ਕਮਲਜੀਤ ਸਿੰਘ ਬਨਵੈਤ
ਫੋਨ: 91-9814734035
ਭਾਰਤ ਵਿੱਚੋਂ ‘ਡੰਕੀ’ ਰਸਤੇ ਪਰਵਾਸ ਰੋਕਣ ਅਤੇ ਨੌਜਵਾਨਾਂ ਨੂੰ ਆਪਣੇ ਮੁਲਕ ਵਿੱਚ ਟਿਕੇ ਰਹਿਣ ਦੇ ਮੌਕੇ ਪ੍ਰਦਾਨ ਕਰਨ ਵਿੱਚ ਕੇਂਦਰ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਫਿੱਕੀ ਰਹੀ ਹੈ। ਭਾਰਤ ਸਰਕਾਰ, ਵਿਸ਼ੇਸ਼ ਕਰਕੇ ਪੰਜਾਬ ਨੇ ਫਾਈਲਾਂ ਵਿੱਚ ਲੋਕਾਂ ਦਾ ਢਿੱਡ ਭਰਨ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਲੋਕਾਂ ਨੂੰ ਸਬਸਿਡੀਆਂ ਅਤੇ ਗਾਰੰਟੀਆਂ ਦੇ ਨਾਂ `ਤੇ ਪਰੋਸਿਆ ਜਾ ਰਿਹਾ ਹੈ। ਪੰਜਾਬ ਦਾ ਐਨ.ਆਰ.ਆਈ. ਮੰਤਰਾਲਾ ਬਗੈਰ ਦੰਦਾਂ ਤੋਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਭਾਰਤ ਸਰਕਾਰ ਨੇ 2022 ਤੱਕ ਪੰਜ ਸੌ ਮਿਲੀਅਨ ਲੋਕਾਂ ਨੂੰ ਵਿਦੇਸ਼ ਭੇਜਣ ਦਾ ਟੀਚਾ ਮਿਥਿਆ ਸੀ ਤਾਂ ਜੋ ਗੈਰ-ਕਾਨੂੰਨੀ ਪਰਵਾਸ ਨੂੰ ਨੱਥ ਪਾਈ ਜਾ ਸਕੇ। ਬਾਵਜੂਦ ਇਸ ਦੇ ਹਰ ਰੋਜ਼ 2000 ਦੇ ਕਰੀਬ ਭਾਰਤੀ ਗੈਰ-ਕਾਨੂੰਨੀ ਤੌਰ `ਤੇ ਜਹਾਜ਼ ਚੜ੍ਹ ਰਹੇ ਹਨ।
ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ ਨੇ ਗੈਰ-ਕਾਨੂੰਨੀ ਤੌਰ `ਤੇ ਅਮਰੀਕਾ ਸਮੇਤ ਦੂਜੇ ਮੁਲਕਾਂ ਵਿੱਚ ਜਾ ਕੇ ਵੱਸਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਪੋਲ ਖੋਲ੍ਹ ਦਿੱਤੀ ਹੈ। ਵਿਦੇਸ਼ ਦਾ ਸੁਪਨਾ ਪੂਰਾ ਕਰਨ ਲਈ ਹਰ ਰੋਜ਼ 1986 ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਸਮੇਤ ਹੋਰ ਮੁਲਕਾਂ ਲਈ ਜਹਾਜ਼ ਚੜ੍ਹਦੇ ਹਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ 7 ਲੱਖ 25 ਹਜ਼ਾਰ ਭਾਰਤੀ ਗੈਰ-ਕਾਨੂੰਨੀ ਤੌਰ `ਤੇ ਪਰਵਾਸ ਕਰਦੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਹੈ। ਇਸ ਨੂੰ ਏਜੰਟਾਂ ਦੀ ਭਾਸ਼ਾ ਵਿੱਚ ‘ਡੰਕੀ ਰੂਟ’ ਦਾ ਨਾਂ ਦਿੱਤਾ ਗਿਆ ਹੈ।
ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ ਨੇ ਬੜੇ ਦੁਖਦਾਈ ਅੰਕੜੇ ਸਾਂਝੇ ਕੀਤੇ ਹਨ ਕਿ ਸਾਲ 2014 ਤੋਂ ਲੈ ਕੇ ਪਿਛਲੇ ਸਾਲ ਦੇ ਅੰਤ ਤੱਕ ਗੈਰ-ਕਾਨੂੰਨੀ ਤੌਰ `ਤੇ ਦੂਜੇ ਦੇਸ਼ਾਂ ਵਿੱਚ ਪਰਵੇਸ਼ ਕਰਦੇ 50 ਹਜ਼ਾਰ ਭਾਰਤੀ ਮਾਰੇ ਗਏ ਹਨ ਜਾਂ ਲਾਪਤਾ ਹੋ ਗਏ ਹਨ। ਅਮਰੀਕਾ ਪੁੱਜਣ ਲਈ ਭਾਰਤੀਆਂ ਨੂੰ ਕਈ ਦੇਸ਼ਾਂ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ। ਦਿੱਲੀ ਤੋਂ ਅਮਰੀਕਾ ਦੀ ਦੂਰੀ ਕਰੀਬ 14 ਹਜ਼ਾਰ ਕਿਲੋਮੀਟਰ ਦੱਸੀ ਗਈ ਹੈ। ਇਸ ਵਿੱਚ ਡੰਕੀ ਰੂਟ ਦਾ 4600 ਕਿਲੋਮੀਟਰ ਰਸਤਾ ਵੀ ਸ਼ਾਮਿਲ ਹੈ।
ਰਿਪੋਰਟ ਅਨੁਸਾਰ ਅਮਰੀਕਾ ਵਿੱਚ ਦਾਖਲ ਹੋਣ ਦੇ ਇੱਛੁਕ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਲਿਜਾਇਆ ਜਾਂਦਾ ਹੈ। ਉਥੋਂ ਦਾ ਵੀਜ਼ਾ ਏਅਰਪੋਰਟ `ਤੇ ਮਿਲ ਜਾਂਦਾ ਹੈ, ਜਿਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਇਕਵਾਡੋਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੰਬੀਆ ਪਹੁੰਚਣਾ ਹੁੰਦਾ ਹੈ। ਇਹ ਰਸਤਾ ਸਮੁੰਦਰ ਰਾਹੀਂ ਤੈਅ ਕਰਨ ਲਈ ਕਿਹਾ ਜਾਂਦਾ ਹੈ। ਕੋਲੰਬੀਆ ਤੋਂ ਅਗਲਾ ਸੁਰੱਖਿਅਤ ਪੜਾਅ ਪਨਾਮਾ ਹੁੰਦਾ ਹੈ, ਜਿੱਥੋਂ ਜੰਗਲ ਰਾਹੀਂ ਪੈਦਲ ਚੱਲ ਕੇ ਨਿਕਾਰਾਗੂਆ ਰਾਹੀਂ ਮੈਕਸੀਕੋ ਪੁੱਜਦੇ ਹਨ। ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ 3100 ਕਿਲੋਮੀਟਰ ਲੰਮੀ ਹੈ, ਉਥੋਂ ਦੇ ਵੱਡੇ ਹਿੱਸੇ ਵਿੱਚ ਕੰਧ ਬਣੀ ਹੋਈ ਹੈ। ਕੰਧ ਟੱਪ ਕੇ ਅਮਰੀਕਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਜਿਹੜੇ ਕੰਧ ਪਾਰ ਨਹੀਂ ਕਰ ਸਕਦੇ, ਉਹ ਰੀਓ ਨਦੀ ਦਾ ਰਸਤਾ ਚੁਣਦੇ ਹਨ।
ਅਮਰੀਕਾ ਪੁੱਜ ਕੇ ਜ਼ਿਆਦਾਤਰ ਲੋਕ ਸਿਆਸੀ ਸ਼ਰਨ ਲੈਂਦੇ ਹਨ। ਕਈ ਭਾਰਤੀ ਹਾਲੇ ਵੀ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਹਰ ਸਾਲ ਹਜ਼ਾਰਾਂ ਪੁਲਿਸ ਦੇ ਹੱਥ ਲੱਗ ਜਾਂਦੇ ਹਨ। ਅਮਰੀਕਾ ਦੀ ਪੁਲਿਸ ਨੇ ਸਾਲ 2018 ਦੌਰਾਨ 8029 ਅਤੇ 2019 ਦੌਰਾਨ 19,837 ਭਾਰਤੀਆਂ ਨੂੰ ਇੰਡੀਆ ਡਿਪੋਰਟ ਕੀਤਾ ਸੀ। ਸਾਲ 2020 ਵਿੱਚ ਇਹ ਗਿਣਤੀ 30,662 ਅਤੇ 2021 ਨੂੰ 63,927 ਨੂੰ ਪੁੱਜ ਗਈ ਸੀ। ਸਾਲ 2022 ਦੌਰਾਨ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿੰਦੇ 96,917 ਭਾਰਤੀਆਂ ਨੂੰ ਅਮਰੀਕਾ ਦੀ ਪੁਲਿਸ ਨੇ ਫੜ ਲਿਆ ਸੀ।
ਅਮਰੀਕਾ ਤੋਂ ਬਾਅਦ ਗੈਰ-ਕਾਨੂੰਨੀ ਤੌਰ `ਤੇ ਇੰਗਲੈਂਡ ਅਤੇ ਕੈਨੇਡਾ ਲਈ ਡੰਕੀ ਲਾਈ ਜਾਂਦੀ ਹੈ। ਕੈਨੇਡਾ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਪੀ.ਆਰ. ਦੇ ਸਹਾਰੇ ਜਾਣ ਵਾਲਿਆਂ ਦੀ ਗਿਣਤੀ ਕਾਫੀ ਹੈ। ਪੰਜਾਬ ਵਿੱਚ ਸਾਲ 2023 ਦੌਰਾਨ 10 ਲੱਖ ਦੇ ਕਰੀਬ ਪਾਸਪੋਰਟ ਬਣੇ ਹਨ। ਇਸੇ ਤਰ੍ਹਾਂ ਪੌਣੇ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਬੈਂਕਾਂ ਤੋਂ 3 ਹਜ਼ਾਰ ਕਰੋੜ ਦਾ ਸਟੱਡੀ ਲੋਨ ਲਿਆ ਹੈ, ਜਿਨ੍ਹਾਂ ਵਿੱਚੋਂ ਲੜਕੀਆਂ ਦੀ ਗਿਣਤੀ 13,747 ਦੱਸੀ ਗਈ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਪੰਜ ਕਰੋੜ ਦੋ ਲੱਖ ਵਿਦੇਸ਼ੀ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਹਨ।
ਪੌਂਡਾਂ ਅਤੇ ਡਾਲਰਾਂ ਦੀ ਚਮਕ-ਦਮਕ ਨੇ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਿਆ ਹੈ। ਉਥੇ ਜਾ ਕੇ ਉਨ੍ਹਾਂ ਨੂੰ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਪਹਿਲ ਪੈਸੇ ਕਮਾ ਕੇ ਘਰਾਂ ਨੂੰ ਪਰਤ ਜਾਣ ਦਾ ਮਕਸਦ ਰਿਹਾ ਹੈ, ਪਰ ਹੁਣ ਉਥੇ ਪੱਕੇ ਤੌਰ `ਤੇ ਰਹਿਣ ਨੂੰ ਪਹਿਲ ਦੇਣ ਲੱਗੇ ਹਨ।
ਬਿਨਾ ਸ਼ੱਕ ਪੰਜਾਬੀਆਂ ਨੇ ਕਈ ਮੁਲਕਾਂ ਦੀਆਂ ਸਰਕਾਰਾਂ ਵਿੱਚ ਹਿੱਸੇਦਾਰੀ ਪਾ ਲਈ ਹੈ, ਪਰ ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦਾ ਦਿਲ ਆਪਣੀ ਧਰਤੀ ਤੇ ਆਪਣੇ ਅਸਲ ਨੂੰ ਤਰਸਦਾ ਹੈ। ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਆਪਣੀ ਮਾਂ ਧਰਤੀ ਨੂੰ ਝੂਰਦੇ ਹਨ। ਜੇ ਨੌਜਵਾਨਾਂ ਨੂੰ ਆਪਣੀ ਧਰਤੀ `ਤੇ ਰੁਜ਼ਗਾਰ ਅਤੇ ਚੈਨ ਨਾਲ ਰਹਿਣ ਦਾ ਮੌਕਾ ਦਿੱਤਾ ਹੁੰਦਾ ਤਾਂ ਸ਼ਾਇਦ ਆਪਣੀ ਜਾਨ ਖਤਰੇ ਵਿੱਚ ਪਾ ਕੇ ਪਰਵਾਸ ਦਾ ਸੁਪਨਾ ਇੰਨੀ ਵੱਡੀ ਪੱਧਰ `ਤੇ ਨਾ ਦੇਖਦੇ!