ਪੰਜਾਬੀ ਪਰਵਾਜ਼ ਫੀਚਰ
ਨੱਚਣਾ ਤਾਂ ਮਨ ਕਾ ਚਾਓ ਹੈ ਤੇ ਜਦੋਂ ਮਨ ਖੁਸ਼ੀ `ਚ ਲਹਿਰਾ ਉਠਦਾ ਹੈ ਤਾਂ ਭੰਗੜਾ ਪਾਉਣ ਨੂੰ ਜੀ ਕਰਦਾ ਹੈ- ਉਦੋਂ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ, ਬੱਸ ਖੇੜੇ ਵਿੱਚ ਆਇਆ ਮਨ ਸਰੀਰ ਨੂੰ ਆਪੇ ਸੁਰ ਕਰ ਲੈਂਦਾ ਹੈ; ਉਂਜ ਆਮ ਤੌਰ `ਤੇ ਭੰਗੜਾ ਸੰਗੀਤ ਦੀ ਵਿਸ਼ੇਸ਼ਤਾ ਰਿਹਾ ਹੈ।
ਭੰਗੜਾ ਨਾਚ ਦੀ ਇੱਕ ਸ਼ੈਲੀ ਹੈ। ਭੰਗੜੇ ਦੀ ਸ਼ੁਰੂਆਤ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ (ਹੁਣ ਲਹਿੰਦੇ ਪੰਜਾਬ ਵਿੱਚ) ਤੋਂ ਹੋਈ ਮੰਨੀ ਜਾਂਦੀ ਹੈ। ਇਹ ਅਸਲ ਵਿੱਚ ਵਾਢੀ ਦੇ ਸਮੇਂ ਨੂੰ ਮਨਾਉਣ ਲਈ ਇੱਕ ਲੋਕ ਨਾਚ ਸੀ। ਵਿਸਾਖੀ ਦੇ ਮੌਸਮ ਵਿੱਚ ਕਣਕ ਦੀ ਵਾਢੀ ਕਰਨ ਤੋਂ ਬਾਅਦ ਲੋਕ ਭੰਗੜਾ ਪਾਉਂਦੇ ਹੋਏ ਸੱਭਿਆਚਾਰਕ ਮੇਲਿਆਂ ਵਿੱਚ ਸ਼ਾਮਲ ਹੁੰਦੇ ਸਨ। ਕਈ ਸਾਲਾਂ ਤੱਕ ਕਿਸਾਨਾਂ ਨੇ ਪ੍ਰਾਪਤੀ ਦੀ ਭਾਵਨਾ ਨੂੰ ਦਰਸਾਉਣ ਅਤੇ ਵਾਢੀ ਦੇ ਨਵੇਂ ਸੀਜ਼ਨ ਦਾ ਸਵਾਗਤ ਕਰਨ ਲਈ ਭੰਗੜਾ ਪਾਇਆ। ਰਵਾਇਤੀ ਭੰਗੜਾ ਹੁਣ ਵਾਢੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਬਹੁਤ ਹੀ ਘੱਟ, ਪਰ ਹੋਰ ਮੌਕਿਆਂ `ਤੇ ਵੱਧ ਪੇਸ਼ ਕੀਤਾ ਜਾਂਦਾ ਹੈ।
ਪਰੰਪਰਾਗਤ ਭੰਗੜੇ ਨੇ ਹਮੇਸ਼ਾ ਲੋਕਾਂ ਦੇ ਜੀਵਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਭੰਗੜਾ ਪੰਜਾਬ ਖੇਤਰ ਦੇ ਵੱਖ-ਵੱਖ ਹਿੱਸਿਆਂ ਦੇ ਨਾਚਾਂ ਦੇ ਸੁਮੇਲ ਵਜੋਂ ਵਿਕਸਿਤ ਹੋਇਆ ਹੈ। ‘ਭੰਗੜਾ’ ਸ਼ਬਦ ਹੁਣ ਝੂੰਮਰ, ਗਿੱਧਾ, ਧਮਾਲ, ਕਿੱਕਲੀ ਅਤੇ ਸੰਮੀ ਸਮੇਤ ਕਈ ਕਿਸਮਾਂ ਦੇ ਨਾਚਾਂ ਅਤੇ ਕਲਾਵਾਂ ਨੂੰ ਦਰਸਾਉਂਦਾ ਹੈ। ਇਸ ਵਿੱਚ ਢੋਲ, ਅਲਗੋਜ਼ੇ, ਸੱਪ, ਕਾਟੋ, ਚਿਮਟਾ, ਖੂੰਡਾ, ਤੂੰਬੀ, ਢੱਡ ਅਤੇ ਡਫਲੀ ਵਰਗੇ ਕਈ ਸਾਜ਼ਾਂ ਦੀ ਵਰਤੋਂ ਸ਼ਾਮਲ ਹੈ। ਭੰਗੜਾ ਸਾਡੇ ਸੱਭਿਆਚਾਰ ਤੇ ਵਿਲੱਖਣਤਾ ਦਾ ਪ੍ਰਗਟਾਵਾ ਹੈ ਅਤੇ ਸਾਡੇ ਬਾਰੇ ਵਿਲੱਖਣਤਾ ਦਿਖਾਉਣ ਦਾ ਇੱਕ ਤਰੀਕਾ ਵੀ।
ਇਹ ਸੱਚ ਹੈ ਕਿ ਦੁਨੀਆਂ ‘ਚ ਜਿੱਥੇ ਜਿੱਥੇ ਪੰਜਾਬੀ ਗਏ, ਆਪਣੇ ਖਾਣ-ਪੀਣ, ਪਹਿਰਾਵਾ ਤੇ ਸੱਭਿਆਚਾਰ ਨਾਲ ਲੈ ਕੇ ਗਏ; ਇਸੇ ਤਰ੍ਹਾਂ ਹੀ ਆਪਣੇ ਲੋਕ ਸਾਜ਼ ਵੀ। ਕੋਈ ਵੀ ਪ੍ਰੋਗਰਾਮ, ਮੇਲਾ ਤੇ ਟੂਰਨਾਮੈਂਟ ਲੋਕ ਨਾਚਾਂ ਬਿਨਾ ਅਧੂਰਾ ਹੈ। ਆਮ ਕਰਕੇ ਲੋਕਾਂ ‘ਚ ਭੰਗੜਾ ਤੇ ਗਿੱਧਾ ਹੀ ਜ਼ਿਆਦਾ ਪ੍ਰਚੱਲਿਤ ਹਨ। ਬਹੁਤ ਘੱਟ ਨਵੀਂ ਪਨੀਰੀ ਨੂੰ ਪਤਾ ਹੈ ਕਿ ਪੰਜਾਬੀ ਲੋਕ ਨਾਚਾਂ ‘ਚ ਝੂਮਰ, ਮਲਵਈ ਗਿੱਧਾ, ਸੰਮੀ, ਲੁੱਡੀ, ਜਿੰਦੂਆ ਵੀ ਆਉਂਦਾ ਹੈ। ਭੰਗੜਾ ਸਾਰੇ ਹੀ ਨਾਚਾਂ ਦਾ ਸੁਮੇਲ ਹੈ। ਢੋਲ ਦੀ ਤਾਲ ਅਤੇ ਡੱਗੇ ‘ਤੇ ਨੱਚਿਆ ਜਾਣ ਵਾਲਾ ਇਹ ਲੋਕ ਨਾਚ ਅਤਿ ਦਰਜੇ ਦਾ ਜੋਸ਼ੀਲਾ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ ਭੰਗੜਾ ਪੂਰੀ ਦੁਨੀਆਂ ਵਿੱਚ ਸਥਾਪਿਤ ਹੋਇਆ ਹੈ। ਇਹ ਹਿਪ ਹੌਪ, ਹਾਉਸ ਅਤੇ ਰੇਗੇ ਸੰਗੀਤ ਦੀਆਂ ਸ਼ੈਲੀਆਂ ਨਾਲ ਮਿਲਾਏ ਜਾਣ ਤੋਂ ਬਾਅਦ ਪ੍ਰਸਿੱਧ ਏਸ਼ੀਅਨ ਸੱਭਿਆਚਾਰ ਵਿੱਚ ਏਕੀਕ੍ਰਿਤ ਹੋ ਗਿਆ ਹੈ। ਕੁਝ ਭੰਗੜੇ ਦੀਆਂ ਚਾਲਾਂ ਨੂੰ ਸਮੇਂ ਦੇ ਨਾਲ ਢਾਲਿਆ ਅਤੇ ਬਦਲਿਆ ਗਿਆ ਹੈ, ਪਰ ਇਸ ਦੇ ਮੂਲ ਵਿੱਚ ਸੱਭਿਆਚਾਰਕ ਪਛਾਣ ਅਤੇ ਪਰੰਪਰਾ ਦੀ ਭਾਵਨਾ ਬਣੀ ਹੋਈ ਹੈ। ਭੰਗੜਾ ਮੁੱਖ ਤੌਰ `ਤੇ ਪੰਜਾਬੀ ਸੱਭਿਆਚਾਰ ਵਿੱਚ ਹੁੰਦਾ ਹੈ। ਬਹੁਤ ਸਾਰੇ ਲੋਕ ਵਿਆਹਾਂ, ਪਾਰਟੀਆਂ ਅਤੇ ਹਰ ਤਰ੍ਹਾਂ ਦੇ ਜਸ਼ਨਾਂ ਵਿੱਚ ਖੁਸ਼ੀ ਅਤੇ ਮਨੋਰੰਜਨ ਦੇ ਸਰੋਤ ਵਜੋਂ ਭੰਗੜੇ ਦਾ ਪ੍ਰਦਰਸ਼ਨ ਕਰਦੇ ਹਨ।
ਜਿੱਥੇ ਅੱਜ ਕੱਲ੍ਹ ਮੌਜੂਦਾ ਦੌਰ ਨੇ ਹਰ ਇੱਕ ਚੀਜ਼ ‘ਚ ਮਿਲਾਵਟ ਕਰ ਦਿੱਤੀ ਹੈ, ਉੱਥੇ ਲੋਕ ਨਾਚ ਵੀ ਇਸ ਤੋਂ ਨਹੀਂ ਬਚੇ। ਮਾਡਰਨ ਭੰਗੜਾ ਵੀ ਪੁਰਾਣੇ ਭੰਗੜੇ ਦਾ ਵਿਗੜਿਆ ਰੂਪ ਹੈ। ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹਰ ਇੱਕ ਗਾਣੇ ‘ਤੇ ਨੱਚ ਰਹੀ ਹੈ। ਜਿਸ ਤਰ੍ਹਾਂ ਹਰ ਗਾਣਾ ਭੰਗੜੇ ਲਈ ਨਹੀਂ ਬਣਿਆ ਹੁੰਦਾ, ਉਸੇ ਤਰ੍ਹਾਂ ਭੰਗੜਾ ਵੀ ਹਰ ਗਾਣੇ ‘ਤੇ ਨਹੀਂ ਪਾਇਆ ਜਾਂਦਾ। ਆਰਕੈਸਟਰਾ ਤੇ ਨਚਾਰਾਂ ਨੇ ਭੰਗੜੇ ਦੇ ਅਸਲ ਰੂਪ ਨੂੰ ਬਹੁਤ ਬਦਲਿਆ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਅਜੇ ਵੀ ਭੰਗੜੇ ਨੂੰ ਅਸਲ ਰੂਪ ਵਿੱਚ ਰੱਖਿਆ ਹੋਇਆ ਹੈ। ਕਾਲਜ ਦੇ ਯੂਥ ਫੈਸਟੀਵਲ, ਜੋਨ, ਇੰਟਰ ਜੋਨ ਤੇ ਇੰਟਰ-‘ਵਰਸਿਟੀ ‘ਚ ਅਜੇ ਵੀ ਭੰਗੜਾ ਸਖਤੀ ਨਾਲ ਪਵਾਇਆ ਜਾਂਦਾ ਹੈ। ਬੋਲੀਆਂ ਪੁਰਾਣੀਆਂ ਤੇ ਲੋਕ-ਪੱਖੀ ਹੁੰਦੀਆਂ ਹਨ, ਜੋ ਹੋਣੀਆਂ ਵੀ ਚਾਹੀਦੀਆਂ ਹਨ। ਭੰਗੜੇ ਦੇ ਐਕਸ਼ਨ ਵੀ ਪੁਰਾਣੇ ਤੇ ਸਾਫ ਸੁਥਰੇ ਹੁੰਦੇ ਹਨ, ਇਹ ਹੋਣੇ ਵੀ ਚਾਹੀਦੇ ਹਨ। ਇਸੇ ਕਰਕੇ ਅਸਲੀ ਭੰਗੜਾ ਬਚਿਆ ਹੋਇਆ ਹੈ। ਪੱਬਾਂ ‘ਤੇ ਨੱਚਿਆ ਜਾਣ ਵਾਲਾ ਇਹ ਨਾਚ ਜ਼ੋਰ ਤੇ ਜੋਸ਼ ਦਾ ਪ੍ਰਤੀਕ ਹੈ। ਸਟੇਜ ਉਤੇ ਭੰਗੜੇ ਦੀ ਪੇਸ਼ਕਾਰੀ ਦੇਖ ਕੇ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੋਲ ਸਨ, “ਮੈਂ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗ ਨੱਚਦੇ ਦੇਖਿਆ ਹੈ।”
ਜਿੱਥੇ ਭੰਗੜਾ ਸਰੀਰਕ ਪੱਖੋਂ ਵਧੀਆ ਹੈ, ਉਥੇ ਇਨਸਾਨ ਨੂੰ ਦਿਮਾਗੀ ਤੌਰ ‘ਤੇ ਤੰਦਰੁਸਤ ਤੇ ਚੜ੍ਹਦੀ ਕਲਾ ‘ਚ ਰੱਖਦਾ ਹੈ। ਬਹੁਤ ਸਾਰੇ ਲੋਕ ਕਸਰਤ ਦੇ ਇੱਕ ਸਰੋਤ ਵਜੋਂ ਵੀ ਭੰਗੜਾ ਪਾਉਂਦੇ ਹਨ, ਇਹ ਜਿੰਮ ਦਾ ਇੱਕ ਵਧੀਆ ਬਦਲ ਵੀ ਹੈ। ਪਰੰਪਰਾਗਤ ਤੌਰ `ਤੇ ਭੰਗੜਾ ਮਰਦਾਂ ਦੁਆਰਾ ਨੱਚਿਆ ਜਾਂਦਾ ਹੈ, ਪਰ ਹੁਣ ਇਸ ਨਾਚ ਦੇ ਰੂਪ ਵਿੱਚ ਮਰਦ ਅਤੇ ਔਰਤਾਂ- ਦੋਵੇਂ ਹਿੱਸਾ ਲੈਂਦੇ ਹਨ। ‘ਰਾਣੀਆਂ ਦੀ ਰੌਣਕ’ ਭਾਰਤ ਦਾ ਪਹਿਲਾ ਸਭ-ਔਰਤਾਂ ਦਾ ਭੰਗੜਾ ਮੁਕਾਬਲਾ ਰਿਹਾ ਹੈ। ਔਰਤ ਭੰਗੜਾ ਕਲਾਕਾਰਾਂ ਦੀ ਬਹੁਤਾਤ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਨਾਚ ਰੂਪ ਨੂੰ ਸਿਰਫ਼ ਮਰਦਾਨਾ ਹੀ ਸਮਝਦੇ ਰਹੇ- ਜਿਸ ਤਰ੍ਹਾਂ ‘ਗਿੱਧਾ’ ਸ਼ਬਦ ਜੁੜਿਆ ਹੋਣ ਕਾਰਨ ਕੁਝ ਅਣਜਾਣ ਮਲਵਈ ਗਿੱਧੇ ਨੂੰ ਸਿਰਫ ਬੀਬੀਆਂ ਦਾ ਨਾਚ ਸਮਝ ਬੈਠਦੇ ਹਨ।
ਪਿੰਡਾਂ ਵਿੱਚ ਭੰਗੜੇ ਦੇ ਰਵਾਇਤੀ ਰੂਪ ਨੂੰ ਮਿਆਰੀ ਮੰਨਿਆ ਜਾਂਦਾ ਸੀ। ਇਤਿਹਾਸਕ ਹਵਾਲਿਆਂ ਮੁਤਾਬਿਕ ਭੰਗੜੇ ਦੀ ਜੰਮੂ ਨਾਲ ਵੀ ਸਾਂਝ ਦਰਸਾਈ ਗਈ ਹੈ, ਜੋ ਇਸਨੂੰ ਜੰਮੂ ਦੀ ਵਿਰਾਸਤ ਦਾ ਹਿੱਸਾ ਬਣਾਉਂਦੀ ਹੈ। ਹੋਰ ਪੰਜਾਬੀ ਲੋਕ ਨਾਚ ਜਿਵੇਂ ਗਿੱਧਾ ਅਤੇ ਲੁੱਡੀ ਵੀ ਜੰਮੂ ਦੀ ਵਿਰਾਸਤ ਵਿੱਚ ਸ਼ਾਮਲ ਰਹੇ ਹਨ, ਪਰ ਉਨ੍ਹਾਂ ਨੂੰ ਪੇਸ਼ ਕਰਨ ਦਾ ਤਰੀਕਾ ਵੱਖਰਾ ਹੈ। ਜਦੋਂ ਲੋਕ ਅਜਿਹੇ ਡਾਂਸ ਕਰਦੇ ਹਨ ਤਾਂ ਪੰਜਾਬੀ ਭਾਸ਼ਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜੰਮੂ ਮਹਾਂ ਪੰਜਾਬ ਦਾ ਹਿੱਸਾ ਸੀ। ਇਹ ਵੀ ਦਰਜ ਕੀਤਾ ਗਿਆ ਹੈ ਕਿ 1950 ਦੇ ਦਹਾਕੇ ਵਿੱਚ ਪੰਜਾਬ ਵਿੱਚ ਮੁਫਤ ਰੂਪ ਵਿੱਚ ਪਰੰਪਰਾਗਤ ਭੰਗੜੇ ਦਾ ਵਿਕਾਸ ਹੋਇਆ। ਇਸ ਨੂੰ ਪਟਿਆਲਾ ਦੇ ਮਹਾਰਾਜਾ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ, ਜਿਸ ਨੇ 1953 ਵਿੱਚ ਭੰਗੜੇ ਦੇ ਸਟੇਜੀ ਪ੍ਰਦਰਸ਼ਨ ਦੀ ਬੇਨਤੀ ਕੀਤੀ ਸੀ। ਸਟੇਜ ਪੇਸ਼ਕਾਰੀਆਂ ਦੌਰਾਨ ਵਿਕਸਿਤ ਕੀਤੇ ਗਏ ਰਵਾਇਤੀ ਭੰਗੜੇ ਦਾ ਮੁਫਤ ਰੂਪ, ਜਿਸ ਵਿੱਚ ਰਵਾਇਤੀ ਭੰਗੜੇ ਦੀਆਂ ਚਾਲਾਂ ਸ਼ਾਮਲ ਹੁੰਦੀਆਂ ਹਨ ਅਤੇ ਹੋਰ ਪੰਜਾਬੀ ਨਾਚਾਂ ਜਿਵੇਂ ਕਿ ਲੁੱਡੀ, ਝੂੰਮਰ, ਧਮਾਲ ਅਤੇ ਲੁੱਡੀ ਦੇ ਕ੍ਰਮ ਵੀ ਸ਼ਾਮਲ ਹੁੰਦੇ ਹਨ। ਪੰਜਾਬੀ ਲੋਕ ਗੀਤ, ਬੋਲੀਆਂ ਦਾ ਗਾਇਨ ਮਲਵਈ ਗਿੱਧੇ ਵਿੱਚੋਂ ਸ਼ਾਮਲ ਕੀਤਾ ਗਿਆ ਹੈ।
ਇਤਿਹਾਸਕ ਤੌਰ `ਤੇ ਔਰਤਾਂ ਭੰਗੜਾ ਕਰਨ ਦੇ ਅਧਿਕਾਰ ਲਈ ਲੜਦੀਆਂ ਰਹੀਆਂ ਹਨ। ਅੱਜ ਕੱਲ੍ਹ ਬਹੁਤ ਸਾਰੀਆਂ ਦੂਜੀ ਪੀੜ੍ਹੀ ਦੀਆਂ ਪੰਜਾਬੀ ਔਰਤਾਂ ਭੰਗੜੇ ਰਾਹੀਂ ਆਪਣੇ ਸੱਭਿਆਚਾਰ ਨਾਲ ਜੁੜ ਰਹੀਆਂ ਹਨ ਅਤੇ ਇਸ ਨੂੰ ਕਿੱਤੇ ਵਜੋਂ ਅਪਨਾ ਰਹੀਆਂ ਹਨ। ਡੀ.ਜੇ. ਰੇਖਾ ਪਹਿਲੀ ਦੱਖਣ ਏਸ਼ੀਆਈ ਔਰਤਾਂ ਵਿੱਚੋਂ ਇੱਕ ਸੀ, ਜਿਸ ਨੇ ਬੇਸਮੈਂਟ ਭੰਗੜਾ ਪਾਰਟੀਆਂ ਦੀ ਸ਼ੁਰੂਆਤ ਕੀਤੀ। ਸਰੀਨਾ ਜੈਨ ਨਾਂ ਦੀ ਔਰਤ ਨੇ ਭੰਗੜਾ ਫਿਟਨੈਸ ਕਸਰਤ ਬਣਾਈ ਸੀ, ਜਿਸ ਨੂੰ ਹੁਣ ਮਸਾਲਾ ਭੰਗੜਾ ਵਰਕਆਊਟ ਵਜੋਂ ਜਾਣਿਆ ਜਾਂਦਾ ਹੈ।
____________________
ਭੰਗੜਾ ਰਾਈਮਜ਼ ਸ਼ਿਕਾਗੋ
ਲੋਕ ਨਾਚ ਸੰਸਥਾ ਭੰਗੜਾ ਰਾਈਮਜ਼ ਸ਼ਿਕਾਗੋ ਦੀ ਸ਼ੁਰੂਆਤ ਅਮਨਦੀਪ ਸਿੰਘ ਕੁਲਾਰ ਵੱਲੋਂ ਜੂਨ 2021 ‘ਚ ਕੀਤੀ ਗਈ ਸੀ। ਇਹ ਇੱਕ ਨਿਰੋਲ ਲੋਕ ਨਾਚ ਸੰਸਥਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਫੈਸਟੀਵਲ, ਜੋਨ ਤੇ ਇੰਟਰ ਜੋਨ ਜਿੱਤ ਚੁਕਾ ਅਮਨਦੀਪ ਪੰਜਾਬੀ ਲੋਕ ਨਾਚਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। 1999 ਤੋਂ 2002 ਤੱਕ ਕਾਲਜ ਤੇ ਯੂਨੀਵਰਸਿਟੀ ਪੱਧਰ ਦੇ ਕਈ ਮੁਕਾਬਲੇ ਅਮਨਦੀਪ ਨੇ ਜਿੱਤੇ ਹਨ। ਉਸਤਾਦ ਰਣਜੀਤ ਸਿੰਘ (ਮਿੱਠੂ) ਜਗਰਾਉਂ ਤੋਂ ਭੰਗੜੇ ਦੀਆਂ ਬਾਰੀਕੀਆਂ ਸਿੱਖੀਆਂ ਤੇ ਉਸਤਾਦ ਕਾਲਾ ਧਰਮਕੋਟੀਆ ਤੋਂ ਝੂੰਮਰ ਦੇ ਗੁਣ।
ਭੰਗੜਾ ਰਾਈਮਜ਼ ਅਕੈਡਮੀ ਦੀਆਂ ਚਾਰ ਵੱਖਰੀਆਂ-ਵੱਖਰੀਆਂ ਕਲਾਸਾਂ ਸ਼ਿਕਾਗੋ ਤੇ ਮਿਲਵਾਕੀ (ਵਿਸਕਾਨਸਿਨ) ਏਰੀਏ ਵਿੱਚ ਚੱਲ ਰਹੀਆਂ ਹਨ। ਸੰਸਥਾ ਦਾ ਮੁੱਖ ਮੰਤਵ ਬਾਹਰਲੇ ਮੁਲਕ ‘ਚ ਜੰਮੇ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਲੋਕ ਨਾਚ ਨਾਲ ਜੋੜਨਾ ਹੈ। ਇਸ ਸੰਸਥਾ ‘ਚ 4 ਸਾਲ ਤੋਂ ਲੈ ਕੇ 65 ਸਾਲ ਤੱਕ- ਹਰ ਉਮਰ ਦੇ ਭੰਗੜਾ ਸਿੱਖਣ ਦੇ ਚਾਹਵਾਨ ਹਨ। ਭੰਗੜੇ, ਲੁੱਡੀ, ਝੂੰਮਰ ਦੀਆਂ ਵੱਖਰੀਆਂ-ਵੱਖਰੀਆਂ 13 ਟੀਮਾਂ ਹਨ। ਭੰਗੜੇ ਦੀਆਂ ਬਾਰੀਕੀਆਂ ਕੋਚ ਅਮਨਦੀਪ ਵੱਲੋਂ ਸਿਖਾਈਆਂ ਜਾਂਦੀਆਂ ਹਨ। ਹਰ ਇੱਕ ਐਕਸ਼ਨ ਦਾ ਨਾਮ ਅਤੇ ਉਸ ਨੂੰ ਕਰਨ ਦੀ ਵਿਧੀ ਉਤੇ ਜ਼ੋਰ ਦਿੱਤਾ ਜਾਂਦਾ ਹੈ। ਸਮੇਂ ਸਮੇਂ ਨਵੇਂ ਗਰੁੱਪ ਭੰਗੜਾ ਰਾਈਮਜ਼ ਵੱਲੋਂ ਸ਼ੁਰੂ ਕੀਤੇ ਜਾਂਦੇ ਹਨ। ਅਮਨਦੀਪ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਨਚਾਰਾਂ ਵਾਲੇ ਭੰਗੜੇ ਨੂੰ ਛੱਡ ਕੇ ਸਾਨੂੰ ਲੋੜ ਹੈ ਆਪਣੇ ਅਸਲੀ ਨਾਚਾਂ ਨੂੰ ਸਮਝਣ ਤੇ ਸਿੱਖਣ ਦੀ। ਮਰਦਾਂ ਦੇ ਨਾਚ ਮਰਦਾਂ ਵਾਂਗ ਹੀ ਨੱਚੇ ਜਾਂਦੇ ਹਨ- ਭੰਗੜਾ ਪੱਟਾਂ ਦੇ ਜ਼ੋਰ ਨਾਲ ਹੀ ਪੈਂਦਾ ਹੈ। ਉਸ ਦਾ ਦਾਅਵਾ ਹੈ ਕਿ ਆਪਣੇ ਅਸਲੀ ਪੰਜਾਬੀ ਸੱਭਿਆਚਾਰ ਤੇ ਨਾਚਾਂ ਨੂੰ ਲੋਕਾਂ ਤੱਕ ਲੈ ਕੇ ਆਉਣਾ ਹੀ ਭੰਗੜਾ ਰਾਈਮਜ਼ ਦਾ ਮੁੱਖ ਮੰਤਵ ਹੈ।
ਭੰਗੜਾ ਰਾਈਮਜ਼ ਵੱਲੋਂ 2 ਮਾਰਚ 2024 ਨੂੰ ਲੋਕ ਨਾਚ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਅਕੈਡਮੀ ਦੀਆਂ ਹੀ 13 ਟੀਮਾਂ ਹਿੱਸਾ ਲੈ ਰਹੀਆਂ ਹਨ। ਉਮਰ ਦੇ ਹਿਸਾਬ ਨਾਲ ਟੀਮਾਂ ਨੂੰ ਵਰਗਾਂ ‘ਚ ਵੰਡਿਆ ਗਿਆ ਹੈ। ਮੁਕਾਬਲੇ ਦਾ ਮੁੱਖ ਮੰਤਵ ਭੰਗੜੇ ਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਕੈਨੇਡਾ ਤੇ ਅਮਰੀਕਾ ਵਿੱਚ ਅਗਲੇ ਮੁਕਾਬਲਿਆਂ ਲਈ ਤਿਆਰੀ ਕਰਨੀ ਹੈ। ਸਾਰਾ ਸਾਲ ਚੱਲਦੀਆਂ ਕਲਾਸਾਂ ‘ਚ ਮਾਪੇ ਤੇ ਬੱਚੇ ਬਹੁਤ ਰੁਚੀ ਦਿਖਾ ਰਹੇ ਹਨ। ਅਮਨਦੀਪ ਨਾਲ ਸੰਪਰਕ ਫੋਨ: 602-610-0001 ਰਾਹੀਂ ਕੀਤਾ ਜਾ ਸਕਦਾ ਹੈ।