ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਇਟਲੀ ਨਾਲ ਵੀ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਹੈ। ਕਿਸੇ ਵੇਲੇ ਤਾਂ ਪੰਜਾਬ ਦੀ ਭਵਨ ਕਲਾ ’ਤੇ ਇਟਲੀ ਦੀ ਭਵਨ ਕਲਾ ਦਾ ਚੋਖਾ ਪ੍ਰਭਾਵ ਪਿਆ ਸੀ। ਇਟਲੀ ਵਿੱਚ ਪੰਜਾਬੀ ਖੇਤੀ ਕਾਮਿਆਂ ਨੇ ਸ਼ੋਸ਼ਣ ਵੀ ਹੰਢਾਇਆ ਹੈ, ਪਰ ਵਪਾਰਕ ਪੱਖ ਤੋਂ ਇਟਲੀ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਯੋਗਦਾਨ ਅਹਿਮ ਹੈ। ਦੁਨੀਆ ਭਰ ਵਿੱਚ ਮਸ਼ਹੂਰ ‘ਮੋਜ਼ਰਿਲਾ ਚੀਜ਼’ ਸਣੇ ਪਨੀਰ ਦੀਆਂ ਵੱਖ-ਵੱਖ ਕਿਸਮਾਂ ਪੰਜਾਬੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਇਟਲੀ ਨਾਲ ਪੰਜਾਬੀਆਂ ਦੀ ਸਾਂਝ ਤਿੰਨ ਸੌ ਸਾਲ ਤੋਂ ਵੀ ਵੱਧ ਪੁਰਾਣੀ ਕਹੀ ਜਾ ਸਕਦੀ ਹੈ ਤੇ ਬੜੇ ਘੱਟ ਲੋਕ ਜਾਣਦੇ ਹਨ ਕਿ ਇਟਲੀ ਵਿੱਚ ਪੰਜਾਬੀ ਸਿੱਖਾਂ ਦੀ ਗਿਣਤੀ ਸਵਾ ਦੋ ਲੱਖ ਦੇ ਕਰੀਬ ਹੈ। ਇਹ ਸੰਖਿਆ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਵੱਸਦੇ ਪੰਜਾਬੀਆਂ ਦੀ ਦੂਜੀ ਸਭ ਤੋਂ ਵੱਡੀ ਸੰਖਿਆ ਹੈ, ਜਦਕਿ ਯੂ.ਕੇ. 5 ਲੱਖ 25 ਹਜ਼ਾਰ ਪੰਜਾਬੀਆਂ ਨਾਲ ਯੂਰਪ ਵਿੱਚ ਪੰਜਾਬੀਆਂ ਦੀ ਸੰਖਿਆ ‘ਚ ਪਹਿਲੇ ਨੰਬਰ ’ਤੇ ਹੈ। ਇਟਲੀ ਦੇ ਵਸਨੀਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਰਾਜ ਦੀ ਸ਼ਾਸਨ ਵਿਵਸਥਾ, ਫ਼ੌਜੀ ਪ੍ਰਬੰਧਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਵੱਡੇ ਪ੍ਰਸ਼ਾਸਨਿਕ ਅਹੁਦੇ ਵੀ ਬਾਖ਼ੂਬੀ ਸੰਭਾਲੇ ਸਨ। ਵੀਹਵੀਂ ਸਦੀ ਵਿੱਚ ਮਹਾਰਾਜਾ ਪਟਿਆਲਾ ਸ. ਭੁਪਿੰਦਰ ਸਿੰਘ ਨਾਲ ਵੀ ਇਟਲੀ ਦੀ ਸਰਕਾਰ ਦੇ ਸਬੰਧ ਬੜੇ ਸਤਿਕਾਰ ਤੇ ਪਿਆਰ ਭਰੇ ਰਹੇ ਸਨ। ਮਹਾਰਾਜਾ ਯਾਦਵਿੰਦਰ ਸਿੰਘ ਨੇ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਦੀ ਧਰਤੀ ’ਤੇ ਜਾ ਕੇ ਇਸ ਯੁੱਧ ’ਚ ਭਾਗ ਲਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਟਲੀ ਦੀ ਆਜ਼ਾਦੀ ਲਈ 5800 ਦੇ ਕਰੀਬ ਸਿੱਖ ਸੈਨਿਕਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਅਪੈ੍ਰਲ 2023 ਵਿੱਚ ਇਟਲੀ ਵਿਖੇ ‘ਵਰਲਡ ਸਿੱਖ ਮਾਰਟੀਅਰ ਮਿਲਟਰੀ ਮੈਮੋਰੀਅਲ ਕਮੇਟੀ’ ਵੱਲੋਂ ਉਕਤ ਜੰਗਾਂ ਵਿੱਚ ਸ਼ਹਾਦਤਾਂ ਪਾਉਣ ਵਾਲੇ ਸਿੱਖ ਸੈਨਿਕਾਂ ਨੂੰ ਦਿਲੀ ਸ਼ਰਧਾਂਜਲੀ ਭੇਟ ਕੀਤੀ ਗਈ ਸੀ।
ਬੇਸ਼ੱਕ ਇਸ ਗੱਲ ਦੇ ਕੋਈ ਜ਼ਿਆਦਾ ਪੁਖ਼ਤਾ ਪ੍ਰਮਾਣ ਮੌਜੂਦ ਨਹੀਂ ਹਨ, ਪਰ ਫਿਰ ਵੀ ਸਿੱਖਾਂ ਅਤੇ ਇਟਲੀ ਵਾਸੀਆਂ ਦਰਮਿਆਨ ਪ੍ਰਾਪਤ ਖ਼ਤੋ-ਕਿਤਾਬਤ ਭਾਵ ਚਿੱਠੀਆਂ ਤੋਂ ਇਹ ਜ਼ਿਕਰ ਮਿਲਦਾ ਹੈ ਕਿ ਸੰਨ 1708 ਵਿੱਚ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਮਣ ਦੇ ਭੇਜੇ ਹਮਲਾਵਰਾਂ ਨੇ ਖ਼ੰਜਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਤੇ ਨਾਂਦੇੜ ਵਿਖੇ ਉਨ੍ਹਾਂ ਦੇ ਜੀਵਨ ਦੇ ਅੰਤਿਮ ਦਿਨਾਂ ਦੌਰਾਨ ਲਾਹੌਰ ਤੋਂ ਆਏ ਇਟਲੀ ਦੇ ਡਾਕਟਰ ਨਿਕੈਲੋ ਮੈਨੂਚੀ ਨੇ ਉਨ੍ਹਾਂ ਦਾ ਇਲਾਜ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਇਸ ਗੱਲ ਦੀ ਸੱਚਾਈ ਅਜੇ ਹੋਰ ਖੋਜ ਦੀ ਮੰਗ ਕਰਦੀ ਹੈ। ਇਟਲੀ ਦੇ ਜੰਮਪਲ ਜਨਰਲ ਜੀਨ ਵੈਨਚਿਊਰਾ ਅਤੇ ਜਨਰਲ ਪਾਅਲੋ ਕ੍ਰਿਸੈਂਜ਼ੋ ਦੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਵੱਡੀ ਭੂਮਿਕਾ ਰਹੀ ਸੀ। ਜਨਰਲ ਵੈਨਚਿਊਰਾ ਤਾਂ ਮਹਾਰਾਜਾ ਦੀ ‘ਫ਼ੌਜ-ਏ-ਖ਼ਾਸ’ ਬ੍ਰਿਗੇਡ ਦਾ ਕਮਾਂਡਰ ਵੀ ਬਣਿਆ ਸੀ। ਹੋਰਨਾਂ ਯੂਰਪੀ ਯੋਧਿਆਂ ਨਾਲ ਰਲ਼ ਕੇ ਇਟਲੀ ਦੇ ਫ਼ੌਜੀ ਮਾਹਿਰਾਂ ਨੇ ਵੀ ‘ਖ਼ਾਲਸਾ ਫ਼ੌਜ’ ਨੂੰ ਸ਼ਕਤੀਸ਼ਾਲੀ ਤੇ ਬੇਹਤਰੀਨ ਬਣਾਉਣ ਲਈ ਆਧੁਨਿਕ ਫ਼ੌਜੀ ਨੀਤੀਆਂ ਅਤੇ ਯੁੱਧ ਤਕਨੀਕਾਂ ਦੀ ਸਿਖਲਾਈ ਦਿੱਤੀ ਸੀ। ਜਨਰਲ ਕ੍ਰਿਸੈਂਜ਼ੋ ਨੇ ਤਾਂ ਵਜ਼ੀਰਾਬਾਦ ਅਤੇ ਪੇਸ਼ਾਵਰ ਦੇ ਗਵਰਨਰ ਹੋਣ ਦਾ ਸ਼ਰਫ਼ ਵੀ ਹਾਸਿਲ ਕੀਤਾ ਸੀ ਤੇ ਆਪਣੇ ਕਾਰਜਕਾਲ ਦੌਰਾਨ ਵੱਡੇ ਪ੍ਰਸ਼ਾਸਨਿਕ ਸੁਧਾਰ ਲਿਆਂਦੇ ਸਨ।
ਸੱਭਿਆਚਾਰਕ ਪੱਖੋਂ ਜੇ ਵੇਖਿਆ ਜਾਵੇ ਤਾਂ ਇਟਲੀ ਦੀ ਭਵਨ ਕਲਾ ਦਾ ਪੰਜਾਬ ਦੀ ਭਵਨ ਕਲਾ ’ਤੇ ਚੋਖਾ ਪ੍ਰਭਾਵ ਪਿਆ ਸੀ ਅਤੇ ਉਕਤ ਦੋਹਾਂ ਜਰਨੈਲਾਂ ਨੇ ਖ਼ਾਲਸਾ ਫ਼ੌਜ ਨੂੰ ਅਤਿ ਆਧੁਨਿਕ ਬਣਾਉਣ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਇਆ ਸੀ। ਇਸ ਗੱਲ ਦੇ ਵੀ ਇਤਿਹਾਸਕ ਪ੍ਰਮਾਣ ਪ੍ਰਾਪਤ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਕੁੰਵਰ ਦਲੀਪ ਸਿੰਘ ਨੇ ਵੀ ਸੰਨ 1856-57 ਵਿੱਚ ਇਟਲੀ ਦੀ ਯਾਤਰਾ ਕੀਤੀ ਸੀ। ਰਿਆਸਤ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਤਾਂ ਸੰਨ 1918 ਵਿੱਚ ਇਟਲੀ ਦੇ ਸਭ ਤੋਂ ਵੱਡੇ ਸਨਮਾਨ ‘ਆਰਡਰ ਆਫ਼ ਦਿ ਕਰਾਊਨ ਆਫ਼ ਇਟਲੀ’ ਨਾਲ ਵੀ ਨਿਵਾਜਿਆ ਗਿਆ ਸੀ। ਦਰਅਸਲ ਮਹਾਰਾਜਾ ਭੁਪਿੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਪਹਿਲੀ ਪਟਿਆਲਾ ਰੈਜੀਮੈਂਟ ਦੀ ਕਮਾਨ ਸੰਭਾਲੀ ਸੀ, ਜਿਸ ਨੂੰ ਲਾਮਿਸਾਲ ਬਹਾਦਰੀ ਲਈ 43 ਸਨਮਾਨ ਹਾਸਿਲ ਹੋਏ ਸਨ। ਸੰਨ 1965 ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਦੋ ਸਾਲ ਲਈ ਇਟਲੀ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾ ਨਿਭਾਈ ਸੀ।
ਪੰਜਾਬੀਆਂ ਨਾਲ ਇਟਲੀ ਦੀ ਲੰਮੀ ਸਾਂਝ ਅੱਜ ਵੀ ਬੜੀ ਮਜਬੂਤ ਹੈ। ਇਟਲੀ ਦੇ ਰੋਮ ਵਿਖੇ ਸਾਲ 2009 ਵਿੱਚ ਕਰਵਾਈ ਗਈ ‘ਜੀ-8’ ਦੇਸ਼ਾਂ ਦੇ 35ਵੇਂ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੇ ਡਾ. ਮਨਮੋਹਨ ਸਿੰਘ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ। ਇੱਥੇ ਹੀ ਬਸ ਨਹੀਂ, ਅਪ੍ਰੈਲ 2023 ਵਿੱਚ ਭਾਰਤ ’ਚ ਇਟਲੀ ਦੇ ਰਾਜਦੂਤ ਵਿਨਸੈਨਜ਼ੋ ਲੂਕਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਆਪਣੀ ਅਕੀਦਤ ਭੇਟ ਕਰਕੇ ਪੰਜਾਬ ਨਾਲ ਇਟਲੀ ਦੀ ਸਾਂਝ ਨੂੰ ਜਗ ਜਾਹਰ ਕੀਤਾ ਸੀ।
ਵਪਾਰਕ ਪੱਖ ਤੋਂ ਇਟਲੀ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਬੜਾ ਹੀ ਮਹੱਤਵਪੂਰਨ ਯੋਗਦਾਨ ਹੈ। ਉੱਤਰੀ ਅਤੇ ਕੇਂਦਰੀ ਇਟਲੀ ਵਿੱਚ ਮੌਜੂਦ ਡੇਅਰੀ ਇੰਡਸਟਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਪੰਜਾਬੀਆਂ ਨੇ ਜੀਅ ਜਾਨ ਨਾਲ ਮਿਹਨਤ ਕੀਤੀ ਹੈ ਤੇ ਅੱਜ ਦੁਨੀਆ ਭਰ ਵਿੱਚ ਮਸ਼ਹੂਰ ‘ਮੋਜ਼ਰਿਲਾ ਚੀਜ਼’ ਸਣੇ ਪਨੀਰ ਦੀਆਂ ਵੱਖ-ਵੱਖ ਕਿਸਮਾਂ ਪੰਜਾਬੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਟਲੀ ਦੇ ਲੋਕ ਪੰਜਾਬੀਆਂ ਦੇ ਇਸ ਗੱਲੋਂ ਅਹਿਸਾਨਮੰਦ ਹਨ ਕਿ ਇਨ੍ਹਾਂ ਮਿਹਨਤੀ ਪੰਜਾਬੀ ਕਿਰਤੀਆਂ ਨੇ ਡੇਅਰੀ ਇੰਡਸਟਰੀ ਨੂੰ ਬਚਾਇਆ ਹੀ ਨਹੀਂ, ਸਗੋਂ ਤਰੱਕੀ ਵੀ ਬਖ਼ਸੀ ਹੈ।
ਪੰਜਾਬੀਆਂ ਦੇ ਪਰਵਾਸ ਦਾ ਇੱਕ ਕਾਲਾ ਪੱਖ ਇਹ ਵੀ ਹੈ ਕਿ ਇਟਲੀ ਦੇ ਲੈਟਿਨਾ ਪ੍ਰਾਂਤ ਸਣੇ ਕੁਝ ਹੋਰ ਖਿੱਤਿਆਂ ਵਿੱਚ ਖੇਤੀ ਖੇਤਰ ’ਚ ਕੰਮ ਕਰਦੇ ਪੰਜਾਬੀ ਕਾਮਿਆਂ ਦਾ ਬੇਹੱਦ ਸ਼ੋਸ਼ਣ ਕੀਤੇ ਜਾਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਕਿਰਤੀਆਂ ਨੂੰ ਕੇਵਲ ਵੱਧ ਕੰਮ ਤੇ ਘੱਟ ਤਨਖ਼ਾਹਾਂ ਵਾਲਾ ਸ਼ੋਸ਼ਣ ਹੀ ਬਰਦਾਸ਼ਤ ਨਹੀਂ ਕਰਨਾ ਪਿਆ ਹੈ, ਸਗੋਂ ਮਾਰਕੁੱਟ, ਬਲੈਕਮੇਲਿੰਗ ਅਤੇ ਵੱਖ-ਵੱਖ ਅਪਰਾਧੀਆਂ ਦੇ ਸ਼ਿਕਾਰ ਵੀ ਬਣਨਾ ਪਿਆ ਹੈ।
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਟੀ.ਵੀ. ਚੈਨਲ ‘ਅਲ-ਜਜ਼ੀਰਾ’ ਨੇ ਤਾਂ ਸਾਲ 2011 ਵਿੱਚ ‘ਇਟਲੀਜ਼ ਸਿੱਖ ਸਲੇਵਜ਼’ ਭਾਵ ‘ਇਟਲੀ ‘ਚ ਵੱਸਦੇ ਸਿੱਖ ਗੁਲਾਮ’ ਸਿਰਲੇਖ ਤਹਿਤ ਪੰਜਾਬੀ ਮਜ਼ਦੂਰਾਂ ਦੇ ਸ਼ੋਸ਼ਣ ਦੀ ਕਹਾਣੀ ਬਿਆਨ ਕਰਦੀ ਇੱਕ ਦਸਤਾਵੇਜ਼ੀ ਫ਼ਿਲਮ ਵੀ ਪ੍ਰਸਾਰਿਤ ਕੀਤੀ ਸੀ। ਇਸ ਫ਼ਿਲਮ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਇਟਲੀ ‘ਚ ਪੁੱਜੇ ਤੇ ਧਨਾਢ ਵਪਾਰੀਆਂ ਜਾਂ ਕਿਸਾਨਾਂ ਦੇ ਹੱਥੇ ਚੜ੍ਹੇ ਪੰਜਾਬੀ ਮਜ਼ਦੂਰਾਂ ਦੀ ਦਰਦ ਭਰੀ ਗਾਥਾ ਬਿਆਨ ਕੀਤੀ ਗਈ ਸੀ।
ਇੱਕ ਰਿਪੋਰਟ ਅਨੁਸਾਰ ਖੇਤੀ ਖੇਤਰ ਨਾਲ ਸਬੰਧਤ ਪੰਜਾਬੀ ਕਿਰਤੀਆਂ ‘ਚੋਂ 45 ਫ਼ੀਸਦੀ ਦੇ ਕਰੀਬ ਕਿਰਤੀ ਇਟਲੀ ਦੀ ਭਾਸ਼ਾ ਨਹੀਂ ਬੋਲਦੇ, ਜਿਸ ਕਰਕੇ ਉਹ ਸਮਾਜਿਕ ਮਦਦ ਅਤੇ ਅਪਰਾਧਿਕ ਨਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬੀ ਔਰਤਾਂ ਨਾਲ ਵੀ ਸਰੀਰਕ ਸ਼ੋਸ਼ਣ ਅਤੇ ਮਾਰਕੁੱਟ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਲ 2016 ਅਤੇ 2018 ਵਿੱਚ ਪੰਜਾਬੀਆਂ ਨੇ ਆਪਣੀਆਂ ਘੱਟ ਤਨਖ਼ਾਹਾਂ ਅਤੇ ਘਟੀਆ ਕੰਮਕਾਜੀ ਹਾਲਤਾਂ ਦੇ ਵਿਰੋਧ ਵਿੱਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਅੰਦਰ ਰੋਸ ਮਾਰਚ ਵੀ ਕੱਢੇ ਸਨ।
ਉਂਜ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੀ ਇੱਕ ਰਿਪੋਰਟ ਅਨੁਸਾਰ ਇਟਲੀ ਅੰਦਰ ਚਾਰ ਲੱਖ ਦੇ ਕਰੀਬ ਖੇਤ ਮਜ਼ਦੂਰਾਂ ਦਾ ਭਾਰੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਿੱਚੋਂ ਇੱਕ ਲੱਖ ਮਜ਼ਦੂਰ ਤਾਂ ਅਣਮਨੁੱਖੀ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਗ਼ੌਰਤਲਬ ਹੈ ਕਿ 15 ਮਈ 2017 ਨੂੰ ਇਟਲੀ ਦੀ ਸਰਬਉੱਚ ਅਦਾਲਤ ਨੇ ਸਿੱਖਾਂ ਦੁਆਰਾ ਕਿਰਪਾਨ ਆਪਣੇ ਨਾਲ ਲੈ ਕੇ ਜਾਣ ’ਤੇ ਲਗਾਈ ਗਈ ਪਾਬੰਦੀ ਨੂੰ ਸਹੀ ਠਹਿਰਾਇਆ ਸੀ, ਜਦਕਿ ਭਾਰਤ ਸਮੇਤ ਦੁਨੀਆ ਭਰ ਵਿਚ ਸਰਗਰਮ ਵੱਖ-ਵੱਖ ਸਿੱਖ ਸੰਗਠਨਾਂ ਨੇ ਇਸ ਫ਼ੈਸਲੇ ਸਬੰਧੀ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਸੀ।
ਭਾਰਤੀ ਰਸਾਲੇ ‘ਆਊਟਲੁੱਕ’ ਵੱਲੋਂ ਸਾਲ 2006 ਵਿੱਚ ਛਾਪੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਟਲੀ ਵਿੱਚ ਪੰਜਾਬੀਆਂ ਦੀ ਸੰਖਿਆ 50 ਹਜ਼ਾਰ ਦੇ ਕਰੀਬ ਹੈ, ਜਦਕਿ ਕੋਮਾਂਤਰੀ ਪੱਧਰ ਦੇ ਰਸਾਲੇ ‘ਦਿ ਗਾਰਡੀਅਨ’ ਵੱਲੋਂ ਛਾਪੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਲ 2023 ਵਿੱਚ ਇਟਲੀ ‘ਚ ਵੱਸਦੇ ਪੰਜਾਬੀਆਂ ਦੀ ਸੰਖਿਆ 2,20,000 ਤੱਕ ਪੁੱਜ ਚੁੱਕੀ ਹੈ, ਜੋ ਕਿ ਇੱਥੋਂ ਦੀ ਕੁੱਲ ਵੱਸੋਂ ਦਾ 0.33 ਫ਼ੀਸਦੀ ਬਣਦੀ ਹੈ। ਇਟਲੀ ਦੇ ਪੋਨਤੀਨੀਆ ਖਿੱਤੇ ਵਿੱਚ 60 ਹਜ਼ਾਰ ਦੇ ਕਰੀਬ ਪੰਜਾਬੀ ਵੱਸਦੇ ਹਨ, ਜਦਕਿ ਵਿਸੈਂਜ਼ਾ ਇਲਾਕੇ ਵਿੱਚ ਵੱਸਣ ਵਾਲੇ ਪੰਜਾਬੀਆਂ ਦੀ ਗਿਣਤੀ ਕੇਵਲ ਇੱਕ ਹਜ਼ਾਰ ਦੇ ਲਗਪਗ ਹੈ। ਇਟਲੀ ਵਿੱਚ ਮੌਜੂਦ ਗੁਰਦੁਆਰਾ ਸਾਹਿਬਾਨ ਦੀ ਸੰਖਿਆ ਵੀ 60 ਦੇ ਕਰੀਬ ਹੋ ਚੁਕੀ ਹੈ। ਇਟਲੀ ਦੀ ਕ੍ਰਿਕਟ ਟੀਮ ਵਿੱਚ ਬਲਜੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਜਿਹੇ ਪੰਜਾਬੀ ਖਿਡਾਰੀ ਖੇਡਦੇ ਹਨ। ਸੰਨ 1968 ਤੇ 1972 ਵਿੱਚ ਭਾਰਤੀ ਹਾਕੀ ਲਈ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਹਾਸਿਲ ਕਰਨ ਵਾਲੇ ਕ੍ਰਮਵਾਰ ਇੰਦਰ ਸਿੰਘ ਅਤੇ ਕੁਲਵੰਤ ਸਿੰਘ ਵੀ ਇਟਲੀ ਵਿੱਚ ਰਹਿ ਰਹੇ ਹਨ। ਹਾਕੀ ਖਿਡਾਰੀ ਜਸਬੀਰ ਸਿੰਘ ਤਾਂ ਇਟਲੀ ਦੀ ਮਹਿਲਾ ਹਾਕੀ ਟੀਮ ਦੀ ਸਿਖਲਾਈ ਲਈ ਮਹੱਤਵਪੂਰਨ ਯੋਗਦਾਨ ਪਾ ਚੁਕਾ ਹੈ।