ਪੰਜਾਬ ‘ਚ ਚੋਣ ਅਖਾੜਾ ਮਘਿਆ

ਸਿਆਸੀ ਹਲਚਲ ਖਬਰਾਂ

*ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ‘ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ
*ਕਾਂਗਰਸ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਲੋਕ ਸਭਾ ਲਈ ਚੋਣ ਮੁਹਿੰਮ ਨੇ ਵਾਹਵਾ ਗਤੀ ਫੜ ਲਈ ਹੈ। ਇਸ ਤਹਿਤ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਖੰਨਾ ਅਤੇ ਗੋਇੰਦਵਾਲ ਵਿੱਚ ਰੈਲੀਆਂ ਕੀਤੀਆਂ ਗਈਆਂ। ਆਪਣੀ ਖੰਨਾ ਰੈਲੀ ਮੌਕੇ ਕੇਜਰੀਵਾਲ ਨੇ ‘ਘਰ ਘਰ ਰਾਸ਼ਣ’ ਵਾਲੀ ਆਪਣੀ ਸਕੀਮ ਲਾਂਚ ਕੀਤੀ ਅਤੇ ਨਾਲ ਹੀ ਲੋਕਾਂ ਤੋਂ ਲੋਕ ਸਭਾ ਵਿੱਚ ਆਪਣੇ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕੀਤੀ। ਇਸੇ ਤਰ੍ਹਾਂ ਆਪਣੀ ਗੋਇੰਦਵਾਲ ਰੈਲੀ ਦੌਰਾਨ ਉਨ੍ਹਾਂ ਨੇ ਇੱਥੇ ਸਥਿਤ ਥਰਮਲ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ। ਇਹ ਥਰਮਲ ਪਲਾਂਟ ਅਕਾਲੀ ਸਰਕਾਰ ਵੇਲੇ ਕਿਸੇ ਪ੍ਰਾਈਵੇਟ ਫਰਮ ਨੇ ਲਾਇਆ ਸੀ ਅਤੇ ਡਿਫਾਲਟਰ ਚੱਲ ਰਿਹਾ ਸੀ।

ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਇਸ ਨੂੰ ਖਰੀਦ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਖਰੀਦ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਸਰਕਾਰਾਂ ਵੱਲੋਂ ਪਬਲਿਕ ਪ੍ਰਾਪਰਟੀਆਂ ਆਪਣੇ ਚਹੇਤਿਆਂ ਜਾਂ ਕਾਰਪੋਰੇਟਾਂ ਨੂੰ ਵੇਚੀਆਂ ਗਈਆਂ ਹਨ। ਅਸੀਂ ਇਹ ਥਰਮਲ ਪਲਾਂਟ ਖਰੀਦ ਕੇ ਨਵੀਂ ਪਿਰਤ ਪਾਈ ਹੈ। ਉਨ੍ਹਾਂ ਨਾਲ ਹੀ ਫਰੀ ਬਿਜਲੀ ਸਮੇਤ ਆਪਣੇ ਲੋਕ ਭਲਾਈ ਕੰਮਾਂ ਦੀ ਤਫਸੀਲ ਗਿਣਾਉਂਦਿਆਂ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੋਟਾਂ ਦੇਣ ਦੀ ਮੰਗ ਕੀਤੀ।
ਇਸ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਵੱਲੋਂ ਵੀ ਸਮਰਾਲਾ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਭਾਵੇਂ ਇਸ ਰੈਲੀ ਵਿੱਚ ਰਾਜ ਕਾਂਗਰਸ ਦੀ ਪ੍ਰਮੁੱਖ ਲੀਡਰਸ਼ਿਪ ਮੌਜੂਦ ਸੀ, ਪਰ ਬੇਅੰਤ ਸਿੰਘ ਦੇ ਲੜਕੇ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਰ-ਹਾਜ਼ਰ ਰਹੇ। ਆਪਣੀ ਇਸ ਰੈਲੀ ਵਿੱਚ ਕਾਂਗਰਸ ਪ੍ਰਧਾਨ ਖੜਗੇ ਨੇ ‘ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ’ ਵੱਲੋਂ ਜਥੇਬੰਦ ਕੀਤੇ ਜਾ ਰਹੇ ‘ਦਿੱਲੀ ਚਲੋ ਅੰਦੋਲਨ’ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਿਸਾਨ ਅੰਦੋਲਨ ਨਾਲ ਖੜ੍ਹੇ ਰਹੇ ਹਾਂ, ਹੁਣ ਵੀ ਇਸ ਅੰਦੋਲਨ ਦਾ ਸਾਥ ਦਿਆਂਗੇ। ਉਨ੍ਹਾਂ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਨੂੰ ਸਮਾਪਤ ਕਰਵਾਉਣ ਲਈ ਭਾਜਪਾ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਸਬੰਧ ਵਿੱਚ ਹਾਲੇ ਤੱਕ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਹ ਸਿਰਫ ਕਿਸਾਨਾਂ ਦਾ ਅੰਦੋਲਨ ਸਮਾਪਤ ਕਰਨ ਦੀ ਇੱਕ ਚਾਲ ਸੀ।
ਇਸ ਮੌਕੇ ਉਨ੍ਹਾਂ ਕਿਹਾ ਕਿ 2024 ਵਿੱਚ ਜੇ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਤਿੰਨ ਕਾਲੇ ਕਾਨੂੰਨ ਖਤਮ ਕਰ ਦਿੱਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਕਿਸਾਨਾਂ ਅਤੇ ਜਵਾਨਾਂ (ਫੌਜੀਆਂ) ਦਾ ਦੇਸ਼ ਹੈ, ਦੋਹਾਂ ਨੂੰ ਭਾਜਪਾ ਸਰਕਾਰ ਨੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਰੈਗੂਲਰ ਭਰਤੀ ਖਤਮ ਕਰ ਦਿੱਤੀ ਗਈ ਹੈ। ਕਿਸਾਨਾਂ ਦੀ ਜ਼ਮੀਨ ਸਰਕਾਰ ਵੱਡੇ-ਵੱਡੇ ਕਾਰਪੋਰੇਟਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਸ ਰੈਲੀ ਦਾ ਵੀ ਇਹ ਦਿਲਚਸਪ ਪੱਖ ਰਿਹਾ ਕਿ ਲੋਕ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਖੜਗੇ ਨੇ ‘ਆਪ’ ਨਾਲ ਕਿਸੇ ਸਾਂਝ ਭਿਆਲੀ ਦੀ ਗੱਲ ਨਹੀਂ ਕੀਤੀ। ਰਾਜ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਹੀ ਰਵਨੀਤ ਸਿੰਘ ਬਿੱਟੂ ਅਤੇ ਨਵਜੋਤ ਸਿੰਘ ਸਿੱਧੂ ਰੈਲੀ ਮੌਕੇ ਵਿਖਾਈ ਨਹੀਂ ਦਿੱਤੇ; ਜਦਕਿ ਬੇਅੰਤ ਸਿੰਘ ਟੱਬਰ ਦਾ ਇੱਕ ਹੋਰ ਆਗੂ ਗੁਰਕੀਰਤ ਸਿੰਘ ਕੋਟਲੀ ਰੈਲੀ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਮਲ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਵਿੱਚ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵੱਲੋਂ ਆਯੋਜਤ ਕੀਤੀ ਗਈ ਇੱਕ ਰੈਲੀ ਵਿੱਚ ਕੇਂਦਰ ਦੇ ਸੰਘਵਾਦ ‘ਤੇ ਹਮਲੇ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਰਾਜਪਾਲ ਰਾਜਾਂ ਦੀਆਂ ਸਰਕਾਰਾਂ ਦੇ ਵਿਰੋਧੀਆਂ ਵਜੋਂ ਕੰਮ ਕਰ ਰਹੇ ਹਨ। ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਫੰਡ ਅਤੇ ਟੈਕਸ ਦਾ ਹਿੱਸਾ ਰੋਕ ਕੇ ਵਿਕਾਸ ਵਿੱਚ ਵਿਘਨ ਪਾਉਣ ਦਾ ਯਤਨ ਕਰ ਰਹੀ ਹੈ। ਸੜਕਾਂ ਨਹੀਂ ਬਣਨ ਦੇ ਰਹੀ।
ਦੇਸ਼ ਪੱਧਰ ‘ਤੇ ਭਾਵੇਂ ਭਾਰਤੀ ਜਨਤਾ ਪਾਰਟੀ ਆਪਣੇ ਹਰ ਈਵੈਂਟ ਨੂੰ ਚੋਣ ਮੁਹਿੰਮ ਦਾ ਸੰਦ ਬਣਾਉਣ ਦਾ ਯਤਨ ਕਰ ਰਹੀ ਹੈ, ਪਰ ਨਿਤੀਸ਼ ਕੁਮਾਰ ਦੇ ਦਗੇ ਕਾਰਨ ਕਮਜ਼ੋਰ ਹੋਇਆ ‘ਇੰਡੀਆ’ ਗੱਠਜੋੜ ਹਾਲੇ ਵੀ ਇੱਕ ਸੁਰ ਅਤੇ ਇਕਜੁੱਟ ਹੋਇਆ ਵਿਖਾਈ ਨਹੀਂ ਦੇ ਰਿਹਾ। ਨਿਤੀਸ਼ ਕੁਮਾਰ ਦੇ ਪਾਲਾ ਬਦਲ ਲੈਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਰਾਜ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਪਿਛਲੇ ਦਿਨੀਂ ਪੰਜਾਬ ਵਿੱਚ ਕੀਤੀਆਂ ਗਈਆਂ ਆਪਣੀਆਂ ਰੈਲੀਆਂ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੀ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਸਿਰਫ ਕਾਂਗਰਸ ਪਾਰਟੀ ਹੈ, ਜਿਹੜੀ ਇੰਡੀਆ ਗੱਠਜੋੜ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਆਗੂ ਜ਼ਰੂਰ ਇਹ ਆਖ ਰਹੇ ਹਨ ਕਿ ਸੀਟਾਂ ਦੀ ਵੰਡ ਲਈ ਗੱਲਬਾਤ ਚੱਲ ਰਹੀ ਹੈ।
ਉਂਝ ਮਲਵੀਂ ਜਿਹੀ ਜੀਭ ਨਾਲ ਆਮ ਆਦਮੀ ਪਾਰਟੀਆਂ ਦੇ ਆਗੂਆਂ ਨੇ ਇਹ ਜ਼ਰੂਰ ਕਿਹਾ ਕਿ ਸੀਟਾਂ ਦੀ ਵੰਡ ਵਿੱਚ ਦੇਰੀ ਕੀਤੀ ਜਾ ਰਹੀ ਹੈ, ਇਸ ਲਈ ਉਨ੍ਹਾਂ ਦੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਇਕੱਲਿਆਂ ਉਤਰ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਨਾਲ ਟਕਰਾਅ ਕਾਰਨ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੀ ਗੱਲ ਦੇਰ ਤੋਂ ਆਖ ਰਹੀ ਹੈ। ਸਿਟਿੰਗ ਐਮ.ਐਲ.ਏ. ਸੁਖਪਾਲ ਸਿੰਘ ਖਹਿਰਾ ਸਮੇਤ ਕਈ ਆਗੂਆਂ ਖਿਲਾਫ ਕੇਸ ਦਰਜ ਕਰਨ ਕਰਕੇ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਉਂਝ ਚੰਡੀਗੜ੍ਹ ਦੇ ਮੇਅਰ ਲਈ ਚੋਣ ਵਿੱਚ ਦੋਹਾਂ ਪਾਰਟੀਆਂ ਦੀ ਸਾਂਝ ਵੇਖਣ ਨੂੰ ਮਿਲੀ, ਜਿਸ ਕਾਰਨ ਭਾਜਪਾ ਘਾਟੇ ਵਾਲੀ ਸਥਿਤੀ ਵਿੱਚ ਸੀ, ਪਰ ਰਿਟਰਨਿੰਗ ਅਫਸਰ ਰਾਹੀਂ ਕਾਂਗਰਸ ਅਤੇ ‘ਆਪ’ ਦੀਆਂ ਵੋਟਾਂ ਨੂੰ ਰੱਦ ਕਰਵਾ ਕੇ ਭਾਜਪਾ ਉਮੀਦਵਾਰ ਜੇਤੂ ਐਲਾਨ ਦਿੱਤੇ ਗਏ। ਇਹ ਮਸਲਾ ਸੁਪਰੀਮ ਕੋਰਟ ਕੋਲ ਵੀ ਗਿਆ ਅਤੇ ਹਾਈਕੋਰਟ ਵਿੱਚ ਵੀ, ਜਿੱਥੇ ਚੀਫ ਜਸਟਿਸ ਨੇ ਵੋਟਾਂ ਰੱਦ ਕਰਦੇ ਰਿਟਰਨਿੰਗ ਅਫਸਰ ਦੀ ਵੋਟਾਂ ਟੈਂਪਰ ਕਰਦੇ ਦੀ ਫੋਟੋ ਵੇਖ ਕੇ ਕਿਹਾ ਕਿ ‘ਇਹ ਜਮਹੂਰੀਅਤ ਦਾ ਕਤਲ’ ਹੈ। ਫਿਰ ਵੀ ਇਸ ਚੋਣ ਸਬੰਧੀ ਕੋਈ ‘ਅਦਾਲਤੀ ਇਨਸਾਫ’ ਹਾਲੇ ਤੱਕ ਸਾਹਮਣੇ ਨਹੀਂ ਆਇਆ। ਇਸ ਤੋਂ ਲਗਦਾ ਇਸ ਤਰ੍ਹਾਂ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਹਰ ਰਾਜ, ਸ਼ਹਿਰ, ਕਸਬੇ ਵਿੱਚ ਰਾਜ ਅਤੇ ਸਥਾਨਕ ਸਰਕਾਰਾਂ ‘ਤੇ ਕਬਜ਼ਾ ਜਮਾ ਲੈਣਾ ਚਾਹੁੰਦੀ ਹੈ ਤਾਂ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਜਿੱਤ ਨੂੰ ਹਰ ਹੀਲੇ ਯਕੀਨੀ ਬਣਾਇਆ ਜਾ ਸਕੇ। ਆਪਣੇ ਅਜਿਹੇ ਹੀਲੇ ਵਸੀਲਿਆਂ ‘ਤੇ ਵਿਸ਼ਵਾਸ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਆਖ ਰਹੇ ਹਨ ਕਿ ਇਸ ਵਾਰ ਭਾਜਪਾ ਅਤੇ ਉਸ ਦੇ ਭਾਈਵਾਲ 400 ਤੋਂ ਉਪਰ ਸੀਟਾਂ ਜਿੱਤਣਗੇ।
ਅਜਿਹੀ ਸਥਿਤੀ ਵਿੱਚ ਜਦੋਂ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਚੋਣ ਮੁਹਿੰਮ ਵਿੱਚ ਹੋਣਾ ਅਤਿ ਜ਼ਰੂਰੀ ਹੈ ਤਾਂ ਰਾਹੁਲ ਗਾਂਧੀ ‘ਭਾਰਤ ਜੋੜੋ (ਨਿਆਏ) ਯਾਤਰਾ’ ਕਰਨ ਵਿੱਚ ਮਸ਼ਰੂਫ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਨੂੰ ਇੱਕ ਜੰਗ ਸਮਝ ਕੇ ਲੜ ਰਹੀ ਹੈ, ਜਿਸ ਨੇ ਪ੍ਰਧਾਨ ਮੰਤਰੀ ਅਨੁਸਾਰ ਆਉਣ ਵਾਲੇ ਇੱਕ ਹਜ਼ਾਰ ਸਾਲ ਦਾ ਇਤਿਹਾਸ ਤੈਅ ਕਰ ਦੇਣਾ ਹੈ। ਇਸ ਦਰਮਿਆਨ ਕਾਂਗਰਸ ਅਤੇ ਉਸ ਦਾ ਗੱਠਜੋੜ ਹਾਲੇ ਰਾਈਂ ਬਾਗੀਂ ਫਿਰ ਰਿਹਾ ਹੈ। ਇਸ ਸਥਿਤੀ ‘ਤੇ ਟਿਪੱਣੀ ਕਰਦਿਆਂ ਬੀਤੇ ਦਿਨੀਂ ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਸ ਵਕਤ ਜਦੋਂ ਰਾਹੁਲ ਗਾਂਧੀ ਨੂੰ ਚੋਣ ਮੁਹਿੰਮ ਦੀ ਅਗਵਾਈ ਕਰਨ ਦੀ ਜ਼ਰੂਰਤ ਸੀ, ਉਹ ਭਾਰਤ ਜੋੜੋ ਯਾਤਰਾ ‘ਤੇ ਤੁਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਨਿਯਾਏ ਯਾਤਰਾ ਲਈ ਇਹ ਮੌਕਾ ਸਹੀ ਨਹੀਂ ਹੈ, ਜਦੋਂ ਚੋਣ ਜੰਗ ਸਿਰ ‘ਤੇ ਖੜ੍ਹੀ ਹੈ। ਉਂਝ ਉਨ੍ਹਾਂ ਮੰਨਿਆ ਕਿ ਭਾਜਪਾ ਅਜਿੱਤ ਨਹੀਂ ਹੈ, ਪਰ ਵਿਰੋਧੀਆਂ ਕੋਲ ਜਥੇਬੰਦ ਤਾਕਤ ਅਤੇ ਚੋਣ ਜਿੱਤਣ ਲਈ ਹਿੰਦੀ ਬੈਲਟ ਵਿੱਚ ਜ਼ੋਰਦਾਰ ਸਰਗਰਮੀ ਜ਼ਰੂਰੀ ਹੈ। ਯਾਦ ਰਹੇ, ਇਹ ਹਿੰਦੀ ਬੈਲਟ ਹੀ ਹੈ, ਜਿੱਥੇ ਕਾਂਗਰਸ ਪਾਰਟੀ ਘਾਟੇ ਵਾਲੀ ਸਥਿਤੀ ਵਿੱਚ ਹੈ। ਜਦੋਂ ਭਾਜਪਾ ਕੋਲ ਰਾਮ ਮੰਦਰ ਦੀ ਲਹਿਰ ਵੀ ਮੌਜੂਦ ਹੈ, ਤਦ ਵੀ ਉਹ ਚੋਣਾਂ ਜਿੱਤਣ ਲਈ ਸਿਰਤੋੜ ਯਤਨ ਕਰ ਰਹੀ ਹੈ। ਹਰ ਪੁੱਠਾ ਸਿੱਧਾ ਹੀਲਾ ਵਸੀਲਾ ਵਰਤ ਰਹੀ ਹੈ। ਦੱਖਣ ਅਤੇ ਪੂਰਬੀ ਭਾਰਤ ਵਿੱਚ ਆਪਣੀ ਸਥਿਤੀ ਬੇਹਤਰ ਬਣਾਉਣ ਲਈ ਯਤਨਸ਼ੀਲ ਹੈ।

Leave a Reply

Your email address will not be published. Required fields are marked *