“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਝੰਡੇ ਸ਼ਾਹ, ਸੁਥਰੇ ਸ਼ਾਹ ਅਤੇ ਸੱਯਦ ਸ਼ਾਹ ਜਾਨੀ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਝੰਡੇ ਸ਼ਾਹ
ਝੰਡੇ ਸ਼ਾਹ ਦਾ ਅਸਲ ਨਾਂ ਸੂਫੀ ਸਾਈਂ ਵਲੈਤ ਸ਼ਾਹ ਸੀ। ਪਿੰਡ ਝੰਡੇ ਕਲਾਂ (ਸਰਦੂਲਗੜ੍ਹ) ਦਾ ਹੋਣ ਕਰਕੇ ਲੋਕ ਇਸ ਨੂੰ ਝੰਡੇ ਸ਼ਾਹ ਕਹਿਣ ਲੱਗੇ। ਮਾਨਸਾ ਤਹਿਸੀਲ ਦਾ ਮਸ਼ਹੂਰ ਪਿੰਡ ਹੈ ਝੰਡੇ। ਝੰਡੇ ਸ਼ਾਹ ਨੇ ਗੁਰੂਆਂ ਪ੍ਰਤੀ ਆਪਣੇ ਮਨ ਅੰਦਰ ਅਥਾਹ ਸਨੇਹ ਪਾiਲ਼ਆ ਹੋਇਆ ਸੀ, ਕਿਉਂਕਿ ਉਹ ਆਪਣੇ ਮੁਰਸ਼ਦ ਪਾਸੋਂ ਗੁਰੂ ਘਰ ਦੀ ਮਹਿਮਾ ਬੜੀ ਰੀਝ ਨਾਲ ਸੁਣਦਾ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਸੁਣ ਕੇ ਉਸਨੇ ਦੁੱਖ ਮਨਾਇਆ ਸੀ। ਉਸ ਦਿਨ ਤੋਂ ਬਾਅਦ ਝੰਡੇ ਸ਼ਾਹ ਉਦਾਸ ਰਹਿੰਦਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਉਡੀਕ ਕਰਨ ਲੱਗਿਆ। ਤੜਕੇ ਉਠ ਕੇ ਗਲ਼ੀਆਂ ਵਿੱਚ ਪਾਣੀ ਛਿੜਕਦਾ ਤੇ ਝਾੜੂ ਮਾਰਦਾ ਹੈ, ਜਦੋਂ ਕਿਸੇ ਵੀ ਰਾਹੀ ਨੇ ਪੁੱਛਣਾ ਤਾਂ ਝੰਡੇ ਸ਼ਾਹ ਮੁਹੱਬਤ ਭਿੱਜੇ ਬੋਲਾਂ ਵਿੱਚ ਆਖਦਾ, ‘ਮੇਰੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਾਰਗ ’ਤੇ ਆਉਣਾ ਹੈ, ਮੈਂ ਡਰਦਾਂ ਕਿਧਰੇ ਮਿੱਟੀ ਘੱਟਾ ਉਡ ਕੇ ਗੁਰੂ ਸਾਹਿਬ ’ਤੇ ਨਾ ਪਵੇ…।’ ਸਮਾਂ ਪਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਿੰਡ ਝੰਡੇ ਆਏ ਤਾਂ ਇਹ ਖ਼ੁਸ਼ੀ ’ਚ ਫੁੱਲਿਆ ਨਾ ਸਮਾਇਆ ਤੇ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗੁਰੂ ਸਾਹਿਬ ਨੇ ਜਦੋਂ ਜਲ ਮੰਗਿਆ ਤਾਂ ਝੰਡੇ ਸ਼ਾਹ ਨੇ ਕਿਹਾ, ‘ਗੁਰੂ ਜੀ ਤੁਸੀਂ ਦੁੱਧ ਪੀਓ, ਪਾਣੀ ਤਾਂ ਇੱਥੋਂ ਦਾ ਖਾਰਾ ਹੈ ਜੋ ਪੀਣਯੋਗ ਨਹੀਂ।’ ਗਰੂ ਜੀ ਨੇ ਇੱਕ ਥਾਂ ਨਿਸ਼ਾਨ ਲਾ ਕੇ ਬਚਨ ਕੀਤਾ, ‘ਇਥੇ ਖੂਹ ਪੁੱਟੋ, ਜਲ ਮਿੱਠਾ ਨਿਕਲੇਗਾ…।’ ਗੁਰੂ ਜੀ ਨੇ ਖੂਹ ਲਈ ਮਾਇਆ ਵੀ ਭੇਟ ਕੀਤੀ। ਸੱਚਮੁਚ ਜਦੋਂ ਉੱਥੇ ਖੂਹ ਪੁੱਟਿਆ ਗਿਆ ਤਾਂ ਸੀਤਲ-ਮਿੱਠਾ ਜਲ ਨਿਕਲਿਆ।
ਸੁਥਰੇ ਸ਼ਾਹ
ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡਾਂ ਵਿੱਚੋਂ ਗੁਜ਼ਰ ਰਹੇ ਸਨ। ਉਸ ਸਮੇਂ ਇਹ ਬਾਲ ਰੋਂਦਾ ਕੁਰਲਾਉਂਦਾ ਮਿਲਿਆ ਸੀ। ਮਿੱਟੀ ਵਿੱਚ ਲਿਬੜਿਆ ਹੋਣ ਕਰਕੇ ਗੁਰੂ ਜੀ ਨੇ ਕਿਹਾ ਸੀ, ‘ਲਿਆਓ ਮੈਨੂੰ ਸੰਭਾਲ ਦਿਓ.. ਤੁਹਾਡੇ ਕੱਪੜੇ ਖ਼ਰਾਬ ਹੋ ਜਾਣਗੇ।’ ਗੁਰੂ ਜੀ ਦੇ ਭਗਤ ਭਾਈ ਭਗਤੂ ਨੇ ਕਿਹਾ, ‘ਗੁਰੂ ਜੀ ਇਹ ਕਿਹੜਾ ਕੁਥਰਾ (ਕਰੂਪ) ਹੈ, ਇਸ ਨੂੰ ਸਾਫ਼ ਕਰਕੇ ਹੁਣੇ ਸੁਥਰਾ ਬਣਾ ਲੈਂਦੇ ਹਾਂ।’ ਗੁਰੂ ਜੀ ਦੀ ਛਤਰ-ਛਾਇਆ ਹੇਠ ਉਹ ਪਲਣ ਲੱਗਿਆ। ਜਦੋਂ ਉਸ ਦੇ ਪਰਿਵਾਰ ਨੂੰ ਉਸ ਦੇ ਗੁਰੂ ਸਾਹਿਬ ਕੋਲ਼ ਹੋਣ ਦਾ ਪਤਾ ਲੱਗਿਆ ਤਾਂ ਉਹ ਉਸ ਨੂੰ ਘਰ ਲੈ ਗਏ। ਥੋੜ੍ਹੇ ਸਮੇਂ ਬਾਅਦ ਉਹ ਫਿਰ ਵਾਪਿਸ ਗੁਰੂ ਸਾਹਿਬ ਕੋਲ ਆਇਆ। ਗੁਰੂ ਮਹਾਰਾਜ ਉਸ ਨੂੰ ਦੇਖ ਕੇ ਬੋਲੇ, ‘ਆਓ ਸੁਥਰਾ ਸ਼ਾਹ ਜੀ…।’ ਇੱਥੋਂ ਇਸ ਬਾਲ ਦਾ ਨਾਂ ਸੁਥਰਾ ਸ਼ਾਹ ਪੱਕ ਗਿਆ। ਇਹ ਬਾਲ ਵੱਡਾ ਹੋ ਕੇ ਪੰਜਾਬੀ ਦਾ ਪ੍ਰਸਿੱਧ ਹਾਸ-ਰਸ ਕਵੀ ਬਣਿਆ। ਸੁਥਰੇ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਨਸੀਬ ਹੋਏ। ਦੱਸਿਆ ਜਾਂਦਾ ਹੈ ਕਿ ਸੁਥਰਾ ਸੰਪਰਦਾਇ ਵੀ ਚੱਲੀ ਜਿਸ ਦੇ ਉੱਘੇ ਸੱਜਣ ਭਾਈ ਜਾਂਦੋ, ਭਾਈ ਰਜਾਲ ਸ਼ਾਹ ਤੇ ਅੰਧੇਰੇ ਸ਼ਾਹ ਹੋਏ। (ਨੋਟ: ਸੁਥਰੇ ਸ਼ਾਹ ਦਾ ਮੁਸਲਮਾਨ ਹੋਣਾ ਸਿੱਧ ਨਹੀਂ ਹੋ ਸਕਿਆ।)
ਕਾਜ਼ੀ ਸਲਾਰਦੀਨ
ਕਾਜ਼ੀ ਸਲਾਰਦੀਨ ਪੰਜ ਵਕਤ ਨਮਾਜ਼ੀ ਸੀ। ਇਸਲਾਮਿਕ ਫ਼ਰਜ਼ਾਂ ਦਾ ਪੂਰਕ ਸੀ। ਅੱਲਾ ਦੀ ਹੋਣੀ ਤੋਂ ਭੈਅ ਖਾਂਦਾ ਸੀ, ਦਿਲ ਨਰਮ, ਜ਼ੁਬਾਨ ’ਤੇ ਕਲਮਾ ਸੀ। ਇਸਲਾਮਿਕ ਸ਼ਰਾ ਦੇ ਅੰਦਰ ਰਹਿ ਕੇ ਸਾਰੇ ਧਰਮਾਂ ਨੂੰ ਸਤਿਕਾਰਦਾ ਸੀ। ਉਸ ਦੇ ਦਿਲ ਅੰਦਰ ਕਿਸੇ ਤਰ੍ਹਾਂ ਦੀ ਕੱਟੜਤਾ ਦਾ ਵਾਸਾ ਨਹੀਂ ਸੀ।
ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਨ ਤਾਂ ਕਾਜ਼ੀ ਦੇ ਪਿੰਡ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਜਾ ਰਹੀ ਸੀ। ਇਹ ਵੀ ਦਿਲ ’ਚ ਸ਼ਰਧਾ ਲੈ ਕੇ ਗੁਰੂ ਜੀ ਦੇ ਦਰਬਾਰ ਜਾ ਪਹੁੰਚਿਆ। ਗੁਰੂ ਜੀ ਨੇ ਸਲਾਰਦੀਨ ਨੂੰ ਆਪਣੇ ਕੋਲ਼ ਬਿਠਾਇਆ ਤੇ ਗੁਰੂ ਜੀ ਦੀ ਵਿਚਾਰਧਾਰਾ/ਰਹਿਮ ਦਿਲੀ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਜੀ ਨੇ ਕਾਜ਼ੀ ਨੂੰ ਅੱਲ੍ਹਾ ਪਾਕ ਦੀ ਦਿਲੋਂ ਬੰਦਗੀ ਕਰਨ ਲਈ ਕਿਹਾ, ਭਟਕਿਆਂ ਨੂੰ ਰਾਹ ਪਾਉਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਹਰ ਇਨਸਾਨ ਨੂੰ ਪਰਾਏ ਹੱਕ ਤੋਂ ਇਸ ਤਰ੍ਹਾਂ ਬਚਣਾ ਚਾਹੀਦਾ ਹੈ ਜਿਵੇਂ ਸ਼ਰ੍ਹਾ ’ਚ ਰਹਿਣ ਵਾਲਾ ਮੁਸਲਮਾਨ ਸੂਰ ਦੇ ਮਾਸ ਤੋਂ ਪਰਹੇਜ਼ ਕਰਦਾ ਹੈ; ਕਿਉਂਕਿ ਬੇਗਾਨੇ ਹੱਕਾਂ ਨੂੰ ਦੱਬ ਕੇ ਮਾਨਸਿਕ ਸੰਤੁਸ਼ਟੀ ਨਹੀਂ ਹਾਸਲ ਕੀਤੀ ਜਾ ਸਕਦੀ, ਦੁਨਿਆਵੀ ਸੁਖ ਜ਼ਰੂਰ ਹਾਸਲ ਕੀਤੇ ਜਾ ਸਕਦੇ ਹਨ। ਉਸ ਦਿਨ ਪਿੱਛੋਂ ਕਾਜ਼ੀ ਸਲਾਰਦੀਨ ਗੁਰੂ ਜੀ ਦੇ ਦੱਸੇ ਰਾਹ ’ਤੇ ਤੁਰਨ ਲੱਗਿਆ ਤੇ ਇਸ ਦੀ ਮਹਿਮਾ ਹੋਣ ਲੱਗੀ।
ਸੱਯਦ ਸ਼ਾਹ ਜਾਨੀ
‘ਜਾਨੀ ਕੋ ਇੱਕ ਜਾਨੀ ਬਿਨਾ, ਕੁਛ ਨਾ ਸੁਹਾਵੈ ਉਰ ਇੱਕ ਛਿਨਾ॥’
ਸੱਯਦ ਸ਼ਾਹ ਜਾਨੀ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਇੱਕ ਮੁਸਲਮਾਨ ਫ਼ਕੀਰ ਸੀ, ਜੋ ਹਜ਼ਰਤ ਮੁਹੰਮਦ ਦੀ ਵੰਸ਼ ਵਿੱਚੋਂ ਸੀ। ਉਹ ਪਰਮਾਤਮਾ ਦੀ ਤਲਾਸ਼ ਵਿੱਚ ਭਟਕਦਾ ਰਹਿੰਦਾ ਸੀ। ਬੇਸ਼ੱਕ ਉਹ ਨਿਤ ਸੂਫ਼ੀ ਫ਼ਕੀਰਾਂ ਦੀ ਸੰਗਤ ਕਰਦਾ, ਪਰ ਫੇਰ ਵੀ ਉਸ ਦੀ ਭਟਕਣ ਪਹਿਲਾਂ ਵਾਂਗ ਕਾਇਮ ਸੀ। ਇੱਕ ਵਾਰ ਉਹ ਖਵਾਜ਼ਾ ਰੌਸ਼ਨ ਕੋਲ ਜਾ ਪਹੁੰਚਿਆ ਤੇ ਕਿਹਾ ‘ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹਾਂ।’ ਉਦੋਂ ਖਵਾਜ਼ਾ ਸਾਹਿਬ ਨੇ ਦੱਸਿਆ ਕਿ ਤੂੰ ਸਭ ਧਰਮਾਂ ਦੇ ਸਾਂਝੇ ਪੀਰ ਗੁਰੂ ਹਰਿਗੋਬਿੰਦ ਕੋਲ਼ ਜਾ, ਉਹ ਤੇਰੀ ਭਟਕਣ ਦੂਰ ਕਰ ਸਕਦੇ ਹਨ। ਜਾਨੀ ਇੰਨੀ ਗੱਲ ਸੁਣ ਕੇ ਹੈਰਾਨ ਹੋਇਆ, ‘ਜੀ ਉਹ ਤਾਂ ਤਲਵਾਰ ਦੇ ਧਨੀ ਦੱਸੇ ਜਾਂਦੇ ਹਨ, ਉਹ ਮੈਨੂੰ ਕਿਵੇਂ ਪਰਮਾਤਮਾ ਨਾਲ ਮਿਲਾ ਸਕਦੇ ਹਨ…?’ ਖਵਾਜ਼ਾ ਸਾਹਿਬ ਨੇ ਦੱਸਿਆ, ‘ਉਹ ਅੱਲ੍ਹਾ ਦੇ ਰਸੂਲ ਹਨ, ਹਥਿਆਰ ਤਾਂ ਕਮਜ਼ੋਰ ਦੀ ਰਾਖੀ ਲਈ ਵਰਤਦੇ ਹਨ।’ ਸ਼ਾਹ ਜਾਨੀ ਗੁਰੂ ਹਰਿਗੋਬਿੰਦ ਜੀ ਕੋਲ਼ ਜਾ ਪਹੁੰਚਿਆ ਤੇ ਉਸ ਨੇ ਸੰਗਤ ਵਿੱਚ ਬੈਠ ਕੇ ਜ਼ੋਰ ਦੀ ਆਵਾਜ਼ ਲਗਾਈ, ‘ਜਾਨੀ ਕੋ ਜਾਨੀ ਸੇ ਮਿਲਾ ਦੋ।’ ਗੁਰੂ ਜੀ ਵੀ ਸ਼ਾਹ ਜਾਨੀ ਨੂੰ ਅਜ਼ਮਾਉਣਾ ਚਾਹੁੰਦੇ ਸਨ। ਉਹ ਹਰ ਵਾਰ ਉਸ ਕੋਲ਼ੋਂ ਲੰਘਣ ਲੱਗੇ। ਉਸ ਨੂੰ ਅਣਦੇਖਿਆ ਕਰਕੇ ਲੰਘ ਜਾਂਦੇ। ਗੁਰੂ ਜੀ ਨੇ ਇੱਕ ਵਾਰ ਉਸ ਨੂੰ ਪੈਸੇ ਵੀ ਭੇਜੇ ਸਨ ਕਿ ਉਹ ਲੈ ਕੇ ਵਾਪਿਸ ਪਰਤ ਜਾਵੇ, ਪਰ ਜਾਨੀ ਨੇ ਇਹ ਸਵੀਕਾਰ ਨਾ ਕੀਤੇ ਤੇ ਬੋਲਿਆ, ‘ਮੈਨੂੰ ਤਾਂ ਸੱਚੀ ਦੌਲਤ ਦੀ ਲੋੜ ਐ…।’ ਉਹ ਆਉਂਦੇ-ਜਾਂਦੇ ਹਰ ਸਿੱਖ ਰਾਹੀਂ ਗੁਰੂ ਜੀ ਨੂੰ ਸੁਨੇਹੇ ਘੱਲਦਾ ਸੀ। ਇੱਕ ਦਿਨ ਗੁਰੂ ਜੀ ਨੇ ਫਰਮਾਇਆ ਕਿ ‘ਜੇ ਉਸ ਨੂੰ ਇੰਨੀ ਭੁੱਖ ਹੈ, ਉਹ ਇੰਨਾ ਕਾਹਲਾ ਹੈ ਤਾਂ ਜਾ ਕੇ ਦਰਿਆ ’ਚ ਕੁੱਦ ਪਵੇ।’ ਇੰਨਾ ਸੁਣਦਿਆਂ ਜਾਨੀ ਦਰਿਆ ਵੱਲ ਨੱਸ ਤੁਰਿਆ। ਜਦੋਂ ਗੁਰੂ ਜੀ ਨੂੰ ਖ਼ਬਰ ਹੋਈ ਤਾਂ ਉਨ੍ਹਾਂ ਨੇ ਘੋੜ ਸਵਾਰ ਮਗਰ ਭੇਜੇ ਤੇ ਉਹ ਜਾਨੀ ਨੂੰ ਫੜ ਕੇ ਗੁਰੂ ਜੀ ਕੋਲ਼ ਲੈ ਕੇ ਆਏ। ਗੁਰੂ ਜੀ ਉਸ ਦੀ ਸੱਚੀ ਸ਼ਰਧਾ ਤੋਂ ਬੇਅੰਤ ਪ੍ਰਭਾਵਿਤ ਹੋਏ ਤੇ ਉਸ ’ਤੇ ਗਿਆਨ ਦੀ ਬਖ਼ਸ਼ਿਸ਼ ਕੀਤੀ।