ਪਰਮਜੀਤ ਢੀਂਗਰਾ
ਫੋਨ: +91-9417358120
ਸ਼ਿੰਗਾਰ ਦੇ ਵਿਭਿੰਨ ਸਾਧਨਾਂ ਤੇ ਪਰੰਪਰਾਵਾਂ ਵਿੱਚ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਵਿੱਚ ਸੋਹਣਾ ਬਣਨ ਤੇ ਦਿਸਣ ਦੀ ਇੱਛਾ ਪ੍ਰਬਲ ਰਹੀ ਹੈ। ਸਾਡੀ ਲੋਕ ਪਰੰਪਰਾ ਵਿੱਚ ਵੀ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਕਿਸੇ ਦੂਸਰੇ ਸੋਹਣੇ ਨੂੰ ਦੇਖ ਕੇ ਮਨੁੱਖ ਅੰਦਰ ਆਪਣੇ ਆਪ ਨੂੰ ਨਿਹਾਰਨ ਦੀ ਇੱਛਾ ਪੈਦਾ ਹੋਈ ਹੋਵੇਗੀ ਤੇ ਏਸੇ ਤੋਂ ਸ਼ਾਇਦ ਸ਼ੀਸ਼ੇ ਜਾਂ ਦਰਪਣ ਦਾ ਜਨਮ ਹੋਇਆ ਹੋਵੇ। ਫਾਰਸੀ ਕੋਸ਼ ਅਨੁਸਾਰ ਸ਼ੀਸ਼ਾ- ਕੱਚ, ਮੂੰਹ ਦੇਖਣ ਵਾਲਾ ਦਰਪਣ, ਬੋਤਲ, ਸੁਰਾਹੀ, ਬੈਰਾਮੀਟਰ, ਦਿਲ, ਹੁੱਕਾ; ਸ਼ੀਸ਼ਾ-ਬਾਜ਼=ਚਾਲਬਾਜ਼, ਠੱਗ, ਬਾਜ਼ੀਗਰ ਜੋ ਪਾਣੀ ਨਾਲ ਭਰੀ ਬੋਤਲ ਸਿਰ ’ਤੇ ਟਿਕਾ ਕੇ ਨੱਚਦਾ ਹੈ;
ਸ਼ੀਸ਼ਾ-ਬਾਜ਼ੀ=ਮੱਕਾਰੀ, ਠੱਗੀ; ਸ਼ੀਸ਼ਾਬੰਦੀ- ਮੂੰਹ ਨਾਲ ਸੀਟੀ ਵਜਾਉਣੀ; ਸ਼ੀਸ਼ਾ-ਏ-ਹਜ਼ਾਮ=ਪੱਛ ਲਾਉਣ ਪਿੱਛੋਂ ਖੂਨ ਖਿੱਚਣ ਲਈ ਲਾਇਆ ਗਿਆ ਸ਼ੀਸ਼ਾ; ਸਿੰਙੀ ਦੀ ਥਾਂ ਲਾਉਣ ਵਾਲਾ ਸ਼ੀਸ਼ਾ; ਸ਼ੀਸ਼ਾ-ਦਿਲ=ਕੋਮਲ ਸੁਭਾਅ।
ਨਿਰੁਕਤ ਕੋਸ਼ ਅਨੁਸਾਰ ਇੱਕ ਪਾਰਦਰਸ਼ਕ ਪਦਾਰਥ, ਜਿਸ ਦੇ ਬਰਤਨ ਆਦਿ ਬਣਦੇ ਹਨ; ਮੂੰਹ ਦੇਖਣ ਦਾ ਸਾਧਨ; ਕੱਚ- ਫਾਰਸੀ ਸ਼ੀਸ਼ਾ, ਮੂੰਹ ਦੇਖਣ ਵਾਲਾ ਸ਼ੀਸ਼ਾ, ਦਰਪਣ, ਬੋਤਲ, ਸੁਰਾਹੀ, ਛੋਟੀ ਬੋਤਲ। ਪੰਜਾਬੀ ਕੋਸ਼ਾਂ ਅਨੁਸਾਰ ਇੱਕ ਪਦਾਰਥ, ਜੋ ਆਮ ਕਰਕੇ ਪਾਰਦਰਸ਼ਕ ਪਰ ਧੁੰਧਲਾ ਵੀ ਹੁੰਦਾ ਹੈ। ਇਹ ਸਿਲੀਕੇਟਾਂ ਦੇ ਮਿਸ਼ਰਣ ਤੋਂ ਬਣਦਾ ਹੈ, ਪਰ ਕਈ ਵਾਰੀ ਇਸ ਵਿੱਚ ਫਾਸਫੋਰਸ ਤੇ ਕਾਰਬੋਰੇਟਸ ਵੀ ਮਿਲਾ ਲਏ ਜਾਂਦੇ ਹਨ। ਸ਼ੀਸ਼ਾ ਬਾਸ਼ਾ- ਭੁੱਖਾ, ਸ਼ੌਕੀਨ, ਬਣਿਆ-ਠਣਿਆ ਰਹਿਣ ਵਾਲਾ ਆਦਮੀ ਜੋ ਸ਼ਿੰਗਾਰ ’ਤੇ ਆਪਣੀ ਹੈਸੀਅਤ ਤੋਂ ਵੱਧ ਖਰਚ ਕਰੇ, ਛੇਤੀ ਟੁੱਟ ਜਾਣ ਵਾਲੀ ਚੀਜ਼, ਸ਼ੀਸ਼ਾ ਲੂਣ- ਇੱਕ ਤਰ੍ਹਾਂ ਦਾ ਸ਼ੀਸ਼ੇ ਵਰਗਾ, ਸਫਾਫ਼ ਲੂਣ, ਖਾਣ ਵਾਲੇ ਲੂਣ ਦੇ ਪੱਧਰੀ ਸਤਹ ਵਾਲੇ ਸਾਫ ਟੁਕੜੇ, ਸੀਸੀ, ਸ਼ੀਸ਼ੀ, ਛੋਟੀ ਬੋਤਲ; ਮਹਾਨ ਕੋਸ਼ ਵਿੱਚ ਇਹਦੇ ਲਈ ਸੀਸਾ ਸ਼ਬਦ ਵਰਤਿਆ ਗਿਆ ਹੈ। ਸੀਸਾ-ਸੰਗਿਆ-ਸੀਸਕ, ਸਿੱਕਾ, ਫਾਰਸੀ ਕੰਚ, ਕੱਚ, ਦਰਪਣ, ਬੋਤਲ, ‘ਸੀਸੇ ਸਰਾਬ ਕਿ ਫੂਲ ਗੁਲਾਬ’ (ਚਰਿਤ੍ਰ-220)।
ਕਿਹਾ ਜਾਂਦਾ ਹੈ ਕਿ ਅੱਜ ਤੋਂ ਕੋਈ ਅੱਠ ਹਜ਼ਾਰ ਵਰ੍ਹੇ ਪਹਿਲਾਂ ਮਨੁੱਖ ਨੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਪਹਿਲਾਂ ਤੱਕ ਉਹ ਆਪਣਾ ਮੂੰਹ ਕੇਵਲ ਖੜ੍ਹੇ, ਸਥਿਰ ਪਾਣੀ ਵਿੱਚ ਹੀ ਦੇਖ ਸਕਦਾ ਸੀ। ਲੱਖਾਂ ਸਾਲਾਂ ਤੋਂ ਉਹਦੇ ਕੋਲ ਇਹੀ ਸਾਧਨ ਸੀ ਜਾਂ ਫਿਰ ਕਿਸੇ ਚਮਕੀਲੀ ਸਤਹ ’ਤੇ ਧੁੰਧਲਾ ਅਕਸ ਦੇਖ ਸਕਦਾ ਸੀ। ਅੱਜ ਜਿਸ ਨੂੰ ਅਸੀਂ ਸ਼ੀਸ਼ਾ ਕਹਿੰਦੇ ਹਾਂ, ਇਹਦੀ ਈਜਾਦ ਕੋਈ ਚਾਰ ਹਜ਼ਾਰ ਵਰ੍ਹੇ ਪਹਿਲਾਂ ਮਿਸਰ ਵਿੱਚ ਹੋਈ। ਈਸਾ ਤੋਂ ਕੋਈ ਛੇ ਹਜ਼ਾਰ ਵਰ੍ਹੇ ਪਹਿਲਾਂ ਮਨੁੱਖ ਨੇ ਚਮਕੀਲੇ ਜਵਾਲਾ ਮੁਖੀ ਪੱਥਰਾਂ ਵਿੱਚ ਆਪਣਾ ਅਕਸ ਦੇਖਣਾ ਸ਼ੁਰੂ ਕਰ ਦਿੱਤਾ ਸੀ।
ਸ਼ੀਸ਼ਾ ਸ਼ਬਦ ਦੀ ਵਿਓਤਪਤੀ ਸੰਸਕ੍ਰਿਤ ਦੇ ‘ਸ਼ਿਸ਼ਯ’ ਸ਼ਬਦ ਤੋਂ ਹੋਈ ਹੈ, ਜਿਸਦਾ ਅਰਥ ਹੈ ‘ਦੇਖਿਆ ਹੋਇਆ।’ ਸੰਸਕ੍ਰਿਤ ਵਿੱਚ ਇੱਕ ਹੋਰ ਸ਼ਬਦ ਹੈ ‘ਸਾਕਸ਼ਿਨ’, ਜਿਸਦਾ ਅਰਥ ਹੈ ‘ਦ੍ਰਸ਼ਟਾ’ ਭਾਵ ਜੋ ਦੇਖ ਰਿਹਾ ਹੈ। ਸਾਕਸ਼ੀ ਦਾ ਭਾਵ ਵੀ ਗਵਾਹ ਜਾਂ ਚਸ਼ਮਦੀਦ ਹੈ। ਇਹ ਬਣਿਆ ਹੈ ‘ਸਹਿ+ਅਕਸ਼ਿ’ ਤੋਂ, ਸਹਿ ਦਾ ਅਰਥ ਹੈ ‘ਭਾਵ’ ਤੇ ਅਕਸ਼ਿ ਦਾ ਅਰਥ ਹੈ- ਅੱਖ, ਨੇਤਰ, ਨੈਣ। ‘ਸ਼ਾਕਸ਼ਾਤ’ ਸ਼ਬਦ ਵੀ ਇਸ ਤੋਂ ਬਣਿਆ ਹੈ ਅਰਥਾਤ ਸਨਮੁਖ, ਸਾਹਮਣੇ। ਸ਼ੀਸ਼ੇ ਵਿੱਚ ਵੀ ਅਸੀਂ ਆਪਣੇ ਪ੍ਰਤੀਬਿੰਬ ਦੇ ਸਨਮੁਖ ਜਾਂ ਸਾਹਮਣੇ ਹੁੰਦੇ ਹਾਂ। ਅਕਸ਼ ਜਾਂ ਅਕਸ਼ਿ ਤੋਂ ਹੀ ਬਣਿਆ ਹੈ- ਸਮਕਸ਼ (ਸਮ+ਅਕਸ਼) ਅਰਥਾਤ ਅੱਖਾਂ ਸਾਹਮਣੇ। ਇਹਦੇ ਲਈ ਸਾਖੀ ਜਾਂ ਗਵਾਹੀ ਸ਼ਬਦ ਵੀ ਮਿਲਦਾ ਹੈ, ਜਿਸਦਾ ਅਰਥ ਹੈ– ਅੱਖਾਂ ਸਾਹਮਣੇ। ਸਾਖੀ ਅਥਵਾ ਸਾਕਸ਼ੀ ਤੋਂ ਹੀ ਬਣਿਆ ਸ਼ਬਦ ਹੈ– ‘ਸਿਸ਼ਯ’। ਸ਼ੀਸ਼ਾ ਮੂਲ ਰੂਪ ਵਿੱਚ ਫ਼ਾਰਸੀ ਦਾ ਸ਼ਬਦ ਹੈ, ਨਾ ਕਿ ਸੰਸਕ੍ਰਿਤ ਦਾ। ਇਹਦੇ ਲਈ ਅਵੇਸਤਾ (ਪੁਰਾਤਨ ਫ਼ਾਰਸੀ) ਵਿਚ ਮਿਲਦਾ-ਜੁਲਦਾ ਸ਼ਬਦ ‘ਸ਼ੀਸ਼ਾ’ ਹੈ।
ਅਰਬੀ ਫ਼ਾਰਸੀ ਦੇ ਪ੍ਰਭਾਵ ਹੇਠ ਭਾਰਤੀ ਭਾਸ਼ਾਵਾਂ ਵਿੱਚ ਪਹਿਲਾਂ ਸ਼ੀਸ਼ੇ ਲਈ ਕੱਚ ਵਰਤਿਆ ਜਾਂਦਾ ਸੀ। ਸ਼ੀਸ਼ਾ ਵੀ ਕੱਚ ਤੋਂ ਹੀ ਬਣਦਾ ਹੈ। ਫ਼ਾਰਸੀ ਵਿੱਚ ‘ਸ਼ੋਸ਼:’ ਦਾ ਅਰਥ ਹੈ– ਜ਼ਰਾ ਖੰਡ, ਅਥਵਾ ਸੋਨੇ ਚਾਂਦੀ ਦੀ ਡਲੀ। ਇਸ ਦਾ ਇੱਕ ਅਰਥ ਚਮਕ ਵੀ ਹੈ। ਏਸੇ ਲਈ ਸ਼ੀਸ਼ਾ ਚਮਕਦਾਰ ਵਸਤੂ ਹੈ। ਸ਼ੀਸ਼ ਮਹਿਲ- ਕੱਚ ਦੇ ਟੁਕੜਿਆਂ ਨਾਲ ਸਜਾਇਆ ਮਹੱਲ; ਸ਼ੀਸ਼ਗਰ- ਕੱਚ ਦਾ ਸਮਾਨ ਬਣਾਉਣ ਵਾਲਾ। ‘ਸ਼ੀਸ਼ੇ ਵਿੱਚ ਉਤਾਰਨਾ’ ਮੁਹਾਵਰਾ ਵੀ ਹੈ, ਜਿਸਦਾ ਅਰਥ ਹੈ– ਕਿਸੇ ’ਤੇ ਜਬਰਦਸਤ ਪ੍ਰਭਾਵ ਪਾਉਣਾ ਜਾਂ ਕਾਬੂ ਕਰਨਾ। ਪੁਰਾਤਨ ਸਮਿਆਂ ਵਿੱਚ ਫਾਰਸ ਵਿੱਚ ਕੱਚ ’ਤੇ ਕੀਤੀ ਜਾਂਦੀ ਚਿੱਤਰਕਾਰੀ ਬੜੀ ਪ੍ਰਸਿਧ ਸੀ। ਇਸ ਕਲਾਤਮਕ ਜਾਦੂਗਰੀ ਤੋਂ ਹੀ ਸ਼ਾਇਦ ਸ਼ੀਸ਼ੇ ਵਿੱਚ ਉਤਾਰਨਾ ਮੁਹਾਵਰਾ ਬਣਿਆ ਹੋਵੇ।
ਮਿਸਰੀਆਂ ਨੇ ਜਦੋਂ ਕੱਚ ਈਜਾਦ ਕਰ ਲਿਆ ਤਾਂ ਉਹਦੇ ਵਿੱਚੋਂ ਪ੍ਰਤੀਬਿੰਬ ਦੇਖਣ ਦੀ ਖਾਸੀਅਤ ਤੋਂ ਤਾਂਤਰਿਕ-ਨਜੂਮੀ ਬੜੇ ਪ੍ਰਭਾਵਿਤ ਹੋਏ ਤੇ ਇਸ ਤੋਂ ਭਵਿੱਖਬਾਣੀਆਂ ਕਰਨ ਲੱਗ ਪਏ। ਉਹ ਸ਼ੀਸ਼ੇ ਦੀ ਇੱਕ ਗੇਂਦ ਜਿਸਨੂੰ ਯੂਰਪ ਵਿੱਚ ਮੈਜਿਕ ਬਾਲ ਜਾਂ ਕ੍ਰਿਸਟਲ ਬਾਲ ਜਾਂ ਗਲਾਸਆਈ ਕਹਿੰਦੇ ਹਨ, ਨਾਲ ਪਾਰਲੌਕਿਕ ਆਤਮਾਵਾਂ ਨਾਲ ਗੱਲ ਕਰਨ ਦਾ ਢੋਂਗ ਰਚਦੇ ਹਨ। ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਸ਼ੀਸ਼ੇ ਵਿੱਚ ਉਹ ਜਿਹੜੀਆਂ ਆਤਮਾਵਾਂ ਉਤਾਰਦੇ ਹਨ, ਉਹ ਭਵਿੱਖਬਾਣੀ ਕਰਦੀਆਂ ਹਨ। ਅਰੇਬੀਅਨ ਨਾਈਟਸ ਵਿੱਚ ਜਿੰਨ ਨੂੰ ਬੋਤਲ ਵਿੱਚ ਬੰਦ ਕਰਨ ਦਾ ਕਿੱਸਾ ਵੀ ਸ਼ੀਸ਼ੇ ਵਿੱਚ ਉਤਾਰਨ ਨਾਲ ਜੁੜਿਆ ਹੋਇਆ ਹੈ। ਕਈ ਧਾਰਮਿਕ ਸਥਾਨਾਂ ’ਤੇ ਵੀ ਸ਼ੀਸ਼ੇ ਲੱਗੇ ਹੋਏ ਹਨ, ਜਿਨ੍ਹਾਂ ਬਾਰੇ ਮਾਨਤਾ ਹੈ ਕਿ ਉਸ ਵਿੱਚ ਮੂੰਹ ਦੇਖਣ ਨਾਲ ਦੁਖ ਦੂਰ ਹੋ ਜਾਂਦੇ ਹਨ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ੀਸ਼ਾ ਜਾਦੂਮਈ ਪ੍ਰਭਾਵ ਰੱਖਦਾ ਹੈ। ਅੱਜ ਇਮਾਰਤਾਂ ਵਿੱਚ, ਸਾਜ ਸਜਾਵਟ, ਸ਼ਿੰਗਾਰ, ਗਹਿਣਿਆਂ, ਫਰਨੀਚਰ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਵਿੱਚ ਇਹ ਸ਼ਾਨ ਦਾ ਪ੍ਰਤੀਕ ਬਣਿਆ ਹੋਇਆ ਹੈ।