇ ਕੱਦ-ਕਾਠ ਵਾਲਾ ਯੁਵੀ ਸਹੀ ਮਾਅਨਿਆਂ ਵਿੱਚ ਹਰਫਨਮੌਲਾ ਖਿਡਾਰੀ ਹੈ। ਬੱਲੇ ਤੇ ਗੇਂਦ ਅਤੇ ਫੀਲਡਿੰਗ ਤਿੰਨਾਂ ਵਿੱਚ ਹੀ ਉਸ ਨੇ ਮੈਚ ਜਿਤਾਓ ਪ੍ਰਦਰਸ਼ਨ ਦਿਖਾਇਆ। ਫਸਵੇਂ ਮੁਕਾਬਲਿਆਂ ਵਿੱਚੋਂ ਟੀਮ ਨੂੰ ਬਾਹਰ ਕੱਢਣ ਦੀ ਕਲਾ ਦਾ ਉਸ ਨੂੰ ਸੰਪਰੂਨ ਗਿਆਨ ਸੀ। ਉਸ ਦੀ ਖੇਡ ਸੈਂਕੜਿਆਂ ਦੇ ਰਿਕਾਰਡ ਦੀ ਬਜਾਏ ਮੈਚ ਜਿਤਾਓ ਪਾਰੀਆਂ ਕਾਰਨ ਜਾਣੀ ਜਾਂਦੀ ਹੈ। ਉਹ ਆਪਣੇ ਬਲਬੂਤੇ ਵੱਡੇ ਮੈਚ ਜਿਤਾਉਣ ਵਾਲਾ ਖਿਡਾਰੀ ਰਿਹਾ। ਪੁੱਲ, ਫਲਿੱਕ ਕੇ ਕੱਟ ਸ਼ਾਟ ਮਾਰਨ ਦਾ ਮਾਹਰ ਯੁਵਰਾਜ ਕਿਸੇ ਵੀ ਗੇਂਦਬਾਜ਼ ਦੀ ਕਿਸੇ ਵੀ ਥਾਂ ਸੁੱਟੀ ਗੇਂਦ ਨੂੰ ਬਾਊਂਡਰੀ ਪਾਰ ਮਾਰਨ ਦਾ ਮਾਹਿਰ ਸੀ। ਪੁਆਇੰਟ ਦੀ ਅਹਿਮ ਸਾਈਡ ਉਤੇ ਖੜ੍ਹਨ ਵਾਲੇ ਇਸ ਖਿਡਾਰੀ ਨੇ ਭਾਰਤੀ ਕ੍ਰਿਕਟ ਨੂੰ ਦੱਸਿਆ ਕਿ ਕਿਵੇਂ ਫੀਲਡਰ ਵੀ ਟੀਮ ਨੂੰ ਮੈਚ ਜਿਤਾ ਸਕਦੇ ਹਨ। ਉਹ ਹਮੇਸ਼ਾ ਤਕੜੀਆਂ ਟੀਮਾਂ ਖਾਸ ਕਰਕੇ ਭਾਰਤ ਦੀਆਂ ਰਵਾਇਤੀ ਵਿਰੋਧੀ ਟੀਮਾਂ ਪਾਕਿਸਤਾਨ ਅਤੇ ਆਸਟਰੇਲੀਆ ਖਿਲਾਫ ਚੰਗੀ ਖੇਡ ਦਿਖਾਉਣ ਵਿੱਚ ਕਾਮਯਾਬ ਰਿਹਾ।
ਯੁਵਰਾਜ ਨੇ ਆਪਣੇ ਖੇਡ ਕਰੀਅਰ ਵਿੱਚ ਘਰੇਲੂ ਤੇ ਕੌਮਾਂਤਰੀ- ਦੋਹਾਂ ਵਿੱਚ ਮਿਲ ਕੇ ਕੁੱਲ 38,263 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ 62 ਸੈਂਕੜੇ ਤੇ 212 ਅਰਧ ਸੈਂਕੜੇ ਸ਼ਾਮਲ ਹਨ। ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਯੁਵਰਾਜ ਨੇ 512 ਛੱਕੇ ਅਤੇ 1631 ਚੌਕੇ ਜੜੇ ਹਨ। ਗੇਂਦਬਾਜ਼ੀ ਕਰਦਿਆਂ ਉਸ ਨੇ 435 ਵਿਕਟਾਂ ਹਾਸਲ ਕੀਤੀਆਂ। ਬਤੌਰ ਫੀਲਡਿੰਗ ਕਰਦਿਆਂ ਉਸ ਨੇ ਹੁਣ ਤੱਕ ਕੁੱਲ 440 ਕੈਚ ਲਪਕੇ ਹਨ। ਅੰਡਰ-19 ਵਿਸ਼ਵ ਕੱਪ ਤੇ ਆਈ.ਸੀ.ਸੀ. ਵਿਸ਼ਵ ਕੱਪ ਵਿੱਚ ‘ਮੈਨ ਆਫ ਦਿ ਟੂਰਨਾਮੈਂਟ’ ਮਿਲਿਆ। 2012 ਵਿੱਚ ਉਸ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ 2014 ਵਿੱਚ ਭਾਰਤ ਸਰਕਾਰ ਵੱਲੋਂ ਚੌਥਾ ਸਰਵਉੱਚ ਨਾਗਰਿਕ ਸਨਮਾਨ ‘ਪਦਮ ਸ੍ਰੀ’ ਦਿੱਤਾ ਗਿਆ। ਕ੍ਰਿਕਟ ਇਨਫੋ ਵੱਲੋਂ ਉਸ ਨੂੰ ਵਿਸ਼ਵ ਇਲੈਵਨ ਵਿੱਚ ਚੁਣਿਆ ਗਿਆ।
ਯੁਵਰਾਜ ਦਾ 12 ਨੰਬਰ ਨਾਲ ਬਹੁਤ ਲਗਾਓ ਰਿਹਾ। 1981 ਵਿੱਚ ਬਾਰ੍ਹਵੇਂ ਮਹੀਨੇ (ਦਸੰਬਰ) ਦੀ 12 ਤਾਰੀਕ ਨੂੰ ਸੈਕਟਰ 12 (ਪੀ.ਜੀ.ਆਈ.) ਵਿੱਚ ਜਨਮੇ ਯੁਵਰਾਜ ਨੇ ਪੂਰੇ ਖੇਡ ਕਰੀਅਰ ਵਿੱਚ 12 ਨੰਬਰ ਦੀ ਜਰਸੀ ਪਾ ਕੇ ਹੀ ਕ੍ਰਿਕਟ ਖੇਡੀ। ਟਵੰਟੀ-20 ਵਿਸ਼ਵ ਕੱਪ ਵਿੱਚ 12 ਗੇਂਦਾਂ ਉਪਰ ਹੀ ਅਰਧ ਸੈਂਕੜਾ ਮਾਰ ਕੇ ਉਸ ਵੇਲੇ ਵਿਸ਼ਵ ਰਿਕਾਰਡ ਵੀ ਬਣਾਇਆ ਸੀ। ਯੁਵਰਾਜ ਨੇ ਸਾਲ 2012 ਵਿੱਚ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਵਾਪਸੀ ਕੀਤੀ।
ਯੁਵਰਾਜ ਦਾ ਖੇਡ ਕਰੀਅਰ ਉਸ ਦੇ ਪਿਤਾ ਯੋਗਰਾਜ ਸਿੰਘ ਦੀਆਂ ਉਮੀਦਾਂ, ਆਸਾਂ, ਦੁਆਵਾਂ, ਤਪੱਸਿਆ ਦਾ ਫਲ ਹੈ। ਯੋਗਰਾਜ ਸਿੰਘ ਜਦੋਂ ਖੁਦ 1983 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਨਾ ਬਣ ਸਕਿਆ ਤਾਂ ਉਸ ਵੇਲੇ ਇੱਛਾ ਪ੍ਰਗਟਾਈ ਸੀ ਕਿ ਇਹ ਅਧੂਰਾ ਸੁਫਨਾ ਉਸ ਦਾ ਪੁੱਤਰ ਪੂਰਾ ਕਰੇ। ਆਖ਼ਰਕਾਰ ਯੁਵੀ ਨੇ 2011 ਵਿੱਚ ਆਪਣੇ ਪਿਤਾ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਪੂਰਾ ਕੀਤਾ। ਪੰਜਾਬ ਦੇ ਪਿੰਡ ਕਨੇਚ ਨਾਲ ਪਿਛੋਕੜ ਰੱਖਣ ਵਾਲੇ ਯੋਗਰਾਜ ਸਿੰਘ ਤੇ ਸ਼ਬਨਮ ਕੌਰ ਦਾ ਪੁੱਤਰ ਯੁਵਰਾਜ ਜਦੋਂ ਛੋਟਾ ਹੁੰਦਿਆਂ ਸਕੇਟਿੰਗ ਵਿਚ ਮੈਡਲ ਜਿੱਤ ਕੇ ਘਰ ਵਾਪਸ ਆਇਆ ਤਾਂ ਉਸ ਦੇ ਪਿਤਾ ਨੇ ਮੈਡਲ ਸੁੱਟ ਕੇ ਕਿਹਾ, “ਤੂੰ ਕ੍ਰਿਕਟ ਹੀ ਖੇਡਣੀ ਹੈ।” ਆਪਣੇ ਪਿਤਾ ਦੇ ਗੁੱਸੇ ਦੇ ਡਰੋਂ ਯੁਵਰਾਜ ਨੇ ਦੁਬਾਰਾ ਸਕੇਟਿੰਗ ਕਰਨ ਦਾ ਹੀਆ ਨਹੀਂ ਕੀਤਾ। ਯੋਗਰਾਜ ਯੁਵੀ ਨੂੰ ਤਕੜੇ ਤੇਜ਼ ਗੇਂਦਬਾਜ਼ਾਂ ਦੀਆਂ ਬਾਊਂਸਰਾਂ ਦੀ ਤਿਆਰ ਕਰਵਾਉਣ ਲਈ ਘਰ ਸੀਮਿੰਟ ਦੀ ਪਿੱਚ ਬਣਾ ਕੇ ਉਸ ਉਪਰ ਸਾਬਣ ਵਾਲਾ ਪਾਣੀ ਸੁੱਟ ਕੇ ਬੱਲੇਬਾਜ਼ੀ ਦਾ ਅਭਿਆਸ ਕਰਵਾਉਂਦਾ। ਜਦੋਂ ਯੁਵੀ ਨੇ ਹੈਲਮਟ ਦੀ ਮੰਗ ਕਰਨੀ ਤਾਂ ਅੱਗਿਓ ਯੋਗਰਾਜ ਦਾ ਜਵਾਬ ਹੁੰਦਾ ਕਿ ਵਿਵ ਰਿਚਰਡਜ਼ ਕਿਹੜਾ ਹੈਲਮਟ ਨਾਲ ਖੇਡਦਾ ਸੀ! ਇੱਕ ਵਾਰ ਜਦੋਂ ਯੁਵਰਾਜ ਦੇ ਗੇਂਦ ਵੱਜਣ ਨਾਲ ਉਸ ਦਾ ਮੂੰਹ ਸੁੱਜ ਗਿਆ ਤਾਂ ਯੁਵੀ ਦੀ ਦਾਦੀ ਆਪਣੇ ਮੁੰਡੇ ਯੋਗਰਾਜ ਨੂੰ ਝਿੜਕਣ ਲੱਗੀ, ਪਰ ਪਿਤਾ ਦੇ ਕਹਿਣ ’ਤੇ ਸੁੱਜੇ ਹੋਏ ਮੂੰਹ ਨਾਲ ਯੁਵਰਾਜ ਦੁਬਾਰਾ ਬੱਲਾ ਚੁੱਕ ਕੇ ਪ੍ਰੈਕਟਿਸ ਕਰਨ ਲੱਗ ਗਿਆ।
ਯੁਵਰਾਜ 14 ਵਰਿ੍ਹਆਂ ਤੋਂ ਘੱਟ ਉਮਰੇ ਪੰਜਾਬ ਦੀ ਅੰਡਰ-16 ਟੀਮ ਵਿੱਚ ਚੁਣਿਆ ਗਿਆ ਅਤੇ ਅਗਲੇ ਸਾਲ ਹੀ ਉਸ ਨੇ ਅੰਡਰ-19 ਟੀਮ ਵੱਲੋਂ ਹਿਮਾਚਲ ਪ੍ਰਦੇਸ਼ ਖਿਲਾਫ 137 ਦੌੜਾਂ ਦੀ ਪਾਰੀ ਖੇਡੀ। 16 ਵਰਿ੍ਹਆਂ ਦਾ ਯੁਵਰਾਜ ਰਣਜੀ ਟਰਾਫੀ ਖੇਡਿਆ। ਇੱਕ ਰੋਜ਼ਾ ਮੈਚ ਵਿਚ ਪੰਜਾਬ ਦੀ ਟੀਮ ਨੇ ਯੁਵਰਾਜ ਦੇ ਸੈਂਕੜੇ ਬਦਲੌਤ ਵੱਡੇ ਖਿਡਾਰੀਆਂ ਨਾਲ ਭਰੀ ਮੁੰਬਈ ਦੀ ਟੀਮ ਨੂੰ ਹਰਾ ਕੇ ਸਨਸਨੀ ਫੈਲਾਈ। 1999 ਦੀ ਕੂਚ ਬਿਹਾਰ ਟਰਾਫੀ ਦੇ ਫਾਈਨਲ ਵਿੱਚ ਜਮਸ਼ੇਦਪੁਰ ਵਿਖੇ ਬਿਹਾਰ ਦੀ ਪੂਰੀ ਟੀਮ ਜਿੱਥੇ 357 ਦੌੜਾਂ ਬਣਾ ਸਕੀ, ਉਥੇ ਯੁਵੀ ਨੇ ਇਕੱਲਿਆਂ 358 ਦੌੜਾਂ ਬਣਾਈਆਂ। ਇਸੇ ਮੈਚ ਨੂੰ ਧੋਨੀ ਦੇ ਜੀਵਨ ਬਾਰੇ ਬਣੀ ਬਾਲੀਵੁੱਡ ਫਿਲਮ ਵਿੱਚ ਸ਼ਾਮਲ ਕੀਤਾ ਗਿਆ। ਭਾਰਤ ਦੀ ਅੰਡਰ-19 ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਸ੍ਰੀਲੰਕਾ ਖਿਲਾਫ ਉਸ ਨੇ ਪਹਿਲਾ ਮੈਚ ਖੇਡਿਆ, ਜਿਸ ਵਿੱਚ 55 ਗੇਂਦਾਂ ਉਤੇ 89 ਦੌੜਾਂ ਬਣਾਈਆਂ। ਸਾਲ 2000 ਵਿੱਚ ਯੁਵੀ ਦੀ ਹਰਫਨਮੌਲਾ ਖੇਡ ਸਦਕਾ ਭਾਰਤ ਪਹਿਲੀ ਵਾਰ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ। ਯੁਵਰਾਜ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਖਿਤਾਬ ਮਿਲਿਆ।
ਇਸੇ ਸਾਲ ਸੀਨੀਅਰ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਨੇ ਆਪਣੇ ਪਹਿਲੇ ਹੀ ਟੂਰਨਾਮੈਂਟ ਮਿੰਨੀ ਵਿਸ਼ਵ ਕੱਪ ਵਿੱਚ ਖੇਡਦਿਆਂ ਆਪਣੀ ਪਹਿਲੀ ਹੀ ਪਾਰੀ ਵਿੱਚ ਆਸਟਰੇਲੀਆ ਖਿਲਾਫ ਗਲੈਨ ਮੈਕ੍ਰਗਾਹ, ਬਰੈਟ ਲੀ ਤੇ ਜੇਸਨ ਗਲੈਸਪੀ ਜਿਹੇ ਧੂੰਆਂਧਾਰ ਗੇਂਦਬਾਜ਼ਾਂ ਸਾਹਮਣੇ ਬੱਲੇਬਾਜ਼ੀ ਕਰਦਿਆਂ 80 ਗੇਂਦਾਂ ਉਤੇ 84 ਦੌੜਾਂ ਬਣਾਈਆਂ। 2002 ਵਿੱਚ ਨੈਟਵੈਸਟ ਟਰਾਫੀ ਦੇ ਫਾਈਨਲ ਵਿੱਚ ਯੁਵਰਾਜ ਤੇ ਕੈਫ ਬਦੌਲਤ ਭਾਰਤ ਨੇ 300 ਤੋਂ ਵੱਧ ਦੌੜਾਂ ਦਾ ਟੀਚਾ ਪਾਰ ਕੀਤਾ ਅਤੇ ਗਾਂਗੁਲੀ ਨੇ ਲਾਰਡਜ਼ ਵਿਖੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ। 2003 ਵਿੱਚ ਵਿਸ਼ਵ ਕੱਪ ਵਿੱਚ ਉਸ ਨੇ ਸ੍ਰੀਲੰਕਾ ਵਿਰੁੱਧ ਨਾਬਾਦ 98 ਅਤੇ ਪਾਕਿਸਤਾਨ ਵਿਰੁੱਧ ਨਾਬਾਦ 50 ਦੀ ਪਾਰੀ ਖੇਡੀ। 2007 ਵਿੱਚ ਪਹਿਲੇ ਟਵੰਟੀ-20 ਵਿਸ਼ਵ ਕੱਪ ਭਾਰਤ ਦੀ ਝੋਲੀ ਪਾਉਣ ਵਿੱਚ ਯੁਵਰਾਜ ਦਾ ਅਹਿਮ ਯੋਗਦਾਨ ਸੀ। ਬਰੌਡ ਦੇ ਇੱਕ ਓਵਰ ਵਿੱਚ ਛੇ ਛੱਕਿਆਂ ਦਾ ਰਿਕਾਰਡ ਬਣਾਇਆ।
ਸਾਲ 2011 ਵਿੱਚ ਭਾਰਤ ਦੂਜੀ ਵਾਰ ਇੱਕ ਰੋਜ਼ਾ ਕ੍ਰਿਕਟ ਵਿੱਚ ਵਿਸ਼ਵ ਚੈਂਪੀਅਨ ਬਣਿਆ ਅਤੇ ਯੁਵਰਾਜ ਨੂੰ ‘ਮੈਨ ਆਫ ਦਿ ਵਰਲਡ ਕੱਪ’ ਖਿਤਾਬ ਮਿਲਿਆ। ਵਿਸ਼ਵ ਕੱਪ ਵਿੱਚ ਬਤੌਰ ਬੱਲੇਬਾਜ਼ ਕੁੱਲ 362 ਦੌੜਾਂ ਬਣਾਈਆਂ। ਗੇਂਦਬਾਜ਼ੀ ਕਰਦਿਆਂ 15 ਵਿਕਟਾਂ ਵੀ ਝਟਕਾਈਆਂ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਹ ਪਹਿਲਾ ਖਿਡਾਰੀ ਬਣਿਆ, ਜਿਸ ਨੇ ਇੱਕ ਵਿਸ਼ਵ ਕੱਪ ਵਿੱਚ 350 ਤੋਂ ਵੱਧ ਦੌੜਾਂ ਅਤੇ 15 ਵਿਕਟਾਂ ਹਾਸਲ ਕੀਤੀਆਂ ਹੋਣ। ਵਿਸ਼ਵ ਕੱਪ ਤੋਂ ਬਾਅਦ ਯੁਵਰਾਜ ਦਾ ਕੈਂਸਰ ਡਿਟੈੱਕਟ ਹੋਇਆ। ਅਸਲ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਦੌਰੇ ਮੌਕੇ ਹੋ ਗਈ ਸੀ, ਜਦੋਂ ਯੁਵਰਾਜ ਨੂੰ ਖੂਨ ਦੀ ਉਲਟੀ ਆਈ। ਅਜਿਹੀ ਸਮਰਪਣ ਭਾਵਨਾ ਵਾਲੇ ਯੁਵਰਾਜ ਨੇ ਕੈਂਸਰ ਦਾ ਇਲਾਜ ਉਦੋਂ ਸ਼ੁਰੂ ਕਰਵਾਇਆ, ਜਦੋਂ ਉਸ ਨੂੰ ਡਾਕਟਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਹੁਣ ਵੀ ਖੇਡ ਜੇਰੀ ਰੱਖੀ ਤਾਂ ਉਹ ਨਹੀਂ ਬਚੇਗਾ।
ਕੈਂਸਰ ਦੇ ਇਲਾਜ ਤੋਂ ਬਾਅਦ ਉਭਰਦਿਆਂ ਯੁਵਰਾਜ ਨੇ 2012 ਵਿੱਚ ਟਵੰਟੀ-20 ਟੀਮ ਵਿੱਚ ਵਾਪਸੀ ਕਰਦਿਆਂ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਖਿਲਾਫ 26 ਗੇਂਦਾਂ ਉਤੇ 34 ਦੌੜਾਂ ਦੀ ਪਾਰੀ ਖੇਡੀ। 2013 ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਵਾਪਸੀ ਕਰਦਿਆਂ ਆਸਟਰੇਲੀਆ ਵਿਰੁੱਧ 35 ਗੇਂਦਾਂ ਉਤੇ 77 ਦੌੜਾਂ ਦੀ ਪਾਰੀ ਖੇਡੀ। 2016-17 ਰਣਜੀ ਸੈਸ਼ਨ ਵਿੱਚ ਯੁਵਰਾਜ ਦਾ ਬੱਲਾ ਇੱਕ ਵਾਰ ਫੇਰ ਚਮਕਿਆ। ਪੰਜਾਬ ਵੱਲੋਂ ਖੇਡਦਿਆਂ ਪੰਜ ਮੈਚਾਂ ਵਿੱਚ ਕੁੱਲ 672 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚੋਂ ਬੜੌਦਾ ਖਿਲਾਫ ਖੇਡੀ 260 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਯੁਵਰਾਜ ਸਿੰਘ ਨੇ 2017 ਵਿੱਚ ਭਾਰਤੀ ਟੀਮ ਵਿੱਚ ਵਾਪਸੀ ਕੀਤੀ। ਛੇ ਵਰਿ੍ਹਆਂ ਬਾਅਦ ਸੈਂਕੜਾ ਲਗਾ ਕੇ ਇਸ ਵਾਪਸੀ ਨੂੰ ਧਮਾਕੇਦਾਰ ਬਣਾਇਆ। ਕਟਕ ਵਿਖੇ 150 ਦੌੜਾਂ ਦੀ ਪਾਰੀ ਖੇਡੀ। 2014 ਵਿੱਚ ਆਈ.ਪੀ.ਐਲ. ਦੀ ਬੋਲੀ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਉਸ ਨੂੰ 14 ਕਰੋੜ ਅਤੇ 2015 ਵਿੱਚ ਦਿੱਲੀ ਡੇਅਰਡੈਵਲਿਜ਼ ਨੇ 16 ਕਰੋੜ ਰੁਪਏ ਵਿੱਚ ਖਰੀਦਿਆ। ਉਸ ਵੇਲੇ ਇਹ ਆਈ.ਪੀ.ਐਲ. ਇਤਿਹਾਸ ਦੀ ਸਭ ਤੋਂ ਵੱਡੀ ਬੋਲੀ ਸੀ।
ਇਕ ਰੋਜ਼ਾ ਕ੍ਰਿਕਟ ਵਿੱਚ ਯੁਵਰਾਜ ਨੇ 304 ਮੈਚਾਂ ਵਿੱਚ 36.55 ਦੀ ਔਸਤ ਅਤੇ 87.67 ਦੀ ਸਟਰਾਈਕ ਰੇਟ ਨਾਲ ਕੁੱਲ 8701 ਦੌੜਾਂ ਬਣਾਈਆਂ, ਜਿਸ ਵਿੱਚ 14 ਸੈਂਕੜੇ ਤੇ 52 ਅਰਧ ਸੈਂਕੜੇ ਸ਼ਾਮਲ ਹਨ। ਬਤੌਰ ਗੇਂਦਬਾਜ਼ 111 ਵਿਕਟਾਂ ਅਤੇ ਫੀਲਡਰ ਵਜੋਂ 94 ਕੈਚ ਵੀ ਲਪਕੇ। ਯੁਵਰਾਜ ਨੇ 40 ਟੈਸਟ ਖੇਡਦਿਆਂ 1900 ਦੌੜਾਂ ਬਣਾਈਆਂ। ਤਿੰਨ ਸੈਂਕੜੇ ਵੀ ਜੜੇ, ਜੋ ਤਿੰਨੇ ਹੀ ਪਾਕਿਸਤਾਨ ਖਿਲਾਫ ਸਨ। 11 ਅਰਧ ਸੈਂਕੜੇ ਵੀ ਲਗਾਏ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ ਦੋ ਇਤਿਹਾਸਕ ਪਾਰੀਆਂ ਖੇਡੀਆਂ। ਪਾਕਿਸਤਾਨ ਖਿਲਾਫ ਲਾਹੌਰ ਟੈਸਟ ਵਿੱਚ 112 ਦੌੜਾਂ ਅਤੇ 2008 ਵਿੱਚ ਚੇਨੱਈ ਵਿਖੇ ਇੰਗਲੈਂਡ ਖਿਲਾਫ 85 ਦੌੜਾਂ ਦੀ ਪਾਰੀ। ਟਵੰਟੀ-20 ਕੌਮਾਂਤਰੀ ਕ੍ਰਿਕਟ ਵਿੱਚ ਉਸ ਨੇ 58 ਮੈਚਾਂ ਵਿੱਚ 136.38 ਦੀ ਸਟਰਾਈਕ ਰੇਟ ਨਾਲ 1177 ਦੌੜਾਂ ਬਣਾਈਆਂ।
ਯੁਵਰਾਜ ਨੂੰ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਖੇਡ ਮੈਦਾਨ ਦੀ ਬਜਾਏ ਮੁੰਬਈ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਨਾ ਪਿਆ। ਇਹੋ ਦੁੱਖ ਉਸ ਵੇਲੇ ਉਸ ਦੀ ਗੱਲਬਾਤ ਵਿੱਚੋਂ ਝਲਕ ਰਿਹਾ ਸੀ ਕਿ ਖੇਡ ਮੈਦਾਨ ’ਤੇ ਵੱਡੀਆਂ ਟੀਮਾਂ ਦੇ ਕਹਿੰਦੇ ਕਹਾਉਂਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਕੇ ਹਰ ਮੈਦਾਨ ਫਤਹਿ ਕਰਨ ਵਾਲਾ ਜੁਝਾਰੂ ਬੱਲੇਬਾਜ਼ ਮੈਦਾਨ ਤੋਂ ਆਪਣੀ ਮਹਿਬੂਬ ਖੇਡ ਨੂੰ ਅਲਵਿਦਾ ਨਾ ਕਹਿ ਸਕਿਆ। ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ, ਸੌਰਵ ਗਾਂਗੁਲੀ ਵਰਗੇ ਖਿਡਾਰੀਆਂ ਵਾਂਗ ਯੁਵਰਾਜ ਨੂੰ ਖੇਡ ਮੈਦਾਨ ਤੋਂ ਸੁਪਨਮਈ ਵਿਦਾਇਗੀ ਨਹੀਂ ਮਿਲੀ।
ਆਪਣੇ ਪਿਤਾ ਯੋਗਰਾਜ ਤੋਂ ਇਲਾਵਾ ਕੋਚ ਸੁਖਵਿੰਦਰ ਬਾਵਾ ਨੂੰ ਆਪਣਾ ਗੁਰੂ ਮੰਨਣ ਵਾਲਾ ਯੁਵਰਾਜ ਭਾਰਤੀ ਟੀਮ ਵਿਚ ਹਰਭਜਨ ਸਿੰਘ, ਜ਼ਹੀਰ ਖਾਨ ਤੇ ਆਸ਼ੀਸ਼ ਨਹਿਰਾ ਨੂੰ ਵਧੀਆ ਸਾਥੀ ਮੰਨਦਾ। ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਨੂੰ ਉਹ ਸਦਾ ਸਤਿਕਾਰ ਦਾ ਦਰਜਾ ਦਿੰਦਾ ਹੈ। ਯੁਵਰਾਜ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਹੇਜਲ ਕੀਚ ਨਾਲ ਹੋਇਆ। ਉਸ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ।