ਬੁੱਧ ਦਾ ਮਹਾਂ ਤਿਆਗ

ਅਧਿਆਤਮਕ ਰੰਗ

ਜਗਤਾਰ ਸਿੰਘ ਹਿੱਸੋਵਾਲ
ਫੋਨ: +91-9878330324
ਬੁੱਧ ਦੇ ਗ੍ਰਹਿ ਤਿਆਗ ਦੇ ਫ਼ੈਸਲੇ ਨਾਲ ਰਾਜਾ ਸ਼ੁਧੋਦਨ ਦੇ ਸਾਰੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪਿਤਾ ਨੇ ਸਮਝਾਇਆ, ਮਾਤਾ ਗੌਤਮੀ ਨੇ ਤਰਲੇ ਪਾਏ। ਮਨੁੱਖਤਾ ਦੀ ਪੀੜ ਨੂੰ ਸਮਝਣ ਵਾਲੀ ਤੇ ਪੀੜਤ ਲੋਕਾਈ ਦੀ ਸੇਵਾ ਕਰਨ ਵਾਲੀ ਯਸੋæਧਰਾ ਵੀ ਚਾਹੁੰਦੀ ਸੀ ਕਿ ਦੁੱਖਾਂ ਅਤੇ ਸਮੱਸਿਆਵਾਂ ਵਿਚ ਦਿਨ-ਰਾਤ ਪਿਸ ਰਹੀ ਲੋਕਾਈ ਨੂੰ ਸੱਚਾ ਹਮਦਰਦ ਤੇ ਮਿੱਤਰ ਮਿਲੇ; ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਆਪਣਾ ਰਾਜ ਕੁਮਾਰ ਪਤੀ ਹੀ ਇਹ ਸੰਕਲਪ ਲੈ ਲਵੇਗਾ। ਦੁਵਿਧਾ ਵਿੱਚ ਫ਼ਸ ਗਈ। ਜੇ ਰੋਕਦੀ ਹੈ ਤਾਂ ਦੁੱਖਾਂ ਦੇ ਨਰਕ ਵਿੱਚ ਤੜਫ ਰਹੀ ਲੋਕਾਈ ਲਈ ਆਸਰੇ ਦੀ ਉਮੀਦ ਖ਼ਤਮ ਹੋ ਜਾਵੇਗੀ।

ਜੇ ਵਿਦਾ ਕਰਦੀ ਹੈ ਤਾਂ ਉਸਦਾ ਪਰਿਵਾਰ ਪੁੱਤਰ ਸੁੱਖ ਤੋਂ, ਰਾਹੁਲ ਪਿਤਾ ਦੇ ਸੁੱਖ ਤੋਂ ਅਤੇ ਉਸਦੀ ਜਵਾਨ ਜਹਾਨ ਗ੍ਰਹਿਸਥੀ ਸੇਜ ਵੀ ਸੁੰਨੀ ਹੋ ਜਾਵੇਗੀ। ਉਸਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਿਧਾਰਥ ਦ੍ਰਿੜ੍ਹ ਇਰਾਦੇ ਵਾਲ਼ਾ ਨਵੀਆਂ ਰਾਹਾਂ ਦੀ ਤਲਾਸ਼ ਦਾ ਰਾਹੀ ਹੈ, ਜਿਸਦੇ ਮਨ ਵਿੱਚ ਸਿਰਫ ਤੇ ਸਿਰਫ ਸਾਰੀ ਮਨੁੱਖਤਾ ਦੀ ਬਗ਼ੈਰ ਕਿਸੇ ਭੇਦ-ਭਾਵ ਦੇ ਭਲਾਈ ਦੀ ਇੱਛਾ ਹੈ।
ਮਾਤਾ ਗੌਤਮੀ ਨੇ ਰਾਜ ਕੁਮਾਰ ਨੂੰ ਆਪਣਾ ਫ਼ੈਸਲਾ ਬਦਲ ਲੈਣ ਲਈ ਤਰਲੇ ਪਾਏ, “ਪੁੱਤਰ ਇਹ ਮਹਿਲ ਤੇਰੇ ਤੋਂ ਬਗੈਰ ਮੜ੍ਹੀਆਂ ਵਾਂਗੂੰ ਲੱਗਣਗੇ। ਫੈਸਲਾ ਬਦਲ ਲੈ। ਕੀ ਕਰਨੇ ਅਸੀਂ ਮਹਿਲ! ਕਪਿਲਵਸਤੂ ਵਾਲੇ ਸਾਡਾ ਰਾਜ ਭਾਗ ਤੇ ਖੇਤ ਜ਼ਬਤ ਕਰਦੇ ਨੇ ਤਾਂ ਕਰ ਲੈਣ। ਅਸੀਂ ਕੌਸਲ ਰਾਜ ਦੀ ਸ਼ਰਨ ਵਿੱਚ ਚਲੇ ਜਾਵਾਂਗੇ…। ਨਾ ਜਾ ਮੇਰੇ ਪਿਆਰੇ ਪੁੱਤਰ…ਨਾ ਜਾ।”
“ਇਹ ਦੁੱਖ-ਦਰਦ, ਇਹ ਲੜਾਈਆਂ-ਫ਼ਸਾਦ, ਇਹ ਈਰਖਾ-ਦਵੈਸ਼ ਅਤੇ ਇਹ ਸਵਾਰਥ ਤੇ ਲੋਭ ਤਾਂ ਕੌਸਲ ਰਾਜ ਵਿੱਚ ਵੀ ਹੈ। ਜਿਹੜੇ ਹਾਲਾਤ ਕਪਿਲਵਸਤੂ ਵਿੱਚ ਹਨ, ਉਹੀ ਕੌਸਲਰਾਜ ਵਿੱਚ ਹਨ। ਸਾਰਾ ਸੰਸਾਰ ਹੀ ਆਪਸੀ ਵੈਰ-ਵਿਰੋਧ ਤੇ ਦੁੱਖਾਂ ਦੀ ਆਨੰਤਤਾ ਨਾਲ ਭਰਿਆ ਪਿਆ ਹੈ…। ਮਾਤਾ, ਕਿਤੇ ਵੀ ਸੁੱਖ ਤੇ ਚੈਨ ਨਹੀਂ ਹੈ।” ਸਿਧਾਰਥ ਨੇ ਉੱਤਰ ਦਿੱਤਾ।
ਪਿਤਾ ਨੇ ਕਿਹਾ, “ਰਾਜ ਕੁਮਾਰ, ਤੇਰੀ ਇਸ ਪਰਿਵਾਰ ਨੂੰ ਤੇ ਜਨਤਾ ਨੂੰ ਬਹੁਤ ਲੋੜ ਹੈ। ਤੂੰ ਨਾ ਜਾਹ ਅਤੇ ਰਾਜ ਭਾਗ ਨੂੰ ਸੰਭਾਲ।”
ਰਾਜ ਕੁਮਾਰ ਨੇ ਆਪਣੇ ਮਨ ਦੀ ਹਾਲਤ ਨੂੰ ਬਿਆਨਦਿਆਂ ਕਿਹਾ, “ਪਿਤਾ ਜੀ, ਮੇਰਾ ਮਨ ਸ਼ਾਂਤ ਨਹੀਂ ਹੈ। ਅਸ਼ਾਂਤ ਵਿਅਕਤੀ ਜਨਤਾ ਦੇ ਨਾਲ ਨਿਆਂ ਅਤੇ ਇਨਸਾਫ਼ ਨਹੀਂ ਕਰ ਸਕੇਗਾ।”
“ਪੁੱਤਰ, ਸਾਡੀ ਕੁੱਲ ਵਿੱਚ ਦੇ ਇਤਿਹਾਸ ਵਿੱਚ ਤੇਰੀ ਉਮਰੇ ਕੋਈ ਸੰਨਿਆਸੀ ਨਹੀਂ ਬਣਿਆ।”
“ਪਿਤਾ ਜੀ, ਸਮਾਂ ਬੜੀ ਤੇਜ਼ੀ ਨਾਲ ਸਿਰਪੱਟ ਦੌੜਦਾ ਚਲਾ ਜਾ ਰਿਹਾ ਹੈ। ਮੇਰਾ ਜੋਬਨ ਵੀ ਕੱਲ੍ਹ ਤੱਕ ਢੱਲ ਜਾਣਾ ਹੈ। ਚੰਗੇ ਕੰਮਾਂ ਲਈ ਉਚਿੱਤ ਸਮੇਂ ਨੂੰ ਉਡੀਕਦਿਆਂ ਉਮਰਾਂ ਲੰਘ ਜਾਂਦੀਆਂ ਨੇ।”
ਮਾਂ ਵੀ ਬੇਵੱਸ ਤੇ ਪਿਤਾ ਵੀ ਬੇਵਾਹ। ਜਵਾਨ ਪੁੱਤਰ ਹੱਥਾਂ ਵਿੱਚੋਂ ਖਿਸਕਦਾ ਜਾ ਰਿਹਾ ਸੀ।
ਸਿਧਾਰਥ ਦਾ ਰੱਥਵਾਨ ਛੰਨ ਉਸਦਾ ਏਨਾ ਭੇਤੀ ਸੀ ਕਿ ਸਿਧਾਰਥ ਦੇ ਬੁੱਲਾਂ `ਤੇ ਗੱਲ ਆਉਣ ਤੋਂ ਪਹਿਲਾਂ ਬੁੱਝ ਲੈਂਦਾ ਸੀ। ਛੰਨ ਨੂੰ ਕਦੇ ਵੀ ਰਾਜ ਕੁਮਾਰ ਨੇ ਨੌਕਰ ਵਾਂਗ ਨਹੀਂ ਸੀ ਸਮਝਿਆ। ਇੱਕ ਭਰਾ ਵਾਂਗੂੰ ਇੱਜ਼ਤ ਕਰਦਾ ਅਤੇ ਮਿੱਤਰਾਂ ਵਾਂਗ ਸਲਾਹ ਲੈਂਦਾ। ਇਤਫਾਕਵਸ ਕਿ ਸਾਰਥੀ ਛੰਨ, ਕੰਥਕ ਘੋੜੇ ਅਤੇ ਰਾਜ ਕੁਮਾਰ ਛੰਨ ਦੀ ਜਨਮ ਤਾਰੀਖ ਵੀ ਇੱਕੋ ਸੀ।
ਰਾਜ ਕੁਮਾਰ ਨੇ ਜ਼ਿੰਦਗੀ ਦਾ ਕਾਫ਼ੀ ਸਫ਼ਰ ਛੰਨ ਨਾਲ ਕੀਤਾ ਤੇ ਸੱਚ ਵੱਲ ਸਫ਼ਰ ਦੀ ਸ਼ੁਰੂਆਤ ਵੀ ਛੰਨ ਨਾਲ ਤੈਅ ਕਰਨ ਜਾ ਰਿਹਾ ਸੀ। ਰਾਜ ਕੁਮਾਰ ਨੇ ਰਾਜ ਕੁਮਾਰ ਨੂੰ ਰਾਤ ਦੇ ਪਹਿਲੇ ਪਹਿਰ ਘੋੜੇ ਤਿਆਰ ਰੱਖਣ ਦੀ ਤਾਕੀਦ ਕੀਤੀ। ਜਦੋਂ ਸਾਰਾ ਮਹਿਲ ਸੌਂ ਰਿਹਾ ਸੀ, ਉਦੋਂ ਸਿਧਾਰਥ ਦੇ ਅੰਦਰ ਦੁਨੀਆਂ ਦਾ ਸੱਚਾ ਹਮਦਰਦ ਜਾਗ ਉੱਠਣ ਲਈ ਅੰਗੜਾਈ ਭਰ ਰਿਹਾ ਸੀ।
ਯਸ਼ੋਧਰਾ ਜਾਗੋ-ਮੀਟੀ ਵਿੱਚ ਹੋਣੀ ਤੋਂ ਵਾਕਫ਼ ਸੌਂ ਰਹੀ ਸੀ। ਜਾਗਦੀਆਂ ਅੱਖਾਂ ਦੇ ਨਾਲ਼ ਉਸ ਤੋਂ ਸੱਚ ਧਰਮ ਦੇ ਖੋਜੀ ਨੂੰ ਵਿਦਾ ਨਹੀਂ ਸੀ ਕੀਤਾ ਜਾਣਾ। ਉਹ ਡਰਦੀ ਸੀ ਕਿ ਮੋਹ ਤੇ ਪਿਆਰ ਦੇ ਹੱਥੋਂ ਹਾਰ ਜਾਵੇਗੀ। ਉਹ ਜਾਣਦੀ ਸੀ ਕਿ ਅਜਿਹੀ ਵਸਤੂ ਦੀ ਤਲਾਸ਼ ਵਿੱਚ ਉਸਦਾ ਰਾਜ ਕੁਮਾਰ ਪਤੀ ਜਾ ਰਿਹਾ ਹੈ, ਜੋ ਮਹਿਲਾਂ ਤੋਂ ਵੀ ਉੱਚੀ-ਸੁੱਚੀ ਹੈ। ਉਹ ਵਿਸ਼ਾਲ ਆਕਾਸ਼ ਦੇ ਵਾਸੀ ਨੂੰ ਜੋ ਆਕਾਸ਼ ਦੀ ਉਚਾਈ ਨਾਪਣ ਲਈ ਘੋੜੇ `ਤੇ ਸਵਾਰ ਹੋ ਕੇ ਜਾ ਰਿਹਾ ਹੈ, ਉਸਨੂੰ ਆਪਣੀਆਂ ਬਾਹਵਾਂ ਵਿੱਚ ਕੈਦ ਨਹੀਂ ਕਰਨਾ ਚਾਹੁੰਦੀ। ਉਸਨੂੰ ਅਹਿਸਾਸ ਸੀ ਕਿ ਪੰਛੀ ਤੇ ਫ਼ਕੀਰ ਇੱਕੋ ਹੀ ਸੁਭਾਅ ਦੇ ਮਾਲਕ ਹੁੰਦੇ ਹਨ। ਇਸ ਕਰਕੇ ਉਹ ਬੰਦ ਅੱਖਾਂ ਦੇ ਰਾਹੀਂ ਕਪਿਲਵਸਤੂ ਤੋਂ ਉਦੈ ਹੋ ਰਹੇ ਸੂਰਜ ਨੂੰ ਨਿਹਾਰ ਰਹੀ ਸੀ, ਜਿਸਨੇ ਦੁਨੀਆਂ ਨੂੰ ਸੱਚੇ ਧਰਮ ਦੀ ਰੋਸ਼ਨੀ ਦਾ ਨਿੱਘ ਦੇਣਾ ਸੀ।
ਭਰ ਜੋਬਨ ਮੱਤੀ ਮੁਟਿਆਰ ਯਸ਼ੋਧਰਾ ਅਤੇ ਕਲੀ ਵਰਗਾ ਕੋਮਲ ਤੇ ਸੁਬਕ ਬਾਲਕ ਰਾਹੁਲ ਪਲੰਘ `ਤੇ ਸੌਂ ਰਹੇ ਸੀ। ਸਿਧਾਰਥ ਨੇ ਜੀਅ ਭਰ ਕੇ ਤੱਕਿਆ, ਇਸ ਤੋਂ ਪਹਿਲਾਂ ਕਿ ਵਿਯੋਗ ਦੀ ਪੀੜ ਉਸਦੇ ਮਨ ਨੂੰ ਵਲੂੰਧਰ ਜਾਵੇ, ਉਹ ਬਾਹਰ ਆ ਗਿਆ। ਇਸ ਸਮੇਂ ਉਸਨੇ ਆਪਣੇ ਅਹਿਸਾਸਾਂ ਅਤੇ ਜਜ਼ਬਾਤ ਉੱਪਰ ਪਰਿਵਾਰਕ ਮੋਹ ਨੂੰ ਭਾਰੂ ਨਹੀਂ ਹੋਣ ਦਿੱਤਾ। ਉਸਨੇ ਆਪਣੇ ਦਿਲ ਨੂੰ ਕਰੜਾ ਕੀਤਾ। ਉਸਨੂੰ ਇਹ ਘਰ-ਪਰਿਵਾਰ ਅਤੇ ਰਾਜ ਭਾਗ ਮੋਹ ਦੇ ਵਗਦੇ ਨਾਲਿਆਂ ਵਰਗੇ ਜਾਪੇ, ਪਰ ਉਸਨੂੰ ਤਾਂ ਸਮੁੰਦਰ ਉਡੀਕ ਰਿਹਾ ਸੀ। ਰਿਸ਼ਤਿਆਂ ਦਾ ਮੋਹ ਕੱਚ ਵਾਂਗ ਟੁੱਟਦਾ ਹੋਇਆ ਭਾਵੇਂ ਉਸ ਨੂੰ ਪੈਰਾਂ ਤੋਂ ਸਿਰ ਤੱਕ ਲਹੂ ਲੁਹਾਣ ਕਰ ਰਿਹਾ ਸੀ, ਪਰ ਉਹ ਤੁਰਦਾ ਗਿਆ। ਉਹ ਛੰਨ ਨੂੰ ਨਾਲ ਲੈ ਘੋੜੇ `ਤੇ ਸਵਾਰ ਹੋ ਕੇ ਰਾਜ ਮਹਿਲ ਤੋਂ ਬਾਹਰ ਹੋ ਗਿਆ। ਸਾਰੀ ਰਾਤ ਦੋਵੇਂ ਘੋੜੇ ਦੌੜਦੇ ਰਹੇ। ਤੜਕਸਾਰ ਕਪਿਲਵਸਤੂ ਰਾਜ ਦਾ ਦਰਵਾਜ਼ਾ ਪਾਰ ਕਰ ਗਏ।
ਸਿਧਾਰਥ ਨੇ ਮੁੜ ਕੇ ਕਪਿਲਵਸਤੂ ਵੱਲ ਦੇਖਿਆ, ਜਿੱਥੇ ਉਹ ਮਖ਼ਮਲੀ ਸੇਜ਼ `ਤੇ ਜੰਮਿਆ ਤੇ ਪਲਿਆ; ਮਹਿਲਾਂ ਤੇ ਬਾਗਾਂ ਵਿੱਚ ਖੇਡਿਆ ਤੇ ਜਵਾਨ ਹੋਇਆ। ਜਿੱਧਰੋਂ ਵੀ ਲੰਘਦਾ ਪਿਆਰ ਦੇ ਚਸ਼ਮੇ ਫੁੱਟ ਆਉਂਦੇ। ਸਲਾਮ ਕਰਨ ਲਈ ਲੱਖਾਂ ਹੱਥ ਜੁੜ ਜਾਂਦੇ।
ਮਾਤਾ-ਪਿਤਾ, ਪਤਨੀ ਤੇ ਰਾਹੁਲ ਦੇ ਪਿਆਰ ਦੀਆਂ ਵਹਿੰਦੀਆਂ ਆਬਸ਼ਾਰਾਂ ਵੀ ਉਸਦੇ ਮਨ ਨੂੰ ਤ੍ਰਿਪਤ ਨਾ ਕਰ ਸਕੀਆਂ। ਉਸਦਾ ਮਨ ਹਮੇਸ਼ਾਂ ਅਤ੍ਰਿਪਤ ਤੇ ਪਿਆਸਾ ਹੀ ਰਿਹਾ। ਅਜ਼ੀਬ ਇਤਫ਼ਾਕ ਸੀ ਕਿ ਜਦੋਂ ਸਾਰਾ ਰਾਜ ਸੌਂ ਰਿਹਾ ਸੀ ਤਾਂ ਉਦੋਂ ਉਹ ਲੰਬੀਆਂ ਵਾਟਾਂ ਦਾ ਪਾਂਧੀ ਬਣਿਆ ਤੇ ਜਦੋਂ ਰਾਜ ਦੇ ਲੋਕ ਜਾਗ ਜਾਣਗੇ ਤਾਂ ਉਸਦੇ ਮੁੜ ਆਉਣ ਦੀ ਉਡੀਕ ਕਰਨਗੇ; ਪਰ ਉਸਨੇ ਪ੍ਰਣ ਕੀਤਾ ਕਿ ਉਹ ਉਦੋਂ ਤੱਕ ਵਾਪਸ ਨਹੀਂ ਪਰਤੇਗਾ, ਜਦੋਂ ਤੱਕ ਸੱਚ ਦੀ ਖੋਜ ਨਹੀਂ ਕਰ ਲੈਂਦਾ।
ਆਰੋਮਾ ਨਦੀ ਦੇ ਕਿਨਾਰੇ ਪੁੱਜ ਕੇ ਸਿਧਾਰਥ ਨੇ ਛੰਨ ਨੂੰ ਕਿਹਾ, “ਵਾਪਸ ਪਰਤ ਕੇ ਰਾਜ ਮਹਿਲ ਵਿੱਚ ਖ਼ਬਰ ਦੇਣੀ ਕਿ ਰਾਜ ਕੁਮਾਰ ਸੰਨਿਆਸੀ ਹੋ ਗਿਆ ਹੈ।” ਛੰਨ ਧਾਹੀਂ ਰੋ ਪਿਆ। ਵਿਛੋੜੇ ਦੇ ਨਾਸਹਿਣਯੋਗ ਦੁੱਖ ਵਿੱਚ ਵਿਰਲਾਪ ਕਰਦਿਆਂ ਛੰਨ ਨੇ ਸਿਧਾਰਥ ਦੇ ਪੈਰ ਫੜ੍ਹ ਲਏ, “ਰਾਜ ਕੁਮਾਰ, ਵਾਪਸ ਚੱਲੋ। ਇਹ ਸਾਰਥੀ ਛੰਨ ਰਾਜ ਕੁਮਾਰ ਨੂੰ ਜੰਗਲ ਵਿੱਚ ਇਕੱਲਾ ਤੇ ਬੇਸਹਾਰਾ ਛੱਡਣ ਦਾ ਬੋਝ ਲੈ ਕੇ ਨਹੀਂ ਜਾ ਸਕਦਾ।” ਰਾਜ ਕੁਮਾਰ ਨੇ ਛੰਨ ਨੂੰ ਉਠਾ ਕੇ ਗਲੇ ਨਾਲ ਲਾਇਆ ਤੇ ਕਿਹਾ, “ਮੈਂ ਵਾਪਸ ਜ਼ਰੂਰ ਆਵਾਂਗਾ, ਪਰ ਨਵੀਂ ਰੌਸ਼ਨੀ, ਨਵੀਂ ਆਸ ਅਤੇ ਨਵੇਂ ਵਿਸ਼ਵਾਸ ਲੈ ਕੇ। ਛੰਨ ਮੈਂ ਜ਼ਰੂਰ ਵਾਪਸ ਆਵਾਂਗਾ।”
ਛੰਨ ਰੋਂਦਾ ਰਿਹਾ ਤਾਂ ਫ਼ੇਰ ਸਿਧਾਰਥ ਨੇ ਉਸਨੂੰ ਜਲਦੀ ਮੁੜ ਆਉਣ ਦਾ ਹੌਸਲਾ ਦਿੰਦਿਆਂ ਕਿਹਾ, “ਛੰਨ, ਪਿਤਾ ਨੂੰ ਕਹਿਣਾ ਕਿ ਸਿਧਾਰਥ ਨਾ ਕਦੇ ਡਰਿਆ ਹੈ ਅਤੇ ਨਾ ਹੀ ਕਦੇ ਡਰੇਗਾ। ਨਾ ਹੀ ਦੁਨੀਆਂ ਤੋਂ, ਨਾ ਹੀ ਨਰਕ ਤੋਂ। ਨਾ ਹੀ ਉਸਨੂੰ ਕੋਈ ਲਾਲਚ ਹੈ। ਨਾ ਸਵਰਗ ਦਾ, ਨਾ ਹੀ ਦੁਨੀਆਂ ਦੀ ਉਸਤਤ ਦਾ। ਉਸਨੂੰ ਕਹਿਣਾ ਕਿ ਸਿਧਾਰਥ ਨੇ ਸਭਨਾਂ ਲੋਕਾਂ ਦੇ ਸੁੱਖ ਦੀ ਭਾਲ ਵਿੱਚ ਘਰ ਛੱਡਿਆ ਹੈ।… ਛੰਨ, ਮਾਤਾ ਨੂੰ ਕਹਿਣਾ ਕਿ ਉਕਾਬ ਬੰਦ ਗੁਫ਼ਾ ਵਿਚ ਜੰਮਦਾ ਜ਼ਰੂਰ ਹੈ, ਪਰ ਉਸਨੂੰ ਬੰਦ ਗੁਫ਼ਾ ਵਿਚ ਕੈਦ ਨਹੀਂ ਕੀਤਾ ਜਾ ਸਕਦਾ। ਪੰਛੀ ਜਦੋਂ ਉਡਾਰੂ ਹੋ ਜਾਂਦੇ ਨੇ ਤਾਂ ਆਕਾਸ਼ ਵੱਲ ਉਡਾਰੀ ਮਾਰ ਜਾਂਦੇ ਹਨ।… ਛੰਨ, ਯਸ਼ੋਧਰਾ ਨੂੰ ਕਹਿਣਾ ਕਿ ਜਿਵੇਂ ਬੱਦਲ ਮਿਲਦੇ ਹਨ ਤੇ ਵਿੱਛੜ ਜਾਂਦੇ ਹਨ, ਉਵੇਂ ਹੀ ਵਿਛੋੜਾ ਅਟੱਲ ਸੱਚਾਈ ਹੈ।… ਸਾਰਿਆਂ ਨੂੰ ਹੱਥ ਜੋੜ ਕੇ ਕਹਿਣਾ ਕਿ ਮਖ਼ਮਲੀ ਸੇਜ਼ ਤੇ ਕੁਸਾ ਘਾਹ ਬਾਰੇ ਮਤ ਸੋਚਣਾ। ਰਾਜ ਮਹਿਲ ਦੀ ਅੱਯਾਸ਼ੀ ਤੇ ਜੰਗਲ ਦੀ ਭੁੱਖ ਅਤੇ ਚੁੱਪ ਬਾਰੇ ਮਤ ਸੋਚਣਾ। ਮਹਿਫ਼ਿਲਾਂ ਦੀ ਰੌਣਕ ਤੇ ਸਿਵਿਆਂ ਵਰਗੀ ਖਾਮੋਸ਼ੀ ਬਾਰੇ ਮਤ ਸੋਚਣਾ। ਸਿਰਫ਼ ਮੇਰੇ ਸੰਕਲਪ ਬਾਰੇ ਸੋਚਣਾ। ਵਿਯੋਗ ਨਾ ਕਰਨਾ। ਹੌਸਲਾ ਨਾ ਹਾਰਨਾ। ਨਵੇਂ ਜੀਵਨ ਦੀ ਉਡੀਕ ਕਰਨਾ।”
ਸਿਧਾਰਥ ਨੇ ਆਪਣੇ ਘੋੜੇ ਕੰਥਕ ਦੇ ਮੂੰਹ ਨੂੰ ਚੁੰਮਿਆ। ਕੰਥਕ ਨੇ ਰੋਸ ਤੇ ਦੁੱਖ ਨਾਲ ਆਪਣੇ ਪੈਰਾਂ ਨਾਲ ਮਿੱਟੀ ਨੂੰ ਪੁੱਟ-ਪੁੱਟ ਸੁੱਟਿਆ। ਕੰਥਕ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾਂ ਉਸਦੇ ਮੂੰਹ `ਤੇ ਜੰਮੀ ਧੂੜ ਵਿੱਚੋਂ ਰਾਹ ਬਣਾਉਂਦੀਆਂ ਹੇਠਾਂ ਵੱਲ ਵਹਿ ਤੁਰੀਆਂ। ਫਿਰ ਸਿਧਾਰਥ ਨੇ ਆਪਣੀ ਤਲਵਾਰ ਨਾਲ ਆਪਣੇ ਸਿਰ ਦੇ ਰੇਸ਼ਮੀ ਵਾਲ ਕੱਟ ਕੇ ਛੰਨ ਨੂੰ ਦਿੱਤੇ।
ਛੰਨ ਰੋਂਦਾ ਹੋਇਆ ਵਾਪਸ ਜਾ ਰਿਹਾ ਸੀ। ਸਿਧਾਰਥ ਹੌਸਲੇ ਅਤੇ ਉਤਸ਼ਾਹ ਨਾਲ ਜੰਗਲ ਵੱਲ ਜਾ ਰਿਹਾ ਸੀ। ਪੂਰਬ ਦੀ ਕੁੱਖ ਵਿੱਚੋਂ ਉੱਠ ਰਹੀ ਲਾਲੀ ਸੰਕੇਤ ਦੇ ਰਹੀ ਸੀ ਕਿ ਸੂਰਜ ਚੜ੍ਹਨ ਹੀ ਵਾਲਾ ਹੈ।
ਛੰਨ ਕਦੇ ਉੱਚੀ-ਉੱਚੀ ਚੀਕਦਾ, ਕਦੇ ਘੋੜਾ ਰੋਕ ਕੇ ਪਿੱਛੇ ਵੱਲ ਦੇਖਦਾ ਤੇ ਕਦੇ ਘੋੜੇ ਤੋਂ ਉੱਤਰ ਕੇ ਧਰਤੀ `ਤੇ ਦੁਹੱਥੜ ਮਾਰਦਾ। ਸ਼ਹਿਰ ਵਿੱਚੀਂ ਹੁੰਦਾ ਹੋਇਆ ਅਖ਼ੀਰ ਉਹ ਰਾਜ ਮਹਿਲ ਪਹੁੰਚ ਗਿਆ। ਛੰਨ ਨੂੰ ਦੇਖਦੇ ਸਾਰਾ ਪਰਿਵਾਰ ਵਿਹੜੇ ਵਿੱਚ ਇਕੱਠਾ ਹੋ ਗਿਆ। ਕੰਥਕ ਘੋੜਾ ਸਿਰ ਝੁਕਾਈ ਖੜ੍ਹਾ ਸੀ, ਬੁੱਤ ਬਣਿਆ; ਜਿਵੇਂ ਸਾਹ ਸਤ ਹੀ ਨਾ ਹੋਣ। ਜਿਸ ਕੰਥਕ ਦੀ ਕਾਠੀ `ਤੇ ਰਾਜ ਕੁਮਾਰ ਸਵਾਰੀ ਕਰਦਾ ਸੀ ਉਹ ਕਾਠੀ ਅੱਜ ਸੁੰਨੀ ਸੀ।
ਰਾਜ ਮਹਿਲ ਵਿੱਚ ਦਿਲ ਨੂੰ ਧੂਹ ਪਾਉਂਦੀ ਚੁੱਪ ਨੂੰ ਦੇਖ ਕੇ ਛੰਨ ਨੂੰ ਜਾਪਿਆ ਜਿਵੇਂ ਉਹ ਜੰਗਲ ਵਿੱਚ ਪਹੁੰਚ ਗਿਆ ਹੋਵੇ। ਇਕਦਮ ਅੱਗੇ ਵੱਧ ਕੇ ਰਾਜਾ ਸੁਧੋਦਨ ਨੇ ਛੰਨ ਨੂੰ ਪੁੱਛਿਆ, “ਛੰਨ, ਮੇਰਾ ਲਾਲ ਕਿੱਥੇ ਹੈ?”
ਘੋੜੇ ਤੋਂ ਉਤਰ ਕੇ ਰਾਜ ਕੁਮਾਰ ਦੀ ਕੰਠ ਮਾਲਾ, ਤਲਵਾਰ ਤੇ ਰੇਸ਼ਮੀ ਵਾਲ ਰਾਜਾ ਸ਼ੁਧੋਦਨ ਨੂੰ ਦਿੰਦਿਆਂ ਛੰਨ ਦੀਆਂ ਭੁੱਬਾਂ ਨਿਕਲ ਗਈਆਂ, “ਰਾਜਨ, ਸਾਡਾ ਰਾਜ ਕੁਮਾਰ ਬਣਵਾਸੀ ਹੋ ਗਿਆ।”
ਰਾਜੇ ਨੂੰ ਸੁਣਦਿਆਂ ਗਸ਼ ਪੈ ਗਿਆ। ਮਾਤਾ ਗੌਤਮੀ ਥਾਂਏਂ ਡਿੱਗ ਪਈ। ਯਸ਼ੋਧਰਾ ਸੁੱਧ-ਬੁੱਧ ਹੀ ਗੁਆ ਬੈਠੀ। ਅਹਿਲਕਾਰ, ਸੇਵਕ ਅਤੇ ਸਿਪਾਹੀ ਸਾਰੇ ਹੀ ਹਾਲ ਦੁਹਾਈ ਰੋਣ ਲੱਗੇ। ਸਾਰੇ ਮਹਿਲ ਵਿੱਚ ਮਾਤਮ ਛਾ ਗਿਆ। ਸਾਰਿਆਂ ਦੀ ਅਜ਼ੀਬ ਦਸ਼ਾ- ਨਾ ਕੋਈ ਕਿਸੇ ਨੂੰ ਹੌਂਸਲਾ ਦੇ ਰਿਹਾ ਸੀ, ਨਾ ਕਿਸੇ ਤੋਂ ਰੋਣ ਥੰਮਿਆ ਜਾ ਰਿਹਾ ਸੀ। ਮਾਨੋਂ ਰਾਜ ਕੁਮਾਰ ਸਾਰੇ ਨਗਰ ਨੂੰ ਜੰਗਲ ਵਿੱਚ ਲੈ ਗਿਆ ਹੋਵੇ ਤੇ ਜੰਗਲ ਦੀ ਚੁੱਪ ਨੂੰ ਨਗਰ ਵਿਚ ਛੱਡ ਗਿਆ ਹੋਵੇ। ਉਂਜ ਤਾਂ ਉਵੇਂ ਹੀ ਰਾਤ ਪੈਂਦੀ ਤੇ ਦਿਨ ਚੜ੍ਹਦਾ, ਪਰ ਰਾਜ ਮਹਿਲ ਹਨੇਰਾ ਜਿਹਾ ਹੀ ਪਸਰਿਆ ਰਹਿੰਦਾ!

Leave a Reply

Your email address will not be published. Required fields are marked *