ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ

ਆਮ-ਖਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ ਰਹੀ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਕੁਝ ਕਬੀਲੇ ਜਿਵੇਂ ਕਿ ‘ਕੁਰਦ’ ਅਤੇ ‘ਬਲੋਚ’ ਤੇ ਕੁਝ ਇੱਕ ਹੋਰ ਲੋਕ ਸਮੂਹਾਂ ਦੀ ਪੰਜਾਬੀਆਂ ਨਾਲ ਸਦੀਆਂ ਪੁਰਾਣੀ ਸਾਂਝ ਹੈ। ਈਰਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਰਜ਼ਾ ਸ਼ਾਹ ਨੇ ਸ਼ਹਿਰ ‘ਦੇਜ਼ਦੇਬ’ (ਚੋਰਾਂ ਦਾ ਨਗਰ) ਵਿੱਚ ਵੱਸਦੇ ਪਾਕ-ਪਵਿੱਤਰ ਬਾਣੇ ਅਤੇ ਚੰਗੇਰੇ ਜੀਵਨ ਵਾਲੇ ਸਿੱਖਾਂ ਦੇ ਮਾਣ ਵਿੱਚ ਸ਼ਹਿਰ ਦਾ ਨਾਂ ਬਦਲ ਕੇ ‘ਜ਼ਾਹੇਦ’ ਰੱਖ ਦਿੱਤਾ- ਭਾਵ ‘ਪਾਵਨ ਬੰਦਿਆਂ ਦੀ ਧਰਤੀ।’

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਈਰਾਨ ਬੇਸ਼ੱਕ ਇੱਕ ਮੁਸਲਿਮ ਮੁਲਕ ਹੈ, ਪਰ ਪੰਜਾਬੀਆਂ ਦੀ ਤੇ ਖ਼ਾਸ ਕਰਕੇ ਸਿੱਖ ਕੌਮ ਦੀ ਇਸ ਧਰਤੀ ਨਾਲ ਗੂੜ੍ਹੀ ਧਾਰਮਿਕ ਸਾਂਝ ਹੈ। ਈਰਾਨ ਦੇ ਮਸ਼ਾਦ ਇਲਾਕੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਵੰਸ਼ਜ ਤੇ ਸਤਿਕਾਰਤ ਇਮਾਮ ਰਜ਼ਾ ਦੀ ਇਬਾਦਤਗਾਹ ਹੈ, ਜੋ ਕਿ ਪਵਿੱਤਰ ਮੱਕਾ, ਮਦੀਨਾ ਅਤੇ ਦੁਨੀਆਂ ਦੀਆਂ ਹੋਰ ਸਭ ਤੋਂ ਵਿਸ਼ਾਲ ਥਾਂਵਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਹੈ। ਇੱਥੇ ਸਿੱਖ ਧਰਮ ਦੇ ਮੋਢੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਮੀਲ ਦਾ ਫ਼ਾਸਲਾ ਤੈਅ ਕਰਨ ਪਿੱਛੋਂ ਆਪਣੇ ਚਰਨ ਪਾਏ ਸਨ। ਉਹ ਮੱਕਾ ਤੋਂ ਵਾਪਿਸ ਪਰਤਦੇ ਸਮੇਂ ਬਗ਼ਦਾਦ, ਈਰਾਨ, ਬਸਰਾ ਅਤੇ ਕਰਬਲਾ ਵਿਖੇ ਠਹਿਰੇ ਸਨ। ਚੇਤੇ ਰਹੇ, ਉਸ ਵਕਤ ਈਰਾਨ ਦਾ ਨਾਂ ‘ਖ਼ੁਰੱਮ ਸ਼ਹਿਰ’ ਹੋਇਆ ਕਰਦਾ ਸੀ। ਇਮਾਮ ਰਜ਼ਾ ਦੀ ਇਬਾਦਤਗਾਹ ਵਿਖੇ ਅੱਜ ਵੀ ਦੁਨੀਆਂ ਭਰ ਤੋਂ ਹਰ ਸਾਲ ਤਿੰਨ ਕਰੋੜ ਦੇ ਕਰੀਬ ਸ਼ਰਧਾਲੂ ਜ਼ਿਆਰਤ ਭਾਵ ਤੀਰਥ ਦਰਸ਼ਨ ਲਈ ਆਉਂਦੇ ਹਨ। ਇਸੇ ਤਰ੍ਹਾਂ ਈਰਾਨ ਵਿਖੇ ਸਥਿਤ ਇੱਕ ਹਿੰਦੂ ਧਰਮ ਅਸਥਾਨ ਵਿਖੇ ਸੰਨ 1892 ਵਿੱਚ ਬਣਾਏ ਗਏ ਕੰਧ-ਚਿੱਤਰਾਂ ਵਿੱਚ ਨਿਹੰਗ ਬਾਣੇ ਵਿੱਚ ਦੋ ਸਿੱਖ ਦੁਆਰਪਾਲਾਂ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਹਨ।
ਇਤਿਹਾਸ ਦੱਸਦਾ ਹੈ ਕਿ ਸੰਨ 1900 ਦੇ ਆਸ-ਪਾਸ ਜਦੋਂ ਬਰਤਾਨਵੀ ਹਕੂਮਤ ਨੇ ਈਰਾਨ ਆਪਣੇ ਕਬਜ਼ੇ ਹੇਠ ਲੈ ਲਿਆ ਸੀ, ਉਦੋਂ ਕਈ ਸਿੱਖ ਸੈਨਿਕ ਅਤੇ ਵਪਾਰੀ ਵੀ ਇੱਥੇ ਆਣ ਪੁੱਜੇ ਸਨ। ਸੰਨ 1920 ਦੇ ਕਰੀਬ ਬਰਤਾਨਵੀ ਹਾਕਮਾਂ ਨੇ ਇੱਥੇ ‘ਟ੍ਰਾਂਸ ਈਰਾਨਿਅਨ ਰੇਲਵੇ’ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਸੀ ਤੇ ਇਸ ਪ੍ਰਾਜੈਕਟ ਨਾਲ ਜੁੜ ਕੇ ਕਈ ਸਿੱਖ ਪਰਿਵਾਰ ‘ਦੋਜ਼ਦੇਬ’ ਨਾਮਕ ਇਲਾਕੇ ਵਿੱਚ ਆ ਕੇ ਵੱਸਣੇ ਸ਼ੁਰੂ ਹੋ ਗਏ ਸਨ। ਬੜੀ ਦਿਲਚਸਪ ਗੱਲ ਹੈ ਕਿ ਰਜ਼ਾ ਸ਼ਾਹ, ਜੋ ਕਿ ਇੱਕ ਵੱਡਾ ਮਿਲਟਰੀ ਅਧਿਕਾਰੀ ਸੀ ਤੇ ਬਾਅਦ ਵਿੱਚ ਈਰਾਨ ਦਾ ਪ੍ਰਧਾਨ ਮੰਤਰੀ ਵੀ ਬਣਿਆ ਸੀ, ਇੱਕ ਵਾਰ ਦੇਜ਼ਦੇਬ ਇਲਾਕੇ ਵਿੱਚ ਆਇਆ ਅਤੇ ਇੱਥੇ ਆ ਕੇ ਉਸ ਨੇ ਸਿੱਖਾਂ ਨੂੰ ਦੁੱਧ ਚਿੱਟੇ ਲਿਬਾਸ ਵਿੱਚ ਘੁੰਮਦਿਆਂ ਵੇਖਿਆ ਤੇ ਬੜਾ ਖ਼ੁਸ਼ ਹੋਇਆ। ਉਸ ਨੇ ਤੁਰੰਤ ਹੀ ਦੋਜ਼ਦੇਬ ਸ਼ਹਿਰ ਦਾ ਨਾਂ ਬਦਲ ਕੇ ‘ਜ਼ਾਹੇਦ’ ਰੱਖ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਦੋਜ਼ਦੇਬ ਦਾ ਅਰਥ ਹੁੰਦਾ ਸੀ ‘ਚੋਰਾਂ ਦਾ ਨਗਰ’, ਜੋ ਉੱਥੇ ਵੱਸਦੇ ਪਾਕ-ਪਵਿੱਤਰ ਬਾਣੇ ਅਤੇ ਚੰਗੇਰੇ ਜੀਵਨ ਵਾਲੇ ਸਿੱਖਾਂ ਲਈ ਰਜ਼ਾ ਸ਼ਾਹ ਨੂੰ ਵਾਜਿਬ ਨਾ ਜਾਪਿਆ ਤੇ ਉਸ ਵੱਲੋਂ ਇਸ ਨਗਰ ਨੂੰ ਦਿੱਤੇ ਗਏ ਨਵੇਂ ਨਾਂ ਦੇ ਅਰਥ ਸਨ- ‘ਪਾਵਨ ਬੰਦਿਆਂ ਦੀ ਧਰਤੀ।’ ਰਜ਼ਾ ਸ਼ਾਹ ਵੱਲੋਂ ਕੀਤੀ ਗਈ ਨਾਂ ਦੀ ਇਹ ਤਬਦੀਲੀ ਈਰਾਨ ਵਿੱਚ ਵੱਸਦੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਸੁੱਚਤਾ ਅਤੇ ਸ਼ਾਨ ਦਾ ਸਨਮਾਨ ਸੀ।
ਸੰਨ 1930 ਤੋਂ ਬਾਅਦ ਜ਼ਾਹੇਦ ਨਗਰ ਵਿਖੇ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ, ਜੋ ਕਿ ਇੱਥੇ ਵੱਸਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ। ਸੰਨ 1952 ਵਿੱਚ ਇਹ ਸਕੂਲ ਤਹਿਰਾਨ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਸੰਨ 2004 ਵਿੱਚ ਇਸ ਦਾ ਨਾਂ ਬਦਲ ਕੇ ‘ਕੇਂਦਰੀ ਵਿਦਿਆਲਾ’ ਕਰ ਦਿੱਤਾ ਗਿਆ ਸੀ। ਸੰਨ 1979 ਵਿੱਚ ਇਸ ਨਗਰ ਵਿੱਚ 250 ਦੇ ਕਰੀਬ ਅਜਿਹੇ ਪੰਜਾਬੀ ਪਰਿਵਾਰ ਵੱਸਦੇ ਸਨ, ਜਿਨ੍ਹਾਂ ਕੋਲ ਮੋਟਰ-ਪਾਰਟਸ ਦੀ ਡਿਸਟ੍ਰੀਬਿਊਟਰਸ਼ਿਪ, ਇਮਾਰਤਸਾਜ਼ੀ ਦੀਆਂ ਫ਼ਰਮਾਂ ਅਤੇ ਆਯਾਤ-ਨਿਰਯਾਤ ਕੰਪਨੀਆਂ ਦੀ ਮਾਲਕੀ ਸੀ, ਪਰ ਇਸੇ ਹੀ ਸੰਨ 1979 ਵਿੱਚ ਆਈ ‘ਈਰਾਨੀ ਜਾਂ ਮੁਸਲਿਮ ਕ੍ਰਾਂਤੀ’ ਦੇ ਫਲਸਰੂਪ ਬਹੁਤ ਸਾਰੇ ਪੰਜਾਬੀ ਪਰਿਵਾਰ ਈਰਾਨ ਛੱਡ ਕੇ ਜਾਂ ਤਾਂ ਭਾਰਤ ਵਾਪਿਸ ਚਲੇ ਗਏ ਜਾਂ ਫਿਰ ਯੂਰਪ ਵੱਲ ਨੂੰ ਹੋ ਤੁਰੇ ਸਨ ਤੇ ਕੁਝ ਇੱਕ ਪਰਿਵਾਰ ਤਹਿਰਾਨ ਵਿਖੇ ਜਾ ਵੱਸੇ ਸਨ।
ਸਾਲ 2011 ਦੇ ਅੰਕੜਿਆਂ ਅਨੁਸਾਰ ਈਰਾਨ ਵਿੱਚ ਅੰਦਾਜ਼ਨ ਸੌ ਕੁ ਪੰਜਾਬੀ ਪਰਿਵਾਰ ਹੀ ਰਹਿ ਰਹੇ ਸਨ, ਜੋ ਆਪਸ ਵਿੱਚ ਪੰਜਾਬੀ ਭਾਸ਼ਾ ਵਿੱਚ ਅਤੇ ਬਾਕੀਆਂ ਨਾਲ ਫ਼ਾਰਸੀ ਜਾਂ ਬਲੋਚੀ ਭਾਸ਼ਾ ਵਿੱਚ ਗੱਲਬਾਤ ਕਰਦੇ ਸਨ। ਉਸ ਵਕਤ ਇੱਥੇ ਵੱਸਣ ਵਾਲੇ ਜ਼ਿਆਦਾਤਰ ਪੰਜਾਬੀਆਂ ਕੋਲ ਈਰਾਨ ਦੀ ਹੀ ਨਾਗਰਿਕਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤਹਿਰਾਨ ਵਿਖੇ ਸਥਿਤ ਇਕਲੌਤੇ ਗੁਰਦੁਆਰਾ ਸਾਹਿਬ ‘ਭਾਈ ਗੰਗਾ ਸਿੰਘ ਸਭਾ’ ਵਿਖੇ ਕਰਵਾਏ ਗਏ ਸਮਾਗਮ ਵਿੱਚ ਤਹਿਰਾਨ ਵਿਖੇ ਵੱਸਦੇ ਕੁੱਲ 60 ਦੇ ਕਰੀਬ ਪੰਜਾਬੀ ਪਰਿਵਾਰਾਂ ਨੇ ਭਾਗ ਲਿਆ ਸੀ। ਸਾਲ 2015 ਵਿੱਚ ਸਾਹਮਣੇ ਆਈ ਇੱਕ ਰਿਪੋਰਟ ਅਨੁਸਾਰ ਈਰਾਨ ਵਿੱਚ ਪੰਜਾਬੀਆਂ ਦੇ 175 ਪਰਿਵਾਰ ਰਹਿੰਦੇ ਸਨ, ਜਦੋਂ ਕਿ ਬੀਤੇ ਸਮੇਂ ਵਿੱਚ ਇੱਕ ਵੇਲਾ ਐਸਾ ਵੀ ਆਇਆ ਸੀ, ਜਦੋਂ ਉੱਥੇ ਇੱਕ ਹਜ਼ਾਰ ਤੋਂ ਵੀ ਵੱਧ ਸਿੱਖ ਪੰਜਾਬੀ ਪਰਿਵਾਰ ਨਿਵਾਸ ਕਰਿਆ ਕਰਦੇ ਸਨ। ਉਸ ਵਕਤ ਤਹਿਰਾਨ ਅਤੇ ਜ਼ਾਹੇਦ ਨਗਰਾਂ ਵਿੱਚ ਦੋ-ਦੋ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਸਨ।
ਇਤਿਹਾਸ ਦੇ ਗਰਭ ’ਚ ਲੁਕੀ ਇੱਕ ਕੌੜੀ ਗੱਲ ਇਹ ਹੈ ਕਿ ਇੱਕ ਵਾਰ ਤਹਿਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਵਿਖੇ ਪ੍ਰਬੰਧਕਾਂ ਨੇ ਗੁਰਦੁਆਰਾ ਇਮਾਰਤ ਦੇ ਅੰਦਰ ਹੀ ਇੱਕ ਅਜਿਹੀ ਵਿਵਸਥਾ ਕਰ ਦਿੱਤੀ ਸੀ, ਜਿਸ ਵਿੱਚ ਕਿਸੇ ਪ੍ਰਲੋਕ ਸਿਧਾਰ ਗਏ ਸਿੱਖ ਦੇ ਮ੍ਰਿਤਕ ਸਰੀਰ ਨੂੰ ਅੰਤਿਮ ਸਸਕਾਰ ਤੋਂ ਪਹਿਲਾਂ ਗੁਰਦੁਆਰੇ ਦੇ ਅੰਦਰ ਹੀ ਇਸ਼ਨਾਨ ਕਰਵਾਇਆ ਜਾਣ ਲੱਗ ਪਿਆ ਸੀ। ਉਕਤ ਪ੍ਰਬੰਧਕ ਕਮੇਟੀ ਦੇ ਇਸ ਕਾਰਜ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਹੋਰ ਸਿੱਖ ਸੰਗਠਨਾਂ ਨੇ ਇਹ ਕਹਿ ਕੇ ਵਿਰੋਧਤਾ ਕੀਤੀ ਸੀ ਕਿ ਜਿਸ ਇਮਾਰਤ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੋਵੇ, ਉਥੇ ਕਿਸੇ ਮੁਰਦਾ ਸਰੀਰ ਨੂੰ ਨੁਹਾਏ ਜਾਣਾ ਸਿੱਖ ਮਰਿਆਦਾਵਾਂ ਦੇ ਖ਼ਿਲਾਫ਼ ਹੈ। ਤਹਿਰਾਨ ਦੇ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਈਰਾਨ ਦੇ ਜਨਮਾਨਸ ਅਤੇ ਉੱਥੋਂ ਦੀਆਂ ਰਵਾਇਤਾਂ ਮੁਤਾਬਿਕ ਆਪਣੇ ਇਸ ਕਾਰਜ ਨੂੰ ਸਹੀ ਐਲਾਨ ਰਹੇ ਸਨ। ਇਸ ਵਿਚਾਰਧਾਰਕ ਵਿਰੋਧ ਕਰਕੇ ਕਾਫੀ ਵਿਵਾਦ ਪੈਦਾ ਹੋ ਗਿਆ ਸੀ, ਜੋ ਕਿ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਰਿਹਾ ਸੀ। ਉਸ ਕਾਲ ਖੰਡ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ।
ਇਤਿਹਾਸ ਦੇ ਖੋਜਕਾਰਾਂ ਦਾ ਇਹ ਮੰਨਣਾ ਹੈ ਕਿ ਈਰਾਨ ਦੇ ਕੁਝ ਕਬੀਲੇ ਜਿਵੇਂ ਕਿ ‘ਕੁਰਦ’ ਅਤੇ ‘ਬਲੋਚ’ ਤੇ ਕੁਝ ਇੱਕ ਹੋਰ ਲੋਕ ਸਮੂਹਾਂ ਦੀ ਪੰਜਾਬੀਆਂ ਨਾਲ ਸਦੀਆਂ ਪੁਰਾਣੀ ਸਾਂਝ ਹੈ। ਖੋਜੀਆਂ ਦਾ ਮੰਨਣਾ ਹੈ ਕਿ ਚਾਰ ਹਜ਼ਾਰ ਸਾਲ ਪਹਿਲਾਂ ਪੰਜਾਬੀ ਅਤੇ ਈਰਾਨੀ ਲੋਕ ਇੱਕ ਹੀ ਵੰਸ਼ ’ਚ ਹੋਇਆ ਕਰਦੇ ਸਨ ਤੇ ਬਾਅਦ ਵਿੱਚ ਇਹ ‘ਆਰੀਆ’ ਅਤੇ ‘ਈਰਾਨੀ’ ਲੋਕ ਸਮੂਹਾਂ ਵਿੱਚ ਵੰਡੇ ਗਏ ਸਨ। ਇਨ੍ਹਾਂ ਦੀ ਕੱਦ-ਕਾਠੀ, ਰੰਗ, ਸ਼ਕਲਾਂ ਅਤੇ ਆਪਣੇ ਹੱਕਾਂ ਲਈ ਲੜ-ਮਰਨ ਦਾ ਜਜ਼ਬਾ ਆਦਿ ਸਮੇਤ ਕਈ ਹੋਰ ਗੁਣ ਅੱਜ ਵੀ ਆਪਸ ਵਿੱਚ ਮੇਲ ਖਾਂਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀਆਂ ਭਾਸ਼ਾਈ ਜੜ੍ਹਾਂ ਵੀ ਮੂਲ ਰੂਪ ਵਿੱਚ ਕਿਤੇ ਨਾ ਕਿਤੇ ਜਾ ਕੇ ਆਪਸ ਵਿੱਚ ਜੁੜਦੀਆਂ ਹਨ। ਭਾਰਤੀਆਂ ਦੀ ਹਿੰਦੀ ਵਿੱਚ ਵੀ ਫ਼ਾਰਸੀ ਦੇ ਕਈ ਲਫ਼ਜ਼ ਪਾਏ ਜਾਂਦੇ ਹਨ ਤੇ ਪੰਜਾਬੀਆਂ ਦੀ ਪੰਜਾਬੀ ਭਾਸ਼ਾ ਦੀ ਵਰਣਮਾਲਾ ਵਿੱਚ ਤੇ ਫ਼ਾਰਸੀ ਦੇ ਅੱਖਰਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਮੁੱਕਦੀ ਗੱਲ ਇਹ ਹੈ ਕਿ ‘ਇੰਡੋ-ਆਰੀਅਨ’ ਅਤੇ ‘ਈਰਾਨੀ’ ਲੋਕ ਅਸਲ ਵਿੱਚ ਸਦੀਆਂ ਪਹਿਲਾਂ ਇੱਕ ਰਹੇ ‘ਇੰਡੋ-ਈਰਾਨੀ’ ਪਰਿਵਾਰ ਦੇ ਹੀ ਉਪ-ਸਮੂਹ ਹਨ।
ਸਾਲ 2019 ਵਿੱਚ ਭਾਰਤੀ ਪੰਜਾਬ ਦੀ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਸਬੰਧੀ ਖੋਜ ਕਾਰਜ ਲਈ ਕੁੱਲ 11 ਯੂਨੀਵਰਸਿਟੀਆਂ ਵਿੱਚ ‘ਗੁਰੂ ਨਾਨਕ ਚੇਅਰਾਂ’ ਸਥਾਪਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਸੱਤ ਭਾਰਤੀ ਪੰਜਾਬ ਦੇ ਅੰਦਰ, ਤਿੰਨ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਅਤੇ ਇੱਕ ਈਰਾਨ ਦੀ ‘ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡਿਨੋਮੀਨੇਸ਼ਨਜ਼’ ਵਿਖੇ ਸਥਾਪਿਤ ਕੀਤੀ ਜਾਵੇਗੀ। ਇਸ ਦਾ ਭਾਵ ਹੈ ਕਿ ਈਰਾਨ ਨੂੰ ਮਹੱਤਵ ਦਿੰਦਿਆਂ ਇੱਥੇ ਵੀ ਗੁਰੂ ਨਾਨਕ ਸਾਹਿਬ ਸਬੰਧੀ ਖੋਜ ਕਾਰਜਾਂ ਲਈ ਚੇਅਰ ਕਾਇਮ ਕਰਨ ਦੀ ਗੱਲ ਕੀਤੀ ਗਈ ਸੀ।

Leave a Reply

Your email address will not be published. Required fields are marked *