ਦੱਖਣੀ ਅਫਰੀਕਾ ਅੰਤਰਰਾਸ਼ਟਰੀ ਅਦਾਲਤ ਵਿਚ
ਜਸਵੀਰ ਸਿੰਘ ਸ਼ੀਰੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਹੇ-ਬਗਾਹੇ ਦੁਨੀਆਂ ਨੂੰ, ਦੇਸ਼ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਹਨ ਕਿ ਭਾਰਤ ‘ਵਿਸ਼ਵ ਗੁਰੂ’ ਹੈ ਜਾਂ ਭਵਿੱਖ ਦੇ ਸੰਸਾਰ ਵਿੱਚ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਵਿੱਚ ਹੋਏ ਜੀ-20 ਸੰਮੇਲਨ ਵਿੱਚ ਨਰਿੰਦਰ ਮੋਦੀ ਨੇ ਆਪਣੇ ਮੁਲਕ ਦੇ ਸੁਧਰੇ ਸਟੇਟਸ ਲਈ ਇਹ ਸ਼ਬਦ ਕਈ ਵਾਰ ਵਰਤਿਆ ਸੀ। ਪਿਛਲੇ ਦਿਨੀਂ ਗੁਜਰਾਤ ਦੇ ਗਾਂਧੀ ਨਗਰ ਵਿੱਚ ਹੋਈ ‘ਵਾਈਬਰੈਂਟ ਗਲੋਬਲ ਗੁਜਰਾਤ ਸੁਮਿਟ’ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਲਈ ਕੁਝ ਹੋਰ ਵਿਸ਼ੇਸ਼ਣ ਵਰਤੇ ਹਨ। ਇੱਥੇ ਆਪਣੇ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਵਿਸ਼ਵ ਮਿੱਤਰ’ ਦੀ ਭੂਮਿਕਾ ਵਿੱਚ ਅੱਗੇ ਵਧ ਰਿਹਾ ਹੈ (ਇੰਡੀਆ ਇਜ਼ ਮੂਵਿੰਗ ਫਾਰਵਰਡ ਇਨ ਦਾ ਰੋਲ ਆਫ ‘ਵਿਸ਼ਵ ਮਿੱਤਰਾ’)।
ਇਸ ਕਾਨਫਰੰਸ ਵਿੱਚ ਇਕੱਠੇ ਹੋਏ ਕਈ ਮੁਲਕਾਂ ਦੇ ਰਈਸਾਂ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿਆਰੇ ਮੁਲਕ ਲਈ ਹੋਰ ਬੜੇ ਸੁਨੱਖੇ ਅੱਖਰ ਵਰਤੇ, ਮਸਲਨ ‘ਪਿੱਲਰ ਆਫ ਸਟੇਬਿਲਟੀ, ਗਲੋਬਲ ਗਰੋਥ ਇੰਜਨ, ਵੋਇਸ ਆਫ ਗਲੋਬਲ ਸਾਊਥ ਅਤੇ ਟਰਸਟਡ ਫਰੈਂਡ। ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਦੁਨੀਆਂ ਅਨੇਕਾਂ ਅਸਥਿਰਤਾਵਾਂ ਵਿੱਚ ਘਿਰੀ ਹੋਈ ਹੈ, ਤਾਂ ਭਾਰਤ ਇੱਕ ਆਸ ਦੀ ਕਿਰਨ ਬਣ ਕੇ ਉਭਰਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਆਪਣੀ ਜ਼ੁਬਾਨ ਚਲਾ ਕੇ ਨਹੀਂ, ਧਰਤੀ ਦੇ ਕਈ ਮੁਲਕਾਂ ਵਿੱਚ ਬੰਬ ਬਰਸਾ ਕੇ ਸਾਬਤ ਕਰਨ ਦਾ ਯਤਨ ਕਰਦਾ ਰਿਹਾ ਹੈ ਕਿ ਉਹੋ ਹੀ ਸਾਰੀ ਦੁਨੀਆਂ ਦਾ ‘ਗੁਰੂ’ ਹੈ। ਨਵੀਂ ਉਭਰੀ ਦੁਨੀਆਂ ਵਿੱਚ ਚੀਨ ਅਤੇ ਰੂਸ ਵੀ ਵਿਸ਼ਵ ਗੁਰੂ ਬਣਨ ਦੀ ਦੌੜ ਤੋਂ ਬਾਹਰ ਨਹੀਂ ਹਨ। ਇਜ਼ਰਾਇਲ ਜਿਸ ਦਾ ਨਕਸ਼ਾ ਦੁਨੀਆਂ ਉਤੇ ਮੁਸ਼ਕਿਲ ਨਾਲ ਦਿਸਦਾ ਹੈ, ਵੈਸਟ ਬੈਂਕ ਨਾਂ ਦੀ ਤੰਗ ਜਿਹੀ ਜੇਲ੍ਹ ‘ਤੇ ਬੰਬ ਵਰ੍ਹਾ ਕੇ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹੈ- ਬਈ ਉਸ ਤੋਂ ਬਿਨਾ ਦੁਨੀਆਂ ਦਾ ਹੋਰ ਕੋਈ ਦਾਦਾ ਕਿਵੇਂ ਹੋ ਸਕਦਾ ਹੈ? ਇਸ ਸਾਰੇ ਕੁਝ ਦੇ ਦਰਮਿਆਨ ਦੱਖਣੀ ਅਫਰੀਕਾ ਦੇ ਸਿਰਫ ਇੱਕ ਗੈਰ-ਹਿੰਸਕ ਐਕਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਅਸਲ ਵਿਸ਼ਵ ਗੁਰੂ ਕੌਣ ਹੈ, ਕਿਉਂ ਹੈ ਅਤੇ ਇਹ ਕਿਸ ਤਰ੍ਹਾਂ ਬਣਿਆ ਜਾਂਦਾ ਹੈ।
ਗੋਰੀ ਸਰਕਾਰ ਦੀ ਕਾਲੀ ਜੇਲ੍ਹ ਵਿੱਚ 30 ਸਾਲ ਗੁਜ਼ਾਰਨ ਵਾਲੇ ਨੈਲਸਨ ਮੰਡੇਲਾ ਦੇ ਮੁਲਕ ਦੇ ਵਕੀਲਾਂ ਨੇ ਜਦੋਂ ਕੁਝ ਦਿਨ ਪਹਿਲਾਂ ਹੇਗ ਵਿਖੇ ਅੰਤਰਰਾਸ਼ਟਰੀ ਅਦਾਲਤ ਵਿੱਚ ਇਜ਼ਰਾਇਲ ਦੀ ਫਲਿਸਤੀਨ ਖਿਲਾਫ ਜੰਗ ਨੂੰ ਨਸਲਕੁਸ਼ੀ ਦਾ ਨਾਂ ਦਿੰਦਿਆਂ ਇਸ ਨੂੰ ਫੌਰੀ ਰੋਕਣ ਲਈ 85 ਪੇਜਾਂ ਦੀ ਪਟੀਸ਼ਨ ਦਾਇਰ ਕੀਤੀ ਤਾਂ ਇਤਿਹਾਸ ਦਾ ਘੋਰ ਹਿੰਸਕ ਤਮਾਸ਼ਾ ਵੇਖ ਰਹੇ ਸਾਰੀ ਦੁਨੀਆਂ ਦੇ ਮੁਲਕਾਂ ਵਿੱਚ ਹਲਚਲ ਮੱਚ ਗਈ। ਸੰਯੁਕਤ ਰਾਸ਼ਟਰ ਦੀ ਇੱਕ ਸਿਸਟਰ ਸੰਸਥਾ, ਅੰਤਰਾਸ਼ਟਰੀ ਅਦਾਲਤ ਵਿੱਚ ਦੱਖਣੀ ਅਫਰੀਕਾ ਦੇ ਵਕੀਲਾਂ ਦੀਆਂ ਦਲੀਲਾਂ ਅੱਗੇ ਘਬਰਾਏ ਹੋਏ ਇਜ਼ਰਾਇਲੀ ਵਕੀਲਾਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਦੱਖਣੀ ਅਫਰੀਕਾ ਦੇ ਇੱਕ ਵਕੀਲ ਨੇ ਕਿਹਾ ਕਿ ਅਸੀਂ ਆਪਣੇ ਮੁਲਕ ਦੀ ਆਜ਼ਾਦੀ ਦੀ ਰੂਹ-ਏ-ਰਵਾਂ ਨੈਲਸਲ ਮੰਡੇਲਾ ਦੀ ਸਿੱਖਿਆ ਦੀ ਰੌਸ਼ਨੀ ਵਿੱਚ ਇਹ ਕਾਰਜ ਕਰ ਰਹੇ ਹਾਂ। ਜਿਹੜੀਆਂ ਕੌਮਾਂ ਆਪਣੇ ਮੁਲਕ ਦੀ ਜੂਝ ਕੇ ਹਾਸਲ ਕੀਤੀ ਆਜ਼ਾਦੀ/ਜਮਹੂਰੀਅਤ ਨੂੰ ਆਪਣੇ ਕਮਾਏ ਹੋਏ ਦਰਦ ਦੇ ਸਰਮਾਏ ਨਾਲ ਸਾਜਦੀਆਂ ਹਨ, ਉਨ੍ਹਾਂ ਕੋਲ ਹੀ ਦੱਖਣੀ ਅਫਰੀਕਾ ਜਿਹੇ ਖੂਬਸੂਰਤ ਦਿਲੋ/ਦਿਮਾਗ ਹੋ ਸਕਦੇ ਹਨ। 30 ਸਾਲ ਗੋਰੀ ਘੱਟਗਿਣਤੀ ਦੀ ਹਕੂਮਤ ਦੀਆਂ ਜੇਲ੍ਹਾਂ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਨੈਲਸਨ ਮੰਡੇਲਾ ਨੇ ਸੱਤਾ ਹਾਸਲ ਕੀਤੀ ਤਾਂ ਉਸ ਨੇ ਸਾਡੇ ਮੁਲਕ ਵਾਂਗੂ ਗੋਰੀ ਘੱਟਗਿਣਤੀ ਤੋਂ ਇਤਿਹਾਸ ਵਿੱਚ ਕੀਤੀਆਂ ਜ਼ਿਆਦਤੀਆਂ ਦਾ ‘ਬਦਲਾ ਲੈਣ’ ਦਾ ਅਹਿਦ ਨਹੀਂ ਲਿਆ, ਸਗੋਂ ਕਿਹਾ ਕਿ ਗੋਰੀ ਘੱਟਗਿਣਤੀ ਸਾਡੇ ਮੁਲਕ ਦੀ ਬਰਾਬਰ ਦੀ ਸ਼ਹਿਰੀ ਹੋਏਗੀ। ਕਥਿਤ ਬਦਲਿਆਂ ਦੀ ਥਾਂ ਇਤਿਹਾਸਕ ਜ਼ਿਆਦਤੀਆਂ ਦੇ ਸੂਲ਼ ਨੂੰ ਸਦਾ ਲਈ ਖਤਮ ਕਰਨ ਵਾਸਤੇ ‘ਰੀਕਾਂਸੀਲੇਸ਼ਨ ਕਮਿਸ਼ਨ’ ਦੀ ਸਥਾਪਨਾ ਕੀਤੀ। ਇੱਧਰ ਸਾਡਾ ਮੁਲਕ ਇਤਿਹਾਸਕ ਵਧੀਕੀਆਂ (ਬਾਬਰੀ ਮਸਜਿਦ) ਦੇ ਨਿਸ਼ਾਨ ਮਿਟਾ ਕੇ, ਘੱਟਗਿਣਤੀਆਂ ਦੇ ਖਾਤਮੇ ਦੀਆਂ ਹਿੰਸਕ ਮੁਹਿੰਮਾ ਚਲਾ ਕੇ, ਵਿਸ਼ਵ ਦਾ ਗੁਰੂ ਬਣਨ ਦਾ ਯਤਨ ਕਰ ਰਿਹਾ ਹੈ।
ਜੇ ਕੋਈ ਸ਼ਬਦਾਂ ਦੇ ਰਟਣ ਮੰਤਰ ਨਾਲ ਵਿਸ਼ਵ ਗੁਰੂ ਬਣ ਸਕਦਾ ਹੁੰਦਾ ਤਾਂ ਬਾਬੇ ਨਾਨਕ ਦੀ ਥਾਂ ਬਾਬਰ ‘ਜਗਤ ਗੁਰੂ’ ਹੁੰਦਾ। ਵਿਸ਼ਵ ਗੁਰੂ ਹੋਣ ਲਈ ਤੁਹਾਡੇ ਸ਼ਬਦਾਂ ਨਾਲ ਤੁਹਾਡੇ ਕਦਮ ਇੱਕ ਤਾਲ ਵਿੱਚ ਹੋਣੇ ਚਾਹੀਦੇ ਹਨ। ਦੱਖਣੀ ਅਫਰੀਕਾ ਨੂੰ ਅੱਜ ਸਾਰੀ ਦੁਨੀਆਂ ਇਸੇ ਨਜ਼ਰ ਨਾਲ ਵੇਖ ਰਹੀ ਹੈ। ਰਾਸ਼ਟਰੀ ਹਿੱਤਾਂ ਦੀ ਕਥਿਤ ਅਸ਼ਲੀਲਤਾ ਦੇ ਐਨ ਦਰਮਿਆਨ ਅਚੰਭਿਤ ਹੋਇਆ ਸੰਸਾਰ ਸੋਚਣ ਲਈ ਮਜ਼ਬੂਰ ਹੈ ਕਿ ਕੋਈ ਮੁਲਕ ਸਮੂਹਕ ਰੂਪ ਵਿੱਚ ਵੀ ਮਸੀਹਾ ਹੋ ਸਕਦਾ ਹੈ! ਜਵਾਬ ਇਹ ਲੱਭਦਾ ਹੈ ਕਿ ਜਿਨ੍ਹਾਂ ਦੇ ਦਰਵੇਸ਼ਾਂ ਵਰਗੇ ਆਗੂਆਂ ਦੇ ਨੂਰ ਨੂੰ ਸਰਬਉੱਚ ਸੱਤਾ ਦਾ ਨਸ਼ਾ ਵੀ ਭ੍ਰਿਸ਼ਟ ਨਾ ਕਰ ਸਕੇ, ਉਨ੍ਹਾਂ ਦੀ ਲਿਸ਼ਕੋਰ ਕਈ ਸਦੀਆਂ ਨੂੰ ਰਾਹ ਰੁਸ਼ਨਾਉਂਦੀ ਹੈ।
11 ਜਨਵਰੀ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਇਜ਼ਰਾਇਲ ਦੇ ਗਾਜ਼ਾ ‘ਤੇ ਹਮਲੇ ਨੂੰ ਫੌਰੀ ਰੋਕਣ ਬਾਰੇ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਦੱਖਣ ਅਫਰੀਕੀ ਵਕੀਲ ਦੇ ਲਫਜ਼ ਰੂਹਾਂ ਨੂੰ ਝੰਜੋੜਨ ਵਾਲੇ ਸਨ, “ਇਜ਼ਰਾਇਲ ਦੀ ਪੁਲਿਟੀਕਲ ਅਤੇ ਮਿਲਟਰੀ ਲੀਡਰਸ਼ਿਪ ਦੀ ਮਨਸ਼ਾ (ਇੰਟੈਂਟ), ਸਮੇਤ ਪ੍ਰਧਾਨ ਮੰਤਰੀ ਨੇਤਨਯਾਹੂ ਦੇ, ਨਸਲਘਾਤ ਵਾਲੀ ਹੈ।” ਵਕੀਲਾਂ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ‘ਨਸਲਘਾਤ ਇਨਸਾਈਟਰ’ ਦਾ ਵਿਸ਼ੇਸ਼ਣ ਦਿੱਤਾ। ਇਸ ਦਰਮਿਆਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਾਸ਼ਟਰੀ ਅਦਾਲਤ ਵਿੱਚ ਹਿੱਪੋਕਰੇਸੀ ਅਤੇ ਕੁਫਰ ਤੋਲੇ ਜਾ ਰਹੇ ਹਨ। ਉਸ ਨੇ ਕਿਹਾ ਕਿ ਇਜ਼ਰਾਇਲ ਜੋ ਨਸਲਘਾਤ (ਜੀਨੋਸਾਈਡ) ਦੇ ਖਿਲਾਫ ਲੜ ਰਿਹਾ ਹੈ, ਨੂੰ ਨਸਲਘਾਤੀ ਦੱਸਿਆ ਜਾ ਰਿਹਾ ਹੈ। ਉਸ ਦਾ ਮਤਲਬ ਸੀ ਕਿ ਹਮਾਸ ਵਾਲਿਆਂ ਨੇ ਇਜ਼ਰਾਇਲ ਦੇ ਇਲਾਕੇ ਦੇ ਅੰਦਰ ਆ ਕੇ ਜੋ 1200 ਦੇ ਕਰੀਬ ਲੋਕ ਮਾਰੇ ਅਤੇ 250 ਨੂੰ ਬੰਦੀ ਬਣਾਇਆ, ਇਹ ਅਸਲ ਵਿੱਚ ਨਸਲਘਾਤ ਸੀ।
ਜਰਮਨੀ ਵਿੱਚ ਹੋਏ ਯਹੂਦੀਆਂ ਦੇ ਹੀ ਨਸਲਘਾਤ ਤੋਂ ਬਾਅਦ 1948 ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਨੇ, ‘ਕਿਸੇ ਕੌਮੀ, ਨਸਲੀ, ਜ਼ਾਤੀ ਜਾਂ ਧਰਮ ਨੂੰ ਸਮੁੱਚੇ ਰੂਪ ਵਿਚ ਜਾਂ ਉਸ ਦੇ ਇੱਕ ਹਿੱਸੇ ਨੂੰ (ਇਨ ਪਾਰਟ) ਤਬਾਹ ਕਰਨ ਦੇ ਮਨਸ਼ੇ( ਇੰਟੈਂਟ)’ ਵਜ਼ੋਂ ਪਰਿਭਾਸ਼ਤ ਕੀਤਾ ਹੈ। ਹੁਣ ਅਸੀਂ ਖੁਦ ਵੇਖ ਸਕਦੇ ਹਾਂ ਕਿ ਗਾਜ਼ਾ ਪੱਟੀ ਜਿਹੀ ਖੁੱਲ੍ਹੀ ਜੇਲ੍ਹ ਵਿੱਚ ਜਿਸ ਤਰ੍ਹਾਂ ਬੰਬਾਂ ਦਾ ਮੀਂਹ ਵਰ੍ਹ ਰਿਹਾ ਹੈ ਅਤੇ ਜਿਸ ਤਰ੍ਹਾਂ ਲੋਕਾਂ ਦੇ ਘਰਾਂ, ਹਸਪਤਾਲਾਂ, ਰਾਹਤ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਨੂੰ ਹੋਰ ਕੀ ਕਿਹਾ ਜਾਵੇ? ਇਸ ਜੰਗ ਵਿੱਚ ਹੁਣ ਤੱਕ 24,000 ਤੋਂ ਵੱਧ ਫਲਿਸਤੀਨੀ ਮਾਰੇ ਜਾ ਚੁੱਕੇ ਹਨ। ਕਰੀਬ 7 ਹਜ਼ਾਰ ਲਾਪਤਾ ਹਨ। ਉਨ੍ਹਾਂ ਬਾਰੇ ਵੀ ਖਿਆਲ ਕੀਤਾ ਜਾ ਰਿਹਾ ਹੈ ਕਿ ਇਹ ਢੱਠੀਆਂ ਬਿਲਡਿੰਗਾਂ ਦੇ ਮਲਬੇ ਹੇਠਾਂ ਦਬ ਕੇ ਮਾਰੇ ਗਏ ਹਨ। ਸੱਠ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਸੀਮਤ ਸਿਹਤ ਸਹੂਲਤਾਂ ਕਾਰਨ ਲੋਕ ਤੜਪ-ਤੜਪ ਕੇ ਮਰਨ ਲਈ ਛੱਡ ਦਿੱਤੇ ਗਏ ਹਨ।
ਦੋ ਦਿਨਾ ਸੁਣਵਾਈ ਦੇ ਦੂਜੇ ਦਿਨ ਇਜ਼ਰਾਇਲੀ ਵਕੀਲਾਂ ਨੇ ਆਪਣੇ ਆਪ ਨੂੰ ਡਿਫੈਂਡ ਕਰਦਿਆਂ ਕਿਹਾ ਕਿ ਦੱਖਣੀ ਅਫਰੀਕਾ ਇਸਲਾਮਿਕ ‘ਹਮਾਸ’ ਦਾ ਬੁਲਾਰਾ ਬਣਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲ ਅਤੇ ਫਲਿਸਤੀਨ ਦੇ ਆਮ ਨਾਗਰਿਕ ਜਿਹੜੀ ਤਕਲੀਫ ਝੱਲ ਰਹੇ ਹਨ, ਉਹ ਹਮਾਸ ਦੇ ਉਸ ਹਮਲੇ ਕਰਕੇ ਹੈ, ਜਿਸ ਵਿੱਚ ਇਜ਼ਰਾਇਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ ਅਤੇ 250 ਦੇ ਲਗਪਗ ਯਰਗਮਾਲ ਬਣਾ ਲਏ ਗਏ ਸਨ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਹਮਾਸ ਨੂੰ ਅਮਰੀਕਾ, ਇੰਗਲੈਂਡ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਹੋਰ ਮੁਲਕਾਂ ਨੇ ਅਤਿਵਾਦੀ ਸੰਗਠਨ ਕਰਾਰ ਦਿੱਤਾ ਹੋਇਆ ਹੈ। ਇਸ ਦੌਰਾਨ ਯਹੂਦੀਆਂ ਦਾ ਨਸਲਘਾਤ ਕਰਨ ਵਾਲੇ ਜਰਮਨੀ ਨੇ ਵੀ ਆਖ ਦਿੱਤਾ ਕਿ ਇਜ਼ਰਾਇਲ ਦੀ ਜੰਗ ਨਸਲਘਾਤ ਨਹੀਂ ਹੈ। ਇਹ ਆਤਮ ਰੱਖਿਆ ਲਈ ਲੜੀ ਜਾ ਰਹੀ ਹੈ। ਅਖੇ ਚੋਰ ਨਾਲੋਂ ਪੰਡ ਕਾਹਲੀ!