ਹਰਦੀਪ ਸਿੰਘ ਹੈਪੀ ਪੰਡਵਾਲਾ
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁ-ਪੱਖੀ ਜੀਵਨ ਨੂੰ ਸਮਝਣ ਤੋਂ ਬਹੁਤ ਲੋਕ ਅਸਮਰਥ ਰਹੇ ਹਨ। ਉਹ ਗੁਰੂ ਜੀ ਦੇ ਜੀਵਨ ਉਦੇਸ਼ਾਂ ਨੂੰ ਸਹੀ ਦ੍ਰਿਸ਼ਟੀਕੋਣ ਨਾਲ ਨਹੀਂ ਵਿਚਾਰ ਸਕੇ। ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ, ਕਰਨੀਆਂ, ਉਪਦੇਸ਼ ਤੇ ਆਦੇਸ਼ ਕਈਆਂ ਲਈ ਭੁਲੇਖਿਆਂ ਦਾ ਕਾਰਨ ਬਣੇ ਹੋਏ ਹਨ; ਪਰ ਜਿਸ ਦ੍ਰਿਸ਼ਟੀਕੋਣ ਤੋਂ ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਨੇ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਕਲਗੀਧਰ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਵਾਚਿਆ, ਉਹ ਪਾਤਸ਼ਾਹ ਦੀ ਲੋਕਾਈ ਲਈ ਸੱਚੇ ਤਿਆਗ ਦੀ ਉਪਮਾ ਤੋਂ ਅਣਜਾਣ ਲੋਕਾਂ ਲਈ ਖਾਸ ਵਿਸ਼ੇਸ਼ਤਾ ਰੱਖਦਾ ਹੈ।
ਜਦੋਂ ਉਸ ਸਮੇਂ ਦੇ ਲੋਕ ਆਪਣੇ ਪੁਰਾਤਨ ਗੌਰਵ ਨੂੰ ਭੁੱਲ ਚੁੱਕੇ ਸਨ, ਉਨ੍ਹਾਂ ’ਚੋਂ ਦੇਸ਼ ਭਗਤੀ ਤੇ ਕੌਮ-ਪ੍ਰਸਤੀ ਦਾ ਜਜ਼ਬਾ ਖੰਭ ਲਾ ਕੇ ਉਡ ਚੁੱਕਾ ਸੀ, ਵਿਦੇਸ਼ੀ ਹਮਲਾਵਰਾਂ ਅੱਗੇ ਖੜ੍ਹਨ ਦਾ ਸਾਹਸ ਸਮਾਪਤ ਹੋ ਚੁੱਕਾ ਸੀ, ਆਪਣੇ ਧਰਮ ਤੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਦਾ ਬਲ ਮਰ ਚੁੱਕਾ ਸੀ, ਉਹ ਸੰਸਕ੍ਰਿਤੀ ਤੇ ਸੱਭਿਅਤਾ ਨੂੰ ਭੁੱਲ ਚੁੱਕੇ ਸਨ, ਆਪਣੀਆਂ ਧੀਆਂ-ਭੈਣਾਂ ਦੀ ਰੱਖਿਆ ਕਰਨ ਦੀ ਹਿੰਮਤ ਮਿਟ ਚੁੱਕੀ ਸੀ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਇੱਕ ਮਹਾਨ ਜੋਤੀ ਦਾ ਪ੍ਰਕਾਸ਼ ਹੋਇਆ।
ਲਾਲਾ ਦੌਲਤ ਰਾਏ ਦੇ ਸ਼ਬਦਾਂ ਵਿੱਚ ਪਾਤਸ਼ਾਹ ਨੇ ਪੁਰਾਤਨ ਹਿੰਦੂ ਸੱਭਿਅਤਾ ਦਾ ਪੁਨਰ ਜਨਮ ਕੀਤਾ, ਮੁਰਦਾ ਕੌਮ ਦੀਆਂ ਰਗਾਂ ਵਿੱਚ ਨਵੇਂ ਖੂਨ ਦਾ ਸੰਚਾਰ ਕੀਤਾ। ਗੁਰੂ ਜੀ ਨੇ ਕੌਮ ਵਿੱਚੋਂ ਉਦਾਸੀਨਤਾ, ਨਿਰਬਲਤਾ, ਨਿਵਾਣਤਾ, ਨਿਰਲੱਜਤਾ ਦੂਰ ਕਰਕੇ ਨਵਾਂ ਸਾਹਸ ਤੇ ਬਲ ਪ੍ਰਦਾਨ ਕੀਤਾ। ਇਸ ਦੇ ਫਲਸਰੂਪ ਸਦੀਆਂ ਤੋਂ ਜਰਵਾਣਿਆਂ ਅੱਗੇ ਝੁਕਦੇ ਆਏ ਲੋਕ ਤਲਵਾਰਾਂ ਹੱਥਾਂ ਵਿੱਚ ਲੈ ਕੇ, ਧੌਣਾਂ ਉਚੀਆਂ ਕਰਕੇ ਅਤੇ ਛਾਤੀਆਂ ਤਾਣ ਕੇ ਸਾਹਮਣੇ ਆਣ ਖਲੋਤੇ। ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਸੀ ਕਿ ਨੀਵੀਆਂ ਜਾਤੀਆਂ ਦੇ ਅਛੂਤ ਅਖਵਾਉਣ ਵਾਲੇ, ਦੁਕਾਨਾਂ ’ਤੇ ਤੱਕੜੀਆਂ ਤੋਲਣ ਵਾਲੇ, ਖੇਤਾਂ ਵਿੱਚ ਹਲ ਚਲਾਉਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਮਾਲਾ ਦੇ ਨਾਲ-ਨਾਲ ਭਾਲਾ ਫੜਾ, ਇੱਕ ਬਲਵਾਨ ਤੇ ਨਿਰਭੈਅ ਕੌਮ ਵਿੱਚ ਬਦਲ ਦਿੱਤਾ। ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਤੇ ਪ੍ਰਾਣ ਸੰਚਾਰ ਉਪਦੇਸ਼ਾਂ ਨੇ ਨਿਰਬਲ ਤੇ ਨਿਤਾਣੀ ਮਨੁੱਖਤਾ ਵਿੱਚ ਨਵਾਂ ਬਲ ਪੈਦਾ ਕਰ ਦਿੱਤਾ। ਉਨ੍ਹਾਂ ਨੂੰ ਭਗਤੀ ਨਾਲ ਸ਼ਕਤੀ ਦਿੱਤੀ, ਬਾਣੀ ਨਾਲ ਬਾਣਾ ਦਿੱਤਾ, ਮਾਲਾ ਨਾਲ ਭਾਲਾ ਦਿੱਤਾ, ਨਵਾਂ ਰੂਪ ਤੇ ਸਰੂਪ ਦਿੱਤਾ। ਜਿਸ ਸਮਾਜ ਵਿੱਚ ਬੁਜ਼ਦਿਲੀ, ਘ੍ਰਿਣਾ, ਊਚ-ਨੀਚ, ਛੂਤ-ਛਾਤ, ਪੱਖਪਾਤ ਤੇ ਵੱਖ-ਵੱਖ ਧਾਰਮਿਕ ਫਿਰਕਿਆਂ ਦੇ ਕੀੜੇ ਕੁਰਬਲ-ਕੁਰਬਲ ਕਰ ਰਹੇ ਸਨ, ਉਸ ਨੂੰ ਸਾਫ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਸਭ ਨੂੰ ਇੱਕ ਜੋਤ ਦਾ ਉਪਾਸ਼ਕ ਬਣਾਇਆ।
ਇਹ ਭੁਲੇਖਾ ਵੀ ਆਮ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਸਲਾਮ ਦੇ ਵਿਰੋਧੀ ਸਨ ਤੇ ਮੁਸਲਮਾਨ ਕੌਮ ਦੇ ਵੈਰੀ ਸਨ; ਪਰ ਗੁਰੂ ਸਾਹਿਬ ਇਸਲਾਮ ਦੇ ਦੁਸ਼ਮਣ ਨਹੀਂ ਸਨ, ਉਹ ਉਨ੍ਹਾਂ ਮੁਸਲਮਾਨਾਂ ਦੇ ਵਿਰੋਧੀ ਜ਼ਰੂਰ ਸਨ, ਜੋ ਮਜ੍ਹਬ ਦੀ ਆੜ ’ਚ ਜਬਰ-ਜ਼ੁਲਮ ਕਰ ਰਹੇ ਸਨ। ਜਿਹੜੇ ਖੁਦ ਇਸਲਾਮ ਦਾ ਨਾਂ ਕਲੰਕਤ ਕਰ ਰਹੇ ਸਨ ਤੇ ਨਾਮ-ਧਰੀਕ ਹੀ ਮੁਸਲਮਾਨ ਸਨ, ਪਰ ਸਨ ਉਹ ਜ਼ਾਲਮ, ਧਾੜਵੀ, ਵਹਿਸ਼ੀ ਤੇ ਜਾਬਰ। ਉਹ ਇਸਲਾਮ ਦੇ ਪ੍ਰਚਾਰ ਦੇ ਬਹਾਨੇ ਹਰ ਤਰ੍ਹਾਂ ਦੇ ਕਤਲ ਤੇ ਹਰ ਧਰਮ ਦੀ ਤੌਹੀਨ ਕਰਦੇ ਸਨ। ਕਿਸੇ ਆਦਮੀ ਨੂੰ ਮਾਰਨਾ ਤੇ ਲੁੱਟਣਾ ਪਵਿੱਤਰ ਕੰਮ ਸਮਝਦੇ ਸਨ। ਹੁਣ ਉਹ ਲੋਕੀਂ ਜੋ ਗੁਰੂ ਗੋਬਿੰਦ ਸਿੰਘ ਜੀ ’ਤੇ ਵੀ ਭੁਲੇਖੇ ਨਾਲ ਲਹੂ ਡੋਲਣ ਦਾ ਇਲਜ਼ਾਮ ਲਾਉਂਦੇ ਹਨ, ਆਪਣੇ ਆਪ ਨਿਰਣਾ ਕਰ ਲੈਣ ਕਿ ਉਸ ਵੇਲੇ ਜੋ ਝੱਖੜ ਝੁੱਲ ਰਿਹਾ ਸੀ, ਉਸਦਾ ਇਲਾਜ ਕੀ ਸੀ?
ਇਹੋ ਜਿਹੀਆਂ ਹੋਰ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਥੋੜ੍ਹੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਇਹ ਗੱਲ ਪ੍ਰਗਟ ਕਰਨ ਲਈ ਐਨਾ ਕਾਫੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਦੁੱਖਾਂ ਵਿੱਚ ਘਿਰੀ ਤੇ ਬੇਵਸ ਵੇਖਿਆ ਅਤੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਣ ਲਈ ਸੋਚਿਆ। ਗੁਰੂ ਗੋਬਿੰਦ ਸਿੰਘ ਜੀ ਮਰਦ ਅਗੰਮੜੇ ਬਣ ਕੇ ਇਕੱਲੇ ਹੀ ਸਾਰੀਆਂ ਮਾਰੂ ਸ਼ਕਤੀਆਂ ਸਾਹਮਣੇ ਛਾਤੀ ਤਾਣ ਕੇ ਡਟ ਗਏ। ਗੁਰੂ ਸਾਹਿਬ ਅੱਗੇ ਜਿੰਨੀਆਂ ਵੀ ਮੁਸ਼ਕਿਲਾਂ ਸਨ, ਉਨ੍ਹਾਂ `ਚ ਸਭ ਤੋਂ ਪਹਿਲੀ ਔਕੜ ਮਜ੍ਹਬੀ ਸੁਧਾਰ ਸੀ। ਇਸ ਕਾਰਜ ਨੂੰ ਸਾਹਿਬ ਨੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ। ਦੂਜਾ ਸੀ- ਸਮਾਜ ਜਾਂ ਭਾਈਚਾਰਕ ਸੁਧਾਰ। ਉਸ ਵੱਲ ਵੀ ਗੁਰੂ ਜੀ ਨੇ ਨਿਡਰਤਾ, ਜੁਰਅਤ, ਹਿੰਮਤ ਤੇ ਹੌਸਲੇ ਨਾਲ ਕਦਮ ਪੁੱਟੇ ਤੇ ਹੱਥ ਵਧਾਏ।
ਜਿਸ ਬੂਟੇ ਨੂੰ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ, ਜਿਸ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੂਨ ਦੇ ਕੇ ਤੇ ਹੱਡੀਆਂ ਦੀ ਖਾਦ ਪਾ ਕੇ ਵੱਡਾ ਕੀਤਾ ਸੀ ਅਤੇ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਪਾਲਿਆ-ਪੋਸਿਆ, ਉਸ ਦੀ ਸੇਵਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਤਾ ਜੀ, ਚਾਰ ਪੁੱਤਰਾਂ, ਪੰਜ ਪਿਆਰਿਆਂ ਤੇ ਹਜ਼ਾਰਾਂ ਸ਼ਰਧਾਲੂ ਸਿੱਖ ਦੁਲਾਰਿਆਂ ਦੀਆਂ ਲਹੂ ਵਗਦੀਆਂ ਨਦੀਆਂ ਨਾਲ ਐਸਾ ਬਲਵਾਨ ਕੀਤਾ ਕਿ ਉਸ ਨੂੰ ਫਲ ਲੱਗ ਪਏ। ਉਹ ਫਲ ਕੀ ਸਨ? ਉਹ ਸੀ ਕੌਮੀ ਪਿਆਰ, ਧਾਰਮਿਕ ਭਾਈਚਾਰਾ, ਪ੍ਰਭੂ-ਭਗਤੀ ਤੇ ਪ੍ਰਭੂ-ਪ੍ਰੇਮ ਦੇ ਫੁੱਲ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸੁਖ ਚੈਨ ਕੌਮ ਤੋਂ ਵਾਰਿਆ। ਕਿਹੜੀ ਚੀਜ਼ ਸੀ ਜੋ ਕੌਮ ਲਈ ਅਰਪਣ ਨਹੀਂ ਕੀਤੀ? ਕਿਹੜੀ ਚੀਜ਼ ਸੀ ਜੋ ਕੌਮ ਤੋਂ ਛੁਪਾ ਕੇ ਰੱਖੀ? ਇਸ ਵਾਸਤੇ ਹੀ ਕੁਲ ਆਲਮ `ਚ ਸਭ ਤੋਂ ਵੱਡੇ ਤਿਆਗੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ।