ਕਰਮ ਬਰਸਟ
ਅਮਰੀਕਾ ਅੰਦਰ ਫ਼ਿਲਮੀ ਲੇਖਕਾਂ ਅਤੇ ਕਲਾਕਾਰਾਂ ਦੀ ਹੜਤਾਲ਼ ਨੇ ਭਾਰਤ ਦੀ ਸਿਰਜਣਾਤਮਕ ਸਨਅਤ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ। ਭਾਰਤ ਦੇ ਫਿਲਮ, ਟੀ.ਵੀ., ਸਟੇਜ ਗਾਇਕੀ ਅਤੇ ਨਾਟਕ ਵਾਲੇ ਸਿਰਜਣਾਤਮਕ ਖੇਤਰ ਨੂੰ ਮਹਾਂਮਾਰੀ ਦੌਰਾਨ ਗੰਭੀਰ ਹਰਜ਼ਾ ਝੱਲਣਾ ਪਿਆ ਸੀ। ਇਹ ਸੈਕਟਰ ਰੁਜ਼ਗਾਰ ਪੈਦਾ ਕਰਨ ਅਤੇ ਇੱਕ ਸਿਹਤਮੰਦ ਤੇ ਖੁਸ਼ਹਾਲ ਆਬਾਦੀ ਲਈ ਅਥਾਹ ਸੰਭਾਵਨਾਵਾਂ ਰੱਖਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਚਨਾਤਮਕ ਸਨਅਤ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਭਵਿੱਖ ਦੇ ਸਭ ਤੋਂ ਮਹੱਤਵਪੂਰਨ ਆਰਥਿਕ ਖੇਤਰਾਂ ਦੇ ਰੂਪ ਵਿੱਚ ਉਭਰਨ ਜਾ ਰਹੀ ਹੈ। ਮੋਟੇ ਤੌਰ `ਤੇ ਰਚਨਾਤਮਕ ਉਦਯੋਗਾਂ ਵਿੱਚ ਇਸ਼ਤਿਹਾਰਬਾਜ਼ੀ, ਆਰਕੀਟੈਕਚਰ, ਕਲਾ, ਸ਼ਿਲਪਕਾਰੀ, ਡਿਜ਼ਾਈਨ, ਫੈਸ਼ਨ, ਫਿਲਮ, ਵੀਡੀਓ, ਫੋਟੋਗ੍ਰਾਫੀ, ਸੰਗੀਤ, ਪ੍ਰਦਰਸ਼ਨ ਕਲਾ, ਪ੍ਰਕਾਸ਼ਨ, ਖੋਜ ਤੇ ਵਿਕਾਸ, ਸਾਫਟਵੇਅਰ, ਕੰਪਿਊਟਰ ਗੇਮਾਂ, ਇਲੈਕਟ੍ਰਾਨਿਕ ਪ੍ਰਕਾਸ਼ਨ ਅਤੇ ਟੈਲੀਵਿਜ਼ਨ/ਰੇਡੀਓ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਬਾਰੇ ਕਾਨਫਰੰਸ (ੂਂਛਠੳਧ) ਦੁਆਰਾ ਪ੍ਰਕਾਸ਼ਿਤ 2019 ਦੀ ਰਿਪੋਰਟ ਵਿੱਚ ਨੋਟ ਕੀਤਾ ਗਿਆ ਸੀ ਕਿ ਇਹ ਗਤੀਵਿਧੀਆਂ ਸੱਭਿਆਚਾਰਕ ਅਤੇ ਵਪਾਰਕ- ਦੋਵਾਂ ਰੂਪਾਂ ਵਿੱਚ ਹੀ ਕੀਮਤੀ ਹਨ। ਸਪੱਸ਼ਟ ਤੌਰ `ਤੇ ਇਹ ਮਨੁੱਖੀ ਜੀਵਨ ਅਤੇ ਸਮਾਜਿਕ ਤਾਣੇ-ਬਾਣੇ ਨੂੰ ਸੁਧਾਰਦੀਆਂ ਹਨ ਅਤੇ ਪ੍ਰਗਟਾਵੇ ਦੇ ਰੂਪ ਵਿੱਚ ਉਹ ਮਨੁੱਖੀ ਜੀਵਨ ਵਿੱਚ ਕਲਪਨਾ ਦੇ ਰੰਗ ਭਰਦੀਆਂ ਹੋਈਆਂ ਅਨੰਦ ਦੀ ਪੂਰਤੀ ਕਰਦੀਆਂ ਹਨ। ਇਹ ਸਰਗਰਮੀਆਂ ਆਪਣੇ ਉੱਤਮ ਰੂਪਾਂ ਵਿੱਚ ਅਹਿਮ ਸਮਾਜਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਫੈਲਾ ਕੇ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰ ਸਕਦੀਆਂ ਹਨ ਅਤੇ ਮਨੁੱਖੀ ਸਰੋਕਾਰਾਂ ਨੂੰ ਆਵਾਜ਼ ਦਿੰਦੀਆਂ ਹਨ।
ਪਰ ਇਸ ਤੋਂ ਇਲਾਵਾ ਉਹ ਆਪਣੀ ਬਹੁਤ ਵੱਡੀ ਰੁਜ਼ਗਾਰ ਸੰਭਾਵਨਾ ਦੇ ਕਾਰਨ ਸਮੁੱਚੇ ਦੇਸ਼ ਦੇ ਆਰਥਿਕ ਵਿਕਾਸ ਲਈ ਵੀ ਅਹਿਮ ਹਨ। ਹੋਰ ਖੇਤਰਾਂ ਦੇ ਉਲਟ ਇਹ ਤਕਨੀਕੀ ਤਬਦੀਲੀਆਂ ਰਚਨਾਤਮਕ ਉਦਯੋਗਾਂ ਨੂੰ ਸਕਾਰਾਤਮਕ ਤੌਰ `ਤੇ ਪ੍ਰਭਾਵਿਤ ਕਰ ਸਕਦੀਆਂ ਹਨ, ਨਵੀਆਂ ਨੌਕਰੀਆਂ ਪੈਦਾ ਕਰਦੀਆਂ ਹਨ ਅਤੇ ਆਮ ਰੂਪ ਵਿੱਚ ਹੋਰਨਾਂ ਸਨਅਤਾਂ ਵਾਂਗ ਬੇਕਾਰੀ ਪੈਦਾ ਨਹੀਂ ਕਰਦੀਆਂ; ਕਿਉਂਕਿ ਸਮਕਾਲੀ ਸਿਰਜਣਾਤਮਕ ਆਰਥਿਕਤਾ ਸੱਭਿਆਚਾਰ, ਤਕਨਾਲੋਜੀ, ਕਾਰੋਬਾਰ ਅਤੇ ਨਵੀਨਤਾ ਦੇ ਜੁੜਵੇਂ ਸੁਮੇਲ ਨਾਲ ਪ੍ਰਫੁਲਤ ਹੁੰਦੀ ਹੈ। ਜੇ ਤਿੰਨ-ਦਿਸ਼ਾਵੀ (3ਡੀ) ਐਨੀਮੇਸ਼ਨ ਬਾਰੇ ਸੋਚਿਆ ਜਾਵੇ ਜੋ ਕਿ ਹੁਣ ਹੰਗਰੀ ਅਤੇ ਇੰਡੋਨੇਸ਼ੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧ ਰਹੀ ਹੈ, ਜਾਂ ਬ੍ਰਾਜ਼ੀਲ ਵਿੱਚ ਇਮੋਟੀਮ ਵਰਗੇ ਬਾਹਰੀ ਕਲਾ ਪਾਰਕ ਦੇ ਰੂਪ ਵਿੱਚ ਉੱਭਰ ਰਹੀ ਹੈ, ਤਾਂ ਇਹ ਇੱਕ ਵਪਾਰ ਤੇ ਮਨੋਰੰਜਨ ਦਾ ਸ਼ਕਤੀਸ਼ਾਲੀ ਸਰੋਤ ਹੋ ਸਕਦੀ ਹੈ। ਭਵਿੱਖ ਦੇ ਨਵੀਨੀਕਰਨ ਦੇ ਨਾਲ ਨਾਲ। ਇਹ ਗਤੀਵਿਧੀਆਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਲਈ ਤੇਜ਼ੀ ਨਾਲ ਅਨੁਕੂਲ ਸਾਬਤ ਹੁੰਦੀਆਂ ਹਨ, ਖਾਸ ਕਰਕੇ ਜਦੋਂ ਇਨ੍ਹਾਂ ਵਿੱਚ ਉੱਦਮੀਆਂ ਦੇ ਦਾਖਲੇ ਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਂਦਾ ਹੈ। ਸਿਰਜਣਾਤਮਕ ਵਸਤੂਆਂ ਅਤੇ ਸੇਵਾਵਾਂ ਵਿੱਚ ਕੌਮਾਂਤਰੀ ਵਪਾਰ ਦੀਆਂ ਵੀ ਅਥਾਹ ਸੰਭਾਵਨਾਵਾਂ ਹਨ ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੂੰ ਇਨ੍ਹਾਂ ਉਦਯੋਗਾਂ ਦੇ ਵਿਸਤਾਰ ਲਈ ਸਭ ਤੋਂ ਵੱਧ ਸੰਭਾਵਨਾਵਾਂ ਵਾਲੇ ਦੇਸ਼ਾਂ ਵਜੋਂ ਦੇਖਿਆ ਜਾਂਦਾ ਹੈ। 2015 ਵਿੱਚ ੂਂਛਠੳਧ ਨੇ ਇਸ ਨੂੰ ਦੁਨੀਆ ਵਿੱਚ ਰਚਨਾਤਮਕ ਵਸਤੂਆਂ ਦਾ ਅੱਠਵਾਂ ਸਭ ਤੋਂ ਵੱਡਾ ਨਿਰਯਾਤਕ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ (ਚੀਨ ਅਤੇ ਹਾਂਗਕਾਂਗ ਤੋਂ ਬਾਅਦ) ਤੀਸਰਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਮੰਨਿਆ ਹੈ। ਭਾਰਤ ਨੇ ਉਸ ਸਮੇਂ ਬਰਾਮਦ ਦੇ ਰੂਪ ਵਿੱਚ ਲਗਭਗ 13,6000 ਕਰੋੜ ਰੁਪਏ (17 ਬਿਲੀਅਨ ਡਾਲਰ) ਦਾ ਵਪਾਰ ਕੀਤਾ ਸੀ, ਜਿਸ ਵਿੱਚੋਂ 96,000 ਕਰੋੜ ਰੁਪਏ (12 ਬਿਲੀਅਨ ਡਾਲਰ) ਦਾ ਵਾਧੂ ਵਪਾਰ ਸੀ। ਬਾਲੀਵੁੱਡ ਦੀ ਇਸ ਕੰਮ ਵਿੱਚ ਕਾਫ਼ੀ ਘੱਟ ਭੂਮਿਕਾ ਸੀ। ਮਿਸਾਲ ਵਜੋਂ, ਹਾਲ ਹੀ ਦੇ ਸਾਲਾਂ ਵਿੱਚ ਭਾਰਤ ਗੇਮ ਡਿਵੈਲਪਮੈਂਟ ਅਤੇ ਗੇਮ ਸਪੋਰਟ ਸੇਵਾਵਾਂ ਦੀ ਆਊਟਸੋਰਸਿੰਗ ਲਈ ਇੱਕ ਵੱਡਾ ਕੇਂਦਰ ਬਣ ਗਿਆ ਹੈ।
ਬੇਸ਼ੱਕ ਭਾਰਤ ਵਿੱਚ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਕਿੰਨੇ ਕੁ ਲੋਕ ਰਚਨਾਤਮਕ ਉਦਯੋਗਾਂ ਵਿੱਚ ਲੱਗੇ ਹੋਏ ਹਨ, ਕਿਉਂਕਿ ਉਨ੍ਹਾਂ ਦਾ ਪ੍ਰਮੁੱਖ ਹਿੱਸਾ, ਗੈਰ-ਰਸਮੀ ਕੰਮ ਵਿੱਚ ਰੁੱਝਿਆ ਹੋਇਆ ਹੈ ਅਤੇ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਪੱਕਾ ਕੰਮ ਕਰਦਾ ਹੈ, ਜਿਸ ਨੂੰ ‘ਰਜਿਸਟਰਡ’ ਕਿਹਾ ਜਾਂਦਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਨਅਤ ਵਿੱਚ ਲੱਗੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ। ਪਰਫਾਰਮਿੰਗ ਆਰਟਸ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ, ਡਿਜ਼ਾਈਨ ਅਤੇ ਫੈਸ਼ਨ, ਫਿਲਮ ਤੇ ਫੋਟੋਗ੍ਰਾਫੀ ਉਦਯੋਗਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਔਨਲਾਈਨ ਪ੍ਰਸਾਰਣ ਤੋਂ ਲਾਭ ਪ੍ਰਾਪਤ ਕਰਨ ਵਾਲੇ ਨਵੇਂ ਖੇਤਰਾਂ ਵਿੱਚ ਨੌਕਰੀਆਂ ਦੀ ਸਿਰਜਣਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਵਰਗੀ ਅਰਥਵਿਵਸਥਾ ਵਿੱਚ, ਜਿੱਥੇ ਉਤਪਾਦਕ ਰੁਜ਼ਗਾਰ ਦੇ ਮੌਕਿਆਂ ਦੀ ਅਤੇ ਢੁਕਵੀਂ ਰੋਜ਼ੀ-ਰੋਟੀ ਦੀ ਘਾਟ ਪਿਛਲੇ ਸਮੇਂ ਦੀ ਮੁੱਖ ਚੁਣੌਤੀ ਰਹੀ ਹੈ, ਤਦ ਇਨ੍ਹਾਂ ਗਤੀਵਿਧੀਆਂ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਫਿਰ ਵੀ ਇਨ੍ਹਾਂ ਉਦਯੋਗਾਂ ਦੀ ਰੁਜ਼ਗਾਰ ਪੈਦਾ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਹੈ, ਪਰ ਇਸਨੂੰ ਉਸ ਹੱਦ ਤੱਕ ਜਨਤਕ ਸਮਰਥਨ ਦਾ ਲਾਭ ਨਹੀਂ ਮਿਲ ਸਕਿਆ, ਜਿਸ ਦੇ ਇਹ ਹੱਕਦਾਰ ਸਨ। ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਰਾਹੀਂ ਪੁਸ਼ਟੀ ਕੀਤੀ ਗਈ ਹੈ ਕਿ ਬਹੁਤ ਸਾਰੇ ਦੇਸ਼ਾਂ, ਖਾਸ ਤੌਰ `ਤੇ ਭਾਰਤ ਵਿੱਚ ਪਿਛਲੇ ਦਹਾਕੇ ਤੋਂ ਸੱਭਿਆਚਾਰ ਵਿੱਚ ਜਨਤਕ ਨਿਵੇਸ਼ ਲਗਾਤਾਰ ਘਟ ਰਿਹਾ ਹੈ। ਇਸ ਲਈ ਇਹ ਪੁੱਛਣਾ ਕਿ ਇਹ ਰਚਨਾਤਮਕ ਉਦਯੋਗ ਕੋਵਿਡ-19 ਮਹਾਂਮਾਰੀ ਦੁਆਰਾ ਕਿਵੇਂ ਪ੍ਰਭਾਵਿਤ ਹੋਏ ਹਨ, ਇੱਕ ਅਕਾਦਮਿਕ ਸਵਾਲ ਹੈ ਜਾਂ ਵੱਧ ਤੋਂ ਵੱਧ ਇਸ ਸਵਾਲ ਵਿੱਚ ਇਨ੍ਹਾਂ ਗਤੀਵਿਧੀਆਂ ਵਿੱਚ ਲੱਗੇ ਲੋਕਾਂ ਦੀ ਦਿਲਚਸਪੀ ਹੀ ਹੋ ਸਕਦੀ ਹੈ; ਪਰ ਇਸ ਦੇ ਸਮੁੱਚੇ ਅਰਥਚਾਰੇ ਉੱਪਰ ਪੈਣ ਵਾਲੇ ਪ੍ਰਭਾਵ ਅਤੇ ਭਵਿੱਖ ਦੇ ਸੰਭਾਵੀ ਵਿਕਾਸ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਬਾਰੇ ਵਧੇਰੇ ਵਿਆਪਕ ਅਧਿਕਾਰਤ ਅੰਕੜਿਆਂ ਦੀ ਅਣਹੋਂਦ ਵਿੱਚ ਬ੍ਰਿਟਿਸ਼ ਕੌਂਸਲ ਅਤੇ ਆਰਟ ਐਕਸ ਕੰਪਨੀ, 2022 ਦੀ ਇੱਕ ਰਿਪੋਰਟ ਇਸ ਬਾਰੇ ਸਰਵੇਖਣ-ਆਧਾਰਤ ਕੀਮਤੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਦੇਖਣਾ ਬਣਦਾ ਹੈ ਕਿ ਇਸ ਸਮੇਂ ਦੌਰਾਨ ਭਾਰਤ ਦੇ ਕਈ ਰਚਨਾਤਮਕ ਉਦਯੋਗਾਂ ਨੂੰ ਕੀ ਹੋਇਆ ਹੈ? ਅਚਾਨਕ ਅਤੇ ਲਗਾਤਾਰ ਵੱਜ ਰਹੇ ਝਟਕਿਆਂ ਨਾਲ ਸਿੱਝਣ ਲਈ ਉਨ੍ਹਾਂ ਨੇ ਕਿਹੜੀਆਂ ਰਣਨੀਤੀਆਂ ਅਪਨਾਈਆਂ ਹਨ?
ਹਾਸਲ ਸਬੂਤ ਵਾਕਈ ਖ਼ਤਰਨਾਕ ਤਸਵੀਰ ਪੇਸ਼ ਕਰਦੇ ਹਨ। ਇਹ ਉਦਯੋਗ ਆਮਦਨ ਅਤੇ ਰੁਜ਼ਗਾਰ- ਦੋਵਾਂ ਪੱਖਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਰਿਹਾ ਹੈ, ਬੇਸ਼ੱਕ ਵੱਖ-ਵੱਖ ਗਤੀਵਿਧੀਆਂ ਵਿੱਚ ਵਾਪਰੇ ਨਤੀਜੇ ਇਕਸਾਰ ਨਹੀਂ ਸਨ। ਸਭ ਤੋਂ ਮਾੜਾ ਅਸਰ ਜੀਵੰਤ (ਲਾਈਵ) ਪ੍ਰਦਰਸ਼ਨ, ਜਿਵੇਂ ਕਿ ਥੀਏਟਰ, ਸੰਗੀਤ ਅਤੇ ਡਾਂਸ ਦੇ ਨਾਲ-ਨਾਲ ਤਿਉਹਾਰਾਂ, ਸਿਨੇਮਾਘਰਾਂ, ਗੈਲਰੀਆਂ ਅਤੇ ਅਜਾਇਬ ਘਰਾਂ ਉਪਰ ਪਿਆ ਹੈ। ਹਾਲਾਂਕਿ ਪ੍ਰਾਈਵੇਟ ਗੈਲਰੀਆਂ ਅਤੇ ਕਲਾ ਦੀ ਵਿਕਰੀ ਦੇ ਨਾਲ-ਨਾਲ ਔਨਲਾਈਨ ਗਤੀਵਿਧੀਆਂ ਜਿਵੇਂ ਕਿ ਵਰਚੁਅਲ ਰਿਐਲਿਟੀ, ਮਸਨੂਈ ਸੂਝ ਅਤੇ ਗੇਮਿੰਗ ਵਿੱਚ ਮਹਾਂਮਾਰੀ ਦੌਰਾਨ ਵੀ ਵਪਾਰ ਤੇਜ਼ ਦਰ ਨਾਲ ਫੈਲਣਾ ਜਾਰੀ ਰਿਹਾ ਸੀ। ਮਨੋਰੰਜਨ ਸਨਅਤ ਹੀ ਇੱਕੋ ਇੱਕ ਖੇਤਰ ਸੀ, ਜੋ ਮਾੜੀਆਂ ਹਾਲਤਾਂ ਵਿੱਚ ਵੀ ਕੰਮ ਕਰਕੇ ਲੋਕਾਂ ਦੀ ਮਾਨਸਿਕ ਤ੍ਰਿਪਤੀ ਕਰਦਾ ਆ ਰਿਹਾ ਹੈ। ਫੇਰ ਵੀ ਲੌਕਡਾਊਨ ਅਤੇ ਸਮਾਜਿਕ ਦੂਰੀ (ਵਧੇਰੇ ਸਹੀ ਕਹਿਣਾ ਹੋਵੇ ਤਾਂ ਸਰੀਰਕ ਦੂਰੀ) ਦੀਆਂ ਲੋੜਾਂ ਨੇ ਜ਼ਿਆਦਾਤਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਬੁਰੇ ਰੁਖ ਪ੍ਰਭਾਵਿਤ ਕੀਤਾ ਸੀ, ਕਿਉਂਕਿ ਇਨ੍ਹਾਂ ਇਕਾਈਆਂ ਵਿੱਚ ਲਗਭਗ 88 ਪ੍ਰਤੀਸ਼ਤ ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ। ਇਨ੍ਹਾਂ ਤੋ ਇਲਾਵਾ ਸਥਾਪਿਤ ਤੇ ਹੁਨਰਮੰਦ ਫ੍ਰੀਲਾਂਸ ਕਲਾਕਾਰਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ। ਸਰਵੇਖਣਾਂ ਵਿੱਚ ਪਾਇਆ ਗਿਆ ਕਿ ਅਜਿਹੇ ਕਾਮਿਆਂ ਨੂੰ 51 ਪ੍ਰਤੀਸ਼ਤ ਦੀ ਆਮਦਨੀ ਦਾ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਸਾਬਕਾ ਮਾਲਕ, ਜਿਨ੍ਹਾਂ ਦੀ ਫੀਸਦੀ 44 ਦੇ ਕਰੀਬ ਹੈ, ਨੂੰ ਵਧੇਰੇ ਅਸੁਰੱਖਿਅਤ ਅਤੇ ਅਸਥਾਈ ਫ੍ਰੀਲਾਂਸ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਖਾਸ ਤੌਰ `ਤੇ ਸ਼ਿਲਪਕਾਰੀ ਕਾਰੀਗਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਉਹ ਥੋੜ੍ਹੇ ਜਿਹੇ ਸਮੇਂ ਦੇ ਨੋਟਿਸ `ਤੇ ਹੀ ਆਪਣੀ ਰੋਜ਼ੀ-ਰੋਟੀ ਤੋਂ ਪੂਰੀ ਤਰ੍ਹਾਂ ਵਾਂਝੇ ਹੋ ਗਏ ਸਨ। ਇਨ੍ਹਾਂ ਵਿੱਚ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਜਾਣ ਵਾਲੇ ਲੱਖਾਂ ਹੀ ਪਰਵਾਸੀ ਮਜ਼ਦੂਰ ਸ਼ਾਮਲ ਸਨ।
ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ- ਦੋਵੇਂ ਹੀ ਭਾਰਤ ਵਿੱਚ ਲੰਬੇ ਸਮੇਂ ਤੋਂ ਪ੍ਰਮੁੱਖ ਰਹੇ ਹਨ, ਜੋਕਿ ਮੌਸਮੀ ਨੌਕਰੀਆਂ ਪੈਦਾ ਕਰਨ ਵਾਲੇ ਹਨ। ਮਿਸਾਲ ਵਜੋਂ ਇਕੱਲੇ ਕੋਲਕਾਤਾ ਵਿੱਚ ਦੁਰਗਾ ਪੂਜਾ ਲਈ ਰੋਜ਼ਾਨਾ 2 ਤੋਂ 3 ਲੱਖ ਲੋਕਾਂ ਦੇ ਆਉਣ ਦਾ ਅੰਦਾਜ਼ਾ ਹੁੰਦਾ ਹੈ। ਇਹ ਤਿਉਹਾਰ ਇਨ੍ਹਾਂ ਥਾਂਵਾਂ ਉਤੇ ਸਮਾਨ ਅਤੇ ਭੋਜਨ ਵੇਚਣ ਵਾਲਿਆਂ ਅਤੇ ਹੋਰ ਸੇਵਾ ਪ੍ਰਦਾਨ ਕਰਨ, ਛੋਟੇ-ਮੋਟੇ ਮਨੋਰੰਜਨੀ ਪ੍ਰਦਰਸ਼ਨ ਕਰਨ ਵਿੱਚ ਸ਼ਾਮਲ ਲੋਕਾਂ ਲਈ ਅਸਥਾਈ ਰੁਜ਼ਗਾਰ ਤੇ ਆਮਦਨ ਦੇ ਵਸੀਲੇ ਪ੍ਰਦਾਨ ਕਰਦੇ ਹਨ। ਤਿਉਹਾਰਾਂ ਦਾ ਸੀਜ਼ਨ ਆਮ ਤੌਰ `ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਕਤੂਬਰ ਤੋਂ ਮਾਰਚ ਤੱਕ ਚੱਲਦਾ ਹੈ, ਪਰ 2020 ਅਤੇ 2021 ਵਿੱਚ ਸਰੀਰਕ ਦੂਰੀਆਂ ਦੀਆਂ ਪਾਬੰਦੀਆਂ ਕਾਰਨ ਜ਼ਿਆਦਾਤਰ ਤਿਉਹਾਰਾਂ ਨੂੰ ਰੱਦ, ਮੁਲਤਵੀ ਜਾਂ ਬਹੁਤ ਘੱਟ ਕਰ ਦਿੱਤਾ ਗਿਆ ਸੀ। ਇਸ ਨੇ ਨਾ ਸਿਰਫ਼ ਸਿੱਧੇ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ, ਸਗੋਂ ਇਨ੍ਹਾਂ ਤਿਉਹਾਰਾਂ `ਤੇ ਵੇਚੀਆਂ ਜਾਣ ਵਾਲੀਆਂ ਵਸਤੂਆਂ ਦੀ ਮੰਗ ਅਤੇ ਅਜਿਹੇ ਪੈਦਾਵਾਰ ਲਈ ਵਰਤੇ ਜਾਣ ਵਾਲੇ ਸਮਾਨ ਨੂੰ ਵੀ ਪ੍ਰਭਾਵਿਤ ਕੀਤਾ। ਵਧੇਰੇ ਕੁਲੀਨ ਸਮੂਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਤਿਉਹਾਰ ਡਿਜੀਟਲ ਪਲੇਟਫਾਰਮਾਂ ਅਤੇ ਔਨਲਾਈਨ ਕ੍ਰਿਆਵਾਂ ਦੀ ਵਰਤੋਂ ਕਰਦੇ ਹੋਏ ਮੁੜ ਸੁਰਜੀਤੀ ਦਾ ਮਾਰਗ ਤਿਆਰ ਕਰਨ ਦੇ ਯੋਗ ਸਨ, ਪਰ ਇਨ੍ਹਾਂ ਵਿੱਚ ਸਪਸ਼ਟ ਤੌਰ `ਤੇ ਘੱਟ ਆਮਦਨੀ ਅਤੇ ਘੱਟ ਰੁਜ਼ਗਾਰ ਮਿਲਣ ਦੀਆਂ ਸਥਿਤੀਆਂ ਦਰਪੇਸ਼ ਸਨ।
ਸਿਰਜਣਾਤਮਕ ਸਰਗਰਮੀਆਂ ਦੇ ਮਾਮਲੇ ਵਿੱਚ ਭਾਰਤ ਦਾ ਫਿਲਮ ਉਦਯੋਗ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਗਿਣਿਆ ਜਾਂਦਾ ਹੈ। ਨਵੇਂ ਉੱਭਰ ਰਹੇ ਰੁਝਾਨਾਂ ਮੁਤਾਬਕ ਬਾਲੀਵੁੱਡ ਨੂੰ ਖੇਤਰੀ ਭਾਸ਼ਾਵਾਂ ਦੇ ਨਿਰਮਾਤਾਵਾਂ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਧਾਰਾ ਦੇ ਸਿਨੇਮਾ ਨੂੰ ਖੇਤਰੀ ਗੀਤ-ਸੰਗੀਤ ਅਤੇ ਵਿਸ਼ਿਆਂ ਨੂੰ ਥਾਂ ਦੇਣੀ ਪੈ ਰਹੀ ਹੈ। ਸਿਨੇਮਾ ਥੀਏਟਰਾਂ ਨੂੰ ਲਾਈਵ ਪ੍ਰਦਰਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਦੇਸ਼ ਭਰ ਵਿੱਚ ਮਹਾਂਮਾਰੀ ਵਿੱਚ ਅੰਦਾਜ਼ਨ 9,527 ਵਿੱਚੋਂ ਲਗਭਗ 1,000 ਸਕ੍ਰੀਨਾਂ ਪੱਕੇ ਤੌਰ `ਤੇ ਬੰਦ ਹੋ ਗਈਆਂ ਸਨ; ਹਾਲਾਂਕਿ ਕੁਝ ਥੀਏਟਰ ਹੁਣ ਖੁੱਲ੍ਹ ਰਹੇ ਹਨ। ਫਿਲਮ ਅਤੇ ਸੰਗੀਤਕ ਐਲਬਮਾਂ ਦਾ ਹਰ ਪਾਸੇ ਇੱਕੋਦਮ ਪ੍ਰਚਲਨ/ਸਟ੍ਰੀਮਿੰਗ ਸੇਵਾਵਾਂ ਦੀ ਗਿਣਤੀ ਅਤੇ ਤਾਕਤ ਵਿੱਚ ਵਾਧਾ ਹੋਇਆ ਹੈ, ਪਰ ਇਸ ਦਾ ਰੁਜ਼ਗਾਰ ਅਤੇ ਲੇਖਕਾਂ-ਕਲਾਕਾਰਾਂ ਦੀ ਆਮਦਨ ‘ਤੇ ਮਾੜਾ ਪ੍ਰਭਾਵ ਦਿਸਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਅੰਦਰ ਲੇਖਕਾਂ ਅਤੇ ਕਲਾਕਾਰਾਂ ਦੀ ਚੱਲ ਰਹੀ ਹੜਤਾਲ਼ ਘੱਟ ਰਹੀ ਆਮਦਨ ਦੇ ਵਿਰੋਧ ਦਾ ਹੀ ਨਤੀਜਾ ਹੈ।
ਭਾਰਤ ਅੰਦਰ 2020 ਵਿੱਚ ਅਜਾਇਬ ਘਰ ਅਤੇ ਗੈਲਰੀਆਂ ਔਸਤਨ 155 ਦਿਨਾਂ ਲਈ ਬੰਦ ਰਹੀਆਂ ਅਤੇ ਕੁਝ ਨੂੰ 2021 ਵਿੱਚ ਦੁਬਾਰਾ ਬੰਦ ਕਰਨਾ ਪਿਆ ਸੀ। ਸਪੱਸ਼ਟ ਤੌਰ `ਤੇ ਦੇਖਣ ਵਾਲਿਆਂ ਦੀ ਗਿਣਤੀ ਵਿੱਚ 70 ਪ੍ਰਤੀਸ਼ਤ ਤੱਕ ਵੱਡੀ ਗਿਰਾਵਟ ਆਈ ਸੀ ਅਤੇ 2019 ਦੇ ਮੁਕਾਬਲੇ ਮਾਲੀਆ 40 ਤੋਂ 60 ਪ੍ਰਤੀਸ਼ਤ ਤੱਕ ਘੱਟ ਗਿਆ ਸੀ। ਬਾਕੀ ਦੁਨੀਆ ਵਾਂਗ ਹੀ ਉਨ੍ਹਾਂ ਵਿੱਚੋਂ ਵਧੇਰੇ ਨਿਰਮਾਤਾ ਆਨਲਾਈਨ ਪੇਸ਼ਕਾਰੀਆਂ ਵੱਲ ਮੁੜ ਗਏ ਸਨ। ਉਦੋਂ ਦਾ ਸ਼ੁਰੂ ਹੋਇਆ ਇਹ ਸਿਲਸਲਾ ਹੁਣ ਇੱਕ ਪੱਕਾ ਪੈਟਰਨ ਬਣਨ ਵੱਲ ਵੱਧ ਰਿਹਾ ਹੈ ਕਿ 70 ਫੀਸਦੀ ਲੋਕ ਸਿਨੇਮਾ ਘਰਾਂ ਵਿੱਚ ਜਾਣ ਦੀ ਥਾਂ ਘਰ ਬੈਠ ਕੇ ਆਨਲਾਈਨ ਫਿਲਮਾਂ ਅਤੇ ਵੈਬ ਸੀਰੀਜ਼ ਵੱਧ ਦੇਖਣਾ ਪਸੰਦ ਕਰਨ ਲੱਗੇ ਹਨ। ਇਸ ਨਾਲ ਥਿਏਟਰ ਵਿੱਚ ਕੰਮ ਕਰਨ ਵਾਲੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ।
ਫੇਰ ਵੀ ਕੁੱਝ ਲੋਕਾਂ ਦੇ ਰੁਜ਼ਗਾਰ ਵਿੱਚ ਗਿਰਾਵਟ ਆਉਣ ਦੇ ਬਾਵਜੂਦ ਔਨਲਾਈਨ ਗੇਮਿੰਗ ਉਦਯੋਗ ਨੇ ਲੌਕਡਾਊਨ ਦੌਰਾਨ ਅਤੇ ਬਾਅਦ ਵਿੱਚ ਕਾਫ਼ੀ ਪਾਸਾਰ-ਵਿਸਥਾਰ ਕੀਤਾ ਹੈ। ਖਾਸ ਤੌਰ `ਤੇ ਜਿਵੇਂ ਕਿ ਗੇਮਾਂ ਵਧੇਰੇ ਖਿੱਚਪਾਊ ਅਤੇ ਵਧੇਰੇ ਕਫਾਇਤੀ ਬਣ ਗਈਆਂ ਹਨ। ਭਾਰਤ ਵਿੱਚ ਖੇਤਰੀ ਭਾਸ਼ਾਵਾਂ ਅਤੇ ਖੇਤਰ-ਵਿਸ਼ੇਸ਼ ਸੱਭਿਆਚਾਰਕ ਸਮੱਗਰੀ `ਤੇ ਵਧੇਰੇ ਜ਼ੋਰ ਦੇਣ ਦੇ ਨਾਲ ਸਮੱਗਰੀ ਵਧੇਰੇ ਸਥਾਨਕ ਬਣ ਰਹੀ ਹੈ। ਇਸ ਸਭ ਕਾਸੇ ਨੇ ਦੇਸ਼ ਵਿੱਚ ਮੁੱਖ ਤੌਰ `ਤੇ ਨੌਜਵਾਨ ਆਬਾਦੀ ਦੇ ਨਾਲ ਨਾਲ ਇਸ ਦੀ ਪ੍ਰਸਿੱਧੀ ਵਿੱਚ ਵੀ ਵਾਧਾ ਕੀਤਾ ਹੈ ਅਤੇ ਹੁਨਰਮੰਦਾਂ ਦੀ ਇੱਕ ਛੋਟੀ ਪਰ ਵਧ ਰਹੀ ਗਿਣਤੀ ਲਈ ਨਵਾਂ ਰੁਜ਼ਗਾਰ ਪ੍ਰਦਾਨ ਕੀਤਾ ਹੈ। ਗੇਮਿੰਗ ਪਲੇਟਫਾਰਮਾਂ ਵਿੱਚ ਨਵੇਂ ਦਰਸ਼ਕਾਂ ਦੀ ਗਿਣਤੀ ਵਿੱਚ ਲਗਭਗ 50 ਪ੍ਰਤੀਸ਼ਤ ਅਤੇ ਰੋਜ਼ਾਨਾ ਸਰਗਰਮ ਦਰਸ਼ਕਾਂ ਦੀ ਗਿਣਤੀ ਵਿੱਚ 20 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਸ ਖੇਤਰ ਵਿੱਚ ਨਿਵੇਸ਼ ਵਧ ਰਿਹਾ ਹੈ।
ਇਸ ਖਾਸ ਸਫਲਤਾ ਦੇ ਬਾਵਜੂਦ ਸਿਰਜਣਾਤਮਕ ਉਦਯੋਗਾਂ ਨੂੰ ਮਹਾਂਮਾਰੀ ਦੇ ਦੌਰਾਨ ਦੇਹ-ਝੰਜੋੜੂ ਝਟਕਾ ਲੱਗਾ ਸੀ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਖਾਸ ਤੌਰ `ਤੇ ਕੀਮਤੀ ਚੀਜ਼ਾਂ ਤੇ ਸੇਵਾਵਾਂ ਜਿਵੇਂ ਕਿ ਕੁਝ ਦਸਤਕਾਰੀ ਅਤੇ ਕੁਝ ਕਿਸਮਾਂ ਦੀ ਕਾਰਗੁਜ਼ਾਰੀ ਸ਼ਾਇਦ ਬਚ ਨਾ ਸਕੀਆਂ। ਇਹ ਰੁਝਾਨ ਨਾ ਸਿਰਫ਼ ਰੁਜ਼ਗਾਰ ਲਈ ਮਾੜਾ ਹੈ, ਸਗੋਂ ਇਹ ਸਮਾਜ ਵਿੱਚ ਹਰ ਕਿਸੇ ਦੇ ਜੀਵਨ ਦੀ ਗੁਣਵੱਤਾ ਅਤੇ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹ ਜਾਣਿਆ ਜਾਂਦਾ ਤੱਥ ਹੈ ਕਿ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸੱਭਿਆਚਾਰਕ ਅਤੇ ਰਚਨਾਤਮਕ ਖੇਤਰਾਂ ਨਾਲ ਗੂੜ੍ਹੇ ਸਬੰਧਾਂ ਤੋਂ ਲਾਭ ਉਠਾਉਂਦੀਆਂ ਹਨ, ਕਿਉਂਕਿ ਇਹ ਵਧੇਰੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਵੱਲ ਲੈ ਕੇ ਜਾਂਦੀਆਂ ਹਨ। ਇਹ ਸੇਵਾਵਾਂ ਸਮਾਜਿਕ ਤੇ ਆਰਥਿਕ ਕਦਰਾਂ-ਕੀਮਤਾਂ ਦੀ ਸਿਰਜਣਾ ਅਤੇ ਸਮਾਜਿਕ ਏਕਤਾ ਦੇ ਉਤਪ੍ਰੇਰਕ ਵੀ ਹੋ ਸਕਦੀਆਂ ਹਨ, ਖਾਸ ਤੌਰ `ਤੇ ਅਜਿਹੇ ਸਮੇਂ ਵਿੱਚ ਜਦੋਂ ਵੰਡਣ ਵਾਲੀਆਂ ਪ੍ਰਵਿਰਤੀਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੋਵੇ। ਇਹ ਨਹੀਂ ਕਿ ਵੰਡਪਾਊ ਸ਼ਕਤੀਆਂ ਸਿਰਜਣਾਤਮਕ ਖੇਤਰ ਵਿੱਚ ਸਰਗਰਮ ਨਹੀਂ ਹਨ, ਪਰ ਅਜੇ ਉਨ੍ਹਾਂ ਦੀ ਪੁੱਗਤ ਉਨੀ ਨਹੀਂ ਕਿ ਸਮਾਜ ਨੂੰ ਖੇਰੂੰ ਖੇਰੂੰ ਕਰ ਸਕਣ।
ਇਸ ਲਈ ਇਨ੍ਹਾਂ ਗਤੀਵਿਧੀਆਂ ਨੂੰ ਜਿਉਂਦਾ ਰੱਖਣ ਅਤੇ ਉਨ੍ਹਾਂ ਨੂੰ ਗੰਭੀਰ ਤੇ ਅਣਗਿਣਤ ਚੁਣੌਤੀਆਂ ਨਾਲ ਸਿੱਝਣ ਵਿੱਚ ਮਦਦ ਕਰਨ ਲਈ ਸਹੀ ਕਿਸਮ ਦੀ ਜਨਤਕ ਦਖਲਅੰਦਾਜ਼ੀ ਬਹੁਤ ਮਹੱਤਵਪੂਰਨ ਹੈ। ਇਹ ਉਨ੍ਹਾਂ ਲੱਖਾਂ ਰਚਨਾਤਮਕ ਲੋਕਾਂ ਲਈ ਖਾਸ ਤੌਰ `ਤੇ ਅਹਿਮ ਹੈ, ਜਿਨ੍ਹਾਂ ਕੋਲ ਵਧ ਰਹੇ ਨਾਜ਼ੁਕ ਅਤੇ ਜੋਖਮ ਭਰੇ ਮਾਹੌਲ ਵਿੱਚ ਛੋਟੇ ਤੇ ਸੂਖਮ ਉੱਦਮੀ ਬਣਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਜਾਂ ਹੈ। ਰਚਨਾਤਮਕ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ ਅਤੇ ਭਵਿੱਖ ਵਿੱਚ ਇੱਕ ਸਿਹਤਮੰਦ ਅਤੇ ਖੁਸ਼ਹਾਲ ਆਬਾਦੀ ਨੂੰ ਸੰਬੋਧਿਤ ਹੋਣ ਲਈ ਅਥਾਹ ਸੰਭਾਵਨਾਵਾਂ ਹਨ, ਪਰ ਸਾਨੂੰ ਸਰਕਾਰਾਂ ਨੂੰ ਇਸ ਦੀ ਪਛਾਣ ਕਰਵਾਉਣੀ ਪਵੇਗੀ ਅਤੇ ਇਸ ਦੀ ਪੂਰੀ ਸਮਰੱਥਾ ਨੂੰ ਸਾਰੇ ਸਮਾਜ ਅਤੇ ਕੁਦਰਤ ਨਾਲ ਇਕਸੁਰਤਾ ਵਿੱਚ ਖੋਲ੍ਹਣਾ ਪਵੇਗਾ।