ਅਕਾਲੀ-ਬਸਪਾ ਗੱਠਜੋੜ ਟੁੱਟਿਆ
ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਮੱਧਮ ਪਈ
ਜਸਵੀਰ ਸਿੰਘ ਸ਼ੀਰੀ
ਪੰਜਾਬ-ਹਰਿਆਣਾ ਦੇ ਬਾਰਡਰਾਂ `ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਦੇਸ਼ ਅਤੇ ਪੰਜਾਬ ਦੀ ਸਿਆਸਤ ਤੇ ਸਿਆਸੀ ਗੱਠਜੋੜਾਂ ਨੂੰ ਨਵੇਂ ਸਿਰਿਉਂ ਤਰਤੀਬ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਾਲੇ ਪਾਸੇ ਖੜੇ੍ਹ ਕਿਸਾਨਾਂ ਅਤੇ ਹਰਿਆਣਾ ਵੱਲ ਖੜੀ ਪੁਲਿਸ ਤੇ ਨੀਮ ਫੌਜੀ ਦਲਾਂ ਨੇ ਪੰਜਾਬ-ਹਰਿਆਣਾ ਦੇ ਬਾਰਡਰਾਂ ਨੂੰ ਇਉਂ ਬਣਾ ਦਿੱਤਾ ਹੈ, ਜਿਵੇਂ ਇਹ ਦੋ ਦੇਸ਼ਾਂ ਦੇ ਬਾਰਡਰ ਹੋਣ। ਸਥਿਤੀ ਨੂੰ ਇਸ ਰੁਖ ਤੋਰਨ ਵਿੱਚ ਕੇਂਦਰ ਸਰਕਾਰ ਦੀਆਂ ਗਹਿਰੀਆਂ ਚੋਣ ਗਿਣਤੀਆਂ-ਮਿਣਤੀਆਂ ਵੀ ਹੋ ਸਕਦੀਆਂ ਹਨ ਅਤੇ ਪਿਛਲੇ ਕਿਸਾਨ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਬਣੀ ਸਾਂਝ ਨੂੰ ਤੋੜਨ ਦਾ ਫਿਰਕੂ ਨਿਸ਼ਾਨਾ ਵੀ।
ਆਪਣੇ ਇੱਕੋ ਤੀਰ ਨਾਲ ਕੇਂਦਰ ਅਤੇ ਹਰਿਆਣਾ ਸਰਕਾਰ ਕਈ ਨਿਸ਼ਾਨੇ ਫੁੰਡਦੀਆਂ ਵਿਖਾਈ ਦੇ ਰਹੀਆਂ ਹਨ। ਇੱਕ ਪਾਸੇ ਪੰਜਾਬ ਦੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲਿਆਂ ਅਤੇ ਪਲਾਸਟਿਕ ਦੀਆਂ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਸਨ, ਦੂਜੇ ਪਾਸੇ ਪੰਜਾਬ ਵਿੱਚ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਲਈ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਬੁਲਾਇਆ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਕਿ ਵੱਖਰੇ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਦਿੱਲੀ ਵਿੱਚ ਹੀ ਸਨ। ਸੁਖਬੀਰ ਬਾਦਲ ਪਿਛਲੇ ਕੁਝ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਚੋਰ ਭਲਾਈਆਂ ਦੇ ਕੇ ਭਾਜਪਾ ਨਾਲ ਗੱਲਬਾਤ ਦਾ ਯਤਨ ਕਰ ਰਹੇ ਸਨ, ਪਰ ਇਸ ਕੋਸ਼ਿਸ਼ ਦੇ ਐਨ ਵਿਚਕਾਰ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਨਾਲੋਂ ਆਪਣਾ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਦੇ ਆਗੂ ਜਸਵੀਰ ਗੜ੍ਹੀ ਨੇ ਪਹਿਲਾਂ ਵੀ ਅਕਾਲੀ ਦਲ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ ਸੀ, ਪਰ ਅਕਾਲੀ ਦਲ ਦੀਆਂ ਯਕੀਨਦਹਾਨੀਆਂ ਅਤੇ ਆਪਣੀ ਸੀਨੀਅਰ ਲੀਡਰਸ਼ਿਪ ਦੇ ਆਖਣ ‘ਤੇ ਇਸ ਗੱਠਜੋੜ ਨੂੰ ਕਾਇਮ ਰੱਖਣ ਬਾਰੇ ਮੁੜ ਬਿਆਨ ਦੇ ਦਿੱਤਾ। ਸ. ਗੜ੍ਹੀ ਨੇ ਇਹ ਵੀ ਆਖਿਆ ਸੀ ਕਿ ਦੋ ਘਰਾਂ ਦਾ ਪ੍ਰਾਹੁਣਾ ਅਕਸਰ ਭੁੱਖਾ ਰਹਿ ਜਾਇਆ ਕਰਦਾ ਹੈ। ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਭਾਜਪਾ ਨਾਲ ਖੇਡੀਆਂ ਜਾ ਰਹੀਆਂ ਲਿੱਚਗੜਿੱਚੀਆਂ ਦੇ ਮੱਦੇਨਜ਼ਰ ਪੰਜਾਬ ਬਸਪਾ ਨੇ ਫੈਸਲਾ ਕਰ ਲਿਆ ਹੈ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ ਅਤੇ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।
ਅਕਾਲੀ-ਬਸਪਾ ਗੱਠਜੋੜ ਦੇ ਟੁੱਟਣ ਨਾਲ ਪੰਜਾਬ ਵਿੱਚ ਕਈ ਹੋਰ ਸਿਅਸੀ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਹਾਲ ਦੀ ਘੜੀ ਭਾਵੇਂ ਬਸਪਾ ਲੀਡਰਸ਼ਿਪ ਨੇ ਕਿਹਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲਿਆਂ ਚੋਣਾਂ ਲੜੇਗੀ, ਪਰ ਇਸ ਪਾਰਟੀ ਵਲੋਂ ਕਾਂਗਰਸ ਪਾਰਟੀ ਨਾਲ ਗੱਠਜੋੜ ਵਿੱਚ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਵੀਂ ਸਥਿਤੀ ਵਿੱਚ ਜਦੋਂ ਕਿਸਾਨ ਸੰਘਰਸ਼ ਸਾਰੇ ਸਿਆਸੀ ਗੱਠਜੋੜਾਂ ਨੂੰ ਨਵੇਂ ਸਿਰਿਉਂ ਪ੍ਰਭਾਸ਼ਤ ਕਰਨ ਵੱਲ ਤੁਰ ਪਿਆ ਹੈ ਤਾਂ ਪੰਜਾਬ ਦਾ ਚੋਣ ਦ੍ਰਿਸ਼ ਹੋਰ ਗੁੰਝਲਦਾਰ ਹੋ ਗਿਆ ਹੈ। ਇੱਕ ਪਾਸੇ ਤਾਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੋਰ ਅਲੱਗ-ਥਲੱਗ ਹੋ ਜਾਣ ਦੇ ਆਸਾਰ ਪੈਦਾ ਹੋ ਗਏ ਹਨ; ਦੂਜੇ ਪਾਸੇ ਅਕਾਲੀ-ਬਸਪਾ ਗੱਠਜੋੜ ਟੁੱਟਣ ਅਤੇ ਭਜਪਾ ਨਾਲ ਨੇੜਤਾ ਦੀ ਝਾਕ ਰੱਖਣ ਕਾਰਨ ਪੇਂਡੂ ਪੰਜਾਬ ਵਿੱਚ ਕਿਸਾਨੀ ਆਧਾਰ ਨੂੰ ਹੋਰ ਖੋਰਾ ਲੱਗ ਸਕਦਾ ਹੈ। ਇਸ ਦਰਮਿਆਨ ਹੀ ਅਕਾਲੀ ਦਲ (ਬਾਦਲ) ਦੇ ਦੋ ਜਾਣੇ-ਪਛਾਣੇ ਆਗੂਆਂ- ਹਰਪਾਲ ਜੁਨੇਜਾ ਅਤੇ ਗੁਰਸ਼ਰਨ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਚਲੇ ਜਾਣ ਦੀ ਖਬਰ ਆ ਗਈ ਹੈ।
ਪੰਜਾਬ ਦੇ ਕਿਸਾਨਾਂ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਦੋਨਹਾਂ ਰਾਜਾਂ ਦੀ ਸਰਹੱਦ ‘ਤੇ ਜਿਵੇਂ ਨਿਪਟਿਆ ਜਾ ਰਿਹਾ ਹੈ, ਉਸ ਦੀ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਵੀ ਨਿੰਦਿਆ ਕੀਤੀ ਹੈ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ, ਪਰ ਕਿਸਾਨ ਸੰਘਰਸ਼ ਦੇ ਮਘਣ ਦੇ ਮੱਦੇਨਜ਼ਰ ਅਕਾਲੀ-ਭਾਜਪਾ ਦੇ ਗੱਠਜੋੜ ਵਾਲੇ ਆਸਾਰ ਜ਼ਰੂਰ ਖਟਾਈ ਵਿੱਚ ਪੈ ਗਏ ਹਨ। ਪੈਦਾ ਹੋਈ ਨਵੀਂ ਹਾਲਤ ਦੇ ਬਾਵਜੂਦ ਜੇ ਅਕਾਲੀ ਦਲ ਵਾਲੇ ਭਾਜਪਾ ਨਾਲ ਸਮਝੌਤਾ ਕਰਨ ਵੱਲ ਵਧਦੇ ਹਨ ਤਾਂ ਭਾਜਪਾ ਨੂੰ ਤਾਂ ਭਾਵੇਂ ਸ਼ਹਿਰੀ ਖੇਤਰਾਂ ਵਿੱਚ ਕੋਈ ਫਾਇਦਾ ਹੋ ਜਾਵੇ, ਪਰ ਅਕਾਲੀਆਂ ਨੂੰ ਇਸ ਦਾ ਗੰਭੀਰ ਨੁਕਸਾਨ ਝੱਲਣਾ ਪਏਗਾ।
ਬਹੁਜਨ ਸਮਾਜ ਪਾਰਟੀ ਨੇ ਅਕਾਲੀਆਂ ਨਾਲ ਸਮਝੌਤਾ ਤੋੜਨ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਲਗਾਤਾਰ ਪਾਰਟੀ ਦੀ ਸਟੇਟ ਲੀਡਰਸ਼ਿਪ ਨਾਲ ਤਾਲਮੇਲ ਕਰਨ ਤੋਂ ਪਿੱਛੇ ਹਟ ਰਿਹਾ ਸੀ। ਬਸਪਾ ਦੀ ਲੀਡਰਸ਼ਿੱਪ ਅਨੁਸਾਰ ਬੀਤੇ ਦਿਨੀਂ ਲੋਕ ਸਭਾ ਚੋਣਾਂ ਲਈ ਦੋਹਾਂ ਪਾਰਟੀਆਂ ਦੀ ਬਣੀ ਤਾਲਮੇਲ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਰੱਖੀ ਗਈ ਸੀ, ਪਰ ਅਕਾਲੀ ਆਗੂ ਉਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬਜਾਏ ਪਾਰਟੀ ਦੀ ‘ਪੰਜਾਬ ਬਚਾਓ ਯਾਤਰਾ’ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਿੱਛੋਂ ਅਕਾਲੀ ਦਲ ਦੇ ਚੰਡੀਗੜ੍ਹ ਦਫਤਰ ਵਿੱਚ ਰੱਖੀ ਗਈ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਵੀ ਅਕਾਲੀ ਦਲ ਦੇ ਆਗੂ ਗੈਰ-ਹਾਜ਼ਰ ਹੋ ਗਏ। ਇਸ ਤਰ੍ਹਾਂ ਇਨ੍ਹਾਂ ਦੋ ਮੀਟਿੰਗਾਂ ਦੌਰਾਨ ਪੰਜਾਬ ਬਸਪਾ ਨੂੰ ਅਕਾਲੀ ਦਲ ਵੱਲੋਂ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਬਸਪਾ ਲੀਡਰਾਂ ਦਾ ਇਹ ਵੀ ਇਤਰਾਜ਼ ਹੈ ਕਿ ਅਕਾਲੀ ਦਲ ਵਾਲੇ ਕੀ ਕਰ ਰਹੇ ਹਨ ਜਾਂ ਕਿਹੜੀ ਪਾਰਟੀ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ, ਇਸ ਬਾਰੇ ਬਸਪਾ ਨੂੰ ਕੁੱਝ ਵੀ ਦੱਸ ਨਹੀਂ ਸਨ ਰਹੇ।
ਕੁਝ ਸਿੱਖ ਵਿਦਵਾਨ ਅਕਾਲੀ-ਬਸਪਾ ਗੱਠਜੋੜ ਨੂੰ ਇੱਕ ਕੁਦਰਤੀ ਗੱਠਜੋੜ ਆਖ ਰਹੇ ਸਨ, ਪਰ ਅਕਾਲੀ ਲੀਡਰਸ਼ਿਪ ਸ਼ਾਇਦ ਆਪਣੇ ‘ਕਾਰੋਬਾਰੀ ਮੁਨਾਫਿਆਂ’ ਕਾਰਨ ਮੁੜ-ਮੁੜ ਭਾਜਪਾ ਵੱਲ ਜਾਣ ਦਾ ਯਤਨ ਕਰ ਰਹੀ ਸੀ। ਪੰਜਾਬ ਵਿੱਚੋਂ ਦੁਬਾਰਾ ਸਰਗਰਮ ਹੋ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਦੇ ਦਰਮਿਆਨ ਅਕਾਲੀਆਂ ਨੂੰ ਬਸਪਾ ਨਾਲ ਰਹਿ ਕੇ ਜ਼ਿਆਦਾ ਫਾਇਦਾ ਹੋਣਾ ਸੀ, ਬਨਿਸਬਤ ਭਾਜਪਾ ਦੇ। ਅਮੀਰ ਕਿਸਾਨੀ ਦੀ ਨੁਮਾਇੰਦਗੀ ਕਰਦੀ ਮੌਜੂਦਾ ਕਿਸਾਨ ਲੀਡਰਸ਼ਿਪ ਨਾਲੋਂ ਦੇਸ਼ ਦੇ ਮੌਜੂਦਾ ਹਾਲਤ ਬਾਰੇ ਬਸਪਾ ਲੀਡਰਸ਼ਿੱਪ ਵਧੇਰੇ ਸੁਜੱਗ ਜਾਪਦੀ ਹੈ। ਬਸਪਾ ਆਗੂਆਂ ਨੇ ਸਪਸ਼ਟ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਲਿੱਤਾਂ, ਪੱਛੜੀਆਂ ਸ਼੍ਰੇਣੀਆਂ, ਘੱਟਗਿਣਤੀਆਂ ਅਤੇ ਕਿਸਾਨਾਂ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ ਅਤੇ ਗੈਰ-ਸੰਵਿਧਾਨਕ ਨੀਤੀਆਂ ਅਪਨਾ ਰਹੀ ਹੈ। ਪੰਜਾਬ ਬਸਪਾ ਦੇ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਬਸਪਾ ਕਦੀ ਵੀ ਭਾਜਪਾ ਨਾਲ ਨਹੀਂ ਜਾ ਸਕਦੀ, ਕਿੳਂੁਕਿ ਇੱਕ ਪਾਸੇ ਤਾਂ ਇਹ ਪਾਰਟੀ ਸੰਵਿਧਾਨ ਨੂੰ ਬਦਲਣ ਦੇ ਰਾਹ ਪਈ ਹੋਈ ਹੈ, ਦੂਜੇ ਪਾਸੇ ਕਿਸਾਨੀ ਮਸਲਿਆਂ, ਬੰਦੀ ਸਿੰਘਾਂ ਦੀ ਰਿਹਾਈ ਆਦਿ ‘ਤੇ ਬਿਲਕੁਲ ਉਲਟਾ ਸਟੈਂਡ ਲਈ ਖੜੀ ਹੈ।
ਬਸਪਾ ਦੇ ਉਪਰੋਕਤ ਸਟੈਂਡ ‘ਤੇ ਆਪਣੇ ਆਪ ਨੂੰ ਦਰੁਸਤ ਕਰਨ ਦਾ ਯਤਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਬਾਰੇ ਬਸਪਾ ਲੀਡਰਸ਼ਿਪ ਨੂੰ ਗਲਤਫਹਿਮੀ ਹੋਈ ਹੈ। ਇਸ ਬਾਰੇ ਸਫਾਈ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਉਹ ਤਾਂ ‘ਪੰਜਾਬ ਬਚਾਉ ਯਾਤਰਾ’ ਵਿੱਚ ਰੁਝੇ ਹੋਏ ਹਨ, ਭਾਜਪਾ ਨਾਲ ਕਿਸ ਤਰ੍ਹਾਂ ਗੱਲਬਾਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਅਫਵਾਹਾਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੀ 10 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਨਾਲ ਗੱਠਜੋੜ ਵਾਸਤੇ ਗੱਲਬਾਤ ਚੱਲ ਰਹੀ ਹੈ, ਪਰ ਹਾਲੇ ਤੱਕ ਇਹ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਰਹੀ।
ਕੁਝ ਜਾਣਕਾਰਾਂ ਅਨੁਸਾਰ ਭਾਜਪਾ ਸਿਰਫ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੱਠਜੋੜ ਕਰਨ ਦੀ ਚਾਹਵਾਨ ਸੀ, ਜਦਕਿ ਅਕਾਲੀ ਇਸ ਨੂੰ ਵਿਧਾਨ ਸਭਾ ਚੋਣਾਂ ਤੱਕ ਅੱਗੇ ਤੋਰਨ ਦੀ ਗੱਲ ਆਖ ਰਹੇ ਸਨ। ਇਸ ਤੋਂ ਇਲਾਵਾ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਵੰਡਾਈ ਨੂੰ ਲੈ ਕੇ ਵੀ ਰੇੜਕਾ ਚੱਲ ਰਿਹਾ ਸੀ। ਭਾਜਪਾ ਲੋਕ ਸਭਾ ਦੀਆਂ ਛੇ ਸੀਟਾਂ ‘ਤੇ ਚੋਣ ਲੜਨ ਦੀ ਇੱਛਾ ਪਰਗਟ ਕਰ ਰਹੀ ਸੀ, ਜਦਕਿ ਅਕਾਲੀ ਦਲ ਭਾਜਪਾ ਨੂੰ ਸਿਰਫ 4 ਸੀਟਾਂ ਛੱਡਣ ਦੇ ਹੱਕ ਵਿੱਚ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਬੀਤੀ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਉ ਯਾਤਰਾ’ ਸ਼ੁਰੂ ਕੀਤੀ ਹੋਈ ਹੈ। ਇਸ ਯਾਤਰਾ ਰਾਹੀਂ ਉਹ ਆਪਣਾ ਜਨਤਕ ਆਧਾਰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਹਨ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀਆਂ ਦੀ ਇਹ ਯਾਤਰਾ ਪੰਜਾਬ ਬਚਾਉ ਯਾਤਰਾ ਨਹੀਂ, ਸਗੋਂ ‘ਪਰਿਵਾਰ ਬਚਾਉ ਯਾਤਰਾ’ ਹੈ। ਅਕਾਲੀ ਦਲ ਦਾ ਆਖਣਾ ਹੈ ਕਿ ਆਮ ਆਦਮੀ ਪਾਰਟੀ ਰਾਜ ਦੇ ਹਿੱਤਾਂ ਨੂੰ ਦਾਅ ‘ਤੇ ਲਗਾ ਕੇ ਆਪਣੀ ਕੌਮੀ ਸਿਆਸਤ ਪ੍ਰਮੋਟ ਕਰ ਰਹੀ ਹੈ, ਜਦਕਿ ਅਕਾਲੀ ਦਲ ਕਿਉਂਕਿ ਇੱਕ ਖੇਤਰੀ ਪਾਰਟੀ ਹੈ, ਇਸ ਲਈ ਰਾਜ ਦੇ ਹਿੱਤਾਂ ਨੂੰ ਸਮਰਪਿਤ ਹੈ।