ਨਿਤੀਸ਼ ਕੁਮਾਰ ਫਿਰ ਭਾਜਪਾ ਦੀ ਗੋਦ ‘ਚ, ਮੁੜ ਬਣਿਆ ਮੁੱਖ ਮੰਤਰੀ
ਪੰਜਾਬੀ ਪਰਵਾਜ਼ ਬਿਊਰੋ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੰਘੀ 28 ਜਨਵਰੀ ਨੂੰ ਭਾਜਪਾ ਦੀ ਮਦਦ ਨਾਲ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਇਸੇ ਦਿਨ ਸਵੇਰੇ ਅਸਤੀਫਾ ਦਿੱਤਾ। ਉਨ੍ਹਾਂ ਦੇ ਨਾਲ ਦੋ ਭਾਜਪਾ ਆਗੂਆਂ- ਵਿਜੇ ਕੁਮਾਰ ਸਿਨਹਾ ਅਤੇ ਸਮਰਾਟ ਚੌਧਰੀ ਨੇ ਉੱਪ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਹਾਲ ਦੀ ਘੜੀ ਸਿਰਫ 8 ਮੈਂਬਰੀ ਮੰਤਰੀ ਮੰਡਲ ਹੋਵੇਗਾ। ਬਾਕੀ ਮੰਤਰੀ ਬਾਅਦ ਵਿੱਚ ਲਏ ਜਾਣਗੇ।
ਯਾਦ ਰਹੇ, ਪਹਿਲਾਂ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਨਾਲ ਸਾਂਝ ਭਿਆਲੀ ਨਾਲ ਨਿਤੀਸ਼ ਬਿਹਾਰ ਦੇ ਮੁੱਖ ਮੰਤਰੀ ਸਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਦੁਬਾਰਾ ਗੱਠਜੋੜ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਨ੍ਹਾਂ ਚਰਚਾਵਾਂ ਦੌਰਾਨ ਨਿਤੀਸ਼ ਕੁਮਾਰ ਚੁੱਪ ਰਹੇ। ਉਨ੍ਹਾਂ ਦੀ ਇਸ ਚੁੱਪ ਦਰਮਿਆਨ ਇਹ ਸ਼ੰਕੇ ਵੀ ਪ੍ਰਗਟ ਕੀਤੇ ਜਾਣ ਲੱਗੇ ਸਨ ਕਿ ਉਨ੍ਹਾਂ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਵਿੱਚ ਫੁੱਟ ਪੈ ਸਕਦੀ ਹੈ, ਪਰ ਉਹ ਆਪਣੀ ਪਾਰਟੀ ਦੇ 45 ਵਿਧਾਨ ਸਭਾ ਮੈਂਬਰਾਂ ਨੂੰ ਇਕਜੁਟ ਰੱਖਣ ਵਿੱਚ ਕਾਮਯਾਬ ਰਹੇ। ਭਾਜਪਾ ਅਤੇ ਜਨਤਾ ਦਲ ਯੂਨਾਈਟਿਡ ਸਮੇਤ ਐਨ.ਡੀ.ਏ. ਦੇ ਬਿਹਾਰ ਵਿਧਾਨ ਸਭਾ ਵਿੱਚ 128 ਮੈਂਬਰ ਹਨ; ਜਦਕਿ ਰਾਸ਼ਟਰੀ ਜਨਤਾ ਦਲ, ਕਾਂਗਰਸ ਪਾਰਟੀ ਅਤੇ ਖੱਬੇ ਪੱਖੀਆਂ ਨੂੰ ਮਿਲਾ ਕੇ ਵਿਰੋਧੀ ਗੁੱਟ ਦੇ 114 ਵਿਧਾਨ ਸਭਾ ਮੈਂਬਰ ਹਨ। ਇਸ ਤਰ੍ਹਾਂ ਜਨਤਾ ਦਲ ਦੇ ਭਾਜਪਾ ਨਾਲ ਚਲੇ ਜਾਣ ਨਾਲ ਐਨ.ਡੀ.ਏ. ਵਾਲਿਆਂ ਦੀ ਰਾਜ ਸਭਾ ਵਿੱਚ ਪੁਜੀਸ਼ਨ ਵੀ ਮਜ਼ਬੂਤ ਹੋ ਗਈ ਹੈ।
ਇੰਝ ਬਿਹਾਰ ਦੀ ਰਾਜਨੀਤੀ ਵਿੱਚ ਹੋਈ ਇਸ ਚੱਕ-ਥੱਲ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਤਾਕਤਾਂ ਦਾ ਤੋਲ ਪੂਰੀ ਤਰ੍ਹਾਂ ਬਦਲ ਗਿਆ ਜਾਪਦਾ ਹੈ। ਪੂਰੀ ਹਿੰਦੀ ਬੈਲਟ ਵਿੱਚ ਬਿਹਾਰ ਹੀ ਸੀ, ਜਿੱਥੇ ਭਾਜਪਾ ਜਾਂ ਉਸ ਦੇ ਭਾਈਵਾਲ ਕਾਬਜ ਨਹੀਂ ਸਨ। ਹਾਲ ਹੀ ਵਿੱਚ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਤਿਲੰਗਾਨਾ ਵਿੱਚ ਭਾਵੇਂ ਕਾਂਗਰਸ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਅਤੇ ਮੀਜ਼ੋਰਮ ਵਿੱਚ ਉਥੋਂ ਦੀਆਂ ਸਥਾਨਕ ਪਾਰਟੀਆਂ ਬਾਜ਼ੀ ਮਾਰ ਗਈਆਂ, ਪਰ ਰਾਜਸਥਾਨ, ਮੱਧ ਪ੍ਰਦੇਸ ਅਤੇ ਛਤੀਸਗੜ੍ਹ ਜਿਹੇ ਗਊ ਬੈਲਟ ਨਾਲ ਸਬੰਧਤ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਹੂੰਝਾਂ ਫੇਰ ਗਈ ਸੀ। ਇੰਝ ਸਮੁੱਚੀ ਹਿੰਦੀ ਬੈਲਟ ‘ਤੇ ਭਾਜਪਾ ਨੇ ਹੁਣ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਹ ਗਊ ਪੂਜਕ ਬੈਲਟ ਹੀ ਹੈ, ਜਿਹੜੀ ਕੇਂਦਰੀ ਸੱਤਾ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰਦੀ ਹੈ।
ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਜਨਤਾ ਦਲ ਯੂਨਾਈਟਡ ਦਾ ਗੱਠਜੋੜ ਟੁੱਟ ਜਾਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜੱਸਵੀ ਯਾਦਵ ਨੇ ਕਿਹਾ ਕਿ ਇਸ ਬਖੇੜੇ ਨਾਲ ਖੇਡ ਖਤਮ ਨਹੀਂ ਹੋਈ, ਸਗੋਂ ਇਹ ਖੇਡ ਤਾਂ ਹਾਲੇ ਸ਼ੁਰੂ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਿੱਛੋਂ ਜਨਤਾ ਦਲ ਯੂਨਾਈਟਡ ਦੀ ਹੋਂਦ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਗੇਬਾਜ਼ੀ ਨਾਲ ਨਿਤੀਸ਼ ਕੁਮਾਰ ਅਤੇ ਜਨਤਾ ਦਲ ਯੂਨਾਈਟਿਡ ਨੇ ਆਪਣੀ ਭਰੋਸੇਯੋਗਤਾ ਗਵਾ ਲਈ ਹੈ। ਇਸ ਕਿਸਮ ਦੇ ਕਿਆਫੇ ਕਈ ਹੋਰ ਵਿਸ਼ਲੇਸ਼ਕਾਂ ਨੇ ਵੀ ਲਗਾਏ ਹਨ।
ਚੋਣ ਰਣਨੀਤੀ ਦੇ ਮਾਹਿਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ 2025 ਵਿੱਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਦਾ ਕੋਈ ਵਜੂਦ ਨਹੀਂ ਬਚੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਵੀ ਇਸ ਪਲਟੀ ਦੀ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ। ਯਾਦ ਰਹੇ, ਆਪਣੀ ਨਵੀਂ ਰਾਜਨੀਤਿਕ ਪਾਰਟੀ ਖੜ੍ਹੀ ਕਰਨ ਦੇ ਮਕਸਦ ਨਾਲ ਪ੍ਰਸ਼ਾਂਤ ਕਿਸ਼ੋਰ ਮੁਕੰਮਲ ਬਿਹਾਰ ਦੀ ਪੈਦਲ ਯਾਤਰਾ ਕਰ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਗਰੀਬੀ ਅਤੇ ਬੇਕਾਰੀ ਦੇ ਚੱਕਰ ਵਿੱਚੋਂ ਬਾਹਰ ਕੱਢਣ ਲਈ ਬਿਹਾਰ ਨੂੰ ਰਵਾਇਤੀ ਪਾਰਟੀਆਂ ਦੇ ਚੱਕਰਵਿਊ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੈ।
ਨਿਤੀਸ਼ ਕੁਮਾਰ ਦੇ ਮੰਝਧਾਰ ਵਿੱਚ ਡੋਬਾ ਦੇ ਜਾਣ ‘ਤੇ ਪ੍ਰਤੀਕਰਮ ਪਰਗਟ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਨਿਤੀਸ਼ ਕੁਮਾਰ ਅੱਧ ਵਿਚਕਾਰ ਡੋਬਣਗੇ। ਉਨ੍ਹਾਂ ਕਿਹਾ ਕਿ ਇਸ ਮੁਲਕ ਵਿੱਚ ਇਹੋ ਜਿਹੇ ‘ਆਇਆ ਰਾਮ, ਗਇਆ ਰਾਮ’ ਬਹੁਤ ਹਨ। ਕਾਂਗਰਸ ਨੇ ਨਿਤੀਸ਼ ਕੁਮਾਰ ਨੂੰ ਪਲ-ਪਲ ਕੋਹੜ-ਕਿਰਲੇ ਵਾਂਗ ਰੰਗ ਬਦਲਣ ਵਾਲੇ ਆਗੂ ਦੀ ਸੰਗਿਆ ਵੀ ਦਿੱਤੀ। ਪਾਰਟੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਨਿਤੀਸ਼ ਕੁਮਾਰ ਦਗਾ ਕਮਾਉਣ ਵਿੱਚ ਮਾਹਿਰ ਹੈ। ਉਧਰ ਭਾਰਤੀ ਜਨਤਾ ਪਾਰਟੀ, ਜਿਹੜੀ ਇਸ ਤੋਂ ਪਹਿਲਾਂ ਨਿਤੀਸ਼ ਲਈ ਸਦਾ ਵਾਸਤੇ ਦਰਵਾਜ਼ੇ ਬੰਦ ਕਰਨ ਦੀ ਗੱਲ ਆਖ ਰਹੀ ਸੀ, ਹੁਣ ਆਖ ਰਹੀ ਹੈ ਕਿ ਨਿਤੀਸ਼ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਕੁਦਰਤੀ ਸਹਿਯੋਗੀ ਹੈ।
ਪ੍ਰਸਾਂਤ ਕਿਸ਼ੋਰ ਤੋਂ ਇਲਾਵਾ ਕੁਝ ਹੋਰ ਰਾਜਨੀਤਿਕ ਮਾਹਿਰ ਵੀ ਭਾਰਤੀ ਜਨਤਾ ਪਾਰਟੀ ਦੀ ਸ਼ਾਖ ਦਾਅ ‘ਤੇ ਲੱਗੀ ਵੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਅਜਿਹੀਆਂ ਕਾਰਵਾਈਆਂ ਰਾਹੀਂ ਆਪਣੀ ਸ਼ਾਖ ਗੁਆ ਰਹੀ ਹੈ। ਜਿੱਥੋਂ ਤੱਕ ਬਿਹਾਰ ਦਾ ਸਬੰਧ ਹੈ, ਨਿਰਪੱਖ ਰਾਜਨੀਤਿਕ ਵਿਸ਼ਲੇਸ਼ਕ ਇੱਥੇ ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਦਾ ਤੇਜ਼ੀ ਨਾਲ ਉਭਾਰ ਵੇਖ ਰਹੇ ਹਨ। ਯਾਦ ਰਹੇ, ਪਿਛਲੀਆਂ ਵਿਧਾਨ ਸਭਾਂ ਚੋਣਾਂ ਵਿੱਚ ਤੇਜਸਵੀ ਯਾਦਵ ਵੱਲੋਂ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸੱਤਾ ਵਿੱਚ ਆਉਣ ‘ਤੇ ਨਿਤੀਸ਼-ਤੇਜਸਵੀ ਸਰਕਾਰ ਨੇ ਵੱਡੀ ਪੱਧਰ ‘ਤੇ ਨੌਕਰੀਆਂ ਵੰਡੀਆਂ ਵੀ। ਲੱਖਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸੱਤਾ ਵਿੱਚ ਆਉਣ ਵੇਲੇ ਨਿਤੀਸ਼ ਆਖ ਰਹੇ ਸਨ ਕਿ ਇੰਨੀਆਂ ਨੌਕਰੀਆਂ ਲਈ ਪੈਸਾ ਕਿੱਥੋਂ ਆਏਗਾ, ਪਰ ਤੇਜੱਸਵੀ ਨੇ ਇਸ ਦੀ ਪ੍ਰਵਾਹ ਕੀਤੇ ਬਿਨਾ ਨੌਕਰੀਆਂ ਵੰਡਣ ਲਈ ਨਿਤੀਸ਼ ਨੂੰ ਮਜ਼ਬੂਤ ਕੀਤਾ। ਇੱਥੇ ਇਹ ਵੀ ਚੇਤੇ ਰੱਖਣਾ ਬਣਦਾ ਹੈ ਕਿ ਤੇਜਸਵੀ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਬਿਹਾਰ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਹੈ। ਉਸ ਕੋਲ ਵਿਧਾਨ ਸਭਾ ਵਿੱਚ 79 ਮੈਂਬਰ ਹਨ। ਭਾਜਪਾ ਕੋਲ ਬਿਹਾਰ ਵਿਧਾਨ ਸਭਾ ਵਿੱਚ 78 ਐਮ.ਐਲ.ਏ. ਹਨ, ਜਦਕਿ ਜਨਤਾ ਦਲ ਯੂਨਾਈਟਿਡ ਕੋਲ 45 ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਤੇਜੱਸਵੀ ਯਾਦਵ ਨੇ ਭਾਰਤੀ ਜਨਤਾ ਪਾਰਟੀ ਨੂੰ ਜ਼ੋਰਦਾਰ ਟੱਕਰ ਦਿੱਤੀ ਸੀ। ਇਸ ਤਰ੍ਹਾਂ ਰਾਸਟਰੀ ਜਨਤਾ ਦਲ ਅਤੇ ਜਨਤਾ ਦਲ ਯੂਨਾਈਟਿਡ ਦੀ 19 ਮਹੀਨੇ ਰਹੀ ਸਰਕਾਰ ਨੇ ਬਿਹਾਰੀ ਸਮਾਜ, ਨੌਜਵਾਨਾਂ ਅਤੇ ਵੋਟਰਾਂ ‘ਤੇ ਵੱਡਾ ਪ੍ਰਭਾਵ ਛੱਡਿਆ। ਇਧਰ ਨਵੇਂ ਗੱਠਜੋੜ ਦੀ ਸਰਕਾਰ ਹੋਂਦ ਵਿੱਚ ਆਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬਿਹਾਰ ਵਿੱਚ ਵਿਕਾਸ ਦੀ ਦ੍ਰਿਸ਼ਟੀ ਤੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਅਸਲ ਵਿੱਚ ‘ਇੰਡੀਆ’ ਗੱਠਜੋੜ ਦੀ ਅਖੀਰਲੀ ਮੀਟਿੰਗ ਵਿੱਚ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ‘ਇੰਡੀਆ’ ਗੱਠਜੋੜ ਦਾ ਆਗੂ ਬਣਾਏ ਜਾਣ ਦੀ ਪੈਰਵੀ ਕਰ ਦਿੱਤੀ ਸੀ, ਉਦੋਂ ਤੋਂ ਹੀ ਇਹ ਕਿਆਸ ਲੱਗਣ ਲੱਗ ਪਏ ਸਨ ਕਿ ਨਿਤੀਸ਼ ਕੁਮਾਰ ਕੋਈ ਖਤਰਨਾਕ ਗੇਮ ਖੇਡ ਸਕਦੇ ਹਨ। ਨਵੇਂ ਗੱਠਜੋੜ ਰਾਹੀਂ ਨਿਤੀਸ਼ ਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖ ਰਹੇ ਸਨ, ਜਦਕਿ ਰਾਹੁਲ ਗਾਂਧੀ ਦੇ ਪਿਛਾਂਹ ਹਟਣ ਦੀ ਸੂਰਤ ਵਿੱਚ ਮਮਤਾ ਤੇ ਕੇਜਰੀਵਾਲ ਵੀ ਵੱਡੇ ਸੁਪਨੇ ਵੇਖਣ ਲੱਗੇ ਹਨ; ਕਿਉਂਕਿ ਕੁਲੀਸ਼ਨ ਵਾਲੀ ਸਥਿਤੀ ਵਿੱਚ ਕਿਸੇ ਦਾ ਵੀ ਦਾਅ ਲੱਗ ਸਕਦਾ ਹੈ।
ਉਂਝ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ‘ਇੰਡੀਆ’ ਗੱਠਜੋੜ ਦੀ ਕਾਇਮੀ ਅਤੇ ਇਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਨਿਤੀਸ਼ ਕੁਮਾਰ ਨੇ ਕਾਫੀ ਨੱਠ-ਭੱਜ ਕੀਤੀ। ਕਾਂਗਰਸ ਸਮੇਤ ਬਾਕੀ ਧਿਰਾਂ ਉਸ ਨੂੰ ‘ਇੰਡੀਆ’ ਗੱਠਜੋੜ ਦਾ ਕਨਵੀਨਰ ਬਣਾਉਣ ਲਈ ਤਿਆਰ ਵੀ ਸਨ, ਪਰ ਮਮਤਾ ਤੇ ਕੇਜਰੀਵਾਲ ਦੇ ਬਿਆਨ ਨੇ ਦੁੱਧ ਵਿੱਚ ਕਾਂਜੀ ਘੋਲ ਦਿੱਤੀ। ਇੰਜ ਇਹ ਪਿੰਡ ਬੱਝਣ ਤੋਂ ਪਹਿਲਾਂ ਹੀ ਮੰਗਤਿਆਂ ਦੇ ਚਹਿਲ-ਪਹਿਲ ਹੋ ਜਾਣ ਵਰਗੀ ਘਟਨਾ ਵਾਪਰੀ। ਤ੍ਰਿਣਮੂਲ ਕਾਂਗਰਸ ਦੇ ਆਗੂ, ਕਾਂਗਰਸ ਅਤੇ ਖੱਬੇ ਪੱਖੀ ਧੜੇ ਭਾਵੇਂ ਹਾਲੇ ਵੀ ਆਖ ਰਹੇ ਹਨ ਕਿ ‘ਇੰਡੀਆ’ ਅਲਾਇੰਸ ਮਜ਼ਬੂਤ ਹੋ ਕੇ ਉਭਰੇਗਾ, ਪਰ ਚੋਣਾਂ ਦਾ ਸਮਾਂ ਨੇੜੇ ਆ ਜਾਣ ਕਾਰਨ ਇਸ ਸੱਟ ਦੀ ਭਰਪਾਈ ‘ਇੰਡੀਆ’ ਗੱਠਜੋੜ ਸ਼ਾਇਦ ਹੀ ਕਰ ਪਾਵੇ।