ਬੱਚਿਆਂ ਦੇ ਮਾਨਸਿਕ ਵਿਕਾਸ ਲਈ ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਦਾ ਮਹੱਤਵ

ਆਮ-ਖਾਸ

ਡਾ. ਡੀ. ਪੀ. ਸਿੰਘ, ਕੈਨੇਡਾ
ਬੱਚੇ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਦੇ ਮਨਾਂ ਦੇ ਵਿਕਾਸ ਲਈ ਕਹਾਣੀਆਂ ਦਾ ਖ਼ਾਸ ਮਹੱਤਵ ਹੈ। ਕਹਾਣੀਆਂ ਉਨ੍ਹਾਂ ਦੀ ਕਲਪਨਾ ਨੂੰ ਟੁੰਬਦੀਆਂ ਹਨ, ਉਨ੍ਹਾਂ ਵਿੱਚ ਕਦਰਾਂ-ਕੀਮਤਾਂ ਦੇ ਪਾਲਣ ਦੀ ਭਾਵਨਾ ਪੈਦਾ ਕਰਦੀਆਂ ਹਨ। ਇੰਝ ਉਹ ਬੱਚਿਆਂ ਨੂੰ ਇੱਕ ਸੁਖਦ ਤੇ ਸ਼ਾਨਾਂਮੱਤਾ ਸੰਸਾਰ ਸਿਰਜਣ ਵਿੱਚ ਮਾਰਗ-ਦਰਸ਼ਨ ਕਰਦੀਆਂ ਹਨ। ਇਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਿੱਚ ਵਿਗਿਆਨ ਗਲਪ ਤੇ ਵਾਤਾਵਰਣੀ ਕਹਾਣੀਆਂ ਬੱਚਿਆਂ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਕਹਾਣੀਆਂ ਦੀ ਇਹ ਵਿਧਾ ਬਾਲ ਪਾਠਕਾਂ ਨੂੰ ਅਦਭੁੱਤ ਸੰਸਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣੀ ਸੰਭਾਲ ਦੀ ਮਹੱਤਤਾ ਬਾਰੇ ਵੱਡਮੁੱਲੀ ਸੂਝ ਪ੍ਰਦਾਨ ਕਰਦੀ ਹੈ।

ਵਰਨਣਯੋਗ ਹੈ ਕਿ ਵਿਗਿਆਨ ਕਥਾਵਾਂ ਅਤੇ ਵਾਤਾਵਰਣੀ ਕਹਾਣੀਆਂ ਬੱਚਿਆਂ ਦੇ ਮਾਨਸਿਕ ਵਿਕਾਸ, ਨੈਤਿਕ ਸੂਝ-ਬੂਝ ਅਤੇ ਸਾਡੇ ਗ੍ਰਹਿ ਨੂੰ ਦਰਪੇਸ਼ ਵਾਤਾਵਰਣੀ ਚੁਣੌਤੀਆਂ ਬਾਰੇ ਜਾਗਰੂਕਤਾ ਪ੍ਰਦਾਨ ਕਰਦੀਆਂ ਹਨ।
ਵਿਗਿਆਨ ਕਥਾਵਾਂ ਬੱਚੇ ਦੀ ਕਲਪਨਾ ਦੇ ਵਿਕਾਸ ਅਤੇ ਉਸ ਵਿੱਚ ਨਵਾਂ ਜਾਨਣ ਦੀ ਜਗਿਆਸਾ ਨੂੰ ਤੀਬਰ ਕਰਨ ਵਿੱਚ ਖ਼ਾਸ ਰੋਲ ਅਦਾ ਕਰਦੀਆਂ ਹਨ। ਭਵਿੱਖ ਦੇ ਉੱਨਤ ਤਕਨਾਲੋਜੀ ਵਾਲੇ ਅਦਭੁੱਤ ਸੰਸਾਰ ਅਤੇ ਬ੍ਰਹਿਮੰਡੀ ਪਸਾਰੇ ਵਿੱਚ ਸਾਹਸੀ ਕੌਤਕਾਂ ਦੇ ਬਿਰਤਾਂਤ ਦੁਆਰਾ ਬੱਚਿਆਂ ਨੂੰ ਬਹੁਤ ਹੀ ਰੌਚਕ ਢੰਗ ਨਾਲ ਵਿਗਿਆਨਕ ਧਾਰਨਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਵਿਗਿਆਨ ਲੇਖਕ ਪੁਲਾੜੀ ਖੋਜ, ਟਾਇਮ ਟ੍ਰੈਵਲ ਅਤੇ ਉੱਨਤ ਸੱਭਿਅਤਾਵਾਂ ਦੀਆਂ ਕਹਾਣੀਆਂ ਰਚਦੇ ਹਨ। ਇਨ੍ਹਾਂ ਕਥਾਵਾਂ ਰਾਹੀਂ ਉਹ ਬਾਲ ਪਾਠਕਾਂ ਦਾ ਮਨੋਰੰਜਨ ਕਰਦੇ ਹੋਏ ਬੁਨਿਆਦੀ ਵਿਗਿਆਨਕ ਸਿਧਾਂਤਾਂ ਨਾਲ ਬਾਲਾਂ ਦੀ ਸਾਂਝ ਪਵਾਉਂਦੇ ਹਨ।
ਇਸ ਤੋਂ ਇਲਾਵਾ ਵਿਗਿਆਨ ਕਹਾਣੀਆਂ ਅਕਸਰ ਸਮੱਸਿਆ-ਹੱਲ ਕਰਨ ਵਾਲੇ ਦ੍ਰਿਸ਼ਾਂ ਨੂੰ ਸ਼ਾਮਲ ਕਰਦੀਆਂ ਹਨ, ਬੱਚਿਆਂ ਨੂੰ ਆਲੋਚਨਾਤਮਿਕ ਅਤੇ ਰਚਨਾਤਮਿਕ ਸੋਚਣ ਲਈ ਉਤਸ਼ਾਹਿਤ ਕਰਦੀਆਂ ਹਨ। ਵਿਗਿਆਨਕ ਤਰਕ ਦੀ ਵਰਤੋਂ ਕਰਕੇ ਚੁਣੌਤੀਆਂ ਦਾ ਮੁਕਾਬਲਾ ਕਰਨ ਵਾਲੇ ਪਾਤਰਾਂ ਨੂੰ ਪੇਸ਼ ਕਰਕੇ, ਇਹ ਕਹਾਣੀਆਂ ਬਾਲ ਮਨਾਂ ਨੂੰ ਉਤਸੁਕਤਾ, ਤਜਰਬੇ ਕਰਨ ਅਤੇ ਸਿੱਖਣ ਦੀ ਰੁਚੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਨਤੀਜੇ ਵਜੋਂ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ ਜੋ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਰਗੇ ਖੇਤਰਾਂ ਵਿੱਚ ਸਫਲਤਾ ਲਈ ਅਤਿ ਜ਼ਰੂਰੀ ਹੈ।
ਵਾਤਾਵਰਣੀ ਸੰਕਟ ਦੇ ਲਗਾਤਾਰ ਵਾਧੇ ਦਾ ਟਾਕਰਾ ਕਰ ਰਹੇ ਸੰਸਾਰ ਵਿੱਚ, ਬੱਚਿਆਂ ਵਿੱਚ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਮਹੱਤਵਪੂਰਨ ਹੈ। ਵਾਤਾਵਰਣੀ ਕਹਾਣੀਆਂ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਉਨ੍ਹਾਂ ਦੀ ਚਿਰਕਾਲੀ ਹੋਂਦ ਨੂੰ ਬਣਾਈ ਰੱਖਣ ਲਈ ਲੋੜੀਂਦੇ ਕਾਰਜਾਂ ਅਤੇ ਉਨ੍ਹਾਂ ਉੱਤੇ ਮਨੁੱਖੀ ਨਿਰਭਰਤਾ ਦੇ ਮਹੱਤਵ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਸਮਰਥ ਹੁੰਦੀਆਂ ਹਨ। ਵਾਤਾਵਰਣ ਉੱਤੇ ਮਨੁੱਖੀ ਕ੍ਰਿਆਵਾਂ ਦੇ ਪ੍ਰਭਾਵ ਨੂੰ ਜਾਹਰ ਕਰਨ ਵਾਲੇ ਬਿਰਤਾਂਤਾਂ ਰਾਹੀਂ ਬਾਲ ਪਾਠਕ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਦੇ ਨਤੀਜਿਆਂ ਨੂੰ ਸਮਝ ਸਕਦੇ ਹਨ।
ਇਨ੍ਹਾਂ ਕਹਾਣੀਆਂ ਵਿੱਚ ਅਕਸਰ ਅਜਿਹੇ ਪਾਤਰ ਨਜ਼ਰ ਆਉਂਦੇ ਹਨ, ਜੋ ਕੁਦਰਤੀ ਸੰਸਾਰ ਦੀ ਰੱਖਿਆ ਕਰਨ, ਜੀਵਾਂ ਨਾਲ ਹਮਦਰਦੀ ਅਤੇ ਗ੍ਰਹਿ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਖੋਜ ਕਾਰਜ ਕਰਦੇ ਹਨ। ਬਚਪਨ ਵਿੱਚ ਹੀ ਵਾਤਾਵਰਣ ਬਾਰੇ ਉਚਿਤ ਗਿਆਨ ਪ੍ਰਦਾਨ ਕਰਨ ਨਾਲ ਬੱਚਿਆਂ ਦੇ ਵਾਤਾਵਰਣ ਸਬੰਧੀ ਚੇਤੰਨ ਵਿਅਕਤੀਆਂ ਦੇ ਰੂਪ ਵਿੱਚ ਵਿਕਾਸ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਵਿਅਕਤੀ ਕੁਦਰਤੀ ਸਹਿਹੋਂਦ ਤੇ ਜੀਵ-ਵਿਭਿੰਨਤਾ ਦੀ ਸੰਭਾਲ ਦੀ ਲੋੜ ਨੂੰ ਬਹੁਤ ਗੰਭੀਰਤਾ ਨਾਲ ਸਮਝਦੇ ਹਨ ਤੇ ਵਾਤਵਾਰਣੀ ਸਾਂਭ-ਸੰਭਾਲ ਕਾਰਜਾਂ ਵਿੱਚ ਸੁਯੋਗ ਰੋਲ ਅਦਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਵਿਗਿਆਨ ਕਥਾਵਾਂ ਅਤੇ ਵਾਤਾਵਰਣੀ ਕਹਾਣੀਆਂ ਬੱਚਿਆਂ ਵਿੱਚ ਨਾ ਸਿਰਫ਼ ਮਾਨਸਿਕ ਵਿਕਾਸ ਅਤੇ ਵਾਤਾਵਰਣੀ ਜਾਗਰੂਕਤਾ ਪੈਦਾ ਕਰਦੀਆਂ ਹਨ, ਸਗੋਂ ਉਨ੍ਹਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੇ ਸੰਚਾਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਵਿਚਲੇ ਬਹੁਤ ਸਾਰੇ ਬਿਰਤਾਂਤ ਨਿਆਂ, ਸਮਾਜਿਕ ਸਮਾਨਤਾ ਅਤੇ ਤਕਨਾਲੋਜੀ ਦੀ ਨੈਤਿਕ ਵਰਤੋਂ ਦੇ ਵਿਸ਼ਿਆਂ ਦੀ ਪੜਚੋਲ ਕਰਦੇ ਹਨ। ਕਾਲਪਨਿਕ ਪਾਤਰਾਂ ਦੇ ਤਜ਼ਰਬਿਆਂ ਦੁਆਰਾ ਬੱਚੇ ਨੈਤਿਕ ਦੁਬਿਧਾਵਾਂ, ਨੈਤਿਕ ਫੈਸਲੇ ਲੈਣ ਅਤੇ ਉਨ੍ਹਾਂ ਦੇ ਕੰਮਾਂ ਦੇ ਨਤੀਜਿਆਂ ਤੋਂ ਸੇਧ ਪ੍ਰਾਪਤ ਕਰ ਸਕਦੇ ਹਨ।
ਵਿਗਿਆਨ ਗਲਪ ਰਚਨਾਵਾਂ ਅਕਸਰ ਵਿਗਿਆਨਕ ਤਰੱਕੀ, ਨਕਲੀ ਬੁੱਧੀ, ਅਤੇ ਹੋਰ ਪ੍ਰਜਾਤੀਆਂ ਨਾਲ ਮਨੁੱਖੀ ਵਿਹਾਰ ਬਾਰੇ ਨੈਤਿਕਤਾ ਆਧਾਰਿਤ ਵਿਚਾਰ ਪੇਸ਼ ਕਰਦੀ ਹੈ। ਇਹ ਕਹਾਣੀਆਂ ਬਾਲ ਪਾਠਕਾਂ ਵਿੱਚ ਜ਼ਿੰਮੇਵਾਰੀ ਅਤੇ ਹਮਦਰਦੀ ਦੀ ਭਾਵਨਾ ਪੈਦਾ ਕਰਦੇ ਹੋਏ, ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮਾਂ ਦੇ ਪ੍ਰਭਾਵਾਂ ਬਾਰੇ ਉਨ੍ਹਾਂ ਨੂੰ ਸੋਚਣ ਲਈ ਉਤੇਜਿਤ ਕਰਦੀਆਂ ਹਨ। ਵਾਤਾਵਰਣੀ ਕਥਾ ਬਿਰਤਾਂਤ, ਗ੍ਰਹਿ ਦੀ ਰੱਖਿਆ ਕਰਨ ਦੀ ਨੈਤਿਕ ਜ਼ਰੂਰਤ ਨੂੰ ਪ੍ਰਗਟ ਕਰਦੇ ਹੋਏ, ਬੱਚਿਆਂ ਵਿੱਚ ਕੁਦਰਤੀ ਸਹਿਹੋਂਦ ਦੇ ਮਹੱਤਵ, ਕੁਦਰਤ ਦੇ ਸੁਯੋਗ ਪ੍ਰਬੰਧਾਂ ਅਤੇ ਕੁਦਰਤ ਸਬੰਧੀ ਸਤਿਕਾਰ ਦੀ ਡੂੰਘੀ ਭਾਵਨਾ ਪੈਦਾ ਕਰਦੀਆਂ ਹਨ।
ਬੱਚਿਆਂ ਵਿੱਚ ਮਾਨਸਿਕ ਵਿਕਾਸ, ਵਾਤਾਵਰਣ ਸਬੰਧੀ ਜਾਗਰੂਕਤਾ ਅਤੇ ਨੈਤਿਕ ਸਮਝ ਤੋਂ ਇਲਾਵਾ ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਭਵਿੱਖ ਦੇ ਖੋਜਕਾਰਾਂ ਲਈ ਪ੍ਰੇਰਨਾ ਦੇ ਸਰੋਤ ਵਜੋਂ ਕੰਮ ਕਰਦੀਆਂ ਹਨ। ਇਨ੍ਹਾਂ ਬਿਰਤਾਂਤਾਂ ਵਿੱਚ ਪੇਸ਼ ਕੀਤੇ ਗਏ ਕਲਪਿਤ ਸੰਸਾਰਾਂ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਬਾਲ ਮਨਾਂ ਵਿੱਚ ਨਵਾਂ ਜਾਨਣ ਦੀ ਇੱਛਾ ਨੂੰ ਵਧਾਉਂਦੀਆਂ ਹਨ, ਉਨ੍ਹਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ, ਜਿੱਥੇ ਵਿਗਿਆਨਕ ਤਰੱਕੀ ਸਮਾਜ ਅਤੇ ਵਾਤਾਵਰਣ ਦੀ ਬਿਹਤਰੀ ਵਿੱਚ ਯੋਗਦਾਨ ਪਾਉਂਦੀ ਹੈ।
ਬਹੁਤ ਸਾਰੇ ਵਿਗਿਆਨੀ ਅਤੇ ਖੋਜਕਰਤਾ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿੱਚ ਆਪਣੀ ਸ਼ੁਰੂਆਤੀ ਦਿਲਚਸਪੀ ਦਾ ਕਾਰਨ ਵਿਗਿਆਨ ਗਲਪ ਰਚਨਾਵਾਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਬਚਪਨ ਵਿੱਚ ਉਨ੍ਹਾਂ ਦੀਆਂ ਕਲਪਨਾਵਾਂ ਨੂੰ ਮੋਹ ਲਿਆ ਸੀ। ਬੱਚਿਆਂ ਨੂੰ ਵਿਗਿਆਨ ਦੇ ਅਜੂਬਿਆਂ ਅਤੇ ਵਾਤਾਵਰਣ ਸੰਭਾਲ ਦੇ ਮਹੱਤਵ ਬਾਰੇ ਦੱਸ ਕੇ ਇਹ ਕਹਾਣੀਆਂ, ਸਮੱਸਿਆ ਹੱਲ ਕਰਨ ਵਾਲੇ ਚਿੰਤਕਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਜਨਮ ਦਿੰਦੀਆਂ ਹਨ। ਅਜਿਹੇ ਚਿੰਤਕ ਉਦੇਸ਼ ਦੀ ਭਾਵਨਾ ਅਤੇ ਇੱਕ ਸੁਖਦ ਭਵਿੱਖ ਦੀ ਉਸਾਰੀ ਲਈ ਵਚਨਬੱਧਤਾ ਦੁਆਰਾ ਪ੍ਰੇਰਿਤ ਹੁੰਦੇ ਹਨ।
ਸਿੱਟੇ ਵਜੋਂ ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਬੱਚਿਆਂ ਦੇ ਮਨਾਂ ਦੇ ਸਹੀ ਵਿਕਾਸ ਲਈ ਅਨਮੋਲ ਸਾਧਨ ਹਨ। ਇਹ ਕਥਾਵਾਂ ਨਾ ਸਿਰਫ਼ ਮਾਨਸਿਕ ਵਿਕਾਸ, ਵਾਤਾਵਰਣ ਜਾਗਰੂਕਤਾ ਅਤੇ ਨੈਤਿਕ ਸਮਝ ਨੂੰ ਉਤਸ਼ਾਹਿਤ ਕਰਦੀਆਂ ਹਨ ਬਲਕਿ ਬਾਲ ਪਾਠਕਾਂ ਨੂੰ ਇੱਕ ਉਜਲੇ ਅਤੇ ਵਧੇਰੇ ਸੁਖਦ ਭਵਿੱਖ ਦੇ ਨਿਰਮਾਤਾ ਬਣਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਜਿਵੇਂ ਕਿ ਅੱਜ ਅਸੀਂ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਇਸ ਲਈ ਵਾਤਾਵਰਣ ਬਾਰੇ ਚੇਤੰਨ ਅਤੇ ਵਿਗਿਆਨ ਦੇ ਗਿਆਨ ਨਾਲ ਭਰਪੂਰ ਬੱਚਿਆਂ ਤੇ ਨੌਜਵਾਨਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਬੱਚਿਆਂ ਨੂੰ ਕਲਪਨਾ ਅਤੇ ਸਿੱਖਿਆ ਦੇ ਸੁਮੇਲ ਵਾਲੀਆਂ ਅਜਿਹੀਆਂ ਕਹਾਣੀਆਂ ਉਪਲਬਧ ਕਰਾ ਕੇ ਅਸੀਂ ਉਨ੍ਹਾਂ ਨੂੰ ਚੰਗੇ ਖੋਜੀ ਬਣਨ, ਹਮਦਰਦੀ ਵਾਲੇ ਸੁਭਾਅ ਦੇ ਧਾਰਣੀ ਬਣਨ ਅਤੇ ਕੁਦਰਤ ਤੇ ਗ੍ਰਹਿ ਬਾਰੇ ਆਪਣੀ ਜ਼ਿੰਮੇਵਾਰੀ ਸਮਝਣ ਤੇ ਸੰਭਾਲਣ ਦੇ ਸਮਰੱਥ ਬਣਾਉਂਦੇ ਹਾਂ। ਇਸ ਤਰ੍ਹਾਂ ਅਸੀਂ ਇੱਕ ਅਜਿਹੀ ਦੁਨੀਆਂ ਦਾ ਆਧਾਰ ਸਿਰਜਦੇ ਹਾਂ, ਜਿੱਥੇ ਨਵੀਂਆਂ ਖੋਜਾਂ, ਪ੍ਰਾਪਤੀਆਂ ਅਤੇ ਵਾਤਾਵਰਣੀ ਸਾਂਭ-ਸੰਭਾਲ ਕਾਰਜ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਣ।

ਲੇਖਕ ਕਿੱਤੇ ਵਜੋਂ ਅਧਿਆਪਕ ਹੈ, ਪਰ ਉਹ ਵਿਗਿਆਨ ਗਲਪ ਲੇਖਕ ਵੀ ਹੈ।

Leave a Reply

Your email address will not be published. Required fields are marked *