ਰਾਮ ਚੰਦ ਡਾਕੀਆ

ਸਾਹਿਤਕ ਤੰਦਾਂ

ਬਾਰੀਕ ਬਾਰੀਕ ਤੰਦਾਂ ਨਾਲ ਬੁਣੀ ਗਈ ਇਸ ਕਹਾਣੀ ਦੀ ਬੁਣਤੀ ਬੜੀ ਦਿਲ ਟੁੰਬਵੀਂ ਹੈ ਤੇ ਅਹਿਸਾਸ ਨਾਲ ਭਰੀ ਭਰੀ ਹੈ। ਕਹਾਣੀਕਾਰ ਨੇ ਰਾਮ ਚੰਦ ਡਾਕੀਏ ਰਾਹੀਂ ਜੋ ਸੁਨੇਹਾ ਦਿੱਤਾ ਹੈ, ਉਹ ਹੈ ਤਾਂ ਬੜਾ ਸਾਦਾ ਜਿਹਾ, ਪਰ ਉਸ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਦੀ ਜੋ ਦ੍ਰਿੜਤਾ ਦਰਸਾਈ ਗਈ ਹੈ ਤੇ ਉਸ ਵਿੱਚੋਂ ਮਿਲਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ, ਉਹ ਬਹੁਤ ਹੀ ਸਾਰਥਕ ਹੋਣ ਦੇ ਨਾਲ ਨਾਲ ਸਕੂਨ ਦੇਣ ਵਾਲੇ ਹਨ।

ਸਿਮਰਨ ਧਾਲੀਵਾਲ
ਫੋਨ: +91-9463215168

ਸਵੇਰ ਤੋਂ ਹੀ ਨਿੱਕਾ-ਨਿੱਕਾ ਮੀਂਹ ਪੈ ਰਿਹਾ ਸੀ।
ਰਾਮ ਚੰਦ ਨੇ ਪੈਂਦੀਆਂ ਕਣੀਆਂ ਵਿੱਚ ਹੀ ਨੇੜੇ-ਨੇੜੇ ਡਾਕ ਵੰਡੀ। ਫਿਰ ਡਾਕ ਘਰ ਗਿਆ। ਕਲਰਕ ਪ੍ਰੇਮ ਪਾਲ ਨਾਲ ਦੋ ਚਾਰ ਗੱਲਾਂ ਕੀਤੀਆਂ। ਡਾਕ ਪੈਕ ਕਰਨ ਵਾਲੇ ਮੁੰਡੇ ਸੁਧੀਰ ਦਾ ਹਾਲ-ਚਾਲ ਪੁਛਿਆ ਤੇ ਛਤਰੀ ਤਾਣੀ, ਫਾਟਕ ਵਾਲੀ ਗਲੀ ਪੈ ਕੇ ਘਰ ਆ ਗਿਆ। ਗਿੱਲੇ ਕੱਪੜੇ ਉਤਾਰੇ। ਡਾਕ ਵਾਲੇ ਥੈਲੇ ਵਿੱਚੋਂ ਬਚੀਆਂ ਚਿੱਠੀਆਂ ਤੇ ਇੱਕ ਮਨੀਆਰਡਰ ਕੱਢ ਕੇ ਨੇੜੇ ਹੀ ਮੇਜ਼ ਉਤੇ ਖਿਲਾਰ ਦਿੱਤੇ। ਥੈਲੇ ਵਿੱਚ ਪਾਣੀ ਤਾਂ ਨਹੀਂ ਸੀ ਪਿਆ, ਪਰ ਡਾਕ ਸਿੱਲੀ ਜਿਹੀ ਸੀ।
“ਮੀਂਹ ਵੀ ਕਿਤੇ ਥੋੜ੍ਹਾ ਪਿਆ!” ਉਹਨੇ ਮਨ ਵਿੱਚ ਸੋਚਿਆ।
ਫਿਰ ਉਹਦਾ ਧਿਆਨ ਮਨੀਆਰਡ ਵੱਲ ਚਲਾ ਗਿਆ। ਪੈਂਤੀ ਸੌ ਰੁਪਈਆਂ ਦਾ ਮਨੀਆਰਡਰ ਸੀ। ਜਾਣਦੇ ਹੋਏ ਵੀ ਇਹ ਕਿਸਦਾ ਹੈ ਤੇ ਕਿੱਥੋਂ ਆਇਆ, ਰਾਮ ਚੰਦ ਫਿਰ ਵੀ ਮਨੀਆਰਡਰ ’ਤੇ iਲ਼ਖਿਆ ਹੋਇਆ ਪਤਾ ਦੁਬਾਰਾ ਪੜ੍ਹਨ ਲੱਗਾ- ‘ਬਲਬੀਰ ਸਿੰਘ ਪਿਤਾ ਅਛਰੂ ਸਿੰਘ ਮਕਾਨ ਨੰ: 32 ਬੈਂਕ ਵਾਲੀ ਗਲੀ। ਸ਼ਾਂਤੀ ਨਗਰ।’
ਸਭ ਤੋਂ ਹੇਠਾਂ ਭੇਜਣ ਵਾਲੇ ਦਾ ਪਤਾ ਸੀ। ਭੇਜਣ ਵਾਲਾ ਸੀ ਬਲਬੀਰ ਸਿੰਘ ਦਾ ਪੁੱਤਰ ਮਹਾਂਬੀਰ। ਜੋ ਕਿਧਰੇ ਅਸਾਮ ਵਾਲੇ ਪਾਸੇ ਕਿਸੇ ਕੰਪਨੀ ਵਿੱਚ ਮੁਲਾਜ਼ਮ ਸੀ।
“ਵਿਚਾਰਾ ਬਲਬੀਰ ਸਿਹੁੰ ਰੋਜ਼ ਪੁਛਦਾ ਸੀ ਮਨੀਆਰਡਰ ਦਾ। ਮੀਂਹ ਨੇ ਪੇਸ਼ ਨਹੀਂ ਜਾਣ ਦਿੱਤੀ, ਨਹੀਂ ਤਾਂ ਅੱਜ ਹੀ ਦੇ ਕੇ ਆਉਂਦਾ।” ਰਾਮ ਚੰਦ ਨੂੰ ਜਿਵੇਂ ਕੋਈ ਪਛਤਾਵਾ ਜਿਹਾ ਹੋ ਰਿਹਾ ਹੋਵੇ। ਪਿਛਲੀ ਵਾਰ ਜਦੋਂ ਉਹ ਬਲਬੀਰ ਸਿਹੁੰ ਦੇ ਮੁਹੱਲੇ ਵਿੱਚ ਕਿਸੇ ਦੀ ਡਾਕ ਦੇਣ ਗਿਆ ਸੀ ਤਾਂ ਧੁੱਪੇ ਕੇਸੀ ਨਹਾ ਕੇ ਬੈਠੇ ਬਲਬੀਰ ਸਿਹੁੰ ਨੇ ਰਾਮ ਚੰਦ ਨੂੰ ਗਲੀ ਵਿੱਚੋਂ ਲੰਘਦਿਆਂ ਦੇਖ ਕੇ ਹਾਕ ਮਾਰ ਲਈ ਸੀ।
“ਰਾਮ ਚੰਦਾ ਆਜਾ! ਸੇਕ ਲੈ ਧੁੱਪ ਤੂੰ ਵੀ ਘੜੀ।” ਜਨਵਰੀ ਦਾ ਪਹਿਲਾ ਹਫ਼ਤਾ ਸੀ ਉਦੋਂ। ਠੰਡ ਤਾਂ ਲੋਹੜੇ ਦੀ ਸੀ। ਰਾਮ ਚੰਦ ਧੁੱਪ ਸੇਕਣ ਦੇ ਲਾਲਚ ਤੋਂ ਬਚ ਨਾ ਸਕਿਆ ਤੇ ਜਾ ਕੇ ਬਲਬੀਰ ਸਿਹੁੰ ਦੇ ਨੇੜੇ ਪਈ ਲੋਹੇ ਦੀ ਕੁਰਸੀ ’ਤੇ ਜਾ ਬੈਠਾ।
“ਮੇਰਾ ਮਨੀਆਰਡ ਆਉਣਾ ਇੱਕ ਰਾਮ ਚੰਦ। ਧਿਆਨ ਰੱਖੀਂ।” ਬੁੱਢੇ ਬਲਬੀਰ ਸਿਹੁੰ ਨੇ ਡੂੰਘੀਆਂ ਨਜ਼ਰਾਂ ਨਾਲ ਰਾਮ ਚੰਦ ਵੱਲ ਦੇਖਦਿਆਂ ਆਖਿਆ ਸੀ।
“ਕਿੱਥੋਂ ਆਉਣੈ?” ਰਾਮ ਚੰਦ ਨੇ ਹੈਰਾਨੀ ਭਾਵ ਨਾਲ ਪੁਛਿਆ ਸੀ। ਵੀਹ ਵਰੇ੍ਹ ਤੋਂ ਉਹ ਰਹਿ ਰਿਹਾ ਸੀ ਇਸ ਸ਼ਹਿਰ ਵਿਚ। …ਤੇ ਵੀਹ ਸਾਲਾਂ ਤੋਂ ਹੀ ਉਹ ਬਲਬੀਰ ਸਿਹੁੰ ਦਾ ਵਾਕਿਫ਼ ਸੀ। ਉਹਨੂੰ ਤਾਂ ਕਦੇ ਬੇਰੰਗ ਚਿੱਠੀ ਨਹੀਂ ਸੀ ਆਈ। ਫਿਰ ਇਹ ਮਨੀਆਰਡਰ…।
“ਆਪਣਾ ਮਹਾਂਬੀਰ ਨਈਂ ਗਿਆ ਚਲਾ ਕੰਮ ’ਤੇ `ਸਾਮ ਵੱਲ ਨੂੰ, ਉਹ ਭੇਜੂ। ਕਹਿੰਦਾ ਸੀ ਪਹਿਲ਼ੀ ਤਨਖਾਹ ਮਿਲਦਿਆਂ ਸਾਰ ਮਨੀਆਰਡਰ ਕਰੂ। ਤੂੰ ਲੈ ਕੇ ਆਏਗਾ ਜਦੋਂ, ਤੈਨੂੰ ਮੈਂ ਲੱਡੂ ਖਵਾਊਂ। ਨਾਲੇ ਬਾਬੇ ਦੇ ਵੀ ਪ੍ਰਸ਼ਾਦ ਚੜ੍ਹਾਅ ਕੇ ਆਉਣਾ।” ਬਲਬੀਰ ਸਿਹੁੰ ਦੀ ਚਾਬੀਆਂ ਬਣਾਉਣ ਦੀ ਦੁਕਾਨ ਹੁੰਦੀ ਸੀ ਡਾਕਖਾਨੇ ਦੇ ਨੇੜੇ। ਲੰਘਦਿਆਂ-ਟੱਪਦਿਆਂ ਰਾਮ ਚੰਦ ਉਸਦੇ ਮੱਥੇ ਲੱਗਦਾ ਰਹਿੰਦਾ। ਇਉਂ ਉਸਦੀ ਪਹਿਚਾਣ ਕੋਈ ਨਵੀਂ ਥੋੜ੍ਹੇ ਸੀ ਬਲਬੀਰ ਸਿਹੁੰ ਨਾਲ। ਮਨੀਆਰਡਰ ਦੇਖ ਕੇ ਉਸਨੂੰ ਕਿੰਨਾ ਕੁਝ ਮੁੜ ਯਾਦ ਆ ਗਿਆ ਸੀ। ਜਦੋਂ ਉਹ ਤੇ ਉਹਦੀ ਪਤਨੀ ਗੀਤਾ ਆਏ ਸੀ ਇੱਥੇ, ਉਦੋਂ ਕੌਣ ਜਾਣਦਾ ਸੀ ਉਹਨੂੰ ਇਸ ਸ਼ਹਿਰ ਵਿੱਚ? ਪਿੰਡੋਂ ਇੰਨੀ ਦੂਰ ਬਦਲੀ। ਬੇਗਾਨਾ ਇਲਾਕਾ, ਬੇਗਾਨਾ ਸ਼ਹਿਰ। ਕਈ ਦਿਨ ਉਹ ਗੁਆਚੇ ਜਿਹੇ ਫਿਰਦੇ ਰਹੇ। ਹੌਲ਼ੀ-ਹੌਲੀ ਗੀਤਾ ਆਂਢ ਗੁਆਂਢ ਆਉਣ-ਜਾਣ ਲੱਗੀ। ਹੌਲੀ-ਹੌਲੀ ਆਂਢ-ਗੁਆਂਢ ਉਨ੍ਹਾਂ ਦੇ ਆਉਣ-ਜਾਣ ਲੱਗਿਆ। ਫਿਰ ਦਾਲ-ਸਬਜ਼ੀ ਦੀ ਸਾਂਝ। ਗੀਤਾ ਨੇ ਮਨ ਲਗਾ ਲਿਆ। ਰਾਮ ਚੰਦ ਡਾਕ ਵੰਡਣ ਜਾਂਦਾ। ਬਾਜ਼ਾਰੋਂ ਸੌਦਾ-ਸੁਤ ਖਰੀਦਦਾ। ਹੱਟੀਆਂ-ਭੱਠੀਆਂ ’ਤੇ ਲਿਹਾਜ਼ ਬਣਨ ਲੱਗਾ। ਦੋ ਕੁ ਸਾਲਾਂ ਮਗਰੋਂ ਉਨ੍ਹਾਂ ਛੋਟਾ ਜਿਹਾ ਮਕਾਨ ਖਰੀਦ ਲਿਆ।
“ਖਬਰੇ ਇਹ ਘਰ ਤੇ ਸ਼ਹਿਰ ਹੀ ਕਰਮਾਂ ਵਾਲਾ ਹੋਵੇ। ਸਾਡੀ ਵੀ ਜੱਗ ਨਾਲ ਸਾਂਝ ਬਣ ਜਾਏ।” ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਤੇ ਗੀਤਾ ਔਲਾਦ ਨੂੰ ਤਰਸਦੀ ਦਿਨ-ਰਾਤ ਦੇਵੀ ਅੱਗੇ ਅਰਜੋਈਆਂ ਕਰਦੀ, ਪਰ ਵਕਤ ਦੀਆਂ ਰਮਜ਼ਾਂ ਕੌਣ ਜਾਣੇ? ਗੀਤਾ ਸਾਹ ਦੀ ਬਿਮਾਰੀ ਨਾਲ ਤੁਰਦੀ ਬਣੀ ਤੇ ਪਿੱਛੋਂ ਰਹਿ ਗਿਆ ਰਾਮ ਚੰਦ ਇਕੱਲਾ। ਨਾ ਇਸ ਪਾਰ, ਨਾ ਉਸ ਪਾਰ। ਪਿੱਛੇ ਪਿੰਡ ਬੈਠੇ ਭੈਣ-ਭਾਈ ਤਾਂ ਹੋਰ ਵਿਆਹ ਦੀਆਂ ਤਜਵੀਜ਼ਾਂ ਦਿੰਦੇ ਰਹੇ, ਪਰ ਰਾਮ ਚੰਦ ਦਾ ਮਨ ਨਹੀਂ ਸੀ ਮੰਨਿਆ।
“ਵਿਚ ਵਿਚਾਲੇ ਜਿਹੇ ਦੀ ਉਮਰੇ, ਹੁਣ ਕੀ ਲੈਣਾ ਹੋਰ ਵਿਆਹ ਕਰਵਾ ਕੇ…।” ਉਹਨੇ ਮਨ ਵਿੱਚ ਪੱਕ ਕਰ ਲਈ। …ਤੇ ਹੁਣ ਕਿੰਨੇ ਹੀ ਸਾਲਾਂ ਤੋਂ ਉਹ ਇਕੱਲਾ ਸੀ ਇਸ ਸ਼ਹਿਰ ਵਿੱਚ, ਗੀਤਾ ਤੋਂ ਬਿਨਾ; ਪਰ ਹੁਣ ਸ਼ਹਿਰ ਵਿੱਚ ਉਸਦੀ ਜਾਣ-ਪਛਾਣ ਸੀ। ਲੋਕ ਉਸਨੂੰ ਰਾਮ ਚੰਦ ਡਾਕੀਏ ਵਜੋਂ ਪਛਾਣਦੇ ਸਨ।
ਰਾਮ ਚੰਦ ਦਾ ਮਨ ਚਾਹ ਪੀਣ ਨੂੰ ਕੀਤਾ।
ਉਹਨੇ ਸਟੋਵ ਬਾਲ ਕੇ, ਪਾਣੀ ਪਾ ਕੇ ਪਤੀਲੀ ਸਟੋਵ ਉਤੇ ਧਰ ਦਿੱਤੀ। ਚੂੰਢੀ ਭਰ ਕੇ ਚਾਹ ਦਾ ਮਸਾਲਾ ਪਾਇਆ ਤੇ ਪਾਣੀ ਗਰਮ ਹੋਏ ਤੋਂ ਖੰਡ ਤੇ ਚਾਹ ਪੱਤੀ ਪਾ ਦਿੱਤੀ। ਪਾਣੀ ਰਿੱਝ-ਰਿੱਝ ਪਤੀਲੀ ਦੇ ਕੰਡਿਆਂ ਤੀਕ ਆਇਆ ਤਾਂ ਜ਼ਰੂਰਤ ਜੋਗਾ ਦੁੱਧ ਪਾ ਕੇ ਉਹ, ਉਬਾਲਾ ਆਉਣ ਦੀ ਉਡੀਕ ਕਰਨ ਲੱਗਾ।
ਚਾਹ ਪੀ ਕੇ ਰਾਮ ਚੰਦ ਦੇ ਠਰੇ ਸਰੀਰ ਵਿੱਚ ਥੋੜ੍ਹੀ ਜਾਨ ਆਈ।
ਬਾਹਰ ਅਜੇ ਵੀ ਕਣੀਆਂ ਪੈ ਰਹੀਆਂ ਸਨ। ਉਹਨੇ ਦੇਖਿਆ, ਘਰੇ ਕੋਈ ਵੀ ਸਬਜ਼ੀ ਨਹੀਂ ਸੀ ਪਈ। ਸਵੇਰੇ ਉਹ ਸੋਚ ਕੇ ਤੁਰਿਆ ਸੀ ਕਿ ਸ਼ਾਮੀ ਦਫ਼ਤਰ ਤੋਂ ਮੁੜਦਿਆਂ ਉਹ ਸਬਜ਼ੀ ਲੈਂਦਾ ਆਏਗਾ, ਪਰ ਮੀਂਹ ਕਾਰਨ ਉਹਨੂੰ ਅੱਜ ਦੇ ਸਾਰੇ ਕੰਮ ਹੀ ਵਿਸਰ ਗਏ ਸਨ। ਉਹਦੀ ਆਪਣੀ ਗੋਡਿਆਂ ਦੇ ਦਰਦ ਦੀ ਦਵਾਈ ਪਰਸੋਂ ਦੀ ਮੁੱਕੀ ਪਈ ਸੀ। …ਤੇ ਫਿਰ ਬਲਬੀਰ ਸਿੰਘ ਦਾ ਮਨੀਆਰਡਰ…। ਅੱਜ ਤਾਂ ਕਿੰਨੇ ਕੰਮ ਅਧੂਰੇ ਰਹਿ ਗਏ। ਉਹ ਫਿਰ ਤੋਂ ਮਨ ਵਿੱਚ ਝੁਰਨ ਲੱਗਾ।
“ਬਲਬੀਰ ਸਿਹੁੰ ਨੂੰ ਖੌਰੇ ਕਿੰਨੀ ਕੁ ਜ਼ਰੂਰਤ ਹੋਣੀ ਰੁਪਈਆਂ ਦੀ!” ਪਛਤਾਵੇ ਦੇ ਭਾਵ ਮੁੜ ਉਹਦੇ ਚਿਹਰੇ ’ਤੇ ਫੈਲ ਗਏ, ਪਰ ਉਹਨੇ ਖੁਦ ਨੂੰ ਦੂਜੇ ਪਾਸੇ ਮੋੜ ਲਿਆ।
“ਫੱਕਾ ਦਾਲ ਹੀ ਧਰ ਲੈਂਦਾ ਅੱਜ। ਕੌਣ ਜਾਵੇ ਹੁਣ ਚਿੱਕੜ ਮਿੱਧਦਾ।” ਉਹਨੇ ਦੇਖਿਆ, ਬੂਹੇ ’ਤੇ ਟੰਗੀ, ਮਹਿਕਮੇ ਵੱਲੋਂ ਮਿਲੀ ਮੋਟੇ ਕੱਪੜੇ ਦੀ ਖਾਕੀ ਬਰਸਾਤੀ ਵਿੱਚੋਂ ਅਜੇ ਤੀਕ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਜਿੱਥੇ ਪਾਣੀ ਦੀਆਂ ਬੂੰਦਾਂ ਡਿੱਗਦੀਆਂ, ਫਰਸ਼ ਦਾ ਉਨਾ ਥਾਂ ਗਿੱਲਾ ਹੋਇਆ ਪਿਆ ਸੀ। ਬਾਹਰ ਵਿਹੜੇ ਵਿੱਚ ਕਈ ਥਾਂਈਂ ਪਾਣੀ ਖੜ੍ਹਾ ਸੀ। ਰਾਮ ਚੰਦ ਨੇ ਬਾਹਰ ਦੇਖਿਆ ਬੱਦਲ ਘੁਲੇ ਪਏ ਸਨ। ਅੰਬਰ ਸੁਰਮਈ ਜਿਹਾ ਨਜ਼ਰ ਆ ਰਿਹਾ ਸੀ। ਗੀਤਾ ਹੁੰਦੀ ਤਾਂ ਜ਼ਰੂਰ ਖਾਣ ਲਈ ਬਣਾਉਂਦੀ ਕੁਝ। ਪਕੌੜੇ, ਖੀਰ ਜਾਂ ਕੁਝ ਵੀ ਹੋਰ ਇਹੋ ਜਿਹਾ। ਉਹ ਗੀਤਾ ਨੂੰ ਯਾਦ ਕਰਨ ਲੱਗਾ। ਉਹ ਜਿਊਂਦੀ ਹੁੰਦੀ ਤਾਂ ਹੁਣ ਤੱਕ ਉਹਨੇ ਵਿਹੜੇ ਵਿੱਚ ਖੜ੍ਹਾ ਪਾਣੀ ਝਾੜੂ ਨਾਲ ਬਾਹਰ ਕੱਢਿਆ ਹੋਣਾ ਸੀ। ਗੀਤਾ ਬਿਨਾ ਕਿੰਨਾ ਸੁੰਨਾਂ ਸੀ ਇਹ ਘਰ। ਉਹ ਉਦਾਸ ਜਿਹਾ ਹੋ ਗਿਆ। ਬਾਰਿਸ਼ ਕਰਕੇ ਵਕਤੋਂ ਪਹਿਲਾਂ ਹਨੇਰਾ ਹੋਇਆ ਜਾਪ ਰਿਹਾ ਸੀ। ਉਹਨੇ ਬਲਬ ਜਗਾ ਲਿਆ। ਕਮਰਾ ਦੁਧੀਆ ਰੌਸ਼ਨੀ ਨਾਲ ਭਰ ਗਿਆ, ਪਰ ਅੱਜ ਉਸਦਾ ਮਨ ਖਾਲੀ-ਖਾਲੀ ਸੀ। ਉਹ ਉਦਾਸ ਜਿਹਾ ਹੋ ਗਿਆ। ਘਰ ਉਸਨੂੰ ਡਰਾਉਣਾ ਜਿਹਾ ਲੱਗਾ। ਬਾਹਰਲੀ ਕੰਧ ਦੇ ਨੇੜੇ ਖੜ੍ਹੀ ਪੱਤ-ਵਿਹੂਣੀ ਟਾਹਲੀ ਹਨੇਰੇ ਵਿੱਚ ਉਸਨੂੰ ਡਰਾਉਣੀ ਜਿਹੀ ਲੱਗੀ। ਇਹ ਟਾਹਲੀ ਵੀ ਕਦੇ ਗੀਤਾ ਨੇ ਲਗਾਈ ਸੀ। ਉਸਦੀ ਯਾਦਾਂ ਦੀ ਕੜੀ ਮੁੜ ਗੀਤਾ ਨਾਲ ਜਾ ਜੁੜੀ। ਉਹ ਖੁਦ ਇਸ ਨੂੰ ਪਾਣੀ ਪਾਉਂਦੀ ਰਹੀ ਸੀ। ਪੋਟਾ-ਪੋਟਾ ਵੱਧਦੀ ਨੂੰ ਦੇਖਦੀ ਰਹੀ ਸੀ। ਰਾਮ ਚੰਦ ਨੂੰ ਖਿਆਲ ਆਇਆ। ਉਹਨੇ ਤਾਂ ਕਦੀ ਬਹੁਤੇ ਧਿਆਨ ਨਾਲ ਟਾਹਲੀ ਨੂੰ ਪਾਣੀ ਵੀ ਨਹੀਂ ਸੀ ਪਾਇਆ। ਗੀਤਾ ਦੇ ਤੁਰ ਜਾਣ ਮਗਰੋਂ, ਉਹਨੂੰ ਲੱਗਾ ਜਿਵੇਂ ਇਹ ਟਾਹਲੀ ਵੀ ਅਨਾਥ ਹੋ ਗਈ ਹੋਵੇ।
“ਚਲੋ! ਅੱਜ ਮੀਂਹ ਨਾਲ ਪਾਣੀ ਤਾਂ ਪਿਆ ਇਹਨੂੰ। ਕੁਦਰਤ ਤਾਂ ਸਭ ਦਾ ਸੋਚਦੀ।” ਉਹ ਟਾਹਲੀ ਵੱਲ ਦੇਖ ਕੇ ਜ਼ਰਾ ਕੁ ਮੁਸਕੁਰਾ ਪਿਆ। ਚਾਹ ਦਾ ਖਾਲੀ ਕੱਪ ਉਹ ਕਦੋਂ ਦਾ ਹੱਥ ਵਿੱਚ ਫੜ੍ਹੀ ਬੈਠਾ ਸੀ। ਜਿਵੇਂ ਸੁਰਤੀ ਟੁੱਟੀ ਹੋਵੇ। ਉਹ ਉਠ ਕੇ ਰਸੋਈ ਵਿੱਚ ਗਿਆ। ਜੂਠਾ ਕੱਪ ਭਾਂਡੇ ਧੋਣ ਵਾਲੀ ਥਾਂ ’ਤੇ ਰੱਖ ਕੇ, ਉਹਨੇ ਰਸੋਈ ਦੀ ਬਾਰੀ ਵਿੱਚੋਂ ਦਾਲ ਵਾਲਾ ਡੱਬਾ ਕੱਢਿਆ। ਲੱਪ ਕੁ ਦਾਲ ਅੰਦਾਜ਼ੇ ਨਾਲ ਹੀ ਥਾਲੀ ਵਿੱਚ ਪਾ ਕੇ ਚੁਗਣ ਲਈ ਬਾਹਰ ਬਰਾਂਡੇ ਵਿੱਚ ਲੈ ਆਇਆ। ਮਾਂਹ ਦੀ ਦਾਲ ਉਹਨੂੰ ਬਹੁਤ ਪਸੰਦ ਸੀ। ਗੀਤਾ ਜਦੋਂ ਵੀ ਦਾਲ ਧਰਦੀ ਸੀ ਹਮੇਸ਼ਾ ਮਾਂਹ ਦੀ ਧਰਦੀ ਹੁੰਦੀ। ਦੁਪਿਹਰ ਤੋਂ ਹੀ ਤੌੜੀ ਚੁੱਲੇ੍ਹ ਦੀ ਮੱਠੀ-ਮੱਠੀ ਅੱਗ ਉਤੇ ਰਿੱਝਦੀ ਰਹਿੰਦੀ।
ਇਹ ਉਨ੍ਹਾਂ ਦੇ ਘਰ ਦਾ ਰਿਵਾਜ਼ ਸੀ।
ਦਾਲ ਹਮੇਸ਼ਾ ਤੌੜੀ ਵਿੱਚ ਬਣਦੀ। ਸਾਗ ਹਮੇਸ਼ਾ ਚੁੱਲ੍ਹੇ ’ਤੇ ਧਰਿਆ ਜਾਂਦਾ। ਘੋੜੀ ਉਤੇ ਖੁਦ ਆਟੇ ਦੀਆਂ ਸੇਵੀਆਂ ਵਟਾਈਆਂ ਜਾਂਦੀਆਂ, ਪਰ ਹੁਣ ਇਹ ਸਭ ਬੰਦ ਹੋ ਚੁੱਕਾ ਸੀ। ਰਾਮ ਚੰਦ ਨੇ ਤੌੜੀ ਦੀ ਦਾਲ ਆਖਿਰੀ ਵਾਰ ਗੀਤਾ ਦੇ ਹੱਥਾਂ ਦੀ ਹੀ ਖਾਂਦੀ ਸੀ। ਦਾਲ ਸਾਫ ਕਰਕੇ ਉਹਨੇ ਆਪਣੀ ਐਨਕ ਉਤਾਰੀ।
“ਸਭ ਸਮੇਂ ਦੀਆਂ ਖੇਡਾਂ ਨੇ…।” ਉਹ ਮਨ ਵਿੱਚ ਸੋਚਣ ਲੱਗਾ।
“ਸਮਾਂ ਬੜਾ ਸਮਰੱਥ ਹੁੰਦਾ ਰਾਮ ਚੰਦ। ਬੰਦੇ ਦਾ ਇਹਦੇ ਅੱਗੇ ਕੀ ਜ਼ੋਰ।” ਉਹਨੇ ਜਿਵੇਂ ਖ਼ੁਦ ਨੂੰ ਹੀ ਸਮਝਾਇਆ ਹੋਵੇ।
“ਸਭ ਖੇਡਾਂ ਸਮੇਂ ਦੀਆਂ ਹੀ ਨੇ…।” ਉਹ ਫੇਰ ਬੁੜਬੁੜਾਇਆ।
ਅਗਲੇਰੇ ਵਰ੍ਹੇ ਉਹ ਰਿਟਾਇਰ ਹੋਣ ਵਾਲਾ ਸੀ। ਕੁਲ ਤੀਹ ਸਾਲਾਂ ਦੀ ਨੌਕਰੀ ਪਿਛੋਂ। ਤੀਹ ਸਾਲਾਂ ਵਿੱਚ ਕਿੰਨਾ ਕੁਝ ਬਦਲ ਗਿਆ ਸੀ। ਉਹ ਕਦੇ-ਕਦੇ ਖ਼ੁਦ ਸੋਚ ਕੇ ਹੈਰਾਨ ਹੁੰਦਾ। ਝੋਲਾ ਭਰ ਕੇ ਚਿੱਠੀਆਂ ਦਾ ਆਉਂਦਾ ਸੀ ਕਦੇ। ਉਹ ਡਾਕ ਵੰਡਦਾ ਹੰਭ ਜਾਂਦਾ। ਚਿੱਠੀਆਂ ਵਿੱਚ ਅਹਿਸਾਸ ਹੁੰਦੇ- ਦੁੱਖ ਦੇ, ਸੁੱਖ ਦੇ। ਕਈਆਂ ਨੂੰ ਉਹ ਖ਼ੁਦ ਹੀ ਚਿੱਠੀਆਂ ਪੜ੍ਹ ਕੇ ਸੁਣਾਉਂਦਾ।
“ਭਾਈ ਕੀ ਲਿਖਿਆ ਤੂੰ ਹੀ ਪੜ੍ਹ ਦੇ ਚਾਰ ਅੱਖਰ।” ਅਗਲਾ ਆਖਦਾ।
ਖੁਸ਼ੀ ਦੀ ਗੱਲ ਹੁੰਦੀ ਤਾਂ ਸੁਣਨ ਵਾਲਾ ਖਿੜ ਉਠਦਾ। ਦੁੱਖ ਦੀ ਗੱਲ ’ਤੇ ਅਗਲੇ ਦਾ ਚਿੱਤ ਢਿੱਲਾ ਪੈ ਜਾਂਦਾ। ਰਾਮ ਚੰਦ ਵੀ ਸਾਹਮਣੇ ਵਾਲੇ ਵਾਂਗ ਹੀ ਮਹਿਸੂਸ ਕਰਦਾ ਇੱਕ ਤਰ੍ਹਾਂ ਨਾਲ। ਲੋਕਾਂ ਦੇ ਚਿਹਰੇ ਪੜ੍ਹਦਾ। ਉਨ੍ਹਾਂ ਦੀਆਂ ਖੁਸ਼ੀਆਂ ਗਮੀਆਂ ਦਾ ਗਵਾਹ ਹੁੰਦਾ ਰਾਮ ਚੰਦ। ਸਾਰਾ ਦਿਨ ਭੰਮੀਰੀ ਵਾਂਗ ਘੁੰਮਦਾ ਰਹਿੰਦਾ। …ਤੇ ਡਾਕ ਵੰਡ ਕੇ, ਡਾਕ ਘਰ ਜਾਣ ਤੋਂ ਪਹਿਲਾਂ ਬਹੁਤੀ ਵਾਰ ਉਹ ਬਲਬੀਰ ਸਿਹੁੰ ਦੀ ਦੁਕਾਨ ’ਤੇ ਜਾ ਬੈਠਦਾ। ਰੇਡੀਓ ਚੱਲਦਾ ਪਿਆ ਹੁੰਦਾ ਤੇ ਬਹੁਤੀ ਵਾਰ ਬਲਬੀਰ ਸਿਹੁੰ ਕੋਈ ਨਾ ਕੋਈ ਚਾਬੀ ਬਣਾਉਣ ਵਿੱਚ ਰੁਝਿਆ ਹੁੰਦਾ। ਉਹ ਗੱਲਾਂ ਕਰਦੇ। ਇਕੱਠੇ ਬਹਿ ਕੇ ਚਾਹ ਪੀਂਦੇ। ਬਲਬੀਰ ਸਿਹੁੰ ਦੀ ਦੁਕਾਨ ਪੱਕਾ ਟਿਕਾਣਾ ਸੀ ਰਾਮ ਚੰਦ ਦਾ, ਪਰ ਜਦੋਂ ਗੁਰਦਿਆਂ ਦੇ ਰੋਗ ਕਰਕੇ ਬਲਬੀਰ ਸਿਹੁੰ ਨੇ ਦੁਕਾਨ ਖੋਲ੍ਹਣੀ ਬੰਦ ਕਰ ਦਿੱਤੀ ਸੀ, ਉਸ ਤੋਂ ਮਗਰੋਂ ਉਹ ਬਹੁਤ ਘੱਟ ਮਿਲਦੇ। ਸ਼ਾਂਤੀ ਨਗਰ ਦੂਰ ਪੈਂਦਾ। ਕਦੀ ਕੋਈ ਉਸ ਪਾਸੇ ਦੀ ਡਾਕ ਹੁੰਦੀ ਤਾਂ ਰਾਮ ਚੰਦ ਉਧਰ ਜਾਂਦਾ। ਘੜੀ ਪਲ ਰੁਕਦਾ ਵੀ, ਪਰ ਡਾਕ ਵਾਲਾ ਝੋਲਾ ਉਹਨੂੰ ਬੈਠਣ ਨਾ ਦਿੰਦਾ।
“ਪਰ ਅੱਜ ਤਾਂ ਮੈਂ ਡਾਕ ਵੰਡਣ ਵੀ ਨਹੀਂ ਸੀ ਗਿਆ ਉਸ ਪਾਸੇ।” ਇਸ ਖਿਆਲ ਨਾਲ ਉਹ ਇਕ ਵਾਰ ਫੇਰ ਉਦਾਸ ਹੋ ਗਿਆ।
“ਜੇ ਚਲਿਆ ਜਾਂਦਾ ਤਾਂ ਘੜੀ ਪਲ ਬਲ਼ਬੀਰ ਸਿਹੁੰ ਨਾਲ ਗੱਲਾਂ ਕਰਦਾ।” ਰਾਮ ਚੰਦ ਨੂੰ ਇਹ ਸ਼ਾਮ ਅੱਜ ਉਦਾਸ ਜਿਹੀ ਲੱਗ ਰਹੀ ਸੀ। ਉਸਦਾ ਮਨ ਕਰ ਰਿਹਾ ਸੀ, ਕੋਈ ਹੋਵੇ ਜਿਸ ਨਾਲ ਉਹ ਗੱਲ਼ਾਂ ਕਰੇ। ਉਹ ਤੇ ਗੀਤਾ ਨਿੱਕੀ-ਨਿੱਕੀ ਰੁਣਝੁਣ ਕਰਦੇ ਰਹਿੰਦੇ ਸਨ। ਐਵੇਂ ਬਿਨਾ ਕਿਸ ਗੱਲ ਤੋਂ ਗੱਲ ਤੋਰ ਕੇ ਉਹ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਜਾਂਦੇ। ਆਪਣੇ ਇਲਾਕੇ ਆਪਣੇ ਪਿੰਡ ਦੀਆਂ ਗੱਲਾਂ। ਰਿਸ਼ਤੇਦਾਰੀਆਂ ਦੀਆਂ ਗੱਲਾਂ। ਉਨ੍ਹਾਂ ਪਹਾੜਾਂ ਦੀਆਂ ਗੱਲਾਂ, ਜਿਨ੍ਹਾਂ ਨੂੰ ਵੇਖਦਿਆਂ ਉਹ ਦੋਵੇਂ ਵੱਡੇ ਹੋਏ ਸਨ। ਜਵਾਨ ਹੋਏ ਸਨ। ਰਾਮ ਚੰਦ ਦੇ ਜ਼ੱਦੀ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੂਰ ਹੀ ਤਾਂ ਗੀਤਾ ਦੇ ਪੇਕੇ ਸਨ। ਡਾਕਖਾਨੇ ਵਿੱਚ ਭਰਤੀ ਹੋ ਕੇ ਕਰੀਬ ਦਸ ਕੁ ਸਾਲ ਉਹਨੇ ਆਪਣੇ ਇਲਾਕੇ ਵਿੱਚ ਨੌਕਰੀ ਕੀਤੀ ਸੀ। ਪਿੰਡ ਹੀ ਉਸਦਾ ਵਿਆਹ ਹੋਇਆ। …ਤੇ ਫਿਰ ਉਹ ਬਦਲੀ ਹੋ ਕੇ ਪੰਜਾਬ ਆਏ ਸਨ। ਪੰਜਾਬ ਜ਼ਰੂਰ ਓਪਰਾ ਸੀ, ਪਰ ਪੰਜਾਬੀ ਨਹੀਂ। ਉਨ੍ਹਾਂ ਦੇ ਪਿੰਡ ਵੱਲ ਪੰਜਾਬੀ ਬੋਲੀ ਜਾਂਦੀ।
ਗੱਲਾਂ ਕਰਦਿਆਂ ਉਹ ਮੁੜ ਉਨ੍ਹਾਂ ਹੀ ਸਮਿਆਂ ਵਿੱਚ ਗੁਆਚ ਜਾਂਦੇ।
ਗੀਤਾ ਦੇ ਤੁਰ ਜਾਣ ਮਗਰੋਂ ਗੱਲਾਂ ਕਰਨ ਵਾਲਾ ਕੌਣ ਸੀ ਉਸ ਕੋਲ? ਉਹ ਡਾਕ ਘਰ ਤੋਂ ਮੁੜ ਕੇ ਘਰ ਦੀਆਂ ਕੰਧਾਂ ਨੂੰੰ ਘੂਰਦਾ ਰਹਿੰਦਾ। ਗਰਮੀਆਂ ਦੀ ਰੁੱਤੇ ਵਿਹੜੇ ਵਿੱਚ ਸੌਂਦਾ ਤਾਂ ਤਾਰਿਆਂ ਨਾਲ ਗੱਲਾਂ ਕਰਦਾ। ਸਿਆਲ ਹੁੰਦਾ ਤਾਂ ਛੱਤ ਦੇ ਬਾਲੇ ਗਿਣਦਿਆਂ ਕਦ ਅੱਖਾਂ ਵਿੱਚ ਨੀਂਦ ਉਤਰ ਆਉਂਦੀ, ਉਸਨੂੰ ਪਤਾ ਵੀ ਨਾ ਲੱਗਦਾ।
ਬੱਸ ਇੰਨੀ ਕੁ ਹੀ ਤਾਂ ਦੁਨੀਆਂ ਸੀ ਉਸਦੀ। ਰਾਮ ਚੰਦ ਖੁਸ਼ ਸੀ ਆਪਣੀ ਦੁਨੀਆ ਵਿੱਚ। ਸੋਚਿਆ ਹੋਇਆ ਸੀ ਉਸਨੇ ਕਿ ਸੇਵਾ ਮੁਕਤ ਹੋ ਕੇ ਪਿੰਡ ਮੁੜ ਜਾਣਾ ਭਰਾਵਾਂ-ਭਤੀਜਿਆਂ ਕੋਲ। ਗੀਤਾ ਹੁੰਦੀ ਤਾਂ ਹੋਰ ਗੱਲ ਸੀ। ਹੁਣ ਕੀ ਕਰਨਾ ਸੀ ਉਸਨੇ ਇਕੱਲਿਆਂ ਸਾਰੀ ਉਮਰ ਇੱਥੇ?
ਇਉਂ ਸੋਚਾਂ-ਸੋਚਦਿਆਂ ਉਹਨੇ ਦਾਲ ਬਣਾਈ। ਰੋਟੀ ਪਕਾਈ। ਬਾਹਰਲੇ ਦਰਵਾਜ਼ੇ ਨੂੰ ਤਾਲਾ ਮਾਰਿਆ ਤੇ ਸੌਂ ਗਿਆ। ਨਿੱਕੀਆਂ-ਨਿੱਕੀਆਂ ਕਣੀਆਂ ਉਹਦੇ ਸੌਣ ਤੀਕ ਵੀ ਡਿੱਗਦੀਆਂ ਪਈਆਂ ਸਨ।
***
ਸਵੇਰੇ ਬੜੀ ਸੋਹਣੀ ਧੁੱਪ ਨਿਕਲੀ ਸੀ।
ਰਾਮਚੰਦ ਡਾਕ ਘਰ ਗਿਆ। ਸਾਥੀਆਂ ਨਾਲ ਦੋ ਚਾਰ ਗੱਲਾਂ ਮਾਰੀਆਂ ਤੇ ਫਿਰ ਸ਼ਾਂਤੀ ਨਗਰ ਵੱਲ ਨੂੰ ਤੁਰ ਪਿਆ।
“ਪਹਿਲਾਂ ਮਨੀਆਰਡਰ ਦੇ ਕੇ ਆਵਾਂ। ਅੱਜ ਦੀ ਡਾਕ ਨੂੰ ਫੇਰ ਹੱਥ ਲਾਵਾਂਗਾ।” ਉਹਨੇ ਮਨ ਵਿੱਚ ਧਾਰਿਆ ਹੋਇਆ ਸੀ। ਕੱਲ੍ਹ ਰਹਿ ਗਏ ਇਸ ਮਨੀਆਰਡਰ ਨੇ ਉਹਨੂੰ ਬੇਚੈਨ ਕਰੀ ਰੱਖਿਆ ਸੀ।
ਉਹ ਬਲਬੀਰ ਸਿਹੁੰ ਦੀ ਗਲੀ ਮੁੜਿਆ। ਗਲੀ ਵਿੱਚ ਬਹੁਤ ਭੀੜ ਸੀ। ਉਹਦੇ ਪਿੱਛੇ ਪਿੱਛੇ ਦੋ ਮੁੰਡੇ ਅੰਤਿਮ ਕਿਰਿਆ ਦਾ ਸਮਾਨ ਚੁੱਕੀ ਤੁਰੇ ਆਉਂਦੇ ਸਨ। ਉਨ੍ਹਾਂ ਦੋਵਾਂ ਵਿੱਚੋਂ ਇੱਕ ਮੁੰਡੇ ਨੂੰ ਤਾਂ ਉਹ ਪਛਾਣਦਾ ਸੀ। ਉਹ ਸੀ ਬਲਬੀਰ ਸਿਹੁੰ ਦਾ ਭਤੀਜਾ ਰੌਕੀ। ਬਲਬੀਰ ਸਿਹੁੰ ਦਾ ਘਰ ਗਲੀ ਦੇ ਮੱਥੇ ’ਤੇ ਸੀ। ਵਿਹੜੇ ਵਿੱਚ ਖੜ੍ਹੇ ਲੋਕ, ਰਾਮ ਚੰਦ ਨੂੰ ਦਿੱਸ ਰਹੇ ਸਨ।
“ਬਲਬੀਰ ਸਿਹੁੰ…!!” ਮਨ ਵਿੱਚ ਸੋਚ ਕੇ ਰਾਮ ਚੰਦ ਕੰਬ ਗਿਆ।
“ਵਿਚਾਰਾ ਮਨੀਆਰਡਰ ਉਡੀਕਦਾ ਤੁਰ ਗਿਆ!” ਰਾਮ ਚੰਦ ਮਨ ਹੀ ਮਨ ਪਛਤਾਉਣ ਲੱਗਾ, “ਕਿਹੜਾ ਖੁਰ ਜਾਣਾ ਸੀ ਚਹੁੰ ਕਣੀਆਂ ਨਾਲ। ਕੱਲ੍ਹ ਆ ਜਾਂਦਾ ਤਾਂ…। ਇੰਨੇ ਵਰਿ੍ਹਆਂ ਵਿੱਚ ਮੈਂ ਕਦੇ ਆਪਣੀ ਡਿਊਟੀ ਤੋਂ ਕੁਤਾਹੀ ਨਹੀਂ ਸੀ ਕੀਤੀ।” ਰਾਮ ਚੰਦ ਨੂੰ ਆਪਣੇ ਬਾਊ ਜੀ ਦੀ ਗੱਲ ਯਾਦ ਆਈ। ਜਦੋਂ ਉਹ ਨੌਕਰੀ ਲੱਗਿਆ ਸੀ ਉਨ੍ਹਾਂ ਆਖਿਆ ਸੀ, “ਰਾਮੇ ਪੁੱਤਰ! ਤੇਰੀ ਨੌਕਰੀ ਬੜੀ ਜ਼ਿੰਮੇਦਾਰੀ ਵਾਲੀ ਆ। ਦੁੱਖ ਦਾ ਸੁਨੇਹਾ ਵੀ ਆਉਣਾ ਹੋਇਆ, ਖੁਸ਼ੀ ਦਾ ਵੀ। ਨੰਗੇ ਪੈਰੀਂ ਭੱਜਾ ਜਾਇਆ ਕਰੀ ਅਗਲੇ ਦੀ ਚਿੱਠੀ ਦੇਣ।”
ਉਹ ਜਾਣਦਾ ਸੀ ਬਲਬੀਰ ਸਿੰਘ ਗੁਰਦਿਆਂ ਦੇ ਰੋਗ ਤੋਂ ਪੀੜਤ ਸੀ, ਪਰ ਕੀ ਪਤਾ ਸੀ ਉਹਨੇ ਐਨੀ ਜਲਦੀ ਤੁਰ ਜਾਣਾ। ਬੁਝੇ ਜਿਹੇ ਮਨ ਨਾਲ ਰਾਮ ਚੰਦ ਨੇ ਸਾਈਕਲ ਪਿਛਾਂਹ ਨੂੰ ਮੋੜ ਲਿਆ।
“ਕੀ ਮੂੰਹ ਵਿਖਾਏਗਾ ਰਾਮ ਚੰਦਾ ਬਾਊ ਜੀ ਨੂੰ ਉਤੇ ਜਾ ਕੇ?” ਉਹ ਸੋਚ-ਸੋਚ ਪ੍ਰੇਸ਼ਾਨ ਹੁੰਦਾ ਗਿਆ।
“ਰਾਮ ਚੰਦਾ! ਆਈ ਕੋਈ ਮੇਰੀ ਚਿੱਠੀ ਚਪੱਟੀ।” ਕਿਸੇ ਨੇ ਪਿੱਛੋਂ ਹਾਕ ਮਾਰੀ।
ਰਾਮ ਚੰਦ ਨੇ ਆਵਾਜ਼ ਪਹਿਚਾਣ ਲਈ। ਇਹ ਤਾਂ ਬਲਬੀਰ ਸਿੰਘ ਸੀ।
“ਹਾਂ ਹਾਂ! ਮਨੀਆਰਡਰ ਆ ਗਿਆ ਬਲਬੀਰ ਸਿਆ।” ਫੁਰਤੀ ਨਾਲ ਪਿਛਾਂਹ ਮੁੜਦਿਆਂ ਰਾਮ ਚੰਦ ਨੇ ਆਖਿਆ। ਬਲਬੀਰ ਸਿਹੁੰ ਨੂੰ ਦੇਖ ਕੇ ਉਹਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ।
ਝੱਟ ਬਲਬੀਰ ਸਿੰਘ ਦੇ ਦਸਤਖ਼ਤ ਕਰਵਾਏ। ਗਿਣ ਕੇ ਪੈਸੇ ਦਿੱਤੇ।
“ਰਾਮ ਗੋਪਾਲ ਪਟਵਾਰੀ ਗੁਜ਼ਰ ਗਿਆ ਯਾਰ ਨੁੱਕਰ ਵਾਲਾ।” ਬਲਬੀਰ ਸਿੰਘ ਬਿਨਾ ਪੁੱਛੇ ਦੱਸਣ ਲੱਗਾ।
ਪਰ ਰਾਮ ਚੰਦ ਨੇ ਉਸਦੀ ਗੱਲ ਨੂੰ ਬਹੁਤਾ ਨਹੀਂ ਗੌਲਿਆ। ਬਲਬੀਰ ਸਿਹੁੰ ਦੇ ਜਿਊਂਦੇ ਹੋਣ ਦਾ ਉਹਨੂੰ ਬਹੁਤਾ ਚਾਅ ਸੀ। ਡਾਕ ਵਾਲਾ ਝੋਲਾ ਸੰਭਾਲਦੇ ਉਹਨੇ ਖੁਸ਼ੀ ਨਾਲ ਸ਼ਾਂਤੀ ਨਗਰ ਵਿੱਚੋਂ ਨਿਕਲ ਕੇ ਸਾਈਕਲ ਸੜਕ ਵੱਲ ਨੂੰ ਮੋੜ ਲਿਆ।

Leave a Reply

Your email address will not be published. Required fields are marked *