ਚੰਡੀਗੜ੍ਹ ਦੇ ਮੇਅਰ ਦੀ ਚੋਣ ਨੇ ਭਾਜਪਾ ਦੇ ਮਨਸ਼ੇ ਜ਼ਾਹਰ ਕੀਤੇ

ਸਿਆਸੀ ਹਲਚਲ ਖਬਰਾਂ

ਵਿਰੋਧੀ ਗੁੱਟ ਦੀਆਂ 8 ਵੋਟਾਂ ਰੱਦ ਕਰਵਾ ਕੇ ਜਿੱਤੀ ਚੋਣ
-ਜਸਵੀਰ ਸਿੰਘ ਸ਼ੀਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ੱਰ੍ਹੇਆਮ ਧੱਕੇਸ਼ਾਹੀ ਨੇ ਵਿਰੋਧੀ ਧਿਰਾਂ, ਵਕੀਲਾਂ ਅਤੇ ਸਿਵਲ ਸੰਗਠਨਾਂ ਦੇ ਉਨ੍ਹਾਂ ਸ਼ੰਕਿਆਂ ਨੂੰ ਠੋਸ ਤੱਥਾਂ ਦਾ ਆਧਾਰ ਮੁਹੱਈਆ ਕਰਵਾ ਦਿੱਤਾ ਕਿ ਕੇਂਦਰ ਸਰਕਾਰ ਤੇ ਭਾਜਪਾ ਚੋਣ ਕਮਿਸ਼ਨ ਅਤੇ ਚੋਣ ਅਮਲੇ ‘ਤੇ ਆਪਣੇ ਪ੍ਰਭਾਵ ਰਾਹੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਪੱਧਰ ‘ਤੇ ਵੋਟਾਂ ਦੀ ਹੇਰਾਫੇਰੀ ਕਰ ਸਕਦੀ ਹੈ। ਇਸੇ ਖਦਸ਼ੇ ਤਹਿਤ ਵਕੀਲਾਂ ਦੇ ਕਈ ਸੰਗਠਨਾਂ ਵੱਲੋਂ ਈ.ਵੀ.ਐਮ. ਮਸ਼ੀਨਾਂ ਦੀ ਦੁਰਵਰਤੋਂ ਅਤੇ ਅੰਨ੍ਹੇ ਵੀ.ਵੀ.ਪੈਟ ‘ਤੇ ਸੁਆਲ ਚੁੱਕੇ ਜਾ ਰਹੇ ਹਨ। ਉਪਰੋਕਤ ਸੰਗਠਨ ਮੰਗ ਕਰ ਰਹੇ ਹਨ ਕਿ ਜਦੋਂ ਵਿਕਸਿਤ ਮੁਲਕਾਂ ਵਿੱਚ ਚੋਣਾਂ ਚੋਣ ਪਰਚੀ ਰਾਹੀਂ ਹੁੰਦੀਆਂ ਹਨ ਤਾਂ ਸਾਡੇ ਕਿਉਂ ਨਹੀਂ? ਭਾਜਪਾ ਨੇ ਤਾਂ ਇਹ ਵੀ ਵਿਖਾ ਦਿੱਤਾ ਕਿ ਮਸ਼ੀਨਾਂ ਤੋਂ ਬਿਨਾ ਵੀ ਉਨ੍ਹਾਂ ਨੂੰ ਧਾਂਦਲੀ ਕਰਨੀ ਔਖੀ ਨਹੀਂ ਹੈ।

ਚੰਡੀਗੜ੍ਹ ਦੇ ਕੌਂਸਲਰਾਂ ਵਲੋਂ ਮੇਅਰ ਦੀ ਚੋਣ ਪਹਿਲਾਂ ਤਾਂ ਕੁਝ ਦਿਨ ਅੱਗੇ ਪਾਈ ਗਈ, ਪਰ ਅਖੀਰ ਜਦੋਂ ਇਹ ਕਰਵਾਈ ਕੀਤੀ ਗਈ ਤਾਂ ਪ੍ਰਜ਼ਾਈਡਿੰਗ ਅਫਸਰ ਨੇ ‘ਆਪ’ ਅਤੇ ਕਾਂਗਰਸ ਗੱਠਜੋੜ ਦੀਆਂ ਅੱਠ ਵੋਟਾਂ ਰੱਦ ਕਰਕੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜਿਤਾ ਦਿੱਤਾ। ਪ੍ਰਜ਼ਾਈਡਿੰਗ ਅਫਸਰ ਅਨੁਸਾਰ ਵਿਰੋਧੀਆਂ ਦੀਆਂ ਅੱਠ ਵੋਟਾਂ ਰੱਦ ਹੋ ਜਾਣ ਦੀ ਸੂਰਤ ਵਿੱਚ ਭਾਜਪਾ ਦੇ ਮਨੋਜ ਸੋਨਕਰ ਨੂੰ 16 ਵੋਟਾਂ ਅਤੇ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਧੌਲਰ ਨੂੰ 12 ਵੋਟਾਂ ਮਿਲੀਆਂ। ਇਸ ਤਰ੍ਹਾਂ ਭਾਜਪਾ ਉਮੀਦਵਾਰ ਨੂੰ ਚਾਰ ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਚੋਣ ਨਤੀਜੇ ਦੇ ਐਲਾਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਅਤੇ ਵਿਰੋਧੀ ਧਿਰ ਚੋਣ ਨਤੀਜੇ ਦਾ ਬਾਈਕਾਟ ਕਰਦੇ ਹੋਏ ਸਦਨ ਵਿੱਚੋਂ ਵਾਕਆਊਟ ਕਰ ਗਈ। ਇਸ ਤਰ੍ਹਾਂ ਇੱਕ ਵਾਰ ਫਿਰ ਇਹ ਮੁੱਦਾ ਹਾਈਕੋਰਟ ਵਿੱਚ ਜਾ ਪੁੱਜਾ ਹੈ।
ਭਾਜਪਾ ਦੇ ਕੌਂਸਲਰਾਂ ਵਲੋਂ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਅਤੇ ਰਜਿੰਦਰ ਸ਼Lਰਮਾ ਡਿਪਟੀ ਮੇਅਰ ਚੁਣੇ ਗਏ ਹਨ। ਇੰਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਵਿਵਾਦਗ੍ਰਸਤ ਨਤੀਜਾ ਸਾਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗੋਦੀ ਮੀਡੀਆ ਭਾਵੇਂ ਚੁੱਪ ਹੈ, ਪਰ ਸੋਸ਼ਲ ਮੀਡੀਆ ‘ਤੇ ਇਸ ਦੀ ਵਿਆਪਕ ਚਰਚਾ ਹੋ ਰਹੀ ਹੈ। ਨਿਰਪੱਖ ਧਿਰਾਂ ਇਹ ਸੁਆਲ ਜ਼ੋਰ ਨਾਲ ਉਠਾ ਰਹੀਆਂ ਹਨ ਕਿ ਪਹਿਲਾਂ ਨਿਤੀਸ਼ ਨੂੰ ਪਲਟਣ ਤੇ ਬਿਹਾਰ ਸਰਕਾਰ ਗਿਰਾਉਣ ਅਤੇ ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਸ਼ੱਰ੍ਹੇਆਮ ਧੱਕੇਸ਼ਾਹੀ ਕੇਂਦਰ ਸਰਕਾਰ ਦੀ ਮਾਨਿਸਕਤਾ ਨੂੰ ਪ੍ਰਗਟ ਕਰਦੀ ਹੈ। ਇਹ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ. ਦੇ ਮਨ ਵਿੱਚ ਸਾਫ-ਸਫਾਫ ਜਮਹੂਰੀ ਅਮਲ ਦੀ ਕਿੰਨੀ ਕੁ ਕਦਰ ਹੈ।
ਇਸ ਨਤੀਜੇ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਟਵਿੱਟਰ ‘ਤੇ ਲਿਖਿਆ, ‘ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਵੱਲੋਂ ਕੀਤੀ ਗਈ ਚੋਣ ਮਸ਼ੀਨਰੀ ਦੀ ਦੁਰਵਰਤੋਂ ਆਜ਼ਾਦ ਤੇ ਨਿਰਪੱਖ ਚੋਣਾਂ ਵਿੱਚ ਲੋਕਾਂ ਦਾ ਭਰੋਸਾ ਹੋਰ ਘਟਾ ਦੇਵੇਗੀ। ਉਨ੍ਹਾਂ ਕਿਹਾ ਕਿ 2024 ਸਾਡੇ ਲਈ ਲੋਕਤੰਤਰ ਨੂੰ ਬਚਾਉਣ ਦਾ ਆਖਰੀ ਮੌਕਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੋਣ ਅਮਲ ਦੀਆਂ ਧੱਜੀਆਂ ਉਡਾਉਣ ਬਦਲੇ ਪ੍ਰਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 30 ਜਨਵਰੀ ਦਾ ਦਿਨ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਭਾਜਪਾ ਨੇ ਆਪਣੇ ਘੱਟਗਿਣਤੀ ਵਿੰਗ ਦੇ ਮੁਖੀ ਅਨਿਲ ਮਸੀਹ ਨੂੰ ਜਾਣ-ਬੁੱਝ ਕੇ ਪ੍ਰਜ਼ਾਈਡਿੰਗ ਅਫਸਰ ਲਾਇਆ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੇਅਰ ਦੀ ਚੋਣ ਦੇ ਘਪਲੇ ਨੂੰ ਜਮਹੂਰੀਅਤ ਲਈ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਵਿੱਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਕੋਲ ਬਹੁਮੱਤ ਸੀ ਅਤੇ ਇਹ ਇੱਕ ਤਰ੍ਹਾਂ ਨਾਲ ਸਿੱਧੀ ਚੋਣ ਸੀ। ਉਨ੍ਹਾਂ ਕਿਹਾ ਕਿ ਇਹ ਨਤੀਜਾ ਦਰਸਾਉਂਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇੰਡੀਆ ਗੱਠਜੋੜ ਦੇ ਆਗੂਆਂ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਕਿਹਾ ਕਿ ਇਹ ਚੋਣ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਨਿਗਰਾਨੀ ਵਿੱਚ ਕਰਵਾਈ ਜਾਵੇ। ਉਧਰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ‘ਇੰਡੀਆ’ ਗੱਠਜੋੜ ਦੀ ਹਾਰ ਤੋਂ ਸਾਫ ਹੈ ਕਿ ਨਾ ਉਨ੍ਹਾਂ ਦਾ ਗਣਿੱਤ ਅਤੇ ਨਾ ਹੀ ਕੈਮਿਸਟਰੀ ਕੰਮ ਕਰ ਰਹੀ ਹੈ।
ਇੰਜ ਘੱਟੋ ਘੱਟ ਇਸ ਮਸਲੇ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਪਾਰਟੀ ਭਾਜਪਾ ਵਿਰੁੱਧ ਇਕਮੁੱਠ ਹੋ ਗਈਆਂ ਹਨ, ਜਦਕਿ ਪੰਜਾਬ ਕਾਂਗਰਸ ਦੇ ਆਗੂ ਹਾਲੇ ਵੀ ਪੰਜਾਬ ਵਿੱਚ ‘ਆਪ’ ਨਾਲ ਸਾਂਝੇ ਰੂਪ ਵਿੱਚ ਲੋਕ ਸਭਾ ਚੋਣ ਲੜਨ ਦੇ ਪੱਖ ਵਿੱਚ ਨਹੀਂ ਹਨ। ਭਗਵੰਤ ਮਾਨ ਪਹਿਲਾਂ ਹੀ ਪੰਜਾਬ ਵਿੱਚ ਇਕੱਲੇ ਚੋਣਾਂ ਲੜਨ ਦਾ ਐਲਾਨ ਕਰ ਚੁਕੇ ਹਨ। ਉਧਰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਵੀ ਇਕੱਲਿਆਂ ਲੋਕ ਸਭਾ ਚੋਣ ਲੈੜਨ ਦਾ ਐਲਾਨ ਕਰ ਚੁਕੀ ਹੈ। ਲਗਦਾ ਇੰਜ ਹੈ ਕਿ ਸੀਟਾਂ ਦੀ ਬਾਰਗੇਨਿੰਗ ਲਈ ਪਾਰਟੀਆਂ ਇਕੱਲੇ ਚੋਣ ਲੜਨ ਦਾ ਐਲਾਨ ਕਰ ਰਹੀਆਂ ਹਨ। ਨਿਤੀਸ਼ ਕੁਮਾਰ ਦੇ ਇੰਡਿਆ ਗੱਠਜੋੜ ਵਿੱਚੋਂ ਬਾਹਰ ਨਿਕਲ ਜਾਣ ਤੋਂ ਬਾਅਦ ਭਾਵੇਂ ਇਸ ਗੱਠਜੋੜ ਦੀ ਤਾਕਤ ਬਿਖ਼ਰੀ ਲਗਦੀ ਹੈ, ਪਰ ਕਾਂਗਰਸ ਪਾਰਟੀ ਇਸ ਨੂੰ ਮੁੜ ਤਾਕਤ ਬਖਸ਼ਣ ‘ਤੇ ਜ਼ੋਰ ਲਗਾ ਰਹੀ ਹੈ। ਕਾਂਗਰਸ ਪਾਰਟੀ ਦੇ ਆਗੂ ਆਪਣੀ ਅਤੇ ਗੱਠਜੋੜ ਦੀ ਚੋਣ ਮੁਹਿੰਮ ਨੂੰ ਹਮਲਾਵਰ ਢੰਗ ਨਾਲ ਅੱਗੇ ਵਧਾਉਣ ਦਾ ਯਤਨ ਕਰਨ ਲੱਗੇ ਹਨ। ਖੜਗੇ, ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਦੀ ਹਾਲੀਆ ਬਿਆਨਬਾਜ਼ੀ ਇਸ ਪਾਸੇ ਵੱਲ ਹੀ ਇਸ਼ਾਰਾ ਕਰਦੀ ਹੈ। ਇਸ ਸੰਦਰਭ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਕਥਿਤ ਘਪਲਾ ਅਤੇ ਜਮਹੂਰੀ ਪ੍ਰਣਾਲੀ ਲਈ ਖੜ੍ਹੇ ਹੋਏ ਖਤਰਿਆਂ ਦੇ ਮੱਦੇਨਜ਼ਰ ਵਿਰੋਧੀ ‘ਇੰਡੀਆ’ ਗੱਠਜੋੜ ਵਿੱਚ ਜੁੜੀਆਂ ਪਾਰਟੀਆਂ ਆਪਣੇ ਆਪ ਨੂੰ ਪੀਡੀ ਤਰ੍ਹਾਂ ਇਕਮੁੱਠ ਕਰ ਪਾਉਂਦੀਆਂ ਹਨ ਜਾਂ ਨਹੀਂ! ਇਸੇ ‘ਤੇ ਉਨ੍ਹਾਂ ਦੀ ਚੋਣ ਸਫਲਤਾ ਜਾਂ ਅਸਫਲਤਾ ਮੁਨੱਸਰ ਕਰੇਗੀ।

Leave a Reply

Your email address will not be published. Required fields are marked *