ਦਲਾਲ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਆਮ ਤੌਰ ’ਤੇ ਦੋ ਧਿਰਾਂ ਵਿੱਚ ਸੌਦਾ ਕਰਾਉਣ ਵਾਲੇ ਨੂੰ ਵਿਚੋਲਾ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵਿਚੋਲਾ ਸ਼ਬਦ ਵਿਆਹ ਨਾਲ ਜੁੜਿਆ ਹੋਇਆ ਹੈ। ਦੋ ਧਿਰਾਂ ਵਿੱਚ ਮੁੰਡੇ-ਕੁੜੀ ਨੂੰ ਸਾਕ ਕਰਾਉਣ ਵਾਲੇ ਨੂੰ ਵਿਚੋਲਾ ਕਿਹਾ ਜਾਂਦਾ ਹੈ। ਪੰਜਾਬੀ ਲੋਕ ਬੋਲੀ ਵੀ ਹੈ– ‘ਪੁੱਤ ਮਰ ਗਏ ਵਿਚੋਲਿਆ ਤੇਰੇ ਹਾਣ ਦਾ ਸਾਕ ਟੋਲਿਆ।’ ਇੱਕ ਅਖੌਤ ਵੀ ਇਹਦੇ ਨਾਲ ਜੁੜੀ ਹੋਈ ਹੈ– ਕੁੜਮ ਕੁੜਮ ਰਲੇ ਤੇ ਵਿਚੋਲੇ ਰਹੇ ਖਲੇ; ਵਿਚੋਲੀ ਜਾਂ ਵਿਚੋਲਣ ਇਹਦਾ ਇਸਤਰੀ ਲਿੰਗ।

ਵਿਚੋਲਗੀ ਕਿਰਿਆ ਹੈ। ਵਿਚੋਲਗਿਰੀ/ਵਿਚੋਲਪੁਣਾ= ਸਾਲਸੀ, ਪਰ ਜਦੋਂ ਇਹੀ ਵਿਚੋਲਗੀ ਵਪਾਰ ਦੇ ਖੇਤਰ ਵਿੱਚ ਆ ਜਾਂਦੀ ਹੈ ਤਾਂ ਉਥੇ ਇਹ ਦਲਾਲੀ ਦਾ ਰੂਪ ਧਾਰ ਜਾਂਦੀ ਹੈ। ਵਿਓਤਪਤੀ ਕੋਸ਼ ਅਨੁਸਾਰ ਦਲਾਲ– ਸੌਦਾ ਕਰਾਉਣ ਵਾਲਾ, ਵਿਚੋਲਾ, ਅਰਬੀ ਦੱਲਾਲ-ਸੌਦਾ ਕਰਾਉਣ ਵਾਲਾ, ਵਿਕਰੇਤਾ ਪਥ ਪ੍ਰਦਰਸ਼ਕ, ਨਖਰੇਬਾਜ਼ੀ; ਦੱਲਾ-ਦੋ ਧਿਰਾਂ ਵਿਚਕਾਰ ਜਿਨਸੀ ਸਬੰਧ ਪੈਦਾ ਕਰਾਉਣ ਵਾਲਾ। ਦੱਲੇ ਦਾ ਇਸਤਰੀ ਲਿੰਗ ਹੈ ਦੱਲੀ, ਫੱਫੇਕੁਟਣੀ; ਅਰਬੀ ਦਲਾਲਾ-ਵਿਚੋਲਣ। ਮਹਾਨ ਕੋਸ਼ ਅਨੁਸਾਰ ਦੱਲਾਲ-ਰਹਨੁਮਾ, ਰਸਤਾ ਦਿਖਾਉਣ ਵਾਲਾ, ਉਹ ਆਦਮੀ ਜੋ ਵਿੱਚ ਪੈ ਕੇ ਸੌਦਾ ਕਰਾਵੇ, ‘ਵਢੀਅਹਿ ਹਥ ਦਲਾਲ ਕੇ’ (ਵਾਰ ਆਸਾ) ਅਰਥਾਤ ਜੋ ਝੂਠ ਬੋਲ ਕੇ ਪਰਲੋਕ ਵਿੱਚ ਸਮੱਗਰੀ ਪੁਚਾਉਣ ਦਾ ਵਪਾਰ ਕਰਦਾ ਹੈ, ਦਲਾਲਤ– ਰਹਨੁਮਾਈ ਯੁਕਤੀ ਅਨੁਮਾਨ; ਦਲਾਲੀ- ਦਲਾਲ ਦੀ ਕਿਰਿਆ, ਉਜਰਤ, ‘ਜਪੁ ਤਪ ਦੇਉ ਦਲਾਲੀ ਰੇ’ (ਰਾਮ ਕਬੀਰ) ‘ਧਰਮ ਰਾਇ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ’ (ਵਾਰ ਰਾਮ 3)
ਪੰਜਾਬੀ ਕੋਸ਼ਾਂ ਅਨੁਸਾਰ ਦਲਾਲ ਦਾ ਅਰਥ ਹੈ– ਜਿਸਦੇ ਰਾਹੀਂ ਸੌਦਾ ਹੋਵੇ, ਵਿਚੋਲਾ; ਦਲਾਲਗੀ– ਦਲਾਲ ਦਾ ਕੰਮ, ਮਜਦੂਰੀ, ਦਲਾਲਗਿਰੀ ਦਲਾਲ ਦਾ ਪੇਸ਼ਾ; ਦਲਾਲਪੁਣਾ– ਦਲਾਲ ਦਾ ਕੰਮ; ਦਲਾਲੀ-ਦਲਾਲ ਦਾ ਮਿਹਨਤਾਨਾ, ਇਸ ਨਾਲ ਮੁਹਾਵਰੇ ਅਖਾਣ ਵੀ ਜੁੜੇ ਹੋਏ ਹਨ- ਦਲਾਲਾਂ ਵਿੱਚੋਂ ਦਲਾਲ ਸਰੂਪੋ ਬਾਹਮਣੀ, ਦਲਾਲੀ ਖਾਣਾ, ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ; ਦੱਲਾ- ਵਿਭਚਾਰ ਦੀ ਵਿਚੋਲਗੀ ਕਰਨ ਵਾਲਾ ਆਦਮੀ; ਇੱਕ ਗਾਲ੍ਹ। ਫਾਰਸੀ ਕੋਸ਼ਾਂ ਵਿੱਚ ਵੀ ਲਗਪਗ ਇਹੋ ਜਿਹੇ ਅਰਥ ਮਿਲਦੇ ਹਨ। ਆਮ ਤੌਰ ’ਤੇ ਦਲਾਲ ਲਈ ‘ਬਰੋਕਰ’ ਸ਼ਬਦ ਵੀ ਪ੍ਰਚਲਤ ਹੈ। ਫਾਰਸੀ ਵਿੱਚ ਇਹਦੇ ਬਰਾਬਰ ਦਾ ਸ਼ਬਦ ਮੀਆਂ ਜਾਂ ਮੀਆਂ ਜੀ ਹੈ, ਜਿਸਦਾ ਅਰਥ ਵਿਚੋਲਾ ਹੈ। ਇਹਦੀ ਵਿਓਤਪਤੀ ਇੰਡੋ-ਇਰਾਨੀ ਪਰਿਵਾਰ ਦੀ ਭਾਸ਼ਾ ਅਵੇਸਤਾ ਦੇ ‘ਮਦੀਆ’ (ਸੰਸਕ੍ਰਿਤ ਮੱਧ) ਸ਼ਬਦ ਤੋਂ ਹੋਈ ਹੈ। ਦਲਾਲ ਸ਼ਬਦ ਅਰਬੀ ਦਾ ਹੈ। ਇਹਦੀ ਵਿਓਤਪਤੀ ਸੈਮੇਟਿਕ ਧਾਤੂ ‘ਦ-ਲ-ਲ’ (ਦ-ਲ-ਲ) ਤੋਂ ਹੋਈ ਹੈ। ਭਾਵੇਂ ਇਸ ਧਾਤੂ ਦੀ ਅਰਥ ਸੱਤਾ ਵਿਸ਼ਾਲ ਹੈ, ਪਰ ਮੂਲ ਅਰਥ ਵਿਚੋਲਗੀ ਵਾਲਾ ਹੈ। ਦਲਾਲ ਦਾ ਅਰਥ ਛੋਟਾ ਕਾਰੋਬਾਰੀ, ਦੁਕਾਨਦਾਰ ਕੀਤਾ ਜਾਂਦਾ ਹੈ। ਰਿਟੇਲਰ ਜਾਂ ਖੁਦਰਾ ਵਪਾਰੀ ਅਸਲ ਵਿੱਚ ਵਸਤੂ ਤੇ ਖਰੀਦਦਾਰ ਦੀ ਵਿਚਲੀ ਕੜੀ ਹੈ।
ਅਰਬੀ ਵਿੱਚ ਨਿਲਾਮਕਰਤਾ ਨੂੰ ਵੀ ਦਲਾਲ ਕਿਹਾ ਜਾਂਦਾ ਹੈ, ਕਿਉਂਕਿ ਨਿਲਾਮੀ ਵਿੱਚੋਂ ਉਹਨੂੰ ਦਲਾਲੀ ਮਿਲਦੀ ਹੈ। ਮੋਟੇ ਤੌਰ ’ਤੇ ਦਲਾਲ ਇੱਕ ਏਜੰਟ ਵਾਂਗ ਵਿਕਰੇਤਾ ਤੇ ਖਰੀਦਦਾਰ ਨਾਲ ਸਬੰਧ ਜੋੜ ਕੇ ਕਮਿਸ਼ਨ ਲੈਂਦਾ ਹੈ। ਵਪਾਰਕ ਧੰਦਾ ਹੋਣ ਕਰਕੇ ਗੁਜਰਾਤ ਦੇ ਇੱਕ ਵੈਸ਼ ਸਮੁਦਾਏ ਵਿੱਚ ਦਲਾਲ ਉਪਨਾਮ ਪ੍ਰਚਲਤ ਹੈ। ਹਰਿਆਣੇ ਵਿੱਚ ਜਾਟਾਂ ਵਿੱਚ ਦਲਾਲ ਸਰਨੇਮ ਵੀ ਮਿਲਦਾ ਹੈ। ਪੰਜਾਬ ਵਿੱਚ ਦਲਾਲ ਗੋਤ ਵਾਚਕ ਨਾਂ ਹੈ। ਪਾਰਸੀਆਂ ਵਿੱਚ ਵਪਾਰਕ ਤੌਰ ’ਤੇ ਮਰਚੈਂਟ ਤੇ ਗੁਜਰਾਤੀਆਂ ਵਿੱਚ ਬਰੋਕਰ ਵੀ ਪ੍ਰਸਿਧ ਹੈ ਜਿਵੇਂ ਗੁਲਾਬ ਦਾਸ ਬਰੋਕਰ।
ਦਲਾਲੀ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਪਰ ਕਾਰੋਬਾਰੀ ਵਿਵਸਥਾ ਦਾ ਇਹ ਲਾਜ਼ਮੀ ਅੰਗ ਹੈ। ਅਰਬੀ ਵਿੱਚ ਵੀ ਇਹ ਉਚਤਾ ਦਾ ਵਾਚਕ ਨਹੀਂ, ਸ਼ਾਇਦ ਏਸੇ ਕਰਕੇ ਦਲਾਲ ਤੋਂ ਬਣਿਆ ਸ਼ਬਦ ਦੱਲਾ ਨੀਚਤਾ ਦਾ ਬੋਧਕ ਹੈ। ਦਲੀਲ ਸ਼ਬਦ ਦੀ ਵੀ ਇਸ ਨਾਲ ਸਕੀਰੀ ਹੈ। ਦਲੀਲ ਤਰਕ ਸ਼ਕਤੀ ਨਾਲ ਜੁੜਿਆ ਉਚਤਾ ਵਾਲਾ ਸ਼ਬਦ ਹੈ, ਏਸੇ ਧਾਤੂ ਨਾਲ ਸਬੰਧਤ ਇੱਕ ਹੋਰ ਧਾਤੂ ‘ਦ-ਲ-ਯ’ (ਦ-ਲ-ੇ), ਜਿਸ ਤੋਂ ਬਣਿਆ ਦੱਲਾ ਇਸਦਾ ਇੱਕ ਅਰਥ ਗਾਈਡ, ਮਾਰਗਦਰਸ਼ਕ, ਸਲਾਹ ਦੇਣ ਵਾਲਾ, ਪਰਾਮਰਸ਼ਦਾਤਾ ਵੀ ਕੀਤਾ ਜਾਂਦਾ ਹੈ। ਇਸ ਅਰਥ ਵਿੱਚ ਦਲੀਲ ਦੇਣ ਵਾਲੇ ਦੇ ‘ਦਲਾਲ’ ਅਰਥ ਵੀ ਹਨ, ਇਸਦੇ ਸਗੋਤੀ ਸ਼ਬਦ ਵਿਚੋਲਾ ਜਾਂ ਵਿਚੋਲੀਆ ’ਤੇ ਨਿਗ੍ਹਾ ਮਾਰੀਏ ਤਾਂ ਇਹ ‘ਵਿਚ+ਔਲੀਆ’ ਤੋਂ ਬਣਿਆ ਹੈ। ਜਾਨ ਪਲੈਟਸ ਦੇ ਉਰਦੂ ਕਲਾਸੀਕਲ ਕੋਸ਼ ਅਨੁਸਾਰ- ‘ਵਿਚ’ ਸ਼ਬਦ ਬਣਿਆ ਹੈ ਸੰਸਕ੍ਰਿਤ ਦੇ ‘ਵਿਅਚਸ’ ਤੋਂ ਜਿਸਦਾ ਅਰਥ ਹੈ ਵਿਸਥਾਰ, ਭਾਗ, ਹਿੱਸਾ। ਮੋਨੀਅਰ ਵਿਲੀਅਮ ਮੋਨੀਅਰ ਤੇ ਆਪਟੇ ਨੇ ਇਹਦਾ ਸਬੰਧ ‘ਵਿਅਚੑ’ ਧਾਤੂ ਨਾਲ ਜੋੜਿਆ ਹੈ। ਆਪਟੇ ਨੇ ਇਹਦੇ ਅਰਥ ਠੱਗਣਾ, ਧੋਖਾ ਦੇਣਾ, ਚਾਲ ਚਲਣੀ ਆਦਿ ਕੀਤੇ ਹਨ ਜਦ ਕਿ ਵਿਲੀਅਮ ਮੋਨੀਅਰ ਨੇ ਇਹਦਾ ਅਰਥ ਵਿਸਥਾਰ ਕੀਤਾ ਹੈ। ਆਪਟੇ ਕੋਸ਼ ਵਿੱਚ ‘ਵਿਅਚਸ’ ਦੀ ਧਾਤੂ ‘ਵਿਚੑ’ ਹੈ ਜਿਸਦਾ ਭਾਵ ਹੈ– ਵੰਡਣਾ, ਕੱਟਣਾ, ਵੱਖ ਕਰਨਾ, ਵਿਚੋਲਾ ਵੀ ਰਿਸ਼ਤਿਆਂ ਨੂੰ ਜੋੜਨ ਤੋਂ ਪਹਿਲਾਂ ਦੋ ਧਿਰਾਂ ਤੋਂ ਤੋੜਦਾ ਵੀ ਹੈ। ਅੰਗਰੇਜ਼ੀ ਵਿੱਚ ਇਹਦੇ ਲਈ ਬਰੋਕਰ ਤੇ ਡੀਲਰ ਸ਼ਬਦ ਪ੍ਰਚਲਤ ਹਨ।
‘ਦ ਚੈਂਬਰਜ਼ ਡਿਕਸ਼ਨਰੀ ਆਫ਼ ਐਟਮਾਲੌਜੀ’ ਅਨੁਸਾਰ ਬਰੋਕਰ ਉਹ ਵਿਅਕਤੀ ਹੈ, ਜੋ ਸਟਾਕ ਖਰੀਦਦਾ ਤੇ ਵੇਚਦਾ ਹੈ। 1378 ਵਿੱਚ ਇਸ ਸ਼ਬਦ ਦੀ ਵਰਤੋਂ ਏਜੰਟ ਅਥਵਾ ਵਿਚੋਲੇ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਇਸ ਤੋਂ ਪਹਿਲਾਂ 1260 ਵਿੱਚ ਇਹ ਸਰਨੇਮ ਸੀ ਤੇ ਐਂਗਲੋ-ਫਰੈਂਚ ਦੁਆਰਾ ‘ਅਬਰੋਕੁਰ, ਬਰੋਚੋੁਰ’ ਦੇ ਰੂਪ ਵਿੱਚ ਇਹ ਆਗਤ ਸ਼ਬਦ ਵਜੋਂ ਲਿਆ ਗਿਆ ਹੈ, ਜਿਥੇ ਇਸਦਾ ਅਰਥ ਪ੍ਰਚੂਨ ਸ਼ਰਾਬ ਵਿਕਰੇਤਾ ਤੇ ਬਾਰ ਵਿੱਚ ਸ਼ਰਾਬ ਵਰਤਾਉਣ ਵਾਲੇ ਵਜੋਂ ਕੀਤਾ ਜਾਂਦਾ ਸੀ। ਪੁਰਾਤਨ ਉਤਰੀ ਫਰੈਂਚ ਵਿੱਚ ‘ਬਰੋਕੲੋਰ’ ਸ਼ਬਦ ਪ੍ਰਚਲਤ ਰਿਹਾ ਹੈ। ਇਸਦੇ ਨਾਲ ਜੁੜਵਾਂ ਸ਼ਬਤ ‘ਦੲਅਲ’ ਹੈ। 700 ਤੋਂ ਪਹਿਲਾਂ ਪੁਰਾਤਨ ਅੰਗਰੇਜ਼ੀ ਵਿੱਚ ਇਹ ‘ਦਅੲਲ’ ਪੁਰਾਣੀ ਸੈਕਸਨ ‘ਮੱਧਕਾਲੀ ਡੱਚ ਤੇ ਅਧੁਨਿਕ ਡੱਚ ਵਿੱਚ ‘ਦੲੲਲ’ ਪ੍ਰਸਿੱਧ ਰਿਹਾ ਹੈ। ੌਲਦ ੀਚੲਲਅਨਦਚਿ ਵਿੱਚ ‘ਦੲਲਿਦ’, ਗੋਥਿਕ ਵਿੱਚ ‘ਦਅਲਿਸ’, ੌਲਦ Sਲਅਵਚਿ ਵਿੱਚ ‘ਦēਲū’, ਪਰੋਟੋ– ਜਰਮੈਨਿਕ ਵਿੱਚ ‘ਦਅਲਿਡਿ’ ਤੇ ਇੰਡੋ-ਯੂਰਪੀਅਨ ਵਿੱਚ ‘ਦāi’ ਆਦਿ ਪ੍ਰਚਲਤ ਰਿਹਾ ਹੈ।
ਮੂਲ ਰੂਪ ਵਿੱਚ ਇਹਦਾ ਅਰਥ ਵੰਡ ਜਾਂ ਵੰਡਣ ਨਾਲ ਜੁੜਿਆ ਹੋਇਆ ਹੈ। ‘ਦੲਅਲੲਰ, ਦੲਅਲਨਿਗ’ ਸ਼ਬਦ ਏਸੇ ਤੋਂ ਬਣੇ ਹਨ। ਇਨ੍ਹਾਂ ਤੋਂ ਇਲਾਵਾ ਡੀਲ, ਸਟਾਕ ਡੀਲਰ, ਡੀਲਰਸ਼ਿਪ, ਸ਼ੇਅਰ ਬਰੋਕਰ, ਸਟਾਕਬਰੋਕਰ, ਸਟਾਕ ਐਕਸਚੈਂਜ, ਸਟਾਕਿਸਟ, ਸਟਾਕ ਮਾਰਕੀਟ ਵਰਗੇ ਸ਼ਬਦਾਂ ਨਾਲ ਇਹਦੀ ਸਕੀਰੀ ਹੈ। ਮੂਲ ਰੂਪ ਵਿੱਚ ਇਨ੍ਹਾਂ ਵਿੱਚ ਕਮਿਸ਼ਨ ਏਜੰਟ ਦੇ ਭਾਵ ਪਏ ਹਨ। ਇਨ੍ਹਾਂ ਸ਼ਬਦਾਂ ਦੀ ਮੂਲ ਧਾਤੂ ਨੂੰ ਵਿਚਾਰੀਏ ਤਾਂ ਇਸ ਵਿੱਚ ਅੰਸ਼, ਹਿੱਸਾ, ਭਾਗ, ਟੁਕੜਾ, ਕੱਟਣਾ, ਵਿਸਥਾਰ ਵਰਗੇ ਅਰਥ ਪਏ ਹਨ। ਵਪਾਰੀ ਵੀ ਜਦੋਂ ਕੋਈ ਵਸਤ ਖਰੀਦਦਾ ਹੈ ਤਾਂ ਫਿਰ ਉਹਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਵੇਚਦਾ ਹੈ ਤੇ ਹਰ ਵਿਕਰੀ ਵਿੱਚੋਂ ਕੁਝ ਹਿੱਸਾ ਆਪਣੇ ਕੋਲ ਰੱਖਦਾ ਹੈ।
ਪ੍ਰਚੂਨ ਲਈ ਖੁਦਰਾ ਸ਼ਬਦ ਪ੍ਰਚਲਤ ਹੈ। ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਕੋਸ਼ ਅਨੁਸਾਰ ਖੁਦਰਾ ਦਾ ਅਰਥ ਹੈ– ਆਪਣੇ ਲਈ, ਆਪਣੇ ਵਾਸਤੇ, ਆਪਣੇ ਆਪਨੂੰ। ਮੂਲ ਰੂਪ ਵਿੱਚ ਇਹ ਸੰਸਕ੍ਰਿਤ ਦੇ ‘ਸ਼ੁਦਰ’ ਦਾ ਰੂਪਾਂਤਰ ਹੈ, ਜਿਸਦਾ ਅਰਥ ਹੈ– ਬਹੁਤ ਛੋਟਾ ਹਿੱਸਾ, ਘੱਟ, ਤੁੱਛ, ਲਘੂ, ਟੋਟਾ ਆਦਿ। ਸ਼ੁਦਰ ਤੋਂ ਹੀ ਫਾਰਸੀ ਵਿੱਚ ਖੁਰਦ ਬਣਿਆ, ਜਿਸ ਵਿੱਚ ਇਹ ਸਾਰੇ ਭਾਵ ਹਨ। ਖੁਰਦਬੀਨ ਭਾਵ ਸੂਖਮਦਰਸ਼ੀ। ਫਾਰਸੀ ਦੇ ਖ਼ੁਰਦ ਤੋਂ ਹੀ ਖੁਦਰਾ ਸ਼ਬਦ ਬਣਿਆ ਹੈ। ਖੁਦਰਾ ਵਪਾਰੀ ਦਾ ਅਰਥ ਹੈ– ਛੋਟਾ ਪ੍ਰਚੂਨੀਆ, ਫੁਟਕਲ ਸਮਾਨ ਵੇਚਣ ਵਾਲਾ ਦੁਕਾਨਦਾਰ/ਵਪਾਰੀ; ਬਰੋਕਰ ਦਾ ਵੀ ਇਹੀ ਅਰਥ ਹੈ।
ਲੈਟਿਨ ਦੇ ‘ਬਰੁਚਚਅ’ ਤੋਂ ਇਹਦੀ ਵਿਓਤਪਤੀ ਮੰਨੀ ਗਈ ਹੈ, ਜਿੱਥੇ ਇਸਦਾ ਅਰਥ ਤਿੱਖੀ ਸਲਾਈ, ਸਲਾਖ, ਛੇਕਣਾ, ਟੁਕੜੇ ਕਰਨਾ ਆਦਿ ਹੈ। ਇੱਕ ਹੋਰ ਮੱਤ ਅਨੁਸਾਰ ਬਰੋਕਰ ਸ਼ਬਦ ਸਪੈਨਿਸ਼ ‘ਅਲਬੋਰੋਤੁੲ’ ਦਾ ਰੂਪਾਂਤਰ ਹੈ। ਅਮੈਰਿਕਨ ਹੈਰੀਟੇਜ ਕੋਸ਼ ਅਨੁਸਾਰ ਇਹਦਾ ਅਰਥ ਕਿਸੇ ਵਪਾਰਕ ਸੌਦੇ ਤੋਂ ਹੋਣ ਵਾਲੇ ਲਾਭ ਕਰਕੇ ਖੁਸ਼ੀ ਵਿੱਚ ਹੋਣ ਵਾਲਾ ਜਲਸਾ ਹੈ ਜਾਂ ਇਸ ਮੌਕੇ ’ਤੇ ਸੌਦੇ ਦੇ ਨਮਿਤ ਦਿੱਤਾ ਜਾਣ ਵਾਲਾ ਤੋਹਫਾ ਹੈ। ਇਹਦੇ ਵਿੱਚ ਵੀ ਵਿਚੋਲਗੀ ਨਜ਼ਰ ਆਉਂਦੀ ਹੈ। ਤੋਹਫਾ ਪ੍ਰਾਪਤ ਕਰਨ ਵਾਲਾ ਦਲਾਲ ਜਾਂ ਬਰੋਕਰ ਹੈ। ਯੂਰਪ ਵਿੱਚ ਬਰੋਕਰ ਵਿੱਚ ਖੁਸ਼ੀ ਦੇ ਭਾਵ ਐਵੇਂ ਨਹੀਂ ਜੋੜੇ ਗਏ। ਅਰਬੀ ਵਿੱਚ ਸ਼ੁਭ ਜਾਂ ਮੰਗਲਕਾਮਨਾ ਦੇ ਭਾਵ ਪਹਿਲਾਂ ਹੀ ਇਸ ਵਿੱਚ ਮੌਜੂਦ ਹਨ।
ਸਪੈਨਿਸ਼ ਦਾ ‘ਅਲਬੋਰੋਤੁੲ’ ਅਸਲ ਵਿੱਚ ਅਰਬੀ ਮੂਲ ਦਾ ਸ਼ਬਦ ਹੈ। ਮੱਧਕਾਲ ਵਿੱਚ ਅਰਬਾਂ ਨੇ ਸਮੁੱਚੇ ਭੂਮੱਧਸਾਗਰ ਇਲਾਕੇ ’ਤੇ ਆਪਣਾ ਦਬਦਬਾ ਕਾਇਮ ਕਰ ਲਿਆ ਸੀ ਤੇ ਤਦੋਂ ਸਪੇਨ ਦਾ ਇੱਕ ਵੱਡਾ ਹਿੱਸਾ ਅਰਬਾਂ ਦੀ ਬਸਤੀ ਸੀ। ਸਪੇਨੀ ਭਾਸ਼ਾ ਤੇ ਸਭਿਆਚਾਰ ’ਤੇ ਅਰਬੀ ਪ੍ਰਭਾਵ ਬਹੁਤ ਗਹਿਰਾ ਹੈ। ਅਰਬੀ ਸ਼ਬਦ ੳਲ-ਬਅਰਅਕਅ (ੳਲ-ਬਅਰਅਚਕ) ਸੈਮੇਟਿਕ ਧਾਤੂ ‘ਬ-ਰ-ਕ (ਬਾ-ਰਾ-ਕਾਫ)’ ਤੋਂ ਬਣਿਆ ਹੈ ਜਿਸਦਾ ਅਰਥ ਹੈ– ਅਸ਼ੀਰਵਾਦ ਦੇਣਾ, ਪ੍ਰਸ਼ੰਸਾ ਕਰਨੀ, ਸ਼ੁਕਰਾਨਾ, ਰਿਣੀ ਹੋਣਾ। ਅਰਬੀ ਤੋਂ ਇਲਾਵਾ ਹਿਬਰੂ ਵਿੱਚ ਵੀ ਇਹੀ ਧਾਤੂ ਹੈ। ੳਲ-ਬਅਰਅਕਅ ਵਿੱਚ ਵੀ ਇਹੀ ਭਾਵ ਹਨ। ਖੁਸ਼ਹਾਲੀ, ਸਮਰਿਧੀ, ਨੌਨਿਧਾਂ ਦੀ ਪ੍ਰਾਪਤੀ ਲਈ ਅਕਸਰ ਬਰਕਤ ਸ਼ਬਦ ਵਰਤਿਆ ਜਾਂਦਾ ਹੈ, ਸ਼ੁਭ ਮੌਕਿਆਂ ’ਤੇ ਸ਼ੁਭ ਕਾਮਨਾਵਾਂ ਦੇਣ ਲਈ ਮੁਬਾਰਕ ਜਾਂ ਮੁਬਾਰਕਬਾਦ ਸ਼ਬਦ ਵਰਤਿਆ ਜਾਂਦਾ ਹੈ। ਇਹ ਮੁਬਾਰਕ ਏਸੇ ਮੂਲ ਦਾ ਹੈ। ਬਰਾਕ ਨਾਲ ‘ਮੁ’ ਅਗੇਤਰ ਲਾ ਕੇ ਬਣਾਇਆ ਗਿਆ ਹੈ। ਬਰਾਕ ਦਾ ਅਰਥ ਹੈ- ਸ਼ਕਤੀਸ਼ਾਲੀ, ਵਿਸ਼ਿਸ਼ਟ, ਮੰਗਲਮਈ, ਸੰਪੰਨ ਆਦਿ। ਅਲ-ਬਰਾਕ ਤੋਂ ਰੁਪਾਂਤ੍ਰਿਤ ਹੋ ਕੇ ਬਰੋਕਰ ਸ਼ਬਦ ਬਣਿਆ ਹੈ। ਡੀਲ ਜਾਂ ਡੀਲਰ ਇਹਦਾ ਸਗੋਤੀ ਸ਼ਬਦ ਹੈ। ਇਹਦੀ ਤੁਲਨਾ ਸੰਸਕ੍ਰਿਤ ਦੇ ‘ਦਲਮੑ’ ਸ਼ਬਦ ਨਾਲ ਕੀਤੀ ਜਾ ਸਕਦੀ ਹੈ। ਦਲ ਵਿੱਚ ਵੰਡਣ, ਤੋੜਨ ਦਾ ਭਾਵ ਹੈ, ਕਿਸੇ ਵਸਤੂ ਨੂੰ ਮਹੀਨ ਕਰਨਾ, ਖੰਡ ਖੰਡ ਕਰਨਾ, ਪੀਸਣਾ, ਤੋੜਨਾ, ਚੂਰ ਚੂਰ ਕਰਨਾ; ਦਲਣਾ ਜਾਂ ਦਲਾਈ ਤੋਂ ਭਾਵ ਹੈ– ਪੀਹਣਾ; ਦਲਣ ਤੋਂ ਭਾਵ ਹੈ ਪੀਹਣਾ, ਦੋਫਾੜ ਕਰਨਾ, ਫੇਹਣਾ, ਕੁਚਲਣਾ, ਪਾੜਨਾ, ਟੁਕੜੇ ਕਰਨਾ। ਦਲ ਤੋਂ ਕਈ ਸ਼ਬਦ ਬਣੇ ਹਨ- ਦਲਿਤ, ਦਲਣਾ, ਦਲੀਆ, ਦਲਗਤ, ਦਲੀ, ਦਲ ਬਦਲ। ਦਲਪਤੀ ਦਾ ਭਾਵ ਹੈ- ਕਿਸੇ ਸਮੂਹ ਜਾਂ ਧੜੇ ਦਾ ਸੁਆਮੀ। ਦਲਿਤ ਦਾ ਅਰਥ ਦਲਿਆ ਹੋਇਆ, ਕੁਚਲਿਆ ਹੋਇਆ, ਹੀਣੀ ਜਾਤ ਵਾਲਾ ਜੋ ਉਚੀ ਜਾਤੀ ਤੋਂ ਪੈਰਾਂ ਹੇਠ ਦਲਿਆ ਗਿਆ, ਵਿਪਦਾ ਮਾਰਿਆ। ਇਸ ਤਰ੍ਹਾਂ ਸਪਸ਼ਟ ਹੈ ਕਿ ਦਲਾਲ, ਦਲਾਲੀ, ਦੱਲਾ ਸ਼ਬਦ ਦਾ ਇੱਕ ਵੱਡਾ ਕੁਨਬਾ ਹੈ, ਜੋ ਕਈ ਪਾਸੇ ਪਸਰਿਆ ਨਜ਼ਰ ਆਉਂਦਾ ਹੈ।

Leave a Reply

Your email address will not be published. Required fields are marked *