ਖਿਡਾਰੀ ਪੰਜ ਆਬ ਦੇ (9)
ਫੁਟਬਾਲ ਦੇ ਕਈ ਕੱਦਾਵਰ ਖਿਡਾਰੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ- ਅਰਜੁਨਾ ਐਵਾਰਡੀ ਜਰਨੈਲ ਸਿੰਘ। ਮਾਹਿਲਪੁਰ ਨੂੰ ਫੁਟਬਾਲ ਦੀ ਜਰਖੇਜ਼ ਭੂਮੀ ਬਣਾਉਣ ਦਾ ਸਿਹਰਾ ਵੀ ਜਰਨੈਲ ਸਿੰਘ ਦੇ ਸਿਰ ਹੀ ਜਾਂਦਾ ਹੈ। ਫੀਫਾ ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। ਅਫਸੋਸ! ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਪੁੱਜੇ ਜਰਨੈਲ ਨੂੰ ਸਦਮਿਆਂ ਨੇ ਝੰਬ ਸੁੱਟਿਆ ਸੀ ਤੇ ਪੂਰੇ ਖੇਡ ਜੀਵਨ ਦੌਰਾਨ ਐਬਾਂ ਤੋਂ ਦੂਰ ਰਹਿਣ ਵਾਲੇ ਜਰਨੈਲ ਨੇ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲਿਆ ਸੀ, ਪਰ ਉਹ…!
ਖੈਰ, ਹਥਲੇ ਲੇਖ ਵਿੱਚ ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਵਿਸ਼ਵ ਦੇ ਮੰਨੇ-ਪ੍ਰਮੰਨੇ ਸਟਰਾਈਕਰਾਂ ਨੂੰ ਡੱਕਣ ਵਾਲੇ ਜਰਨੈਲ ਸਿੰਘ ਬਾਰੇ ਝਾਤ ਪਾਈ ਹੈ।
ਨਵਦੀਪ ਸਿੰਘ ਗਿੱਲ
ਫੁਟਬਾਲ ਦੀ ਦੁਨੀਆਂ ਵਿੱਚ ਜਰਨੈਲ ਸਿੰਘ ਦਾ ਜਲਵਾ ਸਿਖਰਾਂ `ਤੇ ਰਿਹਾ। ਜਰਨੈਲ ਦਾ ਜਨਮ ਹੀ ਫੁਟਬਾਲ ਖੇਡਣ ਲਈ ਹੋਇਆ ਸੀ। ਜੱਗ ਵਿੱਚ ਜੋ ਜੱਸ ਜਰਨੈਲ ਨੇ ਖੱਟਿਆ, ਉਹ ਕਿਸੇ ਹੋਰ ਫੁਟਬਾਲਰ ਦੇ ਹਿੱਸੇ ਨਹੀਂ ਆਇਆ। ਆਲਮੀ ਫੁਟਬਾਲ ਦੇ ਸਭ ਤੋਂ ਵੱਡੇ ਫੁੱਲਬੈਕਾਂ ਵਿੱਚ ਉਸ ਦਾ ਨਾਮ ਆਉਂਦਾ ਹੈ। ਏਸ਼ੀਅਨ ਫੁਟਬਾਲ ਦਾ ਉਹ ਸਭ ਤੋਂ ਤਕੜਾ ਫੁੱਲਬੈਕ ਹੋਇਆ। ਆਪਣੇ ਦੌਰ ਵਿੱਚ ਉਸ ਨੇ ਵਿਸ਼ਵ ਦੇ ਮੰਨੇ-ਪ੍ਰਮੰਨੇ ਸਟਰਾਈਕਰਾਂ ਨੂੰ ਡੱਕੀ ਰੱਖਿਆ। ਫੀਫਾ ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। ਜਰਨੈਲ ਸਿੰਘ ਨੇ ਏਸ਼ੀਅਨ ਆਲ ਸਟਾਰ ਦੀ ਦੋ ਵਾਰ ਕਪਤਾਨੀ ਕੀਤੀ। ਤਿੰਨ ਸਾਲ ਭਾਰਤ ਦੀ ਕਪਤਾਨੀ ਕੀਤੀ। ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿਤਾਇਆ। ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਿਹਾ।
ਜਰਨੈਲ ਸਿੰਘ ਨੇ ਫੁਟਬਾਲ ਖੇਡ ਵਿੱਚ ਸਰਦਾਰਾਂ ਦੀ ਵੀ ਲਾਜ ਰੱਖੀ। ਪੈਰਾਂ ਤੇ ਸਿਰ ਦੇ ਤਾਲਮੇਲ ਵਾਲੀ ਇਸ ਖੇਡ ਵਿੱਚ ਜੂੜ੍ਹੇ ਨਾਲ ਖੇਡਦਿਆਂ ਉਸ ਨੇ ਬਹੁਤ ਨਾਮਣਾ ਖੱਟਿਆ। ਉਸ ਤੋਂ ਵਧੀਆ ਕੋਈ ਹੈਡਰ ਨਹੀਂ ਲਗਾ ਸਕਦਾ ਸੀ। ਦੇਸ਼ ਦੇ ਚੋਟੀ ਦੇ ਫੁਟਬਾਲ ਕਲੱਬ ਮੋਹਨ ਬਗਾਨ ਵੱਲੋਂ ਜਰਨੈਲ ਸਿੰਘ 10 ਸਾਲ ਖੇਡਿਆ। ਕਲੱਬ ਨੇ ਵੀ ਉਸ ਨੂੰ ਦੇਸ਼ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਾਇਆ। ਭਾਰਤ ਸਰਕਾਰ ਨੇ ਜੇ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਤਾਂ ਮੋਹਨ ਬਗਾਨ ਨੇ ਵੀ ਮੋਹਨ ਬਗਾਨ ਰਤਨ ਨਾਲ ਨਿਵਾਜਿਆ। ਉਸ ਦੀ ਮੌਤ `ਤੇ ਪੰਜਾਬੀਆਂ ਨਾਲੋਂ ਵੱਧ ਬੰਗਾਲੀ ਰੋਏ। ਜਰਨੈਲ ਸਿੰਘ ਵੀ ਕਹਿੰਦਾ ਹੁੰਦਾ ਸੀ, “ਮੈਨੂੰ ਚੱਜ ਆਹਾਰ ਬੰਗਾਲੀਆਂ ਨੇ ਸਿਖਾਇਆ।” ਅੱਗਿਓਂ ਬੰਗਾਲੀ ਕਹਿੰਦੇ, “ਸਾਨੂੰ ਫੁਟਬਾਲ ਜਰਨੈਲ ਸਿੰਘ ਨੇ ਸਿਖਾਈ।”
ਪੰਜਾਬ ਨੇ ਕੌਮੀ ਫੁਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਸੰਤੋਸ਼ ਟਰਾਫੀ ਜਰਨੈਲ ਸਿੰਘ ਦੇ ਆਉਣ ਤੋਂ ਬਾਅਦ ਹੀ ਜਿੱਤਿਆ। ਪੰਜਾਬ ਨੂੰ ਦੂਜੀ ਵਾਰ ਸੰਤੋਸ਼ ਟਰਾਫੀ ਜਰਨੈਲ ਨੇ ਆਪਣੀ ਕੋਚਿੰਗ ਵਿੱਚ ਜਿਤਾਈ। ਫੁਟਬਾਲ ਦੇ ਮੱਕਾ ਕਹੇ ਜਾਂਦੇ ਮਾਹਿਲਪੁਰ ਇਲਾਕੇ ਨੂੰ ਪਹਿਲੀ ਵਾਰ ਕੌਮਾਂਤਰੀ ਹਲਕਿਆਂ ਵਿੱਚ ਜਰਨੈਲ ਨੇ ਹੀ ਪਛਾਣ ਦਿਵਾਈ ਸੀ। ਜਰਨੈਲ ਨੇ ਹੀ ਮਾਹਿਲਪੁਰ ਨੂੰ ਫੁਟਬਾਲ ਦੀ ਜਰਖੇਜ਼ ਭੂਮੀ ਬਣਾਇਆ। ਇਸ ਨੂੰ ਅੱਗੇ ਜਾ ਕੇ ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ ਜਿਹੇ ਫੁਟਬਾਲਰਾਂ ਨੇ ਸਿੰਜਿਆ। ਜਰਨੈਲ ਸਿੰਘ ਨੇ ਪੰਜਾਬ ਦੇ ਖੇਡ ਵਿਭਾਗ ਵਿੱਚ ਖੇਡ ਅਫਸਰ ਤੋਂ ਲੈ ਕੇ ਕਾਰਜਕਾਰੀ ਡਾਇਰੈਕਟਰ ਤੱਕ ਸਫਰ ਤੈਅ ਕੀਤਾ।
ਜਰਨੈਲ ਸਿੰਘ ਦਾ ਬਚਪਨ ਮਿਲਖਾ ਸਿੰਘ ਵਾਂਗ ਗੁਜ਼ਰਿਆ। ਸੰਤਾਲੀ ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਤੋਂ ਮਸਾਂ ਬਚਦਾ ਬਚਾਉਂਦਾ ਭਾਰਤ ਪੁੱਜਿਆ। ਖੁਰਾਕ ਉਸ ਦੀ ਅਥਲੀਟ ਪਰਵੀਨ ਕੁਮਾਰ ਜਿੰਨੀ ਸੀ। ਵਿਆਹ ਉਸ ਦਾ ਦਾਰਾ ਸਿੰਘ ਵਾਂਗ ਨਿਆਣੀ ਉਮਰੇ ਹੋ ਗਿਆ। ਸਿਰੜੀ ਉਹ ਹਾਕੀ ਵਾਲੇ ਬਲਬੀਰ ਸਿੰਘ ਸੀਨੀਅਰ ਵਰਗਾ ਸੀ। ਕਬੱਡੀ ਵਿੱਚ ਉਹ ਚੰਗੇ ਜਾਫੀ ਵਰਗਾ ਸੀ, ਜਿਸ ਨੇ ਪਿੰਡ ਦੀ ਕਬੱਡੀ ਟੀਮ ਵੱਲੋਂ ਖੇਡਦਿਆਂ ਉਸ ਵੇਲੇ ਚੋਟੀ ਦੇ ਰੇਡਰ ਸੰਤੋਖ ਤੋਖੀ ਨੂੰ ਡੱਕਿਆ। ਜਿਸ ਖੇਡ ਵਿਭਾਗ ਦੀ ਡਾਇਰੈਕਟਰੀ ਬਲਬੀਰ ਸਿੰਘ ਸੀਨੀਅਰ, ਕਰਤਾਰ ਸਿੰਘ, ਪਰਗਟ ਸਿੰਘ ਨੇ ਕੀਤੀ, ਉਸੇ ਵਿਭਾਗ ਦਾ ਉਹ ਵੀ ਡਾਇਰੈਕਟਰ ਰਿਹਾ।
ਜਰਨੈਲ ਸਿੰਘ ਦਾ ਜਨਮ 1933 ਵਿੱਚ ਲਾਇਲਪੁਰ (ਪਾਕਿਸਤਾਨ) ਇਲਾਕੇ ਦੇ ਚੱਕ 272 ਵਿੱਚ ਹੋਇਆ ਸੀ। ਜਰਨੈਲ ਸਿੰਘ ਦੀ ਜਨਮ ਤਰੀਕ ਵੀ ਹੋਰਨਾਂ ਵੱਡੇ ਖਿਡਾਰੀਆਂ ਵਾਂਗ ਅਸਲੀ ਹੋਰ ਤੇ ਕਾਗਜ਼ਾਂ ਵਿੱਚ ਹੋਰ ਹੈ। ਕਾਗਜ਼ਾਂ ਵਿੱਚ ਜਰਨੈਲ ਸਿੰਘ ਦੀ ਜਨਮ ਤਰੀਕ 20 ਫਰਵਰੀ 1936 ਹੈ। ਉਸ ਦੇ ਪਿਤਾ ਦਾ ਨਾਮ ਉਜਾਗਰ ਸਿੰਘ ਤੇ ਮਾਤਾ ਦਾ ਨਾਮ ਗੁਰਚਰਨ ਕੌਰ ਸੀ। ਜਰਨੈਲ ਦੇ ਛੇ ਭਰਾ ਤੇ ਇੱਕ ਭੈਣ ਸੀ। ਚੱਕ 41 ਦੇ ਬਾਰ ਖਾਲਸਾ ਹਾਈ ਸਕੂਲ ਵਿਖੇ ਚੌਥੀ ਕਲਾਸ ਵਿੱਚ ਪੜ੍ਹਦਿਆਂ ਨਿੱਕੇ ਜੈਲੇ ਨੇ ਪਹਿਲੀ ਵਾਰ ਫੁਟਬਾਲ ਨੂੰ ਕਿੱਕ ਮਾਰੀ ਸੀ। ਫੁਟਬਾਲ ਵਿੱਚ ਜੋ ਮਾਣ ਅਜੋਕੇ ਮਾਹਿਲਪੁਰ ਨੂੰ ਮਿਲਿਆ ਹੈ, ਵੰਡ ਤੋਂ ਪਹਿਲਾਂ ਉਹੀ ਰੁਤਬਾ ਚੱਕ 272 ਦੇ ਆਸ-ਪਾਸ ਇਲਾਕੇ ਨੂੰ ਮਿਲਦਾ ਸੀ। ਇਹ ਇਲਾਕਾ ਫੁਟਬਾਲ ਦਾ ਗੜ੍ਹ ਸੀ। ਅਸਲ ਵਿੱਚ ਜਰਨੈਲ ਸਿੰਘ ਦੇ ਵੱਡੇ-ਵਡੇਰਿਆਂ ਦਾ ਪਿੰਡ ਹੁਸ਼ਿਆਰੁਪਰ ਦੇ ਇਲਾਕੇ ਵਿੱਚ ਮੁਜਾਰਾ ਡੀਂਗਰੀਆ ਸੀ।
ਚੋਆਂ ਦਾ ਇਲਾਕਾ ਹੋਣ ਕਰਕੇ ਫਸਲਾਂ ਦੀ ਮਾਰ ਕਾਰਨ ਉਸ ਦੇ ਵੱਡੇ-ਵਡੇਰੇ ਲਾਇਲਪੁਰ ਚਲੇ ਗਏ ਸਨ, ਜੋ ਵਾਹੀ ਲਈ ਸਭ ਤੋਂ ਜਰਖੇਜ਼ ਭੂਮੀ ਸੀ। ਜਰਨੈਲ ਸਿੰਘ ਉਸ ਵੇਲੇ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਜਦੋਂ ਸੰਤਾਲੀ ਦੀ ਵੰਡ ਹੋਈ। ਜਰਨੈਲ ਨੂੰ ਉਸ ਦੇ ਪਿਤਾ ਨੇ ਟਰੱਕ ਵਿੱਚ ਬਿਠਾ ਕੇ ਪਿੰਡੋਂ ਕੱਢਿਆ ਅਤੇ ਅੱਗੇ ਜਾ ਕੇ ਉਹ ਲਾਇਲਪੁਰ (ਹੁਣ ਫੈਸਲਾਬਾਦ) ਤੋਂ ਭਾਰਤ ਵਾਲੀ ਰੇਲ ਗੱਡੀ ਵਿੱਚ ਬੈਠਾ। ਜਰਨੈਲ ਸਿੰਘ ਨੇ ਰੇਲ ਗੱਡੀ ਵਿੱਚ ਲੁਕ-ਛਿਪ ਕੇ ਦੇਖਣਾ ਕਿਵੇਂ ਸਟੇਸ਼ਨਾਂ ਉਤੇ ਮੌਤ ਦਾ ਨੰਗਾ ਨਾਚ ਖੇਡਿਆ ਜਾ ਰਿਹਾ ਹੈ। ਵੰਡ ਦੇ ਸੰਤਾਪ ਨੂੰ ਝੱਲਦਾ ਜਦੋਂ ਜਰਨੈਲ ਫਗਵਾੜਾ ਪਹੁੰਚਿਆ ਤਾਂ ਪੂਰਾ ਸਟੇਸ਼ਨ ਲਹੂ-ਲਹਾਨ ਸੀ ਤੇ ਲਾਸ਼ਾਂ ਦੇ ਢੇਰ ਪਏ ਸਨ। ਇਸ ਤਰ੍ਹਾਂ ਜਰਨੈਲ ਮਸਾਂ ਬਚ ਕੇ ਪੁੱਜਿਆ।
ਜਰਨੈਲ ਸਿੰਘ ਦੇ ਪਰਿਵਾਰ ਨੂੰ ਪਨਾਮ ਜ਼ਮੀਨ ਅਲਾਟ ਹੋ ਗਈ ਤੇ ਉਹਦਾ ਪਰਿਵਾਰ ਇੱਥੋਂ ਦਾ ਪੱਕਾ ਵਸਨੀਕ ਬਣ ਗਿਆ। ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਜਰਨੈਲ ਸਿੰਘ ਦਾ ਵਿਆਹ ਇਕਬਾਲ ਕੌਰ ਨਾਲ ਹੋ ਗਿਆ। ਜਰਨੈਲ ਸਿੰਘ ਨੇ ਸਰਕਾਰੀ ਹਾਈ ਸਕੂਲ ਗੜ੍ਹਸ਼ੰਕਰ ਤੋਂ ਮੈਟ੍ਰਿਕ ਕੀਤੀ, ਜਿੱਥੇ ਪੜ੍ਹਦਿਆਂ ਉਸ ਨੇ ਗੜ੍ਹਸ਼ੰਕਰ ਨੂੰ ਸਟੇਟ ਚੈਂਪੀਅਨ ਬਣਾਇਆ। ਪੀ.ਟੀ. ਮਾਸਟਰ ਹਰਬੰਸ ਸਿੰਘ ਸ਼ਾਹੀ ਉਸ ਦਾ ਪਹਿਲਾ ਕੋਚ ਸੀ। ਉਸ ਵੇਲੇ ਉਹ ਜਲੰਧਰੋਂ ਫੁਟਬਾਲ ਲੈਣ ਵਾਸਤੇ ਸਾਈਕਲ ਉਤੇ ਜਾਂਦਾ ਸੀ। ਇਸ ਤੋਂ ਬਾਅਦ ਉਹ ਆਰ.ਕੇ. ਆਰੀਆ ਸਕੂਲ ਨਵਾਂਸ਼ਹਿਰ ਪੜ੍ਹਨ ਚਲਾ ਗਿਆ। ਮਾਹਿਲਪੁਰ ਦੀ ਫੁਟਬਾਲ ਦੇ ਪਿਤਾਮਾ ਕਹੇ ਜਾਂਦੇ ਪ੍ਰਿੰਸੀਪਲ ਹਰਭਜਨ ਸਿੰਘ ਦੇ ਕਹਿਣ `ਤੇ ਹਰਦਿਆਲ ਸਿੰਘ ਡੀ.ਪੀ.ਈ. ਦੇ ਪ੍ਰੇਰਨਾ ਨਾਲ ਜਰਨੈਲ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਆ ਗਿਆ। ਇੱਥੋਂ ਜਰਨੈਲ ਦੀ ਚੜ੍ਹਤ ਸ਼ੁਰੂ ਹੋ ਗਈ। ਚਾਰ ਸਾਲ ਉਸ ਨੇ ਆਪਣੇ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਚੈਂਪੀਅਨ ਬਣਾਇਆ। ਉਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਦਾਇਰਾ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ ਪ੍ਰਦੇਸ਼ ਤੱਕ ਹੁੰਦਾ ਸੀ। ਤਿੰਨ ਵਾਰ ਉਸ ਨੇ ਇੰਟਰ `ਵਰਸਿਟੀ ਖੇਡੀ।
ਕਾਲਜ ਪੜ੍ਹਦਿਆਂ ਹੀ ਜਰਨੈਲ ਸਿੰਘ ਖਾਲਸਾ ਸਪੋਰਟਿੰਗ ਕਲੱਬ ਵੱਲੋਂ ਖੇਡਣ ਲੱਗਿਆ, ਜਿੱਥੇ ਉਸ ਨੂੰ ਕਲੱਬ ਵੱਲੋਂ ਆਪਣੀ ਜਨਮ ਭੂਮੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਉਦੋਂ ਉਹ ਲਾਹੌਰ, ਲਾਇਲਪੁਰ, ਮਿੰਟਗੁਮਰੀ ਖੇਡਣ ਗਿਆ ਸੀ। 1957 ਵਿੱਚ ਡੀ.ਸੀ.ਐੱਮ. ਟੂਰਨਾਮੈਂਟ ਖੇਡਦਿਆਂ ਰਾਜਸਥਾਨ ਕਲੱਬ ਨੂੰ ਜਰਨੈਲ ਦੀ ਖੇਡ ਨੇ ਬਹੁਤ ਪ੍ਰਭਾਵਿਤ ਕੀਤਾ। ਉਦੋਂ ਉਹ ਕਾਲਜ ਦਾ ਹੀ ਵਿਦਿਆਰਥੀ ਸੀ, ਜਦੋਂ ਰਾਜਸਥਾਨ ਕਲੱਬ ਨੇ 500 ਰੁਪਏ ਦਾ ਮਨੀਆਰਡਰ ਆਪਣੇ ਵੱਲੋਂ ਖੇਡਣ ਲਈ ਪਹਿਲੇ ਮਿਹਨਤਾਨੇ ਵਜੋਂ ਭੇਜਿਆ। ਪੂਰੇ ਸਾਲ ਲਈ ਉਸ ਨੂੰ 2500 ਰੁਪਏ ਮਿਲਣੇ ਸਨ।
1958 ਵਿੱਚ ਉਹ ਪਹਿਲੀ ਵਾਰ ਪੰਜਾਬ ਵੱਲੋਂ ਸੰਤੋਸ਼ ਟਰਾਫੀ ਖੇਡਣ ਗਿਆ। ਅਗਲੇ ਹੀ ਸਾਲ 1959 ਵਿੱਚ ਜਰਨੈਲ ਭਾਰਤੀ ਟੀਮ ਵਿੱਚ ਚੁਣਿਆ ਗਿਆ ਅਤੇ ਅਫਗਾਨਿਸਤਾਨ ਟੂਰ `ਤੇ ਪਹਿਲੀ ਵਾਰ ਭਾਰਤ ਵੱਲੋਂ ਖੇਡਣ ਗਿਆ। ਰਾਜਸਥਾਨ ਕਲੱਬ ਵੱਲੋਂ ਖੇਡਦਿਆਂ ਜਰਨੈਲ ਬੰਗਾਲੀਆਂ ਦੀ ਪਾਰਖੂ ਅੱਖ `ਤੇ ਚੜ੍ਹ ਗਿਆ। ਮੋਹਨ ਬਗਾਨ ਦੇ ਕੋਚ ਅਰੁਨ ਸਿਨਹਾ ਨੇ ਉਸ ਨੂੰ ਆਪਣੇ ਕਲੱਬ ਵੱਲੋਂ ਖੇਡਣ ਲਈ ਕਿਹਾ ਅਤੇ ਉਸ ਦਾ ਮਿਹਨਤਾਨਾ ਵੀ 3500 ਰੁਪਏ ਮਿੱਥ ਦਿੱਤਾ। ਉਸ ਵੇਲੇ ਉਹ ਦੇਸ਼ ਦਾ ਸਭ ਤੋਂ ਮਹਿੰਗਾ ਫੁਟਬਾਲਰ ਬਣਿਆ। ਜਰਨੈਲ ਨੇ ਮੋਹਨ ਬਗਾਨ ਵੱਲੋਂ ਖੇਡਦਿਆਂ ਪਹਿਲਾ ਕਲੱਕਤਾ ਲੀਗ, ਆਈ.ਆਈ.ਐੱਫ. ਸ਼ੀਲਡ ਜਿੱਤੀ। ਫੇਰ ਉਸ ਨੇ ਫੁਟਬਾਲ ਦਾ ਵੱਕਾਰੀ ਖੇਡ ਟੂਰਨਾਮੈਂਟ ਡੁਰੰਡ ਕੱਪ ਮੋਹਨ ਬਗਾਨ ਦੀ ਝੋਲੀ ਪਾਇਆ। ਉਸ ਨੇ ਛੇ ਵਾਰ ਕਲੱਕਤਾ ਲੀਗ ਅਤੇ ਪੰਜ ਵਾਰ ਡੁਰੰਡ ਕੱਪ ਜਿਤਾਇਆ। ਦੋ ਵਾਰ ਤਾਂ ਉਹ ਟੀਮ ਦਾ ਕਪਤਾਨ ਸੀ।
1968 ਵਿੱਚ ਕਲੱਕਤਾ ਡਰਬੀ ਮੈਚ ਵਿੱਚ ਜਰਨੈਲ ਦੇ ਬਲਬੂਤੇ ਮੋਹਨ ਬਗਾਨ ਨੇ ਈਸਟ ਬੰਗਾਲ ਨੂੰ 2-0 ਨਾਲ ਹਰਾਇਆ। 1967 ਵਿੱਚ ਮੋਹਨ ਬਗਾਨ ਨੇ ਵਾਸਕੋ ਸਪੋਰਟਿੰਗ ਕਲੱਬ ਨੂੰ ਫਾਈਨਲ ਵਿੱਚ 1-0 ਨਾਲ ਹਰਾ ਕੇ ਰੋਵਰਜ਼ ਕੱਪ ਜਿੱਤਿਆ। ਮੋਹਨ ਬਗਾਨ ਨੇ ਸਭ ਤੋਂ ਵੱਧ ਵਾਰ ਡੁਰੰਡ ਕੱਪ (16) ਤੇ ਰੋਵਰਜ਼ ਕੱਪ (14) ਜਿੱਤਿਆ ਹੈ। ਜਰਨੈਲ ਮੋਹਨ ਬਗਾਨ ਦਾ ਸਭ ਤੋਂ ਚਹੇਤਾ ਖਿਡਾਰੀ ਬਣ ਗਿਆ। ਉਸ ਨੂੰ ਮਿਲਦਾ ਮਿਹਨਤਾਨਾ ਵੀ ਵਧਦਾ ਵਧਦਾ 10,000 ਰੁਪਏ ਤੱਕ ਪੁੱਜ ਗਿਆ।
ਮੋਹਨ ਬਗਾਨ ਵਿੱਚ ਆਉਣ ਤੋਂ ਬਾਅਦ ਜਰਨੈਲ ਨੇ ਭਾਰਤੀ ਟੀਮ ਵੱਲੋਂ ਵੀ ਨਾਮ ਚਮਕਾਉਣਾ ਸ਼ੁਰੂ ਕਰ ਦਿੱਤਾ। 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਟੀਮ ਦਾ ਮੈਂਬਰ ਸੀ। ਓਲੰਪਿਕਸ ਵਿੱਚ ਦਿਖਾਈ ਖੇਡ ਕਾਰਨ ਉਸ ਦੀ ਚੋਣ ਵਿਸ਼ਵ ਇਲੈਵਨ ਵਿੱਚ ਹੋਈ। ਫੀਫਾ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਦੇ ਪਹਿਲੇ ਹੀ ਮੈਚ ਵਿੱਚ ਥਾਈਲੈਂਡ ਖਿਲਾਫ ਖੇਡਦਿਆਂ ਜਰਨੈਲ ਸਿੰਘ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੇ ਛੇ ਟਾਂਕੇ ਲੱਗੇ। ਵੀਅਤਨਾਮ ਖਿਲਾਫ ਸੈਮੀ ਫਾਈਨਲ ਮੈਚ ਸੀ। ਵੀਅਤਨਾਮ ਵਿਰੁੱਧ ਜਰਨੈਲ ਨੇ ਫਾਰਵਰਡ ਖੇਡਦਿਆਂ ਇੱਕ ਗੋਲ ਕੀਤਾ ਅਤੇ ਭਾਰਤ 3-1 ਦੀ ਜਿੱਤ ਨਾਲ ਫਾਈਨਲ ਵਿੱਚ ਪੁੱਜ ਗਿਆ। ਫਾਈਨਲ ਮੈਚ ਕੋਰੀਆ ਖਿਲਾਫ ਸੀ ਅਤੇ ਜਰਨੈਲ ਨੇ ਸੱਟ ਦੇ ਬਾਵਜੂਦ ਸਿਰ ਨਾਲ ਹੀ ਇੱਕ ਬਿਹਤਰੀਨ ਗੋਲ ਕੀਤਾ, ਜੋ ਫੈਸਲਾਕੁੰਨ ਸਾਬਤ ਹੋਇਆ। ਜਰਨੈਲ ਦੇ ਸਿਰ `ਤੇ ਭਾਰਤ ਨੇ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤ ਲਿਆ। ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਇਹ ਆਖਰੀ ਪ੍ਰਾਪਤੀ ਸੀ। 1962 ਵਿੱਚ ਜਰਨੈਲ ਨੂੰ ਭਾਰਤ ਦਾ ‘ਪਲੇਅਰ ਆਫ ਦਾ ਯੀਅਰ` ਚੁਣਿਆ ਗਿਆ। ਇੰਡੀਅਨ ਐਕਸਪ੍ਰੈਸ ਨੇ ਸਾਲ 1963 ਵਿੱਚ ਉਸ ਨੂੰ ‘ਮੋਸਟ ਪਾਪੂਲਰ ਸਪੋਰਟਸਪਰਸਨ ਆਫ ਦਾ ਕੰਟਰੀ` ਦਾ ਟਾਈਟਲ ਦਿੱਤਾ।
1964 ਵਿੱਚ ਮਦੇਰਕਾ ਕੱਪ ਖੇਡਦਿਆਂ ਜਰਨੈਲ ਦੀ ਖੇਡ ਬਹੁਤ ਸਲਾਹੀ ਗਈ। ਭਾਰਤੀ ਟੀਮ ਉਪ ਜੇਤੂ ਬਣੀ। ਇਜ਼ਰਾਇਲ ਦੇ ਸ਼ਹਿਰ ਅਲ ਤਵੀਵ ਵਿਖੇ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ। ਜਰਨੈਲ ਸਿੰਘ ਨੂੰ ਦੋਹਰਾ ਸਨਮਾਨ ਮਿਲਿਆ। ਫੁਟਬਾਲ ਸੰਘ ਨੇ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਅਤੇ ਭਾਰਤ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਅਰਜੁਨਾ ਐਵਾਰਡ ਨਾਲ ਨਿਵਾਜਿਆ। 1965 ਤੋਂ 1967 ਤੱਕ ਤਿੰਨ ਸਾਲ ਜਰਨੈਲ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। 1965-66 ਤੇ 1966-67 ਵਿੱਚ ਦੋ ਵਾਰ ਉਹ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਚੁਣਿਆ ਗਿਆ। 1967 ਵਿੱਚ ਇੱਕ ਟੂਰਨਾਮੈਂਟ ਖੇਡਦਿਆਂ ਜਰਨੈਲ ਨੂੰ ਦੇਖ ਕੇ ਫੀਫਾ ਦੇ ਉਸ ਵੇਲੇ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਕਿਹਾ ਸੀ ਕਿ ਜਰਨੈਲ ਕਿਸੇ ਵੀ ਮੁਲਕ ਵਿੱਚ ਚਲਾ ਜਾਵੇ, ਹਰ ਮੁਲਕ ਦੀ ਟੀਮ ਉਸ ਨੂੰ ਖਿਡਾ ਕੇ ਮਾਣ ਮਹਿਸੂਸ ਕਰੇਗੀ।
1968 ਵਿੱਚ ਸੱਟ ਲੱਗਣ ਤੋਂ ਬਾਅਦ ਜਰਨੈਲ ਅਗਲੇ ਸਾਲ 1969 ਵਿੱਚ ਮੋਹਨ ਬਗਾਨ ਵਿੱਚ 10 ਸਾਲ ਪੂਰੇ ਕਾਰਨ ਤੋਂ ਬਾਅਦ ਪੰਜਾਬ ਪਰਤ ਆਇਆ। ਉਸ ਵੇਲੇ ਪੰਜਾਬ ਦੇ ਖੇਡ ਵਿਭਾਗ ਵਿੱਚ ਉਹ ਜ਼ਿਲ੍ਹਾ ਖੇਡ ਅਫਸਰ ਸੀ ਅਤੇ ਪੰਜਾਬ ਦੀ ਫੁਟਬਾਲ ਟੀਮ ਦਾ ਸੀਨੀਅਰ ਕੋਚ ਸੀ। ਜਰਨੈਲ ਸਿੰਘ ਦੇ ਸਿਰ `ਤੇ ਪੰਜਾਬ ਪਹਿਲੀ ਵਾਰ 1970 ਵਿੱਚ ਸੰਤੋਸ਼ ਟਰਾਫੀ ਦਾ ਚੈਂਪੀਅਨ ਬਣਿਆ। ਉਸ ਤੋਂ ਬਾਅਦ ਜਰਨੈਲ ਸਿੰਘ ਨੇ ਟੀਮ ਦੀ ਕੋਚਿੰਗ ਸਾਂਭ ਲਈ। ਚਾਰ ਵਰਿ੍ਹਆਂ ਬਾਅਦ ਪੰਜਾਬ ਦੂਜੀ ਵਾਰ ਸੰਤੋਸ਼ ਟਰਾਫੀ ਚੈਂਪੀਅਨ ਬਣਿਆ। ਜਰਨੈਲ ਸਿੰਘ ਖੇਡ ਵਿਭਾਗ ਪੰਜਾਬ ਵਿੱਚ ਕਾਰਜਕਾਰੀ ਡਾਇਰੈਕਟਰ ਦੇ ਅਹੁਦੇ ਤੱਕ ਪੁੱਜਿਆ। 1994 ਵਿੱਚ ਉਹ ਰਿਟਾਇਰ ਹੋਇਆ।
ਜਰਨੈਲ ਸਿੰਘ ਦੇ ਪੰਜ ਧੀਆਂ ਤੇ ਦੋ ਪੁੱਤਰ ਸਨ। ਦੋਵੋਂ ਪੁੱਤਰਾਂ ਦੇ ਨਾਮ ਉਸ ਦੇ ਮਹਿਬੂਬ ਕਲੱਬ ਮੋਹਨ ਬਗਾਨ ਦੇ ਨਾਮ ਉਤੇ ਸਨ। ਜਗਮੋਹਨ ਸਿੰਘ ਤੇ ਹਰਸ਼ਮੋਹਨ ਸਿੰਘ। ਜਗਮੋਹਨ ਬੀ.ਐਸ.ਐਫ. ਵੱਲੋਂ ਫੁਟਬਾਲ ਖੇਡਦਾ ਸੀ ਅਤੇ ਭਾਰਤੀ ਟੀਮ ਵੱਲੋਂ ਵੀ ਸੈਫ ਖੇਡਾਂ ਵਿੱਚ ਹਿੱਸਾ ਲਿਆ। ਹਰਸ਼ਮੋਹਨ ਯੂਨੀਵਰਸਿਟੀ ਤੱਕ ਖੇਡਿਆ। 1994 ਵਿੱਚ ਜਰਨੈਲ ਸਿੰਘ ਦੀ ਪਤਨੀ ਦਾ ਦੇਹਾਂਤ ਹੋ ਗਿਆ। ਫੇਰ ਉਸ ਦੇ ਨੌਜਵਾਨ ਜਵਾਈ ਦੀ ਮੌਤ ਹੋ ਗਈ। 1996 ਵਿੱਚ ਜਰਨੈਲ ਦੇ ਮੁੰਡੇ ਜਗਮੋਹਨ ਨੇ ਭਰ ਜੁਆਨੀ ਵਿੱਚ ਖੁਦਕੁਸ਼ੀ ਕਰ ਲਈ। ਜਰਨੈਲ ਤੋਂ ਇਹ ਸਦਮਾ ਸਹਾਰਿਆ ਨਾ ਗਿਆ। ਜਰਨੈਲ ਦੀ ਜ਼ਿੰਦਗੀ ਬਦਰੰਗ ਹੋ ਗਈ। ਇਸ ਦੌਰਾਨ ਉਹ ਆਪਣੇ ਦੂਜੇ ਮੁੰਡੇ ਹਰਸ਼ਮੋਹਨ ਕੋਲ ਕੈਨੇਡਾ ਦੇ ਸ਼ਹਿਰ ਵੈਨਕੂਵਰ ਚਲਾ ਗਿਆ, ਪਰ ਜਰਨੈਲ ਦੀ ਜ਼ਿੰਦਗੀ ਵਿੱਚ ਫਿਰ ਵੀ ਬਹਾਰ ਨਾ ਆਈ। ਪੂਰੇ ਖੇਡ ਜੀਵਨ ਦੌਰਾਨ ਐਬਾਂ ਤੋਂ ਦੂਰ ਰਹਿਣ ਵਾਲੇ ਜਰਨੈਲ ਨੇ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲਿਆ। ਉਸ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਗਈ। ਅੰਤ 13 ਅਕਤੂਬਰ 2000 ਦੇ ਮਨਹੂਸ ਦਿਨ ਭਾਰਤੀ ਫੁਟਬਾਲ ਨੇ ਆਪਣਾ ਸਭ ਤੋਂ ਵੱਡਾ ਸਿਤਾਰਾ ਗੁਆ ਲਿਆ। ਜਰਨੈਲ ਨੇ ਉਸੇ ਸਾਲ ਨਵੰਬਰ ਮਹੀਨੇ ਭਾਰਤ ਆਉਣ ਦੀ ਟਿਕਟ ਕਟਾਈ ਸੀ, ਪਰ ਭਾਰਤ ਆਉਣ ਦੀ ਤਮੰਨਾ ਵਿਚਾਲੇ ਹੀ ਰਹਿ ਗਈ। ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ। ਉਸ ਵੇਲੇ ਦੇ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਹਵਾਈ ਅੱਡੇ ਉਤੇ ਉਸ ਦੀ ਮ੍ਰਿਤਕ ਦੇਹ ਨੂੰ ਰਿਸੀਵ ਕੀਤਾ। ਜਰਨੈਲ ਸਿੰਘ ਦੀ ਯਾਦਗਾਰ ਉਸ ਦੇ ਪਿੰਡ ਪਨਾਮ ਬਣਾਈ ਗਈ, ਜਿੱਥੇ ਉਸ ਨੂੰ ਫੁਟਬਾਲ ਦਾ ਬਾਬਾ ਬੋਹੜ ਲਿਖ ਕੇ ਸਨਮਾਨ ਦਿੱਤਾ ਗਿਆ। ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਆਲੀਸ਼ਾਨ ਓਲੰਪੀਅਨ ਜਰਨੈਲ ਸਿੰਘ ਯਾਦਗਾਰੀ ਸਟੇਡੀਅਮ ਉਸਾਰਿਆ ਗਿਆ। ਉਸ ਦੀ ਯਾਦ ਵਿੱਚ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ ਸ਼ੁਰੂ ਕੀਤਾ ਗਿਆ।