“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਗਨੀ ਖ਼ਾਂ-ਨਬੀ ਖ਼ਾਂ, ਕਾਜ਼ੀ ਚਿਰਾਗ ਦੀਨ ਸ਼ਾਹ, ਅਨਾਇਤ ਅਲੀ ਨੂਰਪੁਰੀਆ ਤੇ ਰਾਇ ਕੱਲ੍ਹਾ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਗਨੀ ਖ਼ਾਂ-ਨਬੀ ਖ਼ਾਂ
ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਛੱਡਣ ਉਪਰੰਤ ਜੰਗਲਾਂ ’ਚੋਂ ਹੁੰਦੇ ਹੋਏ ਮਾਛੀਵਾੜੇ ਆਣ ਪਹੁੰਚੇ। ਉਸ ਵੇਲੇ ਮੁਗ਼ਲ ਫੌਜਾਂ ਗੁਰੂ ਜੀ ਨੂੰ ਭਾਲਦੀਆਂ ਫਿਰ ਰਹੀਆਂ ਸਨ। ਜਨਤਾ ਡਰੀ ਹੋਈ ਸੀ, ਕੋਈ ਵੀ ਗੁਰੂ ਜੀ ਨੂੰ ਆਪਣੇ ਕੋਲ਼ ਰੱਖਣ ਦੀ ਜੁਅਰਤ ਨਹੀਂ ਸੀ ਕਰ ਰਿਹਾ। ਉਸ ਵਕਤ ਗੁਰੂ ਜੀ ਨੇ ਗੁਲਾਬਾ ਮਸੰਦ ਪਾਸ ਠਹਿਰ ਕੀਤੀ, ਪਰ ਗੁਲਾਬਾ ਵੀ ਸ਼ਾਹੀ ਫ਼ੌਜਾਂ ਤੋਂ ਭੈਅ ਖਾ ਗਿਆ ਸੀ। ਉਸ ਨੇ ਅੰਤ ਨੂੰ ਗੁਰੂ ਜੀ ਨੂੰ ਆਪਣੇ ਕੋਲ਼ ਠਹਿਰਣ ਤੋਂ ਨਾਂਹ ਕਰ ਦਿੱਤੀ ਸੀ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਵਸਨੀਕ ਦੇ ਰੁਹੇਲੇ ਪਠਾਣ ਭਰਾ- ਗਨੀ ਖ਼ਾਂ ਤੇ ਨਬੀ ਖ਼ਾਂ ਨੇ ਗੁਰੂ ਜੀ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲੈ ਲਈ ਸੀ। ਉਂਝ ਇਨ੍ਹਾਂ ਦਾ ਗੁਰੂ ਜੀ ਨਾਲ ਬਹੁਤ ਸਨੇਹ ਸੀ, ਇਹ ਅਕਸਰ ਗੁਰੂ ਜੀ ਕੋਲ਼ ਅਨੰਦਪੁਰ ਸਾਹਿਬ ਆਉਂਦੇ-ਜਾਂਦੇ ਰਹਿੰਦੇ ਸਨ। ਜਦੋਂ ਮੁਗ਼ਲਾਂ ਨੇ ਘੇਰਾਬੰਦੀ ਕੀਤੀ ਸੀ ਤਾਂ ਇਨ੍ਹਾਂ ਦੀ ਸਲਾਹ ਨਾਲ ਹੀ ਮਾਈ ਗੁਰਦਈ ਵੱਲੋਂ ਭੇਟ ਕੀਤੇ ਨੀਲੇ ਰੰਗ ਦੇ ਖੱਦਰ ਦੀਆਂ ਪੋਸ਼ਾਕਾਂ ਬਣਾਈਆਂ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀਆਂ- ਮਾਨ ਸਿੰਘ, ਦਇਆ ਸਿੰਘ, ਧਰਮ ਸਿੰਘ ਨੇ ਇਹ ਪੋਸ਼ਾਕਾਂ ਪਹਿਨ ਲਈਆਂ ਤੇ ਆਪਣਾ ਭੇਖ ਫਕੀਰਾਂ ਵਾਲ਼ਾ ਬਣਾ ਲਿਆ। ਤਿੰਨ ਸਿੰਘ ਤੇ ਦੋ ਪਠਾਣ ਭਰਾ (ਗਨੀ ਖ਼ਾਂ, ਨਬੀ ਖ਼ਾਂ) ਗੁਰੂ ਜੀ ਨੂੰ ਮੰਜੀ ’ਤੇ ਬਿਠਾ ਕੇ ਤੁਰ ਪਏ। ਰਾਹਗੀਰ ਜਦੋਂ ਗੁਰੂ ਜੀ ਬਾਰੇ ਪੁੱਛਦੇ ਤਾਂ ਇਹ ਆਖਦੇ, “ਇਹ ਉੱਚ ਦਾ ਪੀਰ ਐ।”
ਪਿੰਡ ਦੇ ਨੇੜੇ ਇੱਕ ਸ਼ੱਕੀ ਮੁਗ਼ਲ ਫ਼ੌਜੀ ਸਰਦਾਰ ਦਲੇਲ ਖ਼ਾਂ ਨੇ ਸੱਚ-ਝੂਠ ਨਿਤਾਰਨ ਲਈ ਗੁਰੂ ਜੀ ਨੂੰ ਆਪਣੇ ਘਰ ਖਾਣੇ ਦੀ ਦਾਅਵਤ ਦਿੱਤੀ, ਪਰ ਗੁਰੂ ਜੀ ਨੇ ਰੋਜ਼ਾ ਰੱਖਿਆ ਹੋਣ ਦਾ ਪੱਜ ਲਾ ਕੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਬਾਕੀ ਸਾਥੀਆਂ ਨੇ ਪ੍ਰਸ਼ਾਦਾ ਛਕ ਲਿਆ ਸੀ। ਦਲੇਲ ਖ਼ਾਨ ਦੀ ਫਿਰ ਵੀ ਤਸੱਲੀ ਨਾ ਹੋਈ ਤਾਂ ਉਸ ਨੇ ਆਪਣੇ ਇੱਕ ਵਿਸ਼ਵਾਸਪਾਤਰ ਕਾਜ਼ੀ ਚਿਰਾਗ਼ਦੀਨ ਸ਼ਾਹ ਅਜਨੇਰੀਆ, ਅਨਾਇਤ ਅਲੀ ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲ਼ਾ ਨੂੰ ਮਾਛੀਵਾੜੇ ਸੱਦ ਲਿਆ। ਇਹ ਸਾਰੇ ਹੀ ਕਾਜ਼ੀ ਗੁਰੂ ਜੀ ਕੋਲ਼ ਅਨੰਦਪੁਰ ਸਾਹਿਬ ਵਿਖੇ ਆਉਂਦੇ-ਜਾਂਦੇ ਰਹਿੰਦੇ ਸਨ। ਗੁਰੂ ਜੀ ਨੂੰ ਦੇਖ ਕੇ ਇਨ੍ਹਾਂ ਕਾਜ਼ੀਆਂ ਨੇ ਪਹਿਚਾਨਣੋਂ ਸਾਫ਼ ਇਨਕਾਰ ਕਰ ਦਿੱਤਾ। ਕਾਜ਼ੀਆਂ ਨੂੰ ਪਤਾ ਸੀ, ਜੇ ਮੁਗ਼ਲ ਫੌਜੀ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਝੂਠ ਬੋਲਿਆ ਹੈ ਤਾਂ ਮੁਗ਼ਲ ਸਾਨੂੰ ਜਾਨੋਂ ਮਾਰ ਦੇਣਗੇ, ਪਰ ਕਾਜ਼ੀਆਂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾ ਗੁਰੂ ਜੀ ਦਾ ਸਾਥ ਦਿੱਤਾ। ਗੁਰੂ ਜੀ ਨੇ ਕਾਜ਼ੀਆਂ ਦੇ ਅੰਦਰਲੇ ਡਰ ਨੂੰ ਸਮਝਦਿਆਂ ਵਰ ਦਿੱਤਾ ਸੀ ਕਿ ਇਹ ਫ਼ੌਜਾਂ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੀਆਂ।
ਜਦੋਂ ਮੁਗ਼ਲ ਫ਼ੌਜੀ ਦੀ ਤਸੱਲੀ ਹੋ ਗਈ ਤੇ ਕਾਜ਼ੀਆਂ ਦੀ ਸਨਾਖ਼ਤ ’ਤੇ ਭਰੋਸਾ ਹੋਇਆ ਤਾਂ ਉਸ ਨੇ ਗੁਰੂ ਜੀ ਤੋਂ ਅਦਬ ਸਤਿਕਾਰ ਨਾਲ ਮਾਫ਼ੀ ਮੰਗੀ। ਇਸ ਘਟਨਾ ਪਿੱਛੋਂ ਬਹੁਤੇ ਸ਼ਰਧਾਲੂ ਸ਼ਰਧਾਪੂਰਵਕ ਸਹਿਤ ਗੁਰੂ ਜੀ ਨੂੰ ਉੱਚ ਦਾ ਪੀਰ ਵੀ ਆਖਦੇ ਹਨ। ਇਨ੍ਹਾਂ ਭਾਰਾਵਾਂ ਦੀ ਕੁਰਬਾਨੀ ਨੂੰ ਸਿੱਖ ਇਤਿਹਾਸ ਵਿੱਚ ਵੀ ਆਦਰ ਸਹਿਤ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਨੇ ਇਨ੍ਹਾਂ ਨੂੰ ਸੋਨੇ ਦੇ ਕੜਿਆਂ ਦੀ ਜੋੜੀ ਵੀ ਭੇਟ ਕੀਤੀ ਤੇ ਨਾਲ਼ ਹੁਕਮਨਾਮਾ ਜਾਰੀ ਕੀਤਾ ਸੀ ਸਰਬ ਸਿੱਖ ਸੰਗਤ ਦੇ ਨਾਮ। ਗਨੀ ਖਾਂ ਦੀ ਧੀ ਨੂੰ ਗੁਰੂ ਜੀ ਨੇ ਆਪਣੀ ਪੋਤੀ ਮੰਨਿਆ ਤੇ ਇਹ ਲੜਕੀ ਗੁਰੂ ਜੀ ਦੀ ਪੋਤੀ ਨਾਮ ਕਰਕੇ ਪ੍ਰਸਿੱਧ ਹੋਈ। ਸਿੱਖ ਰਿਆਸਤਾਂ ਸਮੇਂ ਇਨ੍ਹਾਂ ਦੇ ਨਾਮ ਜ਼ਮੀਨ ਆਦਿ ਲੱਗੀ ਰਹੀ ਹੈ। ਦੇਸ਼ ਦੀ ਵੰਡ ਮਗਰੋਂ ਭਾਵੇਂ ਇਨ੍ਹਾਂ ਦੇ ਪਰਿਵਾਰ ਪਾਕਿਸਤਾਨ ਜਾ ਵਸੇ, ਪਰ ਇਨ੍ਹਾਂ ਭਰਾਵਾਂ ਦੇ ਨਾਂ ’ਤੇ ਮਾਛੀਵਾੜੇ ਵਿੱਚ ਯਾਦਗਾਰੀ ਦਰਸ਼ਨੀ ਗੇਟ ਹੈ ਅਤੇ ਪੁਰਾਤਨ ਘਰ ਵਿੱਚ ਗੁਰੂ ਘਰ ਉਸਰਿਆ ਹੈ।
ਜਿਵੇਂ ਪਿੱਛੋਂ ਪੜ੍ਹ ਆਏ ਹਾਂ ਕਿ ਉਚ ਦੇ ਪੀਰ ਦੀ ਸ਼ਨਾਖਤ ਲਈ ਮੁਗ਼ਲ ਫ਼ੌਜੀ ਨੇ ਤਿੰਨ ਕਾਜ਼ੀ ਸੱਦੇ ਸਨ- ਕਾਜ਼ੀ ਚਿਰਾਗ ਦੀਨ ਸ਼ਾਹ ਅਜਨੇਰੀਆ, ਅਨਾਇਤ ਅਲੀ ਨੂਰਪੁਰੀਆ ਅਤੇ ਕਾਜ਼ੀ ਪੀਰ ਮੁਹੰਮਦ ਸਲੋਹ ਵਾਲਾ। ਇਨ੍ਹਾਂ ਕਾਜ਼ੀਆਂ ਦਾ ਪਿਛੋਕੜ ਕੁਝ ਇਸ ਤਰ੍ਹਾਂ ਹੈ:
ਕਾਜ਼ੀ ਚਿਰਾਗ ਦੀਨ ਸ਼ਾਹ
ਫਤਹਿਗੜ੍ਹ ਸਾਹਿਬ ਦਾ ਮਸ਼ਹੂਰ ਪਿੰਡ ਐ ‘ਅਜਨੇਰ’ ਜਿਸ ਨੂੰ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਇਹ ਖੰਨਾ ਤੋਂ ਲਗਭਗ 7-8 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਛੇਵੀਂ ਪਾਤਸ਼ਾਹੀ ਯਾਦ ’ਚ ਗੁਰੂ ਘਰ ਉਸਰਿਆ ਹੈ, ਜਿਸ ਨੂੰ ਨਾਂ ਦਿੱਤਾ ਗਿਆ ਹੈ, ਗੁਰਦੁਆਰਾ ਸ਼੍ਰੀ ਰਜਾਣਾ ਸਾਹਿਬ ਪਾਤਸ਼ਾਹੀ ਛੇਵੀਂ। ਇਸੇ ਪਿੰਡ ਦਾ ਵਾਸੀ ਕਾਜ਼ੀ ਚਿਰਾਗ ਸ਼ਾਹ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਵਿੱਚ ਫੇਰੀ ਪਾਈ ਸੀ। ਕਾਜ਼ੀ ਚਿਰਾਗ ਦੀਨ ਸ਼ਾਹ ਗੁਰੂ ਸਾਹਿਬ ਪ੍ਰਤੀ ਬੇਅੰਤ ਸ਼ਰਧਾ ਰੱਖਦਾ ਸੀ ਤੇ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਹਾਜ਼ਰੀ ਭਰਦਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਛੱਡਣ ਦੀ ਘਟਨਾ ਅਤੇ ਚਮਕੌਰ ਸਾਹਿਬ ਦੇ ਘੇਰੇ ਬਾਰੇ ਸੁਣ ਕੇ ਡਾਢਾ ਦੁੱਖ ਲੱਗਾ ਤੇ ਇਹ ਗਨੀ ਖ਼ਾਂ ਤੇ ਨਬੀ ਖ਼ਾਂ ਕੋਲ ਪਹੁੰਚੇ ਸੀ। ਜਦੋਂ ਗੁਰੂ ਸਾਹਿਬ ਨੂੰ ਪੀਰ ਬਣਾ ਕੇ ਲੈਜਾਇਆ ਜਾ ਰਿਹਾ ਸੀ ਤਾਂ ਚੌਰ ਦੀ ਸੇਵਾ ਭਾਈ ਮਾਨ ਸਿੰਘ ਨੇ ਕੀਤੀ ਸੀ। ਉਦੋਂ ਹੀ ਇਹ ਗੁਰੂ ਸਾਹਿਬ ਨੂੰ ਪਿੰਡ ਅਜਨੇਰ ਲੈ ਕੇ ਆਏ ਸੀ ਤੇ ਗੁਰੂ ਜੀ ਨੇ ਇਸ ਪਿੰਡ ਰਾਤ ਬਿਤਾਈ ਸੀ। ਮਾਛੀਵਾੜੇ ਤੋਂ ਘੁੰਗਰਾਲੀ, ਅਜਨੇਰ, ਮਾਨੂੰਪੁਰਾ, ਕਟਾਣਾ ਸਾਹਿਬ ਤੋਂ ਰਾਮਪੁਰ ਹੁੰਦੇ ਅੱਗੇ ਵੱਲ ਨਿਕਲੇ ਸਨ। ਕਾਜ਼ੀ ਸਾਹਿਬ ਗੁਰੂ ਜੀ ਨਾਲ ਆਲਮਗੀਰ ਤੱਕ ਗਏ। ਜਦੋਂ ਇਸ ਗੱਲ ਦਾ ਸੂਬਾ ਸਰਹਿੰਦ ਨੂੰ ਪਤਾ ਲੱਗਾ ਤਾਂ ‘ਫ਼ਜ਼ਰ’ ਦੀ ਨਮਾਜ਼ ਪੜ੍ਹਦੇ ਕਾਜ਼ੀ ਸਾਹਿਬ ਦਾ ਕਤਲ ਕਰਵਾ ਦਿੱਤਾ ਗਿਆ। ਅਜਨੇਰ ਪਿੰਡ ’ਚ ਅੱਜ ਵੀ ਕਾਜ਼ੀ ਸਾਹਿਬ ਦੀ ਕਬਰ ਬਣੀ ਹੋਈ ਹੈ। ਇਨ੍ਹਾਂ ਨੂੰ ਬਹੁਤੇ ਲੋਕ ਇਮਲੀ ਵਾਲ਼ਾ ਪੀਰ ਕਹਿ ਕੇ ਸਤਿਕਾਰ ਦਿੰਦੇ ਹਨ, ਕਿਉਂਕਿ ਇਨ੍ਹਾਂ ਦੇ ਘਰ ਕੋਲ ਇਮਲੀ ਦਾ ਬੂਟਾ ਹੁੰਦਾ ਸੀ। ਅੱਜ ਵੀ ਲੋਕ ਇਨ੍ਹਾਂ ਦੀ ਕਬਰ ’ਤੇ ਵੀਰਵਾਰ ਨੂੰ ਸਲਾਮ ਕਰਨ ਪੁੱਜਦੇ ਹਨ ਤੇ ਜੇਠ ਦੇ ਮਹੀਨੇ ਮੇਲਾ ਭਰਦਾ ਹੈ।
ਅਨਾਇਤ ਅਲੀ ਨੂਰਪੁਰੀਆ
ਮਾਛੀਵਾੜਾ ਦੇ ਨੇੜਲੇ ਪਿੰਡ ਨੂਰਪੁਰਾ ਦਾ ਵਾਸੀ ਸੀ ਕਾਜ਼ੀ ਅਨਾਇਤ ਅਲੀ, ਜਿਨ੍ਹਾਂ ਨੂੰ ਲੋਕ ਜ਼ਿਆਦਾ ਕਾਜ਼ੀ ਨੂਰਪੁਰੀਆ ਆਖਦੇ ਸਨ। ਦੱਸਿਆ ਜਾਂਦਾ ਹੈ ਕਿ ‘ਜਦੋਂ ਮੁਗ਼ਲ ਸਿਪਾਹੀ ਨੇ ਕਾਜ਼ੀ ਨੂਰਪੁਰੀ ਨੂੰ ਸੱਦਿਆ ਕਿ ਸਿੱਖਾਂ ਦੇ ਦਸਵੇਂ ਗੁਰੂ ਦੀ ਭਾਲ ਵਿੱਚ ਇੱਕ ਉੱਚ ਦੇ ਪੀਰ ਦੀ ਸ਼ਨਾਖ਼ਤ ਕਰਨੀ ਹੈ ਤਾਂ ਇੰਨਾ ਸੁਣ ਕੇ ਕਾਜ਼ੀ ਜੀ ਦੇ ਹੱਥੋਂ ਪਾਣੀ ਦਾ ਲੋਟਾ ਡਿੱਗ ਪਿਆ ਸੀ।’ ਭਾਵੇਂ ਕਾਜ਼ੀ ਨੇ ਗੁਰੂ ਜੀ ਨੂੰ ਪਛਾਣ ਲਿਆ ਸੀ, ਪਰ ਫੇਰ ਵੀ ਕਿਹਾ ਸੀ, ‘ਉਹ ਉੱਚ ਦਾ ਪੀਰ ਐ।’ ਕਾਜ਼ੀ ਦੀ ਯਾਦ ’ਚ ਪਿੰਡ ਵਾਸੀਆਂ ਨੇ ‘ਗਵਾਹੀ ਸਾਹਿਬ’ ਪਾਤਸ਼ਾਹੀ ਦਸਵੀਂ ਗੁਰੂ ਘਰ ਉਸਾਰਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ਪਿੰਡ ਕਾਜ਼ੀ ਦੀ ਯਾਦ ਵਿੱਚ ਕੋਈ ਮਜ਼ਾਰ ਜਾਂ ਯਾਦਗਾਰ ਨਹੀਂ ਸੀ ਉਸਰੀ। ਕੁਝ ਇਤਿਹਾਸਕ ਪੁਸਤਕਾਂ ਦੇ ਤੱਥਾਂ ਦੇ ਆਧਾਰ ’ਤੇ ਇਹ ਸਤਰਾਂ ਲਿਖੀਆਂ ਹਨ।
ਕਾਜ਼ੀ ਪੀਰ ਮੁਹੰਮਦ
ਪਿੰਡ ਸਲੋਹ ਦੇ ਬਾਸ਼ਿੰਦੇ ਸਨ ਕਾਜ਼ੀ ਪੀਰ ਮੁਹੰਮਦ। ਇਹ ਪਿੰਡ ਨਵਾਂ ਸ਼ਹਿਰ ਤੋਂ ਦੱਖਣ ਵੱਲ ਨੂੰ ਕਰੀਬ ਦੋ ਕਿਲੋਮੀਟਰ ’ਤੇ ਵਸਿਆ ਹੈ। ਇਨ੍ਹਾਂ ਦਸਮ ਪਿਤਾ ਨੂੰ ਅਰਬੀ ਅਤੇ ਫ਼ਾਰਸੀ ਦਾ ਗਿਆਨ ਗ੍ਰਹਿਣ ਕਰਵਾਇਆ। ਕਾਜ਼ੀ ਸਾਹਿਬ ਗੁਰੂ ਜੀ ਨੂੰ ਪੜ੍ਹਾਉਣ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ। ਇਨ੍ਹਾਂ ਨੇ ਆਖ਼ਰੀ ਸਾਹ ਵੀ ਆਪਣੇ ਪਿੰਡ ਸਲੋਹ ਵਿਖੇ ਲਿਆ। ਪਿੰਡ ਦੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਇਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਪਿੰਡ ਅੱਜ ਵੀ ਤਿੰਨ ਮਸੀਤਾਂ ਹਨ, ਭਾਵੇਂ ਇੱਥੇ ਇੱਕ ਵੀ ਘਰ ਮੁਸਲਮਾਨਾਂ ਦਾ ਨਹੀਂ। ਦੋ ਮਸੀਤਾਂ ਨੂੰ ਬਹੁਤ ਖ਼ੂਬਸੂਰਤ ਦਿੱਖ ਵਿੱਚ ਸਾਂਭਿਆ ਹੋਇਆ ਹੈ। ਇਨ੍ਹਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਕੈਨੇਡਾ ਵਾਸੀ ਜਤਿੰਦਰ ਸਿੰਘ ਗਿੱਲ ਇੱਕ ਮਸੀਤ ਦੀ ਦੇਖ-ਰੇਖ ਇੱਕ ਪੱਕੇ ਸੇਵਾਦਾਰ ਰਾਹੀਂ ਕਰਵਾ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਕਾਜ਼ੀ ਪੀਰ ਮੁਹੰਮਦ ਵਾਲੀ ਥਾਂ ਉਸ ਵੇਲੇ ਪਾਠਸ਼ਾਲਾ ਬਣੀ ਹੋਈ ਸੀ, ਜੋ ਅੱਜ ਪੂਰੀ ਤਰ੍ਹਾਂ ਨਸ਼ਟ ਹੋ ਚੁਕੀ ਹੈ। ਇਸ ਥਾਂ ਦੀ ਸਾਂਭ-ਸੰਭਾਲ ਜਗਜੀਤ ਸਿੰਘ ਕਰ ਰਿਹਾ ਹੈ।
ਰਾਇ ਕੱਲ੍ਹਾ
ਰਾਇ ਕੱਲ੍ਹਾ ਭਾਵੇਂ ਮੂਲ ਰੂਪ ਵਿੱਚ ਮੁਸਲਮਾਨ ਨਹੀਂ ਸੀ, ਪਰ ਉਸ ਦੀਆਂ ਪੀੜ੍ਹੀਆਂ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਹੋਇਆ ਸੀ। ਜੇ ਪਿਛੋਕੜ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਪੀੜ੍ਹੀ ਰਾਣਾ ਮੋਕਲ ਤੋਂ ਸ਼ੁਰੂ ਹੁੰਦੀ ਹੈ। ਰਾਣਾ ਮੋਕਲ ਜੋ ਰਾਜਪੂਤ ਗੋਤ ਦਾ ਹਿੰਦੂ ਸੀ ਤੇ ਉਹ ਲਗਭਗ ਗਿਆਰ੍ਹਵੀਂ ਸਦੀ ’ਚ ਪੰਜਾਬ ਆਇਆ ਸੀ। ਰਾਣਾ ਮੋਕਲ ਦੀ ਚੌਥੀ ਪੀੜ੍ਹੀ ’ਚੋਂ ਤੁਲਸੀ ਦਾਸ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਸੀ। ਤੁਲਸੀ ਦਾਸ ਫੇਰ ਸ਼ੇਖ਼ ਚੱਕੂ ਦੇ ਨਾਂ ਨਾਲ ਮਸ਼ਹੂਰ ਹੋਇਆ। ਸ਼ੇਖ਼ ਚੱਕੂ ਦੇ ਘਰ ਵਿੱਚ ਇੱਕ ਪੁੱਤਰ ਭਾਰੂ ਹੋਇਆ। ਇਸੇ ਦੀ ਸੱਤਵੀਂ ਪੀੜ੍ਹੀ ’ਚੋਂ ਰਾਇ ਕੱਲ੍ਹਾ ਨੇ ਜਨਮ ਲਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲਿਆਇਆ ਜਾ ਰਿਹਾ ਸੀ ਤਾਂ ਰਾਇਕੋਟ ਦੀ ਜੂਹ ’ਚ ਪਹੁੰਚਣ ’ਤੇ ਰਾਇ ਕੱਲ੍ਹਾ ਨੇ ਗੁਰੂ ਜੀ ਦਾ ਮੂਹਰੇ ਹੋ ਕੇ ਸੁਆਗਤ ਕੀਤਾ ਸੀ ਤੇ ਆਪਣੀ ਜਾਗੀਰ ਦੇ ਪਿੰਡ ‘ਲੰਮੇ ਜੱਟਪੁਰੇ’ ਠਹਿਰ ਕਰਵਾਈ ਸੀ। ਉੱਥੋਂ ਹੀ ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸਪਾਤਰ ਨੂਰਾ ਮਾਹੀ ਨੂੰ ਭੇਜ ਕੇ ਸਰਹਿੰਦ ’ਚੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਲੈਣ ਲਈ ਤੋਰਿਆ ਸੀ।
ਪਰਿਵਾਰ ਦੇ ਸ਼ਹੀਦ ਹੋ ਜਾਣ ਬਾਰੇ ਸੁਣ ਕੇ ਗੁਰੂ ਜੀ ਨੇ ਸਵਾਲ ਕੀਤਾ ਸੀ, ‘ਇਕ ਮਲੇਰਕੋਟਲੇ ਦੇ ਨਵਾਬ ਤੋਂ ਬਿਨਾ ਮਾਸੂਮ ਜਿੰਦਾਂ ’ਤੇ ਕਿਸੇ ਨੂੰ ਰਹਿਮ ਨਹੀਂ ਆਇਆ…?’ ਗੁਰੂ ਗੋਬਿੰਦ ਸਿੰਘ ਜੀ ਨੇ ਰਾਇ ਕੱਲ੍ਹਾ ਨੂੰ ਆਪਣੇ ਗਾਤਰੇ ਦੀ ਕਿਰਪਾਨ ਅਤੇ ਛੇਕਾਂ ਵਾਲ਼ਾ ਗੰਗਾ ਸਾਗਰ ਦੇ ਕੇ ਫਰਮਾਇਆ ਸੀ, ‘ਜਦੋਂ ਤੱਕ ਆਪ ਦਾ ਖ਼ਾਨਦਾਨ ਇਨ੍ਹਾਂ ਦੋਵੇਂ ਵਸਤਾਂ ਦਾ ਮਾਣ-ਸਤਿਕਾਰ ਕਰਦਾ ਰਹੇਗਾ, ਆਪ ਦਾ ਰਾਜਭਾਗ ਬਣਿਆ ਰਹੇਗਾ…।’
ਜਿੰਨਾ ਸਮਾਂ ਰਾਇ ਕੱਲ੍ਹਾ ਜਿਉਂਦਾ ਰਿਹਾ, ਉਸ ਨੇ ਇਨ੍ਹਾਂ ਦੋਹਾਂ ਵਸਤਾਂ ਦਾ ਬੇਹੱਦ ਸਤਿਕਾਰ ਕੀਤਾ। ਇੱਕ ਪਲੰਘ ਉੱਤੇ ਸੁੰਦਰ ਵਿਛਾਉਣਾ ਵਿਛਾ ਕੇ ਉੱਤੇ ਗੁਰੂ ਜੀ ਵੱਲੋਂ ਭੇਟ ਕੀਤੀਆਂ ਵਸਤਾਂ ਟਿਕਾ ਦਿੱਤੀਆਂ ਤੇ ਹਰ ਰੋਜ਼ ਤਾਜ਼ੇ ਫੁੱਲ ਚੜ੍ਹਾ ਕੇ ਧੂਪ ਬੱਤੀ ਕਰਦਾ ਤੇ ਘਿਉ ਦੀ ਜੋਤ ਜਗਦੀ ਰੱਖਦਾ ਸੀ। ਉਸ ਦਾ ਪੁੱਤਰ ਰਾਇ ਅਹਿਦਮ ਰਾਇ ਵੀ ਇਨ੍ਹਾਂ ਵਸਤਾਂ ਨੂੰ ਸਤਿਕਾਰਦਾ ਰਿਹਾ। ਅਹਿਮਦ ਰਾਇ ਦੀ ਮੌਤ ਤੋਂ ਬਾਅਦ ਛੋਟੀ ਉਮਰੇ ਉਸ ਦਾ ਪੁੱਤਰ ਇਲਿਆਸ ਰਾਇ ਰਾਇਕੋਟ ਦਾ ਹਾਕਮ ਬਣਿਆ। ਰਾਇ ਇਲਿਆਸ ਬੇਔਲਾਦ ਹੀ ਜਹਾਨੋਂ ਕੂਚ ਕਰ ਗਿਆ। ਉਸ ਪਿੱਛੋਂ ਇਨ੍ਹਾਂ ਦੇ ਪਰਿਵਾਰ ’ਚ ਦੋ ਔਰਤਾਂ ਇੱਕ ਰਾਇ ਇਲਿਆਸ ਦੀ ਮਾਤਾ ਨੂਰ ਉਲ ਨਿਸ਼ਾ ਅਤੇ ਦੂਜੀ ਇਲਿਆਸ ਦੀ ਸੁਪਤਨੀ ਭਾਗਭਰੀ। ਰਾਣੀ ਨੂਰ ਉਲ ਨਿਸ਼ਾ ਤੋਂ ਬਾਅਦ ਭਾਗਭਰੀ ਰਾਇ ਪਰਿਵਾਰ ਦੀ ਮੁਖੀ ਬਣੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜ੍ਹਤ ਦੌਰਾਨ ਕਪੂਰਥਲਾ ਦੇ ਅਹਿਲਕਾਰ ਚੌਧਰੀ ਕਾਦਰ ਬਖ਼ਸ਼ ਰਾਹੀਂ ਭਾਗਭਰੀ ਤੋਂ ਗੁਰੂ ਗੋਬਿੰਦ ਸਿੰਘ ਦੁਆਰਾ ਭੇਟ ਕੀਤੀ ਤਲਵਾਰ ਬਦਲੇ ਵੱਡੀ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਗਭਰੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿ ਅਸੀਂ ਕੋਈ ਮੁਤਬੱਰਕ-ਫਿਰੋਸ਼ ਨਹੀਂ ਹਾਂ। ਉਸ ਪਿੱਛੋਂ ਨਾਭਾ ਦੇ ਮਹਾਰਾਜਾ ਜਸਵੰਤ ਸਿੰਘ ਨੇ ਨਵਾਬ ਮਲੇਰਕੋਟਲਾ ਰਾਹੀਂ ਇਹ ਤਲਵਾਰ ਹਾਸਲ ਕਰ ਲਈ ਸੀ। ਇਸ ਪੀੜ੍ਹੀ ਦੇ ਵਾਰਸ ਪਾਕਿਸਤਾਨ ਜਾ ਵਸੇ, ਜਿਨ੍ਹਾਂ ’ਚੋਂ ਰਾਇ ਅਜ਼ੀਜ਼ ਉੱਲਾ ਕੋਲ਼ ਗੁਰੂ ਜੀ ਦੁਆਰਾ ਭੇਟਾ ਕੀਤਾ ਗੰਗਾ ਸਾਗਰ ਅੱਜ ਵੀ ਮੌਜੂਦ ਹੈ।