‘ਸੁਲਤਾਨ ਆਫ਼ ਸਵਿੰਗ’ ਵਸੀਮ ਅਕਰਮ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (10)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਉਸ ਵਰਗੀ ਸਿੱਧੀ-ਸਾਦੀ ਅਤੇ ਠੇਠ ਪੰਜਾਬੀ ਬੋਲਦਾ ਹੋਰ ਕੋਈ ਖਿਡਾਰੀ ਨਹੀਂ ਸੁਣਿਆ। ਹਥਲੇ ਲੇਖ ਵਿੱਚ ਵਿਸ਼ਵ ਦੇ ਤੇਜ ਗੇਂਦ ਸੁਟਾਵੇ ਯਾਨਿ ‘ਸੁਲਤਾਨ ਆਫ਼ ਸਵਿੰਗ’ ਵਸੀਮ ਅਕਰਮ ਦੇ ਖੇਡ ਕਰੀਅਰ ਦਾ ਸੰਖੇਪ ਵੇਰਵਾ ਪੇਸ਼ ਕੀਤਾ ਗਿਆ ਹੈ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਪਾਕਿਸਤਾਨ ਦਾ ਵਸੀਮ ਅਕਰਮ ਵਾਹਦ ਕ੍ਰਿਕਟਰ ਹੈ, ਜਿਸ ਦੇ ਮੁਕਾਬਲੇ ਦਾ ਨਾ ਸਿਰਫ਼ ਪਾਕਿਸਤਾਨ ਜਾਂ ਏਸ਼ੀਆ ਬਲਕਿ ਦੁਨੀਆਂ ਵਿੱਚ ਖੱਬੂ ਤੇਜ਼ ਗੇਂਦਬਾਜ਼ ਨਹੀਂ ਹੋਇਆ। ਇੱਥੋਂ ਤੱਕ ਤੇਜ਼ ਗੇਂਦਬਾਜ਼ਾਂ ਵਿੱਚੋਂ ਵੀ ਉਹ ਚੋਟੀ ਉਤੇ ਹੈ। ਸਪਿੰਨ ਪਿੱਚਾਂ ਲਈ ਜਾਣੇ ਜਾਂਦੇ ਦੱਖਣ ਏਸ਼ਿਆਈ ਖਿੱਤੇ ਤੋਂ ਅਜਿਹਾ ਤੇਜ਼ ਗੇਂਦਬਾਜ਼ ਪੈਦਾ ਹੋਣਾ ਹੋਰ ਵੀ ਵੱਡੀ ਗੱਲ ਹੈ। ਜਿਵੇਂ ਤੇਜ਼ ਗੇਂਦਬਾਜ਼ੀ ਪਿੱਚਾਂ ਉਤੇ ਆਸਟਰੇਲੀਆ ਦੀ ਧਰਤੀ ਉਤੇ ਪੈਦਾ ਹੋਏ ਸ਼ੇਨ ਵਾਰਨ ਦਾ ਜਲਵਾ ਰਿਹਾ ਹੈ, ਉਵੇਂ ਭਾਰਤੀ ਉਪ ਮਹਾਂਦੀਪ ਵਿੱਚ ਵਸੀਮ ਅਕਰਮ ਦਾ ਜਲਵਾ ਰਿਹਾ ਹੈ। ਭਾਰਤ ਤੇ ਪਾਕਿਸਤਾਨ ਵਿੱਚ ਕਪਿਲ ਦੇਵ ਤੇ ਇਮਰਾਨ ਖਾਨ ਤੋਂ ਬਾਅਦ ਵਸੀਮ ਅਕਰਮ ਹੀ ਅਜਿਹਾ ਤੇਜ਼ ਗੇਂਦਬਾਜ਼ ਹੋਇਆ, ਜਿਸ ਨੂੰ ਦੇਖ ਕੇ ਦੋਹਾਂ ਮੁਲਕਾਂ ਦੇ ਨੌਜਵਾਨ ਕ੍ਰਿਕਟਰਾਂ ਨੂੰ ਤੇਜ਼ ਗੇਂਦਬਾਜ਼ ਬਣਨ ਦੀ ਪ੍ਰੇਰਨਾ ਮਿਲੀ।
ਵਸੀਮ ਅਕਰਮ ਦੇ ਰਿਕਾਰਡ ਤਾਂ ਉਸ ਦੀ ਮਹਾਨਤਾ ਬਾਰੇ ਦੱਸਦੇ ਹੀ ਹਨ, ਪਰ ਬਤੌਰ ਖਿਡਾਰੀ ਤੇ ਕੋਚ ਉਸ ਦਾ ਪ੍ਰਦਰਸ਼ਨ ਉਸ ਨੂੰ ਦੁਨੀਆਂ ਦੇ ਮਹਾਨ ਕ੍ਰਿਕਟਰਾਂ ਵਿੱਚ ਸ਼ਾਮਲ ਕਰਦਾ ਹੈ। ਉਸ ਨੂੰ ‘ਸੁਲਤਾਨ ਦਾ ਸਵਿੰਗ’ ਆਖਿਆ ਜਾਂਦਾ ਹੈ, ਪਰ ਇਕੱਲੀ ਸਵਿੰਗ ਹੀ ਉਸ ਦੀ ਪਛਾਣ ਨਹੀਂ ਸੀ, ਉਹ ਕ੍ਰਿਕਟ ਡਿਕਸ਼ਨਰੀ ਦੀ ਹਰ ਗੇਂਦ ਸੁੱਟਣ ਦੀ ਕਾਬਲੀਅਤ ਰੱਖਣ ਵਾਲਾ ਗੇਂਦਬਾਜ਼ ਰਿਹਾ। ਆਸਟਰੇਲੀਅਨ ਤੇਜ਼ ਗੇਂਦਬਾਜ਼ ਗਲੈਨ ਮੈਕਗ੍ਰਾਥ ਜਿੱਥੇ ਓਵਰ ਵਿੱਚ ਛੇ ਦੀਆਂ ਛੇ ਗੇਦਾਂ ਇੱਕੋ ਸਥਾਨ ਉਤੇ ਇੱਕ ਸਟਾਈਲ ਵਿੱਚ ਸੁੱਟਣ ਦੀ ਕਾਬਲੀਅਤ ਰੱਖਦਾ ਹੈ ਤਾਂ ਵਸੀਮ ਅਕਰਮ ਛੇ ਦੀਆਂ ਛੇ ਗੇਦਾਂ ਵੱਖੋ-ਵੱਖਰੇ ਤਰੀਕੇ ਨਾਲ ਸੁੱਟਣ ਵਿੱਚ ਮੁਹਾਰਤ ਰੱਖਦਾ ਹੈ। ਉਹ ਇਨ ਸਵਿੰਗ, ਆਊਟ ਸਵਿੰਗ, ਲੈਗ ਕਟਰ, ਆਫ਼ ਕਟਰ, ਬਾਊਂਸਰ, ਯੌਰਕਰ- ਕੋਈ ਵੀ ਗੇਂਦ ਸੁੱਟ ਸਕਦਾ ਹੈ। ਉਹ ਨਵੀਂ ਤੇ ਪੁਰਾਣੀ ਦੋਵੇਂ ਗੇਂਦਾਂ ਨਾਲ ਕਮਾਲ ਦੀ ਗੇਂਦਬਾਜ਼ੀ ਸੁੱਟਣ ਵਿੱਚ ਕਾਬਲੀਅਤ ਰੱਖਦਾ ਸੀ। ਰਿਵਰਸ ਸਵਿੰਗ ਸੁੱਟਣ ਦੀ ਸ਼ੁਰੂਆਤ ਵੀ ਪਾਕਿਸਤਾਨ ਦੀ ਮਹਾਨ ਤੇਜ਼ ਗੇਂਦਬਾਜ਼ ਜੋੜੀ ਵਸੀਮ ਤੇ ਵੱਕਾਰ ਨੇ ਕੀਤੀ ਸੀ। ਵਸੀਮ ਤੇ ਵੱਕਾਰ ਦੀ ਜੋੜੀ ਨੇ ਇੱਕ ਰੋਜ਼ਾ ਤੇ ਟੈਸਟ ਕ੍ਰਿਕਟ ਵਿੱਚ ਮਿਲ ਕੇ 1500 ਤੋਂ ਵੱਧ ਵਿਕਟਾਂ ਹਾਸਲ ਕਰਕੇ ਦੁਨੀਆਂ ਵਿੱਚ ਆਪਣੀ ਧਾਕ ਜਮਾਈ। ਜੇ ਧਿਆਨ ਚੰਦ ਹਾਕੀ ਦਾ ਜਾਦੂਗਰ ਸੀ ਤਾਂ ਵਸੀਮ ਗੇਂਦਬਾਜ਼ੀ ਦਾ ਜਾਦੂਗਰ।
ਵਸੀਮ ਅਕਰਮ ਦੇ ਰਿਕਾਰਡ ਅਤੇ ਉਸ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੂੰ ਆਪਣੇ ਹੀ ਦੇਸ਼ ਵਿੱਚ ਉਨਾ ਮਾਣ-ਸਨਮਾਨ ਜਾਂ ਮਕਬੂਲੀਅਤ ਨਹੀਂ ਮਿਲੀ, ਜਿਸ ਦਾ ਉਹ ਹੱਕਦਾਰ ਸੀ। ਹਾਲਾਂਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚ ਉਹ ਜਿੱਥੇ ਵੀ ਗਿਆ ਤਾਂ ਲੋਕਾਂ ਨੇ ਬਾਹਾਂ ਫੈਲਾਅ ਕੇ ਅਤੇ ਅੱਡੀਆਂ ਚੁੱਕ ਕੇ ਉਸ ਦਾ ਸਵਾਗਤ ਕੀਤਾ। ਇਸ ਕਾਲਮ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਬਾਰੇ ਲਿਖਿਆ ਜਾ ਰਿਹਾ ਹੈ ਅਤੇ ਵਸੀਮ ਅਕਰਮ ਜਿੰਨਾ ਵਧੀਆ ਖਿਡਾਰੀ ਹੈ, ਉਸ ਤੋਂ ਵੱਧ ਕੇ ਉਹ ਸਭ ਤੋਂ ਸੋਹਣੀ ਪੰਜਾਬੀ ਬੋਲਣ ਵਾਲਾ ਵੀ ਖਿਡਾਰੀ ਹੈ। ਉਸ ਵਰਗੀ ਸਿੱਧੀ-ਸਾਦੀ, ਸਪੱਸ਼ਟ ਅਤੇ ਠੇਠ ਪੰਜਾਬੀ ਬੋਲਦਾ ਹੋਰ ਕੋਈ ਖਿਡਾਰੀ ਨਹੀਂ ਸੁਣਿਆ। ਇਸੇ ਲਈ ਜਦੋਂ ਉਹ ਰੇਡੀਓ ਉਪਰ ਬੋਲ ਰਿਹਾ ਹੁੰਦਾ ਹੈ ਤਾਂ ਸੁਣਨ ਵਾਲੇ ਨੂੰ ਦੇਖਣ ਵਾਲੇ ਨਾਲੋਂ ਵੀ ਵੱਧ ਸਵਾਦ ਆਉਂਦਾ ਹੈ।
ਵਸੀਮ ਅਕਰਮ ਦਾ ਜਨਮ 3 ਜੂਨ 1966 ਨੂੰ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਬੇਗਮ ਅਕਰਮ ਦੀ ਕੁੱਖੋਂ ਹੋਇਆ। ਵਸੀਮ ਦੇ ਪਿਤਾ ਚੌਧਰੀ ਮੁਹੰਮਦ ਅਕਰਮ ਦਾ ਜੱਦੀ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਸੀ, ਜਿੱਥੋਂ ਉਹ ਵੰਡ ਵੇਲੇ ਹਿਜ਼ਰਤ ਕਰਕੇ ਲਹਿੰਦੇ ਪੰਜਾਬ ਪੁੱਜੇ। ਵਸੀਮ ਦੇ ਦੋ ਵੱਡੇ ਭਰਾ ਤੇ ਇੱਕ ਛੋਟੀ ਭੈਣ ਹੈ। ਸਵਾ ਛੇ ਛੁੱਟ ਦੇ ਗੋਰੇ ਨਿਛੋਹ ਸੁਨੱਖੇ ਕ੍ਰਿਕਟਰ ਨੇ ਆਪਣਾ ਪਹਿਲਾ ਮੈਚ 18 ਸਾਲ ਦੀ ਅੱਲੜ੍ਹ ਉਮਰ ਵਿੱਚ 1984 ਵਿੱਚ ਨਿਊਜ਼ੀਲੈਂਡ ਖਿਲਾਫ ਇੱਕ ਰੋਜ਼ਾ ਮੈਚ ਦੌਰਾਨ ਖੇਡਿਆ। 19 ਵਰਿ੍ਹਆਂ ਦੀ ਉਮਰੇ ਉਸ ਨੇ ਨਿਊਜ਼ੀਲੈਂਡ ਖਿਲਾਫ ਹੀ ਪਹਿਲਾ ਟੈਸਟ ਖੇਡਿਆ। ਦੋ ਦਹਾਕਾ ਸ਼ਾਨਦਾਰ ਕਰੀਅਰ ਵਾਲੇ ਵਸੀਮ ਨੇ ਆਪਣੇ ਖੇਡ ਜੀਵਨ ਵਿੱਚ ਪਾਕਿਸਤਾਨ ਨੂੰ 1992 ਦਾ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪਾਕਿਸਤਾਨ ਨੇ ਉਸ ਨੂੰ ਕ੍ਰਿਕਟ ਖੇਡ ਵਿੱਚ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ‘ਹਿਲਾਲ-ਏ-ਇਮਤਿਆਜ਼’ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ।
ਵਸੀਮ ਅਕਰਮ ਇਕਲੌਤਾ ਪਾਕਿਸਤਾਨੀ ਕ੍ਰਿਕਟਰ ਹੈ, ਜੋ ਵਿਜ਼ਡਨ ਵੱਲੋਂ ਐਲਾਨੀ ਆਲ ਟਾਈਮ ਵਿਸ਼ਵ ਟੈਸਟ ਇਲੈਵਨ ਦਾ ਹਿੱਸਾ ਰਿਹਾ ਹੈ। ਇਮਰਾਨ ਖਾਨ ਤੋਂ ਬਾਅਦ ਆਪਣੀ ਕਪਤਾਨੀ ਵਿੱਚ ਪਾਕਿਸਤਾਨ ਨੂੰ 1999 ਦੇ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਲਿਜਾਣ ਵਾਲਾ ਵਸੀਮ ਅਕਰਮ ਇੱਕ ਰੋਜ਼ਾ ਕ੍ਰਿਕਟ ਵਿੱਚ 500 ਵਿਕਟਾਂ ਹਾਸਲ ਕਰਨ ਵਾਲਾ ਪਹਿਲਾ ਗੇਂਦਬਾਜ਼ ਹੈ। ਇੱਕ ਰੋਜ਼ਾ ਤੇ ਟੈਸਟ ਵਿੱਚ 400-400 ਤੋਂ ਵੱਧ ਵਿਕਟਾਂ ਲੈਣ ਵਾਲਾ ਉਹ ਪਹਿਲਾ ਗੇਂਦਬਾਜ਼ ਸੀ। ‘ਏ’ ਕਲਾਸ ਕ੍ਰਿਕਟ ਵਿੱਚ 881 ਵਿਕਟਾਂ ਨਾਲ ਉਹ ਸਿਖਰ ਉਤੇ ਖੜ੍ਹਾ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਉਹ 1223.5 ਅੰਕਾਂ ਨਾਲ ਇਸ ਫਾਰਮੈਟ ਦਾ ਸਿਖਰਲਾ ਗੇਂਦਬਾਜ਼ ਰਿਹਾ ਹੈ। ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 55 ਵਿਕਟਾਂ ਲੈਣ ਦਾ ਰਿਕਾਰਡ ਵੀ ਵਸੀਮ ਦੇ ਨਾਮ ਦਰਜ ਰਿਹਾ, ਜੋ ਬਾਅਦ ਵਿੱਚ ਮੈਕਗ੍ਰਾਥ ਨੇ 71 ਵਿਕਟਾਂ ਹਾਸਲ ਕਰਕੇ ਤੋੜਿਆ। ਮੈਕਗ੍ਰਾਥ ਨੇ ਰਿਕਾਰਡ ਤੋੜਨ ਤੋਂ ਬਾਅਦ ਇਹ ਮੰਨਿਆ ਸੀ ਕਿ ਵਸੀਮ ਉਸ ਦੀ ਨਜ਼ਰ ਵਿੱਚ ਦੁਨੀਆਂ ਦਾ ਸਰਵੋਤਮ ਤੇਜ਼ ਗੇਂਦਬਾਜ਼ ਹੈ।
ਟੈਸਟ ਕ੍ਰਿਕਟ ਵਿੱਚ ਵਸੀਮ ਨੇ 104 ਮੈਚ ਖੇਡ ਕੇ 414 ਵਿਕਟਾਂ ਹਾਸਲ ਕੀਤੀਆਂ, ਜੋ ਕਿ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਨੇ 356 ਮੈਚ ਖੇਡ ਕੇ 502 ਵਿਕਟਾਂ ਹਾਸਲ ਕੀਤੀਆਂ, ਜੋ ਕਿ ਵਿਸ਼ਵ ਕ੍ਰਿਕਟ ਵਿੱਚ ਸ੍ਰੀਲੰਕਾ ਦੇ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ ਉਤੇ ਹੈ। ਟੈਸਟ ਤੇ ਇੱਕ ਰੋਜ਼ਾ ਕ੍ਰਿਕਟ ਵਿੱਚ ਦੋ-ਦੋ ਹੈਟ੍ਰਿਕ ਲੈਣ ਵਾਲਾ ਉਹ ਦੁਨੀਆਂ ਦਾ ਪਹਿਲਾ ਗੇਂਦਬਾਜ਼ ਬਣਿਆ। ਉਹ ਦੁਨੀਆਂ ਦੇ ਉਨ੍ਹਾਂ ਛੇ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ, ਜਿਸ ਨੇ ਇੱਕ ਓਵਰ ਵਿੱਚ ਚਾਰ ਵਿਕਟਾਂ ਹਾਸਲ ਕੀਤੀਆਂ, ਹਾਲਾਂਕਿ ਉਸ ਦੀ ਇੱਕ ਗੇਂਦ ਉਪਰ ਕੈਚ ਛੁਟ ਗਿਆ ਸੀ, ਨਹੀਂ ਤਾਂ ਇੱਕ ਓਵਰ ਵਿੱਚ ਪੰਜ ਵਿਕਟਾਂ ਲੈਣ ਵਾਲਾ ਉਹ ਇਕਲੌਤਾ ਤੇ ਪਲੇਠਾ ਗੇਂਦਬਾਜ਼ ਹੋਣਾ ਸੀ। ਸ਼ਾਰਜਾਹ ਕ੍ਰਿਕਟ ਗਰਾਊਂਡ ਉਤੇ ਉਸ ਨੇ ਇੱਕ ਰੋਜ਼ਾ ਮੈਚ ਵਿੱਚ 122 ਵਿਕਟਾਂ ਲਈਆਂ ਹਨ, ਜੋ ਕਿ ਕਿਸੇ ਵੀ ਗੇਂਦਬਾਜ਼ ਵੱਲੋਂ ਕਿਸੇ ਇੱਕ ਗਰਾਊਂਡ ਉਤੇ ਹਾਸਲ ਕੀਤੀਆਂ ਸਭ ਤੋਂ ਵੱਧ ਵਿਕਟਾਂ ਹਨ। ਸ਼ਾਕਿਬ ਅਲ ਹਸਨ ਨੇ ਬਾਅਦ ਵਿੱਚ ਇਸ ਰਿਕਾਰਡ ਦੀ ਬਰਾਬਰੀ ਕੀਤੀ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਨੇ 23 ਵਾਰ ਚਾਰ ਜਾਂ ਚਾਰ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਟੈਸਟ ਕ੍ਰਿਕਟ ਵਿੱਚ ਉਸ ਨੇ ਇੱਕ ਪਾਰੀ ਵਿੱਚ 25 ਵਾਰ ਪੰਜ ਜਾਂ ਪੰਜ ਤੋਂ ਵੱਧ ਵਿਕਟਾਂ ਅਤੇ ਇੱਕ ਟੈਸਟ ਮੈਚ ਵਿੱਚ 5 ਵਾਰ 10 ਜਾਂ 10 ਤੋਂ ਵੱਧ ਵਿਕਟਾਂ ਲਈਆਂ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਦਾ ਸਰਵੋਤਮ ਪ੍ਰਦਰਸ਼ਨ 15 ਦੌੜਾਂ ਦੇ ਕੇ 5 ਵਿਕਟਾਂ ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ 119 ਦੌੜਾਂ ਦੇ ਕੇ 7 ਵਿਕਟਾਂ ਹਨ। ਬਤੌਰ ਫੀਲਡਰ ਉਸ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ 88 ਅਤੇ ਟੈਸਟ ਕ੍ਰਿਕਟ ਵਿੱਚ 44 ਕੈਚ ਵੀ ਲਪਕੇ ਹਨ।
ਵਸੀਮ ਅਕਰਮ ਨੂੰ ਬਤੌਰ ਗੇਂਦਬਾਜ਼ ਪੁਕਾਰਨਾ ਉਸ ਦੀ ਬੱਲੇਬਾਜ਼ੀ ਨੂੰ ਅੱਖੋ-ਪਰੋਖੇ ਕਰਨ ਦੀ ਗੁਸਤਾਖੀ ਹੋਵੇਗੀ। ਉਹ ਸਹੀ ਮਾਅਨਿਆਂ ਵਿੱਚ ਹਰਫਨਮੌਲਾ ਕ੍ਰਿਕਟਰ ਸੀ, ਪਰ ਉਸ ਦੀ ਗੇਂਦਬਾਜ਼ੀ ਹੀ ਇੰਨੀ ਵਧੀਆ ਸੀ ਕਿ ਉਸ ਨੂੰ ਕਦੇ ਵੀ ਹਰਫਨਮੌਲਾ ਖਿਡਾਰੀਆਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਸਗੋਂ ਇਕੱਲਾ ਗੇਂਦਬਾਜ਼ ਕਹਿ ਕੇ ਪੁਕਾਰਿਆ ਗਿਆ। ਉਸ ਦੇ ਬੱਲੇਬਾਜ਼ੀ ਦੇ ਰਿਕਾਰਡ ਕਈ ਬੱਲੇਬਾਜ਼ਾਂ ਨੂੰ ਵੀ ਮਾਤ ਪਾਉਂਦੇ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ ਵਸੀਮ ਨੇ 3717 ਦੌੜਾਂ ਬਣਾਈਆਂ ਹਨ, ਜਦੋਂ ਕਿ ਟੈਸਟ ਵਿੱਚ 2898 ਦੌੜਾਂ ਬਣਾਈਆਂ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ 6 ਅਰਧ ਸੈਂਕੜੇ ਲਗਾਉਣ ਵਾਲਾ ਵਸੀਮ ਵਿਸ਼ਵ ਕ੍ਰਿਕਟ ਵਿੱਚ ਮਿਸਬਾਹ ਉਲ ਹੱਕ ਤੋਂ ਬਾਅਦ ਦੂਜਾ ਬੱਲੇਬਾਜ਼ ਹੈ, ਜਿਸ ਨੇ ਬਿਨਾ ਕਿਸੇ ਸੈਂਕੜੇ ਤੋਂ ਇੰਨੀਆਂ ਦੌੜਾਂ ਬਣਾਈਆਂ ਹੋਈਆਂ ਹਨ। ਟੈਸਟ ਕ੍ਰਿਕਟ ਵਿੱਚ 3 ਸੈਂਕੜੇ ਤੇ 7 ਅਰਧ ਸੈਂਕੜੇ ਲਗਾਉਣ ਵਾਲੇ ਵਸੀਮ ਦਾ ਸਰਵੋਤਮ ਸਕੋਰ ਨਾਬਾਦ 257 ਹੈ, ਜੋ ਕਿ ਉਸ ਵੇਲੇ ਦੀ ਤਕੜੀਆਂ ਟੀਮਾਂ ਵਿੱਚ ਸ਼ੁਮਾਰ ਜ਼ਿੰਬਾਬਵੇ ਖਿਲਾਫ ਬਣਾਇਆ ਸੀ। ਅੱਠਵੇਂ ਨੰਬਰ ਉਤੇ ਖੇਡਦਿਆਂ ਕਿਸੇ ਕ੍ਰਿਕਟਰ ਵੱਲੋਂ ਬਣਾਇਆ ਇਹ ਸਭ ਤੋਂ ਵੱਡਾ ਸਕੋਰ ਹੈ। ਦੁਨੀਆਂ ਦੇ ਕਈ ਵੱਡੇ ਬੱਲੇਬਾਜ਼ ਵੀ ਆਪਣੇ ਸ਼ਾਨਦਾਰ ਟੈਸਟ ਕਰੀਅਰ ਵਿੱਚ ਉਪਰਲੇ ਕ੍ਰਮ ਵਿੱਚ ਖੇਡਣ ਦੇ ਬਾਵਜੂਦ ਇੱਕ ਵੀ ਦੋਹਰਾ ਸੈਂਕੜਾ ਨਹੀਂ ਲਗਾ ਸਕੇ, ਜੋ ਕਿ ਗੇਂਦਬਾਜ਼ ਹਰਫਨਮੌਲਾ ਕ੍ਰਿਕਟਰ ਨੇ ਅੱਠਵੇਂ ਨੰਬਰ ਉਤੇ ਆ ਕੇ ਲਗਾ ਦਿੱਤਾ। ਇਹ ਨਾਬਾਦ ਪਾਰੀ ਤੀਹਰਾ ਸੈਂਕੜਾ ਵੀ ਪਾਰ ਕਰ ਸਕਦੀ ਸੀ। ਇਸ ਪਾਰੀ ਵਿੱਚ 12 ਛੱਕੇ ਵੀ ਸ਼ਾਮਲ ਸਨ, ਜੋ ਕਿ ਹੁਣ ਤੱਕ ਕਿਸੇ ਟੈਸਟ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਹੈ। ਵਸੀਮ ਨੂੰ ਜੇ ਉਪਰਲੇ ਕ੍ਰਮ ਵਿੱਚ ਖਿਡਾਇਆ ਹੁੰਦਾ ਤਾਂ ਉਸ ਦਾ ਬੱਲੇਬਾਜ਼ੀ ਰਿਕਾਰਡ ਹੋਰ ਵੀ ਬਿਹਤਰ ਹੁੰਦਾ। ਅਜੋਕੇ ਟਵੰਟੀ-20 ਕ੍ਰਿਕਟ ਫਾਰਮੈਟ ਵਿੱਚ ਉਹ ਆਪਣੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਨਾਲ ਸਭ ਤੋਂ ਘਾਤਕ ਖਿਡਾਰੀ ਹੋਣਾ ਸੀ।
ਤੀਹ ਵਰਿ੍ਹਆਂ ਦੀ ਉਮਰੇ ਵਸੀਮ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋਇਆ। ਹਾਲਾਂਕਿ ਉਹ ਬਹੁਤ ਹੀ ਫਿੱਟ ਖਿਡਾਰੀ ਸੀ, ਪਰ ਉਸ ਨੇ ਆਪਣੀ ਬਿਮਾਰੀ ਖੇਡ ਉਤੇ ਭਾਰੀ ਨਾ ਪੈਣ ਦਿੱਤੀ। ਵਸੀਮ ਦਾ ਹੁਮਾ ਨਾਲ 1994 ਵਿੱਚ ਨਿਕਾਹ ਹੋਇਆ ਅਤੇ ਉਸ ਦੀ ਪਤਨੀ ਦਾ 2009 ਵਿੱਚ ਚੇਨਈ ਵਿਖੇ ਜ਼ੇਰੇ ਇਲਾਜ ਦੇਹਾਂਤ ਹੋ ਗਿਆ ਸੀ। ਉਸ ਦੇ ਦੋ ਪੁੱਤਰ ਹਨ। 2013 ਵਿੱਚ ਉਸ ਨੇ ਆਸਟਰੇਲੀਅਨ ਨਾਲ ਦੁਬਾਰਾ ਨਿਕਾਹ ਕੀਤਾ। ਇਸ ਜੋੜੀ ਕੋਲ ਇੱਕ ਬੇਟੀ ਹੈ। ਵਸੀਮ ਅਕਰਮ ਦੇ ਖੇਡ ਕਰੀਅਰ ਉਤੇ ਮੈਚ ਫਿਕਸਿੰਗ ਵਰਗੇ ਦੋਸ਼ ਵੀ ਲੱਗੇ, ਜੋ ਕਿਤੇ ਵੀ ਸਾਬਤ ਨਹੀਂ ਹੋਏ। ਉਸ ਵਰਗੇ ਜਨੂੰਨ ਅਤੇ ਫਿਟਨੈਸ ਨਾਲ ਕ੍ਰਿਕਟ ਖੇਡਣ ਵਾਲਾ ਹੋਰ ਕੋਈ ਖਿਡਾਰੀ ਨਹੀਂ। 2003 ਵਿੱਚ ਉਹ ਆਪਣੀ ਰਿਟਾਇਰਮੈਂਟ ਮੌਕੇ ਵੀ ਚੋਟੀ ਉਤੇ ਕਾਬਜ਼ ਸੀ, ਜਿਵੇਂ ਕਿ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ। ਉਹ ਵੱਡੇ ਫੈਸਲੇ ਲੈਣ ਵਾਲਾ ਖਿਡਾਰੀ ਵੀ ਸੀ, ਜਿਸ ਨੇ 2003 ਦੇ ਵਿਸ਼ਵ ਕੱਪ ਤੋਂ ਪਹਿਲਾਂ ਵੱਕਾਰ ਯੂਨਿਸ ਦੀ ਜਗ੍ਹਾਂ ਅਜ਼ਹਰ ਮਹਿਮੂਦ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਦਲੇਰਾਨਾ ਫੈਸਲਾ ਲਿਆ।
ਜਬਰਦਸਤ ਗੇਂਦ ਕੰਟਰੋਲ ਵਾਲਾ ਗੇਂਦਬਾਜ਼ ਦਾ ਐਕਸ਼ਨ ਹੀ ਉਸ ਦੀ ਤਾਕਤ ਸੀ, ਕਿਉਂਕਿ ਉਹ ਆਮ ਤੇਜ਼ ਗੇਂਦਬਾਜ਼ਾਂ ਵਾਂਗ ਲੰਬੇ ਰਨ-ਅੱਪ ਅਤੇ ਜੰਪ ਮਾਰ ਕੇ ਗੇਂਦ ਨਹੀਂ ਸੁੱਟਦਾ ਸੀ। ਇਸੇ ਕਰਕੇ ਬੱਲੇਬਾਜ਼ ਨੂੰ ਤਿਆਰ ਹੋਣ ਦਾ ਮੌਕਾ ਨਹੀਂ ਮਿਲਦਾ ਸੀ। ਉਸ ਨੂੰ ਅਨੇਕਾਂ ਮੌਕਿਆਂ `ਤੇ ਦੁਨੀਆਂ ਦੇ ਵੱਡੇ ਬੱਲੇਬਾਜ਼ਾਂ ਜਿਵੇਂ ਕਿ ਸਚਿਨ ਤੇਂਦੁਲਕਰ, ਬਰਾਇਨ ਲਾਰਾ, ਮੈਥਿਊ ਹੇਅਡਨ, ਐਡਮ ਗਿਲਕ੍ਰਿਸਟ, ਸਨਥ ਜੈਸੂਰੀਆ ਆਦਿ ਨੂੰ ਪਹਿਲੇ ਹੀ ਓਵਰ ਵਿੱਚ ਆਊਟ ਕੀਤਾ ਹੈ। ਇਕੇਰਾਂ ਦਿੱਲੀ ਟੈਸਟ ਮੈਚ ਵਿੱਚ ਉਸ ਨੇ ਰਾਹੁਲ ਦ੍ਰਾਵਿੜ ਤੇ ਵੀ.ਵੀ. ਲਕਸ਼ਮਣ ਨੂੰ ਉਨ੍ਹਾਂ ਦੀ ਜਬਰਦਸਤ ਫਾਰਮ ਵੇਲੇ ਬੋਲਡ ਆਊਟ ਕੀਤਾ। ਦ੍ਰਾਵਿੜ ਨੂੰ ਤਾਂ ਉਸ ਨੇ ਆਪਣੀ ਗੇਂਦਬਾਜ਼ੀ ਦੀ ਵਿਭਿੰਨਤਾ ਨਾਲ ਹੀ ਬੀਟ ਕੀਤਾ। ਦੁਨੀਆਂ ਦੇ ਮੰਨੇ-ਪ੍ਰਮੰਨੇ ਬੱਲੇਬਾਜ਼ ਵਸੀਮ ਅਕਰਮ ਨੂੰ ਸਭ ਤੋਂ ਵੱਧ ਖਤਰਨਾਕ ਗੇਂਦਬਾਜ਼ ਮੰਨਦੇ ਸਨ, ਜਿਸ ਦਾ ਸਾਹਮਣਾ ਕਰਨਾ ਕੋਈ ਸੁਖਾਲਾ ਨਹੀਂ ਸੀ। ਇੱਥੋਂ ਤੱਕ ਕਿ ਉਸ ਦੇ ਸਮਕਾਲੀ ਮਹਾਨ ਤੇਜ਼ ਗੇਂਦਬਾਜ਼ ਵੀ ਆਪਣੇ ਨਾਲੋਂ ਵਧੀਆ ਮੰਨਦੇ ਸਨ। ਵਸੀਮ ਨੂੰ ਜੇ ਬਿਹਤਰ ਮਾਹੌਲ ਮਿਲਿਆ ਹੁੰਦਾ ਜਾਂ ਉਸ ਦਾ ਕਰੀਅਰ ਵਿਵਾਦਾਂ ਤੋਂ ਮੁਕਤ ਹੁੰਦਾ ਤਾਂ ਉਸ ਦੇ ਰਿਕਾਰਡ ਹੋਰ ਵੀ ਬਿਹਤਰ ਹੋਣੇ ਸਨ। ਉਸ ਨੇ ਆਈ.ਪੀ.ਐਲ. ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕੋਚਿੰਗ ਕੀਤੀ ਹੈ। ਕਾਊਂਟੀ ਕ੍ਰਿਕਟ ਵਿੱਚ ਉਸ ਨੇ ਲੰਕਾਸ਼ਾਇਰ ਤੇ ਹੈਂਪਸ਼ਾਈਰ ਦੀ ਨੁਮਾਇੰਦਗੀ ਕੀਤੀ ਹੈ। ਉਹ ਸਹੀ ਮਾਅਨਿਆਂ ਵਿੱਚ ਕ੍ਰਿਕਟ ਦਾ ਲਿਵਿੰਗ ਲੀਜੈਂਡ ਹੈ।
ਭਾਰਤ ਵਿੱਚ ਵਸੀਮ ਅਕਰਮ ਦੀ ਬਹੁਤ ਮਕਬੂਲੀਅਤ ਹੈ। ਕਪਿਲ ਸ਼ਰਮਾ ਸ਼ੋਅ ਵਿੱਚ ਉਸ ਦੀ ਹਾਜ਼ਰ ਜਵਾਬੀ ਅਤੇ ਮਿੱਠੀ ਪੰਜਾਬੀ ਬੋਲੀ ਸਰੋਤਿਆਂ ਦੇ ਢਿੱਡੀ ਪੀੜਾਂ ਪਾ ਦਿੰਦੀ ਹੈ। ਵਸੀਮ ਨੇ ਜਿੱਥੇ ਆਪਣੀ ਸਵੈ-ਜੀਵਨੀ ‘ਸੁਲਤਾਨ’ ਸਮੇਤ ਹੋਰ ਕਿਤਾਬਾਂ ਵੀ ਲਿਖੀਆਂ, ਉਥੇ ਮਾਡਲਿੰਗ ਵੀ ਕੀਤੀ ਅਤੇ ਇੱਕ ਹਿੰਦੀ ਤੇ ਤਿੰਨ ਉਰਦੂ ਟੈਲੀਵਿਜ਼ਨ ਪ੍ਰੋਗਰਾਮਾਂ ਸਮੇਤ ਇੱਕ ਫਿਲਮ ਵਿੱਚ ਵੀ ਕੰਮ ਕੀਤਾ। ਲਕਸ ਸਟਾਈਲ ਐਵਾਰਡ ਵਿੱਚ ਉਸ ਨੂੰ 2003 ਵਿੱਚ ਮੋਸਟ ਸਟਾਈਲਿਸ਼ ਸਪੋਰਟਸਪਰਸਨ ਦਾ ਸਨਮਾਨ ਵੀ ਮਿਲਿਆ।

Leave a Reply

Your email address will not be published. Required fields are marked *