ਪੰਜਾਬੀ ਲੋਕ ਅਤੇ ਯੂ.ਏ.ਈ. ਦੋਵੇਂ ਕਰ ਰਹੇ ਹਨ ਇੱਕ ਦੂਜੇ ਦਾ ਵਿਕਾਸ

ਅਦਬੀ ਸ਼ਖਸੀਅਤਾਂ ਆਮ-ਖਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਯੂ.ਏ.ਈ. ਵਿੱਚ ਤਾਂ ਪੰਜਾਬੀ ਕੰਮ ਕਰਨ ਦੀ ਦ੍ਰਿੜਤਾ ਦੀ ਬਦੌਲਤ ਇਸ ਖਿੱਤੇ ਨੂੰ ਵੀ ਅੱਗੇ ਵਧਾਅ ਰਹੇ ਹਨ ਤੇ ਆਪ ਵੀ ਖ਼ੁਸ਼ਹਾਲ ਹੋਣ ਦਾ ਯਤਨ ਕਰ ਰਹੇ ਹਨ। ਯੂ.ਏ.ਈ. ਦੇ ਭਾਰਤ ਨਾਲ ਆਰਥਿਕ ਅਤੇ ਸਿਆਸੀ ਰਿਸ਼ਤੇ ਸਦੀਆਂ ਪੁਰਾਣੇ ਹਨ। ਯੂ.ਏ.ਈ. ਵਿੱਚ ਭਾਰਤੀ ਰੁਪਏ ਅਤੇ ਭਾਰਤੀ ਡਾਕ ਟਿਕਟਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਸੀ। ਸਗੋਂ ਭਾਰਤੀ ਰੁਪਿਆ ਤਾਂ ਸੰਨ 1947 ਵਿੱਚ ਹੋਈ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਇੱਥੇ ਚੱਲਦਾ ਰਿਹਾ ਸੀ।

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਜਦੋਂ ਪੰਜਾਬੀਆਂ ਲਈ ਰੋਜ਼ੀ-ਰੋਟੀ ਕਮਾਉਣ ਖ਼ਾਤਿਰ ਵਿਦੇਸ਼ੀ ਮੁਲਕਾਂ ਵਿੱਚ ਜਾਣ ਦੀ ਗੱਲ ਆਉਂਦੀ ਹੈ ਤਾਂ ਜਿਨ੍ਹਾਂ ਪੰਜਾਬੀਆਂ ਕੋਲ ਆਪਣੇ ਚਾਰ ਪੈਸੇ ਹੁੰਦੇ ਹਨ ਤੇ ਨਾਲ ਜਿਹੜੇ ਥੋੜ੍ਹਾ ਬਹੁਤ ਇੱਧਰੋਂ-ਉਧਰੋਂ ਦੋਸਤਾਂ-ਰਿਸ਼ਤੇਦਾਰਾਂ ਕੋਲੋਂ ਪੈਸੇ ਦਾ ਬੰਦੋਬਸਤ ਕਰ ਲੈਂਦੇ ਹਨ, ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਫ਼ਰਾਂਸ, ਜਰਮਨੀ, ਇਟਲੀ, ਆਸਟਰੇਲੀਆ ਜਾਂ ਫਿਰ ਨਿਊਜ਼ੀਲੈਂਡ ਜਿਹੇ ਵੱਡੇ ਮੁਲਕਾਂ ਵੱਲ ਪਰਵਾਸ ਕਰ ਜਾਂਦੇ ਹਨ। ਜਿਹੜੇ ਪੰਜਾਬੀ ਆਪਣੀ ਹੈਸੀਅਤ ਅਨੁਸਾਰ ਵੱਡੀਆਂ ਰਕਮਾਂ ਨਹੀਂ ਖ਼ਰਚ ਸਕਦੇ, ਉਹ ਕੁਵੈਤ, ਦੋਹਾ-ਕਤਰ ਜਾਂ ਯੂ.ਏ.ਈ. ਭਾਵ ਸੰਯੁਕਤ ਅਰਬ ਅਮੀਰਾਤ ਵੱਲ ਨੂੰ ਉਡਾਰੀ ਮਾਰ ਦਿੰਦੇ ਹਨ ਤੇ ਉੱਥੇ ਜਾ ਕੇ ਹੱਡ-ਭੰਨ੍ਹਵੀਂ ਮਿਹਨਤ ਕਰਦਿਆਂ ਆਪਣਾ ਭਰਪੂਰ ਪਸੀਨਾ ਵਹਾ ਕੇ ਆਪਣਾ ਪਰਿਵਾਰ ਪਾਲਣ ਜੋਗਾ ਚੋਗਾ ਚੁਗ ਲੈਂਦੇ ਹਨ। ਉਂਜ ਸੰਯੁਕਤ ਅਰਬ ਅਮੀਰਾਤ ਵਿਖੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ ਕਰਕੇ ਕਈ ਵੱਡੇ ਵਪਾਰੀ ਤੇ ਧਨਾਢ ਪੰਜਾਬੀ ਵੀ ਉਥੇ ਜਾਣਾ ਪਸੰਦ ਕਰਦੇ ਹਨ। ਯੂ.ਏ.ਈ. ਦੇ ਤਿੰਨ ਵੱਡੇ ਟਿਕਾਣਿਆਂ ਭਾਵ ਦੁਬਈ, ਆਬੂਧਾਬੀ ਅਤੇ ਸ਼ਾਰਜਾਹ ਵਿਖੇ ਪੰਜਾਬੀ ਵੱਡੀ ਗਿਣਤੀ ਵਿੱਚ ਜਾਂਦੇ ਹਨ ਤੇ ਇੱਕ ਜਾਣਕਾਰੀ ਅਨੁਸਾਰ ਯੂ.ਏ.ਈ. ਵਿਖੇ 50 ਹਜ਼ਾਰ ਦੇ ਕਰੀਬ ਪੰਜਾਬੀ ਵੱਸਦੇ ਹਨ। ਉਂਜ ਇੱਥੇ ਵੱਸਣ ਵਾਲੇ ਕੁੱਲ ਭਾਰਤੀਆਂ ਦੀ ਸੰਖਿਆ 38 ਲੱਖ ਤੋਂ ਵੀ ਵੱਧ ਹੈ ਤੇ ਇਹ ਅੰਕੜਾ ਯੂ.ਏ.ਈ. ਦੀ ਕੁੱਲ ਆਬਾਦੀ ਦਾ 38 ਫ਼ੀਸਦੀ ਦੇ ਕਰੀਬ ਬਣਦਾ ਹੈ।
ਪ੍ਰਾਪਤ ਜਾਣਕਾਰੀ ਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੀਤੇ ਕੁਝ ਕੁ ਵਰਿ੍ਹਆਂ ਵਿੱਚ ਪੰਜਾਬੀਆਂ ਦਾ ਯੂ.ਏ.ਈ. ਵੱਲ ਨੂੰ ਮੁਹਾਰਾਂ ਮੋੜਨ ਦਾ ਰੁਝਾਨ ਪਿਛਲੇ ਸਮਿਆਂ ਦੇ ਮੁਕਾਬਲਤਨ ਥੋੜ੍ਹਾ ਵਧ ਗਿਆ ਹੈ। ਅਜਿਹਾ ਸ਼ਾਇਦ ਇਸ ਕਰਕੇ ਹੈ ਕਿ ਇੱਥੇ ਰੁਜ਼ਗਾਰ ਦੇ ਕਾਫੀ ਮੌਕੇ ਉਪਲਬਧ ਹਨ ਤੇ ਇੱਥੇ ਪਹੁੰਚਣਾ ਘੱਟ ਖ਼ਰਚੀਲਾ ਵੀ ਹੈ। ਇੱਥੇ ਆਏ ਮੱਧਮ ਵਰਗ ਅਤੇ ਅਮੀਰ ਵਰਗ ਦੇ ਪੰਜਾਬੀਆਂ ਨੇ ਭਵਨ ਨਿਰਮਾਣ, ਮਹਿਮਾਨ ਨਵਾਜ਼ੀ, ਟਰਾਂਸਪੋਰਟ ਅਤੇ ਫ਼ਾਇਨਾਂਸ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਪਾ ਕੇ ਯੂ.ਏ.ਈ. ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਇੱਕ ਬੜਾ ਹੀ ਦਿਲਚਸਪ ਤੱਥ ਇਹ ਵੀ ਹੈ ਕਿ ਕੇਵਲ ਪੰਜਾਬ ਜਾਂ ਭਾਰਤ ਤੋਂ ਹੀ ਨਹੀਂ ਸਗੋਂ ਯੂ.ਕੇ., ਯੂ.ਐਸ.ਏ. ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਵੀ ਯੂ.ਏ.ਈ. ਵਿਖੇ ਆ ਕੇ ਕਾਰੋਬਾਰ ਅਤੇ ਨੌਕਰੀਆਂ ਕੀਤੀਆਂ ਜਾ ਰਹੀਆਂ ਹਨ।
ਬੇਹੱਦ ਖ਼ੂਬਸੂਰਤ ਕਹੇ ਜਾਂਦੇ ਦੁਬਈ ਵਿਖੇ ਪੰਜਾਬੀ ਸਿੱਖਾਂ ਦੁਆਰਾ ਉਸਾਰਿਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਾਨਦਾਰ ਭਵਨ ਕਲਾ ਦਾ ਇੱਕ ਖ਼ੂਬਸੂਰਤ ਨਮੂਨਾ ਹੈ। ਇਸ ਪਾਵਨ ਧਾਮ ਦੀ ਉਸਾਰੀ ਸੰਨ 2010 ਵਿੱਚ ਅਰੰਭ ਹੋਈ ਸੀ ਤੇ ਇਸਦੀ ਸਮਰੱਥਾ ਐਨੀ ਕੁ ਹੈ ਕਿ ਇੱਕ ਵਕਤ ਵਿੱਚ ਇੱਥੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਆਸਾਨੀ ਨਾਲ ਬੈਠ ਕੇ ਗੁਰੂ ਜਸ ਗਾ/ਸਰਵਣ ਸਕਦੇ ਹਨ। ਇਸ ਗੁਰਦੁਆਰਾ ਸਾਹਿਬ ’ਤੇ ਅੰਦਾਜ਼ਨ 200 ਕਰੋੜ ਰੁਪਏ ਦੀ ਲਾਗਤ ਆਈ ਦੱਸੀ ਜਾਂਦੀ ਹੈ। ਕਿੰਨੀ ਸੁਭਾਗੀ ਗੱਲ ਹੈ ਕਿ ਇਸ ਪਵਿੱਤਰ ਧਾਮ ਦੇ ਨਿਰਮਾਣ ਲਈ ਦੁਬਈ ਦੇ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਵੱਲੋਂ ਲਗਪਗ 25,400 ਵਰਗ ਫੁੱਟ ਜਗ੍ਹਾ ਪ੍ਰਦਾਨ ਕੀਤੀ ਗਈ ਸੀ। ਇਸਦੀ ਸੰਰਚਨਾ ਮਸ਼ਹੂਰ ਇੰਟੀਰਿਅਰ ਡਿਜ਼ਾਇਨਰ ਪਾਲ ਬਿਸ਼ਪ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਲੰਦਨ ਦੇ ਸਾਊਥਹਾਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਭਵਨ ਕਲਾ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੀ ਗਈ ਹੈ। ਇੱਥੇ ਇੱਕ ਵੱਡਾ ਹਾਲ ਹੈ, ਜਿੱਥੇ ਕੋਈ ਵੀ ਪਿੱਲਰ ਭਾਵ ਥੰਮ੍ਹ ਨਹੀਂ ਹੈ। ਇੱਥੇ ਇੱਕ ਲਾਇਬ੍ਰੇਰੀ ਤੋਂ ਇਲਾਵਾ ਐਨਾ ਵਿਸ਼ਾਲ ਲੰਗਰ ਹਾਲ ਹੈ, ਜਿੱਥੇ ਦਸ ਹਜ਼ਾਰ ਦੇ ਕਰੀਬ ਸ਼ਰਧਾਲੂ ਆਰਾਮ ਨਾਲ ਬੈਠ ਕੇ ਲੰਗਰ ਛਕ ਸਕਦੇ ਹਨ। ਪੰਜਾਬੀਆਂ ਦੀ ਨਵੀਂ ਪਨੀਰੀ ਭਾਵ ਅਗਲੀ ਪੀੜ੍ਹੀ ਨੂੰ ਗੁਰੂ ਘਰ ਅਤੇ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਇੱਥੇ ਹਰ ਸ਼ਨੀਵਾਰ ਨੂੰ ਪੰਜਾਬੀ ਬੋਲੀ ਸਿਖਾਈ ਜਾਂਦੀ ਹੈ ਅਤੇ ਗੁਰਬਾਣੀ ਕੀਰਤਨ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸੰਨ 2016 ਵਿੱਚ ਇੱਥੇ 101 ਮੁਲਕਾਂ ਤੋਂ ਆਈ ਸੰਗਤ ਨੇ ਜੁੜ ਕੇ ਗੁਰੂ ਜਸ ਗਾਇਨ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਜ਼ਿਕਰਯੋਗ ਹੈ ਕਿ ਦੁਬਈ ਦੇ ਸ਼ੇਖ਼ਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਟੈਕਸ ਮੁਕਤ ਰੱਖਿਆ ਹੋਇਆ ਹੈ।
ਇੱਥੇ ਇਤਿਹਾਸ ਦੇ ਪੰਨੇ ਫ਼ਰੋਲਦਿਆਂ ਪਤਾ ਲੱਗਦਾ ਹੈ ਕਿ ਯੂ.ਏ.ਈ. ਦੇ ਭਾਰਤ ਨਾਲ ਆਰਥਿਕ ਅਤੇ ਸਿਆਸੀ ਰਿਸ਼ਤੇ ਤਾਂ ਸਦੀਆਂ ਪੁਰਾਣੇ ਹਨ। 19ਵੀਂ ਸਦੀ ਵਿੱਚ ਯੂ.ਏ.ਈ. ਲਗਪਗ ਆਜ਼ਾਦ ਹੀ ਸੀ, ਪਰ ਇੱਥੋਂ ਦਾ ਰਾਜ ਪ੍ਰਸ਼ਾਸਨ ਬਰਤਾਨਵੀ ਹਕੂਮਤ ਦੁਆਰਾ ਚਲਾਇਆ ਜਾਂਦਾ ਸੀ, ਜਦੋਂ ਕਿ ਇੱਥੋਂ ਦੀ ਵਪਾਰ ਅਤੇ ਬੈਂਕਿੰਗ ਪ੍ਰਣਾਲੀ ਦੀ ਵਿਵਸਥਾ ਦਾ ਸੰਚਾਲਨ ਭਾਰਤ ਦੇ ‘ਖੋਜਾ’ ਅਤੇ ‘ਕੂਚੀ’ ਸਮਾਜ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਸੀ। ਇੱਥੋਂ ਦੇ ਸ਼ਾਸ਼ਕਾਂ ਨੇ ਸੰਨ 1853 ਵਿੱਚ ਬਰਤਾਨਵੀਆਂ ਨਾਲ ਪ੍ਰਸ਼ਾਸਨਿਕ ਕਾਰਜਾਂ ਸਬੰਧੀ ਇੱਕ ਸਮਝੌਤਾ ਵੀ ਕੀਤਾ ਸੀ। ਯੂ.ਏ.ਈ. ਵਿੱਚ ਭਾਰਤੀ ਰੁਪਏ ਅਤੇ ਭਾਰਤੀ ਡਾਕ ਟਿਕਟਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਸੀ। ਭਾਰਤੀ ਰੁਪਿਆ ਤਾਂ ਸੰਨ 1947 ਵਿੱਚ ਹੋਈ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਇੱਥੇ ਚੱਲਦਾ ਰਿਹਾ ਸੀ। ਦੁਨੀਆਂ ਦੇ ਇਸ ਖਿੱਤੇ ਵਿੱਚ ਕੱਚਾ ਤੇਲ ਪੈਦਾ ਹੋਣ ਬਾਰੇ ਪਤਾ ਲੱਗਣ ’ਤੇ ਸੰਨ 1960 ਦੇ ਆਸਪਾਸ ਅਤੇ ਉਸ ਤੋਂ ਬਾਅਦ ਇੱਥੇ ਭਾਰਤ ਤੋਂ ਆਉਣ ਵਾਲੇ ਕਾਰੀਗਰਾਂ ਅਤੇ ਮਜ਼ਦੂਰਾਂ ਦੀ ਸੰਖਿਆ ਕਾਫੀ ਵਧ ਗਈ ਸੀ ਤੇ ਪੰਜਾਬੀ ਲੋਕ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਇੱਥੇ ਵੱਡੀ ਸੰਖਿਆ ਵਿੱਚ ਆ ਵੱਸਣੇ ਸ਼ੁਰੂ ਹੋ ਗਏ ਸਨ।
ਵੀਹਵੀਂ ਸਦੀ ਦੇ ਸੱਤਵੇਂ ਅਤੇ ਅੱਠਵੇਂ ਦਹਾਕੇ ਵਿੱਚ ਇੱਥੇ ਫੈਲੇ ਕੱਚੇ ਤੇਲ ਦੇ ਕਾਰੋਬਾਰ ਅਤੇ ਦੁਬਈ ਵਿੱਚ ਵਿਕਸਿਤ ਹੋਏ ‘ਫ੍ਰੀ ਟਰੇਡ’ ਭਾਵ ‘ਟੈਕਸ ਮੁਕਤ ਵਪਾਰ’ ਨੇ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀਆਂ ਦੀ ਇੱਥੇ ਆਮਦ ਬਹੁਤ ਵਧਾ ਦਿੱਤੀ ਸੀ। ਬੜਾ ਹੀ ਦਿਲਚਸਪ ਤੱਥ ਹੈ ਕਿ ਯੂ.ਏ.ਈ. ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕਾਰੀਗਰਾਂ ਵਿੱਚੋਂ 99 ਫ਼ੀਸਦੀ ਵਿਦੇਸ਼ੀ ਹਨ, ਜਿਨ੍ਹਾਂ ਵਿੱਚੋਂ ਵਧੇਰੇ ਸੰਖਿਆ ਭਾਰਤੀਆਂ ਅਤੇ ਪੰਜਾਬੀਆਂ ਦੀ ਹੈ। ਇੱਥੋਂ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚੋਂ 40 ਫ਼ੀਸਦੀ ਦੇ ਕਰੀਬ ਕਰਮਚਾਰੀ ਭਾਰਤੀ ਮੂਲ ਦੇ ਹੀ ਹਨ। ਇੱਥੋਂ ਦੇ ਉੱਚ-ਸਿੱਖਿਆ ਦੇ ਖੇਤਰ ‘ਗਲਫ਼ ਮੈਡੀਕਲ ਯੂਨੀਵਰਸਿਟੀ’ ਵਿੱਚ ਭਾਰਤ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ, ਜਿੱਥੇ 70 ਮੁਲਕਾਂ ਦੇ ਵਿਦਿਆਰਥੀ ਆ ਕੇ ਉੱਚ-ਪੱਧਰੀ ਮੈਡੀਕਲ ਸਿੱਖਿਆ ਹਾਸਿਲ ਕਰਦੇ ਹਨ। ਇਸੇ ਤਰ੍ਹਾਂ ਭਾਰਤੀ ਮੂਲ ਦੇ ਸ੍ਰੀ ਕਮਲ ਪੁਰੀ ਵੱਲੋਂ ਇੱਥੇ ਸਥਾਪਿਤ ਕੀਤੀ ‘ਸਕਾਈਲਾਈਨ ਯੂਨੀਵਰਸਿਟੀ’ ਵੀ ਯੂ.ਏ.ਈ. ਦੇ ਸਿੱਖਿਆ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।
ਖ਼ੂਬਸੂਰਤ ਦੁਬਈ ਵਿਖੇ ਨਾ ਕੇਵਲ ਭਾਰਤੀ ਫ਼ਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਹੈ, ਸਗੋਂ ਇੱਥੇ ‘ਇੰਟਰਨੈਸ਼ਨਲ ਫ਼ਿਲਮ ਅਕੈਡਮੀ ਐਵਾਰਡ, ਏਸ਼ੀਆਨੈੱਟ ਫ਼ਿਲਮ ਐਵਾਰਡ ਅਤੇ ਫ਼ਿਲਮਫ਼ੇਅਰ ਐਵਾਰਡ ਸਮਾਰੋਹ’ ਆਦਿ ਜਿਹੇ ਕੌਮੀ ਅਤੇ ਕੌਮਾਂਤਰੀ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ। ਸੋ ਭਾਰਤੀਆਂ ਨਾਲ ਤੇ ਖ਼ਾਸ ਕਰਕੇ ਪੰਜਾਬੀਆਂ ਨਾਲ ਯੂ.ਏ.ਈ. ਦਾ ਬੜਾ ਹੀ ਪਿਆਰ ਅਤੇ ਸਹਿਯੋਗ ਭਰਿਆ ਨਾਤਾ ਹੈ। ਇੱਥੇ ਵੱਸਦੇ ਪੰਜਾਬੀ ਆਪਣੀ ਮਿਹਨਤ ਅਤੇ ਲਿਆਕਤ ਦੀ ਬਦੌਲਤ ਇਸ ਖਿੱਤੇ ਨੂੰ ਵੀ ਅੱਗੇ ਵਧਾਅ ਰਹੇ ਹਨ ਤੇ ਆਪ ਵੀ ਖ਼ੁਸ਼ਹਾਲ ਹੋਣ ਦਾ ਯਤਨ ਕਰ ਰਹੇ ਹਨ। ਇਧਰ ਭਾਰਤੀ ਪੰਜਾਬ ’ਚ ਰਹਿੰਦਿਆਂ ਹੋਇਆਂ ਕੋਈ ਵਿਅਕਤੀ ਕਿਸੇ ਕਾਰੋਬਾਰ ਤੋਂ ਜੇਕਰ ਚੰਗੇ ਪੈਸੇ ਕਮਾਉਣ ਲੱਗ ਪਏ ਤਾਂ ਲੋਕ ਆਖਣ ਲੱਗ ਜਾਂਦੇ ਹਨ, “ਓ ਭਾਈ, ਇਸਦੀ ਤਾਂ ਇੱਥੇ ਹੀ ਦੁਬਈ ਬਣੀ ਪਈ ਹੈ।” ਇਹ ਵਾਕ ਦੱਸਦਾ ਹੈ ਕਿ ਦੁਬਈ ਅਤੇ ਸਮੁੱਚਾ ਯੂ.ਏ.ਈ. ਪੰਜਾਬੀਆਂ ਦੀ ਖ਼ੁਸ਼ਹਾਲੀ ਵਿੱਚ ਵਾਧਾ ਕਰਨ ’ਚ ਮਹੱਤਵਪੂਰਨ ਸਥਾਨ ਰੱਖਦਾ ਹੈ।

Leave a Reply

Your email address will not be published. Required fields are marked *