ਭਾਰਤੀ ਸੰਵਿਧਾਨ ਅਤੇ ਸਿੱਖ ਨੁਮਾਇੰਦੇ

ਸਿਆਸੀ ਹਲਚਲ ਵਿਚਾਰ-ਵਟਾਂਦਰਾ

ਕੀ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ ਮਨਜ਼ੂਰੀ ਦਿੱਤੀ?
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
ਭਾਰਤ ਦਾ ਸੰਵਿਧਾਨ ਲਗਭਗ 300 ਮੈਂਬਰੀ ਸੰਵਿਧਾਨ ਸਭਾ ਨੇ ਬਣਾਇਆ। ਸੰਵਿਧਾਨ ਸਭਾ ਦੀ ਇਲੈਕਸ਼ਨ 1946 ਨੂੰ ਜੁਲਾਈ-ਅਗਸਤ ਵਿੱਚ ਮੁਕੰਮਲ ਹੋਈ। ਇਹ ਚੋਣ ਉਵੇਂ ਹੋਈ, ਜਿਵੇਂ ਅੱਜ ਕੱਲ੍ਹ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ। ਜਨਵਰੀ 1946 ‘ਚ ਸੂਬਾਈ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ। ਇਨ੍ਹਾਂ ਵਿਧਾਨ ਸਭਾਵਾਂ ਨੇ ਹੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ। 1945 ਵਿੱਚ ਕੈਬਨਿਟ ਮਿਸ਼ਨ ਪਲੈਨ ਤਹਿਤ ਇਹ ਸੰਵਿਧਾਨ ਕਰਨੀ ਅਸੈਂਬਲੀ ਬਣਾਉਣ ਦੀ ਤਜਵੀਜ਼ ਹਿੰਦੂ ਅਤੇ ਮੁਸਲਿਮ ਧਿਰਾਂ ਨੇ ਮੰਨ ਲਈ ਸੀ। ਇਸ ਪਲੈਨ ਤਹਿਤ ਮੁਸਲਿਮ ਲੀਗ ਨੇ ਵੱਖਰਾ ਮੁਲਕ ਪਾਕਿਸਤਾਨ ਲੈਣ ਦੀ ਮੰਗ ਛੱਡ ਕੇ ਭਾਰਤ ਨੂੰ ਇੱਕ ਜੁੱਟ ਰੱਖਣਾ ਮੰਨ ਲਿਆ ਸੀ।

ਪਲੈਨ ਮੁਤਾਬਿਕ ਭਾਰਤ ਦੇ ਤਿੰਨ ਸਿਆਸੀ ਹਿੱਸੇ ਬਣਨੇ ਸਨ। ਇੱਕ ਹਿੱਸਾ ਪੱਛਮ ਵਾਲੇ ਪਾਸੇ ਮੁਸਲਿਮ ਬਹੁਤ ਗਿਣਤੀ ਵਾਲਾ ਹਿੱਸਾ ਜੀਹਦੇ ‘ਚ ਪੰਜਾਬ, ਸਿੰਧ ਅਤੇ ਸਰਹੱਦੀ ਸੂਬਾ ਆਉਂਦੇ ਸਨ। ਦੂਜਾ ਹਿੱਸਾ ਵੀ ਮੁਸਲਿਮ ਬਹੁਤ ਗਿਣਤੀ ਵਾਲਾ ਸੀ, ਜੀਹਦੇ ‘ਚ ਬੰਗਾਲ (ਪੱਛਮੀ ਬੰਗਾਲ+ਬੰਗਲਾ ਦੇਸ਼), ਆਸਾਮ ਆਉਂਦੇ ਸਨ। ਤੀਜਾ ਹਿੱਸਾ ਬਾਕੀ ਬਚਦਾ ਭਾਰਤ ਸੀ। ਇਨ੍ਹਾਂ ਤਿੰਨਾਂ ਹਿੱਸਿਆਂ ਦੇ ਆਪੋ-ਆਪਣੇ ਸੰਵਿਧਾਨ ਹੋਣੇ ਸਨ, ਜਦਕਿ ਕੇਂਦਰੀ ਸਰਕਾਰ ਦਾ ਵੱਖਰਾ ਸੰਵਿਧਾਨ ਹੋਣਾ ਸੀ। ਕਮਿਊਨੀਕੇਸ਼ਨ, ਡਿਫੈਂਸ, ਕਰੰਸੀ ਤੇ ਵਿਦੇਸ਼ ਮਹਿਕਮੇ ਕੇਂਦਰੀ ਸਰਕਾਰ ਕੋਲ ਹੋਣੇ ਸਨ ਅਤੇ ਬਾਕੀ ਮਹਿਕਮਿਆਂ ਦੇ ਸਾਰੇ ਅਖ਼ਤਿਆਰ ਤਿੰਨਾਂ ਹਿੱਸਿਆਂ ਦੀਆਂ ਸਰਕਾਰਾਂ ਤੇ ਇਨ੍ਹਾਂ ਦੇ ਤਹਿਤ ਆਉਂਦੇ ਸੂਬਿਆਂ ਕੋਲ ਹੋਣੇ ਸਨ।
ਸੰਵਿਧਾਨ ਦੀਆਂ ਚੋਣਾਂ ਦਾ ਅਮਲ ਸ਼ੁਰੂ ਹੋ ਚੁਕਾ ਸੀ ਤੇ ਕਾਂਗਰਸ ਦੇ ਲੀਡਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਬਿਆਨ ਦੇ ਦਿੱਤਾ, ਜੀਹਦੇ ਨਾਲ ਭਾਰਤ ਦੇ ਇੱਕ ਰਹਿਣ ਦੀ ਬਣੀ ਬਣਾਈ ਸਕੀਮ ਢਹਿ ਢੇਰੀ ਹੋ ਗਈ। ਹਿੰਦੂਆਂ ਨੇ ਇਸ ਤਜਵੀਜ਼ ਨੂੰ ਮੰਨ ਲੈਣ ਕਰਕੇ ਕਾਂਗਰਸ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਇਸ ਤਹਿਤ ਬਣੇ ਸਿਆਸੀ ਢਾਂਚੇ ਨਾਲ ਪਾਕਿਸਤਾਨ ਦੀ ਮੰਗ ਕਾਫ਼ੀ ਹੱਦ ਤੱਕ ਪੂਰੀ ਹੁੰਦੀ ਹੈ। ਸੰਵਿਧਾਨ ਸਭਾ ਦੀ ਇਲੈਕਸ਼ਨ ਹੋਣ ਹੀ ਵਾਲੀ ਸੀ। 10 ਜੁਲਾਈ 1946 ਨੂੰ ਬੰਬਈ ਵਿੱਚ ਪੰਡਿਤ ਨਹਿਰੂ ਨੇ ਹਿੰਦੂਆਂ ਦੀ ਤਸੱਲੀ ਕਰਾਉਣ ਖ਼ਾਤਰ ਇੱਕ ਬਿਆਨ ਦਿੱਤਾ ਕਿ ਤੁਸੀਂ ਫ਼ਿਕਰ ਨਾ ਕਰੋ ਇੱਕ ਵਾਰ ਅੰਗਰੇਜ਼ਾਂ ਨੂੰ ਇੱਥੋਂ ਚਲੇ ਜਾਣ ਦਿਓ, ਬਾਅਦ ‘ਚ ਆਪਾਂ ਮਨ ਮਰਜ਼ੀ ਦਾ ਸੰਵਿਧਾਨ ਬਣਾਵਾਂਗੇ, ਕਿਉਂਕਿ ਆਪਣੇ ਕੋਲ ਸੰਵਿਧਾਨ ਸਭਾ ‘ਚ ਬਹੁਮਤ ਹੋਣਾ ਹੈ। ਨਹਿਰੂ ਨੇ ਇਹ ਵੀ ਆਖਿਆ ਕਿ ਇਸ ਗੱਲ ਦਾ ਫ਼ੈਸਲਾ ਵੀ ਕੇਂਦਰੀ ਸੰਵਿਧਾਨ ਸਭਾ ਲਵੇਗੀ ਕਿ ਕਿਹੜਾ ਮਹਿਕਮਾ ਸੈਂਟਰ ਸਰਕਾਰ ਤਹਿਤ ਆਉਂਦਾ ਹੈ ਜਾਂ ਸੂਬਾਈ ਸਰਕਾਰਾਂ ਤਹਿਤ।
ਇਸ ਬਿਆਨ ਨੇ ਮੁਸਲਿਮ ਲੀਗ ਨੂੰ ਡਰਾ ਦਿੱਤਾ, ਜੀਹਦੇ ਕਰਕੇ ਉਨ੍ਹਾਂ ਨੇ ਕੈਬਨਿਟ ਮਿਸ਼ਨ ਪਲੈਨ ਨੂੰ ਦਿੱਤੀ ਮਨਜ਼ੂਰੀ ਵਾਪਸ ਲੈ ਲਈ ਅਤੇ ਵੱਖਰਾ ਮੁਲਕ ਪਾਕਿਸਤਾਨ ਲੈਣ ਦਾ ਤਹੱਈਆ ਕਰ ਲਿਆ। ਮੁਸਲਿਮ ਲੀਗ ਦੇ ਇਤਰਾਜ਼ ਦੇ ਬਾਵਜੂਦ ਵਾਇਸਰਾਏ ਸੰਵਿਧਾਨ ਸਭਾ ਦੀਆਂ ਚੋਣਾਂ ਜੁਲਾਈ-ਅਗਸਤ 1946 ‘ਚ ਕਰਵਾ ਦਿੱਤੀਆਂ। ਸੰਵਿਧਾਨ ਸਭਾ ਦੀਆਂ ਚੋਣਾਂ ‘ਚ 292 ਮੈਂਬਰ ਚੁਣੇ ਗਏ, ਜੀਹਦੇ ‘ਚ ਕਾਂਗਰਸ ਦੇ 208 ਅਤੇ ਮੁਸਲਿਮ ਲੀਗ ਦੇ ਸਿਰਫ਼ 73 ਸਨ। ਰਿਆਸਤਾਂ ਦੇ ਨੁਮਾਇੰਦੇ 93 ਨਾਮਜ਼ਦ ਹੋਏ। 4 ਮੈਂਬਰ ਚੀਫ਼ ਕਮਿਸ਼ਨਰਾਂ ਵੱਲੋਂ ਨਾਮਜ਼ਦ ਹੋਏ ਵਾਇਸ ਰਾਏ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਨਵੀਂ ਦਿੱਲੀ ਵਿੱਚ ਸੱਦੀ, ਪਰ ਮੁਸਲਿਮ ਲੀਗ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ।
ਆਖ਼ਿਰ ਨੂੰ ਪਾਕਿਸਤਾਨ ਬਣ ਗਿਆ ਤੇ ਸੰਵਿਧਾਨ ਦੇ ਮੁਸਲਮਾਨ ਮੈਂਬਰ ਪਾਕਿਸਤਾਨ ਚਲੇ ਗਏ, ਜਦਕਿ ਇਨ੍ਹਾਂ ਵਿੱਚੋਂ 28 ਮੈਂਬਰ ਭਾਰਤ ਵਿੱਚ ਹੀ ਰਹੇ ਤੇ ਇਨ੍ਹਾਂ ਨੇ ਭਾਰਤੀ ਸੰਵਿਧਾਨ ਸਭਾ ਵਿੱਚ ਹੀ ਕੰਮ ਕੀਤਾ। ਪੰਜਾਬ ਵਿਧਾਨ ਸਭਾ ਵਿਚੋਂ 2 ਸਿੱਖ ਬਤੌਰ ਸਿੱਖ ਨੁਮਾਇੰਦੇ ਅਗਸਤ 1946 ਨੂੰ ਹੋਈ ਸੰਵਿਧਾਨ ਸਭਾ ਦੀ ਚੋਣ ਵਿੱਚ ਚੁਣੇ ਗਏ ਤੇ 2 ਸਿੱਖ ਨੁਮਾਇੰਦੇ ਸਿੱਖ ਰਿਆਸਤਾਂ ਦੇ ਨਾਮਜ਼ਦ ਹੋਏ, ਜੋ ਇਹ ਸਨ:
ਸ. ਬਲਦੇਵ ਸਿੰਘ ਦੁੱਮਣਾ
ਸ. ਬਲਦੇਵ ਸਿੰਘ ਦੁੱਮਣਾ ਬਾਅਦ ‘ਚ ਬਣੀ ਅੰਤ੍ਰਿਮ ਕੇਂਦਰੀ ਸਰਕਾਰ ‘ਚ ਵਜ਼ੀਰ ਬਣੇ ਅਤੇ ਆਜ਼ਾਦ ਭਾਰਤ ਦੇ ਪਹਿਲੇ ਡਿਫੈਂਸ ਮਨਿਸਟਰ ਬਣੇ। ਉਹ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਦੇ ਚਾਚਾ ਜੀ ਸਨ। ਸ. ਬਲਦੇਵ ਸਿੰਘ 1937 ਤੇ 1946 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਸਿੱਖਾਂ ਲਈ ਰਿਜ਼ਰਵ ਸੀਟ ਅੰਬਾਲਾ ਦਿਹਾਤੀ ਤੋਂ ਐਮ.ਐਲ.ਏ. ਬਣੇ।
ਸ. ਭੁਪਿੰਦਰ ਸਿੰਘ ਮਾਨ
ਸ. ਮਾਨ ਵੀ ਬਤੌਰ ਸਿੱਖ ਨੁਮਾਇੰਦੇ ਸੰਵਿਧਾਨ ਸਭਾ ਦੀ 1946 `ਚ ਹੋਈ ਚੋਣ ਮੌਕੇ ਮੈਂਬਰ ਬਣੇ। ਇਨ੍ਹਾਂ ਦਾ ਪਿਛੋਕੜ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਪਿੰਡ ਮਾਨਾਂਵਾਲਾ ਤੋਂ ਸੀ। ਵੰਡ ਤੋਂ ਮਗਰੋਂ ਇਨ੍ਹਾਂ ਨੂੰ ਪਿੰਡ ਬਾੜਾ (ਅੱਜ ਕੱਲ੍ਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ’ਚ ਪੈਲੀ ਅਲਾਟ ਹੋਈ। ਉਹ ਪੈਪਸੂ ਦੇ ਖ਼ਜ਼ਾਨਾ ਮੰਤਰੀ ਵੀ ਰਹੇ। ਇਨ੍ਹਾਂ ਦਾ ਇੱਕ ਬੇਟਾ ਹਿੰਦ ਰਵੀ ਸਿੰਘ ਮਾਨ ਇੰਡੀਅਨ ਆਰਮੀ `ਚ ਲੈਫ਼ਟੀਨੈਂਟ ਜਨਰਲ ਰਿਹਾ। ਦੂਜੇ ਬੇਟੇ ਜਸਬੀਰ ਸਿੰਘ ਦਾ ਯੂ.ਪੀ. ਦੇ ਜ਼ਿਲ੍ਹਾ ਮੁਜ਼ੱਫ਼ਰਨਗਰ `ਚ ਫਾਰਮ ਹੈ। ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੀ ਇਸੇ ਕੋੜਮੇ `ਚੋਂ ਹਨ।
ਸਾਂਝੇ ਪੰਜਾਬ ਦੀ ਵਿਧਾਨ ਸਭਾ ਵਿੱਚੋਂ ਚੁਣੇ ਗਏ ਮੈਂਬਰਾਂ ਦੇ ਪਾਕਿਸਤਾਨ ਚਲੇ ਜਾਣ ਕਰਕੇ ਖ਼ਾਲੀ ਹੋਈਆਂ 4 ਸੀਟਾਂ ਤੇ 2 ਸਿੱਖ ਤੇ 2 ਹਿੰਦੂ ਮੈਂਬਰਾਂ ਦੀ ਚੋਣ ਹੋਈ, ਜਿਨ੍ਹਾਂ `ਚ ਹੇਠ ਲਿਖੇ ਮੈਂਬਰ ਚੁਣੇ ਗਏ:
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
ਪਾਕਿਸਤਾਨ ਚਲੇ ਗਏ ਮੈਂਬਰਾਂ ਦੀ ਥਾਂ ’ਤੇ ਖ਼ਾਲੀ ਹੋਈਆਂ ਸੀਟਾਂ ’ਤੇ ਹੋਈ ਚੋਣ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਗਿਆਨੀ ਜੀ ਜ਼ਿਲ੍ਹਾ ਅਟਕ (ਪਾਕਿਸਤਾਨ) ਦੇ ਰਹਿਣ ਵਾਲੇ ਸਨ। ਉਹ ਮੈਂਬਰ ਰਾਜ ਸਭਾ, ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ। ਸੰਭਵ ਹੈ ਕਿ ਪਹਿਲਾਂ ਤੋਂ ਕਾਇਮ ਸੰਵਿਧਾਨ ਸਭਾ ਨੇ ਉਨ੍ਹਾਂ ਦੀ ਚੋਣ ਕੋਆਪਸ਼ਨ ਨਜ਼ਰੀਏ ਕੀਤੀ ਹੋਵੇ। 15 ਜਨਵਰੀ 1899 ਨੂੰ ਜਨਮੇ ਗਿਆਨੀ ਮੁਸਾਫਿਰ 18 ਜਨਵਰੀ 1976 ਨੂੰ ਫ਼ੌਤ ਹੋਏ।
ਸ. ਹੁਕਮ ਸਿੰਘ
ਪਾਕਿਸਤਾਨ ਚਲੇ ਗਏ ਮੈਂਬਰਾਂ ਦੀ ਥਾਂ ’ਤੇ ਖ਼ਾਲੀ ਹੋਈਆਂ ਸੀਟਾਂ ’ਤੇ ਹੋਈ ਚੋਣ ਵਿੱਚ ਉਹ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਮਿੰਟਗੁਮਰੀ ਦੇ ਰਹਿਣ ਵਾਲੇ ਸਨ। ਸ. ਹੁਕਮ ਸਿੰਘ ਲੋਕ ਸਭਾ ਦੇ ਸਪੀਕਰ ਅਤੇ ਰਾਜਸਥਾਨ ਦੇ ਗਵਰਨਰ ਵੀ ਬਣੇ। ਉਨ੍ਹਾਂ ਦੀ ਕੋਆਪਸ਼ਨ ਦਾ ਜ਼ਿਕਰ ਸੰਵਿਧਾਨ ਸਭਾ ਦੀ 27 ਜਨਵਰੀ 1948 ਵਾਲੇ ਕਾਰਵਾਈ ਰਜਿਸਟਰ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਦਿਨ ਸ. ਗੁਰਮੁਖ ਸਿੰਘ ਮੁਸਾਫ਼ਿਰ ਨੇ ਉਨ੍ਹਾਂ ਦਾ ਨਾਮ ਪੇਸ਼ ਕੀਤਾ ਅਤੇ ਸਰਬ ਸੰਮਤੀ ਨਾਲ ਉਨ੍ਹਾਂ ਦੀ ਚੋਣ ਮੈਂਬਰ ਸੰਵਿਧਾਨ ਸਭਾ ਵਜੋਂ ਹੋਈ।
ਸ. ਸੁਚੇਤ ਸਿੰਘ ਔਜਲਾ
ਭਾਰਤੀ ਰਿਆਸਤਾਂ ਵੱਲੋਂ ਨਾਮਜ਼ਦ ਕੀਤੇ 93 ਮੈਂਬਰਾਂ ਵਿੱਚੋਂ 2 ਮੈਂਬਰ ਰਿਆਸਤ ਪਟਿਆਲਾ ਵੱਲੋਂ ਨਾਮਜ਼ਦ ਹੋਏ ਸਨ। ਇਨ੍ਹਾਂ ਵਿੱਚ ਇੱਕ ਸ. ਗਿਆਨ ਸਿੰਘ ਰਾੜੇ ਵਾਲਾ ਸਨ। 1948 ‘ਚ ਇਹ ਰਿਆਸਤ ਭਾਰਤ ਦੇ ਨਵੇਂ ਬਣੇ ਪੈਪਸੂ ਸੂਬੇ ਵਿੱਚ ਮਰਜ ਹੋ ਗਈ ਸੀ। ਰਿਆਸਤਾਂ ਦੇ ਨੁਮਾਇੰਦੇ ਸ਼ਾਇਦ ਇਸੇ ਵਜਾਹ ਕਰਕੇ ਹੀ ਸੰਵਿਧਾਨ ਸਭਾ ਵਿੱਚੋਂ ਬਾਹਰ ਕਰ ਦਿੱਤੇ ਗਏ। ਪੰਜਾਬ ਦੀਆਂ ਰਿਆਸਤਾਂ ਦੇ ਇਲਾਕੇ ਨੂੰ ਜੋੜ ਕੇ ਬਣੇ ਪੈਪਸੂ ਸੂਬੇ ਵਿੱਚੋਂ 2 ਸਿੱਖ ਮੈਂਬਰਾਂ ਤੇ ਇੱਕ ਹਿੰਦੂ ਮੈਂਬਰ ਦੀ ਚੋਣ ਹੋਈ।
ਸਿੱਖ ਮੈਂਬਰਾਂ ਵਿੱਚ ਇੱਕ ਸਨ ਕਪੂਰਥਲਾ ਰਿਆਸਤ (ਅੱਜ ਕੱਲ੍ਹ ਜ਼ਿਲ੍ਹਾ) ਦੇ ਪਿੰਡ ਔਜਲਾ ਦੇ ਸ. ਸੁਚੇਤ ਸਿੰਘ ਔਜਲਾ। ਇਹ 2007 ਵਿੱਚ ਡੀ.ਜੀ.ਪੀ. ਪੰਜਾਬ ਵਜੋਂ ਰਿਟਾਇਰ ਹੋਏ ਸ. ਜੀ.ਐਸ. ਔਜਲਾ ਅਤੇ ਮਸ਼ਹੂਰ ਕਾਲਮ ਨਵੀਸ ਸ. ਹਰਜਾਪ ਸਿੰਘ ਔਜਲਾ ਦੇ ਪਿਤਾ ਜੀ ਸਨ। ਉਸ ਵੇਲੇ ਪੈਪਸੂ ਦੀ ਵਿਧਾਨ ਸਭਾ ਅਜੇ ਵਜੂਦ ਵਿੱਚ ਨਹੀਂ ਸੀ ਆਈ, ਇਸ ਕਰਕੇ ਉਨ੍ਹਾਂ ਦੀ ਨਾਮਜ਼ਦਗੀ ਪੈਪਸੂ ਦੀ ਹਕੂਮਤ ਯਾਨਿ ਪੈਪਸੂ ਦੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਨੇ ਹੀ ਕੀਤੀ ਹੋਵੇਗੀ। ਸ. ਸੁਚੇਤ ਸਿੰਘ ਔਜਲਾ ਦੀ ਇਹ ਫ਼ੋਟੋ ਸ. ਜੀ.ਐਸ. ਔਜਲਾ ਤੋਂ ਹੀ ਮਿਲੀ ਹੈ।
ਸਰਦਾਰ ਬਹਾਦਰ ਰਣਜੀਤ ਸਿੰਘ ਅਕੋਈ
ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੋਈ ਦੇ ਜੰਮਪਲ ਸਰਦਾਰ ਬਹਾਦਰ ਰਣਜੀਤ ਸਿੰਘ ਅਕੋਈ ਦੀ ਚੋਣ ਪੈਪਸੂ ਸੂਬੇ ਤੋਂ ਸੰਵਿਧਾਨ ਸਭਾ ਦੇ ਮੈਂਬਰ ਵਜੋਂ ਹੋਈ। ਇਹ ਸਰਦਾਰ ਸਾਹਿਬ ਨਵੀਂ ਦਿੱਲੀ ਦੇ ਇੰਪੀਰੀਅਲ ਹੋਟਲ ਦੇ ਮਾਲਕ ਰਹੇ ਅਤੇ ਉਹ ਮਸ਼ਹੂਰ ਅਕਾਲੀ ਆਗੂ ਬੀਬੀ ਨਿਰਲੇਪ ਕੌਰ ਦੇ ਸਹੁਰਾ ਸਾਹਿਬ ਸਨ। ਉਹ 1952 ਅਤੇ 1962 ਵਿੱਚ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਇਲੈਕਸ਼ਨ ਵੀ ਜਿੱਤੇ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਸ. ਰਣਜੀਤ ਸਿੰਘ ਦੀ ਕੋਈ ਕਲੀਅਰ ਫ਼ੋਟੋ ਨਹੀਂ ਮਿਲੀ।
ਸ. ਜੋਗਿੰਦਰਾ ਸਿੰਘ
3 ਅਕਤੂਬਰ 1903 ਨੂੰ ਜਨਮੇ ਸ. ਜੋਗਿੰਦਰਾ ਸਿੰਘ ਯੂ.ਪੀ. ਤੋਂ ਸੰਵਿਧਾਨ ਸਭਾ ਦੇ ਮੈਂਬਰ ਬਣੇ, ਜੋ 1957 `ਚ ਕਾਂਗਰਸ ਟਿਕਟ ’ਤੇ ਬਹਿਰਾਇਚ ਹਲਕੇ ਤੋਂ ਲੋਕ ਸਭਾ ਦੀ ਚੋਣ ਵੀ ਜਿੱਤੇ। 1965 ’ਚ ਯੂ.ਪੀ. ਤੋਂ ਹੀ ਰਾਜ ਸਭਾ ਦੇ ਮੈਂਬਰ ਬਣੇ। 1972 ਤੋਂ 1977 ਤੱਕ ਰਾਜਸਥਾਨ ਦੇ ਗਵਰਨਰ ਰਹੇ ਤੇ 11 ਫ਼ਰਵਰੀ 1979 ਨੂੰ ਫ਼ੌਤ ਹੋਏ। ਇਹ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਇਹ ਜੋਗਿੰਦਰਾ ਸਿੰਘ ਉਹ ਸਰ ਜੋਗਿੰਦਰਾ ਸਿੰਘ ਨਹੀਂ ਸਨ, ਜੋ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਹੁੰਦੇ ਸਨ। ਉਨ੍ਹਾਂ ਦੀ ਫੌਤਗੀ ਤਾਂ ਦਸੰਬਰ 1946 ’ਚ ਹੀ ਹੋ ਗਈ ਸੀ। ਪੰਜਾਬ ਦੇ ਮੈਂਬਰਾਂ ਦੀ ਲਿਸਟ ’ਚ ਉਨ੍ਹਾਂ ਦਾ ਜ਼ਿਕਰ ਨਾ ਹੋਣ ਕਰਕੇ ਉਨ੍ਹਾਂ ਬਾਰੇ ਮੈਂ ਪਹਿਲਾਂ ਅਣਜਾਣ ਸੀ। ਉਨ੍ਹਾਂ ਦੇ ਸੰਵਿਧਾਨ ਸਭਾ ਦੀ ਜਾਣਕਾਰੀ ਮੈਨੂੰ ਸ. ਸੁਚੇਤ ਸਿੰਘ ਔਜਲਾ ਦੇ ਬੇਟੇ ਸ. ਜੀ.ਐਸ. ਔਜਲਾ ਨੇ ਹੀ ਦਿੱਤੀ।
ਹੇਠ ਲਿਖੇ ਸ. ਰਤਨ ਸਿੰਘ ਲੋਹਗੜ੍ਹ, ਸ. ਹਰਨਾਮ ਸਿੰਘ, ਸ. ਉੱਜਲ ਸਿੰਘ ਦੇ ਮੈਂਬਰ ਹੋਣ ਬਾਰੇ ਹੋਰ ਖੋਜ ਦੀ ਲੋੜ ਕਿਉਂ?
ਸ. ਰਤਨ ਸਿੰਘ ਲੋਹਗੜ੍ਹ
ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਨੇੜੇ ਪੈਂਦੇ ਪਿੰਡ ਲੋਹਗੜ੍ਹ ਦੇ ਵਸਨੀਕ ਸ. ਰਤਨ ਸਿੰਘ ਸਮਰਾ (ਲੋਹਗੜ੍ਹ) ਵੀ ਜੁਲਾਈ 1946 ਨੂੰ ਹੋਈ ਸੰਵਿਧਾਨ ਸਭਾ ਦੀ ਚੋਣ ਵਿੱਚ ਬਤੌਰ ਸਿੱਖ ਮੈਂਬਰ ਚੁਣੇ ਗਏ। ਉਹ ਜਨਵਰੀ 1946 ਨੂੰ ਪੰਜਾਬ ਵਿਧਾਨ ਸਭਾ ਦੀ ਹੋਈ ਚੋਣ ਵਿੱਚ ਸਿੱਖਾਂ ਲਈ ਰਿਜ਼ਰਵ ਹਲਕੇ ਫ਼ਿਰੋਜਪੁਰ (ਉੱਤਰੀ) ਤੋਂ ਚੋਣ ਜਿੱਤ ਕੇ ਐਮ.ਐਲ.ਏ. ਬਣੇ। ਇਹ ਰਤਨ ਸਿੰਘ, ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਤੋਂ 2017 ਦੀ ਚੋਣ ‘ਚ ਐਮ.ਐਲ.ਏ. ਬਣੇ ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਤਾਇਆ ਜੀ ਸਨ। ਇੱਥੇ ਹੋਰ ਸਾਫ ਕੀਤਾ ਜਾਂਦਾ ਹੈ ਕਿ 1946 ਵਾਲੀ ਇਲੈਕਸ਼ਨ ’ਚ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਹੋਰ ਰਤਨ ਸਿੰਘ ਵੀ ਐਮ.ਐਲ.ਏ. ਬਣੇ ਸਨ, ਉਨ੍ਹਾਂ ਦੀ ਸੀਟ ਫ਼ਿਰੋਜ਼ਪੁਰ (ਪੂਰਬੀ) ਸੀ, ਜੀਹਦੇ ’ਚ ਮੋਗਾ ਤਹਿਸੀਲ ਦਾ ਇਲਾਕਾ ਪੈਂਦਾ ਸੀ, ਜਦਕਿ ਫ਼ਿਰੋਜ਼ਪੁਰ (ਉੱਤਰੀ) ਜ਼ੀਰਾ ਤਹਿਸੀਲ ਪੈਂਦੀ ਸੀ।
ਸ. ਰਤਨ ਸਿੰਘ ਲੋਹਗੜ੍ਹ ਦਾ ਜਨਮ 12 ਮਾਰਚ 1907 ਦਾ ਅਤੇ ਫੌਤਗੀ 15 ਅਪਰੈਲ 1994 ਦੀ ਹੈ। ਉਨ੍ਹਾਂ ਦੀ ਇਹ ਫ਼ੋਟੋ ਉਨ੍ਹਾਂ ਦੇ ਕੈਨੇਡਾ ਰਹਿੰਦੇ ਬੇਟੇ ਸ. ਰਣਦੀਪ ਸਿੰਘ ਤੋਂ ਹਾਸਲ ਹੋਈ ਹੈ। ਵਿਕੀਪੀਡੀਆ ਵੱਲੋਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਲਿਸਟ ਵਿੱਚ ਸ. ਰਤਨ ਸਿੰਘ ਨਾਂ ਸ਼ਾਮਿਲ ਹੈ, ਪਰ ਸ. ਜੀ.ਐਸ. ਔਜਲਾ ਨੇ ਮੈਂਬਰਾਂ ਦੀ ਜਿਹੜੀ ਪ੍ਰਿੰਟਿਡ ਲਿਸਟ ਮੈਨੂੰ ਭੇਜੀ ਹੈ, ਉਹਦੇ ’ਚ ਸ. ਰਤਨ ਸਿੰਘ ਦਾ ਨਾਂ ਨਹੀਂ ਹੈ। ਇਸ ਲਿਸਟ `ਤੇ ਨਵੰਬਰ 1949 ਛਪਿਆ ਹੋਇਆ ਹੈ। ਇਸ ਲਿਸਟ ’ਚ ਉਨ੍ਹਾਂ ਦਾ ਨਾਂ ਹੋਣਾ ਤੇ ਦੂਜੀ ’ਚ ਨਾ ਹੋਣਾ ਇਹ ਹੋਰ ਪੜਤਾਲ ਮੰਗਦਾ ਹੈ।
ਸ. ਉੱਜਲ ਸਿੰਘ
23 ਦਸੰਬਰ 1895 ਨੂੰ ਸ਼ਾਹਪੁਰ (ਪਾਕਿਸਤਾਨ) ਜ਼ਿਲ੍ਹੇ ਦੇ ਪਿੰਡ ਹਦਾਲ `ਚ ਜਨਮੇ ਉੱਜਲ ਸਿੰਘ 1926 ਤੋਂ ਲੈ ਕੇ ਲਗਾਤਾਰ 30 ਸਾਲ 1956 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਲੰਡਨ ’ਚ ਹੋਈਆਂ ਦੋਵੇਂ ਗੋਲ ਮੇਜ਼ ਕਾਨਫ਼ਰੰਸਾਂ ’ਚ ਸਿੱਖਾਂ ਦੀ ਨੁਮਾਇੰਦਗੀ ਕੀਤੀ। ਤਾਮਿਲਨਾਡੂ ਦੇ ਗਵਰਨਰ ਵੀ ਰਹੇ। ਨਾ ਹੀ ਵਿਕੀਪੀਡੀਆ ਤੇ ਨਾ ਹੀ ਸੰਵਿਧਾਨ ਸਭਾ ਦੀ ਪ੍ਰਿੰਟਿਡ ਲਿਸਟ ’ਚ ਉਨ੍ਹਾਂ ਦਾ ਨਾਂ ਛਪਿਆ ਹੈ, ਪਰ ਸੰਵਿਧਾਨ ਸਭਾ ਦੀ 10 ਤੇ 11 ਦਸੰਬਰ 1946 ਦੀ ਕਾਰਵਾਈ (ਪਰੋਸੀਡਿੰਗਜ਼) ’ਚ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਦਾ ਜ਼ਿਕਰ ਹੈ। 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ 11 ਮੈਂਬਰੀ ਸਟੀਰਿੰਗ ਕਮੇਟੀ ਦੀ ਹੋਈ ਚੋਣ ’ਚ ਅਬਦੁਲ ਕਲਾਮ ਆਜ਼ਾਦ ’ਤੇ ਵੱਲਭ ਭਾਈ ਪਟੇਲ ਤੋਂ ਮਗਰੋਂ ਤੀਜੇ ਨੰਬਰ `ਤੇ ਸ. ਉੱਜਲ ਸਿੰਘ ਦਾ ਨਾਂ ਦਰਜ ਹੈ। ਕਾਰਵਾਈ ’ਚ ਉਨ੍ਹਾਂ ਦੇ ਨਾਂ ਨਾਲ ਬਰੈਕਟ ’ਚ (ਪੰਜਾਬ: ਸਿੱਖ) ਛਪਿਆ ਹੋਇਆ ਹੈ, ਜੀਹਦਾ ਮਤਲਬ ਇਹ ਹੈ ਕਿ ਇਹ ਮੈਂਬਰ ਪੰਜਾਬ ਤੋਂ ਹੈ, ਜੋ ਸਿੱਖਾਂ ਲਈ ਰਿਜ਼ਰਵ ਸੀਟਾਂ ’ਚੋਂ ਮੈਂਬਰ ਬਣਿਆ ਹੈ।
ਸ. ਹਰਨਾਮ ਸਿੰਘ
ਸ. ਹਰਨਾਮ ਸਿੰਘ ਦੇ ਹੋਰ ਵੇਰਵੇ ਲੱਭ ਨਹੀਂ ਰਹੇ ਤੇ ਨਾ ਹੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕਿਸੇ ਲਿਸਟ ’ਚ ਉਨ੍ਹਾਂ ਦਾ ਨਾਂ ਸ਼ਾਮਲ ਹੈ, ਪਰ ਲੋਕ ਸਭਾ ਸੈਕਟਰੀਏਟ ਵੱਲੋਂ “ਕੰਸਟੀਚੁਐਂਟ ਅਸੈਂਬਲੀ ਡੀਬੇਟਸ” ਦੇ ਨਾਮ ਹੇਠ ਛਪੀ ਆਫੀਸ਼ੀਅਲ ਰਿਪੋਰਟ ਵਾਲਿਉਮ-1 ਦੇ 2014 `ਚ ਛਪੇ 6ਵੇਂ ਰੀਪ੍ਰਿੰਟ ’ਚ ਸ. ਹਰਨਾਮ ਸਿੰਘ ਤੇ ਸ. ਉੱਜਲ ਸਿੰਘ ਦਾ ਨਾਂ ਬੋਲਦਾ ਹੈ। ਇਹਦੇ ’ਚ 10 ਤੇ 11 ਦਸੰਬਰ 1946 ਦੀ ਕਾਰਵਾਈ (ਪਰੋਸੀਡਿੰਗਜ਼) `ਚ ਸ. ਹਰਨਾਮ ਸਿੰਘ ਵੱਲੋਂ ਬਤੌਰ ਮੈਂਬਰ ਕੀਤੀਆਂ ਤਕਰੀਰਾਂ ਦਰਜ ਹਨ। ਲੋਕ ਸਭਾ ਵੱਲੋਂ ਜਾਰੀ ਕੀਤੇ ਇਸ ਦਸਤਾਵੇਜ਼ `ਚ ਸ. ਹਰਨਾਮ ਸਿੰਘ ਨੂੰ ਵੀ (ਪੰਜਾਬ: ਸਿੱਖ) ਲਿਖਿਆ ਹੋਇਆ ਹੈ। ਸ. ਉੱਜਲ ਸਿੰਘ ਅਤੇ ਸ. ਹਰਨਾਮ ਸਿੰਘ ਦੇ ਨਾਂ ਸੰਵਿਧਾਨ ਸਭਾ ਦੀ ਪਰੋਸੀਡਿੰਗਜ਼ `ਚ ਆਉਣ ਬਾਅਦ 1949 `ਚ ਜਾਰੀ ਮੈਂਬਰਾਂ ਦੀ ਲਿਸਟ `ਚੋਂ ਕਿਵੇਂ ਗ਼ਾਇਬ ਹੋਏ, ਇਹ ਹੋਰ ਖੋਜ ਦਾ ਵਿਸ਼ਾ ਹੈ। ਜਾਣਕਾਰ ਸੱਜਣਾਂ ਨੂੰ ਇਸ `ਤੇ ਚਾਨਣਾ ਪਾਉਣਾ ਚਾਹੀਦਾ ਹੈ। ਇਹ ਘੁੰਡੀ 1946 `ਚ ਚੁਣੀ ਗਈ ਸੰਵਿਧਾਨ ਸਭਾ `ਚ ਚੁਣੇ ਗਏ ਮੈਂਬਰਾਂ ਦੀ ਲਿਸਟ ਦੇਖ ਕੇ ਖੁੱਲ੍ਹ ਸਕਦੀ ਹੈ, ਪਰ ਇਹ ਲਿਸਟ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਲੱਭ ਨਹੀਂ ਸਕੀ।
ਕੀ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ ਮਨਜ਼ੂਰੀ ਦਿੱਤੀ?
ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਸੰਵਿਧਾਨ ਸਭਾ ਵਿੱਚ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ’ਤੇ ਇਤਰਾਜ਼ ਕਰਦਿਆਂ ਇਸ ਨੂੰ ਮਨਜ਼ੂਰੀ ਦੇਣ ਵਾਲੇ ਮਤੇ `ਤੇ ਦਸਤਖ਼ਤ ਨਹੀਂ ਕੀਤੇ, ਪਰ ਅਸਲੀਅਤ ਇਹ ਹੈ ਕਿ ਸਿਰਫ਼ ਦੋ ਸਿੱਖ ਮੈਂਬਰਾਂ ਨੂੰ ਛੱਡ ਕੇ ਬਾਕੀ ਪੰਜਾਂ ਨੇ ਸੰਵਿਧਾਨ ਨੂੰ ਮਨਜ਼ੂਰੀ ਦੇਣ ਵਾਲੇ ਮਤੇ ’ਤੇ ਦਸਤਖ਼ਤ ਕੀਤੇ (ਜੇ 1949 ਨੂੰ ਜਾਰੀ ਹੋਈ ਲਿਸਟ ’ਚ ਸਿੱਖ ਮੈਂਬਰਾਂ ਦੀ ਗਿਣਤੀ 7 ਵੀ ਮੰਨ ਲਈ ਜਾਵੇ)। ਦਸਤਖ਼ਤ ਨਾ ਕਰਨ ਵਾਲਿਆਂ ਵਿੱਚ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸ਼ਾਮਲ ਸਨ। ਇਹ ਦੋ ਜਣਿਆਂ ਨੇ ਇਹ ਇਤਰਾਜ਼ ਕੀਤਾ ਕਿ ਇਹ ਸੰਵਿਧਾਨ ਸਿੱਖਾਂ ਦੀ ਤਸੱਲੀ ਨਹੀਂ ਕਰਾਉਂਦਾ। ਉਹ ਸਰਕਾਰੀ ਨੌਕਰੀਆਂ ਅਤੇ ਸੰਵਿਧਾਨਕ ਅਹੁਦਿਆਂ ’ਤੇ ਸਿੱਖਾਂ ਖ਼ਾਤਰ ਰਿਜ਼ਰਵੇਸ਼ਨ ਦੀ ਮੰਗ ਕਰਦੇ ਰਹੇ, ਪਰ ਬਹੁਮਤ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸੰਵਿਧਾਨ ਸਭਾ ਦੀ ਘੱਟ ਗਿਣਤੀਆਂ ਦੇ ਅਖਤਿਆਰਾਂ ਲਈ ਬਣੀ ਸਭ ਕਮੇਟੀ ਦੇ ਚੇਅਰਮੈਨ ਅਤੇ ਭਾਰਤ ਦੇ ਪਹਿਲੇ ਹੋਮ ਮਨਿਸਟਰ ਸ੍ਰੀ ਵੱਲਭ ਭਾਈ ਪਟੇਲ ਸਨ। ਸਿੱਖ ਨੁਮਾਇੰਦਿਆਂ ਨੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਅੰਗਰੇਜ਼ਾਂ ਵੇਲੇ ਤੋਂ ਚੱਲ ਰਹੀ ਵੱਖਰੇ ਚੋਣ ਹਲਕਿਆਂ ਦੀ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ। ਹਾਲਾਂਕਿ ਪਟੇਲ ਹੋਰੀਂ ਤਾਂ ਖ਼ੁਦ ਹੀ ਵੱਖਰੇ ਚੋਣ ਹਲਕਿਆਂ ਦੇ ਹਾਮੀ ਨਹੀਂ ਸਨ, ਪਰ ਸਿੱਖਾਂ ਵੱਲੋਂ ਵੱਖਰੇ ਚੋਣ ਹਲਕੇ ਖ਼ਤਮ ਕਰਨ ਦੀ ਮੰਗ ਨੇ ਉਨ੍ਹਾਂ ਦਾ ਰਾਹ ਹੋਰ ਸੁਖਾਲਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸ. ਹੁਕਮ ਸਿੰਘ ਨੇ ਮਿੰਟਗੁਮਰੀ ਵਿੱਚ ਸਾਇਮਨ ਕਮਿਸ਼ਨ ਦੇ ਖ਼ਿਲਾਫ਼ ਮੁਜ਼ਾਹਰਾ ਵੀ ਕੀਤਾ ਸੀ। ਸਾਇਮਨ ਕਮਿਸ਼ਨ ਇਹ ਪਤਾ ਕਰਨ ਆਇਆ ਸੀ ਕਿ ਭਾਰਤ ਦਾ ਆਉਣ ਵਾਲਾ ਸੰਵਿਧਾਨ ਕਿਹੋ ਜਿਹਾ ਹੋਵੇ। ਲਾਲਾ ਲਾਜਪਤ ਰਾਏ ਅਤੇ ਹੋਰ ਕਾਂਗਰਸੀ ਸਾਇਮਨ ਕਮਿਸ਼ਨ ਦੇ ਇਸ ਗੱਲੋਂ ਖ਼ਿਲਾਫ਼ ਸਨ ਕਿ ਅੰਗਰੇਜ਼ ਚੁੱਪ-ਚਾਪ ਭਾਰਤ ਛੱਡ ਕੇ ਚਲੇ ਜਾਣ, ਅਸੀਂ ਆਪਣਾ ਸੰਵਿਧਾਨ ਜਿਵੇਂ ਮਰਜ਼ੀ ਬਣਾਈਏ! ਜਦੋਂ ਆਪਣਾ ਸੰਵਿਧਾਨ ਆਪੇ ਬਣਾਉਣ ਦਾ ਵੇਲਾ ਆਇਆ ਤਾਂ ਹੁਕਮ ਸਿੰਘ ਹੋਣਾ ਦੀ ਕੋਈ ਗੱਲ ਨਾ ਮੰਨੀ ਗਈ। ਹੋ ਸਕਦਾ ਹੈ ਕਿ ਸ. ਹੁਕਮ ਸਿੰਘ ਨੂੰ ਸਾਇਮਨ ਕਮਿਸ਼ਨ ਦੀ ਮੁਖ਼ਾਲਫ਼ਤ ਦਾ ਉਦੋਂ ਪਛਤਾਵਾ ਆਇਆ ਹੋਵੇ। ਸੰਵਿਧਾਨ ਦੀ ਧਾਰਾ 25-ਬੀ ਵਿੱਚ ਸਿੱਖਾਂ ਦੀ ਇੱਕ ਵੱਖਰੇ ਧਰਮ ਵਜੋਂ ਹਸਤੀ ਖ਼ਤਮ ਕੀਤੀ ਗਈ ਹੈ। ਇਸ ਧਾਰਾ ’ਤੇ ਹੋਈ ਬਹਿਸ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਿੱਖ ਨੁਮਾਇੰਦਿਆਂ ਨੇ ਇਸ 25-ਬੀ `ਤੇ ਕੋਈ ਉਜ਼ਰ ਵੀ ਨਹੀਂ ਕੀਤਾ।
ਦਸੰਬਰ 1947 ਦੀ ਗੱਲ ਹੈ। ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਯਾਦ ’ਚ ਚੱਲ ਰਹੀ ਸ਼ਹੀਦੀ ਸਭਾ ਮੌਕੇ ਡਿਫੈਂਸ ਮਨਿਸਟਰ ਸ. ਬਲਦੇਵ ਸਿੰਘ ਤਕਰੀਰ ਕਰ ਰਹੇ ਸਨ। ਦੌਰਾਨ-ਏ-ਤਕਰੀਰ ਕੁਝ ਸਿੱਖਾਂ ਨੇ ਖੜੇ ਹੋ ਉਨ੍ਹਾਂ `ਤੇ ਇਹ ਸਵਾਲ ਕੀਤਾ ਕਿ ਹੁਣ ਮੁਲਕ ਦਾ ਸੰਵਿਧਾਨ ਬਣ ਰਿਹਾ ਤੇ ਇਹਦੇ ਸਿੱਖ ਹੱਕਾਂ ਦੀ ਜਾਮਨੀ ਵਾਸਤੇ ਤੁਸੀਂ ਕੀ ਕਰ ਰਹੇ ਹੋ? ਇਸ ਦੇ ਜਵਾਬ ਵਿੱਚ ਸ. ਬਲਦੇਵ ਸਿੰਘ ਨੇ ਸਵਾਲ ਕਰਨ ਵਾਲਿਆਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਭਾਰਤ ਨੇ ਜਦੋਂ ਇੱਕ ਸਿੱਖ ਨੂੰ ਦੇਸ਼ ਦਾ ਡਿਫੈਂਸ ਮਨਿਸਟਰ ਹੀ ਬਣਾ ਦਿੱਤਾ ਹੈ ਤਾਂ ਸਿੱਖ ਇਹਤੋਂ ਵੱਧ ਹੋਰ ਕੀ ਭਾਲ਼ਦੇ ਹਨ?
ਪਟੇਲ ਨੇ ਸਿੱਖ ਮੈਂਬਰਾਂ ਨੂੰ ਹੁਕਮ ਚਾੜ੍ਹਿਆ – ਸੰਵਿਧਾਨ ’ਤੇ ਦਸਤਖ਼ਤ ਕਰੋ
ਭਾਰਤੀ ਸੰਵਿਧਾਨ ਨੂੰ ਮਨਜ਼ੂਰ ਕਰਨ ਵਾਲੇ ਮਤੇ ’ਤੇ 5 ਮੈਂਬਰਾਂ ਨੇ ਦਸਤਖ਼ਤ ਕਰ ਦਿੱਤੇ ਸਨ, ਪਰ ਦੋ ਸਿੱਖ ਮੈਂਬਰ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਦਸਤਖ਼ਤ ਕਰਨੋਂ ਇਨਕਾਰੀ ਸਨ। ਭਾਵੇਂ ਇਸ ਨਾਲ ਸੰਵਿਧਾਨ ਪਾਸ ਹੋਣੋਂ ਨਹੀਂ ਸੀ ਰੁਕਣਾ, ਪਰ ਸਾਰੇ ਸਿੱਖ ਨੁਮਾਇੰਦਿਆਂ ਵੱਲੋਂ ਇਸ ਨੂੰ ਸਹਿਮਤੀ ਨਾ ਦੇਣਾ ਇਸ ਮਾਇਨੇਖੇਜ ਸੀ ਕਿ ਭਵਿੱਖ ਵਿੱਚ ਇਹਦਾ ਹਵਾਲਾ ਦੇ ਸਕਣਗੇ, ਜੋ ਉਹ ਅੱਜ ਤੱਕ ਵੀ ਦਿੰਦੇ ਆਏ ਨੇ। 1982 ਤੋਂ 1984 ਤੱਕ ਸਿੱਖ ਆਗੂ ਲਗਭਗ ਹਰੇਕ ਸਟੇਜ `ਤੇ ਇਹ ਕਹਿ ਕੇ ਉਲਾਂਭਾ ਦਿੰਦੇ ਰਹੇ ਕਿ ਸਿੱਖਾਂ ਨੂੰ ਸੰਵਿਧਾਨ `ਤੇ ਮੁੱਢ ਤੋਂ ਹੀ ਇਤਰਾਜ਼ ਰਿਹਾ ਹੈ, ਜੀਹਦਾ ਸਬੂਤ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ’ਤੇ ਦਸਤਖ਼ਤ ਨਹੀਂ ਕੀਤੇ। ਉਸ ਵੇਲੇ ਦੇ ਹੋਮ ਮਨਿਸਟਰ ਅਤੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਇਸ ਵਜਾਹ ਕਰਕੇ ਹੀ ਸਿੱਖ ਮੈਂਬਰਾਂ ਦੀ ਸਰਬ ਸੰਮਤੀ ਲੈਣਾ ਜ਼ਰੂਰੀ ਸਮਝਦੇ ਸਨ।
ਸ. ਭੁਪਿੰਦਰ ਸਿੰਘ ਮਾਨ ਦੇ ਬੇਟੇ ਰਿਟਾਇਰਡ ਲੈਫ਼ਟੀਨੈਂਟ ਜਨਰਲ ਸਰਦਾਰ ਹਿੰਦ ਰਵੀ ਸਿੰਘ ਮਾਨ ਨੇ ਮੈਨੂੰ ਦੱਸਿਆ ਕਿ ਉਦੋਂ ਮੇਰੇ ਪਿਤਾ ਜੀ ਨੂੰ ਨਵੀਂ ਦਿੱਲੀ ਦੇ ਫ਼ਿਰੋਜ਼ਸ਼ਾਹ ਰੋਡ ਤੇ 30-ਡੀ ਨੰਬਰ ਕੋਠੀ ਅਲਾਟ ਹੋਈ ਸੀ ਤੇ ਸਾਡੇ ਪਰਿਵਾਰ ਦੀ ਰਿਹਾਇਸ਼ ਇੱਥੇ ਹੀ ਸੀ। ਉਹ ਦੱਸਦੇ ਹਨ ਕਿ ਇੱਕ ਦਿਨ ਸਾਡੀ ਇਸੇ ਰਿਹਾਇਸ਼ ’ਤੇ ਗਿਆਨੀ ਕਰਤਾਰ ਸਿੰਘ ਅਤੇ ਪ੍ਰਬੋਧ ਚੰਦਰ ਵਗ਼ੈਰਾ ਮੇਰੇ ਪਿਤਾ ਕੋਲ ਆ ਕੇ ਆਖਣ ਲੱਗੇ ਕਿ ਸਰਦਾਰ ਪਟੇਲ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਸੰਵਿਧਾਨ ’ਤੇ ਦਸਤਖ਼ਤ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਸ. ਹੁਕਮ ਸਿੰਘ ਤਾਂ ਦਸਤਖ਼ਤ ਕਰਨ ਲਈ ਮੰਨ ਗਏ ਹਨ, ਸੋ ਤੁਸੀਂ ਵੀ ਮੰਨ ਜਾਓ। ਸ. ਮਾਨ ਨੇ ਗਿਆਨੀ ਕਰਤਾਰ ਸਿੰਘ ਨੂੰ ਜਵਾਬ ਦਿੱਤਾ ਕਿ ਜਾਹ ਕਹਿ ਦਿਓ ਪਟੇਲ ਨੂੰ ਕਿ ਮਾਨ ਨਹੀਂ ਮੰਨਦਾ। ਉਸ ਵਕਤ ਸਰਦਾਰ ਪਟੇਲ ਦਾ ਇੰਨਾ ਦਬਕਾ ਸੀ ਉਸਦੀ ਇੱਕ ਘੁਰਕੀ ਨਾਲ ਰਾਜੇ-ਮਹਾਰਾਜੇ ਆਪਣੀਆਂ ਰਿਆਸਤਾਂ ਛੱਡਣ ’ਚ ਦੇਰ ਨਹੀਂ ਸੀ ਕਰਦੇ। ਪੰਥ ਦਾ ਦਿਮਾਗ਼ ਕਹੀ ਜਾਂਦੀ ਹਸਤੀ ਗਿਆਨੀ ਕਰਤਾਰ ਸਿੰਘ ਦੇ ਰਾਹੀਂ ਆਏ ਪਟੇਲ ਦੇ ਹੁਕਮ ਦੀ ਅਦੂਲੀ ਕਰਨੀ ਕੋਈ ਮਾੜੀ ਮੋਟੀ ਗੱਲ ਨਹੀਂ ਸੀ।
ਸੰਵਿਧਾਨ ਸਭਾ ਦੇ ਕੁੱਲ 299 ਮੈਂਬਰਾਂ `ਚੋਂ ਸਿਰਫ਼ 284 ਨੇ ਹੀ ਸੰਵਿਧਾਨ `ਤੇ ਦਸਤਖ਼ਤ ਕੀਤੇ। 24 ਜਨਵਰੀ 1950 ਨੂੰ ਸੰਵਿਧਾਨ ’ਤੇ ਦਸਤਖ਼ਤ ਕਰਨ ਦੀ ਕਾਰਵਾਈ ਹੋਈ। ਸੰਵਿਧਾਨ ’ਤੇ ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਰਣਜੀਤ ਸਿੰਘ, ਸੁਚੇਤ ਸਿੰਘ ਔਜਲਾ ਤੇ ਜੋਗਿੰਦਰਾ ਸਿੰਘ ਦੇ ਦਸਤਖ਼ਤ ਬਹੁਤ ਸਪਸ਼ਟ ਪੜ੍ਹੇ ਜਾ ਸਕਦੇ ਹਨ।

Leave a Reply

Your email address will not be published. Required fields are marked *