ਸ਼ਿਕਾਗੋ: ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐੱਫ.ਆਈ.ਏ.), ਸ਼ਿਕਾਗੋ ਨੇ ਮੈਟ੍ਰਿਕਸ ਕਲੱਬ (ਨੇਪਰਵਿਲ) ਵਿੱਚ ਲੰਘੀ 28 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਦੇ ਜਸ਼ਨ ਮਨਾਏ। ਇਸ ਸ਼ਾਮ ਦੀ ਧਿਆਨ ਦੇਣ ਯੋਗ ਗੱਲ ਪਦਮਸ਼੍ਰੀ ਮਰਹੂਮ ਮੁਹੰਮਦ ਰਫੀ ਦੇ ਪੁੱਤਰ ਸ਼ਾਹਿਦ ਰਫੀ ਤੇ ਹੋਰ ਕਲਾਕਾਰਾਂ ਵੱਲੋਂ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। ਇਹ ਸ਼ਾਮ ਭਾਰਤੀ ਗਣਰਾਜ ਦੀ ਵਿਰਾਸਤ ਦੇ ਜਸ਼ਨ ਦੇ ਨਾਲ ਨਾਲ ਸੱਭਿਆਚਾਰਕ ਚਮਕ ਅਤੇ ਕਲਾਤਮਕ ਸ਼ਕਤੀ ਦੀ ਇੱਕ ਰੌਸ਼ਨੀ ਵਜੋਂ ਮਨਾਈ ਗਈ।
ਸਮਾਗਮ ਦੀ ਸ਼ੁਰੂਆਤ ਐੱਫ.ਆਈ.ਏ. ਦੇ ਸੰਸਥਾਪਕ ਅਤੇ ਚੇਅਰਮੈਨ ਸੁਨੀਲ ਸ਼ਾਹ, ਸਾਬਾਕਾ ਪ੍ਰਧਾਨ ਵਿਨੀਤਾ ਗੁਲਾਬਾਨੀ, ਪ੍ਰਧਾਨ ਪ੍ਰਤਿਭਾ ਜੈਰਥ ਅਤੇ ਹੋਰ ਮੈਂਬਰਾਂ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੇ ਜਾਣ ਨਾਲ ਹੋਈ। ਜਨਰਲ ਸਕੱਤਰ ਨੀਲਾਭ ਦੂਬੇ ਨੇ ਸਟੇਜ ਦੀ ਕਾਰਵਾਈ ਸੰਭਾਲੀ ਅਤੇ ਐੱਫ.ਆਈ.ਏ. ਦੀਆਂ ਸਰਗਰਮੀਆਂ ਬਾਰੇ ਦੱਸਿਆ। ਇਸ ਪਿੱਛੋਂ ਅਨੂ ਮਲਹੋਤਰਾ ਅਤੇ ਸੁਚਿੱਤਰਾ ਕੁਕਰੇਜਾ ਨੇ ਬੜੇ ਉਤਸ਼ਾਹ ਨਾਲ ਸਟੇਜ ਦੀ ਕਮਾਨ ਸੰਭਾਲੀ।
ਇਸ ਮੌਕੇ ਮੁੱਖ ਮਹਿਮਾਨ ਕੌਂਸਲ ਜਨਰਲ ਸੋਮਨਾਥ ਘੋਸ਼ ਨੇ ਗਣਤੰਤਰ ਦਿਵਸ ਦੀ ਸਾਰਥਕਤਾ ਬਾਰੇ ਭਾਵੁਕਤਾ ਨਾਲ ਗੱਲ ਕੀਤੀ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਮੁੱਖ ਸੰਦੇਸ਼ਾਂ ਦੀ ਦਰਸ਼ਕਾਂ/ਸਰੋਤਿਆਂ ਨਾਲ ਸਾਂਝ ਪੁਆਈ। ਸਮਾਗਮ ਪ੍ਰਤੀ ਕੌਂਸਲ ਜਨਰਲ ਸੋਮਨਾਥ ਘੋਸ਼ ਨੇ ਟਿੱਪਣੀ ਕੀਤੀ, “ਇਹ ਸਮਾਗਮ ਸਿਰਫ਼ ਇੱਕ ਪ੍ਰਤੀਬਿੰਬ ਨਹੀਂ ਸੀ, ਸਗੋਂ ਭਾਰਤ ਲਈ ਸਾਡੇ ਪਿਆਰ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਦਾ ਹਿੱਸਾ ਹੋਣ `ਤੇ ਡੂੰਘੇ ਮਾਣ ਦਾ ਇੱਕ ਸਪਸ਼ਟ ਪ੍ਰਗਟਾਵਾ ਸੀ। ਇਸ ਜਸ਼ਨ ਨੇ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨਾਲ ਜੁੜੇ ਗੈਰ-ਨਿਵਾਸੀ ਭਾਰਤੀਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਮਾਣ ਦੀ ਉੱਚੀ ਭਾਵਨਾ ਪੈਦਾ ਕਰਦਿਆਂ ਅਮਿੱਟ ਛਾਪ ਛੱਡੀ।”
ਸੰਸਥਾਪਕ ਚੇਅਰਮੈਨ ਸੁਨੀਲ ਸ਼ਾਹ ਨੇ ਸ਼ਿਕਾਗੋਲੈਂਡ ਵਿੱਚ ਅਤੇ ਇਸ ਦੇ ਆਲੇ-ਦੁਆਲੇ ਦੇ ਡਾਇਸਪੋਰਾ ਨੂੰ ਗੁਆਂਢੀ ਰਾਜਾਂ ਵਿੱਚ ਫੈਲਾਉਣ ਸਮੇਤ ਡਾਇਸਪੋਰਾ ਨੂੰ ਇੱਕਜੁੱਟ ਕਰਨ ਵਿੱਚ ਐੱਫ.ਆਈ.ਏ. ਦੀ ਭੂਮਿਕਾ ਦੀ ਤਸਵੀਰ ਪੇਸ਼ ਕੀਤੀ। ਸੁਨੀਲ ਸ਼ਾਹ ਨੇ ਸੰਗਠਨ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਬਾਰੇ ਵੀ ਚਾਨਣਾ ਪਾਇਆ। ਸਾਬਕਾ ਪ੍ਰਧਾਨ ਵਿਨੀਤਾ ਗੁਲਾਬਾਨੀ ਨੇ ਸੰਸਥਾ ਦੇ 58 ਤੋਂ 160 ਮੈਂਬਰਾਂ ਦੇ ਅਸਾਧਾਰਣ ਵਾਧੇ `ਤੇ ਰੌਸ਼ਨੀ ਪਾਈ ਅਤੇ 2023 ਦੀਆਂ ਪ੍ਰਾਪਤੀਆਂ ਦਾ ਵਿਖਿਆਨ ਕੀਤਾ, ਜਿਵੇਂ ਕਿ ਫੰਡਿੰਗ, ਇਵੈਂਟ ਦੇ ਆਕਾਰ ਅਤੇ ਮੇਜ਼ਬਾਨੀ ਸਮਾਗਮਾਂ ਦੀ ਸੰਖਿਆ ਵਿੱਚ 300 ਪ੍ਰਤੀਸ਼ਤ ਵਾਧੇ ਦਾ ਪ੍ਰਮਾਣ। ਪ੍ਰਧਾਨ ਪ੍ਰਤਿਭਾ ਜੈਰਥ ਨੇ ਕਾਰਜਕਾਰੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 2024 ਲਈ ਆਪਣੀ ਅਭਿਲਾਸ਼ੀ ਯੋਜਨਾ ਦੀ ਰੂਪ-ਰੇਖਾ ਦਿੱਤੀ।
ਇਸ ਤੋਂ ਇਲਾਵਾ ਸਈਅਦ ਹੁਸੈਨੀ, ਮਨੀਸ਼ ਗਾਂਧੀ, ਆਸ਼ਾ ਓਰੋਸਕਰ, ਪਿੰਕੀ ਠੱਕਰ, ਲਖਵੀਰ ਸਹੋਤਾ, ਡਾ. ਅਨੁਜਾ ਗੁਪਤਾ, ਡਾ. ਭੁਪਿੰਦਰ ਬੇਰੀ, ਡਾ. ਸੁਰੇਸ਼ ਰੈਡੀ, ਨਿਮਿਸ਼ ਜਾਨੀ, ਸ਼ਰੂਜਲ ਪਟੇਲ, ਸੁਸ਼ਮਾ ਭਨੋਟ, ਸ਼ੀਤਲ ਦਫ਼ਤਰੀ, ਅਤੇ ਜਸਬੀਰ ਸੁੱਗਾ ਨੇ ਵੀ ਐਫ.ਆਈ.ਏ. ਬਾਰੇ ਆਪਣੇ ਵਿਚਾਰ ਸਾਂਝੇ ਕੀਤੇ|
ਉਪਰੰਤ ਅਥਰਵ ਡਾਂਸ ਅਕੈਡਮੀ ਦੇ ਬੱਚਿਆਂ ਨੇ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਡਾਂਸ ਪੇਸ਼ ਕੀਤਾ। ਇਸ ਮੌਕੇ ਵਿਭਿੰਨ ਖੇਤਰਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਕੁਝ ਵਿਅਕਤੀਆਂ ਨੂੰ ਕੌਂਸਲ ਜਨਰਲ ਤੇ ਸੰਸਥਾ ਦੇ ਨਮਾਇੰਦਿਆਂ ਵੱਲੋਂ ਅਵਾਰਡ ਅਤੇ ਸਨਮਾਨ ਪ੍ਰਦਾਨ ਕੀਤੇ ਗਏ। ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਵਿੱਚ ਐੱਫ.ਆਈ.ਏ. ਵੱਲੋਂ ਭਾਰਤ ਦੇ ਗਣਤੰਤਰ ਦਿਵਸ `ਤੇ ਹਰ ਸਾਲ ‘ਵਿੱਤੀ ਲੋੜਾਂ ਅਤੇ ਅਕਾਦਮਿਕ ਉੱਤਮਤਾ ਸਕਾਲਰਸ਼ਿਪ ਪ੍ਰੋਗਰਾਮ’ ਤਹਿਤ ਵਜ਼ੀਫੇ ਦਿੱਤੇ ਜਾਂਦੇ ਹਨ। ਇਸ ਸਾਲ 35 ਤੋਂ ਵੱਖ ਦਰਖਾਸਤਾਂ ਪ੍ਰਾਪਤ ਹੋਈਆਂ ਸਨ, ਪਰ ਸਖ਼ਤ ਮੁਲੰਕਣ ਪਿੱਛੋਂ 17 ਉਮੀਦਵਾਰਾਂ ਦੀ ਚੋਣ ਕੀਤੀ ਗਈ। ਮੌਕੇ `ਤੇ 6 ਵਿਅਕਤੀਆਂ ਨੂੰ ਵਜ਼ੀਫੇ ਨਾਲ ਸਨਮਾਨਿਤ ਕੀਤਾ ਗਿਆ।
ਐੱਫ.ਆਈ.ਏ. ਦੀ ਉਪ ਪ੍ਰਧਾਨ ਚਾਂਦਨੀ ਦੁਵਵੁਰੀ ਨੇ ਪੂਰੇ ਸੰਗਠਨ ਦੀ ਤਰਫੋਂ ਧੰਨਵਾਦ ਪ੍ਰਗਟਾਇਆ। ਉਸ ਨੇ ਕੌਂਸਲ ਜਨਰਲ ਸੋਮਨਾਥ ਘੋਸ਼, ਕੋਰਟ ਜੱਜ ਲਿੰਡਾ ਡੇਵਨਪੋਰਟ ਅਤੇ ਹੋਰ ਮਾਣਯੋਗ ਪਤਵੰਤਿਆਂ ਦਾ ਧੰਨਵਾਦ ਕੀਤਾ।
ਸ਼ਾਹਿਦ ਰਫੀ ਨੇ ਮੁਹੰਮਦ ਰਫੀ ਦੇ ਨਿੱਜੀ ਜੀਵਨ ਅਤੇ ਪਿਤਾ ਦੇ ਰੂਪ ਵਿੱਚ ਉਸ ਦੀ ਭੂਮਿਕਾ ਬਾਰੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ। ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ’, ‘ਚਾਹੇ ਕੋਈ ਮੁਝੇ ਜੰਗਲੀ ਕਹੇ’, ‘ਯੇ ਚੰਦ ਸਾ ਰੌਸ਼ਨ ਚਿਹਰਾ’, ‘ਗੁਲਾਬੀ ਆਂਖੇਂ’ ਅਤੇ ‘ਪਰਦਾ ਹੈ ਪਰਦਾ’ ਵਰਗੀਆਂ ਕਲਾਸਿਕ ਵੰਨਗੀਆਂ ਨੇ ਸਟੇਜ `ਤੇ ਧੁਨਾਂ ਬਿਖੇਰ ਦਿੱਤੀਆਂ। ‘ਐਨ ਈਵਨਿੰਗ ਇਨ ਪੈਰਿਸ’ ਦੀ ਬਿਜਲਈ ਪੇਸ਼ਕਾਰੀ ਅਤੇ ਗਾਇਕ ਨੀਲਾਜਨ ਰੇਅ, ਪ੍ਰਿਯੰਕਾ ਮਿੱਤਰਾ, ਸੈਮੀ ਐੱਮ., ਗੌਤਮੀ ਰੌਏ, ਪ੍ਰਖਰ ਘੋਸ਼ ਤੇ ਮੁਹੰਮਦ ਸਲਾਮਤ ਦੇ ਸੁਪਰ-ਹਿੱਟ ਪ੍ਰਦਰਸ਼ਨ ਨੇ ਦਰਸ਼ਕ ਝੂਮਣ ਲਾ ਦਿੱਤੇ।
ਸ਼ਾਹਿਦ ਰਫੀ ਨੇ ਮੁਹੰਮਦ ਰਫੀ ਦੇ ਗੀਤਾਂ ‘ਮੇਰਾ ਰੰਗ ਦੇ ਬਸੰਤੀ ਚੋਲਾ’, ‘ਕਰੋ ਜ਼ਿੰਦਗੀ ਕੋ ਵਤਨ ਕੇ ਹਵਾਲੇ’ ਅਤੇ ‘ਨਫ਼ਰਤ ਕੀ ਲਾਠੀ ਤੋੜੋ’ ਰਾਹੀਂ ਖੂਬ ਰੰਗ ਬੰਨਿ੍ਹਆ। ‘ਸਰਫਰੋਸ਼ੀ ਕੀ ਤਮੰਨਾ’ ਅਤੇ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਵਰਗੇ ਗੀਤਾਂ ਨੇ ਇੱਕ ਜਜ਼ਬਾਤੀ ਭਾਵ ਉਭਾਰਿਆ। ਰਿਜ਼ਵਾਨ ਅਤੇ ਸ਼ਾਹਿਦ ਰਫ਼ੀ ਵਿਚਕਾਰ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਹਾਸੇ ਦੇ ਫੁਹਾਰੇ ਛੁਟਦੇ ਰਹੇ। ਇਹ ਸ਼ਾਮ ਦੇਸ਼ਭਗਤੀ, ਪੁਰਾਣੀਆਂ ਯਾਦਾਂ ਤੇ ਮਨੋਰੰਜਨ ਭਰਪੂਰ ਸ਼ਾਮ ਹੋ ਨਿਬੜੀ।